ਏਸ਼ੀਆ ਦਾ ਮੋਹੜੀ ਗੱਡ ਅਥਲੀਟ ਭਗਤੇ ਵਾਲਾ ਪ੍ਰਦੁੱਮਣ ਸਿੰਘ

ਗੂੰਜਦਾ ਮੈਦਾਨ

ਖਿਡਾਰੀ ਪੰਜ-ਆਬ ਦੇ (ਲੜੀ-26)
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਡਿਸਕਸ ਥਰੋਅ ਤੇ ਸ਼ਾਟਪੁੱਟ ਵਿੱਚ ਲਗਾਤਾਰ ਤਿੰਨ ਏਸ਼ਿਆਈ ਖੇਡਾਂ ਦੌਰਾਨ ਤਿੰਨ ਸੋਨੇ, ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਏਸ਼ੀਆ ਦੇ ਮੋਹੜੀ ਗੱਡ ਅਥਲੀਟ ਭਗਤੇ ਵਾਲੇ ਪ੍ਰਦੁੱਮਣ ਸਿੰਘ ਦਾ ਕਿੱਸਾ ਛੋਹਿਆ ਗਿਆ ਹੈ। ਉਹ ਭਾਰਤ ਵਿੱਚ ਸ਼ਾਟਪੁੱਟ ਵਿੱਚ 1952 ਤੋਂ 1961 ਤੱਕ 10 ਸਾਲ ਲਗਾਤਾਰ ਨੈਸ਼ਨਲ ਚੈਂਪੀਅਨ ਰਿਹਾ ਅਤੇ ਦਸ ਸਾਲ ਹੀ ਭਗਤੇ ਦਾ ਸਰਬਸੰਮਤੀ ਨਾਲ ਸਰਪੰਚ ਵੀ ਚੁਣਿਆ ਜਾਂਦਾ ਰਿਹਾ। 1954 ਵਿੱਚ ਮਨੀਲਾ ਵਿਖੇ ਹੋਈਆਂ ਦੂਜੀਆਂ ਏਸ਼ਿਆਈ ਖੇਡਾਂ ‘ਪ੍ਰਦੁੱਮਣ ਦੀਆਂ ਖੇਡਾਂ’ ਨਾਂ ਨਾਲ ਜਾਣੀਆਂ ਜਾਂਦੀਆਂ ਹਨ।

ਨਵਦੀਪ ਸਿੰਘ ਗਿੱਲ
ਫੋਨ: +91-9780036216

ਭਗਤੇ ਦਾ ਪ੍ਰਦੁੱਮਣ ਸਿੰਘ ਏਸ਼ਿਆਈ ਖੇਡਾਂ ਵਿੱਚ ਪੰਜਾਬੀ ਅਥਲੀਟਾਂ ਦੀ ਮੋਹੜੀ ਗੱਡਣ ਵਾਲਾ ਅਥਲੀਟ ਸੀ, ਜਿਸ ਨੇ ਇੱਕ ਦਹਾਕਾ ਏਸ਼ੀਆ ਉਤੇ ਸਰਦਾਰੀ ਕਾਇਮ ਕੀਤੀ ਹੈ। ਉਸ ਨੇ ਡਿਸਕਸ ਥਰੋਅ ਤੇ ਸ਼ਾਟਪੁੱਟ ਵਿੱਚ ਲਗਾਤਾਰ ਤਿੰਨ ਏਸ਼ਿਆਈ ਖੇਡਾਂ ਵਿੱਚ ਤਿੰਨ ਸੋਨੇ, ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਮਗ਼ਾ ਜਿੱਤਿਆ ਹੈ। ਬਰਨਾਲਾ-ਬਾਜਾਖਾਨਾ ਰੋਡ ਉਤੇ ਸਥਿਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਗਤਾ ਦੇ ਬਰਾੜ ਪਰਿਵਾਰ ਵਿੱਚ 15 ਅਕਤੂਬਰ 1927 ਨੂੰ ਜਨਮੇ ਪ੍ਰਦੁੱਮਣ ਦਾ ਦਾਦਾ ਬਿਸ਼ਨ ਸਿੰਘ ਫਰੀਦਕੋਟ ਵਿਖੇ ਰਿਸਾਲਦਾਰ ਸੀ। ਪ੍ਰਦੁੱਮਣ ਦੇ ਨਾਨਕੇ ਬਾਘਾਪੁਰਾਣਾ ਨੇੜਲੇ ਪਿੰਡ ਕਾਲਕਾ ਸਨ। ਉਸ ਦੇ ਪਿਤਾ ਭਰਤ ਸਿੰਘ ਦੇ ਦੋ ਵਿਆਹ ਸਨ ਅਤੇ ਪ੍ਰਦੁੱਮਣ ਸਣੇ ਦੋ ਭੈਣ ਤੇ ਦੋ ਭਰਾ ਸਕੇ ਸਨ; ਉਂਝ ਉਹ ਨੌਂ ਭੈਣ-ਭਰਾ ਸਨ। ਪ੍ਰਦੁੱਮਣ ਤੇ ਹਰਦਮ ਸਿੰਘ- ਦੋਵੇਂ ਸਕਾ ਭਰਾ ਪਿੜਾਂ ਵਿੱਚ ਪੰਸੇਰੀ ਸੁੱਟ ਕੇ ਮਨਪ੍ਰਚਾਵਾ ਕਰਦੇ ਹੁੰਦੇ ਸਨ। ਇੱਕ ਤਰੀਕੇ ਨਾਲ ਥਰੋਆਂ ਸੁੱਟਣ ਦਾ ਇਹ ਉਸ ਦਾ ਸ਼ੁਰੂਆਤੀ ਦੌਰ ਦਾ ਅਭਿਆਸ ਸੀ। ਬਿਨਾ ਕਿਸੇ ਤਕਨੀਕ ਤੋਂ ਆਪਣੇ ਜ਼ੋਰ ਨਾਲ ਹੀ ਆਥਣ ਤੱਕ ਪੰਸੇਰੀ ਸੁੱਟਦੇ ਰਹਿੰਦੇ। ਇੱਕ ਦਿਨ ਹਰਦਮ ਸਿੰਘ ਪਿੜਾਂ ਤੋਂ ਹਨੇਰੇ ਹੋਏ ਘਰ ਪਰਤਿਆ ਤਾਂ ਘਰੋਂ ਉਸ ਨੂੰ ਗਾਲ੍ਹਾਂ ਪਈਆਂ। ਨਿੱਕੀ ਉਮਰੇ ਹਰਦਮ ਸਿੰਘ ਗੁੱਸੇ ਵਿੱਚ ਘਰ ਛੱਡ ਕੇ ਭੱਜ ਗਿਆ ਅਤੇ ਫੇਰ ਬਹੁਤ ਦੇਰ ਬਾਅਦ ਪਤਾ ਲੱਗਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਕੋਲ ਮਲਾਇਆ ਚਲਾ ਗਿਆ। ਇੱਧਰ ਪ੍ਰਦੁੱਮਣ ਹਾਲੇ ਨੌਵੀਂ ਕਲਾਸ ਵਿੱਚ ਹੀ ਪੜ੍ਹਦਾ ਸੀ ਕਿ ਵੀਹ ਵਰਿ੍ਹਆਂ ਦੀ ਉਮਰੇ ਉਹ ਫੌਜ ਵਿੱਚ ਭਰਤੀ ਹੋ ਗਿਆ ਸੀ। ਉਹ ਦੇਸ਼ ਆਜ਼ਾਦ ਹੋਣ ਤੋਂ ਮਹਿਜ਼ ਤਿੰਨ ਦਿਨ ਪਹਿਲਾਂ 12 ਅਗਸਤ 1947 ਨੂੰ ਭਰਤੀ ਹੋਇਆ ਸੀ।
ਪ੍ਰਦੁੱਮਣ ਦੀਆਂ ਬਚਪਨ ਦੀਆਂ ਖੇਡਾਂ ਉਸ ਨੂੰ ਫੌਜ ਵਿੱਚ ਵੱਡਾ ਖਿਡਾਰੀ ਬਣਨ ਲਈ ਸਹਾਈ ਹੋਈਆਂ। ਉਹ ਭਰਤੀ ਹੁੰਦਿਆਂ ਹੀ ਅਹਿਮਦਾਬਾਦ ਵਿਖੇ ਸੈਂਟਰ ਦੀਆਂ ਖੇਡਾਂ ਦਾ ਚੈਂਪੀਅਨ ਬਣ ਗਿਆ। ਭਰਤੀ ਵਾਲੇ ਸਾਲ ਹੀ ਰਾਂਚੀ ਵਿਖੇ ਫੌਜ ਦੀਆਂ ਖੇਡਾਂ ਵਿੱਚ ਉਹ 42 ਫੁੱਟ ਗੋਲਾ ਸੁੱਟ ਕੇ ਭਾਰਤੀ ਫੌਜ ਦਾ ਚੈਂਪੀਅਨ ਬਣ ਗਿਆ। ਉਦੋਂ ਉਸ ਨੂੰ ਨਾ ਤਾਂ ਸ਼ਾਟਪੁੱਟ ਖੇਡ ਬਾਰੇ ਪਤਾ ਸੀ ਅਤੇ ਨਾ ਹੀ ਗੋਲਾ ਸੁੱਟਣ ਦੀ ਤਕਨੀਕ ਬਾਰੇ। ਉਹ ਫੌਜ ਦਾ ਚੈਂਪੀਅਨ ਬਣਦਾ ਰਿਹਾ। 1951 ਵਿੱਚ ਹੋਈਆਂ ਕੌਮੀ ਖੇਡਾਂ ਦੌਰਾਨ ਉਸ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਗੋਲਾ ਸੁੱਟਣ ਵਿੱਚ ਚਾਰ-ਪੰਜ ਹੋਰ ਸੁਟਾਵੇ ਉਸ ਨਾਲੋਂ ਤਕੜੇ ਹਨ। ਫੇਰ ਉਹ ਹੋਰ ਮਿਹਨਤ ਕਰਨ ਲੱਗਿਆ ਅਤੇ 1952 ਵਿੱਚ ਮਦਰਾਸ ਵਿਖੇ ਹੋਈਆਂ ਕੌਮੀ ਖੇਡਾਂ ਵਿੱਚ ਉਦੋਂ ਪ੍ਰਦੁੱਮਣ, ਪ੍ਰਦੁੱਮਣ ਹੋ ਗਈ, ਜਦੋਂ ਉਸ ਨੇ 46 ਫੁੱਟ ਗੋਲਾ ਸੁੱਟ ਕੇ ਏਸ਼ੀਆ ਦਾ ਨਵਾਂ ਰਿਕਾਰਡ ਬਣਾਉਂਦਿਆਂ ਸੋਨ ਤਮਗ਼ਾ ਜਿੱਤਿਆ। ਉਸ ਨੇ ਇੱਕ ਹੋਰ ਭਾਰਤੀ ਅਥਲੀਟ ਮਦਨ ਲਾਲ ਦਾ ਰਿਕਾਰਡ ਤੋੜਿਆ, ਜਿਸ ਨੇ 1951 ਦੀਆਂ ਨਵੀਂ ਦਿੱਲੀ ਏਸ਼ਿਆਈ ਖੇਡਾਂ ਵਿੱਚ 45 ਫੁੱਟ ਢਾਈ ਇੰਚ ਗੋਲਾ ਸੁੱਟ ਕੇ ਏਸ਼ੀਆ ਦਾ ਰਿਕਾਰਡ ਬਣਾਇਆ ਸੀ।
ਹੁਣ ਪ੍ਰਦੁੱਮਣ ਗੋਲੇ ਦੇ ਨਾਲ ਡਿਸਕਸ ਵੀ ਸੁੱਟਣ ਲੱਗ ਗਿਆ। ਉਸ ਦੇ ਮਣਾਂਮੂੰਹੀਂ ਜ਼ੋਰ ਅੱਗੇ ਭਾਰਤ ਦਾ ਕੋਈ ਵੀ ਥਰੋਅਰ ਦੋਵੇਂ ਈਵੈਂਟਾਂ ਵਿੱਚ ਉਸ ਦੇ ਨੇੜੇ ਨਹੀਂ ਲੱਗਣ ਦੇ ਰਿਹਾ ਸੀ। 1954 ਵਿੱਚ ਮਨੀਲਾ ਵਿਖੇ ਹੋਈਆਂ ਦੂਜੀਆਂ ਏਸ਼ਿਆਈ ਖੇਡਾਂ ‘ਪ੍ਰਦੁੱਮਣ ਦੀਆਂ ਖੇਡਾਂ’ ਨਾਂ ਨਾਲ ਜਾਣੀਆਂ ਜਾਂਦੀਆਂ ਹਨ। ਪ੍ਰਦੁੱਮਣ ਨੇ ਸ਼ਾਟਪੁੱਟ ਅਤੇ ਡਿਸਕਸ ਥਰੋਅ- ਦੋਵਾਂ ਵਿੱਚ ਹੀ ਚੈਂਪੀਅਨ ਬਣ ਕੇ ਦੋਹਰਾ ਸੋਨ ਤਮਗ਼ਾ ਜਿੱਤਿਆ। ਲੈਵੀ ਪਿੰਟੋ ਤੋਂ ਬਾਅਦ ਉਹ ਭਾਰਤ ਦਾ ਦੂਜਾ ਅਤੇ ਪੰਜਾਬ ਦਾ ਪਹਿਲਾ ਅਥਲੀਟ ਬਣਿਆ, ਜਿਸ ਨੇ ਇੱਕੋ ਏਸ਼ਿਆਈ ਖੇਡਾਂ ਵਿੱਚ ਦੋ ਸੋਨ ਤਮਗ਼ੇ ਜਿੱਤੇ ਹੋਣ। ਪ੍ਰਦੁੱਮਣ ਨੇ ਦੋਵੇਂ ਈਵੈਂਟ ਨਵੇਂ ਏਸ਼ਿਆਈ ਰਿਕਾਰਡ ਨਾਲ ਜਿੱਤੇ। ਉਸ ਨੇ 43.37 ਮੀਟਰ ਡਿਸਕਸ ਅਤੇ 14.14 ਮੀਟਰ ਗੋਲਾ ਸੁੱਟਿਆ। 1956 ਵਿੱਚ ਹੋਈ ਪਹਿਲੀ ਭਾਰਤ-ਪਾਕਿਸਤਾਨ ਦੁਵੱਲੀ ਅਥਲੈਟਿਕਸ ਮੀਟ ਵਿੱਚ ਪ੍ਰਦੁੱਮਣ ਨੇ ਸ਼ਾਟਪੁੱਟ ਵਿੱਚ ਸੋਨ ਤਮਗ਼ਾ ਜਿੱਤਿਆ।
1958 ਵਿੱਚ ਟੋਕੀਓ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਉਹ ਭਾਰਤੀ ਟੀਮ ਦਾ ਕਪਤਾਨ ਬਣ ਕੇ ਖੇਡ ਪਿੜ ਵਿੱਚ ਪੁੱਜਾ। ਟੋਕੀਓ ਵਿਖੇ ਪ੍ਰਦੁੱਮਣ ਨੇ 49 ਫੁੱਟ 4 ਇੰਚ ਗੋਲਾ ਸੁੱਟ ਕੇ ਨਵਾਂ ਏਸ਼ਿਆਈ ਰਿਕਾਰਡ ਬਣਾਉਂਦਿਆਂ ਸ਼ਾਟਪੁੱਟ ਵਿੱਚ ਲਗਾਤਾਰ ਦੂਜੀ ਵਾਰ ਸੋਨ ਤਮਗ਼ਾ ਜਿੱਤਿਆ। ਡਿਸਕਸ ਵਿੱਚ ਉਸ ਨੇ 45.67 ਮੀਟਰ ਦੀ ਥਰੋਅ ਨਾਲ ਕਾਂਸੀ ਦਾ ਤਮਗਾ ਜਿੱਤਿਆ। ਡਿਸਕਸ ਵਿੱਚ ਸੋਨੇ ਦਾ ਤਮਗਾ ਇੱਕ ਹੋਰ ਪੰਜਾਬੀ ਅਥਲੀਟ ਬਲਕਾਰ ਸਿੰਘ ਨੇ ਜਿੱਤਿਆ, ਜਿਸ ਨੇ 47.67 ਮੀਟਰ ਥਰੋਅ ਸੁੱਟੀ। ਟੋਕੀਓ ਵਿਖੇ ਮਿਲਖਾ ਸਿੰਘ ਨੇ ਪ੍ਰਦੁੱਮਣ ਦੇ ਪਾਏ ਪੂਰਨਿਆਂ ’ਤੇ ਚੱਲਦਿਆਂ 200 ਤੇ 400 ਮੀਟਰ ਦੌੜ ਜਿੱਤ ਕੇ ਦੋਹਰਾ ਸੋਨ ਤਮਗ਼ਾ ਗਲੇ ਪਾਇਆ। ਦੋਵੇਂ ਹੀ ਅਥਲੀਟ ਪੰਜਾਬੀ ਅਤੇ ਭਾਰਤੀ ਫੌਜ ਦੇ ਜਵਾਨ ਸਨ। ਭਾਰਤ ਵਾਪਸੀ ’ਤੇ ਪਟਿਆਲਾ ਪੁੱਜਣ ਉਤੇ ਫੌਜ ਵੱਲੋਂ ਮਿਲਖਾ ਸਿੰਘ ਤੇ ਪ੍ਰਦੁੱਮਣ ਸਿੰਘ ਦਾ ਟੈਂਕਾਂ ਉਤੇ ਬਿਠਾ ਕੇ ਸਵਾਗਤ ਕੀਤਾ ਗਿਆ। ਟੈਂਕਾਂ ਉਤੇ ਸਵਾਗਤ ਦੀ ਤਸਵੀਰ ਮਿਲਖਾ ਸਿੰਘ ਦੇ ਜੀਵਨ ਉਤੇ ਬਣੀ ਫਿਲਮ ‘ਭਾਗ ਮਿਲਖਾ ਭਾਗ’ ਵਿੱਚ ਵੀ ਦਿਖਾਈ ਗਈ ਹੈ।
1960 ਵਿੱਚ ਭਾਰਤ, ਪਾਕਿਸਤਾਨ ਤੇ ਇਰਾਨ ਦੇ ਅਥਲੀਟਾਂ ਵਿਚਕਾਰ ਹੋਈ ਤਿੰਨ ਦੇਸ਼ਾਂ ਦੀ ਅਥਲੈਟਿਕਸ ਮੀਟ ਵਿੱਚ ਪ੍ਰਦੁੱਮਣ ਨੇ ਡਿਸਕਸ ਥਰੋਅ ਵਿੱਚ ਸੋਨ ਤਮਗ਼ਾ ਜਿੱਤਿਆ। 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਤੋਂ ਪਹਿਲਾਂ ਐਨ.ਆਈ.ਐਸ. ਪਟਿਆਲਾ ਵਿਖੇ ਭਾਰਤੀ ਅਥਲੈਟਿਕਸ ਟੀਮ ਦਾ ਕੈਂਪ ਲੱਗਿਆ ਹੋਇਆ ਸੀ। ਪ੍ਰੈਕਟਿਸ ਦੌਰਾਨ ਇੱਕ ਹੋਰ ਭਾਰਤੀ ਥਰੋਅਰ ਜੋਗਿੰਦਰ ਸਿੰਘ ਵੱਲੋਂ ਸੁੱਟੀ ਡਿਸਕਸ ਪ੍ਰਦੁੱਮਣ ਦੇ ਜਬਾੜੇ ’ਤੇ ਵੱਜੀ। ਇੱਕ ਵਾਰ ਤਾਂ ਪ੍ਰਦੁੱਮਣ ਦਾ ਤੀਜੀ ਵਾਰ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਦਾ ਸੁਫ਼ਨਾ ਚਕਨਾਚੂਰ ਹੁੰਦਾ ਨਜ਼ਰ ਹੋਇਆ, ਜਦੋਂ ਟੀਮ ਪ੍ਰਬੰਧਕਾਂ ਅਤੇ ਡਾਕਟਰਾਂ ਨੇ ਪ੍ਰਦੁੱਮਣ ਨੂੰ ਖੇਡਣ ਤੋਂ ਵਰਜਿਆ। ਪ੍ਰਦੁੱਮਣ ਹਰ ਹੀਲੇ ਖੇਡਣਾ ਚਾਹੁੰਦਾ ਸੀ। ਕੋਚ ਜੋਗਿੰਦਰ ਸਿੰਘ ਸੈਣੀ ਨੇ ਜਦੋਂ ਪ੍ਰਦੁੱਮਣ ਨੂੰ ਮੁਕਾਬਲੇ ਵਿੱਚ ਹਿੱਸਾ ਲੈਣ ਤੋਂ ਰੋਕਿਆ ਤਾਂ ਅੱਗਿਓਂ ਆਪਣੀ ਧੁਨ ਦੇ ਪੱਕੇ ਪ੍ਰਦੁੱਮਣ ਨੇ ਕਿਹਾ, “ਡਿਸਕਸ ਹੱਥ ਨਾਲ ਸੁੱਟਣੀ ਹੈ, ਮੂੰਹ ਨਾਲ ਨਹੀਂ।” ਗੋਲਾ ਸੁੱਟਣ ਲਈ ਮੂੰਹ ਨੀਵਾਂ ਕਰ ਕੇ ਟਰਨ ਲੈਣੀ ਹੁੰਦੀ ਹੈ, ਜਿਸ ਕਾਰਨ ਪ੍ਰਦੁੱਮਣ ਆਪਣੇ ਪਸੰਦੀਦਾ ਈਵੈਂਟ ਸ਼ਾਟਪੁੱਟ ਵਿੱਚ ਹਿੱਸਾ ਨਾ ਲੈ ਸਕਿਆ, ਪਰ ਡਿਸਕਸ ਥਰੋਅ ਵਿੱਚ ਉਸ ਨੇ ਜਕਾਰਤਾ ਵਿਖੇ ਮੂੰਹ ’ਤੇ ਮੜਾਸਾ ਬੰਨ੍ਹ ਕੇ 47 ਮੀਟਰ ਤੱਕ ਸੁੱਟੀ ਅਤੇ ਚਾਂਦੀ ਦਾ ਤਮਗਾ ਜਿੱਤਿਆ। ਉਹ ਥੋੜ੍ਹੇ ਜਿਹੇ ਫਾਸਲੇ ਨਾਲ ਸੋਨ ਤਮਗੇ ਤੋਂ ਖੁੰਝ ਗਿਆ। ਟੁੱਟੇ ਹੋਏ ਜਬਾੜੇ ਨਾਲ ਪ੍ਰਦੁੱਮਣ ਨੇ 47.01 ਮੀਟਰ ਥਰੋਅ ਸੁੱਟੀ, ਜਦੋਂ ਕਿ ਜਾਪਾਨ ਦੇ ਸ਼ੁਜੋ ਯਨਾਗਵਾ ਨੇ 47.71 ਮੀਟਰ ਥਰੋਅ ਸੁੱਟੀ। ਤਮਗ਼ਾ ਗਲੇ ਪਾਉਣ ਤੋਂ ਬਾਅਦ ਪ੍ਰਦੁੱਮਣ ਮੁੜ ਹਸਪਤਾਲ ਵਿੱਚ ਜਾ ਕੇ ਭਰਤੀ ਹੋ ਗਿਆ। ਜਕਾਰਤਾ ਵਿਖੇ ਇੱਕ ਹੋਰ ਪੰਜਾਬੀ ਅਥਲੀਟ ਗੁਰਬਚਨ ਸਿੰਘ ਰੰਧਾਵਾ ਡਿਕੈਥਲਨ ਦਾ ਚੈਂਪੀਅਨ ਬਣ ਕੇ ਏਸ਼ੀਆ ਦਾ ਸਰਵੋਤਮ ਅਥਲੀਟ ਬਣਿਆ।
ਪ੍ਰਦੁੱਮਣ ਨੇ ਭਾਰਤ ਵੱਲੋਂ ਦੋ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲਿਆ। 1954 ਵਿੱਚ ਵੈਨਕੂਵਰ ਅਤੇ 1958 ਵਿੱਚ ਕਾਰਡਿਫ ਵਿਖੇ ਸ਼ਾਟਪੁੱਟ ਅਤੇ ਡਿਸਕਸ ਥਰੋਅ ਵਿੱਚ ਹਿੱਸਾ ਲਿਆ, ਪਰ ਤਮਗ਼ਾ ਨਾ ਜਿੱਤ ਸਕਿਆ। ਬਿਨਾ ਕਿਸੇ ਤਕਨੀਕ ਤੋਂ ਖੇਡ ਦੀ ਸ਼ੁਰੂਆਤ ਕਰਨ ਵਾਲੇ ਪ੍ਰਦੁੱਮਣ ਨੂੰ ਜੇ ਬਚਪਨ ਤੋਂ ਸਹੀ ਤਕਨੀਕ ਨਾਲ ਕੋਚਿੰਗ ਮਿਲੀ ਹੁੰਦੀ ਤਾਂ ਏਸ਼ੀਆ ਤੋਂ ਬਾਹਰ ਵੀ ਉਸ ਦੇ ਮੁਕਾਬਲੇ ਦਾ ਕੋਈ ਅਥਲੀਟ ਨਹੀਂ ਹੋਣਾ ਸੀ। ਭਾਰਤ ਵਿੱਚ ਉਹ ਸ਼ਾਟਪੁੱਟ ਵਿੱਚ 1952 ਤੋਂ 1961 ਤੱਕ 10 ਸਾਲ ਲਗਾਤਾਰ ਨੈਸ਼ਨਲ ਚੈਂਪੀਅਨ ਰਿਹਾ। ਡਿਸਕਸ ਥਰੋਅ ਵਿੱਚ ਉਹ 1954 ਤੋਂ ਲੈ ਕੇ 1959 ਤੱਕ ਪੰਜ ਸਾਲ ਨੈਸ਼ਨਲ ਚੈਂਪੀਅਨ ਰਿਹਾ।
ਪ੍ਰਦੁੱਮਣ ਦਾ ਆਪਣੇ ਬਚਪਨ ਵਿੱਚ ਵਿਛੜੇ ਭਰਾ ਹਰਦਮ ਸਿੰਘ ਨਾਲ ਮੇਲ ਵੀ ਫਿਲਮੀ ਸਟਾਈਲ ਨਾਲ ਹੋਇਆ ਸੀ। ਇਕੇਰਾਂ ਕਿਸੇ ਕੌਮਾਂਤਰੀ ਪੱਧਰ ਦੇ ਮੁਕਾਬਲੇ ਵਿੱਚ ਪ੍ਰਦੁੱਮਣ ਤੇ ਹਰਦਮ ਦੋਵੇਂ ਹਿੱਸਾ ਲੈਣ ਆਏ ਸੀ। ਨਿੱਕੀ ਉਮਰੇ ਜੁਦਾ ਹੋਏ ਦੋਵੇਂ ਭਰਾਵਾਂ ਨੇ ਜਦੋਂ ਸ਼ਾਟਪੁੱਟ ਮੁਕਾਬਲੇ ਲਈ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਸੁਣਿਆ ਤਾਂ ਉਹ ਦੋਵੇਂ ਇੱਕ-ਦੂਜੇ ਦਾ ਨਾਮ ਸੁਣ ਕੇ ਤ੍ਰਬਕ ਗਏ। ਦੋਵੇਂ ਭਰਾ ਇੱਕ-ਦੂਜੇ ਦੇ ਗਲੇ ਲੱਗ ਮਿਲੇ। ਪ੍ਰਦੁੱਮਣ ਨੇ ਆਪਣੇ ਵੱਡੇ ਭਰਾ ਦਾ ਮਾਣ ਰੱਖਦਿਆਂ ਜਾਣਬੁੱਝ ਕੇ ਆਪਣੀ ਬਿਹਤਰੀਨ ਥਰੋਅ ਨਹੀਂ ਸੁੱਟੀ ਅਤੇ ਮੁਕਾਬਲਾ ਹਰਦਮ ਸਿੰਘ ਨੇ ਜਿੱਤਿਆ। ਪ੍ਰਦੁੱਮਣ ਦਾ ਭਰਾ ਸਵਾ ਕੁਇੰਟਲ ਦੇ ਕਰੀਬ ਸੀ ਅਤੇ ਕੱਦ ਛੇ ਫੁੱਟ ਇੱਕ ਇੰਚ ਸੀ। ਸੋਹਣਾ-ਸੁਨੱਖਾ ਤੇ ਲੰਬਾ-ਲੰਝਾ ਸਡੌਲ ਸਰੀਰ ਵਾਲਾ ਏਸ਼ੀਆ ਦਾ ਚੈਂਪੀਅਨ ਅਥਲੀਟ ਪ੍ਰਦੁੱਮਣ ਪਿੰਡ ਪੱਧਰ ਉਤੇ ਕਬੱਡੀ ਵੀ ਖੇਡ ਲੈਂਦਾ ਸੀ, ਜਿਸ ਨੂੰ ਉਸ ਵੇਲੇ ਪੱਕੀ ਸੌਂਚੀ ਕਿਹਾ ਜਾਂਦਾ ਸੀ।
ਪ੍ਰਦੁੱਮਣ ਸਿੰਘ ਦੀ ਸਭ ਤੋਂ ਵੱਧ ਸਾਂਝ ਆਪਣੇ ਪੋਤੇ ਸੁਖਦਰਸ਼ਨ ਸਿੰਘ ਨਾਲ ਸੀ, ਜਿਸ ਨੇ ਆਪਣੇ ਦਾਦੇ ਦੀ ਵੱਡੀ ਉਮਰੇ ਉਸ ਕੋਲ ਬੈਠਿਆਂ ਖੇਡਾਂ ਨਾਲ ਜੁੜੇ ਕਿੱਸੇ ਸੁਣੀ ਜਾਣਾ। ਸੁਖਦਰਸ਼ਨ ਦੱਸਦਾ ਹੁੰਦਾ ਹੈ ਕਿ ਇਕੇਰਾਂ ਚੜਿੱਕ ਦੇ ਮੇਲੇ ਉਤੇ ਆਤਮਾ ਸਿੰਘ ਬੁੱਟਰ ਵੱਲੋਂ ਪੱਕੀ ਸੌਂਚੀ ਵਿੱਚ ਝੰਡੀ ਕੀਤੀ ਹੋਈ ਸੀ। ਪ੍ਰਦੁੱਮਣ ਨੇ ਜਦੋਂ ਇਕੱਲਿਆ ਹੀ ਉਸ ਨੂੰ ਵੰਗਾਰਿਆ ਤਾਂ ਅੱਗੋ ਉਹ ਬੋਲਿਆ ਕਿ ਉਸ ਕੋਲ ਤਾਂ ਟੀਮ ਹੈਨੀ, ਫੇਰ ਕਿਵੇਂ ਖੇਡੇਗਾ। ਪ੍ਰਦੁੱਮਣ ਵੱਲੋਂ ਕਹੇ ਜਾਣ ਉਤੇ 10-10 ਕੌਡੀਆਂ ਪਾਉਣ ਦਾ ਫੈਸਲਾ ਹੋਇਆ। ਪਹਿਲੀ ਰੇਡ ਉਤੇ ਜਦੋਂ ਆਤਮਾ ਪ੍ਰਦੁੱਮਣ ਨੂੰ ਹੱਥ ਲਾ ਕੇ ਅੰਕ ਲੈ ਆਇਆ ਤਾਂ ਦੇਖਣ ਨੂੰ ਦਰਸ਼ਨੀ ਜਵਾਨ ਪ੍ਰਦੁੱਮਣ ਉਪਰ ਦਰਸ਼ਕ ਹੱਸਣ ਲੱਗੇ। ਗੁੱਸੇ ਵਿੱਚ ਆਏ ਪ੍ਰਦੁੱਮਣ ਨੇ ਆਪਣੀ ਰੇਡ ਪਾਉਂਦਿਆਂ ਆਤਮਾ ਸਿੰਘ ਦੇ ਪਿਛਲੇ ਪਾਸੇ ਚਲਾ ਗਿਆ, ਜਿੱਥੋਂ ਉਹ ਆਤਮਾ ਨੂੰ ਹੰਧਿਆਂ ਤੱਕ ਚਪੇੜਾਂ ਮਾਰਦਾ ਲੈ ਗਿਆ ਅਤੇ ਫੇਰ ਉਸ ਦੀ ਹਿੱਕ ਉਤੇ ਪੈਰ ਰੱਖ ਕੇ ਅੰਕ ਬਟੋਰਿਆ। ਆਤਮਾ ਨੇ ਜਦੋਂ ਦੂਜੀ ਰੇਡ ਉਤੇ ਫੇਰ ਪਹਿਲੀ ਰੇਡ ਵਾਂਗ ਹੱਥ ਲਾ ਕੇ ਭੱਜਣ ਦੀ ਕੋਸ਼ਿਸ ਕੀਤੀ ਤਾਂ ਪ੍ਰਦੁੱਮਣ ਨੇ ਉਸ ਦੇ ਅਜਿਹੀ ਧੌਲ਼ ਮਾਰੀ ਕਿ ਆਤਮਾ ਬਿਨਾ ਕੱਪੜਿਆਂ ਤੋਂ ਭੱਜਦਾ ਦਰਸ਼ਕਾਂ ਵਿੱਚ ਜਾ ਵੜਿਆ ਅੜੇ ਬੜਬੜਾਉਣ ਲੱਗਾ, “ਢੱਠੇ ਦਾ ਝੋਟੇ ਨਾਲ ਕੀ ਮੇਲ?”
ਸੁਖਦਰਸ਼ਨ ਦੱਸਦਾ ਹੈ ਕਿ ਇੱਕ ਵਾਰ ਜਦੋਂ ਉਸ ਦੇ ਦਾਦੇ ਦੀ ਰਜਮੈਂਟ ਪਟਿਆਲਾ ਵਿਖੇ ਤਾਇਨਾਤ ਸੀ ਤਾਂ ਭਗਤੇ ਦੀ ਕਬੱਡੀ ਟੀਮ ਪੱਖਰਵੱਢ ਤੋਂ ਹਾਰ ਗਈ। ਭਗਤੇ ਦੇ ਸੇਵਕ ਸਿੰਘ ਦੇ ਸਹੁਰੇ ਪੱਖਰਵੱਢ ਹੋਣ ਕਰਕੇ ਉਹ ਹੇਠੀ ਮੰਨ ਗਿਆ। ਉਹ ਪ੍ਰਦੁੱਮਣ ਨੂੰ ਪਟਿਆਲਾ ਮਿਲਣ ਗਿਆ ਅਤੇ ਬਦਲਾ ਲੈਣ ਦੀ ਗੱਲ ਆਖੀ। ਪ੍ਰਦੁੱਮਣ ਦੇ ਕਹੇ ਉਤੇ ਦੋਵੇਂ ਪਿੰਡਾਂ ਦੀਆਂ ਕਬੱਡੀ ਟੀਮਾਂ ਵਿਚਾਲੇ ਇੱਕ ਐਤਵਾਰ ਨੂੰ ਮੈਚ ਕਰਵਾਉਣ ਦਾ ਫੈਸਲਾ ਹੋਇਆ। ਪ੍ਰਦੁੱਮਣ ਪਟਿਆਲਿਓਂ ਬੱਸ ਉਤੇ ਸਿੱਧਾ ਪੱਖਰਵੱਢ ਪਹੁੰਚ ਗਿਆ। ਪ੍ਰਦੁੱਮਣ ਨੂੰ ਆਪਣੇ ਦਰਸ਼ਨੀ ਸਡੌਲ ਸਰੀਰ ਉਤੇ ਇੰਨਾ ਮਾਣ ਸੀ ਕਿ ਉਸ ਨੇ ਆਖਿਆ ਕਿ ਬਾਕੀ ਟੀਮ ਵਾਰਮ-ਅੱਪ ਹੋਵੇ, ਉਹ ਜਾਣ-ਬੁੱਝ ਕੇ ਅਖੀਰ ਵਿੱਚ ਕੱਪੜੇ ਲਾਹੇਗਾ ਤਾਂ ਜੋ ਉਸ ਨੂੰ ਦੇਖ ਕੇ ਮੈਚ ਖੇਡਣ ਵਾਲੇ ਵਿਰੋਧੀ ਖਿਡਾਰੀ ਭੱਜ ਨਾ ਜਾਣ। ਅਖੀਰ ਵਿੱਚ ਪ੍ਰਦੁੱਮਣ ਨੇ ਲੀੜੇ ਲਾਹ ਕੇ ਪਿੰਡ ਦੇ ਹੀ ਮੱਸੇ ਨੂੰ ਵਰਜਿਸ਼ ਕਰਵਾਉਣ ਲਈ ਬੁਲਾਇਆ ਤਾਂ ਅਭਿਆਸ ਕਰਦਿਆਂ ਉਸ ਕੋਲੋਂ ਅਜਿਹੀ ਧੌਲ ਵੱਜੀ ਕਿ ਮੱਸਾ ਦੋ ਲੋਟਣੀਆਂ ਖਾ ਕੇ ਡਿੱਗ ਪਿਆ। ਇਹ ਦ੍ਰਿਸ਼ ਤੱਕਣ ਵਾਲੇ ਪੱਖਰਵੱਢ ਵਾਲਿਆਂ ਨੇ ਸਰੰਡਰ ਕਰਦਿਆਂ ਮੈਚ ਖੇਡਣ ਤੋਂ ਮਨ੍ਹਾਂ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਤਾਂ ਆਪਣੇ ਮੁੰਡਿਆਂ ਤੋਂ ਹਾੜ੍ਹੀ ਵਢਾਉਣ ਤੋਂ ਵੀ ਜਾਣਗੇ, ਜੇ ਪ੍ਰਦੁੱਮਣ ਦੀ ਇੱਕ ਧੌਲ ਵੱਜ ਗਈ। ਕਿਸੇ ਨੇ ਆਖਿਆ, ਪੱਖਰਵੱਢ ਦੇ ਰੇਡਰ ਪ੍ਰਦੁੱਮਣ ਵਾਲੀ ਸਾਈਡ ਰੇਡ ਦੇਖ ਕੇ ਪਾਉਣਗੇ ਤਾਂ ਕਿਸੇ ਸਿਆਣੇ ਨੇ ਆਖਿਆ ਕਿ ਜਦੋਂ ਪਤੰਦਰ (ਪ੍ਰਦੁੱਮਣ) ਆਪਣੇ ਵੱਲ ਰੇਡ ਪਾਉਣ ਆਇਆ ਤਾਂ ਫੇਰ ਕਿਵੇਂ ਬਚਾਂਗੇ! ਇੰਝ ਪ੍ਰਦੁੱਮਣ ਨੇ ਆਪਣੇ ਗਰਾਈਂ ਸੇਵਕ ਸਿੰਘ ਦੀ ਸਹੁਰੇ ਪਿੰਡ ਮਾਣ ਬਹਾਲੀ ਕਰਵਾਈ।
ਪ੍ਰਦੁੱਮਣ ਦੇ ਦਰਸ਼ਨੀ ਸਰੀਰ ਦੇ ਬਹੁਤ ਕਿੱਸੇ ਹਨ। ਉਹ ਪਿੰਡ ਆਪਣੇ ਘਰ ਖੁੱਲ੍ਹੀ ਖੇਲ ਉਤੇ ਨਹਾਉਂਦਾ ਸੀ। ਇੱਕ ਵਾਰ ਉਹ ਖੇਲ ਉਤੇ ਨਹਾਉਂਦਾ ਖੜ੍ਹਾ ਸੀ ਤਾਂ ਘਰ ਅੱਗੋਂ ਪਿੰਡ ਵਿੱਚ ਕਿਸੇ ਵਿਆਹ ਵਿੱਚ ਆਇਆ ਨਾਨਕਾ ਮੇਲ ਲੰਘ ਰਿਹਾ ਸੀ। ਪ੍ਰਦੁੱਮਣ ਦੇ ਘਰ ਦੇ ਦਰਵਾਜ਼ੇ ਦੀਆਂ ਝੀਥਾਂ ਵਿੱਚੋਂ ਪ੍ਰਦੁੱਮਣ ਨੂੰ ਖੜ੍ਹਿਆ ਦੇਖ ਕੇ ਇਹ ਔਰਤ ਨੇ ਆਖਿਆ, “ਬੂਹ! ਦੇਖ ਜੱਟ ਦੇ ਕਿੱਥੇ ਦੁਸਾਂਗਾ ਪਿਆ।” ਇਕੇਰਾਂ ਪ੍ਰਦੁੱਮਣ ਨੂੰ ਭਾਰਤੀ ਖੇਡਾਂ ਤੇ ਖਿਡਾਰੀਆਂ ਦੇ ਖੈਰ ਖਵਾਹ ਰਹੇ ਖੇਡ ਪ੍ਰਸ਼ਾਸਕ ਅਤੇ ਬੀ.ਐਸ.ਐਫ. ਤੇ ਪੰਜਾਬ ਪੁਲਿਸ ਦੇ ਮੁਖੀ ਰਹੇ ਅਸ਼ਵਨੀ ਕੁਮਾਰ ਨੇ ਘਰ ਖਾਣੇ ਉਤੇ ਸੱਦਿਆ। ਅਸ਼ਵਨੀ ਕੁਮਾਰ ਖਿਡਾਰੀਆਂ ਦਾ ਖਿਆਲ ਰੱਖਣ ਦੇ ਨਾਲ ਉਨ੍ਹਾਂ ਦੇ ਸੁਭਾਅ ਅਤੇ ਖਾਣ-ਪੀਣ ਤੋਂ ਵੀ ਜਾਣੂੰ ਸੀ। ਉਨ੍ਹਾਂ ਆਪਣੇ ਰਸੋਈਏ ਨੂੰ ਦੁੱਧ ਦੀ ਬਾਲਟੀ ਭਰ ਕੇ ਰੱਖਣ ਨੂੰ ਕਿਹਾ। ਅੱਗੋਂ ਜਦੋਂ ਪ੍ਰਦੁੱਮਣ ਇਕੱਲਾ ਹੀ ਘਰ ਆਇਆ ਤਾਂ ਰਸੋਈਆ ਕਹਿੰਦਾ ਬਾਕੀ ਜਣੇ ਕਿੱਥੇ ਹਨ। ਅਸ਼ਵਨੀ ਕੁਮਾਰ ਨੇ ਆਖਿਆ ਕਿ ਇਹ ਬਾਲਟੀ ਇਕੱਲੇ ਪ੍ਰਦੁੱਮਣ ਲਈ ਹੀ ਹੈ।
ਭਾਰਤੀ ਫੌਜ ਵਿੱਚ ਸੂਬੇਦਾਰ ਮੇਜਰ ਤੱਕ ਸੇਵਾਵਾਂ ਨਿਭਾਉਣ ਵਾਲਾ ਪ੍ਰਦੁੱਮਣ 1972 ਵਿੱਚ ਆਰਡਮ ਕੋਰ 4 ਹੌਰਸ ਰਜਮੈਂਟ ਤੋਂ ਆਨਰੇਰੀ ਕੈਪਟਨ ਵਜੋਂ ਰਿਟਾਇਰ ਹੋਇਆ। ਉਹ ਦਸ ਸਾਲ ਭਗਤੇ ਦਾ ਸਰਬਸੰਮਤੀ ਨਾਲ ਸਰਪੰਚ ਵੀ ਚੁਣਿਆ ਜਾਂਦਾ ਰਿਹਾ। 1983 ਦੀ ਗੱਲ ਹੈ ਕਿ ਪ੍ਰਦੁੱਮਣ ਰਾਮਪੁਰਾ ਤੋਂ ਭਗਤੇ ਆ ਰਿਹਾ ਸੀ ਤਾਂ ਉਸ ਦੀ ਜੀਪ ਪਲਟ ਕੇ ਖਤਾਨਾਂ ਵਿੱਚ ਟਾਹਲੀ ਵਿੱਚ ਜਾ ਵੱਜੀ। ਪ੍ਰਦੁੱਮਣ ਦਾ ਮੌਰ ਜ਼ੋਰ ਨਾਲ ਵੱਜਿਆ ਕਿ ਉਸ ਦਾ ਮਣਕਾ ਮੁੜ ਗਿਆ। ਉਹ ਲੁਧਿਆਣੇ ਸੀ.ਐਮ.ਸੀ. ਵਿੱਚ ਦਾਖਲ ਰਿਹਾ। ਉਦੋਂ ਉਸ ਦੇ ਮਿੱਤਰਾਂ ਨੇ ਹਸਪਤਾਲ ਦੇ ਵਾਰਡ ਵਿੱਚ ਪ੍ਰਦੁੱਮਣ ਨੂੰ ਉਸ ਦੇ ਪੱਟ ਉਤੇ ਪਾਈ ਮੋਰਨੀ ਨਾਲ ਪਛਾਣਿਆ। ਪ੍ਰਦੁੱਮਣ ਦਾ ਬੁਢਾਪਾ ਥੋੜ੍ਹਾ ਦੁਖਦਾਈ ਰਿਹਾ। ਸੱਟ ਅਤੇ ਬਿਮਾਰੀ ਨਾਲ ਜੂਝਣ ਤੋਂ ਇਲਾਵਾ ਉਸ ਦੀਆਂ ਅਨੇਕਾਂ ਪ੍ਰਾਪਤੀਆਂ ਦੇ ਬਾਵਜੂਦ ਕੋਈ ਬਣਦਾ ਮਾਣ-ਸਨਮਾਨ ਅਤੇ ਸਰਕਾਰੇ-ਦਰਬਾਰੇ ਕੋਈ ਬਾਤ ਵੀ ਨਹੀਂ ਪੁੱਛੀ ਗਈ।
ਪ੍ਰਦੁੱਮਣ ਨੂੰ ਤਾਂ ਅਰਜੁਨਾ ਐਵਾਰਡ ਵੀ 1999 ਵਿੱਚ ਮਿਲਿਆ, ਜਿਸ ਦਾ ਉਹ ਪੰਜ ਦਹਾਕੇ ਪਹਿਲਾਂ ਹੀ ਹੱਕਦਾਰ ਸੀ। ਉਸ ਵੇਲੇ ਦੇ ਕੇਂਦਰੀ ਖੇਡ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਪ੍ਰਦੁੱਮਣ ਸਿੰਘ ਸਣੇ ਕੋਈ ਅਣਗੌਲੇ ਖਿਡਾਰੀਆਂ ਨੂੰ ਅਰਜੁਨਾ ਐਵਾਰਡ ਦਿੱਤੇ ਸਨ। ਭਰ ਜਵਾਨੀ ਵਿੱਚ ਹਾਸਲ ਕੀਤੀਆਂ ਪ੍ਰਾਪਤੀਆਂ ਬਦਲੇ ਪ੍ਰਦੁੱਮਣ ਵੱਡੀ ਉਮਰੇ ਆਪਣੇ ਪੋਤੇ ਦੇ ਸਹਾਰੇ ਨਾਲ ਅਰਜੁਨਾ ਐਵਾਰਡ ਹਾਸਲ ਕਰਨ ਗਿਆ। ਮਿਲਖਾ ਸਿੰਘ ਨੇ ਇੱਕ ਵਾਰ ਉਸ ਦੀ ਹਸਪਤਾਲ ਦਾਖਲ ਮੌਕੇ ਮੱਦਦ ਕੀਤੀ ਅਤੇ ਪ੍ਰਦੁੱਮਣ ਨੂੰ ਸਤਿਕਾਰ ਨਾਲ ‘ਦਾਦਾ’ ਆਖਣ ਵਾਲੇ ਗੁਰਬਚਨ ਸਿੰਘ ਰੰਧਾਵਾ ਨੇ 1990 ਵਿੱਚ ਭਾਰਤ ਸਰਕਾਰ ਤੋਂ ਉਸ ਦੀ ਪੈਨਸ਼ਨ ਲਵਾਈ, ਜਿਸ ਨਾਲ ਉਸ ਵੇਲੇ ਆਪਣੀ ਪੋਤੀ ਦੇ ਵਿਆਹ ਲਈ ਪ੍ਰਦੁੱਮਣ ਨੂੰ ਵੱਡਾ ਸਹਾਰਾ ਮਿਲਿਆ। ਪ੍ਰਦੁੱਮਣ ਬਾਰੇ ਗੁਰਬਚਨ ਸਿੰਘ ਰੰਧਾਵਾ ਇੱਕ ਕਿੱਸਾ ਸਾਂਝਾ ਕਰਦੇ ਦੱਸਦੇ ਹਨ ਕਿ ਸ੍ਰੀ ਕੈਂਟੀਰਾਵਾ ਸਟੇਡੀਅਮ ਬੰਗਲੌਰ ਵਿਖੇ ਲੱਗੇ ਭਾਰਤੀ ਕੈਂਪ ਦੌਰਾਨ ਉਹ ਅਤੇ ਪ੍ਰਦੁੱਮਣ ਕਬਨ ਪਾਰਕ ਵਿੱਚ ਜੂਸ ਪੀਣ ਜਾਇਆ ਕਰਦੇ ਸਨ। ਪ੍ਰਦੁੱਮਣ ਬੇਹਿਸਾਬਾ ਜੂਸ ਪੀਂਦਾ ਸੀ, ਅੰਦਾਜ਼ਨ ਇੱਕੋ ਸਮੇਂ 10-15 ਗਿਲਾਸ ਤਾਂ ਪੀ ਹੀ ਜਾਂਦਾ ਸੀ। ਜੂਸ ਵਾਲੇ ਨਾਲੋਂ ਪ੍ਰਦੁੱਮਣ ਖੁਦ ਹੀ ਗਿਲਾਸਾਂ ਦਾ ਹਿਸਾਬ ਰੱਖਦਾ।
ਪ੍ਰਦੁੱਮਣ ਜਦੋਂ ਬਿਮਾਰ ਘਰੇ ਪਿਆ ਸੀ ਤਾਂ ਇੱਕ ਵਾਰ ਉਸ ਦਾ ਪੋਤਾ ਭਗਤੇ ਕਬੱਡੀ ਕੱਪ ਵਿੱਚ ਹਰਜੀਤ ਬਾਜਾਖਾਨਾ ਦੀ ਖੇਡ ਤੋਂ ਪ੍ਰਭਾਵਿਤ ਹੋਇਆ ਘਰੇ ਸੋਹਲੇ ਗਾ ਰਿਹਾ ਸੀ। ਅੱਗੋਂ ਪ੍ਰਦੁੱਮਣ ਬੋਲਿਆ, “ਅੱਜ ਬੈਠਾ ਹੀ ਮੰਜੇ ’ਤੇ ਆਂ, ਜੇ ਹੁੰਦਾ ਗਰਾਊਂਡ ਵਿੱਚ ਮੈਂ ਵੀ ਦੱਸ ਦਿੰਦਾ।” ਫੇਰ ਪ੍ਰਦੁੱਮਣ ਆਪਣੇ ਪੱਟ ਉਤੇ ਬਣੀ ਮੋਰਨੀ ਅਤੇ ਫੁੱਲ ਨੂੰ ਦੇਖ ਕੇ ਝੂਰਦਾ ਹੋਇਆ ਆਖਦਾ ਕਿ ਮੋਰਨੀ ਟੇਢੀ ਹੋ ਗਈ। ਫੇਰ ਉਹ ਆਪਣੇ ਪੋਤੇ ਨੂੰ ਆਖਦਾ, “ਦਰਸ਼ਨਾ ਭੁੱਖੀ ਮਰ ਗਈ ਮੋਰਨੀ, ਹੁਣ ਟੈਮ ਨੇੜੇ ਆ ਗਿਆ ਜਾਣ ਦਾ।” ਦੋਵੇਂ ਦਾਦਾ-ਪੋਤਾ ਆਥਣੇ ਮੰਜਾ ਡਾਹ ਕੇ ਬੈਠ ਜਾਂਦੇ ਅਤੇ ਫੇਰ ਘੰਟਿਆਂ ਬੱਧੀ ਪ੍ਰਦੁੱਮਣ ਨੇ ਆਪਣੇ ਕਿੱਸੇ ਸੁਣਾਈ ਜਾਣਾ। ਆਖਰੀ ਵੇਲੇ ਉਹ ਆਦੇਸ਼ ਮੈਡੀਕਲ ਹਸਪਤਾਲ ਭੂਚੋ ਮੰਡੀ ਵਿਖੇ ਦਾਖਲ ਸੀ, ਜਿੱਥੇ ਉਸ ਵੇਲੇ ਦੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਹੁਲ ਭੰਡਾਰੀ ਨੇ ਜ਼ੇਰੇ ਇਲਾਜ ਪ੍ਰਦੁੱਮਣ ਦੀ ਮਦਦ ਕੀਤੀ। ਹਾਦਸਿਆਂ, ਅਧਰੰਗ ਦੀ ਬਿਮਾਰੀ ਨਾਲ ਜੂਝਦਿਆਂ ਅੰਤ 22 ਮਾਰਚ 2007 ਨੂੰ ਪ੍ਰਦੁੱਮਣ ਸਾਨੂੰ ਅਲਵਿਦਾ ਆਖ ਗਿਆ।
ਪ੍ਰਦੁੱਮਣ ਰਾਜਗੜ੍ਹ ਕੁੱਬੇ ਵਿਆਹਿਆ ਸੀ। ਉਸ ਦੇ ਇੱਕੋ ਬੇਟਾ ਭੁਪਿੰਦਰ ਸਿੰਘ ਸੀ, ਜੋ ਕਿ ਅਕਾਲੀਆ ਪਿੰਡ ਵਿਆਹਿਆ ਸੀ। ਪ੍ਰਦੁੱਮਣ ਦਾ ਇੱਕ ਪੋਤਰਾ ਸੁਖਦਰਸ਼ਨ ਸਿੰਘ ਅਤੇ ਦੋ ਪੋਤਰੀਆਂ ਕਰਮਜੀਤ ਕੌਰ ਤੇ ਦਲਜੀਤ ਕੌਰ ਹਨ। ਪੋਤਰਾ ਸੁਖਦਰਸ਼ਨ ਸਿੰਘ ਗੋਲਾ ਸੁੱਟਣ ਵਿੱਚ ਜ਼ਿਲ੍ਹੇ ਦਾ ਚੈਂਪੀਅਨ ਰਿਹਾ, ਪਰ ਅੱਗੇ ਜਾ ਕੇ ਖੇਡ ਜਾਰੀ ਨਹੀਂ ਰੱਖ ਸਕਿਆ। ਪ੍ਰਦੁੱਮਣ ਦੇ ਦੋ ਪੜਪੋਤਰੇ- ਪ੍ਰਿੰਸਪ੍ਰੀਤ ਸਿੰਘ ਤੇ ਯਸ਼ਰਾਜ ਸਿੰਘ ਹਨ। ਬਠਿੰਡਾ ਜ਼ਿਲ੍ਹੇ ਨੂੰ ਮਾਣ ਹੈ ਕਿ ਪ੍ਰਦੁੱਮਣ ਸਿੰਘ ਦੇ ਰੂਪ ਵਿੱਚ ਦੇਸ਼ ਨੂੰ ਵੱਡਾ ਖਿਡਾਰੀ ਦਿੱਤਾ। ਜ਼ਿਲ੍ਹਾ ਖੇਡ ਅਫਸਰ ਬਠਿੰਡਾ ਦੇ ਦਫਤਰ ਵਿੱਚ ਪ੍ਰਦੁੱਮਣ ਸਿੰਘ ਦੀ ਤਸਵੀਰ ਲੱਗੀ ਹੈ, ਜਿਸ ਨੂੰ ਵੇਖ ਕੇ ਉਸ ਦੀਆਂ ਗੱਲਾਂ ਕਰਨ ਬਾਰੇ ਜਦੋਂ ਉਸ ਬਾਰੇ ਪੁੱਛਦੇ ਹਨ ਤਾਂ ਦੁੱਖ ਵੀ ਹੁੰਦਾ ਹੈ ਕਿ ਅਜੋਕੀ ਪੀੜ੍ਹੀ ਸਾਡੇ ਇੱਡੇ ਵੱਡੇ ਖਿਡਾਰੀ ਨੂੰ ਨਹੀਂ ਜਾਣਦੀ। ਮਿਲਖਾ ਸਿੰਘ, ਕੌਰ ਸਿੰਘ ਵਾਂਗ ਪ੍ਰਦੁੱਮਣ ਸਿੰਘ ਦੇ ਜੀਵਨ ਉਪਰ ਵੀ ਫਿਲਮ ਬਣਨੀ ਚਾਹੀਦੀ ਹੈ।

Leave a Reply

Your email address will not be published. Required fields are marked *