ਨਿੱਝਰ ਕਤਲ ਕਾਂਡ ਅਤੇ ਪੰਨੂੰ ਮਾਮਲੇ ਮੁੜ ਉਭਰੇ

ਸਿਆਸੀ ਹਲਚਲ ਖਬਰਾਂ

*ਭਾਰਤ ਅਤੇ ਕੈਨੇਡਾ ਨੇ ਇੱਕ ਦੂਜੇ ਦੇ ਸਫਾਰਤੀ ਅਧਿਕਾਰੀ ਕੱਢੇ
*ਕੈਨੇਡਾ ਵਿੱਚ ਹੋ ਰਹੇ ਜ਼ੁਰਮਾਂ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਚਰਚਾ ਵਿੱਚ
ਜਸਵੀਰ ਸਿੰਘ ਮਾਂਗਟ
ਭਾਰਤੀ ਖੁਫੀਆ ਏਜੰਸੀਆਂ ਵੱਲੋਂ ਕੈਨੇਡਾ ਵਿੱਚ ਖਾਲਿਸਤਾਨੀ ਆਗੂਆਂ ਅਤੇ ਕਾਰਕੁੰਨਾਂ ਖਿਲਾਫ ਕਥਿਤ ਕਾਰਵਾਈਆਂ ਨੂੰ ਲੈ ਕੇ ਸਥਿਤੀ ਹੋਰ ਵਿਗੜਨ ਵਾਲੇ ਪਾਸੇ ਤੁਰਦੀ ਨਜ਼ਰ ਆ ਰਹੀ ਹੈ। ਇਸ ਦਰਮਿਆਨ ਅਮਰੀਕਾ ਦੀ ਫੈਡਰਲ ਪੜਤਾਲੀਆ ਏਜੰਸੀ ਐਫ.ਬੀ.ਆਈ. ਨੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂੰ ਨੂੰ ਮਾਰਨ ਦੀ ਇੱਕ ਯੋਜਨਾ ਦੇ ਮਾਮਲੇ ਵਿੱਚ ਸ਼ਾਮਲ ਦੱਸੇ ਜਾਂਦੇ ਖੁਫੀਆ ਏਜੰਸੀ ‘ਰਾਅ’ ਦੇ ਸਾਬਕਾ ਅਫਸਰ ਵਿਕਾਸ ਯਾਦਵ ਨੂੰ ਭਾਰਤ ਸਰਕਾਰ ਨੇ ਆਪਣੀ ਹਿਰਾਸਤ ਵਿੱਚ ਲੈਣ ਦੀ ਸੂਚਨਾ ਜਾਰੀ ਕੀਤੀ ਹੈ।

ਭਾਵੇਂ ਕਿ ਹਾਲ ਦੀ ਘੜੀ ਜਿਸ ਮਾਮਲੇ ਵਿੱਚ ਇਸ ਅਫਸਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਲਾਰੈਂਸ ਬਿਸ਼ਨੋਈ ਦੇ ਨਾਮ ‘ਤੇ ਕਿਸੇ ਕੋਲੋਂ ਫਰੌਤੀ ਮੰਗਣ ਦਾ ਕੇਸ ਦੱਸਿਆ ਜਾ ਰਿਹਾ ਹੈ। ਭਾਰਤ ਸਰਕਾਰ ਅਨੁਸਾਰ ਯਾਦਵ ਨੂੰ ਪਿਛਲੇ ਸਾਲ ਦਸੰਬਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪੰਨੂੰ ਮਾਮਲੇ ਨੂੰ ਲੈ ਕੇ ਭਾਰਤੀ ਪੜਤਾਲੀਆ ਅਫਸਰਾਂ ਦੀ ਇੱਕ ਟੀਮ ਅਮਰੀਕਾ ਵੀ ਆ ਚੁਕੀ ਹੈ। ਇਸ ਟੀਮ ਦਾ ਆਖਣਾ ਹੈ ਕਿ ਦੋਹਾਂ ਪੱਖਾਂ ਵਿਚਕਾਰ ਸੰਬੰਧਤ ਮਾਮਲੇ ਬਾਰੇ ਗੰਭੀਰ ਗੱਲਬਾਤ ਚੱਲ ਰਹੀ ਹੈ ਅਤੇ ਅਮਰੀਕੀ ਅਧਿਕਾਰੀ ਇਸ ਮਾਮਲੇ ਵਿੱਚ ਭਾਰਤ ਵੱਲੋਂ ਕੀਤੀ ਜਾ ਰਹੀ ਕਾਰਵਾਈ ਤੋਂ ਸੰਤੁਸ਼ਟ ਹਨ। ਖੁਦ ਅਮਰੀਕੀ ਪੜਤਾਲੀਆ ਏਜੰਸੀ ਐਫ.ਬੀ.ਆਈ. ਦੇ ਅਧਿਕਾਰੀਆਂ ਨੇ ਵੀ ਮਾਮਲੇ ਨੂੰ ਲੈ ਕੇ ਤਸੱਲੀ ਜ਼ਾਹਰ ਕੀਤੀ ਹੈ।
ਅਮਰੀਕਾ ਦੇ ਮੁਕਾਬਲੇ ਕੈਨੇਡਾ ਨਾਲ ਇਸੇ ਕਿਸਮ ਦੇ ਮਾਮਲਿਆਂ ਨੂੰ ਲੈ ਕੇ ਕਸ਼ਮਕਸ਼ ਜ਼ਿਆਦਾ ਵਧ ਗਈ ਹੈ। ਕੈਨੇਡਾ ਦੀ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐਮ.ਪੀ.) ਨੇ ਬੀਤੇ ਦਿਨੀਂ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ ਕਿ ਉਨ੍ਹਾਂ ਕੋਲ ਨਿੱਝਰ ਕਤਲ ਮਾਮਲੇ ਵਿੱਚ ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਸਬੂਤ (ਪਰਸਨ ਆਫ ਇੰਟਰਸਟ) ਹਨ, ਇਸ ਲਈ ਉਨ੍ਹਾਂ ਦੀ ਕੂਟਨੀਤਿਕ ਇਮਿਊਨਿਟੀ ਭਾਰਤ ਵਾਪਸ ਲਵੇ। ਕੈਨੇਡੀਅਨ ਪੁਲਿਸ ਭਾਰਤੀ ਕੂਟਨੀਤਿਕ ਅਧਿਕਾਰੀਆਂ ਤੋਂ ਨਿੱਝਰ ਕਤਲ ਮਾਮਲੇ ਵਿੱਚ ਪੁੱਛਗਿੱਛ ਕਰਨਾ ਚਹੁੰਦੀ ਹੈ, ਪਰ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਕੂਟਨੀਤਿਕ ਅਧਿਕਾਰੀਆਂ ਨੂੰ ਮਿਲਣ ਵਾਲੀ ਇਮਿਊਨਿਟੀ ਕਾਰਨ ਅਜਿਹਾ ਕਰ ਨਹੀਂ ਸਕਦੀ।
ਇਸ ਦਰਮਿਆਨ ਭਾਰਤ ਸਰਕਾਰ ਵੱਲੋਂ ਇਸ ਕਿਸਮ ਦੀ ਛੋਟ ਦੇਣ ਤੋਂ ਸਾਫ ਇਨਕਾਰ ਕਰਨ ਤੋਂ ਬਾਅਦ ਕੈਨੇਡਾ ਨੇ ਸੰਜੇ ਕੁਮਾਰ ਵਰਮਾ ਸਮੇਤ 6 ਭਾਰਤੀ ਸਫਾਰਤੀ ਅਧਿਕਾਰੀਆਂ ਨੂੰ ਕੈਨੇਡਾ ਵਿੱਚੋਂ ਵਾਪਸ ਜਾਣ ਦਾ ਹੁਕਮ ਦੇ ਦਿੱਤਾ। ਕੈਨੇਡਾ ਵੱਲੋਂ ਲਾਏ ਗਏ ਇਨ੍ਹਾਂ ਦੋਸ਼ਾਂ ਅਤੇ ਕੀਤੀ ਗਈ ਕਾਰਵਾਈ ਦੇ ਪ੍ਰਤੀਕਰਮ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਾਫ ਤੌਰ `ਤੇ ਕਿਹਾ ਕਿ ਇਹ ਦੋਸ਼ ਆਧਾਰਹੀਣ ਹਨ। ਭਾਰਤ ਨੇ ਵੀ ਇੱਥੇ ਸਥਿਤ 6 ਕੈਨੇਡੀਅਨ ਕੂਟਨੀਤਿਕਾਂ ਨੂੰ ਵਾਪਸ ਜਾਣ ਦੇ ਹੁਕਮ ਦੇ ਦਿੱਤੇ ਹਨ। ਕੈਨੇਡਾ ਦੇ ਇਨ੍ਹਾਂ ਸਫਾਰਤੀ ਅਧਿਕਾਰੀਆਂ ਵਿੱਚ ਕਾਰਜਕਾਰੀ ਹਾਈ ਕਮਿਸ਼ਨਰ ਸਟੀਵਰਟ ਰੋਸ ਵੀਲਰ ਤੋਂ ਇਲਾਵਾ ਡਿਪਟੀ ਹਾਈ ਕਮਿਸ਼ਨਰ ਪੈਟਰਿਕ ਹਬਰਟ, ਮੈਰੀ ਕੈਥਰੀਨ, ਇਆਨ ਰੋਸ ਡੇਵਿਡ, ਐਡਮ ਜੇਮਸ ਅਤੇ ਪਾਓਲਾ ਓਰਜੁਏਲ ਸ਼ਾਮਲ ਹਨ।
ਯਾਦ ਰਹੇ, ਕੈਨੇਡਾ ਵਿੱਚ ਜੂਨ 2023 ਵਿੱਚ ਇੱਕ ਖਾਲਿਸਤਾਨੀ ਕਾਰਕੁੰਨ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਕਤਲ ਸਰ੍ਹੀ ਦੇ ਇੱਕ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਕੀਤਾ ਗਿਆ ਸੀ। ਹਰਦੀਪ ਸਿੰਘ ਨਿੱਝਰ ਉਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਸਨ। ਭਾਰਤ ਨੇ ਕੈਨੇਡਾ ਵੱਲੋਂ ਇਸ ਮਸਲੇ ਨੂੰ ਮੁੜ ਛੇੜਨ ਦੇ ਕਾਰਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੈਨੇਡਾ ਦੀਆਂ ਨਜ਼ਦੀਕ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਟਰੂਡੋ ਸਰਕਾਰ ਇਸ ਮਾਮਲੇ ਨੂੰ ਉਭਾਰ ਕੇ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਦਲੀਲ ਦਿੱਤੀ ਹੈ ਕਿ ਭਾਰਤ ਸਰਕਾਰ ਦੀ ਵਿਦੇਸ਼ ਨੀਤੀ ਅਸਫਲ ਰਹੀ ਹੈ, ਕੈਨੇਡਾ ਨਾਲ ਵਿਗੜੇ ਸੰਬੰਧ ਇਸ ਦਾ ਸਬੂਤ ਹਨ।
ਇਸ ਦੌਰਾਨ ਕੈਨੇਡਾ ਦੀਆਂ ਵਿਰੋਧੀ ਪਾਰਟੀਆਂ ਨੇ ਵੀ ਭਾਰਤ ਨਾਲ ਵਿਗੜੇ ਸਫਾਰਤੀ ਸੰਬੰਧਾਂ ਲਈ ਟਰੂਡੋ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਭਾਰਤ ਨੇ ਕੈਨੇਡਾ ‘ਤੇ ਵੀ ਦੋਸ਼ ਲਾਇਆ ਹੈ ਕਿ ਟਰੂਡੋ ਸਰਕਾਰ ਨੇ ਕੱਟੜਵਾਦ ਅਤੇ ਹਿੰਸਾ ਦੇ ਮਾਹੌਲ ਵਿੱਚ ਸਾਡੇ ਕੂਟਨੀਤਿਕ ਅਧਿਕਾਰੀਆਂ ਦੀ ਜਾਨ ਨੂੰ ਜੋਖਮ ਵਿੱਚ ਪਾ ਦਿੱਤਾ ਹੈ। ਇਸ ਲਈ ਅਸੀਂ ਇਨ੍ਹਾਂ ਅਧਿਕਾਰੀਆਂ ਨੂੰ ਵਾਪਸ ਬੁਲਾ ਰਹੇ ਹਾਂ। ਯਾਦ ਰਹੇ, ਬੀਤੇ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਾਰਲੀਮੈਂਟ ਵਿੱਚ ਭਾਰਤ ‘ਤੇ ਕੈਨੇਡੀਅਨ ਨਾਗਰਿਕਾਂ ਦਾ ਕਤਲ ਕਰਵਾਉਣ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਇੱਕ ਭਾਰਤੀ ਸਫਾਰਤੀ ਅਧਿਕਾਰੀ ਨੂੰ ਵਾਪਸ ਭੇਜ ਦਿੱਤਾ ਗਿਆ ਸੀ।
ਇਸ ਕਾਰਵਾਈ ਦੇ ਪ੍ਰਤੀਕਰਮ ਵਜੋਂ ਭਾਰਤ ਨੇ ਕੈਨੇਡੀਅਨ ਦੂਤਾਵਾਸ ਦੇ 40 ਅਧਿਕਾਰੀਆਂ ਨੂੰ ਵਾਪਸ ਭੇਜ ਦਿੱਤਾ ਸੀ। ਇਸ ਦੇ ਸਿੱਟੇ ਵਜੋਂ ਚੰਡੀਗੜ੍ਹ, ਮੁੰਬਈ ਅਤੇ ਬੈਂਗਲੂਰੂ ਵਿੱਚ ਕੈਨੇਡੀਅਨ ਕੌਂਸਲਖਾਨਿਆਂ ਦਾ ਕੰਮ ਤਕਰੀਬਨ ਠੱਪ ਹੋ ਕੇ ਰਹਿ ਗਿਆ ਸੀ। ਇਸੇ ਕਾਰਨ ਭਾਰਤ ਤੋਂ ਸਟੂਡੈਂਟ ਅਤੇ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਅਤੇ ਟੂਰਿਸਟਾਂ ਦੀ ਗਿਣਤੀ ਲੱਗਪਗ ਅੱਧੀ ਰਹਿ ਗਈ ਹੈ। ਹਾਲੇ ਕੁਝ ਦਿਨ ਪਹਿਲਾਂ ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਜਸਟਿਨ ਟਰੂਡੋ ਨੇ ਮੁੜ ਕਿਹਾ ਕਿ ਅਸੀਂ ਭਾਰਤ ਦੀ ਪ੍ਰਭੂਸੱਤਾ ਦਾ ਸਤਿਕਾਰ ਕਰਦੇ ਹਾਂ ਅਤੇ ਭਾਰਤ ਨੂੰ ਵੀ ਸਾਡੇ ਦੇਸ਼ ਦੀ ਪ੍ਰਭੂਸੱਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਦੀ ਪ੍ਰਭੂਸੱਤਾ ਭੰਗ ਕਰਕੇ ਭਾਰਤ ਨੇ ਬੁਨਿਆਦੀ ਗਲਤੀ ਕੀਤੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸੁਰੱਖਿਆ ਮੰਤਰੀ ਡੋਮਨੀਕ ਲੇਬਲਾਂਕ ਅਤੇ ਵਿਦੇਸ਼ ਮੰਤਰੀ ਮਿਲਾਨੀ ਜੌਲੀ ਵੀ ਮੌਜੂਦ ਸਨ। ਇਨ੍ਹਾਂ ਦੋਵੇਂ ਮੰਤਰੀਆਂ ਨੇ ਕੈਨੇਡੀਅਨ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਕਤਲਾਂ ਦੀ ਸਾਜ਼ਿਸ਼, ਜਬਰੀ ਵਸੂਲੀ, ਚੋਣਾਂ ਵਿੱਚ ਦਖਲ ਅਤੇ ਜਾਣਕਾਰੀ ਇਕੱਠੀ ਕਰਨ ਲਈ ਗੈਰ-ਕਾਨੂੰਨੀ ਤਰੀਕੇ ਅਪਨਾਉਣ ਲਈ ਕੈਨੇਡਾ ਦੀ ਧਰਤੀ ‘ਤੇ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਇਸ ਤੋਂ ਪਹਿਲਾਂ ਰੋਇਲ ਮਾਊਂਟਿਡ ਕੈਨਡੀਅਨ ਪੁਲਿਸ (ਆਰ.ਸੀ.ਐਮ.ਪੀ.) ਦੇ ਅਧਿਕਾਰੀਆਂ ਨੇ ਇੱਕ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਸੀ ਕਿ ਕੈਨੇਡਾ ਵਿੱਚ ਹਿੰਸਾ ਫੈਲਾਉਣ ਲਈ ਭਾਰਤ ਸਰਕਾਰ ਨੇ ਲਾਰੈਂਸ ਬਿਸ਼ਨੋਈ ਗੈਂਗ ਦੀ ਵਰਤੋਂ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਈ ਨਿੱਝਰ ਦੇ ਕਤਲ ਤੋਂ ਬਾਅਦ ਦੱਖਣ ਏਸ਼ੀਆਈ ਲੋਕਾਂ, ਖਾਸ ਕਰਕੇ ਖਾਲਿਸਤਾਨੀ ਸਮਰਥਕਾਂ ਵਿਰੁਧ ਮੁਜ਼ਰਮਾਨਾਂ ਕਾਰਵਾਈਆਂ ਵਧ ਗਈਆਂ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਇਨ੍ਹਾਂ ਕਾਰਵਾਈਆਂ ਲਈ ਭਾਰਤ ਸਰਕਾਰ ਲਾਰੈਂਸ ਬਿਸ਼ਨੋਈ ਗੈਂਗ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਹੋਰ ਕਿਹਾ ਕਿ ਬਿਸ਼ਨੋਈ ਗੈਂਗ ਸਮੂਹ ਭਾਰਤ ਸਰਕਾਰ ਦੇ ਏਜੰਟਾਂ ਨਾਲ ਜੁੜਿਆ ਹੋਇਆ ਹੈ। ਇੱਧਰ ਭਾਰਤ ਸਰਕਾਰ ਨੇ ਬਿਸ਼ਨੋਈ ਗੈਂਗ ਦੀਆਂ ਕਾਰਵਾਈਆਂ ਨੂੰ ਭਾਰਤ ਸਰਕਾਰ ਨਾਲ ਜੋੜਨ ਦੀ ਨਿਖੇਧੀ ਕੀਤੀ ਹੈ। ਭਾਰਤ ਨੇ ਨਿੱਝਰ ਮਾਮਲੇ ਵਿੱਚ ਸ਼ਮੂਲੀਅਤ ਅਤੇ ਬਿਸ਼ਨੋਈ ਗੈਂਗ ਦੀ ਵਰਤੋਂ ਤੋਂ ਸਾਫ ਇਨਕਾਰ ਕੀਤਾ ਤੇ ਕਿਹਾ ਕਿ ਕੈਨੇਡਾ ਨੇ ਇਨ੍ਹਾਂ ਮਾਮਲਿਆਂ ਵਿੱਚ ਕੋਈ ਸਬੂਤ ਭਾਰਤ ਸਰਕਾਰ ਨੂੰ ਨਹੀਂ ਦਿੱਤੇ। ਇਸ ਮਾਮਲੇ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਵੀ ਗੱਲਬਾਤ ਕੀਤੀ ਹੈ।
ਇਸ ਦਰਮਿਆਨ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਇੱਕ ਕੈਨੇਡੀਅਨ ਸਫਾਰਤੀ ਅਧਿਕਾਰੀ ਨੇ ਕਿਹਾ ਕਿ ਨਿੱਝਰ ਕਤਲ ਕਾਂਡ ਅਤੇ ਵਕੀਲ ਪੰਨੂੰ ਨੂੰ ਕਤਲ ਕਰਨ ਦੀ ਸਾਜ਼ਿਸ਼ ਆਪਸ ਵਿੱਚ ਜੁੜੇ ਹੋਏ ਹਨ। ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਕਿਹਾ ਕਿ ਉਹ ਅਜਿਹੇ ਕਿਸੇ ਵੀ ਡਿਪਲੋਮੇਟ ਨੂੰ ਬਰਦਾਸ਼ਤ ਨਹੀਂ ਕਰਨਗੇ, ਜਿਹੜਾ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਕਰੇਗਾ। ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਰਨਧੀਰ ਜੈਸਵਾਲ ਨੇ ਕੈਨੇਡਾ ‘ਤੇ ਉਲਟਾ ਦੋਸ਼ ਲਾਉਂਦਿਆਂ ਕਿਹਾ ਕਿ ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਵਿੱਚ ਤਾਜ਼ਾ ਸੰਕਟ ਟਰੂਡੋ ਸਰਕਾਰ ਦੇ ਆਧਾਰਹੀਣ ਦੋਸ਼ਾਂ ਵੱਲੋਂ ਪੈਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਕਰੀਬਨ 26 ਹਾਰਡ ਕੋਰ ਮੁਲਜ਼ਮਾਂ ਨੂੰ ਭਾਰਤ ਦੇ ਹਵਾਲੇ ਕਰਨ ਸੰਬੰਧੀ ਦਰਖਾਸਤਾਂ ਪਹਿਲਾਂ ਹੀ ਕੈਨੇਡਾ ਸਰਕਾਰ ਕੋਲ ਪਈਆਂ ਹਨ। ਟਰੂਡੋ ਸਰਕਾਰ ਵੱਲੋਂ ਇਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਕੁਝ ਅੰਤਰਰਾਸ਼ਟਰੀ ਮਾਮਲਿਆਂ ਦੇ ਵਿਸ਼ਲੇਸ਼ਕ ਭਾਰਤ-ਕੈਨੇਡਾ ਅਤੇ ਭਾਰਤ ਅਮਰੀਕਾ ਵਿਚਕਾਰ ਪੈਦਾ ਹੋਏ ਤਾਜ਼ਾ ਵਿਵਾਦ ਨੂੰ ਪਿਛਲੇ ਹਫਤੇ ਸ਼ਿੰਘਾਈ ਕਾਰਪੋਰੇਸ (ਐਸ.ਸੀ.ਓ.) ਦੀ ਮੀਟਿੰਗ ਨਾਲ ਜੋੜ ਕੇ ਵੇਖ ਰਹੇ ਹਨ, ਜਿਸ ਵਿੱਚ ਚੀਨ ਅਤੇ ਭਾਰਤ- ਦੋਹਾਂ ਨੇ ਹਿਸਾ ਲਿਆ ਹੈ। ਇਨ੍ਹਾਂ ਮਾਹਿਰਾਂ ਦਾ ਆਖਣਾ ਹੈ ਅਮਰੀਕਾ ਭਾਰਤ ਦੀਆਂ ਚੀਨ ਅਤੇ ਰੂਸ ਨਾਲ ਨਜ਼ਦੀਕੀਆਂ ਬਰਦਾਸ਼ਤ ਨਹੀਂ ਕਰ ਸਕਦਾ।

Leave a Reply

Your email address will not be published. Required fields are marked *