ਉਦਾਸ ਨਦੀ ਤੇ ਅਧੂਰਾ ਖ਼ਤ

ਸਾਹਿਤਕ ਤੰਦਾਂ

ਇਹ ਕਹਾਣੀ ਨਹੀਂ, ਬਲਕਿ ਪੰਜਾਬ ਦੇ ਹੋ ਰਹੇ ਉਜਾੜੇ ਕਾਰਨ ਇੱਕ ਦਰਦ ਭਰੀ ਹੂਕ ਹੈ। ਪੰਜਾਬ ਦੇ ਵੱਖ ਵੱਖ ਕਿਸਮਾਂ ਦੇ ਅਜੋਕੇ ਸੰਤਾਪ ਨੂੰ ਕਹਾਣੀਕਾਰ ਨੇ ਜਿਸ ਲਹਿਜ਼ੇ ਵਿੱਚ ਗੁੰਦਿਆ ਹੈ, ਉਹ ਸਾਨੂੰ ਪੰਜਾਬੀਆਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ। ਇਸ ਫਿਕਰਮੰਦੀ ਤੇ ਇਸ ਝੰਜੋੜੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਹਾਣੀਕਾਰ ਨੇ ਸਵਾਲ ਕੀਤਾ ਹੈ ਕਿ ਵੱਡੇ ਖੂਹ ਵਾਲੇ ਮੋੜ ’ਤੇ ਬੈਠੀ ਹੋਣ ਦੇ ਬਾਵਜੂਦ ਕਹਾਣੀ ਵਿਚਲੀ ਪਾਤਰ ਬਿਸ਼ਨੀ ਚਾਚੀ ਦੀਆਂ ਖੁਸ਼ਕ ਅੱਖਾਂ ਵਿੱਚ ਮਾਰੂਥਲ ਕਿਉਂ ਨਜ਼ਰ ਆਉਂਦਾ ਹੈ?

ਯਾਨਿ ਪੰਜ-ਆਬਾਂ ਦੀ ਧਰਤੀ `ਤੇ ਪਾਣੀ ਦੀ ਜੋ ਲੁੱਟ, ਜੋ ਦੁਰਗਤ ਤੇ ਦੁਰਵਰਤੋਂ ਹੋ ਰਹੀ ਹੈ, ਯਕੀਨਨ ਅਸੀਂ ਪੰਜਾਬ ਨੂੰ ਮਾਰੂਥਲ ਬਣਾਉਣ ਵੱਲ ਵਧ ਰਹੇ ਹਾਂ। ਕਹਾਣੀ ਦੇ ਸੰਦਰਭ ਵਿੱਚ ‘ਸ਼ਬਦਾਂ ਦੀ ਮੌਤ’ ਉਤੇ ਸਾਨੂੰ ਇਹ ਤਨਜ਼ ਹੀ ਤਾਂ ਹੈ ਕਿ ‘ਕਿੰਨਾ ਟੁੱਟ ਗਏ ਹਾਂ ਅਸੀਂ ਲਫਜ਼ਾਂ ਨਾਲੋਂ!’ ਮਾਂ ਬੋਲੀ ਪ੍ਰਤੀ ਫਿਕਰਮੰਦੀ ਕਿ ‘ਤੇਰੀ ਮਾਂ ਬੋਲੀ ਲਈ ਕੋਈ ਹੋਰ ਆ ਕੇ ਲੜੇਗਾ?’ ਨੌਜਵਾਨਾਂ ਦੇ ਪਰਵਾਸ, ਵਿਆਹਾਂ ਦੇ ਬਦਲਦੇ ਢੰਗ-ਤਰੀਕੇ ਕਿ ਹੁਣ ਲੋਕ ਗੀਤਾਂ ਦੀ ਮਿੱਠੀ ਲੈਅ ਨਹੀਂ ਗੂੰਜਦੀ; ਰੁੱਖਾਂ ਦੀ ਕਟਾਈ ਅਤੇ ਵਾਤਾਵਰਣ ਪ੍ਰਤੀ ਅਵੇਸਲਾਪਨ; ਪੰਛੀਆਂ ਦੇ ਅਲੋਪ ਹੋ ਜਾਣ ਆਦਿ ਸਮੇਤ ਵੱਡਾ ਸਵਾਲ ਕਿ ਕੀ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਹਵਾ, ਪਾਣੀ ਬਚਾ ਕੇ ਦੇ ਸਕਦਾ ਹਾਂ? ਇਹ ਸਭ ਫਿਕਰ ਇਸ ਕਹਾਣੀ ਦਾ ਧਰਾਤਲ ਹਨ।

ਸਿਮਰਨ ਧਾਲੀਵਾਲ

ਮੈਂ ਛੱਤ ਉਪਰ ਜਾ ਕੇ ਦੇਖਿਆ…ਰੋਟੀਆਂ ਦਾ ਭੋਰਾ ਉਸੇ ਤਰ੍ਹਾਂ ਖਿਲਰਿਆ ਪਿਆ ਸੀ। ਮੈਂ ਦੂਰ ਤੀਕ ਨਜ਼ਰ ਮਾਰੀ। ਇੱਕ ਵੀਰਾਨੀ ਜਿਹੀ ਨਜ਼ਰੀਂ ਪਈ। ਮੈਂ ਹੇਠਾਂ ਆ ਕੇ ਲੈਪਟਾਪ ਆਨ ਕਰਕੇ ਕੁਝ iਲ਼ਖਣ ਲਈ ਬੈਠ ਗਿਆ। ਚਾਰ ਕੁ ਅੱਖਰ ਹੀ ਅਜੇ ਟਾਈਪ ਕੀਤੇ ਸਨ ਕਿ ਡੋਰ ਬੈਲ਼ ਵੱਜੀ। ਰਾਮ ਚੰਦ ਡਾਕੀਆ ਬੂਹੇ ਅੱਗੇ ਖੜ੍ਹਾ ਸੀ।
“ਲਓ ਜੀ ਲਿਖਾਰੀ ਸਾਬ੍ਹ ਆ ਗਈ ਤੁਹਾਡੀ ਚਿੱਠੀ! ਮੈਂ ਲਾਇਆ ਹਿਸਾਬ ਬਈ ਵਿਹਲੇ ਈ ਜੇ ਤੁਸੀਂ ਦੋਵੇਂ। ” ਉਹਨੇ ਚਿੱਠੀ ਫੜਾਉਂਦਿਆਂ ਪਤਾ ਨਹੀਂ ਹਾਸੇ ਨਾਲ ਕਿਹਾ ਸੀ ਜਾਂ ਪਤਾ ਨਹੀਂ ਗੁੱਸੇ ਨਾਲ। ਉਹਦੇ ਚਿਹਰੇ ਵੱਲ ਦੇਖ ਕੇ ਵੀ ਮੈਂ ਇਹ ਪ੍ਰਭਾਵ ਸਮਝ ਨਾ ਪਾਇਆ। ਰਾਮ ਚੰਦ ਹਮੇਸ਼ਾ ਇਹੀ ਆਖਦਾ ਹੈ; ਕਿਉਂਕਿ ਸ਼ਹਿਰੋਂ ਬਾਹਰ ਇੰਨੀ ਦੂਰ ਉਸ ਨੂੰ ਮੇਰੀਆਂ ਚਿੱਠੀਆਂ ਦੇਣ ਲਈ ਜੁ ਆਉਣਾ ਪੈਂਦਾ ਹੈ।
“ਮੇਰਾ ਵੱਸ ਚੱਲੇ ਤਾਂ ਕਬੂਤਰ ਰੱਖ ਲਵਾਂ ਚਿੱਠੀਆਂ ਫੜਾਉਣ ਵਾਲਾ। ਤੇਰੀ ਲੋੜ ਹੀ ਨਾ ਪਵੇ ਰਾਮ ਚੰਦਾ। ” ਮੈਂ ਉਹਨੂੰ ਇਹ ਗੱਲ ਮਨ ਵਿੱਚ ਆਖ ਕੇ ਅੰਦਰ ਆ ਜਾਂਦਾ ਹਾਂ। ਚਿੱਠੀ ਖੋਲਦਿਆਂ ਮਨ ਵਿੱਚ ਸੋਚਦਾ, “ਹੁਣ ਕਿੱਥੋਂ ਆਉਣੇ ਕਬੂਤਰ ਯਾਰ!…ਸ਼ੁਕਰ ਕਰ ਰਾਮ ਚੰਦ ਆ ਰਿਹਾ। ” ਫਿਰ ਚਿੱਠੀ ਪੜ੍ਹਨ ਲੱਗਦਾ ਹਾਂ। ਤਰੰਨੁਮ ਦੀ ਚਿੱਠੀ ਹੈ। ਇਹ ਤਾਂ ਮੈਂ ਲਿਫਾਫੇ ਦਾ ਗੁਲਾਬੀ ਰੰਗ ਦੇਖਦਿਆਂ ਹੀ ਸਮਝ ਗਿਆ ਸੀ। ਸਾਰੀ ਚਿੱਠੀ ਇੱਕੋ ਸਾਹੇ ਪੜ੍ਹ ਕੇ ਮੁਸਕੁਰਾਉਂਦਾ ਹਾਂ। ਮੇਰੀਆਂ ਅੱਖਾਂ ਅੱਗੇ ਤਰੰਨੁਮ ਦਾ ਚਿਹਰਾ ਆ ਜਾਂਦਾ ਹੈ। ਮਾਸੂਮ ਜਿਹਾ; ਪਰ ਤਰੰਨੁਮ ਦਾ ਸਵਾਲ…!! ਸਵਾਲ ਪੁਛਣੇ ਉਸਦੀ ਪਹਿਲੀ ਪਸੰਦ ਹੈ ਜਿਵੇਂ।
“ਯਾਰ ਕਿਉਂ ਪੁਛਿਆ ਤੂੰ ਇਹ ਸਵਾਲ!” ਮੈਂ ਮਨ ਵਿੱਚ ਸੋਚਦਾ। ਸਵਾਲ ਤਾਂ ਰਾਮ ਚੰਦ ਡਾਕੀਆ ਵੀ ਪੁਛਦਾ ਹੈ।
“iਲ਼ਖਾਰੀ ਸਾਬ੍ਹ! ਯਾਰ ਤੂੰ ਕਿਉਂ ਲਿਖਦਾ ਇਹ ਚਿੱਠੀਆਂ…ਫੋਨ ਹੈਨ੍ਹੀ ਤੇਰੇ ਕੋਲ?” ਫਿਰ ਉਹ ਆਪਣਾ ਫੋਨ ਕੱਢ ਕੇ ਮੈਨੂੰ ਦਿਖਾਉਂਦਾ, ਜਿਵੇਂ ਮੈਂ ਤਰੰਨੁਮ ਨੂੰ ਆਪਣੇ ਘਰ ਸਾਹਮਣੇ ਲੱਗਿਆ, ਲਾਈਟਾਂ ਵਾਲਾ ਝੂਲ਼ਾ ਦਿਖਾਉਂਦਾ ਹੁੰਦਾ ਸੀ। ਹੁਣ ਮੈਨੂੰ ਰਾਮਚੰਦ ਦਾ ਫੋਨ ਤੇ ਲਾਈਟਾਂ ਵਾਲਾ ਝੂਲਾ ਇੱਕੋ ਜਿਹੇ ਲੱਗਦੇ ਨੇ…।
“ਦੇਖ ਪ੍ਰਦੀਪ! ਤੇਰੇ ਘਰ ਦੇ ਸਾਹਮਣੇ ਇੱਕ ਵੀ ਰੁੱਖ ਨਹੀਂ?” ਜਦੋਂ ਉਸ ਨੇ ਇੰਜ ਆਖਿਆ ਸੀ, ਮੈਂ ਲਾਈਟਾਂ ਵਾਲੇ ਝੂਲੇ ਵੱਲ਼ ਇਸ਼ਾਰਾ ਕਰ ਦਿੱਤਾ ਸੀ।
“ਤਰੰਨੁਮ! ਅੱਜ ਰਾਤ ਨੂੰ ਦੇਖੀ ਜਦੋਂ ਇਸ ਉੱਤੇ ਲਾਈਟਾਂ ਜਗੀਆਂ। ਇਹ ਬਹੁਤ ਖ਼ੂਬਸੂਰਤ ਲੱਗਦਾ। ” ਮੈਂ ਸੋਚਿਆ ਸੀ ਤਰੰਨੁਮ ਬਹੁਤ ਖੁਸ਼ ਹੋਏਗੀ, ਪਰ ਤਰੰਨੁਮ ਨੇ ਉਦੋਂ ਵੀ ਮੇਰੇ ਅੱਗੇ ਇੱਕ ਹੋਰ ਬੁਝਾਰਤ ਪਾ ਦਿੱਤੀ ਸੀ।
“ਪ੍ਰਦੀਪ! ਚਿੱਟੀ ਚੁੰਨੀ ਚੌਲ਼ ਬੱਝੇ। ਦਿਨੇ ਗੁਆਚੇ ਰਾਤੀਂ ਲੱਭੇ? ਇਹਦਾ ਜਵਾਬ ਦੇ। ” ਮੈਂ ਇੱਕ ਦਮ ਚਹਿਕ ਪਿਆ।
“ਤਾਰੇ! ਇਹਦਾ ਜਵਾਬ ਤਾਂ ਬੱਚੇ ਵੀ ਜਾਣਦੇ ਨੇ। ”
ਮੈਨੂੰ ਵੀ ਆਪਣਾ ਬਚਪਨ ਯਾਦ ਆ ਗਿਆ ਸੀ ਉਦੋਂ। ਮੈਂ ਰਾਤ ਵੇਲੇ ਵਿਹੜੇ ਵਿੱਚ ਆਪਣੇ ਬਾਪੂ ਨਾਲ ਪਿਆ, ਤਾਰਿਆਂ ਵੱਲ ਦੇਖਦਾ। ਬਾਪੂ ਨੂੰ ਪੁਛਦਾ, “ਬਾਪੂ ਜੀ ਇਹ ਤਾਰੇ ਕਿੱਥੋਂ ਆਉਂਦੇ ਨੇ।” ਬਾਪੂ ਮੇਰੇ ਭੋਲੇ ਜਿਹੇ ਸਵਾਲ ਦਾ ਭੋਲਾ ਜਿਹਾ ਜਵਾਬ ਦਿੰਦਾ, “ਅਸਮਾਨ ਦੀ ਚੰਗੇਰ ਵਿੱਚੋਂ ਆਉਂਦੇ ਨੇ ਤਾਰੇ।” ਮੈਂ ਫੇਰ ਪੁਛਦਾ, “ਕੌਣ ਬਣਾਉਂਦਾ ਏ ਇਨ੍ਹਾਂ ਨੂੰ?” ਉਹ ਆਖਦਾ, “ਕੁਦਰਤ।” ਮੈਂ ਕੁਦਰਤ ਬਾਰੇ ਸੋਚਣ ਲੱਗ ਜਾਂਦਾ। ਇਹ ਕੁਦਰਤ ਕੌਣ ਹੋਈ! ਮੇਰੇ ਮਨ ਵਿੱਚ ਦੀਪੋ ਮਾਈ ਦੀ ਤਸਵੀਰ ਖਬਰੈ ਕਿਉਂ ਬਣ ਗਈ ਸੀ ਉਸ ਪਲ। ਮੈਂ ਉਹਦੀ ਭੱਠੀ ’ਤੇ ਦਾਣੇ ਭੰਨਾਉਣ ਲਈ ਜਾਂਦਾ। ਮੇਰੀ ਵਾਰੀ ਆਉਂਦੀ ਤਾਂ ਦੀਪੋ ਮਾਈ ਅੱਗ ਫਰੋਲਣ ਵਾਲਾ ਖੁਰਚਾ ਮੈਨੂੰ ਦੇ ਕੇ ਆਖਦੀ, “ਚੱਲ ਵੇ ਸੁੱਚੇ ਦਿਆ ਬੱਚਿਆ ਅੱਗ ਡਾਹ।” ਮੈਂ ਖੁਰਚੇ ਨਾਲ ਬਾਲਣ ਭੱਠੀ ਵਿੱਚ ਸੁੱਟਣ ਲੱਗਦਾ। ਮੱਕੀ ਦੇ ਦਾਣੇ ਖਿੜ-ਖਿੜ ਕੜਾਹੀ ਤੋਂ ਬਾਹਰ ਡਿੱਗਦੇ। ਬਾਪੂ ਦੇ ਚੰਗੇਰ ਸ਼ਬਦ ਤੋਂ ਮੈਨੂੰ ਦੀਪੋ ਮਾਈ ਦੀ ਕੜਾਹੀ ਯਾਦ ਆ ਜਾਂਦੀ ਤੇ ਤਾਰਿਆਂ ਨੂੰ ਦੇਖ ਕੇ ਮੱਕੀ ਦੇ ਦਾਣੇ। ਦੀਪੋ ਮਾਈ ਦੀਆਂ ਗੱਲਾਂ ਮੈਨੂੰ ਹੁਣ ਵੀ ਯਾਦ ਆਉਂਦੀਆਂ ਨੇ।
“ਹੁਣ ਕਦੇ ਕੁਦਰਤ ਨੂੰ ਮਾਣਿਆ ਤੂੰ?…ਤਾਰਿਆਂ ਨੂੂੰ ਦੇਖਦਾ ਏ ਤੂੰ?” ਉਸ ਦਿਨ ਵੀ ਅਗਲਾ ਸਵਾਲ ਇਹੀ ਸੀ ਤਰੰਨੁਮ ਦਾ। ਅੱਜ ਇਸ ਖ਼ਤ ਵਾਂਗ। ਮੈਂ ਦੇਰ ਤੀਕ ਸੋਚਦਾ ਰਿਹਾ ਸਾਂ।
“ਮੈਂ ਆਪਣੀ ਰੀਸਚਰ ਵਿੱਚ ਹੀ ਐਨਾ ਬਿੱਜ਼ੀ ਆਂ ਤਰੰਨੁਮ ਕਿ ਤਾਰਿਆਂ ਦਾ ਕਦੀ ਖ਼ਿਆਲ ਹੀ ਨਹੀਂ ਆਇਆ।” ਮੈਂ ਜਵਾਬ ਦਿੱਤਾ ਸੀ।
“ਕੀ ਖੋਜ ਰਿਹਾ ਏ ਤੂੰ?” ਉਹ ਅਗਲਾ ਸਵਾਲ ਪੁਛਦੀ। ਮੈਂ ਆਪਣੀ ਰੀਸਰਚ ਬਾਰੇ ਉਸ ਨੂੰ ਦੱਸਣ ਲੱਗਦਾ, “ਮੈਂ ਲੋਕ ਗੀਤਾਂ, ਰਸਮਾਂ-ਰਿਵਾਜ਼ਾਂ ’ਤੇ ਕੰਮ ਕਰ ਰਿਹਾ।” ਫਿਰ ਮੈਂ ਅਗਾਂਹ ਦੱਸਣ ਲੱਗਦਾ, “ਤੂੰ ਕਦੇ ਮੇਰੇ ਖਿੱਤੇ ਦੇ ਲੋਕ ਗੀਤ ਸੁਣੇ ਨੇ? ਬਹੁਤ ਮਿੱਠੇ ਨੇ ਸਾਡੇ ਲੋਕ ਗੀਤ। ਮੈਂ ਤੈਨੂੰ ਸੁਣਾਵਾਂਗਾ।” ਮੈਂ ਆਪਣੇ ਪੁਰਖਿਆਂ ਦੇ ਗੀਤਾਂ ਦੀ ਗੱਲ ਛੇੜ ਲਈ। ਮੈਨੂੰ ਸਾਡੇ ਪਿੰਡ ਵਾਲੇ ਮੀਤੇ ਦਾ ਵਿਆਹ ਯਾਦ ਆ ਗਿਆ। ਮੈਂ ਉਨ੍ਹਾਂ ਦਿਨਾਂ ’ਚ ਪਿੰਡ ਗਿਆ ਸੀ। ਸ਼ਾਮ ਨੂੰ ਮੀਤੇ ਹੁਣਾਂ ਵੱਲ ਗਾਉਣ ਬੈਠਣਾ ਸੀ। ਮੈਂ ਲੋਕ ਗੀਤ ਸੁਣਨ ਲਈ ਔਰਤਾਂ ਵਿੱਚ ਜਾ ਕੇ ਬੈਠ ਗਿਆ। ਅੱਧੀ ਰਾਤ ਤੀਕ ਤੀਂਵੀਆਂ ਗੀਤ ਗਾਉਂਦੀਆਂ ਰਹੀਆਂ। ਫਿਰ ਉਹ ਨੱਚ-ਨੱਚ ਬੋਲੀਆਂ ਪਾਉਣ ਲੱਗੀਆਂ।
“ਹੁਣ ਤੇਰੇ ਪੰਜਾਬ ਵਿੱਚ ਐਸੇ ਵਿਆਹ ਨਹੀਂ ਹੁੰਦੇ ਪ੍ਰਦੀਪ!” ਤਰੰਨੁਮ ਨੇ ਜਿਵੇਂ ਫ਼ਿਕਰ ਜਿਹੇ ਨਾਲ ਆਖਿਆ, “ਪ੍ਰਦੀਪ ਮੈਂ ਜਦੋਂ ਪੰਜਾਬ ਆਈ ਸਾਂ ਨਾ ਆਪਣੇ ਪਿਤਾ ਨਾਲ, ਉਸ ਤੋਂ ਲੈ ਕੇ ਹੁਣ ਤੀਕ ਕਿੰਨਾ ਕੁਝ ਮੈਂ ਖ਼ੁਦ ਬਦਲਦਾ ਦੇਖ ਲਿਆ। ਮੈਨੂੰ ਉਦੋਂ ਪੰਜਾਬੀ ਨਹੀਂ ਸੀ ਆਉਂਦੀ। ਮੈਂ ਇੱਥੇ ਆ ਕੇ ਸਿੱਖੀ। ਪਰ ਹੁਣ ਤੁਹਾਡੀ ਨਵੀਂ ਪੀੜ੍ਹੀ ਨੂੰ ਪੰਜਾਬੀ ਨਹੀਂ ਆਉਂਦੀ। ਹੈ ਨਾ ਅਜੀਬ ਗੱਲ? ਕਹਿੰਦੇ ਨੇ ਪੰਜਾਬ ਦੇ ਕੁਝ ਸਕੂਲ ਪੰਜਾਬੀ ਬੋਲਣ ’ਤੇ ਜ਼ੁਰਮਾਨਾ ਕਰਨ ਲੱਗੇ ਨੇ…।”
“ਹਾਂ ਮੈਂ ਸੁਣਿਆ ਹੈ!” ਮੈਂ ਆਪਣੇ ਗਿਆਨ ਦੀ ਜਿਵੇਂ ਪੁਸ਼ਟੀ ਕੀਤੀ ਹੋਵੇ; ਪਰ ਉਦੋਂ ਹੀ ਤਰੰਨੁਮ ਨੇ ਨਵਾਂ ਸਵਾਲ ਛੇੜ ਲਿਆ, “ਜਦ ਸੁਣਿਆ ਸੀ, ਉਦੋਂ ਕਿਉਂ ਨਾ ਬੋਲਿਆ ਤੂੰ?…ਇਹ ਗੱਲ ਤੇਰੀ ਮਾਂ ਬੋਲੀ ਦੇ ਕਿਸੇ ਵੀ ਤਰ੍ਹਾਂ ਹੱਕ ਵਿੱਚ ਨਹੀਂ ਹੈ। ਕੀ ਤੈਨੂੰ ਇਸ ਦਾ ਫ਼ਿਕਰ ਨਹੀਂ?”
“ਪਰ ਮੈਂ ਕੀ ਕਰ ਸਕਦਾ ਤਰੰਨੁਮ?” ਮੈਂ ਉਸਦੇ ਸਵਾਲ ’ਤੇ ਹੈਰਾਨ ਸਾਂ।
“ਤੂੰ ਹੀ ਤਾਂ ਕਰ ਸਕਦਾ ਹੈ। ਕੀ ਉਮੀਦ ਹੈ ਤੈਨੂੰ…ਤੇਰੀ ਮਾਂ ਬੋਲੀ ਲਈ ਕੋਈ ਹੋਰ ਆ ਕੇ ਲੜੇਗਾ? ਤੂੰ ਤੁਰਦਾ ਤਾਂ ਸਹੀ। ਸ਼ਾਇਦ ਕਾਫਿਲਾ ਬਣ ਜਾਂਦਾ।” ਮੇਰੇ ਕੋਲ ਤਰੰਨੁਮ ਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਇਸ ਸਵਾਲ ਤੋਂ ਬਚਣ ਲਈ ਮੈਂ ਹੋਰ ਗੱਲ ਛੇੜ ਲਈ, “ਤੂੰ ਵਿਆਹ ਕਿਵੇਂ ਬਦਲਦੇ ਦੇਖੇ?”
“ਬਿਲਕੁਲ ਜਿਵੇਂ ਤੂੰ ਦੇਖੇ ਹੋਣਗੇ। ਪੈਲੇਸ-ਹੋਟਲ ਆਏ। ਰਿਵਾਜ਼-ਰਸਮਾਂ ਬਦਲੀਆਂ। ਪੰਜਾਬੀ ਆਪਣੀਆਂ ਖੁਸ਼ੀਆਂ ਵਿੱਚ ਨਚਣੋਂ-ਗਾਉਂਣੋ ਹਟੇ। ਡੀ.ਜੇ. ਆਏ। ਨੱਚਣ ਵਾਲੇ ਆਏ। ਉਹ ਤੁਹਾਡੀਆਂ ਖੁਸ਼ੀਆਂ ਵਿੱਚ ਨੱਚਦੇ ਨੇ…ਤੇ ਤੂੰ ਤੁਸੀਂ ਉਨ੍ਹਾਂ ਨੂੰ ਨੱਚਦਿਆਂ ਦੇਖ ਕੇ ਖੁਸ਼ ਹੁੰਦੇ ਹੋ। ਹੁਣ ਤਾਂ ਹੋਰ ਵੀ ਸੌਖਾ ਹੋ ਗਿਆ ਸਾਰਾ ਕੁਝ। ਤੁਹਾਡੀਆਂ ਖੁਸ਼ੀਆਂ ਨੂੰ ਪਲ਼ੈਨ ਕਰਨ ਵਾਲੇ ਵੀ ਪੈਸੇ ’ਤੇ ਮਿਲਣ ਲੱਗੇ ਨੇ। ਵੈਡਿੰਗ ਪਲ਼ੈਨਰ। ਤੂੰ ਨਹੀਂ ਦੇਖੇ ਇਹ ਬਦਲਾਅ?” ਹਰ ਗੱਲ ’ਤੇ ਸਵਾਲ ਕਰਨਾ ਜਿਵੇਂ ਤਰੰਨੁਮ ਦੀ ਆਦਤ ਸੀ। ਮੈਂ ਹਾਂ ਵਿੱਚ ਬਸ ਸਿਰ ਹਿਲਾਇਆ ਸੀ।
“ਫੇਰ ਤੂੰ ਕੀ ਖੋਜ ਰਿਹਾਂ ਹੈ? ਦੱਸ ਕਿਹੜੇ ਲੋਕ ਗੀਤ ਗਾਏ ਜਾਂਦੇ ਨੇ ਹੁਣ ਪੰਜਾਬੀ ਵਿਆਹਾਂ ’ਤੇ। ਕਿਹੜੇ ਸੁਹਾਗ-ਘੋੜੀਆਂ ’ਤੇ ਤੂੰ ਕੰਮ ਕਰ ਰਿਹਾ ਹੈ? ਰਸਮਾਂ ਜਿਊਂਦੀਆਂ ਨੇ ਅਜੇ ਪੰਜਾਬ ਦੀਆਂ?”
ਕਿੰਨੇ ਸਵਾਲ ਸੀ ਮੇਰੇ ਲਈ ਉਸ ਮੁਲਾਕਾਤ ਵਿਚ। ਮੈਂ ਦੇਰ ਤੀਕ ਸੋਚਦਾ ਰਿਹਾ। ਫਿਰ ਜਾਣ ਲੱਗਿਆਂ ਤਰੰਨੁਮ ਨੇ ਇੱਕ ਨਵਾਂ ਸਵਾਲ ਪਾ ਦਿੱਤਾ, “ਪ੍ਰਦੀਪ! ਮੈਂ ਨਹੀਂ ਚਾਹੁੰਦੀ ਤੂੰ ਤੇ ਮੈਂ, ਆਪਾਂ ਫੋਨ ’ਤੇ ਗੱਲ ਕਰੀਏ। ਤੂੰ ਮੈਨੂੰ ਖ਼ਤ ਲਿਖਿਆ ਕਰੀਂ। ਮੈਨੂੰ ਕੀ, ਹੋਰਾਂ ਦੋਸਤਾਂ ਨੂੰ ਵੀ ਖ਼ਤ ਲਿਖੀਂ। ਇਉਂ ਲਫਜ਼ ਜਿਊਂਦੇ ਰਹਿ ਸਕਣਗੇ। ਤੇਰੀ ਜ਼ੁਬਾਨ ਦੇ ਸ਼ਬਦ ਜਿਊਂਦੇ ਰਹਿ ਸਕਣਗੇ। ਕਿੰਨਾ ਤਾਂ ਟੁੱਟ ਗਏ ਹਾਂ ਅਸੀਂ ਲਫਜ਼ਾਂ ਨਾਲੋਂ। ਅਸੀਂ ਕਿਤਾਬਾਂ ਨਹੀਂ ਪੜ੍ਹਦੇ…ਗੱਲਾਂ ਨਹੀਂ ਕਰਦੇ…ਸੁਪਨੇ ਨਹੀਂ ਬੁਣਦੇ…ਟਾਰਗੈੱਟ ਮਿੱਥਦੇ ਹਾਂ…।”
ਉਹ ਜਿਵੇਂ ਕਵੀਆਂ ਵਾਂਗ ਗੱਲਾਂ ਕਰਨ ਲੱਗੀ ਸੀ। ਮੈਂ ਉਸ ਨਾਲ ਖ਼ਤ ਲਿਖਣ ਦਾ ਵਾਅਦਾ ਕੀਤਾ। ਪਹਿਲਾ ਖ਼ਤ ਮੈਂ ਲਿਖਿਆ ਸੀ ਤਰੰਨੁਮ ਨੂੰ। ਗੁਰਮੁਖੀ ਲਿਪੀ ਵਿੱਚ ਕੰਪਿਊਟਰ ’ਤੇ ਟਾਈਪ ਕਰਦਿਆਂ ਮੈਨੂੰ ਕਿੰਨੇ ਵਰ੍ਹੇ ਪਹਿਲਾਂ ਦੀਆਂ ਗੱਲਾਂ ਯਾਦ ਆਉਣ ਲੱਗੀਆਂ। ਪਿੰਡ ਰਹਿੰਦਿਆਂ ਨੂਰੀ ਭਾਬੀ ਖ਼ਤ ਲਿਖਵਾਇਆ ਕਰਦੀ ਸੀ ਮੈਥੋਂ, ਆਪਣੇ ਫੌਜੀ ਪਤੀ ਨੂੰ। ਉਹ ਕੰਧ ਉਤੋਂ ਹਾਕ ਮਾਰਦੀ। ਮੇਰੀ ਮਾਂ ਨੂੰ ਆਖਦੀ, “ਚਾਚੀ ਪ੍ਰਦੀਪ ਨੂੰ ਭੇਜੀ ਤਾਂ ਜ਼ਰਾ। ਇਹਦੇ ਵੀਰ ਦੀ ਚਿੱਠੀ ਆਈ। ਪੜ੍ਹ ਕੇ ਸੁਣਾ ਜਾਊ। ਨਾਲੇ ਜੁਆਬ ਲਿਖ ਜਾਊ।” ਮੈਂ ਚਿੱਠੀਆਂ ਪੜ੍ਹਦਾ ਰਿਹਾ। ਚਿੱਠੀਆਂ ਲਿਖਦਾ ਰਿਹਾ। ਚਿੱਠੀ ਲਿਖਦਿਆਂ ਮੈਨੂੰ ਸਕੂਲ ਸਿਲੇਬਸ ਵਿੱਚ ਪੜ੍ਹੀ ਮੋਹਨ ਭੰਡਾਰੀ ਦੀ ਕਹਾਣੀ ‘ਬਾਕੀ ਸਭ ਸੁੱਖ ਸਾਂਦ’ ਯਾਦ ਆ ਜਾਂਦੀ। ਫਿਰ ਜਦੋਂ ਸਾਡੇ ਘਰ ਟੈਲੀਫੋਨ ਲੱਗਿਆ, ਨੂਰੀ ਭਾਬੀ ਦਾ ਫੋਨ ਸਾਡੇ ਘਰ ਆਉਣ ਲੱਗਿਆ। ਜਦੋਂ ਭਾਬੀ ਦਾ ਫੋਨ ਆਉਂਦਾ ਮੈਂ ਕੰਧ ਉਤੋਂ ਦੀ ਭਾਬੀ ਨੂੰ ਹਾਕ ਮਾਰਦਾ। ਪਹਿਲ਼ੇ ਖ਼ਤ ਦੇ ਜੁਆਬ ਵਿੱਚ ਤਰੰਨੁਮ ਨੇ ਅਖੀਰ ਵਿੱਚ ਇਹ ਵੀ ਲਿਖਿਆ ਸੀ ਕਿ ਤੇਰਾ ਖ਼ਤ ਪੜ੍ਹ ਕੇ ਚੰਗਾ ਲੱਗਿਆ ਪਰ ਕਾਸ਼! ਤੂੰ ਟਾਈਪ ਕਰਨ ਦੀ ਥਾਂ ਖ਼ਤ ਹੱਥ ਨਾਲ ਲਿਖਿਆ ਹੁੰਦਾ। ਲਫਜ਼ਾਂ ਦਾ ਸਤਿਕਾਰ ਦੂਣਾ ਹੋ ਜਾਂਦਾ। ਉਸੇ ਸ਼ਾਮ ਮੈਂ ਕਾਗਜ਼ ਤੇ ਸੋਹਣੇ ਸੋਹਣੇ ਪੈੱਨ ਖਰੀਦ ਲਿਆਇਆ। ਗੁਲਾਬੀ ਕਾਗਜ਼। ਅਸੀਂ ਗੁਲਾਬੀ ਕਾਗਜ਼ਾਂ ’ਤੇ ਖ਼ਤ ਲਿਖਦੇ।
“ਇਹ ਸੂਹੇ ਰੰਗ ਮੁਹੱਬਤਾਂ ਦੇ ਪ੍ਰਤੀਕ ਨੇ ਪ੍ਰਦੀਪ!” ਤਰੰਨੁਮ ਰੰਗਾਂ ਦੀ ਬਾਤ ਛੇੜ ਲੈਂਦੀ, “ਤਾਂਹੀ ਰੱਖੜੀ ਦੇ ਧਾਗੇ ਵਿੱਚ ਰੰਗ ਹੁੰਦੇ ਨੇ। ਲਾੜੇ ਨੂੰ ਸੂਹੇ ਰੰਗ ਦੀ ਪੱਗ ਬੰਨ੍ਹੀ ਜਾਂਦੀ ਤੇ ਲਾੜੀ ਲਈ ਗੂੜ੍ਹੇ ਰੰਗ ਦਾ ਸੂਟ ਹੁੰਦਾ। ਮਾਤਮ ’ਤੇ ਤਾਂਹੀ ਤਾਂ ਰੰਗ ਨਹੀਂ ਪਾਏ ਜਾਂਦੇ।” ਉਹਦੀਆਂ ਇਹੀ ਗੱਲਾਂ ਸੁਣ ਕੇ ਮੈਂ ਰੰਗ-ਬਰੰਗੀਆਂ ਲਾਈਟਾਂ ਵਾਲੇ ਝੂਲੇ ਵੱਲ ਇਸ਼ਾਰਾ ਕੀਤਾ ਸੀ। ਆਖਿਆ ਸੀ, “ਮੈਨੂੰ ਵੀ ਹਨੇ੍ਹਰੇ ਵਿੱਚ ਇਹਦੇ ਰੰਗ ਬਹੁਤ ਖ਼ੂਬਸੂਰਤ ਲੱਗਦੇ ਨੇ…।” ਪਰ ਤਰੰਨੁਮ ਨੇ ਹੋਰ ਕਥਾ ਛੇੜ ਲਈ। ਉਹ ਕੁਦਰਤ ਦਾ ਫ਼ਿਕਰ ਕਰਨ ਲੱਗੀ।
“ਪਰ ਤੇਰੇ ਘਰ ਦੇ ਸਾਹਮਣੇ ਇੱਕ ਵੀ ਰੁੱਖ ਨਹੀਂ ਹੈ। ਪੰਛੀ ਕਿੱਥੇ ਬੈਠਣਗੇ? ਪੰਛੀਆਂ ਬਿਨਾ ਤੈਨੂੰ ਸੁੰਨਾ ਨਹੀਂ ਲੱਗਦਾ ਤੇਰਾ ਆਲਾ-ਦੁਆਲਾ?” ਤਰੰਨੁਮ ਦੇ ਦੱਸਿਆ, ਮੈਨੂੰ ਯਾਦ ਆਇਆ। ਆਲੇ-ਦੁਆਲੇ ਵਿੱਚ ਪੰਛੀ ਵੀ ਹੁੰਦੇ ਨੇ। …ਤੇ ਨਾਲ ਹੀ ਮੈਨੂੰ ਯਾਦ ਆਇਆ। ਪਿਛਲੀ ਵਾਰ ਜਦੋਂ ਮੈਂ ਪਿੰਡ ਗਿਆ ਸਾਂ। ਲ਼ੰਬੜਾ ਦੇ ਖੇਤ ਟਾਹਲੀ ਦਾ ਸਭ ਪੁਰਾਣਾ ਰੁੱਖ ਕੱਟਿਆ ਜਾ ਰਿਹਾ ਸੀ। ਉਸ ਰੁੱਖ ਵਾਲੀ ਥਾਂ ’ਤੇ ਟਾਵਰ ਲੱਗਣਾ ਸੀ। ਬੁੜ੍ਹੇ ਮੋੜਾਂ ’ਤੇ ਬੈਠੇ ਗੱਲਾਂ ਕਰਦੇ। ਪੰਛੀਆਂ ਦੇ ਨਾ ਹੋਣ ਦੀਆਂ ਗੱਲਾਂ। ਰੁੱਖਾਂ ਦੇ ਕੱਟੇ ਜਾਣ ਦੀਆਂ ਗੱਲਾਂ। ਕੋਈ ਜਾਣਕਾਰ ਬੁੜ੍ਹਾ ਪੁਛਦਾ, “ਯਾਰ ਕਹਿੰਦੇ ਰੁੱਖਾਂ ਨਾਲ ਬੰਦੇ ਨੂੰ ਸਾਹ ਆਉਂਦਾ ਫੇਰ ਸਹੁਰੀ ਦੇ ਰੁੱਖ ਕੱਟ-ਕੱਟ ਆਹ ਟਾਵਰ ਜਿਹੇ ਕਿਉਂ ਲਾਈ ਜਾਂਦੇ?”
“ਬਾਬਾ ਹੁਣ ਬੰਦੇ ਨੂੰ ਫੋਨਾਂ ਬਿਨ ਸਾਹ ਨਹੀਂ ਆਉਂਦਾ ਟਾਵਰਾਂ ਦੀ ਲੋੜ ਤਾਂ ਪੈਂਦੀ। ਬਾਕੀ ਆਕਸੀਜਨ ਤਾਂ ਭਾਵੇਂ ਮੁੱਲ ਲੈ ਲਓ। ਖੜ੍ਹ ਜਾ ਦੋ ਚਾਰ ਵਰੇ੍ਹ ਤੇਰੇ ਵਰਗਿਆਂ ਆਕਸੀਜਨ ਵਾਲਾ ਢੋਲ ਲੱਕ ਨਾਲ ਬੰਨਿ੍ਹਆ ਹੋਇਆ ਕਰਨਾ ਦੇਖੀਂ। ਰਸੋਈ ਗੈਸ ਵਾਂਗੂੰ ਮਿਲਿਆ ਕਰਨੇ ਆਕਸੀਜਨ ਦੇ ਸਿਲੰਡਰ।”
ਮੈਨੂੰ ਤਰੰਨੁਮ ਦੀ ਗੱਲ ਨਾਲ ਯਾਦ ਆਇਆ ਸੀ ਖ਼ਬਰੇ ਉਸ ਦਿਨ ਟਾਹਲੀ ਉਤੇ ਵੱਸਦੇ ਕਿੰਨੇ ਪੰਛੀ ਉਜੜੇ ਹੋਣ। ਇੱਕ ਪਲ ਲਈ ਮੈਨੂੰ ਟੁੱਟੇ ਹੋਏ ਆਲ੍ਹਣੇ ਦਿਸਣ ਲੱਗੇ।
“ਤੈਨੂੰ ਪਤਾ ਹੈ ਪ੍ਰਦੀਪ, ਬੰਦਾ ਆਪਣੇ ਉਜਾੜੇ ਦੀ ਤਿਆਰੀ ਆਪ ਕਰਦਾ ਪਿਆ। ਤੇਰੇ ਪੰਜਾਬ ਦਾ ਹੀ ਇੱਕ ਸ਼ਹਿਰ ਕੈਂਸਰ ਦੀ ਰਾਜਧਾਨੀ ਵਜੋਂ ਜਾਣਿਆ ਜਾਣ ਲੱਗਾ। ਪਾਣੀ, ਜਿਸਨੂੰ ਤੇਰੇ ਗੁਰੂਆਂ ਦੀ ਬਾਣੀ ਵਿੱਚ ਪਿਤਾ ਦਾ ਦਰਜਾ ਦਿੱਤਾ ਗਿਆ ਹੈ, ਉਹ ਹੁਣ ਪੀਣ ਲਾਇਕ ਨਹੀਂ ਰਿਹਾ। ਹਵਾ ਸਾਹ ਲੈਣ ਲਾਇਕ ਨਹੀਂ ਰਹੀ। ਦੱਸ ਕੀ ਬਚਿਆ ਪਿਛੇ?…ਤੁਸੀਂ ਆਪਣੀ ਔਲਾਦ ਲਈ ਘਰ-ਜਾਇਦਾਤ ਬਚਾਉਂਦੇ ਹੋ, ਕਦੇ ਕੁਦਰਤ ਬਚਾਉਣ ਬਾਰੇ ਨਹੀਂ ਸੋਚਿਆ?” ਤਰੰਨੁਮ ਦੀ ਗੱਲ ਸੁਣਦਿਆਂ ਮੇਰੇ ਜ਼ਹਿਨ ਵਿੱਚ ਬਾਬੇ ਨਾਨਕ ਦੀ ਤਸਵੀਰ ਬਣਨ ਲੱਗੀ। ਮਰਦਾਨੇ ਦੀ ਪਿਆਸ ਬੁਝਾਉਣ ਲਈ, ਵਲ੍ਹੀ ਕੰਧਾਰੀ ਨੂੰ ਰਾਹੇ ਪਾਉਂਦਾ ਬਾਬਾ ਨਾਨਕ।
“ਅਸੀਂ ਲੋਕਾਂ ਨੂੰ ਰਾਹੇ ਪਾਉਣ ਲਈ ਸੰਸਥਾ ਬਣਾਵਾਂਗੇ ਤਰੰਨੁਮ। ਪੰਜ-ਆਬ ਨਾਮ ਰੱਖਾਂਗੇ ਉਸਦਾ। ਰੁੱਖਾਂ, ਪੰਛੀਆਂ, ਪਾਣੀ ਦੀ ਸੰਭਾਲ ਦੀ ਖਾਤਿਰ ਕੰਮ ਕਰਾਂਗੇ। ਸਾਡੀ ਅਗਲੀ ਪੀੜ੍ਹੀ ਲਈ ਅਸੀਂ ਕੁਦਰਤ ਬਚਾਵਾਗੇ।” ਮੈਂ ਤਰੰਨੁਮ ਨਾਲ ਵਾਅਦਾ ਕੀਤਾ। ਅਸੀਂ ਗੱਲਾਂ ਕਰਦੇ ਪਏ ਸਾਂ। ਉਦੋਂ ਹੀ ਉਸ ਪਲ ਮੋਬਾਇਲ ਦੀ ਘੰਟੀ ਵੱਜੀ। ਪਿੰਡੋਂ ਫੋਨ ਸੀ। ਝੋਨੇ ਨੂੰ ਸਪਰੇਅ ਕਰਦਿਆਂ, ਬਾਪੂ ਨੂੰ ਜ਼ਹਿਰ ਚੜ੍ਹ ਗਈ ਸੀ। ਮੈਂ ਤਰੰਨੁਮ ਨੂੰ ਬਾਪੂ ਬਾਰੇ ਦੱਸਿਆ।
“ਪ੍ਰਦੀਪ! ਇਨ੍ਹਾਂ ਜ਼ਹਿਰਾਂ ਨੇ ਬੰਦੇ ਦਾ ਕਿੰਨਾ ਨੁਕਸਾਨ ਕਰਨਾ ਅਜੇ, ਤੂੰ ਸੋਚ ਕੇ ਤਾਂ ਦੇਖ। ਪੰਜਾਬ ਵਿੱਚ ਅਨਾਜ ਦਾ ਇੱਕ ਵੀ ਦਾਣਾ ਐਸਾ ਨਹੀਂ, ਜੋ ਇਨ੍ਹਾਂ ਜ਼ਹਿਰਾਂ ਦੇ ਅਸਰ ਤੋਂ ਮੁਕਤ ਹੋਵੇ।” ਮੈਂ ਪਿੰਡ ਨੂੰ ਆਉਂਦਾ। ਬੱਸ ਵਿੱਚ ਬੈਠਾ ਸਾਰੇ ਰਸਤੇ ਇਹੀ ਸੋਚਦਾ ਰਿਹਾ ਕਿ ਬੰਦਾ ਕਿਸ ਕਿਸ ਚੀਜ਼ ਨੂੰ ਬਚਾ ਸਕਦਾ ਹੈ?…ਨਾ ਨਸਲਾਂ ਬਚੀਆਂ, ਨਾ ਫਸਲਾਂ। ਘਰ ਆਇਆ ਤਾਂ ਬਾਪੂ ਮੰਜੇ ’ਤੇ ਪਿਆ ਸੀ। ਮੈਂ ਬਾਪੂ ਦਾ ਹਾਲ ਪੁਛਿਆ, ਪਰ ਉਹ ਸਪਰੇਅ ਦਾ ਫ਼ਿਕਰ ਲੈ ਕੇ ਬੈਠ ਗਿਆ, “ਸ਼ਾਮ ਨੂੰ ਵਿਹੜੇ ’ਚੋਂ ਬੰਦਾ ਲੱਭ ਕੇ ਕੋਈ, ਕਰਾ ਦੇ ਸਪਰੇਅ। ਲੇਟ ਹੋਈ ਜਾਂਦੀ ਯਾਰ! ਪੱਤੇ ਖੱਟੇ ਜਿਹੇ ਹੋਏ ਪਏ।”
“ਮੈਨੂੰ ਤੇਰਾ ਚਿਹਰਾ ਖੱਟਾ ਲੱਗੀ ਜਾਂਦਾ ਬਾਪੂ, ਤੈਨੂੰ ਸਪਰੇਅ ਦੀ ਪਈ। ਜ਼ਹਿਰਾਂ ਪਾਈ ਜਾਂਦੇ ਹੋ ਫ਼ਸਲਾਂ ’ਤੇ, ਆਰਗੇਨਿਕ ਖੇਤੀ ਕਿਉਂ ਨਹੀਂ ਅਪਣਾਉਂਦੇ ਤੁਸੀਂ?”
“ਆਹੋ ਮੁੜ ਕੇ ਭਰ ਕੇ ਟਰਾਲਾ ਤੂੰ ਸੁੱਟ ਆਈ ਮੰਡੀ ’ਚ। ਨਾਲੇ ਨੋਟ ਗਿਣ ਲਿਆਈਂ। ਫ਼ਸਲ ਬਚਦੀ ਨਹੀਂ ਰੇਹਾਂ-ਸਪਰੇਹਾਂ ਬਿਨਾ, ਕਰੀਏ ਕੀ!”
ਬਾਪੂ ਦੀ ਗੱੱਲ ਦਾ ਮੈਨੂੰ ਕੋਈ ਜਵਾਬ ਨਹੀਂ ਸੀ ਆਇਆ। ਜਿਵੇਂ ਤਰੰਨੁਮ ਦੇ ਸਵਾਲ ਦਾ ਮੈਨੂੰ ਕੋਈ ਜਵਾਬ ਨਹੀਂ ਸੁਝ ਰਿਹਾ।
ਮੈਂ ਦੋ ਵਾਰ ਉਸਨੂੰ ਜਵਾਬੀ ਖ਼ਤ ਲਿਖਣ ਦੀ ਕੋਸ਼ਿਸ਼ ਕਰ ਚੁੱਕਾ, ਪਰ ਦੋਨੋਂ ਵਾਰ ਜਿਵੇਂ ਲਫ਼ਜ਼ਾਂ ਦੀ ਤਰਤੀਬ ਨਹੀਂ ਬਣੀ। ਕਾਗਜ਼ ਮਰੋੜ ਕੇ ਫਰਸ਼ ’ਤੇ ਸੁੱਟ ਦਿੰਦਾ।
“ਜਵਾਬ ਸਾਨੂੰ ਦੇਣਾ ਨਹੀਂ ਆਉਂਦਾ ਪ੍ਰਦੀਪ! ਪਤਾ ਕਿਉਂ? ਕਿਉਂਕਿ ਸਾਨੂੰ ਸਵਾਲ ਹੀ ਕਰਨਾ ਨਹੀਂ ਆਉਂਦਾ। ਸੰਵਾਦ ਮੁੱਕ ਗਿਆ ਹੈ ਸਾਡੀ ਜ਼ਿੰਦਗੀ ’ਚੋਂ। ਚੁਫੇਰੇ ਇੱਕ ਚੁੱਪ ਹੈ। ਇੱਕ ਖਲਾਅ। ਇੱਕ ਖਲਾਅ ਸਾਡੇ ਅੰਦਰ ਵੀ ਹੈ। ਤੈਨੂੰ ਯਾਦ ਹੈ, ਤੂੰ ਆਖਰੀ ਵਾਰ ਆਪਣੀ ਕਿਸੇ ਭੂਆ ਮਾਸੀ ਕੋਲ ਕਦ ਗਿਆ ਸੀ?” ਮੈਂ ਇਸ ਗੱਲ ਦਾ ਜਵਾਬ ਸੋਚਣ ਲੱਗਾ। ਸਾਡੇ ਦੋਹਾਂ ਵਿਚਾਲੇ ਚੁੱਪ ਸੀ। ਸ਼ਾਇਦ ਉਹੀ ਚੁੱਪ, ਜਿਸਦੀ ਗੱਲ ਤਰੰਨੁਮ ਕਰਦੀ ਪਈ ਸੀ।
“ਤੇਰੀ ਚੁੱਪ ਹੀ ਦੱਸਦੀ ਹੈ ਪ੍ਰਦੀਪ…ਤੈਨੂੰ ਖ਼ੁਦ ਕੁਝ ਯਾਦ ਨਹੀਂ ਇਸਦੇ ਬਾਰੇ; ਪਰ ਯਕੀਨਨ ਤੈਨੂੰ ਤੇਰੀ ਜ਼ੁਬਾਨ ਦੇ ਵੱਡੇ ਸਾਹਿਤਕਾਰ ਨਾਨਕ ਸਿੰਘ ਦੀ ਕਹਾਣੀ ‘ਭੂਆ’ ਯਾਦ ਹੋਏਗੀ। ਕਿੱਥੇ ਗਏ ਉਹ ਰਿਸ਼ਤੇ?” ਤਰੰਨੁਮ ਨੇ ਮੇਰੀਆਂ ਅੱਖਾਂ ਵਿੱਚ ਦੇਖਦਿਆਂ ਪੁਛਿਆ ਸੀ। ਰਿਸ਼ਤਿਆਂ ਦੀ ਨਵੀਂ ਪਰਿਭਾਸ਼ਾ ਸਿਰਜ ਰਹੇ ਹਾਂ ਅਸੀਂ। ਮੈਂ ਸੋਚਣ ਲੱਗਾ, ਬੰਦੇ ਕੋਲ ਕਿਸੇ ਰਿਸ਼ਤੇ ਜੋਗੀ ਵਹਿਲ ਨਹੀਂ ਬਚੀ।
“ਬਾਈ ਟਾਰਗੈਟ ਸਰ ਕਰੀਏ ਕਿ ਸਾਕ-ਸਕੀਰੀਆਂ ਘੁੰਮੀਏ? ਬੰਦੇ ਦੀ ਭੰਮੀਰੀ ਬਣੀ ਪਈ ਇਸ ਯੁੱਗ ’ਚ। ਹੁਣ ਤੂੰ ਦੇਖ ਪਰਸੋਂ ਮੇਰੀ ਦਿੱਲੀ ਬਹੁਤ ਜ਼ਰੂਰੀ ਮੀਟਿੰਗ ਏ। ਉਸੇ ਦਿਨ ਮੇਰੀ ਮਾਸੀ ਦੇ ਪੁੱਤ ਦਾ ਸ਼ਗਨ। ਦੱਸ ਮੈਂ ਵਿਆਹ ਜਾਊ ਜਾਂ ਦਿੱਲੀ?” ਮੇਰੇ ਵੱਲ ਦੇਖ ਕੇ ਮੇਰਾ ਮਿੱਤਰ ਮਨੀਕਰਨ ਸਾਬ੍ਹ ਸਵਾਲ ਕਰਦਾ ਹੈ। ਜਿਵੇਂ ਬੱਚੇ ਹਥੇਲੀ ਵਿੱਚ ਬੰਟੇ ਲੁਕਾ ਕੇ ਪੁਛਦੇ ਨੇ, “ਦੱਸ ਕਲੀ ਕਿ ਜੋਟਾ?”
“ਤੂੰ ਵਿਆਹ ਜਾਈਂ ਯਾਰ! ਭਰਾ ਦਾ ਵਿਆਹ ਏ ਤੇਰੇ ਦਾ…।” ਮੇਰੇ ਇਸ ਜਵਾਬ ’ਤੇ ਹੱਸ ਪਿਆ ਸੀ ਉਹ।
“ਤਰੱਕੀ ਕਰਨੀ ਏ ਤਾਂ ਉਪਰ ਉਠੋ ਇਸ ਤੋਂ ਭਾਈ ਸਾਬ੍ਹ। ਵਿਆਹ ਵੇਖੀ ਗਏ ਤਾਂ ਭੱਜਿਆ ਨਈਂ ਜਾਣਾ ਇਸ ਤੇਜ਼ ਦੌੜਦੀ ਦੁਨੀਆਂ ਨਾਲ।” ਉਸਦਾ ਜਵਾਬ ਮੇਰੀ ਸੋਚ ਦੇ ਉਲਟ ਸੀ। ਬੰਦਾ ਭੱਜ-ਭੱਜ ਹਫ਼ਦਾ ਪਿਆ ਹੈ, ਇਸ ਤੇਜ਼ ਦੌੜਦੀ ਦੁਨੀਆ ਨਾਲ; ਪਰ ਖੁਸ਼ ਹੈ ਫਿਰ ਵੀ। ..ਤੇ ਨਾ ਦੌੜ੍ਹਨ ਵਾਲਾ…ਇੱਥੇ ਹਾਰਿਆ ਹੋਇਆ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਜਿਵੇਂ ਮੇਰਾ ਮਿੱਤਰ ਮੈਨੂੰ ਆਖ ਰਿਹਾ ਸੀ, “ਤੂੰ ਐਵੇਂ ਆਹ ਕਿਤਾਬੀ ਜਿਹੀਆਂ ਗੱਲਾਂ ਸੋਚਦਾ ਰਹਿੰਦਾ। ਅਖੇ ਸੰਸਥਾ ਬਣਾਵਾਂਗੇ- ਪਾਣੀਆਂ ਲਈ, ਰੁੱਖਾਂ–ਪੰਛੀਆਂ ਲਈ। ਹੁਣ ਦੱਸ ਪੰਛੀਆਂ ਲਈ ਕੀ ਕਰੀਏ?”
“ਅਸੀਂ ਉਨ੍ਹਾਂ ਦੇ ਰਹਿਣ ਦੀ ਥਾਂ ਖੋਹ ਲਈ। ਰੁੱਖ ਕੱਟੇ। ਘਰਾਂ ’ਚ ਉਨ੍ਹਾਂ ਦੇ ਰਹਿਣ ਲਈ ਥਾਂ ਨਹੀਂ ਰਹੀ। ਹੁਣ ਬਣਾਉਟੀ ਆਲ੍ਹਣੇ ਬਣਾ ਕੇ ਉਨ੍ਹਾਂ ਲਈ ਟੰਗਾਂਗੇ। ਘਰ ਦੀਆਂ ਛੱਤਾਂ `ਤੇ ਚੋਗਾ ਖਿਲਾਰਾਂਗੇ। ਪਾਣੀ ਦੇ ਭਾਂਡੇ ਭਰ ਕੇ ਰੱਖਾਂਗੇ।” ਮੈਂ ਉਸ ਨੂੰ ਆਪਣੀ ਯੋਜਨਾ ਦੱਸਦਾ ਹਾਂ, ਪਰ ਉਹ ਕੋਈ ਹੋਰ ਯੋਜਨਾ ਦੱਸਣ ਲੱਗਦਾ ਹੈ।
“ਅਗਲੇ ਸਾਲ ਜੇ ਨਹਿਰ ਵਾਲੀ ਥਾਂ ਦਾ ਸੌਦਾ ਹੋ ਗਿਆ ਨਾ ਬਾਈ…ਤੂੰ ਦੇਖੀਂ, ਉੱਥੇ ਦਿੱਲੀ ਦੇ ਲੈਵਲ ਦਾ ਸੈਂਟਰ ਖੋਲ੍ਹਣਾ ਆਪਾਂ। ਗਰਾਊਂਡ ਫਲੋਰ ’ਤੇ ਆਈਲੈਟਸ ਸੈਂਟਰ `ਤੇ ਫਸਟ ਫਲੋਰ ’ਤੇ ਇੰਮੀਗਰੇਸ਼ਨ ਸੈਂਟਰ। ਤੈਨੂੰ ਇੱਕ ਚੁਟਕਲਾ ਸੁਣਾਉਂਦਾ ਆਪਣੇ ਕਿਸੇ ਪੰਜਾਬੀ ਬੰਦੇ ਦਾ। ਉਹਨੇ ਅਮਰੀਕਾ ਦੇ ਵੀਜ਼ੇ ਲਈ ਅਪਲਾਈ ਕੀਤਾ ਹੋਇਆ ਸੀ। ਅੰਬੈਸੀ ਵਾਲੀ ਕੁੜੀ ਪੁੱਛਦੀ ਕਿ ਪਹਿਲਾਂ ਕਿਤੇ ਗਏ ਹੋ? ਕਹਿੰਦਾ, ਜੀ ਗਿਆ ਸੀ ਮਨੀਕਰਨ ਸਾਬ੍ਹ। ਉਹ ਅੱਗਿਓਂ ਪੁੱਛਦੀ ਕਿ ਫੇਰ ਅਮਰੀਕਾ ਕੀ ਕਰਨ ਜਾਣਾ। ਕਹਿੰਦਾ, ਬੱਸ ਜੀ ਮੂੰਹੋਂ ਕੱਢ ਬੈਠਾ ਹੁਣ ਜਾਣਾ ਈ ਪੈਣਾ। ਆਹ ਹਾਲ ਈ ਪੰਜਾਬੀਆਂ ਦਾ। ਇਨ੍ਹਾਂ ਨੂੰ ਬਾਹਰ ਜਾਣ ਦੀ ਜਿਹੜੀ ਬਿਮਾਰੀ ਚਿੰਬੜੀ, ਉਸੇ ’ਚੋਂ ਆਪਾਂ ਨੋਟ ਕਮਾਵਾਂਗੇ। ਨਵੀਂ ਪੀੜ੍ਹੀ ਸਾਰੀ ਬੈਂਡਾਂ ਪਿੱਛੇ ਭੱਜੀ ਫਿਰਦੀ। ਨੌਜਵਾਨ ਮੁੰਡਾ-ਕੁੜੀ ਨਹੀਂਉਂ ਰਹਿਣ ਦੇਣਾ ਆਪਾਂ ਕੋਈ ਪੰਜਾਬ ’ਚ। ਹੁਣ ਬੱਸ ਉਹ ਸੁੱਕੀ ਨਹਿਰ ਦਾ ਸੌਦਾ ਹੋ ਜਾਏ। ਸੁਣਿਆ ਸਰਕਾਰ ਨਹਿਰ ਵਾਲੀ ਥਾਂ ਵੀ ਵੇਚਣ ਨੂੰ ਫਿਰਦੀ।” ਮੈਂ ਨਹਿਰ ਵੱਲ ਦੇਖਿਆ। ਸੁੱਕੀ ਨਹਿਰ ਦੇਖ ਕੇ ਮੈਨੂੰ ਬਿਸ਼ਨੀ ਚਾਚੀ ਦੀਆਂ ਸੁੱਕੀਆਂ ਅੱਖਾਂ ਦਾ ਚੇਤਾ ਆ ਗਿਆ। ਮੈਂ ਪਿੰਡ ਜਾਂਦਾ। ਬਿਸ਼ਨੀ ਚਾਚੀ ਵੱਡੇ ਖੂਹ ਵਾਲੇ ਮੋੜ ’ਤੇ ਬੈਠੀ ਮਿਲਦੀ। ਉਸ ਦੀਆਂ ਖੁਸ਼ਕ ਅੱਖਾਂ ਵਿੱਚ ਮੈਨੂੰ ਕੋਈ ਮਾਰੂਥਲ ਨਜ਼ਰ ਆਉਂਦਾ।
“ਚਾਚੀ ਆਈ ਕੋਈ ਖ਼ਬਰ ਕਿ ਨਹੀਂ?” ਮੈਂ ਜੋ ਕਹਿੰਦਾ, ਚਾਚੀ ਉਹਦੇ ਅਰਥਾਂ ਨੂੰ ਖ਼ੂਬ ਸਮਝਦੀ ਸੀ। ਉਹ ਹਮੇਸ਼ਾ ਵਰਗਾ ਜਵਾਬ ਦਿੰਦੀ।
“ਨਾ ਵੇ ਪੁੱਤਾ! ਕਹਿੰਦੇ ਸਰਕਾਰ ਕਰਦੀ ਫਿਰਦੀ ਪਤਾ। ਮੈਂ ਦਫਤਰਾਂ ਦੇ ਗੇੜੇ ਕੱਢ ਕੱਢ ਹਾਰ ਹੋ ਗਈ।”…ਤੇ ਜਿਸ ਦਿਨ ਚਾਚੀ ਬਿਸ਼ਨੀ ਦੇ ਇੱਕੋ ਇੱਕ ਪੁੱਤ ਭਿੰਦੇ ਦੀ ਇਰਾਨ ਵਿੱਚੋਂ ਲਾਸ਼ ਆਈ, ਉਸ ਦਿਨ ਵੀ ਚਾਚੀ ਦੀ ਅੱਖ ’ਚੋਂ ਕੋਈ ਹੰਝੂ ਨਹੀਂ ਸੀ ਕਿਰਿਆ। ਲੋਕ ਆਖਦੇ ਬਿਸ਼ਨੀ ਤਾਂ ਪੱਥਰ ਹੋ ਗਈ।
“ਕੋਈ ਇੰਨਾ ਪੱਥਰ ਕਿਵੇਂ ਹੋ ਸਕਦਾ ਰਾਧੇ ਸ਼ਾਮ?” ਮੈਨੂੰ ਮੇਰੇ ਸਵਾਲ ਦਾ ਜਵਾਬ ਨਾ ਮਿਲਦਾ।; ਪਰ ਰਾਧੇ ਸ਼ਾਮ ਦੇ ਮੱਥੇ ’ਤੇ ਉਦਾਸੀ ਦੀ ਲੀਕ ਤੱਕ ਨਾ ਦਿਸਦੀ।
“ਕਿੰਨੇ ਦਵਾਂ ਟਮਾਟਰ ਤੂੰ ਇਹ ਦੱਸ? ਐਵੇਂ ਸੋਚ ਸੋਚ ਵਾਲ ਨਾ ਚਿੱਟੇ ਕਰ ਲਈਂ।” ਉਹ ਆਪਣੀ ਅਧਰੰਗ ਨਾਲ ਕਮਜ਼ੋਰ ਹੋਈ ਸੱਜੀ ਬਾਂਹ ਨਾਲ ਛਾਬਾ ਠੀਕ ਕਰਦਿਆਂ ਪੁਛਦਾ।
“ਟਮਾਟਰ ਭਾਵੇਂ ਸਾਰੇ ਦੇ ਜਾ, ਪਰ ਪਹਿਲਾਂ ਮੇਰੇ ਕੋਲ ਬੈਠ ਕੇ ਗੱਲਾਂ ਕਰ” ਮੈਂ ਹਰ ਵਾਰ ਉਹਨੂੰ ਮੱਲੋ ਜ਼ੋਰੀ ਬੈਠਾ ਲੈਂਦਾ। ਬਿਨਾ ਜ਼ਰੂਰਤ ਤੋਂ ਸਬਜ਼ੀ ਖਰੀਦ ਲੈਂਦਾ। ਮੈਨੂੰ ਰਾਧੇ ਸ਼ਾਮ ਚੰਗਾ ਲੱਗਦਾ। ਇੱਕਲਾ ਸੀ ਰਾਧੇ ਸ਼ਾਮ। ਬੱਚੇ ਉਹਨੂੰ ਇੱਕਲਿਆਂ ਛੱਡ ਗਏ ਸਨ। ਉਹ ਜ਼ਿੰਦਗੀ ਤੋਰਨ ਲਈ ਸਬਜ਼ੀ ਵਾਲੀ ਰੇਹੜੀ ਤੋਰ ਲੈਂਦਾ। ਸਾਰਾ ਦਿਨ ਗਲੀ-ਗਲੀ ਫਿਰ ਕੇ ਸਬਜ਼ੀ ਵੇਚਦਾ, ਪਰ ਉਹ ਕਦੀ ਵੀ ਉਦਾਸ ਨਾ ਹੁੰਦਾ। ਰੇਲਵੇ ਸ਼ਟੇਸ਼ਨ ਕੋਲ ਉਹਦੇ ਕੋਲ ਛੋਟੀ ਜਿਹੀ ਕੋਠੜੀ ਸੀ। ਉਹੀ ਕੋਠੜੀ ਦੁਨੀਆਂ ਸੀ ਰਾਧੇ ਸ਼ਾਮ ਦੀ। ਮੈਂ ਕਦੇ-ਕਦੇ ਰਾਧੇ ਸ਼ਾਮ ਕੋਲ ਜਾ ਬੈਠਦਾ। ਉਹ ਸਟੋਵ ਬਾਲ ਕੇ ਸਾਡੇ ਦੋਹਾਂ ਲਈ ਚਾਹ ਧਰਦਾ। ਕਦੀ ਮਨ ਕਰਦਾ ਤਾਂ ਆਪਣੇ ਬੱਚਿਆਂ ਦੀਆਂ ਗੱਲਾਂ ਕਰਨ ਲੱਗਦਾ।
“ਪਾੜ੍ਹਿਆ ਤੈਨੂੰ ਪਤਾ ਮੇਰੇ ਵੱਡੇ ਮੁੰਡੇ ਦਾ ਨਾਂ ਸਰਵਨ ਸੀ।” ਉਸ ਦੀਆਂ ਅੱਖਾਂ ਦੇ ਕੋਏ ਨਮ ਹੋ ਜਾਂਦੇ। …ਤੇ ਮੇਰੀਆਂ ਅੱਖਾਂ ਅੱਗੇ ਇਤਿਹਾਸ-ਮਿਥਿਹਾਸ ਦੇ ਸਫ਼ੇ ਖੁਲ੍ਹ ਜਾਂਦੇ। ਮਾਂ-ਬਾਪ ਦੀ ਵਹਿੰਗੀ ਲਈ ਜਾਂਦਾ ਸਰਵਨ ਮੇਰੀਆਂ ਅੱਖਾਂ ਅੱਗੇ ਜਾਂਦਾ।
“ਜਦ ਪੌਣ ਪਾਣੀ ਅਸ਼ੁੱਧ ਹੋ ਗਏ ਤਾਂ ਪੀੜ੍ਹੀ ਦੀ ਸੋਚ ਸ਼ੁੱਧ ਕਿਵੇਂ ਰਹਿ ਸਕਦੀ ਪ੍ਰਦੀਪ। ਬਿਰਧ ਆਸ਼ਰਮਾਂ ਦੀ ਗਿਣਤੀ ਵੱਧੇਗੀ ਹੁਣ। ਥਾਂ-ਥਾਂ ਰਾਧੇ ਸ਼ਾਮ ਤੁਰੇ ਫਿਰਦੇ ਨਜ਼ਰ ਆਉਣਗੇ।” ਤਰੰਨੁਮ ਮੇਰੀਆਂ ਅੱਖਾਂ ਅੱਗੇ ਕੋਈ ਹੋਰ ਦ੍ਰਿਸ਼ ਲੈ ਆਉਂਦੀ। ਮੈਂ ਕੰਬ ਜਾਂਦਾ। ਸੋਚਦਾ, ਨਾਮ ਸਰਵਨ ਰੱਖਿਆਂ ਸਰਵਨ ਵਾਲੇ ਗੁਣ ਥੋੜ੍ਹਾ ਆ ਸਕਦੇ।
“ਤੂੰ ਚੋਗ ਖਿਲਾਰ ਪੰਛੀ ਜ਼ਰੂਰ ਆਉਣਗੇ।” ਮੈਂ ਤੇ ਤਰੰਨੁਮ ਨੇ ਅਹਿਦ ਕੀਤਾ। ਮੈਂ ਹਰ ਰੋਜ਼ ਪੰਛੀਆਂ ਲਈ ਛੱਤ ਉਪਰ ਚੋਗ ਖਿਲਾਰਦਾ, ਪਰ ਪੰਛੀ ਨਾ ਆਉਂਦੇ। ਮੈਂ ਛੱਤ ਉਪਰ ਘੰਟਿਆਂਬੱਧੀ ਖੜ੍ਹਾ ਰਹਿੰਦਾ। ਦੂਰ-ਦੂਰ ਤੀਕ ਇੱਕ ਖਲਾਅ ਨਜ਼ਰ ਆਉਂਦਾ। ਰੁੱਖਾਂ ਦੇ ਪੱਤੇ ਜਿਵੇਂ ਉਦਾਸ ਜਿਹੇ ਲੱਗਦੇ। ਪਰਾਂ ਦੂਰ ਕਿੱਧਰੇ ਖੇਤਾਂ ਵਿੱਚੋਂ ਉਠਦੀ ਅੱਗ ਨਜ਼ਰੀਂ ਪੈਂਦੀ। ਧੂੰਏ ਦੇ ਬੱਦਲ ਚੁਫੇਰੇ ਫੈਲ ਜਾਂਦੇ। ਅਸੀਂ ਕਿਸਾਨਾਂ ਨੂੰ ਸਮਝਾਉਣ ਲਈ, ਹੱਥਾਂ ਵਿੱਚ ‘ਵਾਤਾਵਰਨ ਬਚਾਓ’ ਦੇ ਪੋਸਟਰ ਲੈ ਕੇ ਮਾਰਚ ਕੱਢਿਆ।
“ਸ਼ੇਰਾ ਜ਼ਿੰਮੀਦਾਰ ਤਾਂ ਚਾਰ ਦਿਨ ਨਾੜ ਫੂਕਦਾ, ਫੈਕਟਰੀਆਂ ਤਾਂ ਨਿੱਤ ਧੂੰਆਂ ਛੱਡਦੀਆਂ। ਉਨ੍ਹਾਂ ਨੂੰ ਤੁਸੀਂ ਪੁਛਦੇ ਨਹੀਂ।” ਸ਼ਹਿਰ ਦੇ ਬਾਹਰ ਕਿਸੇ ਫੈਕਟਰੀ ਦੀ ਚਿਮਨੀ ਵੱਲ ਇਸ਼ਾਰਾ ਕਰਦਾ ਕਿਸਾਨ ਮੈਨੂੰ ਸਵਾਲ ਕਰਦਾ। ਵਾਤਾਵਰਨ ਮਾਰਚ ਵਿੱਚੇ ਹੀ ਛੱਡ, ਘਰ ਆ ਕੇ ਮੈਂ ਤਰੰਨੁਮ ਨੂੰ ਖਤ ਲਿਖਣ ਲਈ ਬੈਠ ਗਿਆ। ਇਨ੍ਹਾਂ ਸਾਰੇ ਸਵਾਲਾਂ ਬਾਰੇ ਵੀ ਤਰੰਨੁਮ ਨੂੰ ਦੱਸਦਾ ਹਾਂ।
“ਬੁੱਢੇ ਕਿਸਾਨ ਦੀ ਗੱਲ ਜਾਇਜ਼ ਹੈ ਤਰੰਨੁਮ। ਬਿਸ਼ਨੀ ਚਾਚੀ ਦੀ ਤਕਲੀਫ਼ ਦਾ ਹਿਸਾਬ ਕਿਸ ਕੋਲ ਹੈ? ਰਾਧੇ ਸ਼ਾਮ ਨੂੰ ਉਸਦੀ ਔਲਾਦ ਇੱਕਲਿਆਂ ਕਿਵੇਂ ਛੱਡ ਗਈ? ਪੰਜਾਬ ਦਾ ਹਰ ਨੌਜਵਾਨ ਵਿਦੇਸ਼ ਕਿਉਂ ਤੁਰਿਆ ਜਾ ਰਿਹਾ?” ਇਹ ਸਭ ਮੇਰੇ ਸਵਾਲ ਨੇ।
“ਨਹੀਂ ਇਹ ਸਵਾਲ ਹਰ ਉਸ ਸਖ਼ਸ਼ ਦੇ ਨੇ ਪ੍ਰਦੀਪ, ਜੋ ਜਿਊਂਦਾ ਹੈ।” ਮੈਨੂੰ ਲੱਗਿਆ ਜਿਵੇਂ ਕੋਲ ਹੀ ਕਿੱਧਰੇ ਤਰੰਨੁਮ ਬੋਲੀ ਹੋਵੇ। ਮੈਂ ਉਸਦਾ ਲਿਖਿਆ ਖ਼ਤ ਦੁਬਾਰਾ ਪੜ੍ਹਦਾ ਹਾਂ।
“ਮੈਂ ਸਾਡੇ ਵਿਆਹ ਦੇ ਸੁਪਨੇ ਦੇਖ ਰਹੀ ਹਾਂ ਪ੍ਰਦੀਪ! ਤੂੰ ਸਿਰਫ਼ ਪੰਜ ਬੰਦਿਆਂ ਦੀ ਬਰਾਤ ਲੈ ਕੇ ਆਈਂ। ਮੈਨੂੰ ਵਿਆਹ ਵਿੱਚ ਸ਼ੋਰ ਨਹੀਂ, ਲੋਕ ਗੀਤਾਂ ਦੀ ਮਿੱਠੀ ਲੈਅ ਗੂੰਜਦੀ ਚਾਹੀਦੀ ਏ। ਆਪਣੇ ਕੱਲ੍ਹ ਲਈ ਮੈਂ ਪੈਸੇ ਨਹੀਂ ਬਚਾਉਣਾ ਚਾਹੁੰਦੀ। ਹਵਾ, ਪਾਣੀ ਬਚਾ ਕੇ ਦੇ ਸਕਦਾ ਹੈ ਨਾ ਤੂੰ?” ਤਰੰਨੁਮ ਦੀਆਂ ਇਹ ਸਤਰਾਂ ਦੁਬਾਰਾ ਪੜ੍ਹਦਾ ਹਾਂ। ਖ਼ਤ ਲਿਖਣਾ ਵਿੱਚੇ ਹੀ ਛੱਡ ਬਾਹਰ ਆ ਜਾਂਦਾ ਹਾਂ। ਹਨੇਰਾ ਉਤਰ ਰਿਹਾ ਹੈ। ਲਾਈਟਾਂ ਵਾਲੇ ਝੂਲੇ ਦੀਆਂ ਲਾਈਟਾਂ ਜਗਣ ਲੱਗੀਆਂ ਹਨ। ਮੇਰੇ ਜ਼ਿਹਨ ਵਿੱਚ ਤਰੰਨੁਮ ਦੇ ਸਵਾਲ ਘੁੰਮ ਰਹੇ ਹਨ।
“ਫਰਿਹਾਦ ਨੇ ਮੁਹੱਬਤ ਲਈ ਪੱਥਰਾਂ ਨੂੰ ਚੀਰ ਨੇ ਨਦੀ ਕੱਢੀ ਸੀ ਪ੍ਰਦੀਪ!” ਉਹ ਪ੍ਰੇਮ ਕਿੱਸੇ ਦੀ ਗੱਲ ਛੇੜ ਬੈਠਦੀ ਹੈ। ਮੈਂ ਦੂਰ ਤੀਕ ਖੜ੍ਹੇ ਸੁੱਕੇ ਰੁੱਖੇ ਨੂੰ ਦੇਖਦਾ ਹਾਂ। ਹਲਕੇ ਜਿਹੇ ਹਨੇਰੇ ਵਿੱਚ ਸੁੱਕੇ ਰੁੱਖ ਬੇਹੱਦ ਡਰਾਉਣੇ ਲੱਗਦੇ ਹਨ। ਅਚਾਨਕ ਫੋਨ ਦੀ ਘੰਟੀ ਵੱਜਦੀ ਹੈ।
“ਮਿੱਤਰਾ! ਬਣ ਗਈ ਗੱਲ। ਮਿਲ ਗਈ ਨਹਿਰ ਨਾਲ ਦੀ ਜ਼ਮੀਨ। ਹੁਣ ਦੇਖੀ ਤੂੰ…। ਆਈਲੈਟਸ ਕਰਾ-ਕਰਾ ਮਨੀਕਰਨ ਘੱਲ ਦੇਣਾ ਆਪਾਂ ਸਾਰਿਆ ਨੂੰ।” ਮੇਰਾ ਦੋਸਤ ਰਾਜਵੀਰ ਹੁੱਬ-ਹੁੱਬ ਦੱਸਦਾ ਹੈ। ਇਸੇ ਲਈ ਮੈਂ ਉਸ ਨੂੰ ਮਨੀਕਰਨ ਸਾਬ੍ਹ ਆਖਦਾ। ਉਹ ਅੰਤਾਂ ਦਾ ਖੁਸ਼ ਹੈ। ਭਿਆਨਕ ਜਿਹਾ ਹਾਸਾ ਹੱਸਦਾ ਹੈ, ਪਰ ਮੈਂ ਉਦਾਸ ਹੋ ਜਾਂਦਾ ਹਾਂ। ਆਰਿਆਂ ਦੇ ਚੱਲਣ ਦੀ ਆਵਾਜ਼ ਹਵਾ ਵਿੱਚ ਗੂੰਜਦੀ ਹੈ। ਮੈਨੂੰ ਨਹਿਰ ਦੇ ਨਾਲ ਦੀ ਜ਼ਮੀਨ ਵਿੱਚ ਲੱਗੇ ਰੁੱਖਾਂ ਦੀ ਕਟਾਈ ਹੁੰਦੀ ਦਿੱਸਦੀ ਹੈ। ਉੱਥੇ ਉਸਰ ਰਹੀ ਆਲੀਸ਼ਾਨ ਬਿਲਡਿੰਗ ਦਿੱਸਦੀ ਹੈ। ਮੈਂ ਨਹਿਰ ਵੱਲ ਨੂੰ ਤੁਰ ਪੈਂਦਾ ਹਾਂ। ਸੁੱਕੀ ਨਹਿਰ ਵਿੱਚ ਹੇਠਾਂ ਉਤਰ ਜਾਂਦਾ ਹਾਂ। ਨਹਿਰ ਦੀ ਰੇਤ ਹੱਥਾਂ ਵਿੱਚ ਭਰਦਾ ਹਾਂ। ਮੁੱਠ ਜਿੰਨੀ ਜ਼ੋਰ ਨਾਲ ਮੀਟਦਾ ਰੇਤ ਉਨੀ ਜਲਦੀ ਹੇਠਾਂ ਕਿਰਨ ਲੱਗਦੀ ਹੈ। ਸੁੱਕੀ ਨਦੀ ਦੇਖ ਕੇ ਹਵਾ ਵਿੱਚ ਉਕਰੇ ਤਰੰਨੁਮ ਦੇ ਸ਼ਬਦ ਚਮਕਣ ਲੱਗਦੇ ਹਨ। ਉਹ ਲਿਖਦੀ ਹੈ, “ਹਵਾ-ਪਾਣੀ ਬਚਾ ਸਕਦਾ ਹੈ ਤੂੰ…?”
“ਨਹੀਂ ਮੈਂ ਫਰਿਹਾਦ ਨਹੀਂ ਹਾਂ ਤਰੰਨੁਮ।” ਮੁੱਠੀ ਵਿੱਚਲੀ ਰੇਤ ਉਥੇ ਹੀ ਸੁੱਟ ਘਰ ਨੂੰ ਮੁੜ ਆਉਂਦਾ ਹਾਂ। …ਤੇ ਕਾਗਜ਼ ਕਲਮ ਚੁੱਕ ਕੇ ਅਧੂਰਾ ਖ਼ਤ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹਾਂ!

Leave a Reply

Your email address will not be published. Required fields are marked *