ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ‘ਗੁਰੂ ਗ੍ਰੰਥ ਸਾਹਿਬ ਵੱਲ ਵਾਪਸੀ’ ਵਿਸ਼ੇ `ਤੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਗੁਰਦੁਆਰਾ ਵ੍ਹੀਟਨ ਵਿਖੇ ਕਰਵਾਈ ਗਈ, ਜਿਸ ਵਿੱਚ ਇਸ ਗੱਲ `ਤੇ ਜ਼ੋਰ ਦਿੱਤਾ ਗਿਆ ਕਿ ਅਜਿਹੇ ਸੈਮੀਨਾਰ ਕਰਨ ਦੀ ਲੋੜ ਇਸ ਲਈ ਪੈ ਗਈ ਹੈ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੁੰਦੇ ਜਾ ਰਹੇ ਹਾਂ; ਜਦਕਿ ਗੁਰੂ ਕਾਲ ਵਿੱਚ ਹਰ ਗੁਰੂ ਨੇ ਬਾਣੀ ਨੂੰ ਵਿਸ਼ੇਸ਼ ਥਾਂ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਸਰਬਉਚਤਾ ਨੂੰ ਬਿਪਰ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਚੁਣੌਤੀਆਂ ਹਨ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਉਲਟ ਜਾ ਕੇ ਵੱਖ-ਵੱਖ ਗ੍ਰੰਥਾਂ ਦੀ ਸਥਾਪਤੀ, ਦੇਹਧਾਰੀ ਗੁਰੂਡੰਮ, ਪਾਖੰਡੀ ਬਾਬੇ, ਆਦਿ। ਕਾਨਫਰੰਸ ਵਿੱਚ ਕਿਹਾ ਗਿਆ ਕਿ ਸਿੱਖ ਪ੍ਰਚਾਰਕਾਂ ਵੱਲੋਂ ਵੀ ਸਿੱਖੀ ਦੇ ਵਿਹੜੇ ਅਨਮਤੀ ਗ੍ਰੰਥਾਂ ਦੀਆਂ ਮਿਸਾਲਾਂ ਦੇ ਦੇ ਕੇ ਪ੍ਰਚਾਰਿਆ ਜਾ ਰਿਹਾ ਹੈ, ਜਿਸ ਨਾਲ ਸੰਗਤ ਗੁੰਮਰਾਹ ਹੋ ਰਹੀ ਹੈ। ਬੁਲਾਰਿਆਂ ਨੇ ਗੁਰਬਾਣੀ ਆਪ ਪੜ੍ਹਨ ਦੇ ਯਤਨਾਂ ਉਤੇ ਜ਼ੋਰ ਦਿੱਤਾ, ਤਾਂ ਜੋ ਅਸੀਂ ਅਨਮਤ ਦਾ ਤਿਆਗ ਕਰ ਕੇ ਗੁਰਮਤਿ ਨੂੰ ਜ਼ਿੰਦਗੀ ਦਾ ਆਧਾਰ ਬਣਾ ਸਕੀਏ।
ਇਸ ਕਾਨਫਰੰਸ ਦੇ ਸੰਦਰਭ ਵਿੱਚ ਮੁੱਖ ਮਤਾ ਪੜ੍ਹਿਆ ਗਿਆ, ਜਿਸ ਤਹਿਤ ਵਿਚਾਰੇ ਗਏ ਸੰਕਲਪਾਂ ਨੂੰ ਭਾਈਚਾਰੇ ਵਿੱਚ ਲਾਗੂ ਕਰਨ ਦਾ ਸੱਦਾ ਦਿੱਤਾ ਗਿਆ। ਗੁਰੂ ਗ੍ਰੰਥ ਸਾਹਿਬ ਦੇ ਅਭਿਆਸ ਅਤੇ ਇੱਕ ਧੁਰੇ ਵਿੱਚ ਰਹਿ ਕੇ ਭਾਈਚਾਰੇ ਵਿੱਚ ਵੰਡੀਆਂ ਪਾਉਣ ਵਾਲੀਆਂ ਕਾਰਵਾਈਆਂ ਨੂੰ ਰੱਦ ਕੀਤਾ ਗਿਆ। ਮੂਲ ਨਾਨਕਸ਼ਾਹੀ ਕੈਲੰਡਰ ਅਪਨਾਉਣ ਅਤੇ ਸਿੱਖ ਧਰਮ ਤੇ ਦੂਜੇ ਧਰਮਾਂ ਦਰਮਿਆਨ ਬਹਿਸ-ਮੁਬਾਹਿਸਾ ਬੰਦ ਕਰਨ; ਇੱਕ ਮੰਚ `ਤੇ ਇਕੱਤਰ ਹੋ ਕੇ ਸਿੱਖ ਪੰਥ ਵਿੱਚ ਪੈਦਾ ਹੋ ਗਈਆਂ ਵੱਖ-ਵੱਖ ਰੀਤਾਂ ਰੱਦ ਕਰਨ ਦੀ ਗੁਹਾਰ ਲਾਈ ਗਈ ਅਤੇ ਕਿਹਾ ਗਿਆ ਕਿ ਕਾਨਫਰੰਸ ਵਿੱਚ ਵਿਚਾਰੇ ਗਏ ਵਿਸ਼ੇ ਅਤੇ ਪਾਸ ਕੀਤੇ ਗਏ ਮਤੇ ਗੁਰੂ ਗ੍ਰੰਥ ਸਾਹਿਬ ਦੀਆਂ ਮੂਲ ਕਦਰਾਂ-ਕੀਮਤਾਂ ਨੂੰ ਸੰਭਾਲਣ ਦੇ ਸਮੂਹਕ ਸੰਕਲਪ ਨੂੰ ਦੁਹਰਾਉਂਦੇ ਹਨ।
ਬੁਲਾਰਿਆਂ ਨੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਇਸ ਵਿਚਾਰ-ਚਰਚਾ ਦਾ ਮੁੱਖ ਤੌਰ `ਤੇ ਮਕਸਦ ਕੱਚੀ ਬਾਣੀ ਵੱਲ ਨੂੰ ਪ੍ਰਭਾਵਿਤ ਹੋ ਰਹੀ ਸੰਗਤ ਨੂੰ ਪੱਕੀ ਬਾਣੀ ਯਾਨਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਭਾਵ ਕਬੂਲਣ ਉਤੇ ਜ਼ੋਰ ਦੇਣਾ ਹੈ। ਕੱਚੀਆਂ ਰਚਨਾਵਾਂ ਸਿੱਖ ਸਮਾਜ ਅੰਦਰ ਇੱਕ ਸਾਜ਼ਿਸ਼ ਤਹਿਤ ਰਮਾਅ ਦਿੱਤੀਆਂ ਗਈਆਂ ਹਨ ਅਤੇ ਇਹ ਵਰਤਾਰਾ ਪਿਛਲੇ ਲੰਮੇ ਸਮੇਂ ਤੋਂ ਨਿਰੰਤਰ ਵਾਪਰ ਰਿਹਾ ਹੈ। ਗੁਰੂ ਨਾਨਕ ਸਾਹਿਬ ਦੇ ਸਮੇਂ ਦੀਆਂ ਜੋਗ ਮੰਤ ਨਾਲ ਸਬੰਧਤ ਰਚਨਾਵਾਂ ਵੀ ਗੁਰੂ ਸਾਹਿਬ ਦੇ ਨਾਂ ਹੇਠ ਦਰਜ ਕਰਕੇ ਸਿੱਖ ਪੰਥ ਵਿੱਚ ਪ੍ਰਚਾਰੀਆਂ ਗਈਆਂ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਬਿਪਰ ਦੇ ਪ੍ਰਬੰਧ ਨੂੰ ਜੜ੍ਹਾਂ ਤੋਂ ਹਿਲਾ ਦਿੱਤਾ ਸੀ, ਇਸ ਕਰ ਕੇ ਬਿਪਰ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਸਾਜਿਸ਼ਾਂ ਤਹਿਤ ਸਿੱਖੀ ਨੂੰ ਆਪਣੇ ਅੰਦਰ ਅਭੇਦ ਕਰਨ ਦੀਆਂ ਚਾਲਾਂ ਚੱਲੀਆਂ ਗਈਆਂ। ਇਸੇ ਤਹਿਤ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿੱਤਰ ਨਾਟਕ ਰੂਪੀ ਇੱਕ ਹੋਰ ਗ੍ਰੰਥ ਖੜ੍ਹਾ ਕਰ ਕੇ ‘ਸ਼ਬਦ ਗੁਰੂ’ ਨੂੰ ਵੰਗਾਰ ਪਾਈ ਗਈ ਹੈ। ਗੁਰੂ ਕਾਲ ਤੋਂ ਚੱਲਦੀਆਂ ਆਈਆਂ ਕੱਚੀਆਂ ਰਚਨਾਵਾਂ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਢਾਹ ਲਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਇਸੇ ਪ੍ਰਤੀ ਸੰਗਤ ਨੂੰ ਸੁਚੇਤ ਕਰਨ ਲਈ ਗੁਰੂ ਗ੍ਰੰਥ ਸਾਹਿਬ ਵੱਲ ਵਾਪਸੀ ਦੇ ਸੰਦਰਭ ਵਿੱਚ ਇਹ ਕਾਨਫਰੰਸ ਰੱਖੀ ਗਈ। ਇਹ ਪ੍ਰਣ ਲਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਰਹਿਬਰ ਹੈ ਅਤੇ ਅਸੀਂ ਇਸ ਤੋਂ ਬਾਹਰ ਨਹੀਂ ਜਾਣਾ।
ਗੁਰਮਤਿ ਟੀ.ਵੀ. ਦੇ ਹੋਸਟ ਸੁਖਦੇਵ ਸਿੰਘ ਨੇ ‘ਗੁਰਮਤਿ ਅਤੇ ਸਿੱਖ ਰਹਿਤ ਮਰਿਆਦਾ’ ਉਤੇ ਬੋਲਦਿਆਂ ਕਿਹਾ ਕਿ ਜਦੋਂ ਸਿੱਖਾਂ ਦਾ ਗੁਰੂ ਇੱਕ (ਗ੍ਰੰਥ ਸਾਹਿਬ) ਹੈ, ਬਾਣੀ ਇੱਕ ਹੈ ਅਤੇ ਉਸ ਗੁਰੂ ਦਾ ਉਪਦੇਸ਼ ਇੱਕ ਹੈ ਤਾਂ ਕੌਮ ਵਿੱਚ ਵਖਰੇਵੇਂ ਕਿਉਂ? ਉਨ੍ਹਾਂ ਗੁਰਬਾਣੀ ਦੀਆਂ ਕੁਝ ਤੁਕਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਜੇ ਸੰਸਾਰ ਉਤੇ ਸਰਬਸਾਂਝੀਵਾਲਤਾ ਦਾ ਉਪਦੇਸ਼ ਦੇਣਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਉਤੇ ਕੋਈ ਮਿਸਾਲ ਨਹੀਂ। ਪਰ ਉਨ੍ਹਾਂ ਨਾਲ ਹੀ ਕਿਹਾ ਕਿ ਗੁਰੂਆਂ ਦੀ ਬਾਣੀ ਹੁਣ ਗੁਰਦੁਆਰਿਆਂ ਦੀ ਚਾਰ-ਦੀਵਾਰੀ ਅੰਦਰ ਹੀ ਰਹਿ ਗਈ ਹੈ, ਤੇ ਗੁਰਦੁਆਰਿਆਂ ਵਿੱਚ ਲਾਗੂ ਵੀ ਨਹੀਂ। ਕਿਉਂਕਿ ਜਿਨ੍ਹਾਂ ਨੇ ਇਸ ਨੂੰ ਧੰਦਾ ਬਣਾ ਲਿਆ, ਉਨ੍ਹਾਂ ਨੇ ਇਸ ਨੂੰ ਉਪਦੇਸ਼ ਦੇ ਪੱਖ ਤੋਂ ਪੇਸ਼ ਨਹੀਂ ਕੀਤਾ, ਬਲਕਿ ਆਪਣੀਆਂ ਨਿੱਜੀ ਲੋੜਾਂ ਦੀ ਪੂਰਤੀ ਲਈ ਇਸ ਦੀ ਵਰਤੋ ਕੀਤੀ। ਉਨ੍ਹਾਂ ਕਿਹਾ ਕਿ ਜਿਸ ਬਾਣੀ ਨੇ ਸਾਰੇ ਸੰਸਾਰ ਨੂੰ ਸੁਖੀ ਕਰਨਾ ਸੀ, ਉਸ ਦੇ ਸਿੱਖ ਹੀ ਸੁਖੀ ਨਹੀਂ ਹੋ ਸਕੇ, ਕਿਉਂਕਿ ਅਸੀਂ ਵਿਕਾਰਾਂ, ਹਊਮੈ ਤੋਂ ਛੁਟਕਾਰਾ ਨਹੀਂ ਪਾ ਸਕੇ। ਸਾਡੇ ਕੋਲ ਗੁਰੂ ਦੇ ਗਿਆਨ ਦਾ ਖਜ਼ਾਨਾ ਹੁੰਦਿਆਂ ਵੀ ਅਸੀਂ ਸੱਖਣੇ ਇਸ ਲਈ ਹਾਂ, ਕਿਉਂਕਿ ਅਸੀਂ ਆਪ ਬਾਣੀ ਪੜ੍ਹਨ ਨੂੰ ਤਵੱਜੋ ਨਹੀਂ ਦੇ ਰਹੇ।
ਸੁਖਦੇਵ ਸਿੰਘ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਸਕੱਤਰ ਜਸਪਾਲ ਸਿੰਘ ਨੇ ਗੁਰਦੁਆਰਾ ਵ੍ਹੀਟਨ ਦੀ ਪ੍ਰਬੰਧਕ ਕਮੇਟੀ ਨੂੰ ਫੋਨ ਕਰ ਕੇ ਧਮਕੀ ਵੀ ਦਿੱਤੀ ਸੀ ਕਿ ਜੇ ਤੁਸੀਂ ਇਹ ਸਮਾਗਮ ਕਰਵਾਇਆ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਇਸ ਸਬੰਧੀ ਫੋਨ ਕਾਲ ਦੀ ਰਿਕਾਰਡਿੰਗ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਨੇ ਪ੍ਰਬੰਧਕ ਕਮੇਟੀ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਧਮਕੀ ਦੇ ਬਾਵਜੂਦ ਇਹ ਪ੍ਰੋਗਰਾਮ ਗੁਰੂ ਘਰ ਵਿਖੇ ਕਰਵਾਉਣ ਤੋਂ ਪੈਰ ਪਿੱਛੇ ਨਹੀਂ ਖਿੱਚੇ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸਾਨੂੰ ਸੱਚ ਦੇ ਨਾਲ ਖੜ੍ਹਨਾ ਚਾਹੀਦਾ ਹੈ, ਨਹੀਂ ਤਾਂ ਕੰਧ `ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਸਾਰੇ ਪਾਸਿਆਂ ਤੋਂ ਘੇਰਾ ਪਿਆ ਹੋਇਆ ਹੈ; ਪਰ ਅਸੀਂ ਆਪਣੀ ਵਿਲੱਖਣਤਾ ਨੂੰ ਕਾਇਮ ਰੱਖਣ ਲਈ ਰਲਮਿਲ ਕੇ ਹੰਭਲਾ ਮਾਰੀਏ। ਇੱਕ ਦਿਨ ਪਹਿਲਾਂ ਸੈਮੀਨਾਰ ਦੌਰਾਨ ਵੀ ਉਨ੍ਹਾਂ ਨੇ ਵਿਚਾਰਾਂ ਦੀ ਸਾਂਝ ਪਾਈ।
ਗੁਰਮਤਿ ਟੀ.ਵੀ. ਦੇ ਹੋਸਟ ਜਗਮੋਹਨ ਸਿੰਘ ਨੇ ਆਪਣੀ ਤਕਰੀਰ ਵਿੱਚ ਗੁਰਬਾਣੀ ਸ਼ਬਦ ‘ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ’ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਸਾਡੇ ਮਨ ਵਿੱਚ ਇਹ ਚਾਅ ਪੈਦਾ ਹੋ ਗਿਆ ਕਿ ਅਸੀਂ ਗੁਰੂ ਰੂਪੀ ਸ਼ਬਦ ਦਾ ਅੰਮ੍ਰਿਤ ਪੀਣਾ ਹੈ, ਤਦ ਹੀ ਪਿਆਸ ਮਿਟਣੀ ਹੈ; ਨਹੀਂ ਤਾਂ ਗੁਰਦੁਆਰੇ ਆਉਣਾ, ਮੱਥਾ ਟੇਕਣਾ ਤੇ ਲੰਗਰ ਛਕਣਾ ਇੱਕ ਕਰਮਕਾਂਡ ਬਣ ਕੇ ਰਹਿ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰਮਤਿ ਟੀ.ਵੀ. ਉਤੇ ਅਸੀਂ ਹਰ ਉਸ ਵਿਸ਼ੇ ਨੂੰ ਛੋਹਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੇ ਵਿਸ਼ੇ ਆਮ ਤੌਰ `ਤੇ ਗੁਰਦੁਆਰਿਆਂ ਵਿੱਚ ਨਹੀਂ ਛੋਹੇ ਜਾਂਦੇ।
ਉਨ੍ਹਾਂ ਕਿਹਾ ਕਿ ਜਿਹੜੇ ਹਮਲੇ ਗੁਰੂ ਗ੍ਰੰਥ ਸਾਹਿਬ ਉਤੇ ਹੋ ਰਹੇ ਹਨ, ਸਾਡਾ ਮਕਸਦ ਉਸ ਪ੍ਰਤੀ ਸੰਗਤ ਨੂੰ ਸੁਚੇਤ ਕਰਨਾ ਹੈ। ਸੋਸ਼ਲ ਮੀਡੀਆ ਉਤੇ ਸਿੱਖ ਧਰਮ ਨਾਲ ਜੋੜ ਕੇ ਜੋ ਗੱਪ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ, ਉਨ੍ਹਾਂ ਦਾ ਜਵਾਬ ਗੁਰਬਾਣੀ ਦੇ ਪਰਿਪੇਖ ਵਿੱਚ ਦੇਣਾ ਹੀ ਸਾਡਾ ਮਕਸਦ ਹੈ। ਉਨ੍ਹਾਂ ‘ਸਿੱਖਾਂ ਦੇ ਭਖਦੇ ਮਸਲੇ’ ਟੀ.ਵੀ. ਸ਼ੋਅ ਦਾ ਜ਼ਿਕਰ ਵੀ ਕੀਤਾ। ਇਸ ਤੋਂ ਇਲਾਵਾ ਗੁਰਬਾਣੀ ਦੀ ਸੰਥਿਆ ਕਿ ਕਿਹੜਾ ਸ਼ਬਦ ਕਿਸ ਤਰ੍ਹਾਂ ਉਚਾਰਨਾ ਹੈ, ਬਾਰੇ ਵੀ ਦੱਸਿਆ ਜਾਂਦਾ ਹੈ। ਉਨ੍ਹਾਂ ਦਾ ਮੁੱਖ ਮਕਸਦ ਸੰਗਤ ਨੂੰ ਗੁਰਮਤਿ ਦੇ ਉਲਟ ਵਿਕਸਿਤ ਹੋ ਰਹੇ ਕਰਮਕਾਂਡਾਂ ਦੇ ਜਵਾਬ ਵਿੱਚ ਗੁਰਬਾਣੀ ਦੇ ਆਧਾਰ `ਤੇ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਨਾ ਹੈ ਕਿ ਕਿਨ੍ਹਾਂ ਧਾਰਮਿਕ ਵੈਬਸਾਈਟਾਂ ਜਾਂ ਚੈਨਲਾਂ ਤੋਂ ਇਹ ਪ੍ਰਾਪਤ ਕੀਤੀ ਜਾ ਸਕਦੀ ਹੈ।
ਜਗਮੋਹਨ ਸਿੰਘ ਨੇ ਕਿਹਾ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹਾਂ ਤਾਂ ਇਹ ਅੰਦਰੋਂ ਮਜਬੂਤ ਕਰ ਦਿੰਦਾ ਹੈ। ਜੇ ਅਸੀਂ ਬਾਣੀ ਖੁਦ ਪੜ੍ਹੀਏ ਤਾਂ ਸਾਡੇ ਤੋਂ ਬਿਨਾ ਕੋਈ ਵਧੀਆ ਪ੍ਰਚਾਰਕ ਕਿਵੇਂ ਹੋ ਸਕਦਾ ਹੈ! ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਉਪਰਾਲਾ ਹੋਣਾ ਚਾਹੀਦਾ ਹੈ ਕਿ ਅਸੀਂ ਆਪ ਗੁਰਬਾਣੀ ਪੜ੍ਹ ਕੇ ਗਿਆਨਵਾਨ ਬਣੀਏ। ‘ਬਾਣੀ ਅਗਾਦ-ਬੋਧ ਹੈ’ ਆਖ ਕੇ ਸਾਨੂੰ ਡਰਾਇਆ ਜਾਂਦਾ ਹੈ, ਤਾਂ ਜੋ ਅਸੀਂ ਆਪਣੇ ਸ਼ਬਦ ਗੁਰੂ ਤੋਂ ਦੂਰ ਹੋ ਜਾਈਏ।
ਇਸ ਮੌਕੇ ਵਰਿੰਦਰ ਸਿੰਘ ਮਾਨ ਨੇ ‘ਕੱਤਕ ਕਿ ਵੈਸਾਖ’ ਵਿਸ਼ੇ `ਤੇ ਤਕਰੀਰ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਵਿਚਾਰਵਾਨ ਬਣਾਇਆ, ਪਰ ਅਸੀਂ ਇਸ ਤੋਂ ਦੂਰ ਚਲੇ ਗਏ ਹਾਂ। ਹਾਲਾਤ ਇਹ ਹਨ ਕਿ ਸਾਡੀ ਕੌਮ ਪੜ੍ਹਦੀ ਘੱਟ ਹੈ ਤੇ ਸੁਣੀ-ਸੁਣਾਈ ਗੱਲ ਉਤੇ ਵਿਸ਼ਵਾਸ ਕਰ ਲੈਂਦੀ ਹੈ। ਉਨ੍ਹਾਂ ਸਮੇਂ ਸਮੇਂ ਰਹੇ ਅਕਾਲ ਤਖਤ ਦੇ ਕੁਝ ਜਥੇਦਾਰਾਂ ਵੱਲੋਂ ਮਨਮਰਜੀ ਦੇ ਹੁਕਮਨਾਮੇ ਜਾਰੀ ਕਰਨ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਮੌਜੂਦਾ ਜਥੇਦਾਰੀ ਦਾ ਸਿਸਟਮ 1925 ਦਾ ਬਣਿਆ ਹੋਇਆ ਹੈ, ਉਸ ਤੋਂ ਪਹਿਲਾਂ ਨਹੀਂ ਸੀ।
ਇਸ ਮੌਕੇ ਉਨ੍ਹਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਨਵੰਬਰ ਵਿੱਚ ਮਨਾਏ ਜਾਣ `ਤੇ ਵੀ ਵਿਚਾਰ ਕੀਤੀ ਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ `ਤੇ ਦਰਜ ਜਾਣਕਾਰੀ ਸਮੇਤ ਸਾਰੇ ਮੰਨ ਚੁੱਕੇ ਹਨ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਇੱਕ ਵੈਸਾਖ ਦਾ ਹੈ, ਫਿਰ ਕੱਤਕ ਦੀ ਪੂਰਨਮਾਸ਼ੀ ਨੂੰ ਕਿਉਂ ਮਨਾਇਆ ਜਾਂਦਾ ਹੈ? ਉਨ੍ਹਾਂ 19 ਪੁਰਾਤਨ ਜਨਮ ਸਾਖੀਆਂ ਦੇ ਹਵਾਲੇ ਨਾਲ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਨਾਨਕ ਦੇਵ ਦੀ ਜਨਮ ਮਿਤੀ ਇੱਕ ਵੈਸਾਖ ਬਣਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਖੰਡੇ ਦੀ ਪਹੁਲ ਦੇਣ ਲਈ ਪਹਿਲੀ ਵੈਸਾਖ 1699 ਦਾ ਦਿਨ ਹੀ ਚੁਣਿਆ ਸੀ, ਕਿਉਂਕਿ ਉਹ ਦਿਨ ਹੀ ਸਿੱਖੀ ਦੇ ਜਨਮ ਦਿਨ ਦਾ ਦਿਨ ਸੀ। ਉਨ੍ਹਾਂ ਦੱਸਿਆ ਕਿ 1912 ਵਿੱਚ ਕਰਮ ਸਿੰਘ ਹਿਸਟੋਰੀਅਨ ਨੇ ਕਿਤਾਬ ਲਿਖੀ ਸੀ, ‘ਕੱਤਕ ਕਿ ਵੈਸਾਖ।’ ਉਸ ਤੋਂ ਪਹਿਲਾਂ ਪ੍ਰੋ. ਗੁਰਮੁਖ ਸਿੰਘ ਨੇ ਵੀ ਲੇਖ ਲਿਖਿਆ ਸੀ। ਉਨ੍ਹਾਂ ਇਤਿਹਾਸ ਵਿੱਚੋਂ ਹਵਾਲਾ ਦਿੱਤਾ ਕਿ 1815 ਵਿੱਚ ਸੰਤ ਸਿੰਘ ਨਾਂ ਦਾ ਪੁਜਾਰੀ ਸੀ ਦਰਬਾਰ ਸਾਹਿਬ ਵਿੱਚ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਕਰੀਬ 1921 ਤੱਕ ਗੁਰਦੁਆਰਿਆਂ ਉਤੇ ਨਿਰਮਲਿਆਂ ਤੇ ਉਦਾਸੀਆਂ ਦਾ ਕਬਜਾ ਰਿਹਾ। ਪੁਜਾਰੀ ਸੰਤ ਸਿੰਘ ਦੇ ਸਮੇਂ ਤੋਂ ਕੱਤਕ ਵਿੱਚ ਲੱਗਦੇ ਮੇਲੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਉਣਾ ਸ਼ੁਰੂ ਹੋਇਆ। ਇੱਕ ਦਿਨ ਪਹਿਲਾਂ ਸੈਮੀਨਾਰ ਦੌਰਾਨ ਉਨ੍ਹਾਂ ਸਲਾਈਡ ਸ਼ੋਅ ਰਾਹੀਂ ‘ਕੱਤਕ ਕਿ ਵੈਸਾਖ’ ਸਬੰਧੀ ਜਾਣਕਾਰੀ ਵੀ ਮੁਹੱਈਆ ਕੀਤੀ ਸੀ।
ਲੇਖਕ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਨਾਨਕਸ਼ਾਹੀ ਕੈਲੰਡਰ ਸਬੰਧੀ ਬੋਲਦਿਆਂ ਕਿਹਾ ਕਿ ਪਿਛਲੇ ਢਾਈ ਕੁ ਦਹਾਕੇ ਤੋਂ ਸਿੱਖ ਪੰਥ ਵਿੱਚ ਕੈਲੰਡਰ ਦੀ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਵਿਸ਼ਾ ਕਿਸੇ ਜਿੱਤ-ਹਾਰ ਦਾ ਨਹੀਂ ਹੈ, ਸਗੋਂ ਸਮਝਣ ਤੇ ਸਮਝਾਉਣ ਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਅਸੀਂ ਕੈਲੰਡਰ ਦੋ ਹਜ਼ਾਰ ਸਾਲ ਤੋਂ ਵਰਤ ਰਹੇ ਹਾਂ, ਉਹ ਬਿਕਰਮੀ ਹੈ। ਕੁਦਰਤ ਦੇ ਨਿਯਮ ਦੇ ਮੁਤਾਬਕ ਸਾਲ ਉਸ ਸਮੇਂ ਨੂੰ ਕਹਿੰਦੇ ਹਾਂ, ਜਿੰਨੇ ਸਮੇਂ `ਚ ਧਰਤੀ ਸੂਰਜ ਦੇ ਦੁਆਲੇ ਇੱਕ ਚੱਕਰ ਲਾਉਂਦੀ ਹੈ। ਗੁਰੂ ਨਾਨਕ ਬਾਣੀ ਵਿੱਚ ਰੁੱਤਾਂ ਦਾ ਜ਼ਿਕਰ ਆਉਂਦਾ ਹੈ। ਸੂਰਜੀ ਸਿਧਾਂਤ ਮੁਤਾਬਕ ਗੁਰੂ ਨਾਨਕ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਚੌਵੀ-ਚੌਵੀ ਮਿੰਟਾਂ ਦੇ ਹਿਸਾਬ ਨਾਲ 9 ਦਿਨਾਂ ਦਾ ਫਰਕ ਪੈ ਚੁਕਾ ਹੈ। ਉਨ੍ਹਾਂ ਵੱਖ-ਵੱਖ ਕੈਲੰਡਰਾਂ ਦਾ ਵੀ ਹਵਾਲਾ ਦਿੱਤਾ ਅਤੇ ਕਿਹਾ ਕਿ ਅਸੀਂ ਆਪਣੇ ਕੈਲੰਡਰ ਲਈ ਇੱਕੀਵੀਂ ਸਦੀ ਵਿੱਚ ਵੀ ਲੜ ਰਹੇ ਹਾਂ! ਇਹ ਪ੍ਰਚਾਰਿਆ ਜਾਂਦਾ ਰਿਹਾ ਹੈ ਕਿ ਪਾਲ ਸਿੰਘ ਪੁਰੇਵਾਲ ਨੇ ਕੈਲੰਡਰ ਦੇ ਮਾਮਲੇ ਵਿੱਚ ‘ਸਿਆਪਾ ਪਾ ਦਿੱਤਾ’ ਹੈ।
ਸਰਬਜੀਤ ਸਿੰਘ ਨੇ ‘ਪੁੰਨਿਆ-ਮੱਸਿਆ’ ਬਾਰੇ ਵੀ ਵਿਚਾਰ ਰੱਖੇ। ਉਨ੍ਹਾਂ ‘ਸੰਕਰਾਂਤ/ਸੰਗਰਾਂਦ’ ਸ਼ਬਦ ਦੇ ਜ਼ਿਕਰ ਨਾਲ ਇਨ੍ਹਾਂ ਦੇ ਮਨਾਏ ਜਾਣ ਦਾ ਵੀ ਹਵਾਲਾ ਦਿੱਤਾ ਤੇ ਕਿਹਾ ਕਿ ਸੂਰਜ ਦਾ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਨਾ ਹੀ ਸੰਕਰਾਂਤ ਹੈ- ਭਾਵ ਬਾਰਾਂ ਰਾਸ਼ੀਆਂ ਤੇ ਬਾਰਾਂ ਮਹੀਨੇ। ਉਨ੍ਹਾਂ ਕਿਹਾ ਕਿ ਇਹ ਥਿਊਰੀ ਉਦੋਂ ਦੀ ਬਣੀ ਹੋਈ ਹੈ, ਜਦੋਂ ਸੂਰਜ ਧਰਤੀ ਦੇ ਦੁਆਲੇ ਘੁੰਮਦਾ ਸੀ; ਪਰ ਕਰੀਬ ਪੰਜ ਸੌ ਸਾਲ ਹੋ ਗਏ ਹਨ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਨੂੰ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿੱਚ ‘ਬਾਰਹ ਮਾਹਾ’ ਰਾਹੀਂ ਗੁਰਮਤਿ ਦਾ ਉਪਦੇਸ਼ ਦਿੱਤਾ ਗਿਆ ਹੈ। ਆਪਣੀ ਤਕਰੀਰ ਉਨ੍ਹਾਂ ਇਹ ਆਖ ਕੇ ਸਮਾਪਤ ਕੀਤੀ ਕਿ ਜ਼ਰੂਰੀ ਨਹੀਂ ਕਿ ਤੁਸੀਂ ਸਾਡੇ ਵਿਚਾਰਾਂ ਨਾਲ ਸਹਿਮਤ ਹੋਵੋ, ਪਰ ਇਨ੍ਹਾਂ ਬਾਰੇ ਸੋਚੋ ਜ਼ਰੂਰ! ਸੈਮੀਨਾਰ ਦੌਰਾਨ ਉਨ੍ਹਾਂ ਸਲਾਈਡ ਸ਼ੋਅ ਰਾਹੀਂ ਵੱਖ-ਵੱਖ ਜੰਤਰੀਆਂ ਤੇ ਕੈਲੰਡਰਾਂ ਦਾ ਹਵਾਲਾ ਦਿੱਤਾ ਅਤੇ ਸਿੱਖ ਪੰਥ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰਾਂ ਦੇ ਪੁਰਬ ਤੇ ਇਹਿਤਾਸਕ ਦਿਹਾੜੇ ਮਨਾਏ ਜਾਣ ਦੀ ਅਪੀਲ ਕੀਤੀ।
ਸਰੀ/ਵੈਨਕੂਵਰ ਤੋਂ ਆਏ ਸਾਂਝਾ ਟੀ.ਵੀ. ਦੇ ਹੋਸਟ ਕੁਲਦੀਪ ਸਿੰਘ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ‘ਵਾਹੁ ਵਾਹੁ ਬਾਣੀ ਨਿਰੰਕਾਰ ਹੈ…’ ਤੇ ਜੇ ਨਿਰੰਕਾਰ ਦੀ ਗੋਦ ਵਿੱਚ ਬੈਠ ਕੇ ਵੀ ਸਾਡੇ ਮਨਾਂ ਵਿੱਚ ਸ਼ੰਕੇ ਹਨ, ਜੇ ਅਸੀਂ ਆਪਣੇ ਮਸਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੀ ਹੱਲ ਨਹੀਂ ਕਰ ਪਾ ਰਹੇ; ਤਾਂ ਉਸ ਦਾ ਜ਼ਿੰਮੇਵਾਰ ਕੌਣ ਹੈ? ‘ਭਾਈ ਬਾਲੇ ਦੀ ਸਾਖੀ’ ਨੂੰ ਮੂਲੋਂ ਹੀ ਨਕਾਰਦਿਆਂ ਤੇ ਸਿੱਖ ਇਤਿਹਾਸ ਵਿੱਚ ਬੜਾ ਕੁਝ ਸ਼ਾਮਲ ਕਰ ਦਿੱਤੇ ਜਾਣ ਉਤੇ ਵੀ ਉਨ੍ਹਾਂ ਵਿਚਾਰ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਕੁਝ ਇਤਿਹਾਸਕਾਰਾਂ ਨੇ ਇਤਿਹਾਸ ਵਿਗਾੜ ਕੇ ਗੁਰੂ ਗੋਬਿੰਦ ਸਿੰਘ ਦੀਆਂ ਤਿੰਨ ਪਤਨੀਆਂ ਦਿਖਾ ਦਿੱਤੀਆਂ। ਪੰਜ ਪਿਆਰਿਆਂ, ਸਾਹਿਬਜ਼ਾਦਿਆਂ ਅਤੇ ਭਾਈ ਮਨੀ ਸਿੰਘ ਤੇ ਭਾਈ ਸਤੀ ਸਿੰਘ ਜਿਹੇ ਪੁਰਸ਼ਾਂ ਦੀ ਥਾਂ ਅੱਜ ਦੇ ਇਤਿਹਾਸਕਾਰਾਂ/ਵਿਦਵਾਨਾਂ ਨੇ ਵਿਕਾਰਾਂ ਵਿੱਚ ਫਸੇ ਪਾਖੰਡੀ ਸਾਧਾਂ/ਸੰਤਾਂ ਨੂੰ ‘ਬ੍ਰਹਮਗਿਆਨੀ’ ਦਾ ਲਕਬ ਦੇ ਦਿੱਤਾ ਹੈ। ਉਨ੍ਹਾਂ ‘ਅੱਜ ਦੇ ਬਾਬਿਆਂ’ ਤੋਂ ਸੁਚੇਤ ਰਹਿਣ ਅਤੇ ‘ਠੇਕੇ `ਤੇ ਪਾਠ’ ਕਰਾਉਣ ਨਾਲੋਂ ਆਪ ਪਾਠ ਕਰਨ ਦੀ ਅਪੀਲ ਕੀਤੀ। ਉਨ੍ਹਾਂ ਗੁਰਬਾਣੀ ਦਾ ਤੱਥ/ਸੱਚ ਸਮਝ ਲਈ ‘ਖਾਲਸਾ ਲਾਇਬਰੇਰੀ’ ਬਾਰੇ ਵੀ ਜਾਣਕਾਰੀ ਦਿੱਤੀ।
ਕੁਲਦੀਪ ਸਿੰਘ ਨੇ ਕਿਹਾ ਕਿ ਅਕਾਲ ਤਖਤ ਵੱਲੋਂ ਗਲਤ ਸਬੂਤਾਂ/ਤੱਥਾਂ ਦੇ ਆਧਾਰ `ਤੇ ਰਾਗੀ ਭਾਈ ਦਰਸ਼ਨ ਸਿੰਘ ਖਾਲਸਾ ਨੂੰ ਪੰਥ ਵਿੱਚੋਂ ਛੇਕਿਆ ਗਿਆ ਹੈ, ਪਰ ਅਕਾਲ ਤਖਤ ਦੇ ਜਥੇਦਾਰ ਪੰਥ ਵਿੱਚ ਗੁਰਮੀਤ ਰਾਮ ਰਹੀਮ ਵਰਗਿਆਂ ਨੂੰ ਵਾੜ ਰਹੇ ਹਨ, ਜਿਸ ਉਤੇ ਬਲਾਤਕਾਰ ਤੇ ਹੋਰ ਕਈ ਮੁਕੱਦਮੇ ਚੱਲ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਇਹ ਕਿਸ ਤਰ੍ਹਾਂ ਦੀ ਸਿੱਖੀ ਹੋਈ? ਉਨ੍ਹਾਂ ਕਿਹਾ ਕਿ ਕਾਨਫਰੰਸ ਦੇ ਸਾਰੇ ਬੁਲਾਰੇ ਕੋਈ ਵੱਡੇ ਵਿਦਵਾਨ ਨਹੀਂ, ਪਰ ਉਹ ਆਪਣੇ ਗੁਰਮਤਿ ਵਿਚਾਰ ਸੰਗਤ ਨਾਲ ਇਸ ਲਈ ਸਾਂਝੇ ਕਰਨ ਆਏ ਹਨ, ਕਿਉਂਕਿ ਪੰਥ ਨਾਲ ਪਿਆਰ ਹੈ। ਉਨ੍ਹਾਂ ਦੱਸਿਆ ਕਿ ਸੱਤ ਚੈਨਲਾਂ ਉਤੇ ਇਸ ਕਾਨਫਰੰਸ ਦਾ ਸਿੱਧਾ ਪ੍ਰਸਾਰਣ ਹੋਇਆ ਹੈ।
ਸੈਮੀਨਾਰ ਦੌਰਾਨ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਵੀਡੀਓ ਕਾਨਫਰੰਸ ਰਾਹੀਂ ਆਪਣੀ ਤਕਰੀਰ ਕੀਤੀ ਅਤੇ ਪੰਥ ਵਿੱਚ ਪੈਦਾ ਹੋ ਗਏ ਵਿਗਾੜਾਂ ਉਤੇ ਕਰਾਰੀ ਤਨਜ ਕੱਸੀ। ਇਸ ਤੋਂ ਪਹਿਲਾਂ ਸਕਰੀਨ ਰਾਹੀਂ ਸਰਬਜੀਤ ਸਿੰਘ ਧੂੰਦਾ ਤੇ ਹੋਰ ਵਿਦਵਾਨਾਂ ਦੇ ਸੁਨੇਹਾ ਵੀ ਸੰਗਤ ਨਾਲ ਸਾਂਝੇ ਕੀਤੇ ਗਏ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਸਿਧਾਂਤ ਦਾ ਪ੍ਰਚਾਰ ਕਰਨ ਦੇ ਯਤਨਾਂ ਉਤੇ ਜ਼ੋਰ ਦਿੱਤਾ। ਇਸ ਕਾਨਫਰੰਸ ਦਾ ਪ੍ਰਬੰਧ ਡਾ. ਪਰਮਜੀਤ ਕੌਰ, ਡਾ. ਪਰਦੀਪ ਸਿੰਘ ਗਿੱਲ, ਅਮਰਦੇਵ ਸਿੰਘ ਬੰਦੇਸ਼ਾ, ਅਵਤਾਰ ਸਿੰਘ ਬਾਸੀ, ਅਮਰਜੀਤ ਸਿੰਘ (ਐਮ.ਬੀ.ਏ.), ਸਰਵਣ ਸਿੰਘ ਬੋਲੀਨਾ, ਪ੍ਰੀਤ ਮੋਹਨ ਸਿੰਘ, ਭਾਈ ਮਹਿੰਦਰ ਸਿੰਘ, ਡਾ. ਇੰਦਰਬੀਰ ਸਿੰਘ ਗਿੱਲ ਅਤੇ ਇਰਵਿਨਪ੍ਰੀਤ ਸਿੰਘ ਵੱਲੋਂ ਸਾਂਝੇ ਤੌਰ `ਤੇ ਕੀਤਾ ਗਿਆ ਸੀ।
*ਕਾਨਫਰੰਸ ਦੇ ਸਿੱਟੇ ਦੇ ਸੰਦਰਭ ਵਿੱਚ ਪੰਜ ਮਤੇ ਪਾਸ*
ਗੁਰਦੁਆਰਾ ਵ੍ਹੀਟਨ ਕਮੇਟੀ ਦੀ ਪ੍ਰਧਾਨ ਡਾ. ਪਰਮਜੀਤ ਕੌਰ ਨੇ ਕਿਹਾ ਕਿ ‘ਗੁਰੂ ਗ੍ਰੰਥ ਸਾਹਿਬ ਵੱਲ ਵਾਪਸੀ’ ਬਾਰੇ ਕਾਨਫਰੰਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਖੋਜ ਭਰਪੂਰ ਵਿਚਾਰ ਪੇਸ਼ ਕੀਤੇ ਹਨ। ਇਸ ਕਾਨਫਰੰਸ ਦੇ ਸਿੱਟੇ ਦੇ ਸੰਦਰਭ ਵਿੱਚ ਕੁਝ ਮਤੇ ਪਾਸ ਕਰਨ ਹਿੱਤ ਸੰਗਤ ਨੂੰ ਪੜ੍ਹ ਕੇ ਸੁਣਾਏ ਗਏ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ; ਮਤਾ ਪਹਿਲਾ: ਸੰਗਤ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਇੱਕੋ ਇੱਕ ਗ੍ਰੰਥ ਹਨ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਵੀ ਅਨਮਤੀ ਗ੍ਰੰਥ ਦੀ ਮੌਜੂਦਗੀ ਨੂੰ ਰੱਦ ਕੀਤਾ ਜਾਂਦਾ ਹੈ।
ਦੂਜਾ ਮਤਾ ਪੇਸ਼ ਕਰਦਿਆਂ ਭਾਈ ਮਹਿੰਦਰ ਸਿੰਘ ਨੇ ਕਿਹਾ ਕਿ ਕਾਨਫਰੰਸ ਵਿੱਚ ਜੋ ਵਿਚਾਰਾਂ ਹੋਈਆਂ ਹਨ ਅਤੇ ਉਨ੍ਹਾਂ ਵਿਚਾਰਾਂ ਦੇ ਅਨੁਕੂਲ ਹੀ ਸੰਗਤ ਦੀ ਸਹਿਮਤੀ ਨਾਲ ਮਤੇ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਤਿਆਂ ਵਿੱਚ ਅਜਿਹਾ ਕੁਝ ਨਹੀਂ ਜੋ ਗੁਰਮਤਿ ਦੇ ਉਲਟ ਹੋਵੇ। ਸੰਗਤ ਕਿਸੇ ਵੀ ਸੰਸਥਾ ਦੇ ਕਿਸੇ ਵੀ ਸਿੱਖ ਨੂੰ ਛੇਕਣ ਦੇ ਅਧਿਕਾਰ ਨੂੰ ਰੱਦ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਸਰਬਵਿਆਪੀ ਸਿਖਿਆਵਾਂ ਦੀ ਰੌਸ਼ਨੀ ਵਿੱਚ ਅਜਿਹੀਆਂ ਸੰਸਥਾਵਾਂ ਦੁਆਰਾ ਜਾਰੀ ਕੀਤੇ ਗਏ ਕਿਸੇ ਵੀ ਭੇਦਭਾਵ ਨੂੰ ਪ੍ਰਵਾਨ ਨਹੀਂ ਕਰਦੀ। ਇਹ ਮਤਾ ਸ. ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ, ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਖਾਲਸਾ, ਗਿਆਨੀ ਕੁਲਦੀਪ ਸਿੰਘ ਵਰਜੀਨੀਆ, ਪਵਿੰਦਰ ਸਿੰਘ ਆਨੰਦ ਦੇ ਛੇਕਣ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ; ਅਤੇ ਜਿਸ ਨੂੰ ਕਿਸੇ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਹੋਵੇ, ਨੂੰ ਸਿੱਖ ਭਾਈਚਾਰੇ ਦੇ ਪੂਰਨ ਹਿੱਸਾ ਹੋਣ ਵਜੋਂ ਮਾਨਤਾ ਦਿੰਦਾ ਹੈ।
ਤੀਜਾ ਮਤਾ ਪੜ੍ਹਨ ਤੋਂ ਪਹਿਲਾਂ ਪ੍ਰੋ. ਕੁਲਵੰਤ ਸਿੰਘ ਨੇ ਕਿਹਾ ਕਿ ਕੌਮਾਂ ਵਿਦਵਾਨਾਂ ਨੂੰ ਲੱਭਦੀਆਂ ਹਨ, ਪਰ ਸਾਡੀ ਤ੍ਰਾਸਦੀ ਇਹ ਹੈ ਕਿ ਅਸੀਂ ਉਨ੍ਹਾਂ ਨੂੰ ਪੰਥ ਵਿੱਚੋਂ ਛੇਕ ਦਿੰਦੇ ਹਾਂ। ਤੀਜਾ ਮਤਾ ਵਿਦਵਾਨਾਂ ਦੀਆਂ ਲਿਖਤਾਂ ਅਤੇ ਬੁਲਾਰਿਆਂ `ਤੇ ਲਾਈ ਪਾਬੰਦੀ ਨੂੰ ਰੱਦ ਕਰਦਾ ਹੈ। ਕਿਸੇ ਨੂੰ ਲਿਖਣ ਦੀ ਤੇ ਕਿਸੇ ਨੂੰ ਵਿਚਾਰ ਸਾਂਝੇ ਕਰਨ ਦੇਣ ਦੀ ਆਜ਼ਾਦੀ ਨਹੀਂ ਦੇਣੀ, ਔਰੰਗਜ਼ੇਬੀ ਰਾਜ ਜਿਹਾ ਹੈ। ਉਨ੍ਹਾਂ ਵਿਚਾਰਾਂ ਦੀ ਆਜ਼ਾਦੀ ਦੇ ਸਬੰਧ ਵਿੱਚ ਕੁਝ ਵਿਦਵਾਨਾਂ ਦੇ ਨਾਂ ਵੀ ਗਿਣਾਏ। ਪ੍ਰੋ. ਕੁਲਵੰਤ ਸਿੰਘ ਨੇ ਮਤੇ ਰਾਹੀਂ ਵਿਚਾਰਾਂ ਦੀ ਆਜ਼ਾਦੀ ਬਹਾਲ ਕਰਨ ਅਤੇ ਵਿਦਵਾਨਾਂ ਦੀਆਂ ਲਿਖਤਾਂ ਤੋਂ ਪਾਬੰਦੀ ਹਟਾਏ ਜਾਣ ਦੀ ਬੇਨਤੀ ਕੀਤੀ।
ਚੌਥੇ ਮਤੇ ਰਾਹੀਂ ਦੱਸਿਆ ਗਿਆ, ਸੰਗਤ ਇਸ ਫੈਸਲੇ `ਤੇ ਪੁੱਜੀ ਹੈ ਕਿ ਸ. ਪਾਲ ਸਿੰਘ ਪੁਰੇਵਾਲ ਵੱਲੋਂ ਪੇਸ਼ ਕੀਤਾ ਗਿਆ ਮੂਲ ਨਾਨਕਸ਼ਾਹੀ ਕੈਲੰਡਰ ਇੱਕੋ ਇੱਕ ਇਤਿਹਾਸਕ ਤੇ ਵਿਗਿਆਨਕ ਰੂਪ ਵਿੱਚ ਸਹੀ ਸਿੱਖ ਕੈਲੰਡਰ ਹੈ, ਜੋ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਆਧਾਰਤ ਹੈ। ਇਸ ਕੈਲੰਡਰ ਦੀ ਪਾਲਣਾ ਕਰਦਿਆਂ ਸੰਗਤ ਹੇਠ ਲਿਖੀਆਂ ਮਹੱਤਵਪੂਰਨ ਸਾਲਾਨਾ ਤਰੀਕਾਂ ਨੂੰ ਮਨਾਉਣ ਦਾ ਸੰਕਲਪ ਕਰਦੀ ਹੈ; ਪ੍ਰਕਾਸ਼ ਪੁਰਬ ਗੁਰੂ ਨਾਨਕ ਸਾਹਿਬ ਇੱਕ ਵੈਸਾਖ (14 ਅਪਰੈਲ), ਹੋਲਾ ਮਹੱਲਾ ਨਵੇਂ ਵਰ੍ਹੇ ਦੇ ਪਹਿਲੇ ਦਿਨ ਇੱਕ ਚੇਤ (14 ਮਾਰਚ), ਬੰਦੀਛੋੜ ਦਿਵਸ ਇੱਕ ਫੱਗਣ (12 ਫਰਵਰੀ) ਨੂੰ।
ਅਖੀਰਲਾ ਮਤਾ ਨੰਬਰ ਪੰਜ ਇਰਵਿਨਪ੍ਰੀਤ ਸਿੰਘ ਨੇ ਪੜ੍ਹਿਆ ਤੇ ਕਿਹਾ ਕਿ ਇਹ ਸਿੱਖੀ ਦੇ ਉਨ੍ਹਾਂ ਝੰਡਾਬਰਦਾਰਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਆਪਣੀਆਂ ਲਿਖਤਾਂ/ਵਿਚਾਰਾਂ ਨਾਲ ਸਿੱਖੀ ਨੂੰ ਬਾਹਰੀ ਤਾਕਤਾਂ ਤੋਂ ਬਚਾਅ ਸਕਣ ਲਈ ਯਤਨ ਕੀਤੇ। ਇਹ ਇਕੱਤਰਤਾ ਗੁਰੂ ਗ੍ਰੰਥ ਸਾਹਿਬ ਦੇ ਮਾਹਨ ਸਰਬ ਸਾਂਝੇ ਉਪਦੇਸ਼ਾਂ ਨੂੰ ਪ੍ਰਚਾਰਨ ਤੇ ਪ੍ਰਸਾਰਣ ਲਈ ਮੁਹਿੰਮ ਪੈਦਾ ਕਰਨ ਲਈ ਯਤਨਸ਼ੀਲ ਹੈ, ਜਿਸ ਨਾਲ ਗੁਰੂ ਨਾਨਕ ਪਾਤਿਸ਼ਾਹ ਜੀ ਦਾ ਸੁਨੇਹਾ ਹਰ ਪ੍ਰਾਣੀ ਤੱਕ ਪਹੁੰਚ ਸਕੇ। ਇਸ ਮਤੇ ਰਾਹੀਂ ਸੰਗਤ ਨੂੰ ਅਪੀਲ ਕੀਤੀ ਗਈ ਕਿ ਇਸ ਲਹਿਰ ਦਾ ਹਿੱਸਾ ਬਣ ਕੇ ਆਪਣਾ ਯੋਗਦਾਨ ਪਾਇਆ ਜਾਵੇ। ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿੱਚ ਮਤਿਆਂ ਦੀ ਤਾਈਦ ਕੀਤੀ।