ਗੁਰੂ ਨਾਨਕ ਬਾਣੀ ਵਿੱਚ ਕੁਦਰਤ ਦਾ ਖੂਬਸੂਰਤ ਵਰਣਨ (2)

ਅਧਿਆਤਮਕ ਰੰਗ

ਮਾਨਵਤਾ ਲਈ ਪ੍ਰਤੀਕਾਤਮਿਕ ਸੰਦੇਸ਼
ਬਲਵਿੰਦਰ ਬਾਲਮ ਗੁਰਦਾਸਪੁਰ
ਫੋਨ: +91-9815625409
(ਕਿਸ਼ਤ ਦੂਜੀ)
ਉਨ ਵਿਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ॥
ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਘਰਿ ਆਵੈ॥

ਭਾਵ ਝੁਕ-ਝੁਕ ਕੇ ਬੱਦਲ ਛਾਏ ਹਨ, ਵਰਖਾ ਸ਼ੋਭਮਾਨ ਹੋਈ ਹੈ ਅਤੇ ਮਨ-ਤਨ ਪ੍ਰੇਮ ਸੁਖਾਂਦਾ ਹੈ। ਕਿਰਪਾ ਹੋਣ `ਤੇ ਉਹ ਹਰੀ ਮਨ ਵਿੱਚ ਆ ਜਾਂਦਾ ਹੈ |
ਸੰਦੇਸ਼: ਚਾਰੇ ਪਾਸੇ ਬੱਦਲ ਛਾਏ ਹੋਏ ਹਨ, ਇਵੇਂ ਹਰੀ ਹਿਰਦੇ ਵਿੱਚ ਬਰਸਦਾ ਹੈ। ਉਸਦੇ ਨਾਮ ਨਾਲ ਠੰਡ ਵਰਤ ਜਾਂਦੀ ਹੈ, ਮਨ ਵਿੱਚ ਸਕੂਨ ਉਤਪਨ ਹੋ ਜਾਂਦਾ ਹੈ|
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ॥
ਪਿਰ ਘਰਿ ਨਹੀਂ ਆਵੈ ਘਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ॥
ਕੋ ਦਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ॥
ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ॥
ਭਾਵ ਬਾਹਰ ਦੇ ਇਲਾਕੇ ਵਿੱਚ ਜੰਗਲ ਫੁੱਲ ਪਵੇ, ਜੇ ਮੇਰੇ ਘਰ ਪਤੀ ਵਾਪਸ ਆਏ; ਜਿਸ ਤਰ੍ਹਾਂ ਮਾਰੂਥਲ ਵਿੱਚ, ਉਜਾੜ ਵਿੱਚ ਜੰਗਲ ਹਰਿਆ-ਭਰਿਆ ਹੋ ਜਾਂਦਾ ਹੈ, ਤਾਂ ਬਹਾਰਾਂ ਹੀ ਬਹਾਰਾਂ ਆ ਜਾਂਦੀਆਂ ਹਨ, ਤਿਵੇਂ ਪਤੀ ਦੇ ਘਰ ਪੈਰ ਪਾਉਣ ਨਾਲ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਂਦੀਆਂ ਹਨ। ਵਿਛੋੜੇ ਕਰਕੇ ਸਰੀਰ ਟੁੱਟ ਰਿਹਾ ਹੈ, ਕਿਵੇਂ ਦੁੱਖ ਨੂੰ ਦਿਲ ਅੰਦਰ ਸਹਾਰਾਂ! ਅੰਬਾਂ ਉਤੇ ਕੋਇਲ ਸੁਹਾਵਣੇ ਬੋਲ ਕੂਕਦੀ ਹੈ। ਹੇ ਮਾਈ! ਮੈਂ ਕਿਵੇਂ ਜੀਵਾਂ, ਭੌਰਾ ਫੁੱਲਾਂ ਲੱਦੀ ਟਹਿਣੀ ਉਤੇ ਘੁੰਮ ਰਿਹਾ ਹੈ। ਬਸੰਤ ਦੀ ਖੁਸ਼ੀ ਦਾ ਸੁੰਦਰ ਦ੍ਰਿਸ਼ ਵਰਣਨ ਹੈ|
ਸੰਦੇਸ਼: ਮਨਮੋਹਣੇ ਪ੍ਰਤੀਕਾਂ ਦੇ ਨਾਲ ਕਵੀ ਗੁਰੂ ਸਮਝਾਉਂਦਿਆਂ ਮਨੁੱਖ ਨੂੰ ਪ੍ਰਭੂ ਨਾਲ ਜੋੜਨ ਦੀ ਵਿਧੀ ਦੱਸਦੇ ਹਨ। ਪ੍ਰਭੂ ਦੇ ਮੇਲ ਨਾਲ ਹਿਰਦੇ ਦੇ ਜੰਗਲ ਹਰੇ-ਭਰੇ ਹੋ ਜਾਂਦੇ ਹਨ। ਉਸਦੇ ਮਿਲਣ ਨਾਲ ਤ੍ਰਿਸ਼ਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਪ੍ਰਭੂ ਦੇ ਨਾਮ ਵਿੱਚ ਅਥਾਹ ਸ਼ਕਤੀ ਹੈ|
ਭਾਦਉ ਭਰਮਿ ਭੁਲੀ ਭਰਿ ਜੋਬਿਨ ਪਛੁਤਾਣੀ॥
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗ ਮਾਣੀ॥
ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ॥
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਤਸੰਤੇ॥
ਮਛਰ ਡੰਗ ਸਾਇਰ ਭਰ ਸੁਤਰ ਬਿਨੁ ਹਰਿ ਕਿਉ ਸੁਖੁ ਪਾਈਐ॥
ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ॥
ਭਾਵ ਭਾਦਰੋਂ ਮਾਹ ਵਿੱਚ ਬੱਦਲ ਧੜਾ-ਧੜ ਆਉਂਦੇ ਹਨ, ਪਰ ਜਲਦੀ ਹੀ ਉਡ ਜਾਂਦੇ ਹਨ, ਇਹ ਮੌਸਮ ਹੋਰ ਹੀ ਤਰ੍ਹਾਂ ਦਾ ਹੈ ਅਤੇ ਭੁਲੇਖਾਮਈ ਹੁੰਦਾ ਹੈ; ਇਸੇ ਤਰ੍ਹਾਂ ਹੀ ਜੀਵ ਰੂਪੀ ਇਸਤਰੀ ਵੀ ਭਰਮ ਵਿੱਚ ਭੁੱਲੀ ਹੋਈ ਆਪਣੇ ਹਾਰ ਸ਼ਿੰਗਾਰ ਵਿੱਚ ਲੱਗੀ ਹੋਈ ਹੈ। ਚਾਰ-ਚੁਫੇਰੇ ਜਲ-ਥਲ ਪਾਣੀ ਨਾਲ ਭਰੇ ਅਤੇ ਮੌਜ ਮਾਣਨ ਵਾਲੀ ਬਾਰਿਸ਼ ਦੀ ਰੁੱਤ ਹੈ, ਕਾਲੀ ਰੁੱਤ ਨੂੰ ਮੀਂਹ ਵਰਦਾ ਹੈ, ਡੱਡੂ ਗੁੜੈਂ-ਗੁੜੈਂ ਕਰਦੇ ਹਨ, ਮੋਰ ਕੁਹਕਦੇ ਹਨ, ਪਪੀਹਾ ਵੀ ਪ੍ਰਿਉ-ਪ੍ਰਿਉ ਕਰਦਾ ਹੈ, ਪਰ ਪਤੀ ਤੋਂ ਵਿਛੜੀ ਨਾਰ ਨੂੰ ਇਸ ਸੁਹਾਵਣੇ ਰੰਗ ਤੋਂ ਆਨੰਦ ਨਹੀਂ ਮਿਲਦਾ, ਉਸਨੂੰ ਤਾਂ ਇਹੀ ਲੱਗਦਾ ਹੈ ਕਿ ਮੱਛਰ ਡੰਗ ਮਾਰਦੇ ਹਨ, ਸੱਪ ਡੱਸਦੇ ਫਿਰਦੇ ਹਨ। ਇਸੇ ਤਰ੍ਹਾਂ ਜੀਵ ਰੂਪੀ ਇਸਤਰੀ ਨੂੰ ਵੀ ਪ੍ਰਭੂ ਪਤੀ ਦੇ ਵਿਛੋੜੇ ਦਾ ਅਹਿਸਾਸ ਹੋ ਜਾਂਦਾ ਹੈ ਅਤੇ ਉਸਨੂੰ ਹੋਰ ਰੰਗ ਤਮਾਸ਼ਿਆਂ ਵਿੱਚੋਂ ਆਤਮਿਕ ਆਨੰਦ ਨਹੀਂ ਮਿਲਦਾ, ਸਗੋਂ ਰੰਗ ਤਮਾਸ਼ੇ ਮੱਛਰ ਤੇ ਸੱਪਾਂ ਵਾਂਗੂ ਡੰਗ ਮਾਰਦੇ ਪ੍ਰਤੀਤ ਹੁੰਦੇ ਹਨ। ਹੇ ਨਾਨਕ! ਤੂੰ ਆਖ ਕਿ ਮੈਂ ਤੇ ਆਪਣੇ ਗੁਰੂ ਦੇ ਦੱਸੇ ਹੋਏ ਰਾਹ `ਤੇ ਤੁਰਾਂਗੀ ਤੇ ਉਥੇ ਹੀ ਜਾਵਾਂਗੀ, ਜਿੱਥੇ ਮੇਰਾ ਪ੍ਰਭੂ ਪਤੀ ਮਿਲ ਸਕਦਾ ਹੈ।
ਸੰਦੇਸ਼: ਬਾਹਰੀ ਸੁੱਖਾਂ ਦੀ ਭਾਲ ਨਾਲੋਂ ਹਰੀ ਨਾਮ ਦਾ ਸੁੱਖ ਉਤਮ ਹੈ। ਕਵੀ ਨਾਨਕ ਜੀ ਨੇ ਕਮਾਲ ਦੇ ਪ੍ਰਤੀਕ ਲੈ ਕੇ ਸਮਝਾਇਆ ਹੈ। ਜਿਸ ਤਰ੍ਹਾਂ ਇਕ ਨਾਰੀ ਪਤੀ ਪ੍ਰੇਮ ਲਈ ਵਿਆਕੁਲ ਹੋ ਜਾਂਦੀ ਹੈ, ਇਸੇ ਤਰ੍ਹਾਂ ਹੀ ਹਰੀ-ਪ੍ਰਭੂ ਦਾ ਭਗਤ, ਉਸਦੀ ਸ਼ਰਨ, ਉਸਦੀ ਪ੍ਰਾਪਤੀ ਲੋਚਦਾ ਹੈ। ਉਸਨੂੰ ਪ੍ਰਭੂ ਦੇ ਸਿਮਰਨ `ਚ ਆਨੰਦ ਮਿਲਦਾ ਹੈ|
ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ॥
ਦਹ ਦਿਸਿ ਸਾਖ ਹਰੀ ਹਰੀ ਆਵਲ ਸਹਿਜ ਪਕੈ ਸੋ ਮੀਠਾ॥
ਨਾਨਕ ਅਸੁਨਿ ਮਿਲਹੁ ਪਿਆਰੇ ਸਤਿਗੁਰੂ ਭਏ ਬਸੀਠਾ॥
ਭਾਵ ਜਿਵੇਂ ਭਾਦਰੋਂ ਦੇ ਘੁੰਮੇ ਦੇ ਦਿਨ ਅਤੇ ਅੱਸੂ ਦੀ ਰੁੱਤੇ ਇਸਤਰੀ ਦੇ ਮਨ ਵਿੱਚ ਪਤੀ ਨੂੰ ਮਿਲਣ ਦੀ ਤਾਂਘ ਹੁੰਦੀ ਹੈ, ਤਿਵੇਂ ਜਿਸ ਜੀਵ ਰੂਪੀ ਇਸਤਰੀ ਨੇ ਪ੍ਰਭੂ ਦੇ ਵਿਛੋੜੇ ਵਿੱਚ ਕਾਮਦਾਇਕ ਵੈਰੀਆਂ ਦੇ ਹੱਲਿਆਂ ਦੇ ਦੁਖ ਦੇਖ ਲਏ ਹਨ, ਉਹ ਅਰਦਾਸ ਕਰਦੀ ਹੈ, ਹੇ ਪ੍ਰਭੂ ਪਤੀ! ਮੇਰੇ ਹਿਰਦੇ ਵਿੱਚ ਆ ਵੱਸੋ। ਦੁਨੀਆ ਦੇ ਝੂਠੇ ਮੋਹ ਵਿੱਚ ਫਸ ਕੇ ਮੈਂ ਖੁਆਰ ਹੋ ਰਹੀ ਹਾਂ। ਸਰੀਰਕ ਕਮਜ਼ੋਰੀ ਤੇ ਕੇਸ ਚਿੱਟੇ ਹੋਣ ਕਰਕੇ ਮੇਰਾ ਮਨ ਡੋਲਦਾ ਹੈ ਕਿ ਅਜੇ ਤਕ ਪ੍ਰਭੂ ਪਤੀ ਦਾ ਦੀਦਾਰ ਨਹੀਂ ਹੋ ਸਕਿਆ; ਪਰ ਹਰ ਪਾਸੇ ਹਰੀਆਂ ਸ਼ਾਖਾਂ ਦੀ ਹਰਿਆਵਲ ਵੇਖ ਕੇ ਮਨ ਨੂੰ ਧੀਰਜ ਬੱਝਦਾ ਹੈ ਕਿ ਜਿਹੜਾ ਜੀਵ ਅਡੋਲ ਅਵਸਥਾ ਵਿੱਚ ਦ੍ਰਿੜ ਰਹਿੰਦਾ ਹੈ, ਉਸਨੂੰ ਪ੍ਰਭੂ ਮਿਲਾਪ ਦੀ ਖੁਸ਼ੀ ਮਿਲਦੀ ਹੈ। ਹੇ ਨਾਨਕ! ਤੂੰ ਵੀ ਆਖ ਤੇ ਅਰਦਾਸਾ ਕਰ ਕਿ ਹੇ ਪਿਆਰੇ ਪ੍ਰਭੂ! ਤੂੰ ਮਿਹਰ ਕਰ ਤੇ ਗੁਰੂ ਵਿਚੋਲੇ ਰਾਹੀਂ ਮੈਨੂੰ ਆਪਣਾ ਮਿਲਾਪ ਬਖ਼ਸ਼|
ਸੰਦੇਸ਼: ਕਵੀ ਗੁਰੂ ਨਾਨਕ ਸਾਹਿਬ ਨੇ ਰੁੱਤਾਂ, ਮਹੀਨਿਆਂ ਦੇ ਪ੍ਰਤੀਕ ਲੈ ਕੇ ਮਨੁੱਖ ਨੂੰ ਕਿਹਾ ਹੈ ਕਿ ਪ੍ਰਭੂ ਦਾ ਨਾਮ ਝੂਠੇ ਮੋਹ ਸੰਸਾਰ ਤੋਂ ਉਪਰ ਹੈ। ਉਸਦੀ ਮਿਹਰ ਸਦਕਾ ਹੀ ਸਭ ਕੁਝ ਹੁੰਦਾ ਹੈ। ਜਿਸ ਮਨੁੱਖ ਵਿੱਚ ਧੀਰਜ, ਹੌਸਲਾ ਸ਼ਕਤੀਆਂ ਹਨ, ਉਸਨੂੰ ਹੀ ਪ੍ਰਭੂ ਮਿਲਣ ਦੀ ਬਖਸ਼ਿਸ਼ ਹੁੰਦੀ ਹੈ|
ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰ ਸਬਦੀ ਰੰਗੁ ਮਾਣੀ॥
ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ॥
ਭਾਵ ਜਿਸ ਜੀਵ ਦੇ ਮਨ ਅਤੇ ਤਨ ਵਿੱਚ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਪ੍ਰਭੂ ਆ ਕੇ ਵੱਸ ਜਾਂਦਾ ਹੈ, ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਦਾ ਹੈ ਤੇ ਉਸਨੂੰ ਚਹੁੰ ਪਾਸੇ ਦੇ ਜੀਵਾਂ ਵਿੱਚ ਉਸ ਪ੍ਰਭੂ ਦੀ ਜੋਤ ਸਮਾਈ ਹੋਈ ਦਿਸਦੀ ਹੈ। ਅੰਡਜ- ਆਂਡੇ ਤੋਂ ਪੈਦਾ ਹੋਣ ਵਾਲੇ ਜੀਵ; ਜੇਰਜ- ਜ਼ੇਰ ਤੋਂ ਪੈਦਾ ਹੋਣ ਵਾਲੇ ਜੀਵ; ਸੇਤਜ- ਮੁੜ੍ਹਕੇ ਤੋਂ ਪੈਦਾ ਹੋਣ ਵਾਲੇ ਜੀਵ; ਉਤਭੁਜ- ਧਰਤੀ ਤੋਂ ਪੈਦਾ ਹੋਈ ਉਤਪਤੀ|
ਸੰਦੇਸ਼: ਕਣ-ਕਣ ਵਿੱਚ ਉਸ ਪ੍ਰਭੂ ਦਾ ਵਾਸਾ ਹੈ। ਹਰ ਜੀਵ-ਪ੍ਰਾਣੀ ਨਾਲ ਮੋਹ-ਪਿਆਰ ਨਾਲ ਰਿਹਾ ਜਾਵੇ।
ਰਵਿ ਰਹਿਆ ਸੋਈ ਅਵਰੁ ਨ ਕੋਈ ਮਨ ਹੀ ਤੇ ਮਨੁ ਮਾਨਿਆ॥
ਜਿਨਿ ਜਲ ਥਲ ਤ੍ਰਿਭਵਣ ਘਟੁ ਘਟੁ ਥਾਪਿਆ ਸੋ ਪ੍ਰਭ ਗੁਰਮਖਿ ਜਾਨਿਆ॥
ਭਾਵ ਸਾਰੀ ਸ੍ਰਿਸ਼ਟੀ ਵਿੱਚ ਵਾਹਿਗੁਰੂ ਜੀ ਹੀ ਵਿਆਪਕ ਹਨ, ਹੋਰ ਕੋਈ ਨਹੀਂ, ਇਹ ਸਮਝ ਉਸਨੂੰ ਪੈਂਦੀ ਹੈ, ਜੋ ਅੰਤਰ-ਆਤਮੇ ਦੇ ਨਾਮ ਵਿੱਚ ਪਰੋਤਾ ਰਹਿੰਦਾ ਹੈ। ਜਿਸ ਪ੍ਰਭੂ ਨੇ ਪਾਣੀ, ਧਰਤੀ, ਤ੍ਰਿਲੋਕੀ ਤੇ ਹਰੇਕ ਸਰੀਰ ਬਣਾਇਆ ਹੈ, ਉਸਦੀ ਸਮਝ ਉਸ ਜੀਵ ਨੂੰ ਗੁਰੂ ਰਾਹੀਂ ਸਹੀ ਪੈ ਜਾਂਦੀ ਹੈ|
ਸੰਦੇਸ਼: ਗੁਰੂ ਰਾਹੀਂ ਹੀ ਮਨੁੱਖ ਨੂੰ ਸਹੀ ਰਸਤਾ ਮਿਲਦਾ ਹੈ। ਜੋ ਵਿਅਕਤੀ ਸਾਧਕ ਅੰਤਰ-ਆਤਮਾ ਦੇ ਨਾਮ ਨਾਲ ਭਿੱਜਿਆ ਹੈ, ਉਹ ਹੀ ਸੱਚੇ ਨਾਮ ਦਾ ਮਾਲਿਕ ਹੈ|
ਸਤਿਗੁਰੂ ਸਬਦੀ ਮਿਲੈ ਵਿਛੁਨੀ ਤਨੁ-ਮਨੂ ਆਗੈ ਰਾਖੈ॥
ਨਾਨਕ ਅੰਮ੍ਰਿਤ ਬਿਰਖੁ ਮਹਾਰਸ ਫਲਿਆ ਮਿਲਿ ਪ੍ਰੀਤਮ ਰਸੁ ਚਾਖੈ॥
ਭਾਵ, ਹੇ ਨਾਨਕ! ਜਿਹੜੀ ਜੀਵ ਰੂਪੀ ਇਸਤਰੀ ਗੁਰੂ ਦੇ ਸ਼ਬਦ ਰਾਹੀਂ ਆਪਣਾ ਤਨ ਤੇ ਮਨ ਉਸ ਪ੍ਰਭੂ ਦੇ ਹਵਾਲੇ ਕਰ ਦਿੰਦੀ ਹੈ, ਉਸਨੂੰ ਉਸ ਪ੍ਰਭੂ ਦੇ ਮੇਲ ਹੋ ਜਾਂਦੇ ਹਨ। ਪਰਮਾਤਮਾ ਦਾ ਨਾਮ ਜੀਵ ਨੂੰ ਆਤਮਿਕ ਜੀਵਨ ਦੇਣ ਵਾਲਾ ਐਸਾ ਰੁੱਖ ਹੈ, ਜਿਸਨੂੰ ਉਚੇ ਆਤਮਿਕ ਗੁਣਾਂ ਦੇ ਫਲ ਲੱਗੇ ਰਹਿੰਦੇ ਹਨ ਅਤੇ ਗੁਰੂ ਸ਼ਬਦ ਰਾਹੀਂ ਪ੍ਰਭੂ ਅੱਗੇ ਆਪਣਾ ਤਨ-ਮਨ ਭੇਟ ਕਰਨ ਵਾਲੀ ਜੀਵ ਰੂਪੀ ਇਸਤਰੀ ਇਸ ਅੰਮ੍ਰਿਤ ਰੁੱਖ ਦੇ ਫੁੱਲਾਂ ਦਾ ਸੁਆਦ ਚੱਖਦੀ ਰਹਿੰਦੀ ਹੈ।
ਸੰਦੇਸ਼: ਗੁਰੂ ਸ਼ਬਦ ਰਾਹੀਂ ਹੀ ਮਨੁੱਖ ਉਸ ਪ੍ਰਭੂ ਦੀ ਪ੍ਰਾਪਤੀ ਤਕ ਚੰਗੇ ਕੰਮਾਂ ਦੀ ਬੁਨਿਆਦੀ ਤਕ ਪਹੁੰਚ ਸਕਦਾ ਹੈ।
ਗੁਰ ਰੂਪ ਮੁਰਾਰੇ ਤ੍ਰਿਭਵਣ ਧਾਰੇ ਤਾ ਕਾ ਅੰਤੁ ਨ ਪਾਇਆ॥
ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੇ ਸਵਾਇਆ॥
ਭਾਵ ਵੱਡੀ ਹਸਤੀ ਵਾਲੇ ਪਰਮਾਤਮਾ ਨੇ ਤਿੰਨਾਂ ਭਵਨਾਂ (ਧਰਤੀ, ਆਕਾਸ਼, ਪਾਤਾਲ) ਨੂੰ ਆਪਣਾ ਆਸਰਾ ਦੇ ਕੇ ਰੱਖਿਆ ਹੋਇਆ ਹੈ, ਉਸ ਦੇ ਗੁਣਾਂ ਦਾ ਅੱਜ ਤਕ ਕਿਸੇ ਨੇ ਅੰਤ ਨਹੀਂ ਪਾਇਆ ਅਤੇ ਉਸਨੇ ਕਈ ਰੰਗਾਂ ਅਤੇ ਕਈ ਜਿਨਸਾਂ ਦੇ ਜੀਵ ਪੈਦਾ ਕੀਤੇ ਹੋਏ ਹਨ ਤੇ ਉਨ੍ਹਾਂ ਨੂੰ ਨਿੱਤ ਦਾਨ ਦਿੰਦਾ ਰਹਿੰਦਾ ਹੈ, ਉਸਦਾ ਭੰਡਾਰ ਮੁੱਕਦਾ ਨਹੀਂ, ਸਦਾ ਵਧਦਾ ਹੀ ਰਹਿੰਦਾ ਹੈ|
ਸੰਦੇਸ਼: ਸਾਰੀ ਕਾਇਨਾਤ ਧਰਤੀ, ਆਕਾਸ਼, ਪਾਤਾਲ ਨੂੰ ਉਸ ਪ੍ਰਭੂ ਦਾ ਹੀ ਆਸਰਾ ਹੈ। ਉਸਦੇ ਬੇਅੰਤ ਗੁਣਾਂ ਕਰਕੇ ਸਭ ਨੂੰ ਕੁਝ ਨਾ ਕੁਝ ਮਿਲ ਰਿਹਾ ਹੈ। ਜੀਵ-ਪ੍ਰਾਣੀ ਜੋ ਪੈਦਾ ਕੀਤੇ ਹਨ, ਉਨ੍ਹਾਂ ਦਾ ਉਹੋ ਹੀ ਪਾਲਣਹਾਰ ਹੈ। ਮਨੁੱਖ ਨੂੰ ਆਪਣੇ ਕੀਤੇ ਕਰਮਾਂ `ਤੇ ਘੁਮੰਡ ਨਹੀਂ ਹੋਣਾ ਚਾਹੀਦਾ, ਕਿਉਂਕਿ ਸਭ ਕੁਝ ਪਰਮਾਤਮਾ ਕਰ ਰਿਹਾ ਹੈ|
ਹਰਿ ਸਿਮਰਿ ਏਕੰਕਾਰੁ ਸਾਚਾ ਸਭ ਜਗਤੁ ਜਿੰਨਿ ਉਪਾਇਆ॥
ਪਉਣੁ ਪਾਣੀ ਅਗਨਿ ਬਾਧੇ ਗੁਰਿ ਖੇਲੁ ਜਗਤਿ ਦਿਖਾਇਆ॥
ਭਾਵ ਹੇ ਮੇਰੇ ਮਨ! ਉਸ ਸਰਬ-ਵਿਆਪਕ ਤੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਦਾ ਰਹਿ, ਜਿਸ ਨੇ ਸਾਰਾ ਜਗਤ ਪੈਦਾ ਕੀਤਾ ਹੈ ਅਤੇ ਹਵਾ ਪਾਣੀ ਅੱਗ (ਆਦਿਕ ਤੱਤਾਂ) ਨੂੰ ਨਿਯਮ ਬੱਧ ਕੀਤਾ ਹੋਇਆ ਹੈ, ਵਾਹਿਗੁਰੂ ਜੀ ਦੇ ਇਸ ਖੇਲ ਦੀ ਸਮਝ ਗੁਰੂ ਰਾਹੀਂ ਹੀ ਜੀਵ ਨੂੰ ਪੈਂਦੀ ਹੈ|
ਸੰਦੇਸ਼: ਜਿਸ ਪ੍ਰਭੂ ਨੇ ਸਭ ਕੁਝ ਨਿਯਮਬੱਧ ਕੀਤਾ ਹੈ, ਤੂੰ ਉਸ ਦਾ ਨਾਮ ਸਿਮਰਦਾ ਰਹਿ। ਇਹੋ ਤੇਰੇ ਸੁੱਖ ਦਾ ਰਸਤਾ ਹੈ|
ਏ ਮਨ ਮੇਰਿਆ ਬਿਨੁ ਬੇੜੀ ਪਾਰਿ ਨਾ ਅੰਬੜੈ ਰਾਮ॥
ਪਾਰਿ ਸਾਜਨੁ ਅਪਾਰੁ ਪ੍ਰੀਤਮੁ ਗੁਰ ਸ਼ਬਦ ਸੁਰਤਿ ਲੰਘਾਵਏ॥
ਮਿਲਿ ਸਾਧ ਸੰਗਤਿ ਕਰਹਿ ਰਲੀਆ ਫਿਰਿ ਨ ਪਛੋਤਾਵਏ॥
ਜਿਵੇਂ ਬੇੜੀ ਤੋਂ ਬਗੈਰ ਪਾਰ ਨਹੀਂ ਜਾਇਆ ਜਾ ਸਕਦਾ, ਤਿਵੇਂ ਰਾਮ ਦੇ ਨਾਮ ਤੋਂ ਬਿਨਾ ਪਾਰ ਉਤਾਰਾ ਨਹੀਂ ਹੋ ਸਕਦਾ। ਜਿਵੇਂ ਬੇੜੀ ਤੋਂ ਬਿਨਾ ਮਨੁੱਖ ਨਦੀ ਤੋਂ ਪਾਰ ਨਹੀਂ ਹੋ ਸਕਦਾ। ਇਸ (ਸੰਸਾਰ-ਸਮੁੰਦਰ) ਦੀਆਂ ਵਿਸ਼ੇ-ਵਿਕਾਰ ਰੂਪੀ ਲਹਿਰਾਂ ਪੈ ਰਹੀਆਂ, ਨਾਲ ਭਰਪੂਰ ਸੰਸਾਰ ਸਮੁੰਦਰ ਤੋਂ ਪਾਰਲੇ ਪਾਸੇ ਸੱਜਣ ਪ੍ਰਭੂ ਵੱਸਦਾ ਹੈ, ਗੁਰੂ ਸ਼ਬਦ ਦੀ ਸੁਰਤਿ ਹੀ ਇਸ ਸਮੁੰਦਰ ਤੋਂ ਪਾਰ ਕਰ ਸਕਦੀ ਹੈ। ਹੇ ਮਨ! ਤੂੰ ਸਾਧ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਨੂੰ ਸਿਮਰ ਕੇ ਆਨੰਦ ਮਾਣਦਾ ਰਹੇਂ ਤਾਂ ਤੂੰ ਵੀ ਪਾਰ ਹੋ ਜਾਏਗਾ ਅਤੇ ਫਿਰ ਤੈਨੂੰ ਪਛਤਾਣਾ ਨਹੀਂ ਪਵੇਗਾ|
ਸੰਦੇਸ਼: ਵਾਹਿਗੁਰੂ ਦੇ ਸੱਚੇ ਸ਼ਬਦ ਨਾਲ ਹੀ ਤੂੰ ਭਵਸਾਗਰ ਪਾਰ ਕਰ ਸਕਦਾ ਏਂ। ਨਾਮ ਸਿਮਰਨ ਤੋਂ ਬਿਨਾ ਤੂੰ ਮੰਜ਼ਿਲ ਨਹੀਂ ਪਾ ਸਕਦਾ|
ਮਾਹਾ ਰੁਤੀ ਆਵਣਾ ਵੇਖਹੁ ਕਰਮ ਕਮਾਇ॥
ਨਾਨਕ ਹਰੇ ਨ ਸੂਕ ਹੀ ਜਿ ਗੁਰਮੁਖਿ ਰਹੇ ਸਮਾਇ॥
ਭਾਵ, ਹੇ ਭਾਈ! ਇਹ ਦੁਨੀਆ ਦੀਆਂ ਰੁੱਤਾਂ ਤੇ ਮਹੀਨੇ ਆਂਵਦੇ-ਜਾਂਵਦੇ ਹਨ, ਪਰ ਤੁਸੀਂ ਹਊਮੈ ਨੂੰ ਵਿਸਾਰਨ ਵਾਲੇ ਕਰਮ ਕਰਕੇ ਵੇਖੋ, ਉਹ ਸਦਾ ਖੇੜੇ ਵਾਲੀ ਰੁੱਤ ਕਦੇ ਅਲੋਪ ਨਹੀਂ ਹੋਵੇਗੀ। ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੇ ਦੱਸੇ ਰਾਹ `ਤੇ ਤੁਰ ਕੇ ਪ੍ਰਭੂ ਯਾਦ ਵਿੱਚ ਟਿਕ ਜਾਂਦੇ ਹਨ, ਉਨ੍ਹਾਂ ਦੀ ਆਤਮਾ ਸਦਾ ਖਿੜ੍ਹੀ ਰਹਿੰਦੀ ਹੈ ਅਤੇ ਉਹ ਖੇੜਾ ਕਦੇ ਸੁੱਕਦਾ ਨਹੀਂ|
ਸੰਦੇਸ਼: ਐ ਮਨੱਖ ਇਹ ਖੂਬਸੂਰਤ ਰੁੱਤਾਂ-ਮਹੀਨੇ ਆਉਂਦੇ-ਜਾਂਦੇ ਰਹਿੰਦੇ ਹਨ। ਮਨੁੱਖ ਹਉਮੈ ਨੂੰ ਤਿਆਗੇ। ਪ੍ਰਭੂ ਦੇ ਨਾਮ ਵਾਲੀ ਖੇੜੇ ਦੀ ਰੁੱਤ ਸਦਾ ਹੀ ਰਹਿੰਦੀ ਹੈ|
ਰੁਤਿ ਆਈਲੇ ਸਰਸ ਬਸੰਤ ਮਾਹਿ॥
ਰੰਗ ਰਾਤੇ ਰਵਹਿ ਸਿ ਤੇਰੈ ਚਾਇ॥
ਭਾਵ ਹੇ ਵਾਹਿਗੁਰੂ! ਜਿਹੜੇ ਬੰਦੇ ਤੇਰੇ ਪਿਆਰ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਅਤੇ ਜਿਹੜੇ ਤੈਨੂੰ ਸਿਮਰਦੇ ਹਨ, ਉਹ ਤੇਰੇ ਮਿਲਾਪ ਦੀ ਖੁਸ਼ੀ ਵਿੱਚ ਰਹਿੰਦੇ ਹਨ, ਮਾਨੋ ਮਨੁੱਖਾ ਜਨਮ ਉਨ੍ਹਾਂ ਵਾਸਤੇ ਬਸੰਤ ਰੁੱਤ ਆਈ ਹੋਈ ਹੈ।
ਸੰਦੇਸ਼: ਮਨੱਖ ਜਨਮ ਕੀਮਤੀ ਜਨਮ ਹੈ, ਜਿਸਨੇ ਦੁਬਾਰਾ ਨਹੀਂ ਆਉਣਾ। ਇਸ ਜੀਵਨ ਨੂੰ ਬਸੰਤ ਰੁੱਤ ਵਾਂਗ ਹੀ ਉਹ ਮਨੁੱਖ ਸਮਝਦੇ ਹਨ, ਜਿਨ੍ਹਾਂ ਨੂੰ ਪ੍ਰਭੂ ਨਾਮ ਦੀ ਸੋਝੀ ਹੈ|
ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ॥
ਨਾਨਕ ਰੁਤਿ ਸੁਹਾਵੀ ਸਾਈ ਬਿਨੁ ਨਾਵੈ ਰੁਤਿ ਕੇਹੀ॥
ਭਾਵ ਇਨਸਾਨੀ ਜੀਵਨ ਵਾਸਤੇ ਦੋ ਹੀ ਰੁੱਤਾਂ ਹਨ- ਸਿਮਰਨ ਅਤੇ ਨਾਮਹੀਣਤਾ; ਇਨ੍ਹਾਂ ਵਿੱਚੋਂ ਜਿਹੜੀ ਰੁੱਤ ਦੇ ਪ੍ਰਭਾਵ ਹੇਠ ਜੀਵ ਆਪਣਾ ਜੀਵਨ ਗੁਜ਼ਾਰਦਾ ਹੈ, ਇਸ ਦੇ ਸਰੀਰ ਨੂੰ ਉਹੋ ਜਿਹਾ ਹੀ ਸੁੱਖ ਜਾਂ ਦੁੱਖ ਮਿਲਦਾ ਹੈ, ਉਸੇ ਪ੍ਰਭਾਵ ਹੇਠ ਹੀ ਇਸ ਦਾ ਸਰੀਰ ਅਤੇ ਗਿਆਨ ਇੰਦਰੀਆਂ ਚੱਲਦੀਆਂ ਹਨ।
ਸੰਦੇਸ਼: ਹੇ ਨਾਨਕ! ਮਨੁੱਖ ਵਾਸਤੇ ਉਹੀ ਰੁੱਤ ਸੋਹਣੀ ਹੈ, ਜਦੋਂ ਇਹ ਨਾਮ ਸਿਮਰਦਾ ਹੈ, ਨਾਮ ਸਿਮਰਨ ਤੋਂ ਬਿਨਾ ਕੁਦਰਤ ਦੀ ਬਦਲਦੀ ਹੋਈ ਕੋਈ ਰੁੱਤ ਵੀ ਇਸਨੂੰ ਆਤਮਿਕ ਸੁੱਖ ਨਹੀਂ ਦੇ ਸਕਦੀ। ਆਦਮੀ ਦੇ ਚਾਲ ਚਲਨ ਮੁਤਾਬਿਕ ਹੀ ਉਸਦੇ ਸੁੱਖ ਦੁੱਖ ਹੁੰਦੇ ਹਨ। ਸਿਮਰਨ ਕਰਨ ਵਾਲੇ ਮਨੁੱਖ ਸੁੱਖਾਂ ਦੇ ਭਾਗੀ ਹੁੰਦੇ ਹਨ|
ਨਾਨੀ ਸੀ ਬੂੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾਈ॥
ਨਦੀ ਉਪਕੰਨਿ ਜੈਸੇ ਘਰੁ ਤਰਵਰੁ ਸਰਪਨਿ ਘਰੁ ਘਰ ਮਾਹੀ॥
ਉਲਟੀ ਨਦੀ ਕਹਾਂ ਘਰੁ ਤਰਵਰੁ ਸਰਪਨਿ ਡਸੈ ਦੂਜਾ ਮਨ ਮਾਂਹੀ॥
ਭਾਵ ਇਹ ਜਗਤ ਮਾਨੋ ਕਾਗਜ਼ਾਂ ਦਾ ਕਿਲ੍ਹਾ ਹੈ, ਜਿਸਨੂੰ ਪ੍ਰਭੂ ਨੇ ਆਪਣੀ ਸਿਆਣਪ ਨਾਲ ਸਜਾਵਟ ਅਤੇ ਰੂਪ ਰੇਖਾ ਦਿੱਤੀ ਹੋਈ ਹੈ, ਪਰ ਜਿਵੇਂ ਇੱਕ ਨਿੱਕੀ ਜਿਹੀ ਬੂੰਦ ਜਾਂ ਹਵਾ ਦਾ ਬੁੱਲਾ ਕਾਗਜ਼ ਦੇ ਕਿਲ੍ਹੇ ਦੀ ਸ਼ੋਭਾ ਗਵਾ ਦਿੰਦਾ ਹੈ, ਤਿਵੇਂ ਇਹ ਜਗਤ ਪਲ ਵਿੱਚ ਜੰਮਦਾ ਅਤੇ ਮਰਦਾ ਹੈ। ਜਿਵੇਂ ਕਿਸੇ ਨਦੀ ਦੇ ਕੰਢੇ `ਤੇ ਕੋਈ ਘਰ ਹੋਵੇ ਜਾਂ ਰੁੱਖ ਹੋਵੇ, ਜਦੋਂ ਨਦੀ ਦਾ ਵੇਗ ਉਲਟਦਾ ਹੈ ਤਾਂ ਫਿਰ ਨਾ ਘਰ ਰਹਿੰਦਾ ਹੈ ਅਤੇ ਨਾ ਹੀ ਉਹ ਰੁੱਖ। ਜਿਵੇਂ, ਜੇ ਕਿਸੇ ਮਨੁੱਖ ਦੇ ਘਰ ਵਿੱਚ ਸੱਪਣੀ ਦਾ ਘਰ ਹੋਵੇ ਤਾਂ ਜਦੋਂ ਵੀ ਮੌਕਾ ਮਿਲਦਾ ਹੈ, ਸੱਪਣੀ ਉਸਨੂੰ ਡੰਗ ਮਾਰੇਗੀ, ਇਸੇ ਤਰ੍ਹਾਂ ਮਨੁੱਖ ਦੇ ਮਨ ਵਿੱਚ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਆਸਰਾ ਉਸ ਨਦੀ ਦੇ ਉਲਟੇ ਹੜ੍ਹ ਵਾਂਗ ਅਤੇ ਉਸ ਘਰ ਵਿੱਚ ਵੱਸਦੀ ਸੱਪਣੀ ਵਾਂਗ ਹੈ, ਇਹ ਦੂਜੀ ਝਾਕ ਆਤਮਿਕ ਮੌਤ ਲਿਆਉਂਦੀ ਹੈ|
ਸੰਦੇਸ਼: ਮਨੁੱਖ ਜੀਵਨ ਦਾ ਕੋਈ ਭਰੋਸਾ ਨਹੀਂ, ਕਦ ਦੁਨੀਆ ਤੋਂ ਰੁਖਸਤ ਹੋ ਜਾਏ। ਗੁਰੂ ਜੀ ਨੇ ਬਹੁਤ ਵਧੀਆ ਤਸ਼ਬੀਹਾਂ ਦੇ ਕੇ ਸਮਝਾਇਆ ਕਿ ਮਨੁੱਖੀ ਜੀਵਨ ਕਾਗਜ਼ੀ ਕਿਲ੍ਹਾ ਭਾਵ ਮਨੁੱਖ `ਤੇ ਲੱਗਾ ਦਾਗ਼ ਉਸਦੀ ਸ਼ਖਸੀਅਤ ਖ਼ਤਮ ਕਰ ਦਿੰਦਾ ਹੈ। ਪ੍ਰਭੂ ਦਾ ਨਾਮ ਹੀ ਉਸਨੂੰ ਪਾਕ-ਪਵਿੱਤਰ ਰੱਖਦਾ ਹੈ|
ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ॥
ਰੈਨਿ ਬਬੀਹਾ ਬੋਲਿਓ ਮੇਰੀ ਮਾਈ॥
ਭਾਵ ਹੇ ਮੇਰੀ ਮਾਂ! ਸਵਾਂਤੀ ਬੂੰਦ ਦੀ ਤਾਂਘ ਵਿੱਚ ਰਾਤੀਂ ਬਬੀਹਾ ਬੜੇ ਵੈਰਾਗ ਵਿੱਚ ਬੋਲਿਆ, ਉਸਦੀ ਵਿਲਕਦੀ ਆਵਾਜ਼ ਸੁਣ ਕੇ ਮੇਰੇ ਅੰਦਰ ਵੀ ਧੂਹ ਪਈ ਹੈ। ਮੇਰੀ ਮਾਂ! ਬਬੀਹੇ ਦੀ ਕੂਕ ਸੁਣ ਕੇ ਮੈਨੂੰ ਸਮਝ ਆਈ ਕਿ ਬਬੀਹਾ ਤੇ ਮੱਛੀ ਪਾਣੀ ਤੋਂ ਹੀ ਸੁੱਖ ਪਾਂਦੇ ਹਨ।
ਸੰਦੇਸ਼: ਜਿਸ ਤਰ੍ਹਾਂ ਮੱਛੀ ਤੇ ਬਬੀਹਾ ਪਾਣੀ ਤੋਂ ਸੁੱਖ ਲੈਂਦੇ ਹਨ, ਇਸੇ ਤਰ੍ਹਾਂ ਹੀ ਮਨੁੱਖ ਦੀ ਆਤਮਿਕ ਖੁਰਾਕ ਪ੍ਰਭੂ ਦਾ ਸੱਚਾ ਨਾਮ ਹੈ। ਪ੍ਰਭੂ ਦੇ ਨਾਮ ਵਿੱਚ ਹੀ ਮਨੁੱਖ ਦੀਆਂ ਹੋਰ ਪ੍ਰਾਪਤੀਆਂ ਦੀ ਜਿੱਤ ਹੁੰਦੀ ਹੈ|
ਅਖਲੀ ਊਡੀ ਜਲੁ ਭਰ ਨਾਲਿ॥
ਡੁਗਰੁ ਊਚਉ ਗੜੁ ਪਾਤਾਲਿ॥
ਸਾਗਰ ਸੀਤਲੁ ਗੁਰ ਸ਼ਬਦ ਵੀਚਾਰਿ॥
ਮਾਰਗ ਮੁਕਤਾ ਹਉਮੈ ਮਾਰਿ॥
ਭਾਵ ਲਮਢੀਂਗ (ਪੰਛੀ) ਉਚੇ ਆਕਾਸ਼ ਵਿੱਚ ਉਡ ਰਿਹਾ ਹੈ ਤਾਂ ਉਥੇ ਉਡਦੇ ਨੂੰ ਪਾਣੀ ਨਹੀਂ ਮਿਲ ਸਕਦਾ, ਕਿਉਂਕਿ ਪਾਣੀ ਸਮੁੰਦਰ ਵਿੱਚ ਹੈ। ਆਤਮਿਕ ਸ਼ਾਂਤੀ ਸ਼ੀਤਲਤਾ ਨਿਮਰਤਾ ਵਿੱਚ ਹੈ, ਉਸ ਮਨੁੱਖ ਨੂੰ ਨਹੀਂ ਪ੍ਰਾਪਤ ਹੋ ਸਕਦੀ, ਜਿਸਦਾ ਦਿਮਾਗ ਮਾਇਆ ਆਦਿ ਦੇ ਅਹੰਕਾਰ ਵਿੱਚ ਅਸਮਾਨੀ ਚੜ੍ਹਿਆ ਹੋਵੇ। ਜੇ ਕੋਈ ਮਨੁੱਖ ਸਤਸੰਗ ਆਦਿ ਦਾ ਆਸਰਾ ਲੋੜਦਾ ਹੈ, ਪਰ ਚੜ੍ਹਿਆ ਹੋਵੇ ਅਹੰਕਾਰ ਦੇ ਪਹਾੜ ਉਤੇ ਤਾਂ ਉਸ ਰਾਹੇ ਪੈ ਕੇ ਵੈਰੀਆਂ ਦੀ ਚੋਟ ਤੋਂ ਬਚ ਨਹੀਂ ਸਕਦਾ। ਗੁਰੂ ਦੇ ਸ਼ਬਦ ਦੀ ਵਿਚਾਰ ਕੀਤਿਆਂ ਗੁਰ ਸ਼ਬਦ ਦੀ ਸਹਾਇਤਾ ਸਦਾ ਜੀਵਨ ਦਾ ਰਸਤਾ ਖੁੱਲ੍ਹਾ ਹੋ ਜਾਂਦਾ ਹੈ ਅਤੇ ਸੰਸਾਰ ਸਮੁੰਦਰ ਜੋ ਵਿਸ਼ੇ-ਵਿਕਾਰਾਂ ਨਾਲ ਤਪ ਰਿਹਾ ਹੈ, ਠੰਡਾ ਠਾਰ ਹੋ ਜਾਂਦਾ ਹੈ|
ਸੰਦੇਸ਼: ਹੰਕਾਰੀ ਆਦਮੀ ਨੂੰ ਪ੍ਰਭੂ ਦਾ ਸੁੱਖ ਪ੍ਰਾਪਤ ਨਹੀਂ ਹੁੰਦਾ ਹੈ। ਕਿਸੇ ਵੀ ਕਿਸਮ ਦਾ ਹੰਕਾਰ ਮਨੁੱਖ ਦੇ ਰਸਤੇ ਵਿੱਚ ਰੁਕਾਵਟਾਂ ਪੈਦਾ ਕਰਦਾ ਹੈ। ਮਨੁੱਖ ਆਪਣੇ ਹੰਕਾਰ ਨੂੰ ਪ੍ਰਭੂ ਨਾਮ ਨਾਲ ਖ਼ਤਮ ਕਰੇ। ਭਲਾਈ ਦੇ ਕੰਮ ਕਰੇ|
ਸੂਰਜ ਚੰਦੁ ਉਪਾਇ ਜੋਤਿ ਸਮਾਣਿਆ॥
ਕੀਤੇ ਰਾਤਿ ਦਿਨੰਤੁ ਚੋਜ ਵਿਡਾਣਿਆ॥
ਭਾਵ ਸਾਰੀ ਰਚਨਾ ਸੰਸਾਰ ਦੀ ਰਚ ਕੇ ਆਪਣੇ ਵੱਡੇ ਚੋਜ ਨਾਲ ਰਾਤ ਦਿਨ ਵੀ ਵਾਹਿਗੁਰੂ ਨੇ ਬਣਾਏ ਅਤੇ ਸੂਰਜ, ਚੰਦਰਮਾ ਆਦਿ ਦੀ ਰਚਨਾ ਕੀਤੀ, ਇਸ ਸਭ ਕਾਸੇ ਵਿੱਚ ਵਾਹਿਗੁਰੂ ਜੀ ਆਪ ਜੋਤ ਰੂਪ ਹੋ ਕੇ ਸਮਾਏ ਹੋਏ ਹਨ|
ਸੰਦੇਸ਼: ਸਾਰੀ ਸ੍ਰਿਸ਼ਟੀ ਵਿੱਚ ਵਾਹਿਗੁਰੂ ਆਪ ਹੈ|
ਸੁਰਿ ਮਿਲਿਐ ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ॥
ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲੁ॥
ਅੰਦਰੁ ਰਚੈ ਸਚ ਰੰਗਿ ਜਿਉ ਮੰਜੀਠੈ ਲਾਲੁ॥
ਭਾਵ ਜੇ ਗੁਰੂ ਮਿਲ ਪਵੇ ਤਾਂ ਮਨ ਖਿਲ ਪੈਂਦਾ ਹੈ, ਜਿਵੇਂ ਮੀਂਹ ਪੈਣ ਨਾਲ ਧਰਤੀ ਦੀ ਸਜਾਵਟ ਬਣ ਕੇ ਸਾਰੀ ਧਰਤੀ ਹਰੀ-ਭਰੀ ਦਿਸ ਆਂਵਦੀ ਹੈ, ਸਰੋਵਰ ਤੇ ਤਲਾਬ ਨੱਕੋ-ਨੱਕ ਪਾਣੀ ਨਾਲ ਭਰ ਜਾਂਦੇ ਹਨ। ਇਸ ਤਰ੍ਹਾਂ ਜਿਸਨੂੰ ਗੁਰੂ ਮਿਲਦਾ ਹੈ, ਉਸਦਾ ਮਨ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਵਿੱਚ ਰਚ ਜਾਂਦਾ ਹੈ ਅਤੇ ਮਜੀਠ (ਰੰਗ) ਵਾਂਗ ਰੱਤਾ ਪੱਕੇ ਪਿਆਰ ਵਾਲਾ ਹੋ ਜਾਂਦਾ ਹੈ। ਉਸਦਾ ਹਿਰਦਾ ਖਿੜ੍ਹ ਜਾਂਦਾ ਹੈ। ਵਾਹਿਗੁਰੂ ਸਦਾ ਉਸਦੇ ਹਿਰਦੇ ਵਿੱਚ ਆ ਵੱਸਦਾ ਹੈ|
ਸੰਦੇਸ਼: ਗੁਰੂ ਦੀ ਪ੍ਰਾਪਤੀ ਸਭ ਤੋਂ ਉਚੀ ਤੇ ਸੱਚੀ। ਜਿਸ ਤਰ੍ਹਾਂ ਮੀਂਹ ਪੈਣ ਨਾਲ ਕੁਦਰਤ ਖੁਸ਼ਹਾਲ ਹੋ ਜਾਂਦੀ ਹੈ, ਖਿੜ੍ਹ ਜਾਂਦੀ ਹੈ, ਪ੍ਰਭੂ ਦੇ ਮਿਲਣ ਨਾਲ ਵੀ ਮਨੁੱਖ ਦਾ ਤਨ, ਮਨ, ਰੂਹ ਖਿੜ੍ਹ ਜਾਂਦੇ ਹਨ। ਪ੍ਰਭੂ ਦੀ ਪ੍ਰਾਪਤੀ ਵਿੱਚ ਖੇੜਾ ਹੀ ਖੇੜਾ ਹੁੰਦਾ ਹੈ|
ਉਪਰਿ ਕੂਪ ਗਗਨ ਪਨਿਹਾਰੀ ਅੰਮ੍ਰਿਤ ਪੀਵਣਹਾਰਾ॥
ਜਿਸ ਕੀ ਰਚਨਾ ਸੋ ਬਿਧਿ ਜਾਣੈ ਗੁਰਮੁਖਿ ਗਿਆਨੁ ਵੀਚਾਰਾ॥
ਭਾਵ ਨਾਮ ਅੰਮ੍ਰਿਤ ਦਾ ਸੌਖਾ ਪਰਮਾਤਮਾ ਸਭ ਤੋਂ ਉਚਾ ਹੈ। ਉਚੀ ਬਿਰਤੀ ਵਾਲਾ ਜੀਵ ਹੀ ਉਸਦੀ ਮਿਹਰ ਨਾਲ ਨਾਮ ਅੰਮ੍ਰਿਤ ਪੀ ਸਕਦਾ ਹੈ। ਨਾਮ ਅੰਮ੍ਰਿਤ ਪਿਲਾਣ ਦਾ ਤਰੀਕਾ ਵੀ ਉਹ ਪਰਮਾਤਮਾ ਆਪ ਹੀ ਜਾਣਦਾ ਹੈ, ਜਿਸਦੀ ਰਚੀ ਹੋਈ ਇਹ ਸ੍ਰਿਸ਼ਟੀ ਹੈ। ਜੀਵ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਉਂਦਾ ਹੈ ਅਤੇ ਉਸਦੇ ਗੁਣਾਂ ਦੀ ਵੀਚਾਰ ਕਰਦਾ ਹੈ|
ਸੰਦੇਸ਼: ਉਚੀ ਬਿਰਤੀ ਵਾਲਾ ਮਨੁੱਖ ਹੀ ਉਸ ਪ੍ਰਭੂ ਨੂੰ ਪਾ ਸਕਦਾ ਹੈ। ਸੱਚਾ, ਸੁੱਚਾ ਨੇਕ ਮਨੁੱਖ ਹੀ ਚੰਗਾ ਇਨਸਾਨ ਕਹਾਉਂਦਾ ਹੈ। ਉਚ ਪ੍ਰਾਪਤੀਆਂ ਉਸਦੀ ਹੀ ਝੋਲੀ ਵਿੱਚ ਪੈਂਦੀਆਂ ਹਨ, ਜੋ ਮਿਹਨਤ ਕਰਦੇ ਹਨ ਅਤੇ ਪ੍ਰਭੂ ਨਾਲ ਸਾਂਝ ਰੱਖਦੇ ਹਨ, ਆਦਿ|
ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ ਕਲ॥
ਤਾਹੂ ਖਰੇ ਸੁਜਾਣ ਵੰਙ ਏਨੀ ਕਪਰੀ॥
ਝੜ ਝਖੜ ਓਹਾੜ ਲਹਰੀ ਵਹਿਨ ਲਖੇਸਰੀ॥
ਭਾਵ ਹੇ ਭਾਈ! ਜੇ ਤੂੰ ਸੰਸਾਰ ਸਮੁੰਦਰ ਦੇ ਪਾਣੀ ਦਾ ਤਾਰੂ ਬਣਨਾ ਚਾਹੁੰਦਾ ਹੈ ਤਾਂ ਤਰਨ ਦੀ ਜਾਚ, ਉਨ੍ਹਾਂ ਨੂੰ ਪੁੱਛ, ਜਿਨ੍ਹਾਂ ਨੂੰ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਣ ਦੀ ਜਾਚ ਹੈ। ਹੇ ਭਾਈ! ਉਹ ਮਨੁੱਖ ਹੀ ਸਿਆਣੇ ਹਨ, ਜੋ ਇਸ ਸੰਸਾਰ ਸਮੁੰਦਰ ਦੀਆਂ ਵਿਕਾਰਾਂ ਰੂਪੀ ਲਹਿਰਾਂ ਵਿੱਚੋਂ ਪਾਰ ਲੰਘਦੇ ਹਨ, ਮੈਂ ਭੀ ਉਨ੍ਹਾਂ ਦੀ ਸੰਗਤ ਵਿੱਚ ਹੀ ਇਨ੍ਹਾਂ ਲਹਿਰਾਂ ਤੋਂ ਪਾਰ ਲੰਘ ਸਕਦਾ ਹਾਂ। ਹੇ ਭਾਈ! ਇਸ ਸੰਸਾਰ ਸਮੁੰਦਰ ਵਿੱਚ ਵਿਕਾਰਾਂ ਦੀਆਂ ਲਹਿਰਾਂ ਪੈ ਰਹੀਆਂ ਹਨ।
ਸੰਦੇਸ਼: ਮਨੁੱਖ ਲਈ ਸੰਦੇਸ਼ ਬਣਦਾ ਹੈ ਕਿ ਮਨੁੱਖ ਵਿਕਾਰਾਂ ਤੋਂ ਦੂਰ ਰਹੇ। ਜਿਹੜੇ ਮਨੁੱਖ ਵਿਕਾਰਾਂ ਤੋਂ ਪਾਰ ਹੋ ਜਾਂਦੇ ਹਨ, ਉਨ੍ਹਾਂ `ਤੇ ਪਰਮਾਤਮਾ ਦੀ ਮਿਹਰ ਰਹਿੰਦੀ ਹੈ|
ਨਿਰਮਲੁ ਨਾਵਣੁ ਨਾਨਕਾ ਗੁਰੁ ਤੀਰਥ ਦਰੀਆਉ॥
ਜਨਮੇ ਕਾ ਫਲੁ ਕਿਆ ਗਣੀ ਜਾਂ ਹਰਿ ਭਗਤਿ ਨ ਭਾਉ॥
ਭਾਵ ਇਸ ਸੰਸਾਰ ਵਿੱਚ ਵਿਕਾਰਾਂ ਨਾਲ ਜੋ ਮੈਲ ਮਨੁੱਖ ਨੂੰ ਲਗਾਤਾਰ ਲੱਗਦੀ ਰਹਿੰਦੀ ਹੈ, ਉਸਨੂੰ ਲਹੁਣ ਵਾਸਤੇ (ਗੁਰੂ ਦਰੀਆਉ) ਹੀ ਸੱਚਾ ਤੀਰਥ ਹੈ, ਜਿਸਦੀ ਸੰਗਤ ਵਿੱਚ ਚੁੱਭੀ ਲਾਉਣ ਨਾਲ ਪਵਿੱਤਰ ਹੋ ਜਾਈਦਾ ਹੈ। ਹੇ ਭਾਈ! ਜਦ ਤਕ ਮਨੁੱਖ ਦੇ ਮਨ ਵਿੱਚ ਪ੍ਰਭੂ ਦੀ ਭਗਤੀ ਨਹੀਂ, ਪਰਮਾਤਮਾ ਦਾ ਪ੍ਰੇਮ ਨਹੀਂ, ਤਦ ਤਕ ਉਸਦੇ ਮੁਨੱਖਾ ਜਨਮ ਹਾਸਿਲ ਕੀਤੇ ਦਾ ਕੋਈ ਲਾਭ ਨਹੀਂ ਹੈ|
ਸੰਦੇਸ਼: ਪ੍ਰਭੂ ਦਾ ਨਾਮ ਹੀ ਸੱਚਾ ਤੀਰਥ ਹੈ। ਮਨ ਨੂੰ ਸ਼ੁੱਧ ਕਰਨ ਲਈ ਪ੍ਰਭੂ ਦਾ ਨਾਮ ਜਰੂਰੀ ਹੈ। ਪ੍ਰਭੂ ਦੇ ਨਾਮ ਨਾਲ ਮਨੁੱਖ ਸੱਚਾ ਸੁੱਚਾ ਬਣਦਾ ਹੈ, ਜਿਸ ਨਾਲ ਉਸਦਾ ਜੀਵਨ ਸਫ਼ਲ ਚੱਲਦਾ ਹੈ|
ਬਲਿਹਾਰੀ ਕੁਦਰਤਿ ਵਸਿਆ॥
ਤੇਰਾ ਅੰਤੁ ਨ ਜਾਈ ਲਖਿਆ॥
ਭਾਵ, ਹੇ ਵਾਹਿਗੁਰੂ! ਤੇਰੇ ਅੰਤ ਦੀ ਲਖਤਾ ਨਹੀਂ ਹੋ ਸਕਦੀ, ਭਾਵ ਤੂੰ ਬੇਅੰਤ ਹੇ ਅਤੇ ਮੈਂ ਤੇਰੇ ਇਸ ਗੁਣ ਕਿ ਕੁਦਰਤਿ ਸਾਜ ਕੇ ਇਸ ਵਿੱਚ ਤੂੰ ਆਪਣਾ ਵਾਸਾ ਕੀਤਾ ਹੈ, ਤੋਂ ਬਲਿਹਾਰ ਜਾਂਦਾ ਹੈ |
ਇਕ ਮਹਾਨ ਖੋਜੀ ਅਧਿਆਤਮਿਕ ਅਤੇ ਨੈਤਿਕ ਉਪਦੇਸ਼ਕ ਹੋਣ ਦੇ ਨਾਲ-ਨਾਲ ਗੁਰੂ ਨਾਨਕ ਸਾਹਿਬ ਇੱਕ ਸਰਵੋਤਮ ਪੱਧਰ ਦੇ ਮਹਾਨ ਕਵੀ ਸਨ|

Leave a Reply

Your email address will not be published. Required fields are marked *