ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਸੇਵਾ ਨੂੰ ਸਮਰਪਿਤ ਭਗਤ ਪੂਰਨ ਸਿੰਘ ਜੀ ਦੀ ਸਾਲਾਨਾ ਬਰਸੀ ਲੰਘੇ ਐਤਵਾਰ ਨੂੰ ਗੁਰਦੁਆਰਾ ਪੈਲਾਟਾਈਨ ਵਿਖੇ ਸ਼ਰਧਾ ਨਾਲ ਮਨਾਈ ਗਈ। ਪੰਜਾਬੀ ਵਿਰਾਸਤ ਸੰਸਥਾ (ਪੀ.ਐਚ.ਓ.) ਵੱਲੋਂ ਸੰਗਤ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਮੌਕੇ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਅਨਮੋਲ ਸਿੰਘ ਰਤਨ, ਭਾਈ ਓਂਕਾਰ ਸਿੰਘ ਬਰੈਂਪਟਨ ਤੇ ਭਾਈ ਸੰਦੀਪ ਸਿੰਘ ਦੇ ਜਥਿਆਂ ਨੇ ਕੀਰਤਨ ਕੀਤਾ ਅਤੇ ਭਾਈ ਲਖਵਿੰਦਰ ਸਿੰਘ ਲਖਨਊ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਉਂਜ ਐਤਵਾਰ ਦੇ ਦੀਵਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਗੱਦੀ ਦਿਵਸ, ਗੁਰੂ ਹਰਿਰਾਏ ਸਾਹਿਬ ਦੇ ਜੋਤੀਜੋਤਿ ਦਿਹਾੜੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ ਨੂੰ ਵੀ ਸਮਰਪਿਤ ਸਨ।
ਇਸ ਮੌਕੇ ਪੀ.ਐਚ.ਓ. ਦੀ ਤਰਫੋਂ ਸ. ਹਰਜੀਤ ਸਿੰਘ ਗਿੱਲ ਨੇ ਭਗਤ ਪੂਰਨ ਸਿੰਘ ਜੀ ਬਾਰੇ ਅਤੇ ਉਨ੍ਹਾਂ ਵੱਲੋਂ ਸਥਾਪਤ ਕੀਤੇ ਗਏ ਪਿੰਗਲਵਾੜੇ ਬਾਰੇ ਚਾਨਣਾ ਪਾਇਆ ਤੇ ਸੰਗਤ ਨੂੰ ਵੱਧ ਤੋਂ ਵੱਧ ਦਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਬੇਆਸਰਿਆਂ ਤੇ ਲੋੜਵੰਦਾਂ ਦੀ ਸੇਵਾ ਵਿੱਚ ਜੁਟੇ ਪਿੰਗਲਵਾੜਾ ਅੰਮ੍ਰਿਤਸਰ ਦਾ ਰੋਜ਼ ਦਾ ਖਰਚ ਕਰੀਬ ਸਾਢੇ ਦਸ ਲੱਖ ਰੁਪਏ ਬਣਦਾ ਹੈ, ਜੋ ਸੰਗਤ ਵੱਲੋਂ ਦਿੱਤੇ ਦਾਨ ਨਾਲ ਹੀ ਚਲਦਾ ਹੈ।
ਸ. ਗਿੱਲ ਨੇ ਦੱਸਿਆ ਕਿ ਪਿੰਗਲਵਾੜਾ ਦੀਆਂ ਅਲੱਗ ਅੱਲਗ ਸ਼ਾਖਾਵਾਂ ਵਿੱਚ 1800 ਤੋਂ ਵੱਧ ਵੱਖ-ਵੱਖ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਦੇ ਰਹਿਣ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿੰਗਲਵਾੜਾ ਦੀ ਮੁੱਖ ਸ਼ਾਖ ਤੋਂ ਇਲਾਵਾ ਇਸ ਦੀਆਂ ਸ਼ਾਖਾਵਾਂ ਮਾਨਾਂਵਾਲਾ ਕੰਪਲੈਕਸ, ਪੰਡੋਰੀ ਵੜੈਚ, ਗੋਇੰਦਵਾਲ, ਜਲੰਧਰ, ਸੰਗਰੂਰ, ਚੰਡੀਗੜ੍ਹ (ਪਲਸੌਰਾ) ਅਤੇ ਲੁਧਿਆਣਾ ਦੇ ਪਮਾਲੀ ਵਿੱਚ ਸਥਿੱਤ ਹਨ। ਡਾ. ਇੰਦਰਜੀਤ ਕੌਰ ਅਤੇ ਪਿੰਗਲਵਾੜਾ ਟਰੱਸਟ ਮੈਂਬਰਾਂ ਦੀ ਦੇਖ-ਰੇਖ ਹੇਠ ਦਾਨੀ ਸੱਜਣਾਂ ਦੇ ਦਾਨ ਨਾਲ ਇਨ੍ਹਾਂ ਦਾ ਪ੍ਰਬੰਧ ਚਲਾਇਆ ਜਾ ਰਿਹਾ ਹੈ।
ਯਾਦ ਰਹੇ, ਪਿੰਗਲਵਾੜਾ ਲਈ ਨਵੰਬਰ 1958 ਵਿੱਚ ਥਾਂ ਖਰੀਦੀ ਗਈ ਸੀ ਅਤੇ ਮੌਜੂਦਾ ਸਮੇਂ ਸੰਗਤ ਦੇ ਦਾਨ ਨਾਲ ਇਸ ਦਾ ਵਿਸਥਾਰ ਹੋਇਆ ਹੈ। ਪਿੰਗਲਵਾੜਾ ਵਿੱਚ ਲੋੜਵੰਦਾਂ ਤੇ ਮਰੀਜ਼ਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਦੇ ਨਾਲ ਨਾਲ ਖਰਚੇ ਵੀ ਵਧੇ ਹਨ, ਜੋ ਦਾਨੀ ਸੱਜਣਾਂ ਤੇ ਸੰਗਤ ਵੱਲੋਂ ਦਿੱਤੇ ਜਾਂਦੇ ਵਿੱਤੀ ਸਹਿਯੋਗ ਨਾਲ ਓਟੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਭਗਤ ਪੂਰਨ ਸਿੰਘ ਨੇ ਮਨੁੱਖਤਾ, ਵਾਤਾਵਰਣ, ਵਿਦਿਆ ਅਤੇ ਸਮਾਜ ਸੇਵਾ ਨੂੰ ਆਪਾ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਆਪਣੀ ਸਾਰੀ ਜ਼ਿੰਦਗੀ ਬਿਨਾ ਕਿਸੇ ਭਿੰਨਭੇਦ ਦੇ ਅੰਗਹੀਣਾਂ, ਨਿਥਾਵਿਆਂ, ਲੋੜਵੰਦਾਂ ਦੀ ਸੇਵਾ ਵਿੱਚ ਲਾ ਦਿੱਤੀ। ਉਨ੍ਹਾਂ ਵੱਲੋਂ ਕਾਇਮ ਕੀਤਾ ਪਿੰਗਲਵਾੜਾ ਅੱਜ ਵੀ ਨਿਸ਼ਕਾਮ ਤੇ ਨਿਰਸਵਾਰਥ ਸੇਵਾ ਦੀ ਮਿਸਾਲ ਬਣਿਆ ਹੋਇਆ ਹੈ।
ਭਗਤ ਪੂਰਨ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਹਰ ਸਾਲ ਗੁਰਦੁਆਰਾ ਪੈਲਾਟਾਈਨ ਵਿਖੇ ਸਮਾਗਮ ਕੀਤਾ ਜਾਂਦਾ ਹੈ ਅਤੇ ਸੰਗਤ ਤੋਂ ਉਗਰਾਹੀ ਕਰ ਕੇ ‘ਜਸਵੰਤ ਸਾਹਨੀ ਟਰੱਸਟ ਫੰਡ ਪਿੰਗਲਵਾੜਾ ਡੋਨੇਸ਼ਨ’ ਪਿਟਸਟਾਊਨ, ਨਿਊ ਜਰਸੀ ਨੂੰ ਭੇਜੀ ਜਾਂਦੀ ਹੈ, ਜਿਸ ਨਾਲ ਪਿੰਗਲਵਾੜੇ ਦੇ ਰੋਜ਼ਾਨਾ ਖਰਚਿਆਂ ਦੀ ਪੂਰਤੀ ਲਈ ਹਿੱਸਾ ਪੈ ਜਾਂਦਾ ਹੈ। ਪੀ.ਐਚ.ਓ. ਸਾਲ 2005 ਤੋਂ ਭਗਤ ਪੂਰਨ ਸਿੰਘ ਜੀ ਦਾ ਸੇਵਾ ਦਾ ਸੁਨੇਹਾ ਸੰਗਤ ਤੱਕ ਪੁੱਜਦਾ ਕਰਨ ਅਤੇ ਸੰਗਤ ਤੋਂ ਦਾਨ ਇਕੱਤਰ ਕਰ ਕੇ ਪਿੰਗਲਵਾੜਾ ਤੱਕ ਪੁੱਜਦਾ ਕਰਨ ਵਿੱਚ ਯੋਗਦਾਨ ਪਾ ਰਹੀ ਹੈ।
ਇਸੇ ਮੱਦੇਨਜ਼ਰ ਐਤਵਾਰ ਨੂੰ ਸਮਾਗਮ ਦੌਰਾਨ ਸੰਗਤ ਤੋਂ ਦਾਨ ਇਕੱਤਰ ਕਰਨ ਲਈ ਵਿਸ਼ੇਸ਼ ਟੇਬਲ ਲਾਇਆ ਗਿਆ ਸੀ। ਸੰਗਤ ਨੇ ਆਪਣੀ ਸਮਰਥਾ ਮੁਤਾਬਕ ਦਾਨ ਪੇਟੀ ਵਿੱਚ ਸੇਵਾ ਪਾਉਣ ਤੋਂ ਇਲਾਵਾ ਟਰੱਸਟ ਦੇ ਨਾਂ `ਤੇ ਵੀ ਭੇਟਾ ਦਿੱਤੀ, ਜੋ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.) ਅੰਮ੍ਰਿਤਸਰ ਨੂੰ ਪੁੱਜਦੀ ਕੀਤੀ ਜਾਵੇਗੀ। ਪੀ.ਐਚ.ਓ. ਦੀ ਤਰਫੋਂ ਜੈਰਾਮ ਸਿੰਘ ਕਾਹਲੋਂ, ਲਖਵੀਰ ਸਿੰਘ ਸੰਧੂ ਤੇ ਰਣਜੀਤ ਸਿੰਘ ਗਿੱਲ ਤੋਂ ਇਲਾਵਾ ਗੁਰਬਚਨ ਸਿੰਘ ਸੰਧੂ, ਗੁਰਮੁੱਖ ਸਿੰਘ ਭੁੱਲਰ, ਪਾਲ ਧਾਲੀਵਾਲ, ਬਲਦੇਵ ਸਿੰਘ ਗਿੱਲ ਤੇ ਹੋਰ ਸੇਵਾਦਾਰ ਪਿੰਗਲਵਾੜਾ ਲਈ ਦਾਨ ਇਕੱਤਰ ਕਰਨ ਦੀ ਸੇਵਾ ਨਿਭਾਅ ਰਹੇ ਸਨ।
ਇਸ ਮੌਕੇ ਭਗਤ ਪੂਰਨ ਸਿੰਘ ਵੱਲੋਂ ਲਿਖੀਆਂ ਪੁਸਤਕਾਂ ਅਤੇ ਉਨ੍ਹਾਂ ਦੀ ਜੀਵਨੀ ਤੇ ਸੇਵਾ ਬਾਰੇ ਵੱਖ-ਵੱਖ ਲੇਖਕਾਂ ਵੱਲੋਂ ਪ੍ਰਕਾਸ਼ਿਤ ਕਰਵਾਈਆਂ ਗਈਆਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਇਹ ਪੁਸਤਕਾਂ ਸੰਗਤ ਦੇ ਪੜ੍ਹਨ ਲਈ ਭੇਟਾ ਰਹਿਤ ਰੱਖੀਆਂ ਗਈਆਂ ਸਨ। ਇਸ ਤੋਂ ਇਲਾਵਾ ਪਿੰਗਲਵਾੜਾ ਟਰੱਸਟ ਦੇ ਪ੍ਰਾਜੈਕਟਾਂ ਅਤੇ ਕੰਮਾਂ ਬਾਰੇ ਜਾਣਕਾਰੀ ਵਾਲੇ ਕਿਤਾਬਚੇ ਵੀ ਸੰਗਤ ਲਈ ਮੁਹੱਈਆ ਸਨ। ਪਿੰਗਲਵਾੜੇ ਦੀਆਂ ਗਤੀਵਿਧੀਆਂ ਸਬੰਧੀ ਇੱਕ ਬੈਨਰ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ।