ਜੰਮੂ-ਕਸ਼ਮੀਰ ਵਿੱਚ ਇੰਡੀਆ ਗੱਠਜੋੜ ਅਤੇ ਹਰਿਆਣਾ ਵਿੱਚ ਭਾਜਪਾ ਜਿੱਤੀ

ਸਿਆਸੀ ਹਲਚਲ ਖਬਰਾਂ

*ਤਕਰੀਬਨ 10 ਸੀਟਾਂ ‘ਤੇ ਬਾਗੀਆਂ ਨੇ ਹਰਾਈ ਹਰਿਆਣਾ ਕਾਂਗਰਸ
*‘ਆਪ’ ਨਾਲ ਗੱਠਜੋੜ ਨਾ ਕਰਨਾ ਵੀ ਮਹਿੰਗਾ ਪਿਆ
ਜਸਵੀਰ ਸਿੰਘ ਮਾਂਗਟ
ਦੋ ਰਾਜਾਂ ਵਿੱਚ ਹਾਲ ਹੀ ’ਚ ਹੋਈਆਂ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਅੰਦਰ ਅਤੇ ਜੰਮੂ-ਕਸ਼ਮੀਰ ਵਿੱਚ ਫਾਰੂਖ ਅਬਦੁੱਲਾ ਟੱਬਰ ਦੀ ਅਗਵਾਈ ਵਾਲੀ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗੱਠਜੋੜ ਨੇ ਬਾਜੀ ਮਾਰ ਲਈ ਹੈ। ਇਨ੍ਹਾਂ ਚੋਣਾਂ ਵਿੱਚ ਫਾਰੂਖ ਅਬਦੁੱਲਾ ਦੀ ਅਗਵਾਈ ਵਾਲੀ ਪਾਰਟੀ ‘ਨੈਸ਼ਨਲ ਕਾਨਫਰੰਸ’ ਮੁੜ ਤੋਂ ਉਭਰ ਆਈ ਹੈ, ਜਦਕਿ ਕਾਂਗਰਸ ਉਸ ਦੇ ਛੋਟੇ ਭਾਈਵਾਲ ਵਜੋਂ ਸਾਹਮਣੇ ਆਈ। ਦੂਜੇ ਪਾਸੇ ਹਰਿਆਣਾ ਵਿੱਚ ਭਾਜਪਾ ਨੇ ਅਣਕਿਆਸੀ ਜਿੱਤ ਪ੍ਰਾਪਤ ਕੀਤੀ ਹੈ, ਜਿੱਥੇ ਭਾਜਪਾ ਨੂੰ 48 ਸੀਟਾਂ ਪ੍ਰਾਪਤ ਹੋਈਆਂ ਹਨ, ਜੋ ਕਿ ਪਿਛਲੀ ਵਿਧਾਨ ਸਭਾ ਦੇ ਮੁਕਾਬਲੇ 8 ਵੱਧ ਹਨ।

ਕਾਂਗਰਸ ਪਾਰਟੀ ਨੇ ਹਰਿਆਣਾ ਵਿੱਚ 37 ਸੀਟਾਂ ਜਿੱਤੀਆਂ ਹਨ, ਇਹ ਬੀਤੀ ਅਸੈਂਬਲੀ ਨਾਲੋਂ 6 ਵੱਧ ਹਨ। ਇਸ ਤੋਂ ਇਲਾਵਾ ਇੰਡੀਅਨ ਨੈਸ਼ਨਲ ਲੋਕ ਦਲ ਨੇ 2 ਅਤੇ ਹੋਰਾਂ ਨੇ 3 ਸੀਟਾਂ ਪ੍ਰਾਪਤ ਕੀਤੀਆਂ ਹਨ। ਪਿਛਲੀ ਅਸੈਂਬਲੀ ਵਿੱਚ ਹੋਰਨਾਂ ਕੋਲ 15 ਸੀਟਾਂ ਸਨ। ਯਾਦ ਰਹੇ, ਸਾਰੇ ਐਗਜ਼ਿਟ ਪੋਲ ਜੰਮੂ-ਕਸ਼ਮੀਰ ਵਿੱਚ ਲਟਕਵੀਂ ਅਸੈਂਬਲੀ ਅਤੇ ਹਰਿਆਣਾ ਵਿੱਚ ਕਾਂਗਰਸ ਪਾਰਟੀ ਦੀ ਭਾਰੀ ਜਿੱਤ ਵਿਖਾ ਰਹੇ ਸਨ। ਇੰਜ ਚੋਣ ਨਤੀਜਿਆਂ ਨੇ ਇਹ ਸਾਰੇ ਅਨੁਮਾਨ ਗਲਤ ਸਾਬਤ ਕਰ ਦਿੱਤੇ ਹਨ।
ਪਿਛਲੀ ਵਾਰ ਵਿੱਚ ਕਿੰਗ ਮੇਕਰ ਦੀ ਪੁਜੀਸ਼ਨ ਵਿੱਚ ਰਹੀ ਲੋਕ ਜਨਸ਼ਕਤੀ ਪਾਰਟੀ ਦਾ ਇਸ ਵਾਰ ਹਰਿਆਣਾ ਵਿੱਚ ਪੱਤਾ ਸਾਫ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਭਾਵੇਂ ਜਾਟ ਵੋਟ ਵਿੱਚ ਵੀ ਕੁਝ ਸੰਨ੍ਹ ਲਾਉਣ ਵਿੱਚ ਸਫਲ ਹੋਈ ਹੈ, ਪਰ ਮੁੱਖ ਰੂਪ ਵਿੱਚ ਉਸ ਦੀ ਜਿੱਤ ਨੂੰ ਗੈਰ ਜਾਟ ਵੋਟਾਂ ਨੇ ਹੀ ਯਕੀਨੀ ਬਣਾਇਆ।
ਜੰਮੂ-ਕਸ਼ਮੀਰ ਵਿੱਚ ਇੰਡੀਆ ਗੱਠਜੋੜ ਦੀ ਜਿੱਤ ਵਿੱਚ ਵੱਡਾ ਹਿੱਸਾ ਨੈਸ਼ਨਲ ਕਾਨਫਰੰਸ ਨੇ ਪਾਇਆ, ਉਸ ਨੇ ਕੁੱਲ 42 ਅਸੈਂਬਲੀ ਹਲਕਿਆਂ ਵਿੱਚ ਜਿੱਤ ਪ੍ਰਾਪਤ ਕੀਤੀ। ਕਸ਼ਮੀਰ ਵਾਦੀ ਵਿੱਚੋਂ ਉਸ ਨੇ 35 ਸੀਟਾਂ ਜਿੱਤੀਆਂ, ਜਦੋਂਕਿ ਕਾਂਗਰਸ ਪਾਰਟੀ ਨੂੰ ਸਿਰਫ 6 ਸੀਟਾਂ ਮਿਲੀਆਂ ਹਨ। ਇੰਡੀਆ ਗੱਠਜੋੜ ਲਈ 1 ਸੀਟ ਮਾਰਕਸਵਾਦੀ ਪਰਟੀ ਨੇ ਜਿੱਤੀ ਹੈ। ਇਸ ਰਾਜ ਦੀਆਂ ਅਸੈਂਬਲੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਜੰਮੂ ਖੇਤਰ ਵਿੱਚੋਂ 29 ਸੀਟਾਂ ਜਿੱਤੀਆਂ ਹਨ। ਮਹਿਬੂਬਾ ਮੁਫਤੀ ਦੀ ਅਗਵਾਈ ਵਾਲੀ ਪੀ.ਡੀ.ਪੀ. 3 ਸੀਟਾਂ ‘ਤੇ ਸਿਮਟ ਗਈ ਹੈ। 9 ਅਸੈਂਬਲੀ ਹਲਕਿਆਂ ਉਪਰ ਆਜ਼ਾਦ ਉਮੀਦਵਾਰਾਂ ਅਤੇ ਹੋਰਨਾਂ ਪਾਰਟੀਆਂ ਨੇ ਜਿੱਤ ਪ੍ਰਾਪਤ ਕੀਤੀ ਹੈ।
ਜਿੱਥੋਂ ਤੱਕ ਵੋਟ ਪ੍ਰਤੀਸ਼ਤ ਦਾ ਸਵਾਲ ਹੈ, ਨੈਸ਼ਨਲ ਕਾਨਫਰੰਸ ਨੇ 37.2 ਫੀਸਦੀ ਵੋਟਾਂ ਪ੍ਰਾਪਤ ਕੀਤੀਆਂ ਹਨ, ਭਾਜਪਾ ਨੂੰ 25.6 ਫੀਸਦੀ ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਆਜ਼ਾਦ ਅਤੇ ਹੋਰ ਛੋਟੀਆਂ ਪਾਰਟੀਆਂ ਦੇ ਉਮੀਦਵਾਰ 28.3 ਫੀਸਦੀ ਵੋਟ ਹਾਸਲ ਕਰ ਗਏ ਹਨ। ਪੀ.ਡੀ.ਪੀ. ਨੂੰ ਸਭ ਤੋਂ ਘੱਟ 8.9 ਫੀਸਦੀ ਵੋਟਾਂ ਪ੍ਰਾਪਤ ਹੋਈਆਂ ਹਨ। ਤਕਰੀਬਨ 75 ਫੀਸਦੀ ਵੋਟਾਂ ਗੈਰ ਭਾਜਪਾ ਉਮੀਦਵਾਰ ਲੈ ਗਏ ਹਨ। ਅਜਿਹਾ ਇਸ ਦੇ ਬਾਵਜੂਦ ਹੋਇਆ ਕਿ ਭਾਜਪਾ ਨੇ ਚੋਣ ਸਥਿਤੀ ਨੂੰ ਆਪਣੇ ਪੱਖ ਵਿੱਚ ਕਰਨ ਲਈ ਹਰ ਹਰਬਾ ਵਰਤਿਆ।
ਛੇ ਸਾਲ ਪਹਿਲਾਂ ਰਾਜ ਵਿੱਚ ਭਾਜਪਾ ਦੀ ਸਾਂਝੀ ਸਰਕਾਰ ਟੁੱਟਣ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸਟੇਟ ਦਾ ਦਰਜਾ ਦੇਣ ਵਾਲੀ ਧਾਰਾ 370 ਖਤਮ ਕਰ ਦਿੱਤੀ ਗਈ ਸੀ ਅਤੇ ਰਾਸ਼ਟਰਪਤੀ ਰਾਜ ਲਾਗੂ ਕਰ ਕੇ ਇਸ ਖੇਤਰ ਨੂੰ ਯੂਨੀਅਨ ਟੈਰੀਟਰੀ ਐਲਾਨ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੈਦਾ ਹੋਏ ਰੋਸ ਨੂੰ ਦਬਾਉਣ ਲਈ ਵੱਡੀ ਗਿਣਤੀ ਵਿੱਚ ਸੁਰੱਖਿਆ ਫੋਰਸਾਂ ਤਾਇਨਾਤ ਕੀਤੀਆਂ ਗਈਆਂ ਅਤੇ ਕਈ ਦੇਰ ਤੱਕ ਕਰਫਿਊ ਲੱਗਿਆ ਰਿਹਾ। ਇੰਟਰਨੈਟ ਦੀ ਸਹੂਲਤ ਕੱਟ ਦਿੱਤੀ ਗਈ ਸੀ ਅਤੇ ਲੋਕਾਂ ਨੂੰ ਘਰਾਂ ਵਿੱਚ ਤਾੜ ਦਿੱਤਾ ਗਿਆ ਸੀ। ਸਾਰਾ ਜੰਮੂ-ਕਸ਼ਮੀਰ ਦੁਨੀਆਂ ਨਾਲੋਂ ਕੱਟ ਕੇ ਰਹਿ ਗਿਆ ਸੀ। ਧਾਰਾ 370 ਹਟਾਏ ਜਾਣ ਦਾ ਵੱਡਾ ਰੋਸ ਇੱਥੋਂ ਦੇ ਮੁਸਲਿਮ ਭਾਈਚਾਰੇ ਵਿੱਚ ਸੀ, ਜਦਕਿ ਜੰਮੂ ਵਿੱਚ ਹਿੰਦੂ ਭਾਈਚਾਰਾ ਵੀ ਵੱਡੀ ਗਿਣਤੀ ਵਿੱਚ ਰਹਿੰਦਾ ਹੈ। ਇਹ ਚੋਣਾਂ ਦਰਸਾਉਂਦੀਆਂ ਹਨ ਕਿ ਚੋਣਾਂ ਵਿੱਚ ਧਾਰਾ 370 ਹਟਾਉਣ ਖਿਲਾਫ ਮੁਸਲਿਮ ਭਾਈਚਾਰੇ ਦਾ ਰੋਸ ਹਾਲੇ ਵੀ ਕਾਇਮ ਹੈ। ਇਸੇ ਕਾਰਨ ਕਸ਼ਮੀਰ ਵਾਦੀ ਵਿੱਚ ਭਾਜਪਾ ਕੋਈ ਸੀਟ ਨਹੀਂ ਜਿੱਤ ਸਕੀ। ਉਸ ਨੂੰ ਸਾਰੀਆਂ ਸੀਟਾਂ ਜੰਮੂ ਦੇ ਹਿੰਦੂ ਬਹੁਲ ਖੇਤਰ ਵਿੱਚੋਂ ਹੀ ਮਿਲੀਆਂ ਹਨ। ਇਸ ਵਰਤਾਰੇ ਤੋਂ ਸਾਫ ਹੁੰਦਾ ਹੈ ਕਿ ਜੰਮੂ-ਕਸ਼ਮੀਰ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਧਰੁਵੀਕਰਨ ਦੀ ਲਕੀਰ ਬੇਹੱਦ ਡੂੰਘੀ ਹੋ ਗਈ ਹੈ।
ਭਾਜਪਾ ਨੇ ਜੰਮੂ-ਕਸ਼ਮੀਰ ਵਿੱਚ ਮਸਲਿਮ ਬਹੁਲਤਾ ਨੂੰ ਘੱਟ ਕਰਨ ਲਈ ਡੀਲਿਮੀਟੇਸ਼ਨ ਦਾ ਅਮਲ ਵੀ ਚਲਾਇਆ। ਭਾਵ ਸੀਟਾਂ ਦੀ ਮੁੜ ਵੰਡ ਕੀਤੀ ਗਈ ਅਤੇ ਜੰਮੂ ਖੇਤਰ ਲਈ 6 ਸੀਟਾਂ ਦਾ ਵਾਧਾ ਕੀਤਾ ਗਿਆ। ਇਸ ਤੋਂ ਇਲਾਵਾ ਕਸ਼ਮੀਰ ਵਾਦੀ ਵਿੱਚ ਇੱਕ ਸੀਟ ਵਧਾਈ ਗਈ। ਇਹ ਮੱਦ ਵੀ ਰੱਖੀ ਗਈ ਹੈ ਕਿ 5 ਅਸੈਂਬਲੀ ਮੈਂਬਰ ਰਾਜ ਦੇ ਰਾਜਪਾਲ (ਲੈਫਟੀਨੈਂਟ ਗਵਰਨਰ) ਵੱਲੋਂ ਨਾਮਜਦ ਕੀਤੇ ਜਾਣਗੇ। ਯਾਦ ਰਹੇ, ਧਾਰਾ 370 ਹਟਾਉਣ ਤੋਂ ਪਹਿਲਾਂ ਇਸ ਰਾਜ ਵਿੱਚ ਕੁੱਲ ਵਿਧਾਨ ਸਭਾ ਸੀਟਾਂ 83 ਸਨ, ਜਦਕਿ ਇਸ ਵਾਰ 90 ਸੀਟਾਂ ‘ਤੇ ਵੋਟਾਂ ਪਈਆਂ ਹਨ। ਭਾਜਪਾ ਨੂੰ ਇਸ ਡੀਲਿਮੀਟੇਸ਼ਨ ਦਾ ਸੀਟਾਂ ਦੇ ਮਾਮਲੇ ਵਿੱਚ ਥੋੜ੍ਹਾ ਫਾਇਦਾ ਹੋਇਆ ਹੈ ਅਤੇ ਵੋਟ ਫੀਸਦੀ 2014 ਦੇ 23 ਫੀਸਦੀ ਦੇ ਮੁਕਾਬਲੇ ਵਧ ਕੇ 25.6 ਫੀਸਦੀ ਹੋ ਗਈ ਹੈ। ਕਸ਼ਮੀਰ ਵਾਦੀ ਵਿੱਚ ਭਾਜਪਾ ਦੀ ਝੋਲੀ 2014 ਵਿੱਚ ਵੀ ਖਾਲੀ ਰਹੀ ਸੀ ਅਤੇ ਇਸ ਵਾਰ ਵੀ ਖਾਲੀ ਰਹੀ ਹੈ। ਜੰਮੂ ਖੇਤਰ ਵਿੱਚ 6 ਜ਼ਿਲਿ੍ਹਆਂ ਵਿੱਚ ਮੁਸਲਮਾਨਾਂ ਦੀ ਬਹੁਗਿਣਤੀ ਹੈ ਅਤੇ ਚਾਰ ਜ਼ਿਲਿ੍ਹਆਂ ਵਿੱਚ ਹਿੰਦੂ ਭਾਈਚਾਰੇ ਦੀ ਬਹੁਗਿਣਤੀ ਹੈ। ਭਾਜਪਾ ਨੇ ਇਸ ਵਾਰ ਡੀਲਿਮੀਟੇਸ਼ਨ ਰਾਹੀਂ ਹਿੰਦੂ ਬਹੁਲ ਖੇਤਰ ਵਿੱਚ 3 ਸੀਟਾਂ ਵਧਾ ਲਈਆਂ ਸਨ। ਇਹ ਸੀਟਾਂ ਇਸੇ ਪਾਰਟੀ ਦੀ ਝੋਲੀ ਪਈਆਂ ਹਨ। ਜੇ ਸਮੁੱਚੇ ਰੂਪ ਵਿੱਚ ਵੇਖਣਾ ਹੋਵੇ ਤਾਂ ਹਰਿਆਣਾ ਅਤੇ ਜੰਮੂ-ਕਸ਼ਮੀਰ, ਦੋਹਾਂ ਖੇਤਰਾਂ ਵਿੱਚ ਹੀ ਤਿੱਖੇ ਕਿਸਮ ਦਾ ਧਰੁਵੀਕਰਨ ਹੋਇਆ।
ਜਿੱਥੇ ਕਸ਼ਮੀਰ ਵਿੱਚ ਇਹ ਧਰੁਵੀਕਰਨ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਹੋਇਆ ਹੈ, ਉਥੇ ਹਰਿਆਣਾ ਵਿੱਚ ਜਾਟ ਬਨਾਮ ਗੈਰ ਜਾਟ ਜਾਤੀਆਂ ਵਿਚਕਾਰ ਧਰੁਵੀਕਰਨ ਕੀਤਾ ਗਿਆ। ਹਰਿਆਣਾ ਵਿੱਚ ਭਾਜਪਾ ਵੱਲੋਂ ਜਾਟ ਭਾਈਚਾਰੇ ਨੂੰ ਦਰਕਿਨਾਰ ਕਰਕੇ ਗੈਰ ਜਾਟ ਵੋਟਾਂ ਨੂੰ ਆਪਣੇ ਪੱਖ ਵਿੱਚ ਲਾਮਬੰਦ ਕਰਨ ਦਾ ਪੱਤਾ ਜ਼ਿਆਦਾ ਕਾਮਯਾਬ ਰਿਹਾ ਹੈ। ਜਦਕਿ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਇਸੇ ਸਾਲ ਮਈ ਮਹੀਨੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਨਾਲੋਂ ਹੇਠਾਂ ਵੱਲ ਗਈ ਹੈ। ਇਸ ਦਾ ਕਾਰਨ ਵੱਖ-ਵੱਖ ਵਿਸ਼ਲੇਸ਼ਕ ਵੱਖੋ-ਵੱਖਰਾ ਦੱਸਦੇ ਹਨ। ਕੁਝ ਦਾ ਆਖਣਾ ਹੈ ਕਿ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਹਰਿਆਣਾ ਦਾ ਮੁੱਖ ਮੰਤਰੀ ਬਦਲ ਕੇ ਅਤੇ ਪਿਛਲੇ ਵਿਧਾਇਕਾਂ ਦੀਆਂ ਸੀਟਾਂ ਕੱਟ ਕੇ ਆਪਣੇ 10 ਸਾਲ ਦੇ ਰਾਜ ਵਿੱਚ ਬਣੀ ਸਰਕਾਰ ਵਿਰੋਧੀ ਭਾਵਨਾ ਨੂੰ ਖਾਰਜ ਕਰ ਦਿੱਤਾ। ਦੂਜੇ ਪਾਸੇ ਆਮ ਆਦਮੀ ਪਾਰਟੀ ਨਾਲ ਨਜ਼ਦੀਕੀਆਂ ਰੱਖਣ ਵਾਲੇ ਵਿਸ਼ਲੇਸ਼ਣਕਾਰਾਂ ਅਨੁਸਾਰ ਕਾਂਗਰਸ ਪਾਰਟੀ ਨੇ ‘ਆਪ’ ਨਾਲ ਗੱਠਜੋੜ ਨਾ ਕਰਕੇ ਗਲਤੀ ਕੀਤੀ। ਇਹ ਕਾਂਗਰਸ ਪਾਰਟੀ ਦਾ ਹੱਦੋਂ ਵੱਧ ਆਤਮ ਵਿਸ਼ਵਾਸ ਸੀ। ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਘੱਟੋ-ਘੱਟ 10 ਸੀਟਾਂ ‘ਤੇ ਕਾਂਗਰਸ ਤੋਂ ਬਾਗੀ ਹੋਏ ਉਮੀਦਵਾਰ ਖੜੇ੍ਹ ਸਨ। ਇਨ੍ਹਾਂ ਉਮੀਦਵਾਰਾਂ ਨੂੰ ਜੋ ਵੋਟ ਪਈ, ਉਹੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਹਾਰ ਦਾ ਕਾਰਨ ਬਣੀ।
ਉਪਰੋਕਤ ਦਲੀਲਾਂ ਵੀ ਠੀਕ ਹਨ, ਪਰ ਕਾਂਗਰਸ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਕਾਂਗਰਸ ਨੇ ਪਾਰਟੀ ਵਿਚਲੀ ਅੰਦਰੂਨੀ ਫੁੱਟ ਨੂੰ ਕਾਬੂ ਕਰਨ ਵਿੱਚ ਦੇਰ ਕਰ ਦਿੱਤੀ। ਭਾਵੇਂ ਵੋਟਾਂ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਜਾਟ ਆਗੂ ਭੁਪਿੰਦਰ ਸਿੰਘ ਹੁੱਡਾ ਅਤੇ ਦਲਿਤ ਕਾਂਗਰਸੀ ਆਗੂ ਕੁਮਾਰੀ ਸ਼ੈਲਜਾ ਵਿਚਕਾਰ ਏਕਤਾ ਕਰਵਾਉਣ ਦਾ ਯਤਨ ਕੀਤਾ, ਪਰ ਉਦੋਂ ਤੱਕ ਕਾਫੀ ਦੇਰ ਹੋ ਚੁਕੀ ਸੀ। ਇਸ ਸਭ ਦੇ ਬਾਵਜੂਦ ਹਰਿਆਣਾ ਵਿੱਚ ਭਾਜਪਾ ਅਤੇ ਕਾਂਗਰਸ ਵਿਚਕਾਰ ਵੋਟ ਫੀਸਦੀ ਦਾ ਬਹੁਤਾ ਫਰਕ ਨਹੀਂ ਹੈ। ਭਾਜਪਾ ਨੂੰ 39.94 ਅਤੇ ਕਾਂਗਰਸ ਨੂੰ 39.9 ਫੀਸਦੀ ਵੋਟ ਮਿਲੇ। ਫਿਰ ਵੀ ਜਾਪਦਾ ਹੈ ਕਿ ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਹਾਸਲ ਕੀਤੀ ਗਤੀਸ਼ੀਲਤਾ ਫਿਲਹਾਲ ਗੁਆ ਦਿੱਤੀ ਹੈ। ਇਸ ਦਾ ਮਹਾਰਾਸ਼ਟਰ ਸਮੇਤ ਅਗਲੇ ਸਾਲ ਦੋ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ‘ਤੇ ਕਾਫੀ ਅਸਰ ਪੈ ਸਕਦਾ ਹੈ। ਉਂਝ ਕਾਂਗਰਸ ਪਾਰਟੀ ਦਾ ਆਖਣਾ ਹੈ ਕਿ ਤਿੰਨ ਜ਼ਿਲਿ੍ਹਆਂ ਵਿੱਚ ਈ.ਵੀ.ਐਮ. ਨਾਲ ਛੇੜ-ਛਾੜ ਕੀਤੀ ਗਈ ਹੈ। ਇਸ ਬਾਰੇ ਪਾਰਟੀ ਤੱਥਾਂ ਸਹਿਤ ਵਿਸਥਾਰਤ ਰਿਪੋਰਟ ਪੇਸ਼ ਕਰੇਗੀ।

Leave a Reply

Your email address will not be published. Required fields are marked *