ਕੈਨੇਡਾ ਦੇ ਹਿੰਦੂ-ਸਿੱਖ ਭਾਈਚਾਰਿਆਂ ਵਿਚਕਾਰ ਵਿਵਾਦ ਤਿੱਖਾ ਹੋਇਆ

ਖਬਰਾਂ ਵਿਚਾਰ-ਵਟਾਂਦਰਾ

ਬਰੈਂਪਟਨ ਵਿੱਚ ਮੰਦਰ ‘ਤੇ ਹਮਲੇ ਦਾ ਮਾਮਲਾ
ਜਸਵੀਰ ਸਿੰਘ ਸ਼ੀਰੀ
ਕੈਨੇਡਾ ਦੇ ਓਂਟਾਰੀਓ ਸ਼ਹਿਰ ਦੇ ਨੀਮ ਸ਼ਹਿਰੀ (ਸਬਅਰਬ) ਇਲਾਕੇ ਬਰੈਂਪਟਨ ਵਿਖੇ ਹਿੰਦੂ ਸਭਾ ਮੰਦਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਸਿੱਖ ਰੈਡੀਕਲ ਧਿਰਾਂ ਦੇ ਕਾਰਕੁੰਨਾਂ ਅਤੇ ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਨੂੰ ਮਿਲਣ ਲਈ ਇਕੱਤਰ ਹੋਏ ਲੋਕਾਂ ਵਿਚਾਲੇ ਬੀਤੇ ਐਤਵਾਰ ਜੋ ਝੜਪਾਂ ਹੋਈਆਂ, ਉਨ੍ਹਾਂ ਬਾਰੇ ਸਮੁੱਚੇ ਸੋਸ਼ਲ ਮੀਡੀਆ ਤੇ ਭਾਰਤੀ ਮੀਡੀਆ ਵਿੱਚ ਇੱਕ ਵਿਆਪਕ ਚਰਚਾ ਹੋ ਰਹੀ ਹੈ। ਹਿੰਦੂ ਮੰਦਰ ਦੇ ਬਾਹਰ ਖਾਲਿਸਤਾਨੀ ਵਿਰੋਧੀ ਧਿਰਾਂ ਵੱਲੋਂ ਅਗਲੇ ਦਿਨ ਵੀ ਪ੍ਰਦਰਸ਼ਨ ਕੀਤਾ ਗਿਆ, ਪਰ ਇਸ ਪ੍ਰਦਰਸ਼ਨ ਵਿੱਚ ਹਥਿਆਰਾਂ ਦੀ ਮੌਜੂਦਗੀ ਕਾਰਨ ਪੀਲ ਰੀਜਨ ਪੁਲਿਸ ਵੱਲੋਂ ਇਸ ਪ੍ਰਦਰਸ਼ਨ ਨੂੰ ਰੋਕ ਦਿੱਤਾ ਗਿਆ।

ਮੀਡੀਆ ਚਰਚਾ ਵਿੱਚ ਮੁੱਖ ਰੂਪ ਵਿੱਚ ਇਹ ਗੱਲ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਬਰੈਂਪਟਨ ਦੇ ਇਸ ਹਿੰਦੂ ਮੰਦਰ ਵਿੱਚ ਟਰਾਂਟੋ ਦੇ ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਨੇ ਲੋਕਾਂ ਦੇ ਛੋਟੇ-ਵੱਡੇ ਮਸਲੇ ਸੁਲਝਾਉਣ ਲਈ ਇੱਕ ਕੈਂਪ ਦਾ ਆਯੋਜਨ ਕੀਤਾ ਸੀ। ਸਿੱਖ ਕਾਰਕੁੰਨ ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਖਿਲਾਫ ਪ੍ਰਦਰਸ਼ਨ ਕਰਨ ਲਈ ਮੰਦਰ ਦੇ ਬਾਹਰ ਇਕੱਠੇ ਹੋਏ ਸਨ। ਇਸ ਵਿਖਾਵੇ ਵਿਰੁਧ ਮੰਦਰ ਦੀ ਮੈਨੇਜਮੈਂਟ ਦੇ ਅਧਿਕਾਰੀ ਅਤੇ ਇੱਥੇ ਇਕੱਤਰ ਹੋਏ ਹਿੰਦੂ ਭਾਈਚਾਰੇ ਦੇ ਲੋਕ ਵੀ ਸਮਾਨੰਤਰ ਪ੍ਰਦਰਸ਼ਨ ਕਰਨ ਲੱਗੇ। ਇੰਜ ਦੋਹਾਂ ਧਿਰਾਂ ਵਿਚਕਾਰ ਜਿਹੜੀ ਨਾਹਰੇਬਾਜ਼ੀ ਹੋਈ, ਉਹ ਆਪਸੀ ਹੱਥੋਪਾਈ ਵਿੱਚ ਪਲਟ ਗਈ। ਘਟਨਾ ਇੰਨੀ ਕੁ ਹੀ ਹੈ ਅਤੇ ਖ਼ਬਰਾਂ ਨੂੰ ਸਨਸਨੀਖੇਜ ਬਣਾਉਣ ਦੇ ਮਾਹਿਰ ਮੀਡੀਏ ਵੱਲੋਂ ਇਸ ਨੂੰ ਹਿੰਦੂ ਸਭਾ ਮੰਦਰ ‘ਤੇ ਹਮਲੇ ਦਾ ਨਾਂ ਦਿੱਤਾ ਜਾ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਪੀਲ ਖੇਤਰ ਦੀ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਖਾਲਿਸਤਾਨੀ ਧਿਰਾਂ ਨਾਲ ਪ੍ਰਦਰਸ਼ਨ ਕਰ ਰਹੇ ਇੱਕ ਪੰਜਾਬੀ ਪੁਲਿਸ ਮੁਲਾਜ਼ਮ ਨੂੰ ਮੁਅਤੱਲ ਕਰ ਦਿੱਤਾ ਗਿਆ ਹੈ। ਇੱਕ ਵੀਡੀਓ `ਚ ਪੰਜਾਬੀ ਪੁਲਿਸ ਮੁਲਾਜ਼ਮ ਨੂੰ ਹਿੰਦੂ ਮੰਦਰ ਦੇ ਬਾਹਰ ਖਾਲਿਸਤਾਨ ਪੱਖੀ ਪ੍ਰਦਰਸ਼ਨ ਵਿੱਚ ਹਿੱਸਾ ਲੈਂਦੇ ਹੋਏ ਦਿਖਾਇਆ ਗਿਆ ਹੈ। ਇਸ ਅਧਿਕਾਰੀ ਨੂੰ ‘ਕਮਿਊਨਿਟੀ ਸੇਫਟੀ ਐਂਡ ਪੁਲਿਸਿੰਗ ਐਕਟ’ ਦੇ ਤਹਿਤ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰਦਰਸ਼ਨ ਵੇਲੇ ਇਹ ਮੁਲਾਜ਼ਮ ਡਿਊਟੀ ‘ਤੇ ਨਹੀਂ ਸੀ।
ਇੱਕ ਪਾਸੇ ਇਕੱਤਰ ਹੋਈਆਂ ਰੈਡੀਕਲ ਸਿੱਖ ਧਿਰਾਂ ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਖਿਲਾਫ ਨਾਹਰੇਬਾਜ਼ੀ ਕਰ ਰਹੀਆਂ ਸਨ, ਦੂਜੇ ਪਾਸੇ ਖਾਲਿਸਤਾਨੀ ਧਿਰਾਂ, ਕੁਝ ਸਮਾਂ ਪਹਿਲਾਂ ਕਤਲ ਕੀਤੇ ਗਏ ਇੱਕ ਖਾਲਿਸਤਾਨੀ ਕਾਰਕੁੰਨ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਕਰ ਰਹੀਆਂ ਸਨ। ਇੱਥੇ ਇਕੱਤਰ ਹੋਏ ਹਿੰਦੂ ਭਾਈਚਾਰੇ ਦੇ ਲੋਕ ਖਾਲਿਸਤਾਨੀਆਂ ਖਿਲਾਫ ਨਾਹਰੇਬਾਜ਼ੀ ਕਰਨ ਲੱਗੇ। ਇਸ ਦੌਰਾਨ ਵਾਪਰੀ ਤਲਖੀ ਵਿੱਚ ਦੋਨੋ ਧਿਰਾਂ ਨੇ ਇੱਕ ਦੂਜੇ ਦੇ ਝੰਡਿਆਂ ਦਾ ਪੈਰਾਂ ਵਿੱਚ ਰੋਲ ਕੇ ਅਪਮਾਨ ਵੀ ਕੀਤਾ। ਹਿੰਦੂ ਗੁੱਟ ਨੇ ਲਾਰੈਂਸ ਬਿਸ਼ਨੋਈ ਜ਼ਿੰਦਾਬਾਦ ਦੇ ਨਾਹਰੇ ਲਾਏ! ਇਹ ਸਾਰਾ ਕੁਝ ਸਾਹਮਣੇ ਆਈ ਵੀਡੀਓਜ਼ ਅਤੇ ਅਖ਼ਬਾਰੀ ਰਿਪੋਰਟਾਂ ਵਿੱਚ ਸਾਹਮਣੇ ਆ ਹੀ ਗਿਆ ਹੈ।
ਜਿੱਥੋਂ ਤੱਕ ਭਾਰਤੀ ਕੌਂਸਲਖਾਨੇ ਖਿਲਾਫ ਸ਼ਾਂਤਮਈ ਪ੍ਰਦਰਸ਼ਨ ਦਾ ਸੰਬੰਧ ਹੈ, ਅਜਿਹਾ ਕਰਨਾ ਕੈਨੇਡਾ ਦੇ ਕਿਸੇ ਵੀ ਸ਼ਹਿਰੀ ਦਾ ਅਧਿਕਾਰ ਹੈ, ਪਰ ਇਸ ਪ੍ਰਦਰਸ਼ਨ ਦੀ ਆੜ ਵਿੱਚ ਸਾਹਮਣੇ ਵਾਲੀ ਧਿਰ ‘ਤੇ ਹਮਲਾ ਕਰਨਾ ਲਾਜ਼ਮੀ ਹੀ ਇੱਕ ਗੈਰ-ਕਾਨੂੰਨੀ ਕਾਰਵਾਈ ਹੈ। ਸਿੱਖ ਕਾਰਕੁੰਨਾਂ ਦਾ ਦਾਅਵਾ ਹੈ ਕਿ ਉਹ ਮੰਦਰ ਦੇ ਸਾਹਮਣੇ ਅਮਨਪੂਰਬਕ ਪ੍ਰਦਰਸ਼ਨ ਕਰਨ ਲਈ ਗਏ ਸਨ ਅਤੇ ਇਸ ਦੌਰਾਨ ਵਿਰੋਧੀਆਂ ਵੱਲੋਂ ਕੀਤੇ ਗਏ ਮੁਕਾਬਲੇ ਦੇ ਪ੍ਰਦਰਸ਼ਨ ਦੌਰਾਨ ਵਾਪਰੀ ਤਲਖੀ ਕਾਰਨ ਝੜਪਾਂ ਹੋਣ ਲੱਗੀਆਂ ਸਨ। ਇਸ ਦ੍ਰਿਸ਼ਟੀ ਤੋਂ ਜਿੰਨਾ ਕੁ ਕਸੂਰ ਖਾਲਿਸਤਾਨੀ ਧਿਰਾਂ ਦਾ ਹੈ, ਉਨਾ ਕੁ ਹੀ ਮੰਦਰ ਵੱਲੋਂ ਸਮਾਨੰਤਰ ਵਿਰੋਧ ਕਰਨ ਵਾਲੇ ਲੋਕਾਂ ਦਾ ਵੀ ਹੈ। ਇਸ ਮਾਮਲੇ ਨੂੰ ਮੰਦਰ ‘ਤੇ ਹਮਲੇ ਦਾ ਨਾਂ ਦੇਣਾ ਜ਼ਿਆਦਤੀ ਜਾਪਦੀ ਹੈ। ਮੰਦਰ ‘ਤੇ ਹਮਲਾ ਸਿੱਖ ਜੀਵਨ ਜਾਚ ਅਤੇ ਸਿੱਖ ਸਿਧਾਂਤ ਦੀ ਵੀ ਉਲੰਘਣਾ ਹੈ।
ਇਸ ਸੰਦਰਭ ਵਿੱਚ ਇਹ ਤੱਥ ਸਪਸ਼ਟ ਕਰਨਾ ਵੀ ਦਰੁਸਤ ਹੋਵੇਗਾ ਕਿ ਅੱਸੀਵਿਆਂ ਦੇ ਮੁੱਢ ਤੋਂ ਲੈ ਕੇ 1995 ਤੱਕ ਪੰਜਾਬ ਅਤੇ ਪੰਜਾਬ ਤੋਂ ਬਾਹਰ ਸਿੱਖ ਕਿੰਨੀ ਵੱਡੀ ਪੱਧਰ ‘ਤੇ ਕਤਲਾਂ ਦਾ ਸ਼ਿਕਾਰ ਹੋਏ, ਪਰ ਇਸ ਭਿਆਨਕ ਦੌਰ ਵਿੱਚ ਵੀ ਇਸ ਕਿਸਮ ਦੀ ਕੋਈ ਮਿਸਾਲ ਨਹੀਂ ਮਿਲਦੀ, ਜਦੋਂ ਸਿੱਖਾਂ ਦੀ ਭੀੜ ਨੇ ਕਿਸੇ ਹਿੰਦੂ ਮੰਦਰ ਜਾਂ ਕਿਸੇ ਹੋਰ ਗੈਰ-ਸਿੱਖ ਧਾਰਮਿਕ ਸਥਾਨ ‘ਤੇ ਹਮਲਾ ਕੀਤਾ ਹੋਵੇ। ਇਸ ਘਟਨਾ ਦੇ ਚਸ਼ਮਦੀਦਾਂ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ, ਉਹ ਸਿੱਖ ਪ੍ਰਦਰਸ਼ਨਕਾਰੀਆਂ ਵੱਲੋਂ ਮੰਦਰ ‘ਤੇ ਹਮਲੇ ਦੀ ਘਟਨਾ ਨੂੰ ਨਕਾਰਦੀ ਹੈ। ਹਾਂ, ਮੰਦਿਰ ਦੇ ਬਾਹਰ ਦੋਹਾਂ ਧਿਰਾਂ ਵਿਚਕਾਰ ਝੜਪਾਂ ਜ਼ਰੂਰ ਹੋਈਆਂ ਹਨ।
ਮੀਡੀਆ ਵਿੱਚ ਇਸ ਕਿਸਮ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਪ੍ਰਦਰਸ਼ਨ ਕਰ ਰਹੇ ਸਿੱਖਾਂ ਦਾ ਵਿਰੋਧ ਕਰਨ ਲਈ ਇੱਟਾਂ, ਰੋੜੇ ਅਤੇ ਡੰਡੇ ਵਗੈਰਾ ਵੀ ਇਕੱਠੇ ਕੀਤੇ ਹੋਏ ਸਨ। ਇਸ ਤਰ੍ਹਾਂ ਇਹ ਦੋ ਧਿਰਾਂ ਵਿਚਕਾਰ ਟਕਰਾਅ ਦਾ ਮਸਲਾ ਹੈ। ਹਿੰਦੂ ਭੀੜ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਜ਼ਿੰਦਾਬਾਦ ਦੇ ਨਾਹਰੇ ਵੀ ਲਾਏ। ਇਹ ਵੀ ਉਦੋਂ, ਜਦੋਂ ਕੈਨੇਡਾ ਪੁਲਿਸ ਦੀ ਨਿੱਝਰ ਮਾਮਲੇ ਵਿੱਚ ਪੜਤਾਲ ਇਹ ਸਿੱਧ ਕਰਦੀ ਹੈ ਕਿ ਭਾਰਤੀ ਕੌਂਸਲਖਾਨੇ ਸਿੱਖ ਰੈਡੀਕਲ ਧਿਰਾਂ ਦੇ ਪਤੇ-ਸਤੇ ਇਕੱਠੇ ਕਰਦੇ ਸਨ ਅਤੇ ਬਾਅਦ ਵਿੱਚ ਇਹ ਹਮਲਿਆਂ ਲਈ ਗੈਂਗਸਟਰ ਬਿਸ਼ਨੋਈ ਦੇ ਗੈਂਗ ਨੂੰ ਮੁਹੱਈਆ ਕੀਤੇ ਜਾਂਦੇ ਸਨ। ਸੋ, ਇਸ ਮਸਲੇ ਨੂੰ ਇੱਕਪਾਸੜ ਨਜ਼ਰ ਨਾਲ ਵੇਖਣ ਦੀ ਥਾਂ ਨਿਰਪੱਖ ਹੋ ਕੇ ਵੇਖਣ ਦੀ ਲੋੜ ਹੈ। ਘੱਟੋ-ਘੱਟ ਪੰਜਾਬੀ ਅਖਬਾਰਾਂ, ਵਿਸ਼ੇਸ਼ ਕਰਕੇ ਆਪਣੇ ਆਪ ਨੂੰ ਸਿੱਖ ਜਾਂ ਨਿਰਪੱਖ ਕਹਾ ਰਹੀਆਂ ਅਖ਼ਬਾਰਾਂ ਨੂੰ ਤਾਂ ਪੱਖਪਾਤ ਤੋਂ ਉੱਪਰ ਉੱਠ ਕੇ ਰਿਪੋਰਟ ਕਰਨਾ ਚਾਹੀਦਾ ਹੈ। ਘਟੀਆ ਰਿਪੋਰਟਿੰਗ ਕਾਰਨ ਅਸਲ ਵਿੱਚ ‘ਬਿਟਵੀਨ ਦਾ ਲਾਈਨਜ਼’ ਝਾਕਣਾ ਪੈਂਦਾ ਹੈ।
ਇਸ ਦਰਮਿਆਨ ਮੰਦਰ ‘ਤੇ ਇਸ ਕਥਿਤ ਹਮਲੇ ਦੀ ਨਿਖੇਧੀ ਕਰਦਿਆਂ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਹੈ ਕਿ ਉਹ ਮੰਦਰ ‘ਤੇ ਹਮਲੇ ਨੂੰ ਲੈ ਕਿ ‘ਭਾਰਤੀਆਂ ਦੀ ਸੁਰੱਖਿਆ ਲਈ ਫਿਕਰਮੰਦ ਹਨ। ਉਨ੍ਹਾਂ ਕੈਨੇਡਾ ਸਰਕਾਰ ਤੋਂ ਸਾਰੇ ਧਾਰਮਿਕ ਸਥਾਨਾਂ ਦੀ ਰੱਖਿਆ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਕਾਂਗਰਸ ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਅਤੇ ਕੈਨੇਡਾ ਸਰਕਾਰ ਨੂੰ ਸਖਤ ਕਦਮ ਉਠਾਉਣ ਦੀ ਅਪੀਲ ਕੀਤੀ ਹੈ। ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਨੇ ਭਾਰਤ ਸਰਕਾਰ ਨੂੰ ਕੈਨੇਡਾ ਸਰਕਾਰ ਨਾਲ ਗੱਲ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਭਾਜਪਾ ਵੱਲੋਂ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੇ ਰਵਨੀਤ ਬਿੱਟੂ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਉੱਜਲ ਦੁਸਾਂਝ ਨੇ ਵੀ ਇਸ ਘਟਨਾ ਦੀ ਨਿਖੇਧੀ ਕਰਦਿਆਂ ਨਫਰਤ ਭਰੇ ਵਾਤਾਵਰਣ ਲਈ ਪ੍ਰਧਾਨ ਮੰਤਰੀ ਟਰੂਡੋ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ।
ਸਿੱਖਸ ਫਾਰ ਜਸਟਿਸ ਨੇ ਇਲਜ਼ਾਮ ਲਗਾਇਆ ਕਿ ਹਿੰਦੂ ਰਾਸ਼ਟਰਵਾਦੀਆਂ ਨੇ ਲੜਾਈ ਨੂੰ ਭੜਕਾਇਆ ਸੀ। ਸਮੂਹ ਮੰਗ ਕਰ ਰਿਹਾ ਹੈ ਕਿ ਭਾਰਤੀ ਕੌਂਸਲਰ ਅਧਿਕਾਰੀਆਂ ਨੂੰ ਉਨ੍ਹਾਂ ਦੇ ਕੂਟਨੀਤਕ ਦਫ਼ਤਰਾਂ ਤੋਂ ਬਾਹਰ ਕੰਮ ਕਰਨ ਤੋਂ ਰੋਕਿਆ ਜਾਵੇ। ਇੱਧਰ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਮੰਦਰ ‘ਤੇ ਹਮਲੇ ਦੀਆਂ ਖ਼ਬਰਾਂ ਸਫੈਦ ਝੂਠ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਭਾਰਤੀ ਕੌਂਸਲਖਾਨੇ ਨੇ ਇਹੀ ਕੈਂਪ ਗੁਰਦੁਆਰਾ ਸਾਹਿਬ ਵਿੱਚ ਲਗਾਇਆ ਸੀ ਅਤੇ ਖਾਲਿਸਤਾਨੀ ਸਮਰਥਕਾਂ ਨੇ ਉਦੋਂ ਵੀ ਭਾਰਤੀ ਅਧਿਕਾਰੀਆਂ ਖਿਲਾਫ ਪ੍ਰਦਰਸ਼ਨ ਕੀਤਾ ਸੀ।

Leave a Reply

Your email address will not be published. Required fields are marked *