ਕੁਲਜੀਤ ਦਿਆਲਪੁਰੀ
ਸ਼ਿਕਾਗੋ: ਗੁਰਦੁਆਰਾ ਪੈਲਾਟਾਈਨ ਵਿੱਚ ਇੱਕ ਰਾਗੀ ਸਿੰਘ ਦੇ ਅਸਤੀਫੇ ਦੇ ਮਾਮਲੇ ਨੂੰ ਲੈ ਕੇ ਕਈ ਦਿਨ ਚਰਚਾ ਦਾ ਮਾਹੌਲ ਬਣਿਆ ਰਿਹਾ। ਅਸਲ ਵਿੱਚ ਜਦੋਂ ਤਿੰਨ ਨਵੰਬਰ ਨੂੰ ਕੀਰਤਨੀਏ ਭਾਈ ਸੰਦੀਪ ਸਿੰਘ ਨੇ ਮੁੜ ਕੇ ਗੁਰੂ ਘਰ ਦੀ ਸਟੇਜ ਤੋਂ ਕੀਰਤਨ ਨਾ ਕਰਨ ਦਾ ਸਹਿਜ ਰੂਪ ਵਿੱਚ ਤਹੱਈਆ ਕੀਤਾ ਤਾਂ ਸੰਗਤ ਦੰਗ ਰਹਿ ਗਈ ਸੀ। ਮਸਲਾ ਜਦੋਂ ਸੰਗਤ ਦੇ ਧਿਆਨਗੋਚਰੇ ਆਇਆ ਤਾਂ ਕਾਫੀ ਗਿਣਤੀ ਸੰਗਤ ਉਦੋਂ ਵੀ ਅਤੇ ਕੁਝ ਗਿਣਤੀ ਸੰਗਤ ਤਾਂ ਹੁਣ ਵੀ ਇਸ ਮਾਮਲੇ ਨੂੰ ਲੈ ਕੇ ਉਲਝਣ ਵਿੱਚ ਹੈ। ਹਾਲੇ ਤੱਕ ਇਸ ਮਾਮਲੇ ਨੂੰ ਲੈ ਕੇ ‘ਗੱਲਾਂ ਨੂੰ ਖੰਭ ਤੇ ਖੰਭਾਂ ਦੀਆਂ ਡਾਰਾਂ’ ਵਾਲੀ ਸਥਿਤੀ ਬਣੀ ਹੋਈ ਹੈ। ਪ੍ਰਬੰਧਕ ਕਮੇਟੀ ਵੱਲੋਂ ਨਵਾਂ ਜਥਾ ਬੁਲਾਉਣ ਸਬੰਧੀ ਲੰਘੇ ਐਤਵਾਰ ਨੂੰ ਸਟੇਜ ਤੋਂ ਜਾਣਕਾਰੀ ਸਾਂਝੀ ਕਰਨ ਪਿਛੋਂ ਵੀ ਕੁਝ ਸੰਗਤ ਨੇ ਭਾਈ ਸੰਦੀਪ ਸਿੰਘ ਦੇ ਅਸਤੀਫੇ ਵਾਲੇ ਮਸਲੇ ਨੂੰ ਫਿਰ ਤੋਂ ਛੋਹ ਲਿਆ ਸੀ।
ਉਂਜ ਇਸ ਵਰਤਾਰੇ ਨੂੰ ਲੈ ਕੇ ਦੋ ਵੱਖ-ਵੱਖ ਤਰ੍ਹਾਂ ਦੇ ਨਜ਼ਰੀਏ ਉਭਰ ਆਏ ਹਨ। ਇਸ ਸਭ ਵਰਤਾਰੇ ਵਿੱਚ ਸਬੰਧਤ ਸ਼ਖਸ ਆਪੋ ਆਪਣੇ ਸੱਚ ਦਾ ਗੁੜ ਬੁੱਕਲ ਵਿੱਚ ਲਈ ਬੈਠੇ ਹਨ। ਕਿਹੜੀ ਧਿਰ ਕਿੰਨੀ ਸੱਚੀ ਹੈ? ਇਸ ਸਭ ਦੇ ਅਸਲ ਸੱਚ ਤੋਂ ਹਾਲੇ ਵੀ ਬਹੁਤੀ ਸੰਗਤ ਅਣਜਾਣ ਹੈ। ਮੂੰਹੋਂ-ਦੂਹੀ ਇਸ ਗੱਲ ਦੇ ਚਰਚੇ ਹਨ ਕਿ ਅਜਿਹਾ ਕੀ ਹੋ ਗਿਆ ਸੀ ਜੋ ਭਾਈ ਸੰਦੀਪ ਸਿੰਘ ਨੂੰ ਗੁਰੂਘਰ ਦੀ ਸਟੇਜ ਤੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਸ਼ਬਦ ਕਹਿਣੇ ਪਏ! ਭਾਈ ਸੰਦੀਪ ਸਿੰਘ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਵਿੱਚੋਂ ਇੱਕ ਹਨ, ਜਿਨ੍ਹਾਂ ਦੇ ਗੁਰਬਾਣੀ ਗਾਇਨ ਦਾ ਸੰਗਤ ਅਨੰਦ ਮਾਣਦੀ ਹੈ; ਪਰ ਪ੍ਰਬੰਧਕੀ ਬੋਰਡ/ਧਿਰ ਦੇ ਇੱਕ ਹਿੱਸੇ ਅਤੇ ਰਾਗੀ ਸਿੰਘ ਦਰਮਿਆਨ ਪੈਦਾ ਹੋਏ ਮਤਭੇਦ ਨੇ ਗੁਰਦੁਆਰਾ ਮਾਹੌਲ ਨੂੰ ਨਵਾਂ ਰੰਗ ਜ਼ਰੂਰ ਦਿੱਤਾ ਹੈ। ਪ੍ਰਬੰਧਕੀ ਧਿਰ ਦੇ ਕੁਝ ਹਮਾਇਤੀ ਵੀ ਇਸ ਮਸਲੇ `ਤੇ ਆਪੋ-ਆਪਣਾ ਪ੍ਰਤੀਕਰਮ ਜਾਹਰ ਕਰ ਰਹੇ ਹਨ। ਸੰਗਤ ਵਿੱਚ ਇਹ ਚਰਚਾ ਹੈ ਕਿ ਹਜ਼ੂਰੀ ਰਾਗੀ ਪ੍ਰਤੀ ਅਵਿਹਾਰਕ ਪਹੁੰਚ, ਡਿਊਟੀਆਂ ਅਤੇ ਕਿਤੇ ਨਾ ਕਿਤੇ ਭੇਟਾ ਨੂੰ ਲੈ ਕੇ ਮਸਲਾ ਬਣ ਗਿਆ ਸੀ।
ਜ਼ਿਕਰਯੋਗ ਹੈ ਕਿ ਭਾਈ ਸੰਦੀਪ ਸਿੰਘ ਨੇ 3 ਨਵੰਬਰ ਦੇ ਦੀਵਾਨ ਵਿੱਚ ਕੀਰਤਨ ਕਰਨ ਉਪਰੰਤ ਇਹ ਸ਼ਬਦ ਕਹੇ ਸਨ: “ਸਾਡਾ ਇਹ ਅੱਜ ਦਾ ਆਖਰੀ ਦੀਵਾਨ ਹੈ, ਔਰ ਸ਼ਾਇਦ ਸਾਡਾ ਜ਼ਿੰਦਗੀ ਦਾ ਵੀ ਇਸ ਸਟੇਜ `ਤੇ ਆਖਰੀ ਹੀ ਦੀਵਾਨ ਹੈ… ਮਹਾਰਾਜ ਤੋਂ ਸ਼ਮਾ (ਮੁਆਫੀ) ਮੰਗ ਕੇ ਇਹ ਬਚਨ ਕਰ ਰਹੇ ਹਾਂ ਕਿ ਅੱਜ ਤੋਂ ਬਾਅਦ ਜੇ ਅਸੀਂ ਆਏ, ਸਾਡੇ ਗੁਰੂ ਪਿਤਾ ਦਾ ਘਰ ਹੈ, ਅਸੀਂ ਨਮਸ਼ਕਾਰ ਕਰਨ ਜ਼ਰੂਰ ਆਵਾਂਗੇ, ਪਰ ਇਸ ਸਟੇਜ `ਤੇ ਰਹਿੰਦੀ ਜ਼ਿੰਦਗੀ ਤੱਕ ਕਦੇ ਵੀ ਕੀਰਤਨ ਨਹੀਂ ਕਰਾਂਗੇ।” ਉਨ੍ਹਾਂ ਨੇ ਗੁਰਦੁਆਰਾ ਸਟਾਫ ਦਾ ਧੰਨਵਾਦ ਕੀਤਾ ਤੇ ਪ੍ਰਬੰਧਕੀ ਬੋਰਡ ਦੇ ਕੁਝ ਸੱਜਣਾਂ ਦਾ ਵੀ; ਪਰ ‘ਸਾਰੇ ਬੋਰਡ’ ਪ੍ਰਤੀ ਧੰਨਵਾਦੀ ਸ਼ਬਦ ਉਚਾਰਨ ਤੋਂ ਉਨ੍ਹਾਂ ਪਰਹੇਜ ਕੀਤਾ। ਇਹ ਸਭ ਸ਼ਬਦ ਭਾਈ ਸੰਦੀਪ ਸਿੰਘ ਨੇ ਬੜੇ ਸਹਿਜ ਵਿੱਚ ਕਹੇ ਸਨ, ਪਰ ਇੱਕ ਗੱਲ ਨੋਟ ਕੀਤੀ ਗਈ ਹੈ ਕਿ ਸੰਗਤ ਦੇ ਇੱਕ ਹਿੱਸੇ, ਖਾਸ ਕਰ ਭਾਈ ਸੰਦੀਪ ਸਿੰਘ ਦੇ ਕੀਰਤਨ ਤੋਂ ਪ੍ਰਭਾਵਿਤ ਸੰਗਤ ਨੂੰ ਇਸ ਵਰਤਾਰੇ ਨੇ ਅਸਹਿਜ ਜ਼ਰੂਰ ਕੀਤਾ ਹੈ।
ਪ੍ਰਬੰਧਕੀ ਬੋਰਡ ਦੇ ਇੱਕ ਮੈਂਬਰ ਅਨੁਸਾਰ, “ਭਾਈ ਸੰਦੀਪ ਸਿੰਘ ਨੇ ਗਿਆਰਾਂ ਮਹੀਨੇ ਇੱਥੇ ਰਾਗਾਂ ਵਿੱਚ ਕੀਰਤਨ ਕੀਤਾ।… ਇਨ੍ਹਾਂ ਨੂੰ ਪੱਕੇ ਤੌਰ `ਤੇ ਇੱਥੇ ਮੰਗਵਾਇਆ ਸੀ, ਪਰ ਕੁਝ ਕਾਰਨਾਂ ਕਰ ਕੇ ਨਹੀਂ ਟਿਕ ਸਕੇ, ਕਿਉਂਕਿ ਇਨ੍ਹਾਂ ਦਾ ਪਿਆਰ ਹਰਿਮੰਦਰ ਸਾਹਿਬ, ਗੁਰੂ ਕੀ ਨਗਰੀ ਨਾਲ ਬਹੁਤ ਜ਼ਿਆਦਾ ਹੈ।… ਜਿਹੜਾ ਇਨ੍ਹਾਂ ਨੇ ਬਚਨ ਕੀਤਾ ਹੈ, ਇਹ ਠੀਕ ਨਹੀਂ ਹੈਗਾ।” ਪਰ ਉਨ੍ਹਾਂ ਨਾਲ ਹੀ ਬੇਨਤੀ ਕੀਤੀ ਕਿ ਉਹ ਜਦੋਂ ਵੀ ਸ਼ਿਕਾਗੋ ਆਉਣ, ਉਨ੍ਹਾਂ ਨੂੰ ਗੁਰੂ ਘਰ ਦੀ ਸਟੇਜ ਤੋਂ ਕੀਰਤਨ ਕਰਨ ਲਈ ਜੀ ਆਇਆਂ। ਉਨ੍ਹਾਂ ਭਾਈ ਸੰਦੀਪ ਸਿੰਘ ਵੱਲੋਂ ਕਿਹਾ ਹੋਇਆ ਬਚਨ ਵਾਪਸ ਲੈਣ ਦੀ ਬੇਨਤੀ ਉਤੇ ਸੰਗਤ ਨੇ ਜੈਕਾਰਾ ਛੱਡ ਕੇ ਤਾਈਦ ਵੀ ਕੀਤੀ ਸੀ।
ਇਹ ਮਸਲਾ ਸੰਗਤ ਨਾਲ ਕਿਉਂ ਨਹੀਂ ਵਿਚਾਰਿਆ ਗਿਆ? ਦੇ ਜਵਾਬ ਵਿੱਚ ਪ੍ਰਬੰਧਕੀ ਬੋਰਡ ਦੇ ਇੱਕ ਮੈਂਬਰ ਨੇ ਸਪਸ਼ਟ ਕਿਹਾ ਕਿ ‘ਝੱਗਾ ਚੁੱਕਿਆਂ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ।’ ਉਂਜ ਪ੍ਰਬੰਧਕੀ ਸਲੇਟ ਦੇ ਕੁਝ ਹਮਾਇਤੀ ਇਸ ਮਾਮਲੇ ਨੂੰ ਲੈ ਕੇ ਮਲਵੀਂ ਜ਼ੁਬਾਨ ਵਿੱਚ ਗੁਰਦੁਆਰਾ ਪ੍ਰਬੰਧ ਚਲਾ ਰਹੇ ਆਪਣੇ ਹੀ ਚੁਣੇ ਇੱਕ-ਦੋ ਨੁਮਾਇੰਦਿਆਂ ਤੋਂ ਕੁਝ ਨਾਖੁਸ਼ ਹਨ। ਇਸ ਤੋਂ ਇਲਾਵਾ ਕੁਝ ਪ੍ਰਬੰਧਕੀ ਬੋਰਡ ਮੈਂਬਰਾਂ ਦੀ ਇਸ ਮਾਮਲੇ `ਤੇ ਕਥਿਤ ਤੌਰ `ਤੇ ਵੱਟੀ ਚੁੱਪ ਵੀ ਕਈਆਂ ਨੂੰ ਰੜਕ ਰਹੀ ਹੈ, ਜਿਸ ਕਾਰਨ ਇਸ ਮਾਜਰੇ ਦੇ ਅਸਲ ਕਾਰਨ ਜਾਣਨ ਲਈ ਸੰਗਤ ਦਾ ਇੱਕ ਹਿੱਸਾ ਆਪਸੀ ਵਿਚਾਰ-ਵਟਾਂਦਰੇ ਨੂੰ ਤਰਜੀਹ ਦੇਣ ਲੱਗਿਆ ਹੈ।
ਗੋਂਗਲੂਆਂ ਤੋਂ ਮਿੱਟੀ ਝਾੜਨ ਵਾਂਗ ਇਹ ਮਸਲਾ ਭਾਵੇਂ ਕਹਿਣ ਨੂੰ ਤਾਂ ਨਜਿੱਠ ਲਿਆ ਗਿਆ ਹੈ, ਪਰ ਕਿਤੇ ਨਾ ਕਿਤੇ ਸੰਗਤ ਦੇ ਇੱਕ ਹਿੱਸੇ ਦੇ ਮਨ ਵਿੱਚ ਇਹ ਮਾਮਲਾ ਹਾਲੇ ਵੀ ਰਿੜਕਿਆ ਜਾ ਰਿਹਾ ਹੈ ਕਿ ਆਖਰ ਉਹ ਅਜਿਹੀਆਂ ਕਿਹੜੀਆਂ ਪ੍ਰਸਥਿਤੀਆਂ ਸਨ, ਜਿਨ੍ਹਾਂ `ਤੇ ਸੰਗਤੀ ਰੂਪ ਵਿੱਚ ਵਿਚਾਰ ਨਾ ਕਰਨ ਕਰ ਕੇ ਸਥਿਤੀ ਦਰਪੇਸ਼ ਹੋਈ ਹੈ। ਇਸ ਮਸਲੇ ਪ੍ਰਤੀ ਕਿਹੜੀ ਧਿਰ ਕਿੰਨੀ ਜ਼ਿੰਮੇਵਾਰੀ ਨਾਲ ਨਿਭੀ ਜਾਂ ਇਸ ਮਸਲੇ ਲਈ ਕਿੰਨੀ ਕੁ ਸੰਜੀਦਗੀ ਤੋਂ ਕੰਮ ਲਿਆ ਗਿਆ? ਬਾਰੇ ਹਾਲੇ ਵੀ ਇੱਕ ਤਰ੍ਹਾਂ ਰਹੱਸ ਬਣਿਆ ਹੋਇਆ ਹੈ। ਸੰਗਤ ਦਾ ਇਸ ਬਾਰੇ ਕੀ ਪ੍ਰਤੀਕਰਮ ਹੈ ਜਾਂ ਸੰਗਤ ਸਿਰਫ ਚੁੰਝ-ਚਰਚਾਵਾਂ ਤੱਕ ਹੀ ਸੀਮਤ ਹੈ, ਵੀ ਇੱਕ ਵਿਚਾਰਨਯੋਗ ਮੁੱਦਾ ਹੈ।
ਇਹ ਸਪਸ਼ਟ ਹੈ ਕਿ ਭਾਈ ਸੰਦੀਪ ਸਿੰਘ ਨੇ ਗੁਰੂ ਘਰ ਦੀ ਸਟੇਜ ਤੋਂ ਕੀਰਤਨ ਨਾ ਕਰਨ ਬਾਰੇ ਜੋ ਬੋਲਿਆ ਹੈ, ਉਸ ਲਈ ਮਾਹੌਲ ਇੱਕ ਦਮ ਤਾਂ ਬਣ ਨਹੀਂ ਸੀ ਗਿਆ। ਉਂਜ ਇਹ ਭੇਦ ਜ਼ਰੂਰ ਉਭਰ ਆਇਆ ਹੈ ਕਿ ਇਸ ਮਾਮਲੇ ਵਿੱਚ ਕੁਝ ਲੋਕ ਪ੍ਰਬੰਧਕੀ ਧਿਰ ਦੀ ਹਮਾਇਤ `ਤੇ ਹਨ ਅਤੇ ਕੁਝ ਸੰਗਤ ਮੈਂਬਰਾਂ ਦਾ ਇਹ ਵਿਚਾਰ ਹੈ ਕਿ ਜੇ ਭਾਈ ਸੰਦੀਪ ਸਿੰਘ ਤੇ ਪ੍ਰਬੰਧਕੀ ਬੋਰਡ ਵਿਚਾਲੇ ਕਿਸੇ ਤਰ੍ਹਾਂ ਦੀ ਕਸ਼ਮਕਸ਼ ਧੁਖ ਰਹੀ ਸੀ ਤਾਂ ਇਹ ਮਾਮਲਾ ਜਨਰਲ ਇਜਲਾਸ ਸੱਦ ਕੇ ਵਿਚਾਰਿਆ ਕਿਉਂ ਨਹੀਂ ਗਿਆ? ਇਸ ਮਾਮਲੇ ਬਾਰੇ ਜਦੋਂ ਭਾਈਚਾਰੇ ਦੇ ਕੁਝ ਕੁ ਲੋਕਾਂ ਨਾਲ ਗੱਲ ਹੋਈ ਤਾਂ ਹਰ ਇੱਕ ਦਾ ਵੱਖੋ-ਵੱਖਰਾ ਨਜ਼ਰੀਆ ਸੀ। ਕਿਸੇ ਦਾ ਇਹ ਕਹਿਣਾ ਸੀ ਕਿ ਭਾਈ ਸੰਦੀਪ ਸਿੰਘ ਨੇ ਜੋ ਕੁਝ ਗੁਰੂ ਘਰ ਦੀ ਸਟੇਜ ਤੋਂ ਕਿਹਾ, ਉਸ ਦਾ ਖਿਆਲ ਉਨ੍ਹਾਂ ਦੇ ਮਨ ਵਿੱਚ ਇੱਕੋ ਦਮ ਨਹੀਂ ਸੀ ਆ ਗਿਆ। ਕੁਝ ਨਾ ਕੁਝ ਕਾਰਨ ਤਾਂ ਜ਼ਰੂਰ ਬਣੇ ਹੋਣਗੇ, ਜਿਨ੍ਹਾਂ ਨੂੰ ਘੋਖ ਕੇ ਹੀ ਸੱਚ-ਝੂਠ ਦਾ ਨਿਤਾਰਾ ਕੀਤਾ ਜਾ ਸਕਦਾ ਹੈ।
ਇੱਕ ਸੱਜਣ ਦਾ ਤਾਂ ਇਹ ਕਹਿਣਾ ਸੀ ਕਿ ਇੱਕ ਕੀਰਤਨੀਏ ਦੇ ਤੌਰ `ਤੇ ਭਾਈ ਸਾਹਿਬ ਨੂੰ ਸਟੇਜ ਤੋਂ ਇੰਜ ਬਿਆਨਬਾਜ਼ੀ ਨਹੀਂ ਸੀ ਕਰਨੀ ਚਾਹੀਦੀ; ਜਦਕਿ ਇੱਕ ਹੋਰ ਸੱਜਣ ਦੀ ਇਹ ਟਿੱਪਣੀ ਸੀ, ‘ਜੋ ਹੋਇਆ, ਠੀਕ ਹੋਇਆ ਹੈ। ਹੁਣ ਸੰਗਤ ਨੂੰ ਵਿਚਾਰਨਾ ਚਾਹੀਦਾ ਹੈ ਕਿ ਅਜਿਹਾ ਸਭ ਹੋਇਆ ਕਿਉਂ?’ ਇੱਕ ਹੋਰ ਸੱਜਣ ਦੀ ਟਿੱਪਣੀ ਸੀ ਕਿ ਅਜਿਹੀਆਂ ਪ੍ਰਸਥਿਤੀਆਂ `ਤੇ ਵਿਚਾਰ ਕਰ ਕੇ ਸਕਾਰਾਤਮਕ ਪਹੁੰਚ ਅਪਣਾਏ ਜਾਣ ਦੀ ਲੋੜ ਹੈ। ਕਿਉਂਕਿ ਸੰਗਤ ਹੀ ਸੁਪਰੀਮ ਹੈ ਤੇ ਸਿੱਖ ਪੰਥ ਦੀ ਮਰਿਆਦਾ ਅਨੁਸਾਰ ਸੰਗਤੀ ਰੂਪ ਵਿੱਚ ਲਏ ਗਏ ਫੈਸਲਿਆਂ ਦੀ ਮਾਨਤਾ ਅਹਿਮ ਹੈ, ਇਸ ਲਈ ਮਸਲਾ ਸੰਗਤ ਦੇ ਧਿਆਨਗੋਚਰੇ ਲਿਆਉਣਾ ਬਣਦਾ ਸੀ। ਇੱਕ ਹੋਰ ਟਿੱਪਣੀ ਸੀ, ‘ਜੇ ਨਿੱਕੇ-ਮੋਟੇ ਮਤਭੇਦ ਹੁੰਦੇ ਤਾਂ ਗੱਲ ਅਸਤੀਫੇ ਤੱਕ ਨਹੀਂ ਸੀ ਪਹੁੰਚਣੀ।’
ਬੇਸ਼ੱਕ ਗੁਰੂ ਘਰ ਵਿੱਚ ਨਵਾਂ ਜਥਾ ਬੁਲਾਏ ਜਾਣ ਸਬੰਧੀ ਤਿਆਰੀ ਹੈ, ਪਰ ਇੱਕ ਗੱਲ ਇਹ ਨੋਟ ਕੀਤੀ ਗਈ ਹੈ ਕਿ ਭਾਈ ਸੰਦੀਪ ਸਿੰਘ ਵਾਲੇ ਵਰਤਾਰੇ ਤੋਂ ਬਾਅਦ ਗੁਰੂ ਘਰ ਦੀਆਂ ਧਾਰਮਿਕ ਡਿਊਟੀਆਂ ਨਿਭਾਅ ਰਹੇ ‘ਧਾਰਮਿਕ ਕਰਮਚਾਰੀ’ ਇੱਕ ਤਰ੍ਹਾਂ ਸਕਤੇ ਵਿੱਚ ਜ਼ਰੂਰ ਹਨ। ਖੈਰ! ਰਾਗੀਆਂ/ਗ੍ਰੰਥੀਆਂ ਨਾਲ ‘ਨੌਕਰੀ’ ਸਬੰਧੀ ਕੀਤੇ ਜਾਂਦੇ ਇਕਰਾਰਨਾਮਿਆਂ ਵਿੱਚ ਕਿਹੜੀਆਂ ਮਦਾਂ ਜਾਂ ਸ਼ਰਤਾਂ ਲਾਗੂ ਕੀਤੀਆਂ ਜਾਂਦੀਆਂ ਹਨ, ਇਸ ਦਾ ਅਖਤਿਆਰ ਬੇਸ਼ੱਕ ਪ੍ਰਬੰਧਕੀ ਧਿਰ ਨੂੰ ਹੈ, ਪਰ ਇੰਨਾ ਜ਼ਰੂਰ ਹੈ ਕਿ ‘ਧਾਰਮਿਕ ਨੌਕਰੀ’ ਕਰ ਰਹੇ ‘ਕਰਮਚਾਰੀਆਂ’ ਨੂੰ ਵਾਧੂ ਦੀਆਂ ਸੇਵਾਵਾਂ ਨਿਭਾਉਣ ਬਾਰੇ ਅਤੇ ਉਨ੍ਹਾਂ ਨਾਲ ਹੁੰਦੇ ਕਥਿਤ ਤੌਰ `ਤੇ ਮਾੜੇ ਵਿਹਾਰ ਪ੍ਰਤੀ ਕੁਝ ਨਾ ਕੁਝ ਰੰਜ ਜ਼ਰੂਰ ਹੈ।
ਗੁਰਦੁਆਰਾ ਪ੍ਰਬੰਧਨ ਦੇ ਵਰਤਾਰੇ ਵਿੱਚ ਸੰਵਿਧਾਨ ਅਮਲ ਕਮੇਟੀ ਦੀਆਂ ਕਿੰਨੀਆਂ ਸ਼ਕਤੀਆਂ ਹਨ ਜਾਂ ਇਹ ਕਮੇਟੀ ਕਿਸ ਤਰ੍ਹਾਂ ਆਪਣਾ ਰੋਲ ਨਿਭਾਅ ਰਹੀ ਹੈ, ਇਸ ਨੂੰ ਲੈ ਕੇ ਵੀ ਸੰਗਤੀ ਰੂਪ ਵਿੱਚ ਆਪਸੀ ਵਿਚਾਰ-ਵਟਾਂਦਰੇ ਹੋ ਰਹੇ ਹਨ। ਚਰਚਾ ਤਾਂ ਸੰਗਤ ਵਿੱਚ ਇਹ ਵੀ ਹੈ ਕਿ ਗੁਰਦੁਆਰਾ ਪ੍ਰਬੰਧਨ ਦੇ ਸਬੰਧ ਵਿੱਚ ਹੁਣ ਜ਼ਾਹਰਾ ਤੌਰ `ਤੇ ਵਿਰੋਧੀ ਸਲੇਟ ਦੀ ਭੂਮਿਕਾ ਨਾਦਾਰਦ ਹੋਣ ਕਰ ਕੇ ਅਤੇ ਇੱਕ ਧਿਰ ਦਾ ਦਬਦਬਾ ਬਹਾਲ ਹੋਣ ਕਾਰਨ ਕਿਤੇ ਨਾ ਕਿਤੇ ‘ਪ੍ਰਬੰਧਕੀ ਮਨਮਾਨੀਆਂ’ ਦੇ ਸਿਲਸਲੇ ਨੂੰ ਥਾਂ ਮਿਲੀ ਹੈ।
ਦਿਲਚਸਪ ਗੱਲ ਹੈ ਕਿ ਜਿਵੇਂ ਸਰਕਾਰਾਂ ਚਲਾਉਂਦੀਆਂ ਧਿਰਾਂ ਨੂੰ ਨਾਬਰੀ ਸੁਰ ਕਦੇ ਵੀ ਤੇ ਕਿਸੇ ਵੀ ਕਰਵਟ ਸੂਤ ਨਹੀਂ ਬੈਠਦੀ, ਉਸੇ ਤਰ੍ਹਾਂ ਦੀ ਕਵਾਇਦ ਦਾ ਕਿਸੇ ਵੀ ਗੁਰਦੁਆਰਾ ਪ੍ਰਬੰਧਨ ਵਿੱਚ ਕਿਤੇ ਨਾ ਕਿਤੇ ਬਣ ਜਾਣਾ ਸੁਭਾਵਿਕ ਹੈ। ਦੂਜਾ ਪਹਿਲੂ ਇਹ ਵੀ ਹੈ ਕਿ ਪ੍ਰਬੰਧ ਸੰਭਾਲਦੀਆਂ ਧਿਰਾਂ ਨੂੰ ਕਈ ਵਾਰ ਅਜਿਹੇ ਫੈਸਲੇ ਲੈਣੇ ਪੈਂਦੇ ਹਨ, ਜੋ ਸਭ ਨੂੰ ਮੁਆਫਕ ਤਾਂ ਨਹੀਂ ਬੈਠਦੇ, ਪਰ ਗੁਰਦੁਆਰਾ ਮਾਹੌਲ ਵਿੱਚ ਲੰਮਾ ਸਮਾਂ ਕਸ਼ੀਦਗੀ ਬਣੇ ਰਹਿਣ ਤੋਂ ਬਚਣ ਲਈ ਬਦਲਵੇਂ ਰਾਹ ਦਾ ਸਬੱਬ ਜ਼ਰੂਰ ਬਣ ਜਾਂਦੇ ਹਨ।
ਖੈਰ! ਅੰਗਰੇਜ਼ੀ ਦਾ ਮੁਹਾਵਰਾ ਹੈ, “ਂੲਵੲਰ ਬੁਰਨ ਬਰਦਿਗੲਸ-ਨੈਵਰ ਬਰਨ ਬ੍ਰਿਜਸ” (ਕਦੇ ਵੀ ਪੁਲਾਂ ਨੂੰ ਨਾ ਸੜੋ) ਯਾਨਿ ਕਿਸੇ ਰਿਸ਼ਤੇ ਨੂੰ ਮੂਲੋਂ ਹੀ ਨਸ਼ਟ/ਬਰਬਾਦ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਹੀ ਇੱਕ ਸਮਝੌਤੀ ਸੰਗਤ ਦੇ ਇੱਕ ਮੈਂਬਰ ਦੀ ਵੀ ਸੀ। ਕੁਝ ਹੋਰ ਸੰਗਤ ਮੈਂਬਰਾਂ ਦਾ ਵੀ ਕਹਿਣਾ ਹੈ ਕਿ ਭਾਈ ਸਾਹਿਬ ਨੂੰ ਗੁਰੂ ਘਰ ਦੀ ਸਟੇਜ ਤੋਂ ਭਵਿੱਖ ਵਿੱਚ ਕੀਰਤਨ ਨਾ ਕਰਨ ਬਾਰੇ ਨਹੀਂ ਸੀ ਕਹਿਣਾ ਚਾਹੀਦਾ; ਜਦਕਿ ਇੱਕ ਹੋਰ ਸੱਜਣ ਦੀ ਖਰੀ ਟਿੱਪਣੀ ਸੀ ਕਿ ‘ਭਾਈ ਸਾਹਿਬ ਵਧੀਕੀ ਖਿਲਾਫ ਅੜ ਗਏ ਤੇ ਅਸਤੀਫਾ ਦੇ ਦਿੱਤਾ।’ ਇੱਕ ਪਹਿਲੂ ਇਹ ਵੀ ਹੈ ਕਿ ਕਈ ਵਾਰ ਜ਼ਿੰਦਗੀ ਵਿੱਚ ਪ੍ਰਸਥਿਤੀਆਂ ਜਿਹੀਆਂ ਬਣ ਜਾਂਦੀਆਂ ਹਨ, ਜਿਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਬੰਦਾ ਅੱਕ ਕੇ ਹੋਰ ਰਾਹ ਚੁਣ ਲੈਂਦਾ ਹੈ। ਇਸ ਵਰਤਾਰੇ ਸਬੰਧੀ ਦੋਹਾਂ ਧਿਰਾਂ ਦੀ ਸਥਿਤੀ ਨੂੰ ਸਮਝਣ ਅਤੇ ਇੱਕ ਨਿਰਪੱਖ ਰਾਏ ਬਣਾਉਣ ਉਤੇ ਜ਼ੋਰ ਦੇਣ ਦੀ ਲੋੜ ਹੈ; ਤਾਂ ਜੋ ਭਵਿੱਖ ਵਿੱਚ ਗੁਰੂ ਘਰ ਅੰਦਰ ਮਾਹੌਲ ਸਾਜ਼ਗਾਰ ਬਣਨ ਜਾਂ ਬਣੇ ਰਹਿਣ ਬਾਰੇ ਚਾਰਾਜੋਈਆਂ ਪਹਿਲ ਦੇ ਆਧਾਰ `ਤੇ ਹੋਣ।
ਗੁਰਦੁਆਰਾ ਪੈਲਾਟਾਈਨ ਦੇ ਨਿਊਜ਼ਲੈਟਰ ਵਿੱਚ ਭਾਈ ਸੰਦੀਪ ਸਿੰਘ ਦੇ ਅਸਤੀਫੇ ਦਾ ਹਵਾਲਾ
“ਜਿਵੇਂ ਕਿ 3 ਨਵੰਬਰ, 2024 ਦੇ ਐਤਵਾਰ ਦੇ ਦੀਵਾਨ ਦੌਰਾਨ ਸਾਂਝਾ ਕੀਤਾ ਗਿਆ ਸੀ, ਭਾਈ ਸੰਦੀਪ ਸਿੰਘ ਨੇ ਸਾਡੇ ਨਾਲ ਆਪਣੀ ਨੌਕਰੀ ਪੂਰੀ ਕਰ ਲਈ ਹੈ ਅਤੇ ਹੁਣ ਉਹ ਗੁਰਦੁਆਰੇ ਵਿੱਚ ਅਰਦਾਸ ਨਹੀਂ ਕਰਨਗੇ। ਉਹਨਾਂ ਨੇ 25 ਮਈ 2024 ਨੂੰ, ਘਰ ਤੋਂ ਬਾਹਰ ਰਹਿਣ ਅਤੇ ਵਾਤਾਵਰਣ ਅਨੁਕੂਲ ਨਾ ਹੋਣ ਵਿੱਚ ਮਾਨਸਿਕ ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ ਐੱਸ. ਆਰ. ਐੱਸ. ਬੋਰਡ ਆਫ ਟਰੱਸਟੀਜ਼ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਇਸ ਦੇ ਜਵਾਬ ਵਿੱਚ ਬੋਰਡ ਨੇ ਉਨ੍ਹਾਂ ਦੀਆਂ ਚਿੰਤਾਵਾਂ ਅਤੇ ਤਰਕ ਨੂੰ ਸਮਝਣ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਅਤੇ ਉਹਨਾਂ ਦੀ ਰੋਜਗਾਰ ਸਮਾਂ-ਸੀਮਾ ਉਹਨਾਂ ਦੀ ਮੰਗ ਅਨੁਸਾਰ (ਕਈ ਵਾਰ 16 ਜੂਨ 2024, 31 ਅਕਤੂਬਰ 2024, ਆਖਰ 3 ਨਵੰਬਰ 2024 ਤੱਕ) ਵਧਾਈ। ਬੋਰਡ ਨੇ ਉਹਨਾਂ ਦੇ ਰੋਜਗਾਰ ਦੀ ਮਿਆਦ ਦੌਰਾਨ ਉਨ੍ਹਾਂ ਦੀਆਂ ਡਿਊਟੀਆਂ ਪ੍ਰਤੀ ਸਾਰੀਆਂ ਬੇਨਤੀਆਂ ਅਨੁਸਾਰ ਤਬਦੀਲੀਆਂ ਵੀ ਕੀਤੀਆਂ। ਇਨ੍ਹਾਂ ਯਤਨਾਂ ਦੇ ਬਾਵਜੂਦ, ਉਨ੍ਹਾਂ ਨੇ 3 ਨਵੰਬਰ, 2024 ਦੇ ਐਤਵਾਰ ਦੀਵਾਨ ਨੂੰ ਆਸਾ ਕੀ ਵਾਰ ਦੇ ਅੰਤ ਵਿੱਚ ਉਹ ਜਿਵੇਂ ਚਾਹੁੰਦੇ ਸੀ, ਉਸ ਤਰ੍ਹਾਂ ਦੇ ਬਚਨਾਂ ਨਾਲ ਹੀ ਆਪਣੇ ਕਾਰਜ ਕਾਲ ਦੀ ਸਮਾਪਤੀ ਕੀਤੀ। ਅਸੀਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।”