ਖਿਡਾਰੀ ਪੰਜ-ਆਬ ਦੇ (29)
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਗਰਾਂਈ ਸ਼ਾਰਟ ਕਾਰਨਰ ਕਿੰਗ ਪ੍ਰਿਥੀਪਾਲ ਸਿੰਘ ਦਾ ਕਿੱਸਾ ਛੋਹਿਆ ਗਿਆ ਹੈ। ਖੇਡ ਦੌਰਾਨ ਉਸ ਨੂੰ ਪਾਰ ਪਾਉਣਾ ਕਿਸੇ ਖਿਡਾਰੀ ਲਈ ਖਾਲਾ ਜੀ ਦਾ ਵਾੜਾ ਨਹੀਂ ਸੀ। ਕਿਸੇ ਸਮੇਂ ਭਾਰਤੀ ਹਾਕੀ ਅਤੇ ਪ੍ਰਿਥੀਪਾਲ ਸਿੰਘ ਦੀ ਖੇਡ ਪੂਰੇ ਜਲੌਅ ਉਤੇ ਰਹੀ ਹੈ। ਖਿਡਾਰੀਆਂ ਲਈ ਅਰਜੁਨਾ ਐਵਾਰਡ ਦੀ ਸ਼ੁਰੂਆਤ ਮੌਕੇ ਉਹ ਇਸ ਐਵਾਰਡ ਨੂੰ ਹਾਸਲ ਕਰਨ ਵਾਲਾ ਪਹਿਲਾ ਹਾਕੀ ਖਿਡਾਰੀ ਸੀ। ਪਿੰਡ ਜਰਖੜ ਵਿਖੇ ਉਸ ਦਾ ਬੁੱਤ ਸਥਾਪਤ ਹੈ ਅਤੇ ਉਸ ਦੀ ਯਾਦ ਵਿੱਚ ਹਾਕੀ ਲੀਗ ਵੀ ਹੁੰਦੀ ਹੈ। ਉਸ ਦੇ ਜੀਵਨ ਅਤੇ ਖੇਡ ਪ੍ਰਾਪਤੀਆਂ ਉਪਰ ਇੱਕ ਫਿਲਮ ਵੀ ਬਣੀ ਹੈ।
ਨਵਦੀਪ ਸਿੰਘ ਗਿੱਲ
ਫੋਨ: +91-9780036216
ਪ੍ਰਿਥੀਪਾਲ ਸਿੰਘ ਨੂੰ ਭਾਰਤ ਡਿਫੈਂਸ ਦੀ ਚੀਨ ਦੀ ਦੀਵਾਰ ਅਤੇ ਜ਼ਬਰਦਸਤ ਹਿੱਟ ਸਦਕਾ ਸ਼ਾਰਟ ਕਾਰਨਰ ਕਿੰਗ ਆਖਿਆ ਜਾਂਦਾ ਸੀ। ਉਸ ਦੀਆਂ ਲੰਬੀਆਂ ਅਤੇ ਸ਼ਕਤੀਸ਼ਾਲੀ ਬਾਹਾਂ ਵਿੱਚ ਇੰਨੀ ਜ਼ਬਰਦਸਤ ਤਾਕਤ ਸੀ ਕਿ ਸ਼ਾਰਟ (ਪੈਨਲਟੀ) ਕਾਰਨਰ ਮੌਕੇ ਉਸ ਦੀ ਲਗਾਈ ਮਜਬੂਤ ਹਿੱਟ ਡਿਫੈਂਸ ਲਈ ਰੁਕਣੀ ਸੁਖਾਲੀ ਨਹੀਂ ਸੀ। ਭਾਰਤੀ ਡਿਫੈਂਸ ਵਿੱਚ ਖੜ੍ਹਾ ਉਹ ਵਿਰੋਧੀ ਫਾਰਵਰਡਾਂ ਲਈ ਵੀ ਹਊਆ ਹੁੰਦਾ ਸੀ। ਉਸ ਨੂੰ ਪਾਰ ਪਾਉਣਾ ਕਿਸੇ ਖਿਡਾਰੀ ਲਈ ਖਾਲਾ ਜੀ ਦਾ ਵਾੜਾ ਨਹੀਂ ਸੀ। ਉਸ ਦਾ ਖੌਫ ਵਿਰੋਧੀ ਸਟਰਾਈਕਰਾਂ ਵਿੱਚ ਬਹੁਤ ਪਾਇਆ ਜਾਂਦਾ ਸੀ। 1961 ਵਿੱਚ ਨਿਊਜ਼ੀਲੈਂਡ ਤੋਂ ਛਪਦੇ ‘ਦਿ ਈਵਨਿੰਗ ਪੋਸਟ’ ਨੇ ਲਿਖਿਆ ਸੀ ਕਿ ਪ੍ਰਿਥੀਪਾਲ ਸਿੰਘ ਦੇ ਹਿੱਟ ਦੇ ਕਹਿਰ ਦਾ ਸਾਹਮਣਾ ਕਰਨਾ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾਉਣਾ ਹੈ।
ਪ੍ਰਿਥੀਪਾਲ ਸਿੰਘ ਨੂੰ ਇਹ ਮਾਣ ਹਾਸਲ ਹੈ ਕਿ ਉਸ ਦਾ ਜਨਮ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਵਾਲੇ ਸ਼ਹਿਰ ਨਨਕਾਣਾ ਸਾਹਿਬ ਵਿਖੇ ਹੋਇਆ। ਪ੍ਰਸਿੱਧ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਪ੍ਰਿਥੀਪਾਲ ਸਿੰਘ ਨੂੰ ‘ਨਾਨਕ ਦਾ ਗਰਾਈਂ’ ਲਿਖਦੇ ਹਨ। ਪ੍ਰਿਥੀਪਾਲ ਸਿੰਘ ਦਾ ਜਨਮ 28 ਜਨਵਰੀ 1932 ਨੂੰ ਆਜ਼ਾਦੀ ਤੋਂ ਪਹਿਲਾਂ ਅਣਵੰਡੇ ਭਾਰਤ ਵਿੱਚ ਨਨਕਾਣਾ ਸਾਹਿਬ ਵਿਖੇ ਹੋਇਆ, ਜੋ ਕਿ ਹੁਣ ਪਾਕਿਸਤਾਨ ਦੇ ਲਹਿੰਦੇ ਪੰਜਾਬ ਵਿੱਚ ਹੈ, ਜਿਸ ਦੇ ਦਰਸ਼ਨ ਦੀਦਾਰ ਲਈ ਸਿੱਖ ਸੰਗਤ ਰੋਜ਼ ਅਰਦਾਸ ਕਰਦੀ ਹੈ। ਪ੍ਰਿਥੀਪਾਲ ਸਿੰਘ ਦੇ ਪਿਤਾ ਵਧਾਵਾ ਸਿੰਘ ਚੰਦੀ ਪੇਸ਼ੇ ਤੋਂ ਅਧਿਆਪਕ ਸਨ ਅਤੇ ਉਹ ਖੇਤੀਬਾੜੀ ਵੀ ਕਰਦੇ ਸਨ। ਪ੍ਰਿਥੀਪਾਲ ਨੇ ਆਪਣਾ ਬਚਪਨ ਨਨਕਾਣਾ ਸਾਹਿਬ ਵਿੱਚ ਬਿਤਾਇਆ ਅਤੇ ਮੁਢਲੀ ਸਿੱਖਿਆ ਉੱਥੇ ਹੀ ਹਾਸਲ ਕੀਤੀ। ਦੇਸ਼ ਦੀ ਵੰਡ ਤੋਂ ਬਾਅਦ ਪ੍ਰਿਥੀਪਾਲ ਸਿੰਘ ਦਾ ਪਰਿਵਾਰ ਭਾਰਤ ਵੱਲ ਚੜ੍ਹਦੇ ਪੰਜਾਬ ਆ ਗਿਆ, ਜਿੱਥੇ ਉਨ੍ਹਾਂ ਲੁਧਿਆਣਾ ਨੂੰ ਆਪਣਾ ਘਰ ਬਣਾਇਆ। ਉਸ ਵੇਲੇ ਪ੍ਰਿਥੀਪਾਲ ਦੀ ਉਮਰ ਸਾਢੇ 15 ਸਾਲ ਸੀ।
ਪ੍ਰਿਥੀਪਾਲ ਸਿੰਘ ਨੇ ਮੁਢਲੀ ਪੜ੍ਹਾਈ ਤੋਂ ਬਾਅਦ ਲੁਧਿਆਣਾ ਸਥਿਤ ਖੇਤੀਬਾੜੀ ਕਾਲਜ (ਜੋ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ) ਵਿਖੇ ਐਮ.ਐਸਸੀ. ਕੀਤੀ। ਉਹ ਖੇਡਾਂ ਤੇ ਪੜ੍ਹਾਈ- ਦੋਹਾਂ ਵਿੱਚ ਹੁਸ਼ਿਆਰ ਸੀ ਅਤੇ ਕਾਲਜ ਵੱਲੋਂ ਰੋਲ ਆਫ਼ ਆਨਰ ਵੀ ਮਿਲਿਆ। ਪ੍ਰਿਥੀਪਾਲ ਸਿੰਘ ਨੇ 1950 ਤੋਂ 1956 ਤੱਕ ਅੰਤਰ ਕਾਲਜ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ 1955 ਵਿੱਚ ਕਾਲਜ ਦੀ ਕਪਤਾਨੀ ਵੀ ਕੀਤੀ। ਉਹ ਡਿਫੈਂਸ ਦਾ ਮਜਬੂਤ ਖਿਡਾਰੀ ਹੋਣ ਦੇ ਨਾਲ ਚੰਗੀ ਹਿੱਟ ਲਗਾਉਂਦਾ ਹੋਣ ਕਰਕੇ ਪੈਨਲਟੀ ਕਾਰਨਰ ਮਾਹਿਰ ਵੀ ਸੀ। 1956 ਵਿੱਚ ਆਪਣੀ ਪੋਸਟ ਗਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਪ੍ਰਿਥੀਪਾਲ ਸਿੰਘ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਭਰਤੀ ਹੋ ਗਿਆ। 1957 ਵਿੱਚ ਹੋਈ ਸੀਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਵਿੱਚ ਪ੍ਰਿਥੀਪਾਲ ਸਿੰਘ ਪੰਜਾਬ ਵੱਲੋਂ ਪਹਿਲੀ ਵਾਰ ਖੇਡਿਆ। 1959 ਵਿੱਚ ਹੈਦਰਾਬਾਦ ਵਿਖੇ ਹੋਈ ਨੈਸ਼ਨਲ ਵਿੱਚ ਖੇਡਣ ਤੋਂ ਬਾਅਦ ਪ੍ਰਿਥੀਪਾਲ ਸਿੰਘ ਕੌਮੀ ਚੋਣਕਾਰਾਂ ਦੀ ਨਿਗ੍ਹਾ ਵਿੱਚ ਆ ਗਿਆ ਅਤੇ ਪੂਰਬੀ ਅਫ਼ਰੀਕਾ ਦੇ ਦੌਰੇ ਉਤੇ ਜਾਣ ਵਾਲੀ ਭਾਰਤੀ ਹਾਕੀ ਟੀਮ ਵਿੱਚ ਚੁਣਿਆ ਗਿਆ। ਫੇਰ ਉਸ ਨੇ ਯੂਰਪ ਵਿੱਚ ਮਿਊਨਿਖ ਵਿਖੇ ਟੂਰਨਾਮੈਂਟ ਖੇਡਿਆ। ਉਦੋਂ ਤੱਕ ਉਹ ਭਾਰਤ ਦਾ ਚੋਟੀ ਦਾ ਪੈਨਲਟੀ ਕਾਰਨਰ ਮਾਹਿਰ ਬਣ ਗਿਆ ਸੀ ਅਤੇ 1960 ਵਿੱਚ ਰੋਮ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਟੀਮ ਵਿੱਚ ਚੁਣਿਆ ਗਿਆ।
ਰੋਮ ਓਲੰਪਿਕਸ ਵਿੱਚ ਆਪਣਾ ਪਹਿਲਾ ਹੀ ਮੈਚ ਡੈਨਮਾਰਕ ਖਿਲਾਫ਼ ਖੇਡਦਿਆਂ ਪ੍ਰਿਥੀਪਾਲ ਸਿੰਘ ਨੇ ਪਹਿਲੇ ਹੀ ਮਿੰਟ ਵਿੱਚ ਆਪਣਾ ਪਹਿਲਾ ਓਲੰਪਿਕ ਗੋਲ ਕਰ ਦਿੱਤਾ। ਦੋ ਗੋਲ ਹੋਰ ਕਰਕੇ ਪਹਿਲੇ ਹੀ ਮੈਚ ਵਿੱਚ ਹੈਟ੍ਰਿਕ ਜੜੀ ਅਤੇ ਭਾਰਤ ਨੂੰ 10-0 ਦੀ ਵੱਡੀ ਜਿੱਤ ਦਿਵਾਈ। ਹਾਲੈਂਡ ਖਿਲਾਫ 4-1 ਦੀ ਜਿੱਤ ਵਿੱਚ ਦੋ ਗੋਲਾਂ ਦਾ ਅਹਿਮ ਯੋਗਦਾਨ ਪਾਇਆ। ਭਾਰਤੀ ਟੀਮ ਫ਼ਾਈਨਲ ਵਿੱਚ ਪਾਕਿਸਤਾਨ ਤੋਂ ਇੱਕ ਗੋਲ ਨਾਲ ਹਾਰੀ ਅਤੇ ਚਾਂਦੀ ਦਾ ਤਮਗ਼ਾ ਜਿੱਤਿਆ। ਪ੍ਰਿਥੀਪਾਲ ਸਿੰਘ ਪੰਜ ਗੋਲਾਂ ਨਾਲ ਭਾਰਤ ਦਾ ਟਾਪ ਸਕੋਰਰ ਰਿਹਾ। 1962 ਵਿੱਚ ਜਕਾਰਤਾ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਪ੍ਰਿਥੀਪਾਲ ਸਿੰਘ ਦੀ ਹਾਕੀ ਦਾ ਜਾਦੂ ਫੇਰ ਚੱਲਿਆ। ਲੀਗ ਮੈਚਾਂ ਵਿੱਚ ਪ੍ਰਿਥੀਪਾਲ ਨੇ ਹਾਂਗਕਾਂਗ ਤੇ ਦੱਖਣੀ ਕੋਰੀਆ ਖਿਲਾਫ ਦੋ ਹੈਟ੍ਰਿਕਾਂ ਜੜੀਆਂ। ਸੈਮੀ ਫ਼ਾਈਨਲ ਵਿੱਚ ਜਪਾਨ ਖਿਲਾਫ ਸੱਤ ਗੋਲਾਂ ਦੀ ਜਿੱਤ ਵਿੱਚ ਦੋ ਗੋਲ ਪ੍ਰਿਥੀਪਾਲ ਸਿੰਘ ਨੇ ਕੀਤੇ। ਫ਼ਾਈਨਲ ਵਿੱਚ ਪਾਕਿਸਤਾਨ ਹੱਥੋਂ ਹਾਰ ਮਿਲਣ ਕਰਕੇ ਭਾਰਤ ਨੂੰ ਚਾਂਦੀ ਦਾ ਤਮਗ਼ਾ ਮਿਲਿਆ। ਇਸੇ ਸਾਲ ਪ੍ਰਿਥੀਪਾਲ ਸਿੰਘ ਨੇ ਅਹਿਮਦਾਬਾਦ ਵਿਖੇ ਹੋਏ ਕੌਮਾਂਤਰੀ ਟੂਰਨਾਮੈਂਟ ਵਿੱਚ ਭਾਰਤ ਲਈ ਸੋਨੇ ਦਾ ਤਮਗ਼ਾ ਜਿੱਤਿਆ। 1961 ਵਿੱਚ ਇੰਡੀਅਨ ਵਾਂਡਰਰਜ਼ ਹਾਕੀ ਟੀਮ ਵੱਲੋਂ ਨਿਊਜ਼ੀਲੈਂਡ ਅਤੇ ਆਸਟਰੇਲੀਆ ਦਾ ਦੌਰਾ ਕੀਤਾ।
ਅਸ਼ਵਨੀ ਕੁਮਾਰ ਨਾਲ ਸਬੰਧਾਂ ਵਿੱਚ ਆਈ ਕੁੜੱਤਣ ਦੇ ਚੱਲਦਿਆਂ ਪ੍ਰਿਥੀਪਾਲ ਸਿੰਘ ਇੱਕ ਵਾਰ ਟੀਮ ਵਿੱਚੋਂ ਬਾਹਰ ਵੀ ਹੋਇਆ, ਪਰ ਭਾਰਤੀ ਟੀਮ ਉਸ ਨੂੰ ਬਾਹਰ ਰੱਖਣ ਦਾ ਜੋਖਮ ਨਹੀਂ ਉਠਾ ਸਕਦੀ ਸੀ ਅਤੇ ਜਲਦ ਹੀ ਉਸ ਦੀ ਟੀਮ ਵਿੱਚ ਵਾਪਸੀ ਹੋਈ। 1964 ਵਿੱਚ ਟੋਕੀਓ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਪ੍ਰਿਥੀਪਾਲ ਸਿੰਘ ਮੁੜ ਭਾਰਤੀ ਹਾਕੀ ਟੀਮ ਵਿੱਚ ਚੁਣਿਆ ਗਿਆ। 1960 ਰੋਮ ਓਲੰਪਿਕਸ ਵਿੱਚ ਫ਼ਾਈਨਲ ਦੀ ਹਾਰ ਤੋਂ ਬਾਅਦ ਭਾਰਤੀ ਹਾਕੀ ਟੀਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੀ ਸਾਬਕਾ ਵਿਦਿਆਰਥੀ ਚਰਨਜੀਤ ਸਿੰਘ ਦੀ ਅਗਵਾਈ ਹੇਠ ਬਦਲਾ ਲੈਣ ਲਈ ਟੋਕੀਓ ਵਿਖੇ ਉਤਰੀ। ਭਾਰਤੀ ਹਾਕੀ ਅਤੇ ਪ੍ਰਿਥੀਪਾਲ ਸਿੰਘ ਦੀ ਖੇਡ ਪੂਰੇ ਜਲੌਅ ਉਤੇ ਸੀ। ਲਗਾਤਾਰ ਤੀਜੀ ਓਲੰਪਿਕਸ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਫ਼ਾਈਨਲ ਖੇਡਿਆ ਜਾ ਰਿਹਾ ਸੀ। ਚਾਰ ਸਾਲ ਪਹਿਲਾਂ ਰੋਮ ਵਿਖੇ ਪਾਕਿਸਤਾਨ ਅਤੇ ਅੱਠ ਸਾਲ ਪਹਿਲਾਂ ਮੈਲਬਰਨ ਵਿਖੇ ਭਾਰਤ ਜਿੱਤਿਆ ਸੀ। ਤੀਜੇ ਫ਼ਾਈਨਲ ਵਿੱਚ ਅੱਧੇ ਸਮੇਂ ਤੱਕ ਮੈਚ ਗੋਲ ਰਹਿਤ ਬਰਾਬਰ ਚੱਲ ਰਿਹਾ ਸੀ। ਦੂਜੇ ਅੱਧ ਦੇ ਛੇਵੇਂ ਮਿੰਟ ਵਿੱਚ ਹੀ ਪ੍ਰਿਥੀਪਾਲ ਸਿੰਘ ਨੇ ਪੈਨਲਟੀ ਕਾਰਨਰ ਉਤੇ ਅਜਿਹੀ ਸਟੀਕ ਹਿੱਟ ਜੜੀ ਕਿ ਗੋਲ ਵਿੱਚ ਜਾਂਦੀ ਬਾਲ ਪਾਕਿਸਤਾਨੀ ਖਿਡਾਰੀ ਮੁਨੀਰ ਦਾਰ ਦੇ ਪੈਰਾਂ ਨੂੰ ਲੱਗ ਗਈ, ਜਿਸ ਕਾਰਨ ਭਾਰਤ ਨੂੰ ਪੈਨਲਟੀ ਸਟਰੋਕ ਮਿਲਿਆ। ਮਹਿੰਦਰ ਪਾਲ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਤਬਦੀਲ ਕਰਕੇ ਭਾਰਤ ਨੂੰ ਇੱਕ ਗੋਲ ਦੀ ਲੀਡ ਦਿਵਾ ਦਿੱਤੀ। ਪਾਕਿਸਤਾਨੀ ਟੀਮ ਸਕੋਰ ਬਰਾਬਰ ਕਰਨ ਲਈ ਪੂਰੀ ਤਰ੍ਹਾਂ ਉਤਾਰੂ ਸੀ। ਮੈਚ ਵਿੱਚ ਤਣਾਅ ਵੀ ਵੱਧ ਰਿਹਾ ਸੀ ਅਤੇ ਰਫ਼ ਹਾਕੀ ਵੀ ਖੇਡੀ ਜਾ ਰਹੀ ਸੀ। ਪਾਕਿਸਤਾਨ ਦਾ ਇੱਕ ਫਾਰਵਰਡ ਬੋਲ਼ਾ ਸੀ, ਜਿਸ ਨੂੰ ਬੋਲ਼ਾ ਇਸ ਕਰਕੇ ਆਖਿਆ ਜਾਂਦਾ ਸੀ, ਕਿਉਂਕਿ ਉਹ ਕਿਸੇ ਫਾਊਲ ਮੌਕੇ ਅੰਪਾਇਰ ਦੀ ਵਿਸਲ ਨਹੀਂ ਸੁਣਦਾ ਸੀ। ਬੋਲ਼ੇ ਦੀ ਖੇਡ ਤੋਂ ਯੂਰਪੀਅਨ ਖਿਡਾਰੀ ਬਹੁਤ ਡਰਦੇ ਸਨ। ਪਾਕਿਸਤਾਨ ਇੱਕ ਗੋਲ ਤੋਂ ਪਛੜਦਾ ਦੇਖ ਕੇ ਪਾਕਿਸਤਾਨੀ ਖਿਡਾਰੀ ਮੁਨੀਰ ਦਾਰ ਨੇ ਬੋਲ਼ੇ ਨੂੰ ਚੀਕਦਿਆਂ ਆਖਿਆ, “ਬੋਲਿLਆਂ ਅਗਾਂਹ ਮਰ, ਗੋਲ ਕਰ।” ਅੱਗੋ ਬੋਲ਼ੇ ਨੇ ਜਵਾਬ ਦਿੱਤਾ, “ਹੁਣ ਨ੍ਹੀਂ ਹੋ ਸਕਦਾ, ਅਗਾਂਹ ਤੇਰਾ ਪਿਓ ਪ੍ਰਿਥੀਪਾਲ ਖੜ੍ਹਾ।” ਭਾਰਤ ਨੇ ਫ਼ਾਈਨਲ ਵਿੱਚ ਪਾਕਿਸਤਾਨ ਨੂੰ ਹਰਾ ਕੇ ਮੁੜ ਓਲੰਪਿਕ ਖੇਡਾਂ ਦਾ ਸੋਨ ਤਮਗ਼ਾ ਜਿੱਤਿਆ। ਟੂਰਨਾਮੈਂਟ ਵਿੱਚ ਭਾਰਤ ਵੱਲੋਂ ਕੀਤੇ 22 ਗੋਲਾਂ ਵਿੱਚੋਂ ਅੱਧੇ 11 ਗੋਲ ਇਕੱਲੇ ਪ੍ਰਿਥੀਪਾਲ ਸਿੰਘ ਨੇ ਕੀਤੇ। ਉਸ ਨੂੰ ਗਿਬਰਾਲਟਰ ਦੀ ਚੱਟਾਨ ਦਾ ਖਿਤਾਬ ਦਿੱਤਾ ਗਿਆ।
ਟੋਕੀਓ ਓਲੰਪਿਕ ਖੇਡਾਂ ਤੋਂ ਬਾਅਦ ਹੁਣ ਵਾਰੀ ਸੀ ਏਸ਼ਿਆਈ ਖੇਡਾਂ ਵਿੱਚ ਸਰਦਾਰੀ ਕਾਇਮ ਕਰਨ ਦੀ। 1966 ਵਿੱਚ ਬੈਂਕਾਕ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਗੋਲਚੀ ਕਪਤਾਨ ਸ਼ੰਕਰ ਲਕਸ਼ਮਣ ਦੀ ਅਗਵਾਈ ਵਿੱਚ ਬਹੁਤਾਤ ਪੰਜਾਬੀ ਸਿੱਖ ਖਿਡਾਰੀਆਂ ਨਾਲ ਮੈਦਾਨ ਵਿੱਚ ਉਤਰੀ ਭਾਰਤੀ ਟੀਮ ਨੇ ਪਹਿਲੀ ਵਾਰ ਏਸ਼ਿਆਈ ਖੇਡਾਂ ਵਿੱਚ ਸੋਨ ਤਮਗ਼ਾ ਜਿੱਤਿਆ। 1967 ਵਿੱਚ ਪ੍ਰਿਥੀਪਾਲ ਸਿੰਘ ਨੂੰ ਪਹਿਲੀ ਵਾਰ ਭਾਰਤੀ ਟੀਮ ਦੀ ਕਪਤਾਨੀ ਮਿਲੀ ਅਤੇ ਉਸ ਦੀ ਅਗਵਾਈ ਵਿੱਚ ਭਾਰਤ ਨੇ ਮੈਡਰਿਡ ਹਾਕੀ ਟੂਰਨਾਮੈਂਟ ਅਤੇ ਪੂਰਬੀ ਜਰਮਨੀ ਖਿਲਾਫ ਟੈਸਟ ਲੜੀ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ।
1968 ਵਿੱਚ ਮੈਕਸੀਕੋ ਓਲੰਪਿਕ ਖੇਡਾਂ ਲਈ ਭਾਰਤੀ ਹਾਕੀ ਵਿੱਚ ਗੁੱਟਬਾਜ਼ੀ ਦੇ ਚੱਲਦਿਆਂ ਪ੍ਰਿਥੀਪਾਲ ਸਿੰਘ ਤੇ ਗੁਰਬਖ਼ਸ਼ ਸਿੰਘ ਨੂੰ ਸੰਯੁਕਤ ਕਪਤਾਨ ਬਣਾਇਆ ਗਿਆ, ਜਿਸ ਨਾਲ ਟੀਮ ਦੋ ਗਰੁੱਪਾਂ ਵਿੱਚ ਵੰਡੀ ਗਈ। ਟੀਮ ਦੀ ਫੁੱਟ ਦਾ ਅਸਰ ਖੇਡ ਉਪਰ ਵੀ ਸਾਫ਼ ਪੈ ਰਿਹਾ ਸੀ ਅਤੇ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਭਾਰਤੀ ਟੀਮ ਪਹਿਲੀ ਵਾਰ ਸੈਮੀ ਫ਼ਾਈਨਲ ਵਿੱਚ ਹਾਰਨ ਕਰਕੇ ਖਿਤਾਬ ਦੀ ਦੌੜ ਵਿੱਚੋਂ ਬਾਹਰ ਹੋ ਗਈ। ਕਾਂਸੀ ਦੇ ਤਮਗ਼ੇ ਦੇ ਮੈਚ ਵਿੱਚ ਪੂਰਬੀ ਜਰਮਨੀ ਖਿਲਾਫ ਪ੍ਰਿਥੀਪਾਲ ਸਿੰਘ ਦੇ ਗੋਲ ਬਦੌਲਤ ਭਾਰਤ ਨੇ ਜਿੱਤ ਹਾਸਲ ਕਰਕੇ ਕਾਂਸੀ ਦੇ ਤਮਗ਼ੇ ਨਾਲ ਮਾਣ ਬਹਾਲੀ ਕੀਤੀ। ਪ੍ਰਿਥੀਪਾਲ ਸਿੰਘ ਨੇ ਓਲੰਪਿਕਸ ਵਿੱਚ ਕੁੱਲ ਸੱਤ ਗੋਲ ਕੀਤੇ। ਇਸ ਤਰ੍ਹਾਂ ਤਿੰਨ ਓਲੰਪਿਕ ਖੇਡਣ ਵਾਲੇ ਪ੍ਰਿਥੀਪਾਲ ਸਿੰਘ ਨੇ ਤਿੰਨੋਂ ਰੰਗਾਂ ਦੇ ਓਲੰਪਿਕਸ ਤਮਗ਼ੇ (ਸੋਨਾ, ਚਾਂਦੀ ਤੇ ਕਾਂਸੀ) ਜਿੱਤੇ ਅਤੇ ਤਿੰਨ ਓਲੰਪਿਕਸ ਵਿੱਚ ਕੁੱਲ 23 ਗੋਲ ਵੀ ਕੀਤੇ।
ਪ੍ਰਿਥੀਪਾਲ ਸਿੰਘ ਨੇ 1968 ਮੈਕਸੀਕੋ ਓਲੰਪਿਕਸ ਤੋਂ ਬਾਅਦ ਸਰਗਰਮ ਹਾਕੀ ਤੋਂ ਸੰਨਿਆਸ ਲੈ ਲਿਆ। ਕੁਝ ਸਮੇਂ ਲਈ ਉਸ ਨੂੰ ਚੋਣ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਉਹ 1975 ਵਿੱਚ ਭਾਰਤੀ ਹਾਕੀ ਟੀਮ ਨਾਲ ਅਬਜ਼ਰਵਰ ਵਜੋਂ ਵੀ ਤਾਇਨਾਤ ਰਿਹਾ, ਜਦੋਂ ਭਾਰਤ ਨੇ ਕੁਆਲਾ ਲੰਪੁਰ ਵਿਖੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ। ਪ੍ਰਿਥੀਪਾਲ ਐਨ.ਆਈ.ਐਸ., ਪਟਿਆਲਾ ਦੇ ਮੈਂਬਰ ਅਤੇ ਲਕਸ਼ਮੀ ਬਾਈ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਗਵਾਲੀਅਰ ਦੀ ਗਵਰਨਿੰਗ ਬਾਡੀ ਦੇ ਮੈਂਬਰ ਵੀ ਰਹੇ ਹਨ।
ਘਰੇਲੂ ਹਾਕੀ ਵਿੱਚ ਪ੍ਰਿਥੀਪਾਲ ਸਿੰਘ ਨੇ 1956 ਤੋਂ 1963 ਤੱਕ ਪੰਜਾਬ ਪੁਲਿਸ ਦੀ ਨੁਮਾਇੰਦਗੀ ਕੀਤੀ। 1961 ਵਿੱਚ ਨੈਸ਼ਨਲ ਵਿੱਚ ਚਾਂਦੀ ਅਤੇ 1963 ਵਿੱਚ ਨੈਸ਼ਨਲ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਫੇਰ ਉਸ ਨੇ ਪੰਜਾਬ ਪੁਲਿਸ ਤੋਂ ਅਸਤੀਫਾ ਦੇ ਕੇ ਭਾਰਤੀ ਰੇਲਵੇ ਜੁਆਇਨ ਕਰ ਲਈ। ਉਸ ਨੇ 1963 ਤੋਂ 1967 ਤੱਕ ਰੇਲਵੇ ਵੱਲੋਂ ਕੌਮੀ ਹਾਕੀ ਵਿੱਚ ਹਿੱਸਾ ਲਿਆ। ਪੰਜਾਬ ਪੁਲਿਸ ਛੱਡਣ ਕਰਕੇ ਪ੍ਰਿਥੀਪਾਲ ਸਿੰਘ ਤੇ ਅਸ਼ਵਨੀ ਕੁਮਾਰ, ਜੋ ਭਾਰਤੀ ਹਾਕੀ ਦੇ ਕਰਤਾ-ਧਰਤਾ ਰਹਿਣ ਦੇ ਨਾਲ ਪੰਜਾਬ ਪੁਲਿਸ ਦੇ ਵੀ ਮੁਖੀ ਰਹੇ ਹਨ, ਵਿਚਕਾਰ ਸਬੰਧਾਂ ਵਿੱਚ ਖਟਾਸ ਵੀ ਆਈ। ਇਸੇ ਕਰਾਨ 1963 ਵਿੱਚ ਪ੍ਰਿਥੀਪਾਲ ਸਿੰਘ ਨੂੰ ਭਾਰਤੀ ਹਾਕੀ ਵਿੱਚੋਂ ਬਾਹਰ ਵੀ ਕੀਤਾ ਗਿਆ। ਮੀਡੀਆ ਸਮੇਤ ਹਾਕੀ ਜਗਤ ਵਿੱਚ ਇਸ ਗੱਲ ਦਾ ਬਹੁਤ ਹੰਗਾਮਾ ਹੋਇਆ ਕਿ ਘਰੇਲੂ ਵਿਭਾਗ ਬਦਲਣ ਕਰਕੇ ਪ੍ਰਿਥੀਪਾਲ ਸਿੰਘ ਨੂੰ ਟੀਮ ਵਿੱਚੋਂ ਬਾਹਰ ਕੀਤਾ। ਉਧਰ ਪ੍ਰਿਥੀਪਾਲ ਸਿੰਘ ਦੀ ਬਲਬੂਤੇ ਭਾਰਤੀ ਰੇਲਵੇ ਨੇ ਨੈਸ਼ਨਲ ਪੱਧਰ ਉਤੇ ਜਿੱਤਾਂ ਦਾ ਸਿਲਸਿਲਾ ਸ਼ੁਰੂ ਕੀਤਾ।
ਪ੍ਰਿਥੀਪਾਲ ਸਿੰਘ ਨੇ 1968 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਖੇਡ ਡਾਇਰੈਕਟਰ ਦਾ ਅਹੁਦਾ ਸੰਭਾਲ ਲਿਆ। ਇਸ ਦੇ ਨਾਲ ਵਿਦਿਆਰਥੀ ਭਲਾਈ ਵਿਭਾਗ ਦਾ ਡਾਇਰੈਕਟਰ ਦਾ ਕਾਰਜਕਾਰ ਵੀ ਸੰਭਾਲਿਆ, ਜਿਸ ਨਾਲ ਵਿਦਿਆਰਥੀਆਂ ਨਾਲ ਸਿੱਧਾ ਰਾਬਤਾ ਰਿਹਾ। ਪ੍ਰਿਥੀਪਾਲ ਸਿੰਘ ਅਸੂਲੀ ਸੁਭਾਅ ਦਾ ਸੀ, ਜਿਸ ਨੂੰ ਵਿਦਿਆਰਥੀ ਅੜ੍ਹਬ ਮੰਨਦੇ ਸਨ। ਉਸ ਉਪਰ ਖਿਡਾਰੀਆਂ ਦਾ ਪੱਖ ਲੈਣ ਦਾ ਦੋਸ਼ ਵੀ ਲੱਗਦਾ ਸੀ, ਜਿਸ ਕਾਰਨ ਵਿਦਿਆਰਥੀ ਯੂਨੀਅਨ ਨਾਲ ਨਿਰੰਤਰ ਟਕਰਾਅ ਬਣਿਆ ਰਹਿੰਦਾ। ਵਿਦਿਆਰਥੀ ਯੂਨੀਅਨ ਨਾਲ ਸਬੰਧਾਂ ਵਿੱਚ ਵਧਦੀ ਤਲਖੀ ਇੱਥੋਂ ਤੱਕ ਪਹੁੰਚ ਗਈ ਕਿ ਆਖਰ 20 ਮਈ 1983 ਨੂੰ ਯੂਨੀਵਰਸਿਟੀ ਕੈਂਪਸ ਵਿਖੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। 51 ਵਰਿ੍ਹਆਂ ਦੀ ਉਮਰੇ ਇੱਕ ਮਹਾਨ ਹਾਕੀ ਖਿਡਾਰੀ ਦਾ ਦੁਖਾਂਤਕ ਅੰਤ ਹੋ ਗਿਆ, ਜਿਸ ਦੇ ਕਤਲ ਦੀ ਗੁੱਥੀ ਹੁਣ ਤੱਕ ਅਣਸੁਲਝੀ ਹੈ।
ਪ੍ਰਿਥੀਪਾਲ ਸਿੰਘ ਨੂੰ ਮਿਲੇ ਮਾਣ-ਸਨਮਾਨਾਂ ਦੀ ਗੱਲ ਕਰੀਏ ਤਾਂ 1961 ਵਿੱਚ ਜਦੋਂ ਖਿਡਾਰੀਆਂ ਲਈ ਅਰਜੁਨਾ ਐਵਾਰਡ ਦੀ ਸ਼ੁਰੂਆਤ ਹੋਈ ਅਤੇ ਉਹ ਇਸ ਐਵਾਰਡ ਨੂੰ ਹਾਸਲ ਕਰਨ ਵਾਲਾ ਪਹਿਲਾ ਹਾਕੀ ਖਿਡਾਰੀ ਸੀ। ਅਥਲੀਟ ਗੁਰਬਚਨ ਸਿੰਘ ਰੰਧਾਵਾ ਵੀ ਇਸੇ ਸੂਚੀ ਵਿੱਚ ਸ਼ਾਮਲ ਸੀ, ਜਿਸ ਨੂੰ ਪਹਿਲੇ ਅਰਜੁਨ ਐਵਾਰਡੀ ਅਥਲੀਟ ਹੋਣ ਦਾ ਮਾਣ ਹਾਸਲ ਹੈ। 1964 ਟੋਕੀਓ ਓਲੰਪਿਕਸ ਅਤੇ 1966 ਬੈਂਕਾਕ ਏਸ਼ੀਆਡ ਦੀ ਸੁਨਹਿਰੀ ਪ੍ਰਾਪਤੀ ਤੋਂ ਬਾਅਦ 1967 ਵਿੱਚ ਪ੍ਰਿਥੀਪਾਲ ਸਿੰਘ ਨੂੰ ਚੌਥਾ ਸਰਵਉੱਚ ਨਾਗਰਿਕ ਸਨਮਾਨ ਪਦਮਸ਼੍ਰੀ ਵੀ ਮਿਲਿਆ। ਰੇਲਵੇ ਨੇ ਪ੍ਰਿਥੀਪਾਲ ਸਿੰਘ ਨੂੰ ਸਰਵੋਤਮ ਖਿਡਾਰੀ ਐਲਾਨਦਿਆਂ ਰੇਲ ਮੰਤਰੀ ਮੈਡਲ ਨਾਲ ਵੀ ਸਨਮਾਨਿਆ। ਪਿੰਡ ਜਰਖੜ ਵਿਖੇ ਪ੍ਰਿਥੀਪਾਲ ਸਿੰਘ ਦਾ ਬੁੱਤ ਸਥਾਪਤ ਹੈ ਅਤੇ ਉਸ ਦੀ ਯਾਦ ਵਿੱਚ ਹਾਕੀ ਲੀਗ ਵੀ ਹੁੰਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਉਸ ਨੂੰ ਖੇਡਾਂ ਤੇ ਸਿੱਖਿਆ ਖੇਤਰ ਦੀਆਂ ਪ੍ਰਾਪਤੀਆਂ ਬਦਲੇ ‘ਰੋਲ ਆਫ਼ ਆਨਰ’ ਨਾਲ ਸਨਮਾਨਤ ਕੀਤਾ। ਵੱਖ-ਵੱਖ ਅਖਬਾਰ ਅਤੇ ਖੇਡ ਰਸਾਲਿਆਂ ਨੇ ਉਸ ਨੂੰ ਸਰਵੋਤਮ ਹਾਕੀ ਖਿਡਾਰੀ ਦੱਸਿਆ। ਉਸ ਦੇ ਜੀਵਨ ਅਤੇ ਖੇਡ ਪ੍ਰਾਪਤੀਆਂ ਉਪਰ ਇੱਕ ਫਿਲਮ ਵੀ ਬਣੀ ਹੈ।