ਮੱਧ ਪੂਰਬ ਦਾ ਕਲੇਸ਼: ਜੰਗ ਖਿਲਾਫ ਕੌਮਾਂਤਰੀ ਆਮ ਰਾਏ ਮਜਬੂਤ ਹੋਣ ਲੱਗੀ

ਸਿਆਸੀ ਹਲਚਲ ਖਬਰਾਂ

*ਇਰਾਨ ਦੇ ਮਿਜ਼ਾਈਲ ਹਮਲੇ ਨੇ ਹਿਲਾਇਆ ਇਜ਼ਰਾਇਲ
ਪੰਜਾਬੀ ਪਰਵਾਜ਼ ਬਿਊਰੋ
ਇਜ਼ਰਾਇਲ ਦੇ ਗਾਜਾ ਅਤੇ ਦੱਖਣੀ ਲੈਬਨਾਨ, ਖ਼ਾਸ ਕਰਕੇ ਦੱਖਣੀ ਬੈਰੂਤ ‘ਤੇ ਹਵਾਈ ਹਮਲੇ ਜਾਰੀ ਹਨ। ਇਨ੍ਹਾਂ ਹਮਲਿਆਂ ਕਾਰਨ ਭਾਵੇਂ ਹਿਜ਼ਬੁੱਲਾ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਉਸ ਦੇ ਮੁਖੀ ਅਤੇ ਉਪ ਮੁਖੀ ਸਮੇਤ ਕਈ ਵੱਡੇ ਆਗੂ ਮਾਰੇ ਗਏ ਹਨ; ਪਰ ਇਜ਼ਰਾਇਲ ਵੱਲੋਂ ਲੈਬਨਾਨ ਵਾਲੇ ਪਾਸੇ ਹੱਲਾ ਬੋਲਣ ਨਾਲ ਕਈ ਯੂਰਪੀਅਨ ਦੇਸ਼ ਇਸ ਫੌਜੀ ਕਲੇਸ਼ ਤੋਂ ਪਾਸੇ ਹਟਦੇ ਨਜ਼ਰ ਆ ਰਹੇ ਹਨ।

ਅਮਰੀਕਾ ਨੇ ਇਜ਼ਰਾਇਲ ਨੂੰ ਇਰਾਨ ਦੇ ਤੇਲ ਅਤੇ ਪ੍ਰਮਾਣੂ ਕੇਂਦਰਾਂ ‘ਤੇ ਹਮਲਾ ਕਰਨ ਤੋਂ ਮਨ੍ਹਾਂ ਕੀਤਾ ਹੈ, ਜਦਕਿ ਫਰਾਂਸ ਨੇ ਇਜ਼ਰਾਇਲ ਨੂੰ ਫੌਜੀ ਸਹਾਇਤਾ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਫਰਾਂਸ ਦੇ ਆਗੂ ਮੈਕਰੋਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਇਜ਼ਰਾਇਲ ਦੇ ਹਮਲਿਆਂ ਵਿੱਚ ਲੋੜੋਂ ਵੱਧ ਆਮ ਨਾਗਰਿਕ ਮਾਰੇ ਜਾ ਰਹੇ ਹਨ। ਇਸ ਤਰ੍ਹਾਂ ਕੁੱਲ ਮਿਲਾ ਕਿ ਮਾਹੌਲ ਜੰਗ ਦੇ ਵਿਰੋਧ ਵਿੱਚ ਬਣਦਾ ਨਜ਼ਰ ਆ ਰਿਹਾ ਹੈ; ਭਾਵੇਂ ਕਿ ਇਜ਼ਰਾਇਲ ਇਸ ਲੜਾਈ ਨੂੰ ਵਸੀਹ ਕਰਨ ਦਾ ਯਤਨ ਕਰ ਰਿਹਾ ਹੈ।
ਇਸ ਤੋਂ ਇਲਾਵਾ ਆਇਰਲੈਂਡ ਨੇ ਲੈਬਨਾਨ ਵਿੱਚ ਮੌਜੂਦ ਆਪਣੇ ਸੁਰੱਖਿਆ ਦਸਤੇ ਵਾਪਸ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ, ਹਾਲ ਹੀ ਵਿੱਚ ਯੂਨਾਈਟਿਡ ਨੇਸ਼ਨ ਨਾਲ ਸੰਬੰਧਤ 124 ਮੁਲਕ ਇਜ਼ਰਾਇਲ ਦਾ ਵਿਰੋਧ ਕਰ ਚੁੱਕੇ ਹਨ। ਦੱਖਣੀ ਅਫਰੀਕਾ ਦੀ ਪਹਿਲ ਕਦਮੀ ਨਾਲ ਕੌਮਾਂਤਰੀ ਅਦਾਲਤ ਵਿੱਚ ਇਜ਼ਰਾਇਲ ਵਿਰੁਧ ਨਸਲਕੁਸ਼ੀ ਦਾ ਦੋਸ਼ ਸੁਣਵਾਈ ਅਧੀਨ ਹੈ। ਉਧਰ ਰੂਸ, ਚੀਨ, ਬ੍ਰਾਜ਼ੀਲ ਅਤੇ ਤੁਰਕੀ ਵੀ ਖੁੱਲ੍ਹ ਕੇ ਇਜ਼ਰਾਇਲ ਦੇ ਵਿਰੋਧ ਵਿੱਚ ਖਲੋ ਗਏ ਹਨ। ਚੇਤੇ ਰਹੇ, ਪਿਛਲੇ ਮਹੀਨੇ ਇਜ਼ਰਾਇਲ ਨੇ ਦੱਖਣੀ ਲੈਬਨਾਨ ਦੇ ਕੁਝ ਇਲਾਕਿਆਂ ਵਿੱਚ ਪੇਜ਼ਰ ਬੰਬ ਧਮਾਕੇ ਕਰਵਾ ਕੇ ਹਿਜ਼ਬੁੱਲਾ ਦੇ ਕਾਰਕੁੰਨਾਂ ਅਤੇ ਲੈਬਨਾਨ ਦੇ ਆਮ ਲੋਕਾਂ ਵਿੱਚ ਅਫਰਾ-ਤਫਰੀ ਮਚਾ ਦਿੱਤੀ ਸੀ ਅਤੇ ਸਾਰੀ ਦੁਨੀਆਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਸੀ। ਇਹ ਮੁਲਕਾਂ ਵਿਚਕਾਰ ਜੰਗ ਦੀਆਂ ਨਵੀਂਆਂ ਦਿਸ਼ਾਵਾਂ ਖੋਲ੍ਹਣ ਵਾਲੀ ਘਟਨਾ ਸੀ। ਜਿਸ ਵਿੱਚ ਆਈ.ਟੀ., ਇਲੈਕਟਰੌਨਿਕਸ ਅਤੇ ਜੀ.ਪੀ.ਐਸ. ਜਿਹੀਆਂ ਤਕਨੀਕਾਂ ਦੀ ਵਰਤੋਂ ਕੀਤੀ ਗਈ। ਪੇਜ਼ਰ ਧਮਾਕਿਆਂ ਦੇ ਨਾਲ ਹੀ ਹਿਜ਼ਬੁੱਲਾ ਦੇ ਟਿਕਾਣਿਆ ਉਤੇ ਹਵਾਈ ਹਮਲਾ ਸ਼ੁਰੂ ਕੀਤਾ ਗਿਆ।
ਇਜ਼ਰਾਇਲ ਨੂੰ ਆਸ ਸੀ ਕਿ ਇਨ੍ਹਾਂ ਅਚਨਚੇਤ ਹਮਲਿਆਂ ਨਾਲ ਹਿਜ਼ਬੁੱਲਾ ਦੇ ਕੈਡਰ ਵਿੱਚ ਭਗਦੜ ਮੱਚ ਗਈ ਹੋਵੇਗੀ, ਪਰ ਜਦੋਂ ਯਹੂਦੀ ਇਨਫੈਂਟਰੀ ਵੱਲੋਂ ਜ਼ਮੀਨੀ ਹਮਲਾ ਕਰਨ ਦਾ ਯਤਨ ਕੀਤਾ ਗਿਆ ਤਾਂ ਉਸ ਦਾ ਵੱਡਾ ਨੁਕਸਾਨ ਹੋਇਆ। ਭਾਰੀ ਗਿਣਤੀ ਵਿੱਚ ਫੌਜੀ ਮੌਤਾਂ ਹੋਣ ਲੱਗੀਆਂ। ਇਸ ਨੇ ਸਪਸ਼ਟ ਕੀਤਾ ਕਿ ਜ਼ਮੀਨੀ ਲੜਾਈ ਵਿੱਚ ਹਿਜ਼ਬੁੱਲਾ ਹਾਲੇ ਵੀ ਇਜ਼ਰਾਇਲ ਨੂੰ ਵੱਡੀ ਟੱਕਰ ਦੇਣ ਦੇ ਸਮਰੱਥ ਹੈ। ਇਸ ਸਥਿਤੀ ਵਿੱਚ ਇਜ਼ਰਾਇਲ ਗਾਜ਼ਾ ਅਤੇ ਲੈਬਨਾਨ ਉਪਰ ਹੁਣ ਮੁੱਖ ਤੌਰ ‘ਤੇ ਹਵਾਈ ਹਮਲੇ ਹੀ ਜਾਰੀ ਰੱਖ ਰਿਹਾ ਹੈ। ਇਹ ਵੀ ਸਪਸ਼ਟ ਹੀ ਹੈ ਕਿ ਪੈਸੇ ਅਤੇ ਤਕਨੀਕੀ ਉਤਮਤਾ ਦੇ ਮਾਮਲੇ ਵਿੱਚ ਇਜ਼ਰਾਇਲ ਦਾ ਕੋਈ ਸਾਨੀ ਨਹੀਂ ਹੈ।
ਇਸ ਦੇ ਬਾਵਜੂਦ ਜੰਗ ਸ਼ੁਰੂ ਹੋਈ ਨੂੰ ਇੱਕ ਸਾਲ ਹੋ ਗਿਆ ਹੈ, ਫਿਰ ਵੀ ਇਜ਼ਰਾਇਲ ਹਮਾਸ ਕੋਲੋਂ ਆਪਣੇ ਸਾਰੇ ਬੰਧਕ ਰਿਹਾ ਨਹੀਂ ਕਰਵਾ ਸਕਿਆ। 100 ਦੇ ਕਰੀਬ ਇਜ਼ਰਾਇਲੀ ਬੰਧਕ ਹਾਲੇ ਵੀ ਹਮਾਸ ਦੀ ਗ੍ਰਿਫਤ ਵਿੱਚ ਹਨ। ਕਤਰ, ਮਿਸਰ ਅਤੇ ਅਮਰੀਕਾ ਦੀ ਵਿਚੋਲਗੀ ਨਾਲ ਹੋਈਆਂ ਬਹੁਤ ਸਾਰੀਆਂ ਸਾਂਤੀ ਵਾਰਤਾਵਾਂ ਫੇਲ੍ਹ ਹੋ ਗਈਆਂ। ਹਮਾਸ ਮੁਕੰਮਲ ਤੌਰ ‘ਤੇ ਜੰਗ ਬੰਦ ਕਰਨ ਦੀ ਮੰਗ ਕਰ ਰਿਹਾ ਹੈ ਅਤੇ ਇਜ਼ਰਾਇਲ ਸਾਰੇ ਬੰਧਕਾਂ ਨੂੰ ਇਕੋ ਸੱਟੇ ਰਿਹਾਅ ਕਰਨ ਦੀ ਮੰਗ ‘ਤੇ ਅੜਿਆ ਹੋਇਆ ਹੈ। ਯੁਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਵਿੱਚ ਇਜ਼ਰਾਇਲ ਵਿਰੁਧ ਲਿਆਂਦੇ ਗਏ ਕਈ ਮਤੇ ਅਮਰੀਕਾ ਨੇ ਵੀਟੋ ਕਰ ਦਿੱਤੇ। ਸਿਰਫ ਮਾਨਵੀ ਸਹਾਇਤਾ ਪਹੁੰਚਾਉਣ ਵਾਲੇ ਮਤੇ ਨੂੰ ਹੀ ਅਮਰੀਕਾ ਨੇ ਪਾਸ ਹੋਣ ਦਿੱਤਾ ਸੀ।
ਅਮਰੀਕਾ ਉਂਝ ਲਗਾਤਾਰ ਇਜ਼ਰਾਇਲ ਦਾ ਪੱਖ ਪੂਰ ਰਿਹਾ ਹੈ। ਅਮਰੀਕਾ ਨੇ ਇੱਕ ਪਾਸੇ ਤਾਂ ਫਲਿਸਤੀਨੀਆਂ ‘ਤੇ ਸੁੱਟਣ ਲਈ ਇਜ਼ਰਾਇਲ ਨੂੰ ਬਾਰੂਦ ਦਿੱਤਾ ਅਤੇ ਨਾਲ ਹੀ ਆਮ ਨਾਗਰਿਕਾਂ ਲਈ ਰਾਹਤ ਭੇਜਣ ਦੀ ਰਸਮ ਵੀ ਨਿਭਾਉਂਦਾ ਰਿਹਾ। ਕਈ ਮੌਕਿਆਂ ‘ਤੇ ਇਜ਼ਰਾਇਲ ਅਮਰੀਕਾ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਵੀ ਨਜ਼ਰ ਆਇਆ। ਇਜ਼ਰਾਇਲ ਨੇ ਪਹਿਲਾਂ ਤਾਂ ਇਰਾਨ ਵਿੱਚ ਹਮਾਸ ਦੇ ਇੱਕ ਸੀਨੀਅਰ ਆਗੂ ਇਸਮਾਇਲ ਹਾਨੀਆ ਨੂੰ ਮਾਰ ਦਿੱਤਾ ਅਤੇ ਬਾਅਦ ਵਿੱਚ ਲੈਬਨਾਨ ਵਿੱਚ ਹਿਜ਼ਬੁੱਲਾ ਦੇ ਮੁਖੀ ਹਸਨ ਨਸਰੁੱਲਾ ਅਤੇ ਉਨ੍ਹਾਂ ਦੇ ਉਪ ਮੁਖੀ ਸਮੇਤ ਬਹੁਤ ਸਾਰੇ ਕਾਰਕੁੰਨ ਵੀ ਮਾਰ ਦਿੱਤੇ। ਹਸਨ ਨਸਰੁੱਲਾ ਹਿਜ਼ਬੁੱਲਾ ਦਾ ਫਾਊਂਡਰ ਮੈਂਬਰ ਸੀ। ਉਸ ਨੇ ਤਕਰੀਬਨ ਬੀਤੇ ਤਿੰਨ ਦਹਾਕੇ ਇਸ ਸੰਗਠਨ ਦੀ ਅਗਵਾਈ ਕੀਤੀ। ਉਸ ਨੇ ਹਿਜ਼ਬੁੱਲਾ ਨੂੰ ਇੱਕ ਖਾੜਕੂ ਸੰਗਠਨ ਤੋਂ ਫੌਜੀ ਤਾਕਤ ਵਿੱਚ ਵਿਕਸਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਬੀਤੀ 29 ਸਤੰਬਰ ਨੂੰ ਹਿਜ਼ਬੁੱਲਾ ਦਾ ਡਿਪਟੀ ਕਮਾਂਡਰ ਨਬੀਲ ਕਾਕ ਵੀ ਮਾਰਿਆ ਗਿਆ। ਉਹ ਵੀ ਇਸ ਸੰਗਠਨ ਦਾ ਫਾਊਂਡਰ ਮੈਂਬਰ ਸੀ। ਇਸੇ ਤਰ੍ਹਾਂ ਹਿਜ਼ਬੁੱਲਾ ਦਾ ਇੱਕ ਹੋਰ ਸੀਨੀਅਰ ਕਮਾਂਡਰ ਅਲੀ ਕਾਰਾਕੀ ਵੀ ਇਜ਼ਰਾਇਲ ਵੱਲੋਂ ਕੀਤੇ ਗਏ ਹਵਾਈ ਹਮਲੇ ਵਿੱਚ ਮਾਰਿਆ ਗਿਆ ਹੈ।
ਇਸ ਦਰਮਿਆਨ ਇਰਾਨ ਵੱਲੋਂ ਪਹਿਲੀ ਅਕਤੂਬਰ ਦੀ ਰਾਤ ਨੂੰ ਇਜ਼ਰਾਇਲ ‘ਤੇ 200 ਮਿਜ਼ਾਈਲਾਂ ਦਾਗੀਆਂ ਗਈਆਂ, ਜਿਨ੍ਹਾਂ ਵਿੱਚ ਸੁਪਰਸੋਨਿਕ ਮਿਜ਼ਾਈਲਾਂ ਵੀ ਸ਼ਾਮਲ ਸਨ, ਜਿਹੜੀਆਂ ਇਜ਼ਰਾਇਲ ਦੀ ਹਵਾਈ ਸੁਰੱਖਿਆ ਨੂੰ ਭੇਦ ਕੇ ਉਸ ਦੇ ਫੌਜੀ ਟਿਕਾਣਿਆਂ ਉਪਰ ਡਿੱਗੀਆਂ। ਕੁਝ ਮਿਜ਼ਾਈਲਾਂ ਇਸ ਮੁਲਕ ਦੀ ਖੁਫੀਆ ਏਜੰਸੀ ਅਤੇ ਪ੍ਰਾਈਮ ਮਨਿਸਟਰ ਦੇ ਦਫਤਰ ਲਾਗੇ ਵੀ ਡਿੱਗੀਆਂ ਦੱਸੀਆਂ ਜਾਂਦੀਆਂ ਹਨ। ਇਨ੍ਹਾਂ ਮਿਜ਼ਾਈਲਾਂ ਦੇ ਡਿੱਗਣ ਬਾਅਦ ਇਜ਼ਰਾਈਲ ਵੀ ਉਸੇ ਤਰ੍ਹਾਂ ਹੱਕਾ-ਬੱਕਾ ਰਹਿ ਗਿਆ, ਜਿਸ ਤਰ੍ਹਾਂ ਖੁਦ ਇਸ ਮੁਲਕ ਨੇ ਪੇਜ਼ਰ ਹਮਲਿਆਂ ਦੇ ਜ਼ਰੀਏ ਹਿਜ਼ਬੁੱਲਾ ਨੂੰ ਕੀਤਾ ਸੀ। ਇਰਾਨ ਵੱਲੋਂ ਇਹ ਹਮਲਾ ਆਪਣੇ ਸੀਨੀਅਰ ਆਗੂ ਆਇਤੁੱਲਾ ਅਲੀ ਖੁਮੇਨੀ ਦੇ ਹੁਕਮ ‘ਤੇ ਕੀਤਾ ਗਿਆ। ਇਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਧਮਕੀ ਦਿੱਤੀ ਕਿ ਜੇ ਇਜ਼ਰਾਇਲ ਵੱਲੋਂ ਬਦਲੇ ਦੀ ਕਾਰਵਾਈ ਕੀਤੀ ਗਈ ਤਾਂ ਇਰਾਨ ਵਧੇਰੇ ਮਾਰੂ ਹਮਲਾ ਕਰ ਸਕਦਾ। ਇਰਾਨ ਵੱਲੋਂ ਕੀਤੇ ਗਏ ਇਸ ਹਮਲੇ ਦੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਤੇ ਉਨ੍ਹਾਂ ਦੀ ਹੀ ਪਾਰਟੀ ਵੱਲੋਂ ਅਗਲੇ ਰਾਸ਼ਟਰਪਤੀ ਲਈ ਚੋਣ ਲੜ ਰਹੀ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ- ਤਿੰਨਾਂ ਵੱਲੋਂ ਨਿਖੇਧੀ ਕੀਤੀ ਗਈ। ਜਰਮਨੀ ਅਤੇ ਫਰਾਂਸ ਜਿਹੇ ਮੁਲਕਾਂ ਨੇ ਇਸ ਦੌਰਾਨ ਸ਼ਾਂਤੀ ਵਾਰਤਾ ਨੂੰ ਅੱਗੇ ਤੋਰਨ ਅਤੇ ਅਮਨ ਅਮਾਨ ਕਾਇਮ ਕਰਨ ਦੀ ਵਕਾਲਤ ਕੀਤੀ। ਬਰਤਾਨੀਆ ਨੇ ਵੀ ਇਰਾਨੀ ਮਿਜ਼ਾਈਲ ਹਮਲੇ ਦਾ ਵਿਰੋਧ ਕੀਤਾ ਹੈ।
ਵੱਡੀਆਂ ਤਾਕਤਾਂ ਦੇ ਵਰਜਣ ਦੇ ਬਾਵਜੂਦ ਇਜ਼ਰਾਇਲ ਵੱਲੋਂ ਇਰਾਨ ਉਪਰ ਮੋੜਵਾਂ ਹਮਲਾ ਕਰਨ ਦੀ ਧਮਕੀ ਦਿੱਤੀ ਗਈ ਹੈ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹ ਨੇ ਇਰਾਨੀ ਹਮਲੇ ਤੋਂ ਬਾਅਦ ਚਿਤਾਵਨੀ ਦਿੰਦਿਆਂ ਕਿਹਾ ਕਿ ਇਰਾਨ ਨੇ ਵੱਡੀ ਗਲਤੀ ਕੀਤੀ ਹੈ ਅਤੇ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਨੇ ਇਜ਼ਾਰਈਲ ਨੂੰ ਇਰਾਨ ਦੇ ਪ੍ਰਮਾਣੂ ਟਿਕਾਣਿਆਂ ਅਤੇ ਤੇਲ ਡਿਪੂਆਂ ‘ਤੇ ਹਮਲੇ ਕਰਨ ਤੋਂ ਵਰਜ ਦਿੱਤਾ। ਨੇੜੇ ਆ ਰਹੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੇ ਕਨਜ਼ਰਵੇਟਿਵ ਆਗੂ ਡੋਨਾਲਡ ਟਰੰਪ ਨੇ ਚੱਕਵਾਂ ਬਿਆਨ ਦਿੱਤਾ। ਉਸ ਨੇ ਕਿਹਾ ਕਿ ਇਜ਼ਰਾਇਲ ਨੂੰ ਇਰਾਨ ਦੇ ਪ੍ਰਮਾਣੂ ਟਿਕਾਣਿਆਂ ‘ਤੇ ਹਮਲੇ ਕਰਨੇ ਚਾਹੀਦੇ ਹਨ। ਅਮਰੀਕੀ ਰਾਜਨੀਤੀ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਟਰੰਪ ਦਾ ਇਹ ਬਿਆਨ ਅਸਲ ਵਿੱਚ ਯਹੂਦੀਆਂ ਦੀ ਅਮਰੀਕਾ ਵਿੱਚ ਵੱਸਦੀ ਤਾਕਤਵਰ ਲੌਬੀ ਨੂੰ ਆਪਣੇ ਪੱਖ ਵਿੱਚ ਕਰਨ ਦਾ ਚੋਣ ਸਟੰਟ ਹੈ। ਇਰਾਨ ਦੀ ਹਮਾਇਤ ਪ੍ਰਾਪਤ ਹਮਾਸ ਤੇ ਹਿਜ਼ਬੁੱਲਾ ਦੇ ਆਗੂਆਂ ਨੂੰ ਉਨ੍ਹਾਂ ਦੇ ਰਿਹਾਇਸ਼ੀ ਅਤੇ ਕੰਮਕਾਜ਼ੀ ਟਿਕਾਣਿਆਂ ‘ਤੇ ਮਾਰਨ ਅਤੇ ਕਮਿਊਨੀਕੇਸ਼ਨ ਦੇ ਇਲੈਕਟ੍ਰਾਨਿਕ ਸਾਧਨ ਪੇਜ਼ਰਾਂ ਨੂੰ ਧਮਾਕਾ ਸਮਗਰੀ ਵਜੋਂ ਵਰਤ ਕੇ ਇਜ਼ਰਾਇਲ ਦੀ ਖੁਫੀਆ ਏਜੰਸੀ ਮੋਸਾਦ ਨੇ ਦੁਨੀਆਂ ਦੀਆਂ ਗੁਪਤਚਰ ਏਜੰਸੀਆਂ ਵਿੱਚ ਆਪਣੀ ਸੁਪਰਮੇਸੀ ਮੁੜ ਸਥਾਪਤ ਕਰਨ ਦਾ ਯਤਨ ਕੀਤਾ। ਪਿਛਲੇ ਸਾਲ ਸੱਤ ਅਕਤੂਬਰ ਦੇ ਹਮਲੇ ਤੋਂ ਬਾਅਦ ਇਸ ਸੰਸਥਾ ਦੀ ਸਮਰੱਥਾ ‘ਤੇ ਸਵਾਲ ਉਠਣੇ ਸ਼ੁਰੂ ਹੋ ਗਏ ਸਨ।
ਯਾਦ ਰਹੇ, ਹਮਾਸ ਦੇ ਫੌਜੀ ਵਿੰਗ ਅਤੇ ਇਸਲਾਮਿਕ ਜਹਾਦੀਆਂ ਵੱਲੋਂ ਇਜ਼ਰਾਇਲ ਦੀ ਸਰਹੱਦ ਦੇ ਅੰਦਰ ਜਾ ਕੇ ਬੀਤੇ ਵਰ੍ਹੇ 7 ਅਕਤੂਬਰ ਨੂੰ ਇੱਕ ਮੇਲੇ ਵਰਗੇ (ਫੈਸਟੀਵਲ) ਮਾਹੌਲ ‘ਤੇ ਕੀਤੇ ਗਏ ਹਮਲੇ ਵਿੱਚ 1200 ਦੇ ਕਰੀਬ ਲੋਕ ਮਾਰੇ ਗਏ, ਜਿਨ੍ਹਾਂ ਵਿੱਚੋਂ 750 ਆਮ ਨਾਗਰਿਕ ਸਨ। ਇਸ ਤੋਂ ਇਲਾਵਾ 7500 ਲੋਕ ਜ਼ਖਮੀ ਹੋ ਗਏ ਸਨ ਅਤੇ 251 ਨੂੰ ਹਮਲਾਵਰਾਂ ਵੱਲੋਂ ਬੰਧਕ ਬਣਾ ਲਿਆ ਗਿਆ ਸੀ। ਇਸ ਹਮਲੇ ਤੋਂ ਬਾਅਦ ਤਕਰੀਬਨ ਪੂਰੀ ਦੁਨੀਆਂ ਨੇ ਹਮਾਸ ਦੇ ਹਥਿਆਰਬੰਦ ਹਮਲਾਵਰਾਂ ਦੇ ਇਸ ਕਾਰੇ ਨੂੰ ਨਿੰਦਿਆ ਸੀ, ਪਰ ਇਸ ਘਟਨਾ ਤੋਂ ਬਾਅਦ ਇਜ਼ਰਾਇਲ ਵੱਲੋਂ ਗਾਜ਼ਾ ਪੱਟੀ ਉਪਰ ਕੀਤੇ ਗਏ ਫੌਜੀ ਹਮਲੇ ਦੀ ਭਿਆਨਕਤਾ ਨੇ ਹਮਾਸ ਦੇ ਹਮਲੇ ਦੀ ਬਰਬਰਤਾ ਨੂੰ ਨਿਗੁਣਾ ਬਣਾ ਦਿੱਤਾ ਹੈ। ਇਸ ਕਾਰਵਾਈ ਵਿੱਚ 40,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਹਨ। ਗਾਜ਼ਾ ਪੱਟੀ ਵਿੱਚ ਵੱਸਦੇ ਲੋਕਾਂ ਦੀਆਂ 75 ਫੀਸਦੀ ਇਮਾਰਤਾਂ ਮਲਬੇ ਦਾ ਢੇਰ ਬਣਾ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਹਸਪਤਾਲਾਂ, ਰਫਿਊਜ਼ੀਆਂ ਲਈ ਬਣੀਆਂ ਪਨਾਹਗਾਹਾਂ, ਸਕੂਲਾਂ, ਮਸਜਿਦਾਂ, ਚਰਚਾਂ ਆਦਿ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਵਾਰ-ਵਾਰ ਉਜੜੇ ਫਲਿਸਤੀਨੀ ਲੋਕਾਂ ਦੇ ਵਸੇਬੇ ਦਾ ਇਹ ਛੋਟਾ ਜਿਹਾ ਇਲਾਕਾ, ਜਿਸ ਦੀ ਪਹਿਲਾਂ ਹੀ ਇਜ਼ਰਾਇਲ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ, ਨਰਕ ਸਮਾਨ ਹੋ ਗਿਆ। ਮਨੁੱਖੀ ਆਬਾਦੀ ਲਈ ਢੰਗ ਨਾਲ ਜੀਣਯੋਗ ਆਧਾਰ ਢਾਂਚਾ ਇਜ਼ਰਾਇਲੀ ਹਮਲਿਆਂ ਨੇ ਬਰਬਾਦ ਕਰ ਦਿੱਤਾ ਹੈ। ਤਕਰੀਬਨ ਸਾਰੀ ਫਲਿਸਤੀਨੀ ਆਬਾਦੀ ਯੂਨਾਈਟਿਡ ਨੇਸ਼ਨਜ਼ ਅਤੇ ਹੋਰ ਕੌਮਾਂਤਰੀ ਸੰਸਥਾਵਾਂ ਵੱਲੋਂ ਭੇਜੀ ਜਾ ਰਹੀ ਖੈਰਾਤ ‘ਤੇ ਜੀ ਰਹੀ ਹੈ। ਨਾ ਪੀਣ ਲਈ ਸਾਫ ਪਾਣੀ ਹੈ, ਨਾ ਚੱਜ ਦੀ ਰੋਟੀ। ਕੌਮਾਂਤਰੀ ਸੰਸਥਾਵਾਂ ਵੱਲੋਂ ਭੇਜੀ ਜਾਂਦੀ ਰਾਹਤ ਸਮੱਗਰੀ ਨੂੰ ਵੀ ਇਜ਼ਰਾਇਲੀ ਫੌਜ ਵੱਲੋਂ ਡਾਹੀਆਂ ਜਾਂਦੀਆਂ ਰੋਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Leave a Reply

Your email address will not be published. Required fields are marked *