ਪਾਕਿਸਤਾਨੀ ਮਹਿਲਾ ਖਿਡਾਰਨਾਂ ਦੀ ਝੰਡਾਬਰਦਾਰ ਉਸ਼ਨਾ ਸੁਹੇਲ

ਗੂੰਜਦਾ ਮੈਦਾਨ

ਖਿਡਾਰੀ ਪੰਜ-ਆਬ ਦੇ (30)
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਪਾਕਿਸਤਾਨ ਦੀ ਪਹਿਲੀ ਅਤੇ ਇਕਲੌਤੀ ਟੈਨਿਸ ਖਿਡਾਰਨ ਉਸ਼ਨਾ ਸੁਹੇਲ ਬਾਰੇ ਸੰਖੇਪ ਵੇਰਵਾ ਹੈ। ਉਸ ਨੂੰ ਖੇਡਾਂ ਤੇ ਟੈਨਿਸ ਖੇਡ ਦੀ ਗੁੜ੍ਹਤੀ ਪਰਿਵਾਰ ਵਿੱਚੋਂ ਮਿਲੀ ਅਤੇ ਉਸ ਦਾ ਨਾਂ ਔਰਤਾਂ ਦੀ ਵਿਸ਼ਵ ਰੈਂਕਿੰਗ ਵਿੱਚ ਦਰਜ ਹੈ। ਉਸ ਨੇ 10 ਸਾਲ ਬਿਲੀ ਜੀਨ ਕਿੰਗ ਕੱਪ, ਜਿਸ ਨੂੰ ਪਹਿਲਾਂ ਫੈਡਰੇਸ਼ਨ ਕੱਪ ਕਹਿੰਦੇ ਸਨ, ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ। ਉਹ ਹੁਣ ਤੱਕ 33 ਮੁਲਕਾਂ ਵਿੱਚ 113 ਆਈ.ਟੀ.ਐਫ. ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੀ ਹੈ। ਭਾਰਤ ਵਿੱਚ ਮਹਿਲਾ ਟੈਨਿਸ ਵਿੱਚ ਸਾਨੀਆ ਮਿਰਜ਼ਾ ਨੇ ਨਵੀਂ ਕ੍ਰਾਂਤੀ ਲਿਆਂਦੀ ਹੋਣ ਕਰਕੇ ਸੁਹੇਲ ਉਸ ਨੂੰ ਆਪਣਾ ਆਦਰਸ਼ ਮੰਨਦੀ ਸੀ।

ਨਵਦੀਪ ਸਿੰਘ ਗਿੱਲ
ਫੋਨ: +91-9780036216

ਖੇਡਾਂ ਵਿੱਚ ਭਾਰਤ ਤੇ ਪਾਕਿਸਤਾਨ ਅਤੇ ਦੋਹਾਂ ਦੇਸ਼ਾਂ ਦੇ ਪੰਜਾਬ ਸੂਬੇ ਕਰੀਬ ਹਰ ਖੇਡ ਵਿੱਚ ਬਰਾਬਰ ਦੀ ਟੱਕਰ ਦਿੰਦੇ ਰਹੇ ਹਨ- ਚਾਹੇ ਹਾਕੀ ਹੋਵੇ, ਅਥਲੈਟਿਕਸ, ਕ੍ਰਿਕਟ ਜਾਂ ਫੇਰ ਕੁਸ਼ਤੀ। ਇਹ ਸਿਰਫ ਪੁਰਸ਼ ਖਿਡਾਰੀਆਂ ਦੇ ਮਾਮਲੇ ਵਿੱਚ ਹੈ। ਮਹਿਲਾ ਖਿਡਾਰਨਾਂ ਵਿੱਚ ਭਾਰਤ ਅਤੇ ਚੜ੍ਹਦਾ ਪੰਜਾਬ ਬਹੁਤ ਅੱਗੇ ਹਨ। ਪਾਕਿਸਤਾਨ ਵਿੱਚ ਮਹਿਲਾ ਖਿਡਾਰਨਾਂ ਦੇ ਨਾਮ ਪੋਟਿਆਂ ਉਤੇ ਹੀ ਲਏ ਜਾ ਸਕਦੇ ਹਨ। ਅਜਿਹੇ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੀ ਉਸ਼ਨਾ ਸੁਹੇਲ ਨੇ ਮਹਿਲਾ ਵਰਗ ਵਿੱਚ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਸ਼ਨਾ ਖਿਡਾਰਨ ਵੀ ਟੈਨਿਸ ਖੇਡ ਦੀ ਹੈ, ਜਿਹੜੀ ਪਹਿਲਾਂ ਹੀ ਏਸ਼ੀਅਨ ਮੁਲਕਾਂ ਖਾਸ ਕਰਕੇ ਦੱਖਣੀ ਏਸ਼ਿਆਈ ਖਿੱਤੇ ਵਿੱਚ ਦੇਰੀ ਨਾਲ ਪ੍ਰਚੱਲਿਤ ਹੋਈ ਹੈ।
ਉਸ਼ਨਾ ਸੁਹੇਲ ਪਾਕਿਸਤਾਨ ਦੀ ਪਹਿਲੀ ਅਤੇ ਇਕਲੌਤੀ ਟੈਨਿਸ ਖਿਡਾਰਨ ਹੈ, ਜਿਸ ਦਾ ਨਾਂ ਔਰਤਾਂ ਦੀ ਵਿਸ਼ਵ ਰੈਂਕਿੰਗ ਵਿੱਚ ਦਰਜ ਹੈ। ਉਹ ਬਿਲੀ ਜੀਨ ਕਿੰਗ ਕੱਪ ਟੂਰਨਾਮੈਂਟ ਦੇ ਸਿੰਗਲਜ਼ ਅਤੇ ਡਬਲਜ਼ ਵਿੱਚ ਸਭ ਤੋਂ ਵੱਧ ਜਿੱਤਾਂ ਹਾਸਲ ਕਰਨ ਵਾਲੀ ਵੀ ਪਾਕਿਸਤਾਨ ਦੀ ਪਹਿਲੀ ਤੇ ਇਕਲੌਤੀ ਟੈਨਿਸ ਖਿਡਾਰਨ ਹੈ। ਉਹ ਆਈ.ਟੀ.ਐਫ. ਪੇਸ਼ੇਵਰ ਮਹਿਲਾ ਸਰਕਟ ਦੇ ਡਬਲਜ਼ ਮੁਕਾਬਲਿਆਂ ਵਿੱਚ ਛੇ ਵਾਰ ਸੈਮੀ ਫ਼ਾਈਨਲ ਵਿੱਚ ਪੁੱਜਣ ਵਾਲੀ ਵੀ ਪਹਿਲੀ ਪਾਕਿਸਤਾਨੀ ਖਿਡਾਰਨ ਹੈ। ਫੈਡਰੇਸ਼ਨ ਕੱਪ ਵਿੱਚ ਪਾਕਿਸਤਾਨ ਵੱਲੋਂ ਖੇਡਦਿਆਂ ਉਸ ਨੇ 24 ਜਿੱਤਾਂ ਹਾਸਲ ਕੀਤੀਆਂ ਹਨ। ਉਹ ਸਿੰਗਲਜ਼ ਵਿੱਚ 2014 ਅਤੇ ਡਬਲਜ਼ ਵਿੱਚ 2012 ਤੋਂ ਵਿਸ਼ਵ ਰੈਕਿੰਗ ਵਿੱਚ ਸ਼ੁਮਾਰ ਹੈ।
ਸੁਹੇਲ ਨੂੰ ਖੇਡਾਂ ਅਤੇ ਟੈਨਿਸ ਖੇਡ ਦੀ ਗੁੜ੍ਹਤੀ ਪਰਿਵਾਰ ਵਿੱਚੋਂ ਮਿਲੀ ਹੈ। ਉਸ ਦੇ ਦਾਦਾ ਖਵਾਜ਼ਾ ਇਫ਼ਤਿਖ਼ਾਰ ਆਜ਼ਾਦੀ ਤੋਂ ਪਹਿਲਾਂ ਭਾਰਤ ਵੱਲੋਂ ਸੱਤ ਸਾਲ ਕੌਮਾਂਤਰੀ ਪੱਧਰ ਉਤੇ ਟੈਨਿਸ ਖੇਡੇ ਅਤੇ ਡੇਵਿਸ ਕੱਪ ਵਿੱਚ ਵੀ ਭਾਰਤ ਦੀ ਪ੍ਰਤੀਨਿਧਤਾ ਕੀਤੀ। ਉਸ ਵੇਲੇ ਉਹ ਭਾਰਤੀ ਉਪ ਮਹਾਂਦੀਪ ਵਿੱਚ ਸਭ ਤੋਂ ਸਿਖਰਲੀ ਰੈਂਕਿੰਗ ਵਾਲੇ ਟੈਨਿਸ ਖਿਡਾਰੀ ਸਨ। ਦੇਸ਼ ਆਜ਼ਾਦ ਹੋਣ ਉਪਰੰਤ ਉਹ ਪਾਕਿਸਤਾਨ ਵੱਲੋਂ ਇੱਕ ਦਹਾਕਾ ਕੌਮਾਂਤਰੀ ਪੱਧਰ ਉਤੇ ਟੈਨਿਸ ਖੇਡੇ। ਪਾਕਿਸਤਾਨ ਸਰਕਾਰ ਨੇ ਖਵਾਜ਼ਾ ਇਫ਼ਤਿਖ਼ਾਰ ਨੂੰ ‘ਪ੍ਰਾਈਡ ਆਫ਼ ਪ੍ਰਫਾਰਮੈਂਸ’ ਅਤੇ ‘ਤਮਗ਼ਾ-ਏ-ਇਮਤਿਆਜ਼’ ਜਿਹੇ ਵੱਡੇ ਪੁਰਸਕਾਰਾਂ ਨਾਲ ਸਨਮਾਨਿਆ।
26 ਜੂਨ 1993 ਨੂੰ ਲਾਹੌਰ ਵਿਖੇ ਜਨਮੀ ਉਸ਼ਨਾ ਸੁਹੇਲ ਦੇ ਪਰਿਵਾਰ ਵਿੱਚ ਉਸ ਦੇ ਦੋ ਚਚੇਰੇ ਭਰਾ- ਐਸਾਮ ਉਲ ਹੱਕ ਕੁਰੈਸ਼ੀ ਤੇ ਮੀਰ ਇਫ਼ਤਿਖ਼ਾਰ ਵੀ ਪਾਕਿਸਤਾਨ ਦੇ ਪ੍ਰਸਿੱਧ ਖਿਡਾਰੀ ਰਹੇ ਹਨ, ਜੋ ਕੌਮਾਂਤਰੀ ਪੱਧਰ ਉਤੇ ਟੈਨਿਸ ਖੇਡੇ ਹਨ। ਐਸਾਮ ਉਲ ਹੱਕ ਕੁਰੈਸ਼ੀ ਪਾਕਿਸਤਾਨ ਦਾ ਇਕਲੌਤਾ ਖਿਡਾਰੀ ਹੈ, ਜੋ ਡਬਲਜ਼ ਵਰਗ ਵਿੱਚ ਗਰੈਂਡ ਸਲੈਮ ਦਾ ਫ਼ਾਈਨਲ ਖੇਡਿਆ ਸੀ। ਉਹ 2010 ਵਿੱਚ ਯੂ.ਐਸ. ਓਪਨ ਦੇ ਫ਼ਾਈਨਲ ਵਿੱਚ ਉਪ ਜੇਤੂ ਰਿਹਾ ਸੀ। ਇਸ ਤੋਂ ਇਲਾਵਾ ਫਰੈਂਚ ਓਪਨ ਵਿੱਚ ਸੈਮੀ ਫ਼ਾਈਨਲ ਤੇ ਵਿੰਬਲਡਨ ਅਤੇ ਆਸਟਰੇਲੀਅਨ ਓਪਨ ਵਿੱਚ ਕੁਆਰਟਰ ਫ਼ਾਈਨਲ ਤੱਕ ਖੇਡਿਆ ਹੋਇਆ। ਉਹ ਡਬਲਜ਼ ਵਿੱਚ ਭਾਰਤ ਦੇ ਰੋਹਨ ਬੋਪੰਨਾ ਦਾ ਜੋੜੀਦਾਰ ਰਿਹਾ ਹੈ। ਸਮੀਰ ਇਫ਼ਤਿਖ਼ਾਰ ਨੇ ਏਸ਼ਿਆਈ ਖੇਡਾਂ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਹੈ।
ਸੁਹੇਲ ਹਾਲੇ 11 ਵਰਿ੍ਹਆਂ ਦੀ ਸੀ, ਜਦੋਂ ਉਸ ਦੇ ਪਿਤਾ ਉਸ ਨੂੰ ਟੈਨਿਸ ਖਿਡਾਉਣ ਲਈ ਲਾਹੌਰ ਜਿੰਮਖਾਨਾ ਕਲੱਬ ਲੈ ਕੇ ਜਾਂਦੇ। ਉਸ ਵੇਲੇ ਨਿੱਕੀ ਸੁਹੇਲ ਨੂੰ ਆਪਣੇ ਪਰਿਵਾਰ ਦੀ ਮਹਾਨ ਖੇਡ ਵਿਰਾਸਤ ਬਾਰੇ ਉੱਕਾ ਗਿਆਨ ਨਹੀਂ ਸੀ। ਪਾਕਿਸਤਾਨ ਵਿੱਚ ਟੈਨਿਸ ਖੇਡ ਵਿੱਚ ਕਿਸੇ ਲੜਕੀ ਵੱਲੋਂ ਅੱਗੇ ਆਉਣਾ ਵੱਡੀ ਗੱਲ ਸੀ। ਉਹ ਇਹ ਗੱਲ ਖੁਦ ਮੰਨਦੀ ਹੈ ਕਿ ਖੇਡਾਂ ਅਤੇ ਟੈਨਿਸ ਵਿੱਚ ਕਰੀਅਰ ਬਣਾਉਣਾ ਕੋਈ ਸੌਖੀ ਗੱਲ ਨਹੀਂ ਸੀ। ਪਰਿਵਾਰ ਦੀ ਵਿਰਾਸਤ ਅਤੇ ਛੋਟੇ ਹੁੰਦੇ ਪਿਤਾ ਵੱਲੋਂ ਖੇਡ ਨਾਲ ਜੁੜੇ ਜਾਣ ਕਾਰਨ ਉਸ ਨੇ ਟੈਨਿਸ ਦੀ ਸ਼ੁਰੂਆਤ ਕੀਤੀ। ਹੌਲੀ-ਹੌਲੀ ਜਦੋਂ ਉਹ ਘਰੇਲੂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲੱਗੀ ਤਾਂ ਉਸ ਨੂੰ ਟੈਨਿਸ ਖੇਡ ਵਿੱਚ ਆਪਣੇ ਪਰਿਵਾਰ ਦੀ ਮਹਾਨ ਵਿਰਾਸਤ ਬਾਰੇ ਪਤਾ ਲੱਗਿਆ ਤਾਂ ਉਸ ਨੂੰ ਮਾਣ ਵੀ ਹੋਇਆ ਅਤੇ ਇਹ ਅੱਗੇ ਵਧਣ ਲਈ ਪ੍ਰੇਰਨਾ ਸ੍ਰੋਤ ਵੀ ਸੀ। ਭਾਰਤ ਵਿੱਚ ਮਹਿਲਾ ਟੈਨਿਸ ਵਿੱਚ ਸਾਨੀਆ ਮਿਰਜ਼ਾ ਨੇ ਨਵੀਂ ਕ੍ਰਾਂਤੀ ਲਿਆਂਦੀ ਹੋਣ ਕਰਕੇ ਸਾਨੀਆ ਨੂੰ ਸੁਹੇਲ ਆਪਣਾ ਆਦਰਸ਼ ਮੰਨਦੀ ਸੀ।
ਸਾਲ 2008 ਵਿੱਚ 15 ਵਰਿ੍ਹਆਂ ਦੀ ਉਮਰੇ ਉਸ ਨੇ ਮਲੇਸ਼ੀਆ ਵਿਖੇ ਅੰਡਰ-16 ਫੈਡਰੇਸ਼ਨ ਕੱਪ ਵਿੱਚ ਹਿੱਸਾ ਲਿਆ। ਸਾਲ 2010 ਵਿੱਚ ਉਸ ਨੇ ਕਈ ਟੂਰਨਾਮੈਂਟਾਂ ਦੇ ਸੈਮੀ ਫ਼ਾਈਨਲ ਖੇਡੇ। ਸਾਲ 2011 ਵਿੱਚ ਹੀ ਉਸ ਨੇ ਡਬਲਜ਼ ਵਰਗ ਵਿੱਚ ਚਾਰ ਟੂਰਨਾਮੈਂਟਾਂ ਦੇ ਫ਼ਾਈਨਲ ਖੇਡੇ। ਜੂਨੀਅਰ ਵਰਗ ਵਿੱਚ ਉਸ ਨੇ 2011 ਵਿੱਚ ਅੱਠ ਮੁਕਾਬਲਿਆਂ ਦੇ ਸਿੰਗਲਜ਼ ਮੁਕਾਬਲਿਆਂ ਦੇ ਕੁਆਰਟਰ ਫ਼ਾਈਨਲ ਖੇਡੇ। 12 ਮਹੀਨਿਆਂ ਵਿੱਚ ਹੀ ਉਸ ਨੇ ਜੂਨੀਅਰ ਆਈ.ਟੀ.ਐਫ. ਵਿੱਚ 1000 ਰੈਂਕ ਦੀ ਛਲਾਂਗ ਲਗਾਉਂਦਿਆਂ 1330 ਤੋਂ 337 ਰੈਂਕ ਉਪਰ ਪਹੁੰਚ ਗਈ। 2013 ਵਿੱਚ ਉਸ ਨੇ ਬਾਰਸੀਲੋਨਾ ਵਿਖੇ ਮੌਟੀ ਟੂਰ ਸਪੇਨਿਸ਼ ਟੈਨਿਸ ਟੂਰਨਾਮੈਂਟ ਜਿੱਤਿਆ। ਬੈਲਜੀਅਮ ਵਿਖੇ ਦੋ ਟੂਰਨਾਮੈਂਟ ਦੇ ਫ਼ਾਈਨਲ ਖੇਡੇ। 2014 ਵਿੱਚ ਇਸਲਾਮਾਬਾਦ ਵਿਖੇ ਆਈ.ਟੀ.ਐਫ. ਮਹਿਲਾ ਪੇਸ਼ੇਵਾਰ ਸਰਕਟ ਟੂਰਨਾਮੈਂਟ ਵਿੱਚ ਵਿਦੇਸ਼ੀ ਖਿਡਾਰਨ ਨੂੰ ਹਰਾ ਕੇ ਉਹ ਡਬਲਿਊ.ਟੀ.ਏ. ਅੰਕ ਹਾਸਲ ਕਰਨ ਵਾਲੀ ਪਹਿਲੀ ਪਾਕਿਸਤਾਨ ਖਿਡਾਰਨ ਬਣੀ ਸੀ।
ਸੁਹੇਲ ਇੱਕ ਹੋਰ ਪਾਕਿਸਤਾਨੀ ਟੈਨਿਸ ਖਿਡਾਰਨ ਸਾਰਾ ਮਨਸੂਰ ਦੇ ਨਾਲ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਟੈਨਿਸ ਖਿਡਾਰਨ ਹੈ। ਸੁਹੇਲ ਨੇ 2014 ਵਿੱਚ ਇੰਚੇਓਨ ਅਤੇ 2018 ਵਿੱਚ ਜਕਾਰਤਾ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ। 2017 ਵਿੱਚ ਇਸਲਾਮੀਆ ਖੇਡਾਂ ਵਿੱਚ ਹਿੱਸਾ ਲਿਆ। 2016 ਵਿੱਚ ਗੁਹਾਟੀ ਵਿਖੇ ਹੋਈਆਂ ਸੈਫ ਖੇਡਾਂ ਵਿੱਚ ਮਹਿਲਾ ਸਿੰਗਲਜ਼ ਅਤੇ ਮਿਕਸਡ ਡਬਲਜ਼ ਵਿੱਚ ਦੋ ਕਾਂਸੀ ਦੇ ਤਮਗ਼ੇ ਅਤੇ 2019 ਵਿੱਚ ਨੇਪਾਲ ਵਿਖੇ ਹੋਈਆਂ ਸੈਫ ਖੇਡਾਂ ਵਿੱਚ ਮਹਿਲਾ ਟੀਮ ਅਤੇ ਮਿਕਸਡ ਡਬਲਜ਼ ਵਿੱਚ ਦੋ ਕਾਂਸੀ ਦੇ ਤਮਗ਼ੇ ਜਿੱਤੇ। ਕੌਮੀ ਪੱਧਰ `ਤੇ ਉਸ ਨੇ 2019 ਵਿੱਚ ਹੋਈਆਂ ਨੈਸ਼ਨਲ ਗੇਮਜ਼ ਵਿੱਚ ਸਿੰਗਲਜ਼, ਡਬਲਜ਼ ਅਤੇ ਟੀਮ ਈਵੈਂਟ ਵਿੱਚ ਤਿੰਨੋਂ ਵਰਗਾਂ ਦੇ ਸੋਨ ਤਮਗ਼ੇ ਜਿੱਤੇ। ਉਹ ਬੇਨਜ਼ੀਰ ਭੁੱਟੋ ਸ਼ਹੀਦ ਨੈਸ਼ਨਲ ਟਾਈਟਲ, ਫੈਡਰੇਸ਼ਨ ਕੱਪ, ਨੈਸ਼ਨਲ ਗਰਾਸ ਕੋਰਟ ਚੈਂਪੀਅਨਸ਼ਿਪ ਅਤੇ ਨੈਸ਼ਨਲ ਕਲੇਅ ਕੋਰਟ ਚੈਂਪੀਅਨਸ਼ਿਪ ਸਾਰੇ ਮੁਕਾਬਲਿਆਂ ਦੀ ਜੇਤੂ ਹੈ। 2022 ਵਿੱਚ ਬਰਤਾਨੀਆ ਵਿਖੇ ਹੋਏ ਸਟਨ ਆਟੋਮਨ ਟੂਰਨਾਮੈਂਟ ਵਿੱਚ ਉਪ ਜੇਤੂ ਰਹੀ।
ਸੁਹੇਲ ਨੇ 10 ਸਾਲ ਬਿਲੀ ਜੀਨ ਕਿੰਗ ਕੱਪ, ਜਿਸ ਨੂੰ ਪਹਿਲਾਂ ਫੈਡਰੇਸ਼ਨ ਕੱਪ ਕਹਿੰਦੇ ਸਨ, ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ। ਉਹ ਹੁਣ ਤੱਕ 33 ਮੁਲਕਾਂ ਵਿੱਚ 113 ਆਈ.ਟੀ.ਐਫ. ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੀ ਹੈ। ਸੁਹੇਲ ਨੇ ਸਾਨੀਆ ਮਿਰਜ਼ਾ ਟੈਨਿਸ ਅਕੈਡਮੀ, ਬੈਲਜੀਅਮ ਵਿੱਚ ਕਿਮ ਕਲਾਈਸਟਰਜ਼ ਅਕੈਡਮੀ, ਯੂ.ਕੇ. ਵਿੱਚ ਵੈਂਬਲੇ ਅਤੇ ਹੋਰਨਾਂ ਕਲੱਬਾਂ ਵਿੱਚ ਵਿਦੇਸ਼ੀ ਕੋਚਾਂ ਦੀ ਨਿਗਰਾਨੀ ਹੇਠ ਖੇਡ ਦੇ ਗੁਰ ਸਿੱਖੇ।
ਸੁਹੇਲ ਨੂੰ ਖੇਡ ਪ੍ਰਾਪਤੀਆਂ ਵਿੱਚ ਸਾਲ 2022 ਵਿੱਚ ਪਾਕਿਸਤਾਨ ਦਾ ਤੀਜਾ ਸਰਵਉਚ ਨਾਗਰਿਕ ਸਨਮਾਨ ‘ਸਿਤਾਰਾ-ਏ-ਇਮਤਿਆਜ਼’ ਨਾਲ ਸਨਮਾਨਿਆ ਗਿਆ। 2019 ਵਿੱਚ ਪਾਕਿਸਤਾਨ ਯੂਥ ਕਮਿਊਨਟੀ ਐਵਾਰਡ ਮਿਲਿਆ। ਸਾਲ 2018 ਵਿੱਚ ਪੰਜਾਬ ਜੰਗਲੀ ਜੀਵ ਤੇ ਪਾਰਕ ਵਿਭਾਗ ਵੱਲੋਂ ਗੁੱਡਵਿੱਲ ਅੰਬੈਸਡਰ ਬਣਾਇਆ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਉਸ ਨੂੰ ‘ਸਰਟੀਫਿਕੇਟ ਆਫ਼ ਐਕਸੀਲੈਂਸ’ ਸਨਮਾਨ ਦਿੱਤਾ ਗਿਆ। ਲਹਿੰਦਾ ਪੰਜਾਬ ਸਰਕਾਰ ਨੇ 2017 ਵਿੱਚ ਢਾਈ ਲੱਖ ਰੁਪਏ ਨਗਦ ਇਨਾਮ ਵਾਲੇ ‘ਫਾਤਿਮਾ ਜਿਨਾਹ ਐਕਸੀਲੈਂਸ ਐਵਾਰਡ’ ਨਾਲ ਸਨਮਾਨਤ ਕੀਤਾ। ਇਹ ਸਨਮਾਨ ਵੱਖ-ਵੱਖ ਖੇਤਰਾਂ ਦੀਆਂ ਪੰਜ ਔਰਤਾਂ ਨੂੰ ਦਿੱਤਾ ਗਿਆ ਸੀ। ਸਾਲ 2016 ਵਿੱਚ ਪੰਜਾਬ ਸਰਕਾਰ ਵੱਲੋਂ ਪੋਲੀਓ ਵਿਰੋਧੀ ਮੁਹਿੰਮ ਵਿੱਚ ਆਨਰੇਰੀ ਯੂਥ ਅੰਬੈਸਡਰ ਨਿਯੁਕਤ ਕੀਤਾ। ਸਾਲ 2015 ਵਿੱਚ ਵਿਮੈਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਡਬਲਿਊ.ਸੀ.ਸੀ.ਆਈ.) ਵੱਲੋਂ ‘ਲੌਰੈਲ ਆਫ਼ ਆਨਰ’ ਐਵਾਰਡ ਨਾਲ ਸਨਮਾਨਤ ਕੀਤਾ।

Leave a Reply

Your email address will not be published. Required fields are marked *