ਪਰਮਜੀਤ ਢੀਂਗਰਾ
ਫੋਨ: +91-9417358120
ਮਨੁੱਖੀ ਭਾਂਡਿਆਂ ਦਾ ਇਤਿਹਾਸ ਬੜਾ ਦਿਲਚਸਪ ਤੇ ਪਾਏਦਾਰ ਹੈ। ਪਹਿਲਾਂ ਪਹਿਲ ਮਨੁੱਖ ਨੇ ਮਿੱਟੀ ਤੋਂ ਭਾਂਡੇ ਬਣਾਉਣੇ ਸਿੱਖੇ ਤੇ ਜਦੋਂ ਧਾਤਾਂ ਈਜਾਦ ਕਰ ਲਈਆਂ ਤਾਂ ਉਹਨੇ ਇਨ੍ਹਾਂ ਨੂੰ ਢਾਲ ਕੇ ਭਾਂਡੇ ਬਣਾ ਲਏ। ਲੋੜ ਅਨੁਸਾਰ ਇਨ੍ਹਾਂ ਦੇ ਆਕਾਰ, ਸੁਹਜ ਤੇ ਵਰਤੋਂ ਨੇ ਇਨ੍ਹਾਂ ਵਿੱਚ ਵੰਨ-ਸੁਵੰਨਤਾ ਲਿਆਂਦੀ। ਅੱਜ ਭਾਵੇਂ ਭਾਂਡੇ ਮਸ਼ੀਨਾਂ ਨਾਲ ਬਣਦੇ ਹਨ ਅਤੇ ਇਹ ਅਨੇਕਾਂ ਕਿਸਮਾਂ ਤੇ ਆਕਾਰਾਂ ਦੇ ਹਨ, ਪਰ ਮੁਢਲੇ ਭਾਂਡਿਆਂ ਵਿੱਚੋਂ ਜਿਸ ਨੇ ਆਪਣੀ ਸਰਦਾਰੀ ਕਾਇਮ ਰੱਖੀ, ਉਨ੍ਹਾਂ ਵਿੱਚ ਲੋਟੇ ਦਾ ਵਿਸ਼ੇਸ਼ ਸਥਾਨ ਹੈ। ਨਵੇਂ ਮਹਾਨ ਕੋਸ਼ ਅਨੁਸਾਰ ਲੋਟੇ ਦਾ ਅਰਥ ਹੈ-ਟਿੰਡ, ਭਾਂਡਾ, ਕੂਜ਼ਾ, ਗੜਵਾ; ਗੁਰਬਾਣੀ ਤੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਹੈ- ‘ਬਾਬਾ ਜਾਣੀ ਜਾਣ ਪੁਰਖ ਕੱਢਿਆ ਲੋਟਾ ਜਹਾ ਲੁਕਾਈ।’ (ਵਾਰ ਪਹਿਲੀ, ਪਉੜੀ 39), ‘ਗਲੀ ਜਿਨ੍ਹਾਂ ਜਪਮਾਲੀਆ, ਲੋਟੇ ਹੱਥ ਨਿਬਗ।’
ਪੰਜਾਬੀ ਕੋਸ਼ਾਂ ਅਨੁਸਾਰ- ਲੋਟਾ ਸੰ. ਲੋਠ=ਲੁੜਕਣਾ, ਮਿੱਟੀ ਦਾ ਗੜਵਾ, ਟਿੰਡ, ਪਿੱਤਲ ਦੀ ਧਾਤ ਦਾ ਗੜਵਾ, ਮਿੱਟੀ ਜਾਂ ਧਾਤ ਦਾ ਟੂਟੀਦਾਰ ਗੜਵਾ, ਗੰਗਾਸਾਗਰ, ਲੋਟੇ ਦੀ ਸ਼ਕਲ ਵਰਗੀ ਊਠ ਦੀ ਫੁਲਾ ਕੇ ਬਾਹਰ ਕੱਢੀ ਜੀਭ, ਲੁਹਾਰਾਂ ਦੀ ਇੱਕ ਗੋਤ, ਲੋਟੜੀ-ਨਿੱਕਾ ਲੋਟਾ ਜਾਂ ਗੜਵੀ। ਫਸਲ ਦੇ ਉਸ ਹਿੱਸੇ ਨੂੰ ਵੀ ਲੋਟਾ ਕਿਹਾ ਜਾਂਦਾ ਹੈ, ਜੋ ਪੀਰਾਂ, ਫਕੀਰਾਂ ਦੀਆਂ ਖਾਨਗਾਹਾਂ `ਤੇ ਖੈਰਾਤ ਵਜੋਂ ਦਿੱਤਾ ਜਾਂਦਾ ਹੈ। ਮੁਲਤਾਨ ਜ਼ਿਲ੍ਹੇ ਵਿੱਚ ਫ਼ਸਲਾਂ ਨੂੰ ਗਾਹੁਣ ਮਗਰੋਂ ਕੁਝ ਦਾਣੇ ਖਾਨਗਾਹਾਂ ਨੂੰ ਭੇਜੇ ਜਾਂਦੇ ਸਨ, ਖਾਸ ਤੌਰ `ਤੇ ਬਹਾਵਲਪੁਰ ਤੇ ਮਖ਼ਦੂਮ ਦੀਆਂ ਦਰਗਾਹਾਂ ਨੂੰ। ਇਸ ਅੰਨ ਨੂੰ ਲੋਟਾ ਕਿਹਾ ਜਾਂਦਾ ਸੀ ਤੇ ਇਹ ਇਸ ਆਸ ਨਾਲ ਦਿੱਤਾ ਜਾਂਦਾ ਸੀ ਕਿ ਉਨ੍ਹਾਂ `ਤੇ ਪੀਰਾਂ ਦੀ ਮਿਹਰ ਬਣੀ ਰਹੇ। ਮੀਆਂ ਵਾਲੀ ਇਲਾਕੇ ਵਿੱਚ ਲੋਟੇ ਦੀ ਸ਼ਕਲ ਦਾ ਇੱਕ ਸਾਜ ਵੀ ਪ੍ਰਚਲਤ ਰਿਹਾ ਹੈ। ਮਿੱਟੀ ਦੇ ਬਣੇ ਲੋਟੇ ਦੇ ਮੂੰਹ `ਤੇ ਝਿੱਲੀ ਚੜ੍ਹਾ ਦਿੱਤੀ ਜਾਂਦੀ ਸੀ। ਝਿੱਲੀ ਦੇ ਅੰਦਰੋਂ ਇੱਕ ਤੰਦੀ ਲੰਘਾ ਕੇ ਲੋਟੇ ਦੇ ਗਲ ਦੁਆਲੇ ਵਲੇਟ ਦਿੱਤੀ ਜਾਂਦੀ ਸੀ। ਇੱਕ ਹੋਰ ਤੰਦੀ ਝਿੱਲੀ ਦੇ ਉਤੇ ਬੰਨ੍ਹੀ ਜਾਂਦੀ ਸੀ। ਇਸ ਤੰਦੀ ਨਾਲ ਨਿੱਕੇ ਨਿੱਕੇ ਘੁੰਘਰੂ ਬੱਝੇ ਹੁੰਦੇ ਸਨ। ਇਸ ਸਾਜ ਨੂੰ ਖੱਬੀ ਕੱਛ ਵਿੱਚ ਦਬਾ ਕੇ ਸੱਜੀ ਹੱਥ ਵਿੱਚ ਡੰਡੀ ਫੜ ਕੇ ਵਜਾਇਆ ਜਾਂਦਾ ਸੀ। ਮੀਆਂ ਵਾਲੀ ਦੇ ਪਿੰਡਾਂ ਵਿੱਚ ਕਵੀਸ਼ਰ ਜਦੋਂ ਦੋਹੇ ਗਾਉਂਦੇ ਤਾਂ ਗਾਇਕ ਇਹੋ ਸਾਜ਼ ਵਜਾਉਂਦਾ ਸੀ। ਇਸ ਵਿੱਚੋਂ ਮੀਂਹ ਦੀਆਂ ਕਣੀਆਂ ਵਰਗੀ ਮਧੁਰ ਧੁਨੀ ਨਿਕਲਦੀ ਸੀ।
ਪੁਰਾਣੇ ਸਮਿਆਂ ਵਿੱਚ ਸੰਨਿਆਸੀ, ਵਿਰਕਤ ਲੋਕਾਂ ਕੋਲ ਲੋਟਾ ਜਾਂ ਲੋਟੀ ਜਾਂ ਲੋਟੜੀ ਅਕਸਰ ਹੁੰਦੀ ਸੀ। ਦਿਸ਼ਾ-ਮੈਦਾਨ ਜਾਣ ਵੇਲੇ ਵੀ ਇਹਦੀ ਵਰਤੋਂ ਕੀਤੀ ਜਾਂਦੀ ਸੀ। ਦਿਨ ਦੇ ਅਰੰਭ ਵੇਲੇ ਸਾਧੂ ਸੰਤ ਇਹਦੀ ਵਰਤੋਂ ਸੰਸਕਾਰਾਂ ਲਈ ਕਰਦੇ ਸਨ। ਮੁਸਲਮਾਨ ਵੁਜ਼ੂ ਕਰਨ ਲਈ ਇਹਦੀ ਵਰਤੋਂ ਕਰਦੇ ਸਨ। ਅੱਜ ਵੀ ਇਸ਼ਨਾਨ ਕਰਨ, ਸੂਰਜ ਨੂੰ ਅਰਘ ਦੇਣ, ਯਗੋਪਵੀਤ, ਕਲੇਵਾ, ਸੰਧਿਆਂ ਆਦਿ ਸੰਸਕਾਰਾਂ ਲਈ ਇਹ ਵਰਤਿਆ ਜਾਂਦਾ ਹੈ। ਕਈ ਵਿਦਵਾਨ ਇਹਦੀ ਵਿਓਤਪਤੀ ਸੰਸਕ੍ਰਿਤ ਦੀ ਕਿਰਿਆ ‘ਲੁਟੑ’ ਤੋਂ ਮੰਨਦੇ ਹਨ, ਜਿਸ ਵਿੱਚ ਲੁੜਕਣ, ਲੋਟਣ ਵਰਗੇ ਭਾਵ ਹਨ। ਲੁਟੑ ਦਾ ਅਰਥ ਹੈ- ਮੁਕਾਬਲਾ ਕਰਨਾ, ਪਿੱਛੇ ਵੱਲ ਧੱਕਣਾ। ਇਸ ਵਿੱਚ ਪਛਾੜਨ ਦਾ ਅਰਥ ਹੈ ਢਹਿਣਾ ਭਾਵ ਲੋਟਪੋਟ ਹੋਣਾ। ਲੁਟੑ ਜਾਂ ਲੋਟ ਵਿੱਚ ਜੋ ਲੁੜਕਣ ਦੀ ਕਿਰਿਆ ਹੈ, ਉਸ ਵਿੱਚ ਪਾਸਾ, ਕਰਵਟ, ਰੁਖ, ਢੰਗ, ਤਰੀਕਾ, ਠੀਕ, ਦਰੁਸਤ, ਸਹੀ, ਰੁਝਾਣ, ਝੁਕਾਓ, ਪਰਵਿਰਤੀ ਵਰਗੇ ਭਾਵ ਨਜ਼ਰ ਆਉਂਦੇ ਹਨ। ਇਸ ਨਾਲ ਜੁੜੇ ਕਈ ਮੁਹਾਵਰੇ ਵੀ ਮਿਲਦੇ ਹਨ- ਲੋਟ ਆਉਣਾ, ਲੋਟ ਸਿਰ, ਲੋਟ ਹੋਣਾ, ਲੋਟ ਕਰਨਾ, ਲੋਟ ਪੈਣਾ, ਲੋਟ ਬੈਠਣਾ; ਲੋਟਾ ਪੈਸੇ ਪਾਉਣ ਵਾਲੀ ਇੱਕ ਛੋਟੀ ਕੁੱਜੀ ਲਈ ਵੀ ਵਰਤਿਆ ਜਾਂਦਾ ਹੈ। ਬਿਰਜ ਲੋਟ, ਮਦਾਰੀਆਂ ਦੀ ਇੱਕ ਖੇਡ ਵੀ ਹੈ। ਇਸ ਤੋਂ ਬਣੇ ਸ਼ਬਦਾਂ ਵਿੱਚ ਲੋਟਕਾ-ਮਾਸ ਦਾ ਟੁਕੜਾ; ਲੋਟਣ-ਕੰਨਾਂ ਦਾ ਇੱਕ ਗਹਿਣਾ, ਕਬੂਤਰਾਂ ਦੀ ਇੱਕ ਕਿਸਮ, ਲੋਟਣਾ-ਕਲਾਬਾਜ਼ੀਆਂ ਖਾਣੀਆਂ, ਲੋਟਪੋਟ, ਲੋਟਨੀ ਆਦਿ ਸ਼ਾਮਲ ਹਨ।
ਕੁਝ ਵਿਦਵਾਨ ਲੋਟੇ ਦੀ ਵਿਓਤਪਤੀ ਸੰਸਕ੍ਰਿਤ ਦੇ ‘ਲੋਸ਼ਟ’ ਤੋਂ ਮੰਨਦੇ ਹਨ। ਆਪਟੇ ਕੋਸ਼ ਅਨੁਸਾਰ ਲੋਸ਼ਟ ਕਿਰਿਆ ਦਾ ਅਰਥ ਹੈ- ਢੇਰ ਲਾਉਣਾ, ਅੰਬਾਰ ਲਾਉਣਾ। ਇਸੇ ਤਰ੍ਹਾਂ ਲੋਸ਼ਟੂ ਦਾ ਅਰਥ ਹੈ- ਮਿੱਟੀ ਦਾ ਢੇਲਾ; ਪਰ ਇਸ ਕਿਰਿਆ ਤੋਂ ਵੀ ਲੋਟੇ ਦਾ ਅਰਥ ਸਪਸ਼ਟ ਨਹੀਂ ਹੁੰਦਾ। ਮਿੱਟੀ ਦੇ ਢੇਲੇ ਨਾਲ ਜੇ ਘੁਮਿਆਰ ਦੇ ਭਾਂਡੇ ਘੜਨ ਦੀ ਜੁਗਤ ਨੂੰ ਜੋੜੀਏ ਤਾਂ ਵੀ ਇਹਦੇ ਅਰਥ ਸਪਸ਼ਟ ਨਹੀਂ ਹੁੰਦੇ, ਕਿਉਂਕਿ ਲੋਟਾ ਵਧੇਰੇ ਕਰਕੇ ਧਾਤ ਦਾ ਹੀ ਬਣਿਆ ਮਿਲਦਾ ਹੈ। ਕੁਝ ਭਾਸ਼ਾਵਾਂ ਵਿੱਚ ਲੋਟਕਾ ਜਾਂ ਲੋਟੋ ਵਰਗੇ ਸ਼ਬਦਾਂ ਤੋਂ ਵੀ ਵਿਓਤਪਤੀ ਮੰਨੀ ਜਾਂਦੀ ਹੈ, ਪਰ ਵਧੇਰੇ ਕਰਕੇ ਇਸਨੂੰ ਲੁਟੑ ਜਾਂ ਲੋਟ ਕਿਰਿਆ ਨਾਲ ਜੋੜਨਾ ਵਧੇਰੇ ਤਰਕਸੰਗਤ ਜਾਪਦਾ ਹੈ। ਅਸਥਿਰ ਵਿਅਕਤੀ ਲਈ ਬੇਪੈਂਦੇ ਦਾ ਲੋਟਾ ਮੁਹਾਵਰਾ ਪ੍ਰਚਲਤ ਹੈ। ਲੋਟਾ-ਥਾਲੀ ਵਿਕਣਾ ਮੁਹਾਵਰਾ ਗਰੀਬੀ, ਨਿਰਧਨਤਾ ਲਈ ਹੈ। ਸਲੈਂਗ ਵਜੋਂ ਲੋਟਾ-ਪਰੇਡ ਸ਼ਬਦ ਦਸਤ ਲੱਗਣ ਲਈ ਵਰਤਿਆ ਜਾਂਦਾ ਹੈ, ਜਿਥੇ ਮਰੀਜ਼ ਨੂੰ ਵਾਰ ਵਾਰ ਹਾਜਤ ਲਈ ਜਾਣਾ ਪੈਂਦਾ ਹੈ। ਇਸ ਤਰ੍ਹਾਂ ਲੋਟਾ ਸ਼ਬਦ ਕਿਰਿਆ ਤੋਂ ਉਸਰ ਕੇ ਭਾਂਡੇ ਦੀ ਸ਼ਕਲ ਵਿੱਚ ਅੱਜ ਤੱਕ ਕਾਇਮ ਹੈ।