*ਹੁਣ 20 ਨਵੰਬਰ ਨੂੰ ਪੈਣਗੀਆਂ ਵੋਟਾਂ, ਨਤੀਜੇ 23 ਨੂੰ
*ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਕੁਝ ਹੋਰ ਤਿਉਹਾਰਾਂ ਕਾਰਨ ਕੀਤਾ ਫੇਰ ਬਦਲ
ਜਸਵੀਰ ਸਿੰਘ ਮਾਂਗਟ
ਕੇਂਦਰੀ ਚੋਣ ਕਮਿਸ਼ਨ ਨੇ ਵੱਖ-ਵੱਖ ਰਾਜਾਂ ਵਿੱਚ 13 ਨਵੰਬਰ ਨੂੰ ਹੋਣ ਵਾਲੀਆਂ 14 ਵਿਧਾਨ ਸਭਾ ਸੀਟਾਂ ਅਤੇ ਦੋ ਲੋਕ ਸਭਾ ਸੀਟਾਂ ਉੱਪਰ ਕਰਵਾਈਆਂ ਜਾ ਰਹੀਆਂ ਜ਼ਿਮਨੀ ਚੋਣਾਂ ਦੀਆਂ ਤਾਰੀਕਾਂ ਵਿੱਚ ਫੇਰਬਦਲ ਕਰ ਦਿੱਤਾ ਹੈ। ਇਨ੍ਹਾਂ ਸੀਟਾਂ ਲਈ ਵੋਟਾਂ ਹੁਣ 13 ਨਵੰਬਰ ਦੀ ਥਾਂ 20 ਨਵੰਬਰ ਨੂੰ ਪੈਣਗੀਆਂ। ਇਸ ਤਬਦੀਲੀ ਲਈ ਕਾਰਨਾਂ ਦਾ ਜ਼ਿਕਰ ਕਰਦਿਆਂ ਚੋਣ ਕਮਿਸ਼ਨ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਆ ਰਹੇ ਕੁਝ ਤਿਉਹਾਰਾਂ ਕਾਰਨ ਇਹ ਤਬਦੀਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਪਾਰਟੀਆਂ ਵੱਲੋਂ ਇਸ ਸੰਬੰਧ ਵਿੱਚ ਉਨ੍ਹਾਂ ਨੂੰ ਪੱਤਰ ਲਿਖੇ ਗਏ ਸਨ। ਹੁਣ ਇਹ ਵੋਟਾਂ 20 ਨਵੰਬਰ ਨੂੰ ਪੈਣਗੀਆਂ ਅਤੇ ਚੋਣ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਇਸ ਤਰ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਤਕਰੀਬਨ ਇੱਕ ਹਫਤੇ ਦਾ ਸਮਾਂ ਹੋਰ ਮਿਲ ਗਿਆ ਹੈ।
ਇਸ ਦੌਰਾਨ ਪੰਜਾਬ ਵਿੱਚ ਚਾਰ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦਾ ਅਖਾੜਾ ਪਹਿਲਾਂ ਹੀ ਭਖਣ ਲੱਗ ਪਿਆ ਹੈ। ਗਿੱਦੜਬਾਹਾ, ਬਰਨਾਲਾ, ਡੇਹਰਾ ਬਾਬਾ ਨਾਨਕ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਚੱਬੇਵਾਲ ਹਲਕੇ ਦੀ ਵਿਧਾਨ ਸਭਾ ਸੀਟ ‘ਤੇ ਹੋ ਰਹੀ ਚੋਣ ਸਰਗਰਮੀ ਨੇ ਰਾਜਨੀਤਿਕ ਪਾਰਟੀਆਂ ਵਿੱਚ ਖਿੱਚੋਤਾਣ ਵਧਾ ਦਿੱਤੀ ਹੈ। ਇਨ੍ਹਾਂ ਚਾਰ ਸੀਟਾਂ ‘ਤੇ ਹੋ ਰਹੀ ਚੋਣ ਵਿੱਚ ਅਕਾਲੀ ਦਲ ਗੈਰ-ਹਾਜ਼ਰ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਵੱਲੋਂ ਤਨਖਾਹੀਆ ਕਰਾਰ ਦਿੱਤੇ ਹੋਣ ਕਾਰਨ ਪਾਰਟੀ ਨੇ ਇਹ ਕਹਿ ਕੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਕਿ ਆਪਣੇ ਜਰਨੈਲ ਦੀ ਗੈਰ-ਹਾਜ਼ਰੀ ਵਿੱਚ ਸ੍ਰੋਮਣੀ ਅਕਾਲੀ ਦਲ ਜ਼ਿਮਨੀ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕਦਾ। ਹਾਲਾਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਹ ਆਖ ਦਿੱਤਾ ਸੀ ਕਿ ਤਨਖਾਹੀਆ ਹੋਣ ਕਰਕੇ ਸਿਰਫ ਸੁਖਬੀਰ ਬਾਦਲ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕਦੇ, ਅਕਾਲੀ ਦਲ ‘ਤੇ ਇੱਕ ਪਾਰਟੀ ਵਜੋਂ ਚੋਣਾਂ ਲੜਨ ‘ਤੇ ਕੋਈ ਪਾਬੰਦੀ ਨਹੀਂ ਹੈ। ਸੀਨੀਅਰ ਅਕਾਲੀ ਆਗੂ ਅਤੇ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਨੇ ਚੋਣਾਂ ਨਾ ਲੜਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਆਖਿਆ ਸੀ ਕਿ ਅਕਾਲੀ ਦਲ ਨੂੰ ਹਰ ਹਾਲਤ ਵਿੱਚ ਚੋਣ ਲੜਨੀ ਚਾਹੀਦੀ ਹੈ। ਇਸ ਦੇ ਬਾਵਜੂਦ ਅਕਾਲੀ ਦਲ ਦੀ ਲੀਡਰਸ਼ਿੱਪ ਚੋਣਾਂ ਲੜਨ ਤੋਂ ਮੁਕਰੀ ਖਾ ਗਈ।
ਇੰਜ ਅਕਾਲੀ ਦਲ ਦੀ ਗੈਰ-ਹਾਜ਼ਰੀ ਵਿੱਚ ਤਕਰੀਬਨ ਸਾਰੀਆਂ ਪਾਰਟੀਆਂ ਹੀ ਅਕਾਲੀ ਵੋਟ ਬੈਂਕ ਨੂੰ ਆਪੋ-ਆਪਣੇ ਹੱਕ ਵਿੱਚ ਭੁਗਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀਆਂ ਨੂੰ ਸਾਢੇ ਅਠਾਰਾਂ ਫੀਸਦੀ ਵੋਟ ਪਈ ਸੀ। ਜਿੱਤ ਹਾਰ ਦੀ ਦ੍ਰਿਸ਼ਟੀ ਤੋਂ ਇਹ ਵੱਡੀ ਵੋਟ ਫੀਸਦੀ ਹੈ। ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦਰਮਿਆਨ ਹੋਣ ਵਾਲੀ ਤਿਕੋਣੀ ਟੱਕਰ ਦੌਰਾਨ ਉਂਝ ਤਾਂ ਸਾਰੀਆਂ ਸੀਟਾਂ ‘ਤੇ ਹੀ ਮੁਕਾਬਲੇ ਸਖਤ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ, ਫਿਰ ਵੀ ਗਿੱਦੜਬਾਹਾ ਦੀ ਸੀਟ ਇਨ੍ਹਾਂ ਚਾਰਾਂ ਵਿੱਚੋਂ ਵੱਧ ਮਹੱਤਵਪੂਰਨ ਬਣ ਗਈ ਹੈ। ਇਸ ਸੀਟ ਤੋਂ ਇੱਕ ਪਾਸੇ ਤਾਂ ਬਾਦਲ ਪਰਿਵਾਰ ਦੇ ਫਰਜੰਦ ਮਨਪ੍ਰੀਤ ਸਿੰਘ ਬਾਦਲ ਆਪਣੀ ਕਿਸਮਤ ਅਜ਼ਮਾ ਰਹੇ ਹਨ, ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤ ਵੜਿੰਗ ਚੋਣ ਲੜ ਰਹੇ ਹਨ। ਚੋਣਾਂ ਤੋਂ ਐਨ ਪਹਿਲਾਂ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਗਏ ਹਰੀਦਪ ਸਿੰਘ ਡਿੰਪੀ ਢਿੱਲੋਂ ਵੀ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਨੇ ਇਸ ਸੀਟ ਤੋਂ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ ਸੀ, ਪਰ ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਤੋਂ ਥੋੜ੍ਹੀਆਂ ਜਿਹੀਆਂ ਵੋਟਾਂ ਨਾਲ ਹਾਰ ਗਏ ਸਨ।
ਇਸ ਜ਼ਿਮਨੀ ਚੋਣ ਤੋਂ ਕੁਝ ਦੇਰ ਪਹਿਲਾਂ ਹੀ ਉਨ੍ਹਾਂ ਨੇ ਅਕਾਲੀ ਦਲ (ਬਾਦਲ) ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਦਾ ਲੜ ਫੜਿਆ ਸੀ। ਉਹ ਬਾਦਲ ਪਰਿਵਾਰ ਦੇ ਸਭ ਤੋਂ ਨੇੜੇ ਸਮਝੇ ਜਾਣ ਵਾਲੇ ਨੌਜਵਾਨ ਅਕਾਲੀ ਆਗੂਆਂ ਵਿੱਚੋਂ ਇੱਕ ਸਨ। ਉਨ੍ਹਾਂ ਦੀ ਸੁਖਬੀਰ ਬਾਦਲ ਨਾਲ ਬੇਹੱਦ ਗਹਿਰੀ ਨੇੜਤਾ ਰਹੀ ਹੈ। ਪਾਰਟੀ ਛੱਡਣ ਲੱਗਿਆਂ ਵੀ ਉਸ ਨੇ ਸੁਖਬੀਰ ਬਾਦਲ ਖਿਲਾਫ ਕੋਈ ਇਤਰਾਜ਼ਯੋਗ ਟਿੱਪਣੀ ਨਹੀਂ ਸੀ ਕੀਤੀ। ਉਨ੍ਹਾਂ ਇਹ ਬਹਾਨਾ ਬਣਾ ਕੇ ਪਾਰਟੀ ਛੱਡੀ ਸੀ ਕਿ ਅਕਾਲੀ ਦਲ ਮਨਪ੍ਰੀਤ ਸਿੰਘ ਬਾਦਲ ਨੂੰ ਇਸ ਸੀਟ ਤੋਂ ਚੋਣ ਲੜਾਉਣੀ ਚਾਹੁੰਦਾ ਹੈ ਅਤੇ ਉਹ ਇਸ ਹਾਲਤ ਵਿੱਚ ਪਾਰਟੀ ਵਿੱਚ ਨਹੀਂ ਰਹਿ ਸਕਦੇ। ਡਿੰਪੀ ਢਿੱਲੋਂ ਨੂੰ ਟਿਕਟ ਦੇ ਵਾਅਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਜੁਆਇਨ ਕਰਵਾਈ ਸੀ। ਸੋ ਇਸ ਤਰ੍ਹਾਂ ਗਿੱਦੜਬਾਹਾ ਸੀਟ ਤੋਂ ਜਿੱਥੇ ਰਾਜਾ ਵੜਿੰਗ ਦਾ ਵੱਕਾਰ ਦਾਅ ‘ਤੇ ਲੱਗਾ ਹੋਇਆ ਹੈ, ਉਥੇ ‘ਆਪ’ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਲਈ ਵੀ ਇਹ ਸੀਟ ਘੱਟ ਮਹੱਤਵਪੂਰਨ ਨਹੀਂ ਹੈ। ਉਂਝ ਭਾਜਪਾ ਦਾ ਭਾਵੇਂ ਇਸ ਇਲਾਕੇ ਵਿੱਚ ਬਹੁਤਾ ਆਧਾਰ ਨਹੀਂ ਹੈ, ਪਰ ਬਾਦਲ ਪਰਿਵਾਰ ਅਤੇ ਅਕਾਲੀ ਦਲ ਦਾ ਇਸ ਖੇਤਰ ਵਿੱਚ ਵੱਡਾ ਆਧਾਰ ਹੈ। ਇਸ ਹਾਲਤ ਵਿੱਚ ਅਕਾਲੀ ਵੋਟ ‘ਆਪ’ ਅਤੇ ਭਾਜਪਾ ਦੇ ਉਮੀਦਵਾਰਾਂ ਵਿਚਕਾਰ ਵੰਡੇ ਜਾਣ ਦੇ ਆਸਾਰ ਹਨ। ਡਿੰਪੀ ਢਿੱਲੋਂ ਕਿਉਂਕਿ ਖੁਦ ਇਸ ਇਲਾਕੇ ਵਿੱਚ ਅਕਾਲੀ ਆਗੂ ਵਜੋਂ ਵਿਚਰਦੇ ਰਹੇ ਹਨ, ਇਸ ਲਈ ਉਹ ਅਕਾਲੀ ਵੋਟ ਦਾ ਇੱਕ ਵੱਡਾ ਹਿੱਸਾ ਆਪਣੇ ਵੱਲ ਭੁਗਤਾਉਣ ਦੇ ਸਮਰੱਥ ਹਨ।
ਪੰਜਾਬ ਵਿੱਚ ‘ਆਪ’ ਕਿਉਂਕਿ ਸੱਤਾ ਵਿੱਚ ਵੀ ਹੈ, ਇਸ ਦਾ ਵੀ ਉਸ ਨੂੰ ਫਾਇਦਾ ਮਿਲਣ ਦੀ ਸੰਭਾਵਨਾ ਹੈ। ਦੂਜੇ ਪਾਸੇ ਜੇ ਅਕਾਲੀ ਦਲ (ਬਾਦਲ) ਅੰਦਰ ਖਾਤੇ ਮਨਪ੍ਰੀਤ ਬਾਦਲ ਦੀ ਮਦਦ ਕਰ ਦਿੰਦਾ ਹੈ ਤਾਂ ਅਕਾਲੀ ਵੋਟ ਦਾ ਇੱਕ ਹਿੱਸਾ ਮਨਪ੍ਰੀਤ ਵੱਲ ਵੀ ਭੁਗਤ ਸਕਦਾ ਹੈ। ਇੰਜ ਮਨਪ੍ਰੀਤ ਦੇ ਹੱਕ ਵਿੱਚ ਵੋਟਾਂ ਪੁਆਉਣ ਦੇ ਨਜ਼ਰੀਏ ਤੋਂ ਭਾਰਤੀ ਜਨਤਾ ਪਾਰਟੀ ਦੀ ਤਾਂ ਕੋਈ ਜ਼ਿਆਦਾ ਭੂਮਿਕਾ ਹੋ ਨਹੀਂ ਸਕਦੀ, ਪਰ ਅਕਾਲੀ ਦਲ ਦੇ ਲੀਡਰਾਂ ਦੀ ਮਨਪ੍ਰੀਤ ਦੇ ਹੱਕ ਵਿੱਚ ਸਰਗਰਮੀ ਮਨਪ੍ਰੀਤ ਨੂੰ ਮੁਕਾਬਲੇ ਵਿੱਚ ਲਿਆ ਸਕਦੀ ਹੈ। ਬੀਤੇ ਸਮੇਂ ਵਿੱਚ ਮਨਪ੍ਰੀਤ ਨਾਲ ਟਕਰਾਅ ਵਿੱਚ ਰਹੇ ਅਤੇ ਹੁਣ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਉਨ੍ਹਾਂ ਦੇ ਹੱਕ ਵਿੱਚ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਲਗਦਾ ਭਾਜਪਾ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਵਿੱਚ ਭਾਜਪਾ ਦੇ ਮੁੱਖ ਚਿਹਰੇ ਵਜੋਂ ਉਭਾਰਨ ਦਾ ਯਤਨ ਕਰ ਰਹੀ ਹੈ।
ਇਸ ਦਰਮਿਆਨ ਕਾਂਗਰਸ ਪਾਰਟੀ ਵੱਲੋਂ ਜ਼ਿਮਨੀ ਚੋਣਾਂ ਲੜਨ ਦੇ ਮਕਸਦ ਨਾਲ ‘ਰਣਨੀਤੀ ਅਤੇ ਯੋਜਨਾ ਕਮੇਟੀ’ ਦਾ ਗਠਨ ਕੀਤਾ ਗਿਆ ਹੈ। ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਸਾਬਕਾ ਉੱਪ ਮੁਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਜੈਇੰਦਰ ਸਿੰਘ ਸਿੰਗਲਾ, ਅਲੋਕ ਸ਼ਰਮਾ ਅਤੇ ਰਵਿੰਦਰ ਦਲਵੀ ਨੂੰ ਇਸ ਕਮੇਟੀ ਦੇ ਮੈਂਬਰ ਬਣਾਇਆ ਗਿਆ। ਉਂਝ ਹਾਲੇ ਤੱਕ ਇਸ ਕਮੇਟੀ ਦੀ ਕੋਈ ਜ਼ਿਕਰਯੋਗ ਸਰਗਰਮੀ ਸਾਹਮਣੇ ਨਹੀਂ ਆਈ ਹੈ। ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੈਸੇ ਹੀ ਚੋਣ ਮਹਿੰਮ ਤੋਂ ਦੂਰ ਨਜ਼ਰ ਆ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵੱਧ ਸਰਗਰਮ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਡੇਰਾ ਬਾਬਾ ਨਾਨਕ ਤੋਂ ਆਪਣੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਸਰਵੇ ਇਹ ਦਰਸਾ ਰਹੇ ਹਨ ਕਿ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਹੈ। ਉਨ੍ਹਾਂ ਇਸ ਦੌਰਾਨ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਤੇ ਕਾਂਗਰਸ ਅਤੇ ਅਕਾਲੀਆਂ ‘ਤੇ ਤਿੱਖੇ ਹਮਲੇ ਕੀਤੇ। ਇਸ ਸੀਟ ਤੋਂ ਕਾਂਗਰਸ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਚੋਣ ਲੜ ਰਹੇ ਹਨ, ਜਦਕਿ ਭਾਜਪਾ ਵੱਲੋਂ ਰਵੀਕਿਰਨ ਕਾਹਲੋਂ ਚੋਣ ਮੈਦਾਨ ਵਿੱਚ ਹਨ। ਉਹ ਵੀ ਅਕਾਲੀ ਪਿਛੋਕੜ ਵਾਲੇ ਆਗੂ ਹਨ। ਇਸ ਲਈ ਅਕਾਲੀ ਦਲ ਦੀ ਵੋਟ ਉਨ੍ਹਾਂ ਵੱਲ ਭੁਗਤਣ ਦੇ ਆਸਰ ਹਨ; ਜਦਕਿ ਸੁੱਚਾ ਸਿੰਘ ਲੰਗਾਹ ਉਨ੍ਹਾਂ ਦੇ ਸ਼ਰੀਕ ਸਮਝੇ ਜਾ ਰਹੇ ਹਨ ਅਤੇ ਉਹ ‘ਆਪ’ ਨੂੰ ਅਕਾਲੀ ਵੋਟਾਂ ਆਪਣੇ ਹੱਕ ਵਿੱਚ ਭੁਗਤਾਉਣ ਲਈ ਆਵਾਜ਼ਾਂ ਮਾਰ ਰਹੇ ਹਨ। ਇਸ ਹਾਲਤ ਵਿੱਚ ਜੇ ਅੱਧ-ਪਚੱਧ ਵੋਟ ਵੀ ‘ਆਪ’ ਨੂੰ ਭੁਗਤ ਜਾਂਦੀ ਹੈ ਤਾਂ ਭਾਜਪਾ ਦੇ ਉਮੀਦਵਾਰ ਦੀ ਹਾਲਤ ਪਤਲੀ ਹੋ ਸਕਦੀ ਹੈ। ਇਸ ਸੀਟ ‘ਤੇ ਵੀ ਉਂਝ ਮੁਕਾਬਲਾ ਸਖਤ ਹੋਣ ਦੇ ਆਸਾਰ ਹਨ, ਕਿਉਂਕਿ ਦੋ ਵੱਡੇ ਸਿਆਸੀ ਪਰਿਵਾਰਾਂ ਦਾ ਵੱਕਾਰ ਦਾਅ ‘ਤੇ ਲੱਗਾ ਹੋਇਆ ਹੈ।
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਕੁਲਦੀਪ ਸਿੰਘ ਧਾਲੀਵਾਲ ਵੀ ਇਸ ਸੀਟ ਤੋਂ ਆਪਣੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ। ਚੱਬੇਵਾਲ ਵਿਧਾਨ ਸਭਾ ਹਲਕਾ ਦਲਿਤ ਬਹੁਲ ਇਲਾਕਾ ਹੈ। ਇਸ ਹਲਕੇ ਤੋਂ ਡਾ. ਰਾਜਕੁਮਾਰ ਦੇ ਪੁੱਤਰ ਡਾ. ਇਸ਼ਾਂਕ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਹਨ। ਕਾਂਗਰਸ ਪਾਰਟੀ ਨੇ ਬਹੁਜਨ ਸਮਾਜ ਪਾਰਟੀ ਨਾਲ ਜੁੜੇ ਐਡਵੋਕੇਟ ਰਨਜੀਤ ਕੁਮਾਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਜਦਕਿ ਭਾਜਪਾ ਨੇ ਸਾਬਕਾ ਅਕਾਲੀ ਆਗੂ ਸੋਹਣ ਸਿੰਘ ਠੰਡਲ ਨੂੰ ਆਪਣਾ ਉਮੀਦਵਾਰ ਬਣਾਇਆ। ਇਸ ਹਲਕੇ ਵਿੱਚ ਚੋਣ ਮੁਹਿੰਮ ਹਾਲੇ ਬਹੁਤੀ ਨਹੀਂ ਭਖੀ ਹੈ। ਉਮੀਦਵਾਰਾਂ ਦੀ ਦ੍ਰਿਸ਼ਟੀ ਤੋਂ ਵੇਖੀਏ ਤਾਂ ਸੋਹਣ ਸਿੰਘ ਠੰਡਲ ਅਤੇ ਡਾ. ਇਸ਼ਾਂਕ ਮਜਬੂਤ ਉਮੀਦਵਾਰ ਨਜ਼ਰ ਆਉਂਦੇ ਹਨ। ਦਲਿਤ ਹਲਕਾ ਹੋਣ ਕਾਰਨ ਕਾਂਗਰਸ ਪਾਰਟੀ ਵੀ ਪੂਰਾ ਜ਼ੋਰ ਲਗਾਏਗੀ। ਇਸ ਹਲਕੇ ਵਿੱਚ ਚੋਣ ਪ੍ਰਚਾਰ ਦੀ ਦ੍ਰਿਸ਼ਟੀ ਤੋਂ ਚਰਨਜੀਤ ਸਿੰਘ ਚੰਨੀ ਦੀ ਗੈਰ-ਹਾਜ਼ਰੀ ਖਟਕ ਰਹੀ ਹੈ। ਉਨ੍ਹਾਂ ਦੀ ਡਿਊਟੀ ਪਾਰਟੀ ਨੇ ਮਹਾਰਾਸ਼ਟਰ ਚੋਣਾਂ ਵਿੱਚ ਅਬਜ਼ਰਵਰ ਵਜੋਂ ਲਗਾਈ ਹੋਈ ਹੈ।
ਬਰਨਾਲਾ ਲੋਕ ਸਭਾ ਹਲਕੇ ਤੋਂ ਭਾਜਪਾ ਤਰਫੋਂ ਕੇਵਲ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਵੱਲੋਂ ਹਰਿੰਦਰ ਸਿੰਘ ਧਾਲੀਵਾਲ ਅਤੇ ਕਾਂਗਰਸ ਪਾਰਟੀ ਵੱਲੋਂ ਕੁਲਦੀਪ ਸਿੰਘ ਢਿੱਲੋਂ ਚੋਣ ਮੈਦਾਨ ਵਿੱਚ ਹਨ। ਹਰਿੰਦਰ ਸਿੰਘ ਧਾਲੀਵਾਲ ‘ਆਪ’ ਦੇ ਮੈਂਬਰ ਪਾਰਲੀਮੈਂਟ ਅਤੇ ਇਸੇ ਸੀਟ ਤੋਂ ਐਮ.ਐਲ.ਏ. ਰਹੇ ਮੀਤ ਹੇਅਰ ਦੇ ਨਜ਼ਦੀਕੀ ਮੰਨੇ ਜਾਂਦੇ ਹਨ। ‘ਆਪ’ ਦਾ ਇੱਕ ਤਕੜਾ ਆਗੂ ਬਾਗੀ ਹੋ ਕੇ ਵੀ ਚੋਣ ਲੜ ਰਿਹਾ ਹੈ। ਕੇਵਲ ਸਿੰਘ ਢਿੱਲੋਂ ਵੀ ਜਾਣੇ-ਪਛਾਣੇ ਆਗੂ ਹਨ। ਜੇ ਅਕਾਲੀ ਭਾਜਪਾ ਨਾਲ ਨੇੜਤਾ ਵਧਾਉਣ ਦੀ ਇੱਕ ਨੀਤੀ ਤਹਿਤ ਆਪਣੀ ਵੋਟ ਭਾਜਪਾ ਵੱਲ ਟਰਾਂਸਫਰ ਕਰਵਾ ਦਿੰਦੇ ਹਨ ਤਾਂ ਆਉਂਦੇ ਸਮੇਂ ਵਿੱਚ ਅਕਾਲੀ-ਭਾਜਪਾ ਗੱਠਜੋੜ ਦੇ ਦੁਬਾਰਾ ਹੋਂਦ ਵਿੱਚ ਆਉਣ ਦੇ ਆਸਾਰ ਬਣ ਸਕਦੇ ਹਨ।