ਜ਼ਿਮਨੀ ਚੋਣਾਂ: ਕਈ ਰਵਾਇਤੀ ਸਿਆਸੀ ਪਰਿਵਾਰਾਂ ਦਾ ਵੱਕਾਰ ਦਾਅ ‘ਤੇ

ਸਿਆਸੀ ਹਲਚਲ ਖਬਰਾਂ

ਜਸਵੀਰ ਸਿੰਘ ਸ਼ੀਰੀ
ਪੰਜਾਬ ਦੇ ਚਾਰ ਜ਼ਿਮਨੀ ਹਲਕਿਆਂ ਵਿੱਚ ਬੀਤੀ 20 ਨਵੰਬਰ ਨੂੰ ਵੋਟਾਂ ਪੈ ਗਈਆਂ ਹਨ। ਇਹ ਚਾਰੋ ਹਲਕੇ ਇੱਥੋਂ ਦੇ ਅਸੈਂਬਲੀ ਮੈਂਬਰਾਂ ਦੇ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਖਾਲੀ ਹੋਏ ਸਨ। ਇਨ੍ਹਾਂ ਚਾਰੋ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 6 ਲੱਖ 96 ਹਜ਼ਾਰ ਵੋਟਰ ਹਨ, ਜਿਹੜੇ ਵੱਖ-ਵੱਖ ਪਾਰਟੀਆਂ ਵੱਲੋਂ ਮੈਦਾਨ ਵਿੱਚ ਉਤਰੇ 45 ਉਮੀਦਵਾਰਾਂ ਦੀ ਤਕਦੀਰ ਦਾ ਫੈਸਲਾ ਕਰਨਗੇ।

ਗਿੱਦੜਬਾਹਾ, ਬਰਨਾਲਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਹਲਕਿਆਂ ਵਿੱਚ 19 ਦਿਨਾਂ ਤੱਕ ਚੱਲੇ ਚੋਣ ਪ੍ਰਚਾਰ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਆਪੋ-ਆਪਣੇ ਪ੍ਰਚਾਰ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਸਭ ਤੋਂ ਵੱਧ ਜ਼ੋਰ ਗਿੱਦੜਬਾਹਾ ਸੀਟ ‘ਤੇ ਲੱਗਿਆ, ਜਿੱਥੇ ਪੋਸਟਰਾਂ, ਬਿਲ ਬੋਰਡਾਂ ਅਤੇ ਰੰਗ-ਬਰੰਗੀਆਂ ਫਲੈਕਸਾਂ ਰਾਹੀਂ ਸਾਰੇ ਇਲਾਕੇ ਦੀਆਂ ਦੀਵਾਰਾਂ ਚਮਕਾ ਦਿੱਤੀਆਂ ਗਈਆਂ। ਚਾਰਾਂ ਹਲਕਿਆਂ ਦੀ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਚਾਰਾਂ ਹਲਕਿਆਂ ਵਿੱਚੋਂ 26 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਵਰਤੋਂ ਵੋਟਾਂ ਦੀ ਖਰੀਦੋ-ਫਰੋਖਤ ਲਈ ਹੋ ਸਕਦੀ ਸੀ। ਇਸ ਵਿੱਚ ਡੇਰਾ ਬਾਬਾ ਨਾਨਕ ਤੋਂ ਸਭ ਤੋਂ ਜ਼ਿਆਦਾ 24.40 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ, ਜਦਕਿ ਬਰਨਾਲਾ ਤੋਂ 55.40 ਲੱਖ ਅਤੇ ਚੱਬੇਵਾਲ ਤੋਂ 60 ਹਜ਼ਾਰ ਰੁਪਏ ਜਬਤ ਹੋਏ ਹਨ।
ਮੌਜੂਦਾ ਵਿਧਾਨ ਸਭਾ ਲਈ ਭਾਵੇਂ ਇਨ੍ਹਾਂ ਚਾਰ ਜ਼ਿਮਨੀ ਚੋਣਾਂ ਦਾ ਬਹੁਤਾ ਮਹੱਤਵ ਨਹੀਂ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਪਹਿਲਾਂ ਹੀ ਭਰਵਾਂ ਬਹੁਮਤਿ ਹੈ। ਪਰ 2027 ਵਿੱਚ ਹੋਣ ਵਾਲੀਆਂ ਆਮ ਵਿਧਾਨ ਸਭਾ ਚੋਣਾਂ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਜ਼ਿਮਨੀ ਚੋਣਾਂ ਨੂੰ ਮਹੱਤਵ ਪੂਰਨ ਸਮਝਿਆ ਜਾ ਰਿਹਾ ਹੈ। ਚੋਣ ਵਿਸ਼ਲੇਸ਼ਕਾਂ ਦੀ ਨਜ਼ਰ ਵਿੱਚ ਇਸ ਦਾ ਕਾਰਨ ਇਹ ਹੈ ਕਿ ਇਹ ਚਾਰੋ ਸੀਟਾਂ ਪੰਜਾਬ ਦੇ ਚਾਰ ਮਹੱਤਵ ਪੂਰਨ ਖੇਤਰਾਂ ਵਿੱਚ ਮੌਜੂਦ ਹਨ।
ਗਿੱਦੜਬਾਹਾ ਅਤੇ ਬਰਨਾਲਾ ਵਿਧਾਨ ਸਭਾ ਸੀਟਾਂ ਮਾਲਵਾ ਖੇਤਰ ਵਿੱਚ ਪੈਂਦੀਆਂ ਹਨ। ਮਾਲਵਾ ਹੀ ਅਸਲ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਚੋਣ ਰਣਖੇਤਰ ਹੈ, ਜਿੱਥੋਂ ਕਿਸੇ ਪਾਰਟੀ ਦੀ ਜਿੱਤ ਹਾਰ ਦਾ ਫੈਸਲਾ ਹੁੰਦਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇਸ ਖੇਤਰ ਵਿੱਚੋਂ ਹੀ ਬਹੁਤੀਆਂ ਸੀਟਾਂ ਜਿੱਤੀਆਂ ਸਨ। ਇਨ੍ਹਾਂ ਦੋਹਾਂ ਸੀਟਾਂ ਦੇ ਨਤੀਜੇ ਮਾਲਵਾ ਖੇਤਰ ਵਿੱਚ ਲੋਕਾਂ ਦੀ ਸਰਕਾਰ ਅਤੇ ਵਿਰੋਧੀ ਪਾਰਟੀਆਂ ਪ੍ਰਤੀ ਲੋਕ ਰਾਏ ਨੂੰ ਸਪਸ਼ਟ ਕਰਨਗੇ। ਜਦਕਿ ਚੱਬੇਵਾਲ ਹਲਕਾ ਦੁਆਬਾ ਖੇਤਰ ਵਿੱਚ ਪੈਂਦਾ ਹੈ। ਦੁਆਬੇ ਵਿੱਚ ਹਿੰਦੂਆਂ ਅਤੇ ਸਿੱਖਾਂ ਦੇ ਨਾਲ-ਨਾਲ ਦਲਿਤ ਆਬਾਦੀ ਦਾ ਵੱਡਾ ਵੋਟ ਬੈਂਕ ਵੀ ਕਾਫੀ ਪ੍ਰਭਾਵਕਾਰੀ ਸਿੱਧ ਹੁੰਦਾ ਹੈ। ਇਸ ਤਰ੍ਹਾਂ ਇਸ ਵਿਧਾਨ ਸਭਾ ਹਲਕੇ ਦੀ ਚੋਣ ਪੂਰੇ ਦੁਆਬਾ ਖੇਤਰ ਦੇ ਲੋਕਾਂ ਦੀ ਸਰਕਾਰੀ ਨੀਤੀਆਂ ਪ੍ਰਤੀ ਇੱਕ ਤਰ੍ਹਾਂ ਨਾਲ ਰਾਏਸ਼ੁਮਾਰੀ ਸਮਝੀ ਜਾਵੇਗੀ। ਡੇਰਾ ਬਾਬਾ ਨਾਨਕ ਧੁਰ ਮਾਝੇ ਵਿੱਚ ਹੈ। ਸਰਹੱਦ ਨਾਲ ਲਗਦੇ ਪਿੰਡਾਂ ਦੀਆਂ ਕੁਝ ਵਿਸ਼ੇਸ਼ ਕਿਸਮ ਦੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ, ਜਿਹੜੀਆਂ ਆਮ ਤੌਰ ‘ਤੇ ਸਰਕਾਰਾਂ ਵੱਲੋਂ ਅਣਗੌਲੀਆਂ ਰਹਿ ਜਾਂਦੀਆਂ ਹਨ। ਇੰਝ ਇਹ ਚੋਣ ਹਲਕਾ ਇੱਕ ਪਾਸੇ ਤਾਂ ਸਾਰੇ ਮਾਝੇ ਖੇਤਰ ਦੇ ਲੋਕਾਂ ਦੀ ਸਰਕਾਰ ਪ੍ਰਤੀ ਪਹੁੰਚ ਨੂੰ ਸਪਸ਼ਟ ਕਰੇਗਾ, ਦੂਜਾ ਸਰਹੱਦੀ ਲੋਕਾਂ ਦੇ ਸਰਕਾਰ ਅਤੇ ਵਿਰੋਧੀ ਪਾਰਟੀਆਂ ਪ੍ਰਤੀ ਵਤੀਰੇ ਨੂੰ ਦ੍ਰਿਸ਼ਟੀਮਾਨ ਕਰੇਗਾ। ਉਂਝ ਆਮ ਤੌਰ ‘ਤੇ ਜ਼ਿਮਨੀ ਚੋਣਾਂ ਦੇ ਨਤੀਜੇ ਰਾਜ ਕਰ ਰਹੀ ਪਾਰਟੀ ਦੇ ਹੱਕ ਵਿੱਚ ਹੀ ਭੁਗਤਦੇ ਹਨ, ਕਿਉਂਕਿ ਲੋਕਾਂ ਨੇ ਮੌਜੂਦ ਸਰਕਾਰ ਤੋਂ ਆਪਣੇ ਕੰਮ ਕਾਰ ਕਢਵਾਉਣੇ ਹੁੰਦੇ ਹਨ। ਇਸ ਲਈ ਸੱਤਾਧਾਰੀ ਧਿਰ ਦਾ ਪਲੜਾ ਅਕਸਰ ਹੀ ਭਾਰੀ ਪੈਂਦਾ ਹੈ, ਪਰ ਜਦੋਂ ਕਿਸੇ ਜ਼ਿਮਨੀ ਚੋਣ ਦੇ ਨਤੀਜੇ ਰਾਜ ਕਰ ਰਹੀ ਪਾਰਟੀ ਦੇ ਉਲਟ ਭੁਗਤ ਜਾਣ, ਉਦੋਂ ਰਾਜਨੀਤਿਕ ਹਲਕਿਆਂ ਨੂੰ ਇਹ ਕਨਸੋਅ ਜ਼ਰੂਰ ਮਿਲ ਜਾਂਦੀ ਹੈ ਕਿ ਅਗਲੀਆਂ ਚੋਣਾਂ ਵਿੱਚ ਰਾਜ ਕਰ ਰਹੀ ਪਾਰਟੀ ਦੀ ਖੈਰ ਨਹੀਂ।
ਗਿੱਦੜਬਾਹਾ ਸੀਟ ਇਸ ਦ੍ਰਿਸ਼ਟੀ ਤੋਂ ਨੱਬੇਵਿਆਂ ਵਿੱਚ ਬੇਅੰਤ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀਆਂ ਵਿਚਕਾਰ ਅਜਿਹਾ ਭੇੜ ਇੱਕ ਵਾਰ ਪਹਿਲਾਂ ਵੀ ਬਣ ਚੁੱਕੀ ਹੈ। ਉਦੋਂ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਵੱਲੋਂ ਇਹ ਜ਼ਿਮਨੀ ਚੋਣ ਲੜੇ ਸਨ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦਾ ਸਾਰਾ ਜ਼ੋਰ ਲੱਗਣ ਦੇ ਬਾਵਜੂਦ ਮਨਪ੍ਰੀਤ ਸਿੰਘ ਬਾਦਲ 2000 ਵੋਟਾਂ ਨਾਲ ਜਿੱਤ ਗਏ ਸਨ। ਇਸ ਵਾਰ ਮਨਪ੍ਰੀਤ ਸਿੰਘ ਬਾਦਲ ਭਾਜਪਾ ਵੱਲੋਂ ਚੋਣ ਲੜ ਰਹੇ ਹਨ। ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਗਏ ਹਰਦੀਪ ਸਿੰਘ ਡਿੰਪੀ ਢਿੱਲੋਂ ‘ਆਪ’ ਵੱਲੋਂ ਮੈਦਾਨ ਵਿੱਚ ਹਨ ਅਤੇ ਕਾਂਗਰਸ ਪਾਰਟੀ ਵੱਲੋਂ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਪਤਨੀ ਅੰਮ੍ਰਿਤ ਵੜਿੰਗ ਚੋਣ ਲੜ ਰਹੇ ਹਨ। ਇਸ ਤਰ੍ਹਾਂ ਬਰਨਾਲਾ ਅਤੇ ਗਿੱਦੜਬਾਹਾ ਵਿੱਚ ਕ੍ਰਮਵਾਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਗਿੱਦੜਬਾਹਾ ਵਿੱਚ ਰਾਜਾ ਵੜਿੰਗ ਦੇ ਟੱਬਰਾਂ ਦੀ ਸ਼ਾਖ ਦਾਅ ‘ਤੇ ਲੱਗੀ ਹੋਈ ਹੈ।
ਯਾਦ ਰਹੇ, ਇਸੇ ਚੋਣ ਮਹਿੰਮ ਦੌਰਾਨ ਚੋਣ ਕਮਿਸ਼ਨ ਨੇ ਤਿਉਹਾਰਾਂ ਕਾਰਨ ਚੋਣ ਤਰੀਕਾਂ ਇੱਕ ਹਫਤਾ ਲੇਟ ਕਰ ਦਿੱਤੀਆਂ ਸਨ। ਇਸ ਲਈ ਸਾਰੀਆਂ ਹੀ ਪਾਰਟੀਆਂ ਨੂੰ ਚੋਣ ਪ੍ਰਚਾਰ ਲਈ ਵਧੇਰੇ ਸਮਾਂ ਮਿਲਿਆ। ਇਹ ਵੀ ਜ਼ਿਕਰਯੋਗ ਹੈ ਕਿ ਇਨ੍ਹਾਂ ਚਾਰ ਵਿਧਾਨ ਸਭਾ ਹਲਕਿਆਂ ਵਿੱਚੋਂ ਤਿੰਨ ਪਹਿਲਾਂ ਕਾਂਗਰਸ ਪਾਰਟੀ ਕੋਲ ਸਨ, ਜਦਕਿ ਬਰਨਾਲਾ ਦੀ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ ਕੋਲ ਸੀ। ਚੋਣ ਪ੍ਰਚਾਰ ਦੇ ਆਖਰੀ ਦਿਨਾਂ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਆਪੋ-ਆਪਣੇ ਹੱਕ ਵਿੱਚ ਰੋਡ ਸ਼ੋਅ ਕੀਤੇ ਅਤੇ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਬਰਨਾਲਾ ਤੋਂ ‘ਆਪ’ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ, ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਨੇੜਲੇ ਮੰਨੇ ਜਾਂਦੇ ਹਨ। ਭਾਵੇਂ ਕਿ ਉਨ੍ਹਾਂ ਆਪਣੇ ਉਮੀਦਵਾਰ ਦੇ ਹੱਕ ਵਿੱਚ ਪੂਰਾ ਜ਼ੋਰ ਲਾਇਆ, ਪਰ ਇੱਥੋਂ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਚੋਣ ਲੜ ਰਹੇ ਗੁਰਦੀਪ ਸਿੰਘ ਬਾਠ ਨੇ ਨਾ ਸਿਰਫ ‘ਆਪ’ ਨੂੰ ਸਗੋਂ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਵਖਤ ਪਾਇਆ। ਭਾਰਤੀ ਜਨਤਾ ਪਾਰਟੀ ਵੱਲੋਂ ਇੱਥੇ ਕੇਵਲ ਸਿੰਘ ਢਿੱਲੋਂ ਅਤੇ ਕਾਂਗਰਸ ਪਾਰਟੀ ਵੱਲੋਂ ਕੁਲਦੀਪ ਸਿੰਘ ਢਿੱਲੋਂ ਚੋਣ ਮੈਦਾਨ ਵਿੱਚ ਹਨ। ਅਕਾਲੀ ਦਲ ਦੇ ਚੋਣ ਨਾ ਲੜਨ ਦੀ ਸੂਰਤ ਵਿੱਚ ਇਸ ਪਾਰਟੀ ਦਾ ਵੋਟ ਬੈਂਕ ਸਾਰੀਆਂ ਪਾਰਟੀਆਂ ਲਈ ਹੀ ਮਹੱਤਵਪੂਰਨ ਰਿਹਾ ਹੈ। ਇਸ ਸੀਟ ਤੋਂ ਅਕਾਲੀ ਦਲ (ਅ) ਵੱਲੋਂ ਚੋਣ ਲੜ ਰਹੇ ਗਬਿੰਦ ਸਿੰਘ ਸੰਧੂ ਦੀ ਅਕਾਲੀ ਦਲ (ਬਾਦਲ) ਵੱਲੋਂ ਹਮਾਇਤ ਕਰ ਦਿੱਤੀ ਗਈ ਹੈ। ਇਸ ਹਮਾਇਤ ਦਾ ਐਲਾਨ ਬਿਕਰਮ ਸਿੰਘ ਮਜੀਠੀਆ ਨੇ ਕੀਤਾ। ਇਸ ਤਰ੍ਹਾਂ ਇਸ ਸੀਟ ‘ਤੇ ਮਾਨ ਅਕਾਲੀ ਦਲ ਦਾ ਉਮੀਦਵਾਰ ਵੀ ਚੰਗੀ ਹਾਲਤ ਵਿੱਚ ਹੈ।
ਡੇਰਾ ਬਾਬਾ ਨਾਨਕ ਤੋਂ ਇੱਕ ਹੋਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਕਾਰ ਦਾਅ ‘ਤੇ ਲੱਗਾ ਹੋਇਆ ਹੈ। ਇਸ ਸੀਟ ‘ਤੋਂ ਉਨ੍ਹਾਂ ਦੀ ਪਤਨੀ ਬੀਬੀ ਜਤਿੰਦਰ ਕੌਰ ਰੰਧਾਵਾ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਗੁਰਦੀਪ ਸਿੰਘ ਰੰਧਾਵਾ ਚੋਣ ਮੈਦਾਨ ਵਿੱਚ ਹਨ ਅਤੇ ਭਾਜਪਾ ਵੱਲੋਂ ਸਾਬਕਾ ਅਕਾਲੀ ਆਗੂ ਨਿਰਮਲ ਸਿੰਘ ਕਾਹਲੋਂ ਦੇ ਬੇਟੇ ਰਵੀ ਸਿੰਘ ਕਾਹਲੋਂ ਚੋਣ ਲੜ ਰਹੇ ਹਨ। ਇੰਜ ਇਹ ਸੀਟ ਵੀ ਦੋ ਰਵਾਇਤੀ ਸਿਆਸੀ ਪਰਿਵਾਰਾਂ ਅਤੇ ‘ਆਪ’ ਸਰਕਾਰ ਵਿਚਕਾਰ ਖਹਿ ਭੇੜ ਦਾ ਕੇਂਦਰ ਬਣ ਗਈ ਹੈ। ਚੱਬੇਵਾਲ ਵਿਧਾਨ ਸਭਾ ਹਲਕਾ ਵੀ ਪਰਿਵਾਰਕ ਪੁਸ਼ਤ ਪਨਾਹੀ ਵਾਲੇ ਦੋਸ਼ ਤੋਂ ਮੁਕਤ ਨਹੀਂ ਰਿਹਾ। ਇੱਥੋਂ ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਇਸ਼ਾਂਕ ਚੱਬੇਵਾਲ ਚੋਣ ਲੜ ਰਹੇ ਹਨ। ਯਾਦ ਰਹੇ, ਡਾ. ਚੱਬੇਵਾਲ ਇਸ ਸੀਟ ਤੋਂ ਕਾਂਗਰਸ ਪਾਰਟੀ ਵੱਲੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਭਾਜਪਾ ਵੱਲੋਂ ਸੋਹਣ ਸਿੰਘ ਠੰਡਲ ਅਤੇ ਕਾਂਗਰਸ ਪਾਰਟੀ ਵੱਲੋਂ ਐਡਵੋਕੇਟ ਰਣਜੀਤ ਕੁਮਾਰ ਚੋਣ ਲੜੇ। ਉਹ ਬਸਪਾ ਵੱਲੋਂ ਕਾਂਗਰਸ ਪਾਰਟੀ ਵਿੱਚ ਆਏ ਹਨ।

Leave a Reply

Your email address will not be published. Required fields are marked *