ਕੈਨੇਡਾ `ਚ ਪਰਵਾਸ ਬਾਰੇ ਬਰਖਿਲਾਫੀ ਦਾ ਆਲਮ

ਵਿਚਾਰ-ਵਟਾਂਦਰਾ

(ਮੀਡੀਆ ਵਿੱਚ ਪ੍ਰਕਾਸ਼ਿਤ ਵੇਰਵਿਆਂ `ਤੇ ਆਧਾਰਤ ਸੰਖੇਪ ਰਿਪੋਰਟ)
ਦਹਾਕਿਆਂ ਤੱਕ ਕੈਨੇਡਾ ਨੇ ਆਪਣੇ ਆਪ ਨੂੰ ਇੱਕ ਅਜਿਹੇ ਮੁਲਕ ਵਜੋਂ ਘੜਿਆ ਹੈ, ਜਿਸ ਦੇ ਦਰਵਾਜ਼ੇ ਪਰਵਾਸੀਆਂ ਲਈ ਖੁੱਲ੍ਹੇ ਹਨ। ਇਸ ਦੀਆਂ ਪਰਵਾਸ ਬਾਰੇ ਨੀਤੀਆਂ ਆਬਾਦੀ ਵਧਾਉਣ, ਮਜਦੂਰਾਂ ਦੀ ਘਾਟ ਨੂੰ ਭਰਨ ਅਤੇ ਸੰਸਾਰ ਭਰ ਦੇ ਤਣਾਅ ਵਾਲੇ ਮੁਲਕਾਂ ਤੋਂ ਭੱਜ ਕੇ ਆ ਰਹੇ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਦੇ ਮਨੋਰਥਾਂ ਨੂੰ ਪੂਰਾ ਕਰਨ ਵਾਲੀਆਂ ਰਹੀਆਂ ਹਨ; ਪਰ ਪਿਛਲੇ ਕੁਝ ਮਹੀਨਿਆਂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਹ ਕੈਨੇਡਾ ਵਿੱਚ ਪਰਵਾਸੀਆਂ ਦੀ ਗਿਣਤੀ ਵੱਡੇ ਪੱਧਰ ਉੱਤੇ ਘਟਾਉਣਾ ਚਾਹੁੰਦੇ ਹਨ। ਇਹ ਉਸ ਵੇਲੇ ਹੋ ਰਿਹਾ ਹੈ, ਜਦੋਂ ਕੈਨੇਡਾ ਦੇ ਲੋਕਾਂ ਦੀ ਸਮਾਜਿਕ ਸਹੂਲਤਾਂ ਤੱਕ ਪਹੁੰਚ ਪ੍ਰਭਾਵਿਤ ਹੋਈ ਹੈ ਅਤੇ ਲੋਕ ਵੱਧ ਖਰਚੇ ਤੇ ਮਹਿੰਗੇ ਘਰਾਂ ਦੇ ਸੰਕਟ ਨਾਲ ਜੂਝ ਰਹੇ ਹਨ। ਇਹ ਕੈਨੇਡਾ ਅਤੇ ਟਰੂਡੋ- ਦੋਵਾਂ ਲਈ ਵੱਡੀ ਤਬਦੀਲੀ ਹੈ।

ਜ਼ਿਕਰਯੋਗ ਹੈ ਕਿ ਟਰੂਡੋ ਸਾਲ 2015 ਵਿੱਚ ਸਭਿਆਚਾਰਕ ਵੰਨ-ਸੁਵੰਨਤਾ ਨੂੰ ਅਪਣਾਉਣ ਅਤੇ ਇਸ ਨੂੰ ਕੈਨੇਡੀਆਈ ਪਛਾਣ ਦਾ ਮੁੱਖ ਅੰਗ ਬਣਾਉਣ ਦੀ ਗੱਲ ਲੈ ਕੇ ਅੱਗੇ ਆਏ ਸਨ। ਉਨ੍ਹਾਂ ਦੀ ਸਰਕਾਰ ਆਰਥਿਕ ਵਿਕਾਸ ਲਈ ਪਰਵਾਸ ਵਧਾਉਣ ਉੱਤੇ ਕੇਂਦਰਤ ਰਹੀ ਹੈ। ਹੁਣ ਕੈਨੇਡਾ ਵਿੱਚ ਟਰੂਡੋ ਵਿਰੋਧ ਅਤੇ ਲੋਕਾਂ ਦੇ ਰੋਸ ਦਾ ਸਾਹਮਣਾ ਕਰ ਰਹੇ ਹਨ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਕੈਨੇਡਾ ਲਈ ਆਪਣੀ ਆਬਾਦੀ ਨੂੰ ‘ਸਥਿਰ’ ਕਰਨਾ ਜ਼ਰੂਰੀ ਹੈ ਤਾਂ ਜੋ ਸਰਕਾਰੀ ਢਾਂਚਾ ਉਸ ਹਿਸਾਬ ਨਾਲ ਵਧ ਸਕੇ। ਇਸੇ ਸਬੰਧੀ ਪਿਛਲੇ ਦਿਨੀਂ ਜਸਟਿਨ ਟਰੂਡੋ ਅਤੇ ਪਰਵਾਸ ਮੰਤਰੀ ਮਾਰਕ ਮਿਲਰ ਨੇ ਪਰਵਾਸ ਵਿੱਚ ਵੱਡੀ ਕਟੌਤੀ ਦੇ ਅੰਕੜੇ ਪੇਸ਼ ਕੀਤੇ, ਜਿਸ ਮੁਤਾਬਕ ਕੈਨੇਡਾ ਸਾਲ 2025 ਵਿੱਚ ਸਥਾਈ ਵਸਨੀਕਾਂ ਦੀ ਗਿਣਤੀ 21 ਫ਼ੀਸਦ ਘਟਾਏਗਾ।
ਕੈਨੇਡਾ ਵੱਲੋਂ ਅਸਥਾਈ ਵਸਨੀਕ ਪ੍ਰੋਗਰਾਮਾਂ ਵਿੱਚ ਵੀ ਕਟੌਤੀ ਕੀਤੀ ਗਈ ਹੈ, ਜਿਸ ਵਿੱਚ ਅਸਥਾਈ ਵਿਦੇਸ਼ੀ ਕਾਮੇ ਅਤੇ ਕੌਮਾਂਤਰੀ ਵਿਦਿਆਰਥੀ ਸ਼ਾਮਲ ਹਨ। ਟਰੂਡੋ ਨੇ ਇਹ ਮੰਨਿਆ ਕਿ ਉਨ੍ਹਾਂ ਦੀ ਸਰਕਾਰ ਸਹੀ ਸਮਤੋਲ ਨਹੀਂ ਬਣਾ ਸਕੀ। ਇਸ ਨੇ ਕੋਵਿਡ-19 ਮਹਾਂਮਾਰੀ ਤੋਂ ਬਾਅਦ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਵੱਡੀ ਗਿਣਤੀ ਵਿੱਚ ਅਸਥਾਈ ਵਸਨੀਕਾਂ ਨੂੰ ਦਾਖ਼ਲਾ ਦਿੱਤਾ; ਪਰ ਹੁਣ ਕੈਨੇਡੀਆਈ ਪਰਵਾਸ ਪ੍ਰਬੰਧ ਨੂੰ ‘ਸਥਿਰ’ ਕਰਨ ਦੀ ਲੋੜ ਹੈ। ਸਰਕਾਰ ਦਾ ਇਹ ਐਲਾਨ ਕੈਨੇਡਾ ਵਿੱਚ ਪਰਵਾਸ ਪ੍ਰਤੀ ਲੋਕਾਂ ਵਿੱਚ ਸਮਰਥਨ ਘਟਣ ਤੋਂ ਬਾਅਦ ਆਇਆ ਹੈ।
ਤੱਥ ਸਾਹਮਣੇ ਆ ਰਹੇ ਹਨ ਕਿ ਦਸ ’ਚੋਂ ਛੇ ਕੈਨੇਡੀਅਨ ਪਰਵਾਸੀਆਂ ਖ਼ਿਲਾਫ਼ ਹਨ ਅਤੇ 43 ਫੀਸਦ ਕੈਨੇਡੀਅਨ ਦਾ ਮੰਨਣਾ ਕਿ ਪਰਵਾਸੀਆਂ ’ਚ ਫ਼ਰਜ਼ੀ ਸ਼ਰਨਾਰਥੀ ਵੀ ਸ਼ਾਮਲ ਹਨ। ਇਹ ਖੁਲਾਸਾ ਐਨਵਾਇਰੌਨਿਕਸ ਸੰਸਥਾ ਦੇ ਸਰਵੇਖਣ ਵਿੱਚ ਹੋਇਆ ਹੈ। ਸਰਵੇਖਣ ਮੁਤਾਬਕ ਕੈਨੇਡਾ ਵਿੱਚ ਪਰਵਾਸੀਆਂ ਲਈ ਜਨਤਕ ਸਹਿਯੋਗ ਘਟ ਰਿਹਾ ਹੈ। ‘ਦਿ ਏਸ਼ੀਅਨ ਪੈਸੇਫਿਕ ਪੋਸਟ’ ਦੀ ਖ਼ਬਰ ਮੁਤਾਬਕ ਐਨਵਾਇਰੌਨਿਕਸ ਸੰਸਥਾ ਵੱਲੋਂ ਇਮੀਗ੍ਰੇਸ਼ਨ ਦੇ ਵਿਸ਼ੇ ’ਤੇ ਕਰਵਾਏ ਗਏ ਦੇਸ਼ ਦੇ ਸਭ ਤੋਂ ਲੰਬੇ ਸਰਵੇਖਣ ਮੁਤਾਬਕ ਦਸ ਵਿੱਚੋਂ ਤਕਰੀਬਨ ਛੇ (58 ਫ਼ੀਸਦ) ਕੈਨੇਡੀਆਈ ਨਾਗਰਿਕਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਕਾਫੀ ਜ਼ਿਆਦਾ ਪਰਵਾਸੀ ਹੋ ਗਏ ਹਨ। ਸਰਕਾਰੀ ਡੇਟਾ ਮੁਤਾਬਕ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਪਿਛਲੇ ਪੰਜ ਸਾਲਾਂ ਵਿੱਚ ਦੁੱਗਣੀ ਹੋ ਗਈ ਹੈ।
ਸਰਵੇਖਣ ਰਿਪੋਰਟ ਮੁਤਾਬਕ “ਦੇਸ਼ ਵਿੱਚ 2023 ਤੋਂ ਹੁਣ ਤੱਕ ਪਰਵਾਸੀਆਂ ਦੀ ਗਿਣਤੀ ਵਿੱਚ 14 ਫੀਸਦ ਪੁਆਇੰਟ ਦਾ ਵਾਧਾ ਹੋਇਆ ਹੈ, ਜੋ ਕਿ ਪਿਛਲੇ ਸਾਲ (2022-23) ਨਾਲੋਂ 17 ਪੁਆਇੰਟ ਜ਼ਿਆਦਾ ਹੈ।” ਸਰਵੇਖਣ ਖੋਜ ਬਾਰੇ ਐਨਵਾਇਰੌਨਿਕਸ ਸੰਸਥਾ ਨੂੰ ਜਨਤਕ ਰਾਏ ਲੈਣ ਅਤੇ ਕੈਨੇਡਾ ਦਾ ਭਵਿੱਖ ਤੈਅ ਕਰਨ ਬਾਰੇ ਮੁੱਦਿਆਂ ’ਤੇ ਸਮਾਜਿਕ ਖੋਜ ਕਰਨ ਲਈ ਸਾਲ 2006 ਵਿੱਚ ਮਾਈਕਲ ਐਡਮਜ਼ ਨੇ ਸਥਾਪਤ ਕੀਤਾ ਸੀ। ਸੰਸਥਾ ਨੇ ਆਪਣੀ ਵੈੱਬਸਾਈਟ ’ਤੇ ਕਿਹਾ ਹੈ, “ਅਜਿਹੀ ਖੋਜ ਰਾਹੀਂ ਕੈਨੇਡਿਆਈ ਨਾਗਰਿਕ ਆਪਣੇ ਆਪ ਨੂੰ ਅਤੇ ਉਨ੍ਹਾਂ ਦੇ ਬਦਲ ਰਹੇ ਸਮਾਜ ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਹਨ।” ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਿਛਲੇ ਇੱਕ ਸਾਲ ਤੋਂ ਅਜਿਹੇ ਕੈਨੇਡੀਆਈ ਨਾਗਰਿਕਾਂ ਦੀ ਗਿਣਤੀ (43 ਫੀਸਦ) ਵਧੀ ਹੈ, ਜਿਨ੍ਹਾਂ ਦਾ ਮੰਨਣਾ ਹੈ ਕਿ ਕਈ ਲੋਕ ਜੋ ਕਿ ਸ਼ਰਨਾਰਥੀ ਹੋਣ ਦਾ ਦਾਅਵਾ ਕਰਦੇ ਹਨ, ਅਸਲੀ ਸ਼ਰਨਾਰਥੀ ਨਹੀਂ ਹਨ ਅਤੇ ਕਾਫੀ ਜ਼ਿਆਦਾ ਪਰਵਾਸੀ ਕੈਨੇਡਾ ਦੀਆਂ ਕਦਰਾਂ ਕੀਮਤਾਂ ਨਹੀਂ ਅਪਣਾ ਰਹੇ ਹਨ। ਦੋਵੇਂ ਮਾਮਲਿਆਂ ਵਿੱਚ ਚਿੰਤਾਵਾਂ ਵਿੱਚ ਇੱਕ ਜ਼ਿਕਰਯੋਗ ਵਾਧਾ ਹੋਇਆ ਹੈ, ਜੋ ਕਿ ਪਿਛਲੇ ਕਈ ਸਾਲਾਂ ਤੋਂ ਸਥਿਰ ਸੀ।
ਸਰਵੇਖਣ ਮੁਤਾਬਕ 1977 ਵਿੱਚ ਫੋਕਸ ਕੈਨੇਡਾ ਨੇ ਜਦੋਂ ਇਹ ਸਵਾਲ ਪੁੱਛਣਾ ਸ਼ੁਰੂ ਕੀਤਾ ਸੀ, ਉਦੋਂ ਤੋਂ ਪਿਛਲੇ ਦੋ ਸਾਲਾਂ ਵਿੱਚ ਬੜੀ ਤੇਜ਼ੀ ਨਾਲ ਬਦਲਾਅ ਆਇਆ ਹੈ, ਜੋ ਇਹ ਦਰਸਾਉਂਦਾ ਹੈ ਕਿ ਜ਼ਿਆਦਾਤਰ ਕੈਨੇਡੀਆਈ ਨਾਗਰਿਕਾਂ ਦਾ ਕਹਿਣਾ ਹੈ ਕਿ 1998 ਤੋਂ ਲੈ ਕੇ ਹੁਣ ਤੱਕ ਇਮੀਗ੍ਰੇਸ਼ਨ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਹੈ। ਸਰਵੇਖਣ ਮੁਤਾਬਕ ਪਿਛਲੇ 25 ਸਾਲਾਂ ਵਿੱਚ ਪਹਿਲੀ ਵਾਰ ਜ਼ਿਆਦਾਤਰ ਕੈਨੇਡੀਆਈ ਨਾਗਰਿਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਦੇਸ਼ ਵਿੱਚ ਕਾਫੀ ਜ਼ਿਆਦਾ ਪਰਵਾਸੀ ਹੋ ਗਏ ਹਨ। ਇਹ ਰੁਝਾਨ ਦੇਸ਼ ਭਰ ਵਿੱਚ ਵਧਿਆ ਹੈ, ਪਰ ਸਭ ਤੋਂ ਜ਼ਿਆਦਾ ਕੈਨੇਡਾ ਦੇ ਮੈਦਾਨੀ (ਪ੍ਰੇਅਰੀ) ਸੂਬਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਸੂਬਿਆਂ ਵਿੱਚ ਐਲਬਰਟਾ, ਸਸਕੈਚਵਿਨ ਅਤੇ ਮਿਨੀਟੋਬਾ ਸ਼ਾਮਲ ਹਨ। ਇਹ ਰੁਝਾਨ ਸਭ ਤੋਂ ਘੱਟ ਕਿਊਬਿਕ ਵਿੱਚ ਦੇਖਣ ਨੂੰ ਮਿਲ ਰਿਹਾ ਹੈ।
ਰਿਪੋਰਟ ਮੁਤਾਬਕ ਕੰਜ਼ਰਵੇਟਿਵ ਪਾਰਟੀ ਦੇ ਜ਼ਿਆਦਾਤਰ ਸਮਰਥਕਾਂ (ਹੁਣ 80 ਫੀਸਦ) ਦਾ ਮੰਨਣਾ ਹੈ ਕਿ ਦੇਸ਼ ਵਿੱਚ ਕਾਫੀ ਪਰਵਾਸੀ ਹੋ ਗਏ ਹਨ, ਜਦਕਿ ਲਿਬਰਲ ਪਾਰਟੀ ਦੇ 45 ਫੀਸਦ ਤੇ ਐੱਨ.ਡੀ.ਪੀ. ਦੇ 36 ਫੀਸਦ ਸਮਰਥਕਾਂ ਦਾ ਵੀ ਇਹੀ ਮੰਨਣਾ ਹੈ। ਇਮੀਗ੍ਰੇਸ਼ਨ ਨੂੰ ਨਕਾਰਨ ਦੇ ਕਾਰਨਾਂ ਬਾਰੇ ਕੈਨੇਡੀਆਈ ਨਾਗਰਿਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚਿੰਤਾ ਹੈ, ਨਵੇਂ ਆਉਣ ਵਾਲੇ ਪਰਵਾਸੀ ਰਿਹਾਇਸ਼ ਤੇ ਮਹਿੰਗਾਈ ਨਾਲ ਕਿਵੇਂ ਨਜਿੱਠਣਗੇ? ਇਸ ਤੋਂ ਇਲਾਵਾ ਦੇਸ਼ ਵਿੱਚ ਹੱਦੋਂ ਵੱਧ ਆਬਾਦੀ ਹੋਣ ਨਾਲ ਜਨਤਕ ਵਿੱਤ ’ਤੇ ਬੋਝ ਵਧੇਗਾ।
ਇੰਸਟੀਟਿਊਟ ਦਾ ਕਹਿਣਾ ਹੈ ਕਿ ਕੈਨੇਡੀਆਈ ਲੋਕਾਂ ਵਿੱਚ ਆਏ ਬਦਲਾਅ ਘਰਾਂ ਦੀ ਘਾਟ ਕਾਰਨ ਹੋਏ ਹਨ; ਪਰ ਆਰਥਿਕਤਾ, ਵਧਦੀ ਆਬਾਦੀ ਅਤੇ ਇਮੀਗ੍ਰੇਸ਼ਨ ਸਿਸਟਮ ਕਿਵੇਂ ਚਲਾਇਆ ਜਾ ਰਿਹਾ ਹੈ! ਇਹ ਵੀ ਵੱਡੇ ਕਾਰਨ ਹਨ। ਅਕਤੂਬਰ ਦੇ ਨਿਊਜ਼ਲੈਟਰ ਵਿੱਚ ਅਬੇਕਸ ਡੇਟਾ ਵਿੱਚ ਮਾਹਰ ਡੇਵਿਡ ਕੋਲੇਟਾ ਨੇ ਕਿਹਾ ਕਿ ਪਰਵਾਸ ਦਾ ਮੁੱਦਾ ਅਗਲੇ ਸਾਲ ਫੈਡਰਲ ਅਤੇ ਸੂਬਾਈ ਚੋਣਾਂ ਵਿਚਲੇ ਅਹਿਮ ਮੁੱਦਿਆਂ ਵਿੱਚ ਹੋਵੇਗਾ। ਡੇਟਾ ਮੁਤਾਬਕ ਸ਼ਰਨਾਰਥੀਆਂ ਦੇ ਮੁੜ ਵਸੇਬੇ ਵਿੱਚ ਇਸ ਨੇ ਸੰਸਾਰ ਦੀ ਅਗਵਾਈ ਕੀਤੀ ਹੈ ਅਤੇ ਕੈਨੇਡਾ ਨੇ ਪਿਛਲੇ 50 ਸਾਲਾਂ ਵਿੱਚ ਅਜਿਹੇ ਮੁਲਕ ਵਜੋਂ ਆਪਣਾ ਨਾਂ ਬਣਾਇਆ ਹੈ, ਜੋ ਪਰਵਾਸੀਆਂ ਨੂੰ ‘ਜੀ ਆਇਆਂ ਨੂੰ’ ਕਹਿੰਦੇ ਹਨ।
ਸਾਲ 1988 ਵਿੱਚ ਪਾਸ ਕੀਤਾ ਗਿਆ ਕੈਨੇਡੀਆਈ ਮਲਟੀਕਲਚਰਿਜ਼ਮ ਐਕਟ ਵੰਨ-ਸੁਵੰਨਤਾ ਨੂੰ ਕੈਨੇਡਾ ਦੀ ਪਛਾਣ ਦਾ ਅੰਗ ਮੰਨਦਾ ਹੈ। ਇਸ ਦੀ ਵੰਨ-ਸੁਵੰਨੀ ਵਿਰਾਸਤ ਨੂੰ ਸੰਵਿਧਾਨ ਵਿੱਚ ਸੁਰੱਖਿਆ ਹਾਸਲ ਹੈ। ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਮਾਕਿਲ ਡੋਨੈਲੀ ਦੱਸਦੇ ਹਨ, “1990 ਵਿਆਂ ਤੋਂ ਲੈ ਕੇ ਕੈਨੇਡੀਆਈ ਦਾ ਵਤੀਰਾ ਪਰਵਾਸ ਪੱਖੀ ਰਿਹਾ ਹੈ।”
ਸਾਲ 2019 ਦੀ ‘ਪਿਊ ਰਿਸਰਚ ਰਿਪੋਰਟ’ ਵਿੱਚ ਸਾਹਮਣੇ ਆਇਆ ਸੀ ਕਿ ਪਰਵਾਸ ਵਾਲੇ ਸਿਖਰਲੇ 10 ਮੁਲਕਾਂ ਵਿੱਚੋਂ ਕੈਨੇਡਾ ਪਰਵਾਸ ਬਾਰੇ ਸਭ ਤੋਂ ਵੱਧ ਸਕਾਰਾਤਮਕ ਸੀ। ਕੈਨੇਡੀਆਈ ਵੋਟਰਾਂ ਵਿੱਚ ਵੱਡੀ ਗਿਣਤੀ ਵਿੱਚ ਪਰਵਾਸੀ ਹਨ, ਜੋ ਵੱਡੀਆਂ ਸਿਆਸੀ ਪਾਰਟੀਆਂ ਨੂੰ ਪਰਵਾਸ ਵਿਰੋਧੀ ਸਟੈਂਡ ਲੈਣ ਤੋਂ ਰੋਕਦੀ ਹੈ। ਇਸ ਤੋਂ ਇਲਾਵਾ ਕੈਨੇਡਾ ਨੇ ਬੇਕਾਬੂ ਪਰਵਾਸ ਕਾਰਨ ਹੋਣ ਵਾਲੀਆਂ ਮੁਸ਼ਕਲਾਂ ਨੂੰ ਵੀ ਅਨੁਭਵ ਨਹੀਂ ਕੀਤਾ; ਕਿਉਂਕਿ ਕੈਨੇਡਾ ਤਿੰਨ ਸਮੁੰਦਰਾਂ ਨਾਲ ਘਿਰਿਆ ਹੋਇਆ ਹੈ ਅਤੇ ਇਸ ਦੇ ਦੱਖਣ ਵਿੱਚ ਅਮਰੀਕਾ ਹੈ। ਇੱਥੋਂ ਦਾ ‘ਇਮੀਗ੍ਰੇਸ਼ਨ ਸਿਸਟਮ’ ਲੋਕਾਂ ਵੱਲੋਂ ਪਾਰਦਰਸ਼ੀ ਅਤੇ ਨਿਯਮਬੱਧ ਵਜੋਂ ਦੇਖਿਆ ਜਾਂਦਾ ਸੀ।
ਕੈਨੇਡਾ ਵੱਲੋਂ ਸਾਲ 2016 ਵਿੱਚ ਮੈਕਸੀਕੋ ਤੋਂ ਆਉਣ ਵਾਲੇ ਸੈਲਾਨੀਆਂ ਲਈ ਵੀਜ਼ਾ ਦੀ ਲੋੜ ਹਟਾਏ ਜਾਣ ਤੋਂ ਬਾਅਦ ਕੈਨੇਡਾ ਵਿੱਚ ਸ਼ਰਨ ਦੀਆਂ ਅਪੀਲਾਂ ਵਿੱਚ ਵਾਧਾ ਹੋਇਆ, ਜਿਸ ਮਗਰੋਂ ਕੈਨੇਡਾ ਨੇ ਇਹ ਰੋਕਾਂ ਪਿਛਲੇ ਸਾਲ ਫਿਰ ਲਗਾ ਦਿੱਤੀਆਂ। ਕੈਨੇਡੀਆਈ ਮੀਡੀਆ ਨੇ ਵੀ ਇਹ ਰਿਪੋਰਟਾਂ ਛਾਪੀਆਂ ਕਿ ਕੁਝ ਕੌਮਾਂਤਰੀ ਵਿਦਿਆਰਥੀ ਆਪਣੇ ਅਸਥਾਈ ਵੀਜ਼ਾ ਨੂੰ ਕੈਨੇਡਾ ਵਿੱਚ ਪੱਕੀ ਸ਼ਰਨ ਲੈਣ ਲਈ ਵਰਤ ਰਹੇ ਹਨ। ਇਸ ਰੁਝਾਨ ਨੂੰ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ‘ਚਿੰਤਾਜਨਕ’ ਵੀ ਦੱਸਿਆ ਸੀ।
ਇਨ੍ਹਾਂ ਤੇ ਹੋਰ ਘਟਨਾਵਾਂ ਨੇ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਪਰਵਾਸ ਸਰਕਾਰ ਦੇ ਕਾਬੂ ਤੋਂ ਬਾਹਰ ਹੋ ਗਿਆ ਹੈ। ਕੈਨੇਡਾ ਵਿੱਚ ਘਰਾਂ ਦੇ ਸੰਕਟ ਨੇ ਵੀ ਇਨ੍ਹਾਂ ਚਿੰਤਾਵਾਂ ਨੂੰ ਵਧਾਇਆ। ਘਰਾਂ ਦੀ ਘਾਟ ਨੇ ਕਈ ਲੋਕਾਂ ਲਈ ਕਿਰਾਏ ਅਤੇ ਘਰਾਂ ਦੇ ਮੁੱਲ ਵਧਾ ਦਿੱਤੇ ਹਨ। ਕੈਨੇਡਾ ਵਿੱਚ ਪਰਵਾਸ ਬਾਰੇ ਕੁਝ ਨਸਲੀ ਬਿਆਨਬਾਜ਼ੀ ਵੀ ਸਾਹਮਣੇ ਆਈ ਹੈ। ਕੈਨੇਡਿਆਈ ਲੋਕਾਂ ਦਾ ਬਦਲ ਰਿਹਾ ਵਤੀਰਾ ਯੂਰਪੀ ਮੁਲਕਾਂ ਤੇ ਅਮਰੀਕਾ ਵਿੱਚ ਦਿਖਦੀਆਂ ਭਾਵਨਾਵਾਂ ਕਰਕੇ ਨਹੀਂ ਹੈ; ਪਰ ਇਸ ਦਾ ਕਾਰਨ ਕੈਨੇਡਾ ਦੇ ਲੋਕਾਂ ਦਾ ਕੈਨੇਡਾ ਵਿੱਚ ਪਰਵਾਸ ਨੂੰ ਕਾਬੂ ਹੇਠ ਲਿਆਉਣ ਦੀ ਚਾਹ ਹੈ।

Leave a Reply

Your email address will not be published. Required fields are marked *