‘ਰੇਤ ’ਤੇ ਪਈ ਬੇੜੀ’ ਦੀ ਬਿੰਬਾਤਮਕ ਵਿਵੇਚਨਾ

ਸਾਹਿਤਕ ਤੰਦਾਂ

ਡਾ. ਪਰਮਜੀਤ ਸਿੰਘ ਸੋਹਲ
ਜਗਤਾਰਜੀਤ ਕਲਾਤਮਿਕ ਸੂਝ-ਬੂਝ ਦਾ ਮਾਲਕ ਬਹੁਵਿਧਾਈ ਸਾਹਿਤਕਾਰ ਹੈ। ਉਸਨੇ ਚਿੱਤਰ ਕਲਾ ਤੇ ਚਿੱਤਰਕਾਰਾਂ ਦੀਆਂ ਕਲਾਕ੍ਰਿਤਾਂ ਦੀ ਬੜੀ ਸਾਦਾ, ਸਟੀਕ ਤੇ ਸੁਖੈਨ ਭਾਸ਼ਾ ਵਿੱਚ ਵਿਸ਼ਲੇਸ਼ਣਕਾਰੀ ਕੀਤੀ ਹੈ। ਇਸ ਖੇਤਰ ਵਿੱਚ ਉਸਦੀ ਦੇਣ ਵਿਲੱਖਣ ਹੈ। ਜਿੱਥੋਂ ਤੱਕ ਕਵਿਤਾ ਦਾ ਸਬੰਧ ਹੈ, ਜਗਤਾਰਜੀਤ ਨੂੰ ਆਪਣੀਆਂ ਨਜ਼ਮਾਂ ਅੰਦਰ ਕਿਸੇ ਇੱਕ ਬਿੰਬ ’ਚੋਂ ਪੂਰਾ ਦ੍ਰਿਸ਼ ਉਸਾਰ ਦੇਣਾ ਵੀ ਆਉਂਦਾ ਹੈ। ਉਹ ਕਵਿਤਾ ਦੀ ਪਹਿਲੀ ਸਤਰ ਤੋਂ ਆਖ਼ਰੀ ਸਤਰ ਤੱਕ ਮੁਕੰਮਲ ਤਸਵੀਰ ਉਲੀਕ ਦਿੰਦਾ ਹੈ। ਲਗਦਾ ਹੈ, ਜਿਵੇਂ ਜੀਵਨ ਦਾ ਸਮੁੱਚਾ ਦ੍ਰਿਸ਼ ਪਰਤ-ਦਰ-ਪਰਤ ਸਾਕਾਰ ਹੋ ਰਿਹਾ ਹੋਵੇ। ਇਹ ਉਸਦੇ ਅੰਦਰਲੇ ਸਿਰਜਨਾਤਮਕ ਆਪੇ ਦਾ ਜਲੌਅ ਹੈ। ਇਸ ਲਿਹਾਜ ਨਾਲ ਉਹ ਪੰਜਾਬੀ ਕਵਿਤਾ ਵਿੱਚ ਵਿਲੱਖਣਤਾ ਨੂੰ ਬਰਕਰਾਰ ਰੱਖਣ ਵਾਲਾ ਕਾਵਿ ਸਿਰਜਕ ਹੈ।

‘ਰੇਤ ’ਤੇ ਪਈ ਬੇੜੀ’ ਕਾਵਿ-ਪੁਸਤਕ ਵਿੱਚ ਜਗਤਾਰਜੀਤ ਸਿੰਘ ਨੇ ਬਹੁਪੱਖੀ ਵਿਸ਼ਿਆਂ ਨੂੰ ਲੈ ਕੇ ਪ੍ਰਤੀਕਾਤਮਕ ਕਵਿਤਾਵਾਂ ਰਚੀਆਂ ਹਨ; ਪਰ ਇਹ ਜ਼ਿੰਦਗੀ ਅਤੇ ਕੁਦਰਤ ਦੇ ਸਰੋਕਾਰਾਂ ਦੇ ਇਰਦ-ਗਿਰਦ ਹੀ ਰਹਿੰਦੀਆਂ ਹਨ। ਉਹਦੀ ਕਾਵਿਕਾਰੀ ਵਿੱਚ ਅੱਗ, ਬਸੰਤ, ਰੁੱਖ, ਪੱਤੀਆਂ, ਦਿਨ, ਰਾਤ, ਨਦੀ, ਸਮੁੰਦਰ, ਬਰਫ਼, ਚੰਨ, ਸੂਰਜ, ਹਵਾ, ਬੱਦਲ, ਤਾਰੇ, ਸਮੁੰਦਰ ਜੁਗਨੂੰ, ਬੂੰਦ, ਉਡਾਰੀ, ਬੇੜੀ, ਬੱਚਾ, ਪਰਛਾਵੇਂ, ਹਾਸਾ, ਹੰਝੂ, ਮੌਤ, ਘਰ, ਦੇਸ਼, ਕਰਤਾਰਪੁਰ, ਬਾਬੇ ਨਾਨਕ ਦੀ ਵੇਈਂ, ਸਿਲਤ ਆਦਿ ਵਿਵਿਧ ਕਿਸਮ ਦੀ ਸ਼ਬਦਾਵਲੀ ਸ਼ੁਮਾਰ ਹੁੰਦੀ ਹੈ।
ਮੈਂ ਕਈ ਵਾਰ ਉਸਦੀ ਕਵਿਤਾ ਨੂੰ ਅੰਤ ਤੋਂ ਆਦਿ ਤੱਕ ਪੜ੍ਹ ਕੇ ਵੀ ਦੇਖਿਆ ਹੈ, ਉਸਦਾ ਬੱਝਵਾਂ ਪ੍ਰਭਾਵ ਕਦਾਚਿਤ ਖੰਡਿਤ ਨਹੀਂ ਹੁੰਦਾ। ਮਿਸਾਲ ਵਜੋਂ ਉਸਦੀ ‘ਜੁਗਨੂੰ ਕਵਿਤਾ ਪੜ੍ਹ ਸਕਦੇ ਹੋ। ਉਹ ਬਿੰਬਾਤਮਕ ਸ਼ੈਲੀ ਅਪਨਾਉਂਦਾ ਹੈ। ਕਿਸੇ ਵੀ ਵਰਤਾਰੇ ਦੀਆਂ ਅਦਿੱਖ ਪਰਤਾਂ ਨੂੰ ਉਜਾਗਰ ਕਰਨਾ ਉਸਦੀ ਕਾਵਿਕਾਰੀ ਦਾ ਅਮਲ ਖੇਤਰ ਹੈ।
ਜਗਤਾਰਜੀਤ ਦੀ ‘ਰੇਤ ਤੇ ਪਈ ਬੇੜੀ’ ਪੜ੍ਹ ਕੇ ਤੁਸੀਂ ਆਪਣੇ ਆਪ ਨੂੰ ਭਰਿਆ-ਭਰਿਆ, ਤ੍ਰਿਪਤ-ਤ੍ਰਿਪਤ ਮਹਿਸੂਸ ਕਰਦੇ ਹੋ। ਜ਼ਿੰਦਗੀ ਦੇ ਨਾਲ ਨਾਲ ਕੁਦਰਤ ਦੇ ਅਨੇਕ ਦ੍ਰਿਸ਼ਾਂ ਸੰਗ ਰਲ-ਮਿਲ ਕੇ ਵਿਚਰਨ ਦੀ ਜਾਚ ਸਿੱਖਣ ਲਈ ਉਸਦੀ ਇਹ ਕਿਤਾਬ ਪ੍ਰੇਰਿਤ ਕਰਦੀ ਹੈ। ਜਗਤਾਰਜੀਤ ਕੋਲ ਬੱਚੇ ਦੀ ਕੱਪੜੇ ’ਚ ਬੱਦਲਾਂ ਨੂੰ ਬੰਨ੍ਹ ਲੈਣ ਦੀ ਲਾਲਸਾ ਭਰੀ ਮਾਸੂਮੀਅਤ ਨੂੰ ਉਲੀਕ ਦੇਣ ਦੀ ਸੂਖਮ ਦ੍ਰਿਸ਼ਟੀ ਹੈ। ਉਹ ਸੂਰਜ ਕਿਰਨਾਂ ਦੇ ‘ਹਾਰ’ ਹਨੇਰਿਆਂ ਨਾਲ ਲੜ ਕੇ ਆਉਣ ਵਾਲਿਆਂ ਦੇ ਗਲਾਂ ਵਿੱਚ ਪਾਉਣਾ ਚਾਹੁੰਦਾ ਹੈ।
ਕਿਤਾਬ ਦੇ ਸਿਰਲੇਖ ਵਾਲੀ ਕਵਿਤਾ ‘ਰੇਤ ’ਤੇ ਪਈ ਬੇੜੀ’ ਗਰਮ ਰੁੱਤੇ ਸੁੱਕੀ ਰੇਤ ’ਤੇ ਪਈ ਬੇੜੀ ਦੇ ਬਿੰਬ ਰਾਹੀਂ ਮਾਰਮਿਕਤਾ ਦਰਸਾਉਂਦੀ ਹੈ। ਮੱਛੀ ਵਾਂਗ ਰੇਤ ’ਤੇ ਨਦੀ ਕੰਢੇ ਪਈ ਬੇੜੀ ਨੂੰ ਰੇਤ ਕਣਾਂ ’ਤੇ ਜੀਵਨ ਦੇ ਸਾਹ ਨਹੀਂ ਨਸੀਬ ਹੋ ਸਕਦੇ। ਉਸਦੇ ਸਾਹ ਪਾਣੀ ਦੀਆਂ ਲਹਿਰਾਂ ਨਾਲ ਚਲਦੇ ਹਨ। ਰੇਤ `ਤੇ ਪਈ ਬੇੜੀ ਨੂੰ ਪਾਣੀਆਂ ’ਚ ਉਤਾਰਨ ਦਾ ਸੁਭਾਗ ਨਹੀਂ ਮਿਲਦਾ। ਉਸਦੇ ਸਵਾਲ ਦਾ ਜਵਾਬ ਵੀ ਨਦੀ ਨਹੀਂ ਦਿੰਦੀ। ਇਸ ਦੇ ਬਾਵਜੂਦ ਰੇਤ ’ਤੇ ਪਈ ਬੇੜੀ ਆਸ ਦਾ ਪੱਲਾ ਨਹੀਂ ਛੱਡਦੀ, ਉਸ ਨੂੰ ਅਜੇ ਵੀ ਨਦੀ ਦੇ ਪਾਣੀਆਂ ’ਤੇ ਠਿੱਲ੍ਹਣ ਦੀ ਉਮੀਦ ਹੈ। ਬੇਸ਼ਕ ਕਵਿਤਾ ਵਿੱਚ ਸਿਰਜੀ ਸਥਿਤੀ ਉਦਾਸੀ ਦੇ ਆਲਮ ਦਾ ਬਿਓਰਾ ਪੇਸ਼ ਕਰਦੀ ਹੈ, ਪਰ ਆਖ਼ਰ ਵਿੱਚ ਬੇੜੀ ਨੂੰ ਆਸਵੰਦ ਚਿਤਰਿਆ ਗਿਆ ਹੈ। ਜੀਵਨ ਦਾ ਚੌਗਿਰਦਾ ਉਦਾਸੀ ਦੇ ਆਲਮ ਵਿੱਚ ਡੋਬਦਾ ਹੈ, ਰੇਤਾ ਬੇਰਸ ਜ਼ਿੰਦਗੀ ਦਾ ਪ੍ਰਤੀਕ ਹੈ, ਬੇੜੀ ਜੀਵਨ ਦਾ ਪ੍ਰਤੀਕ ਹੈ, ਜਿਸ ਦੇ ਸਾਹ ਪਾਣੀ ਦੀਆਂ ਲਹਿਰਾਂ ਨਾਲ ਚਲਦੇ ਹਨ।
ਇੱਕ ਹੋਰ ਕਵਿਤਾ ‘ਬੇੜੀਆਂ’ ਵਿੱਚ ਬੱਚਿਆਂ ਦੀਆਂ ਕਾਗਦੀ ਬੇੜੀਆਂ ਦਾ ਮੰਜਰ ਦੇਖ ਉਹ ਕਹਿ ਉਠਦਾ ਹੈ:
ਸਾਰਾ ਮੰਜਰ ਦੇਖ ਲੱਗੇ
ਇੱਥੇ ਬੇੜੀਆਂ ਦਾ ਨਹੀਂ
ਸੁਫ਼ਨਿਆਂ ਦਾ ਕਤਲ ਹੋਇਆ ਹੈ।
‘ਸੂਰਜ ਕਿਰਨ’ ਕਵਿਤਾ ਦਰਸਾਉਂਦੀ ਹੈ ਕਿ ਸੂਰਜੀ ਧੁੱਪ ਛਾਂ ਦੀ ਉਧੇੜ-ਬੁਣ ਰਾਹੀਂ ਮਨੁੱਖ ਆਪਣੀਆਂ ਤਹਿਆਂ ਉਧੇੜਦਾ ਹੈ, ਜਦ ਕਿ ਸੂਰਜ ਦੇ ਅਸਤਣ ਤੀਕ ਇਕਹਿਰੀ ਲੋਅ, ਤਪਤ ਨਾਲ ਵੀ ਜੀਅ ਪਰਚਾਇਆ ਜਾ ਸਕਦਾ ਹੈ। ਕੁਦਰਤੀ ਵਰਤਾਰਿਆਂ ਬਾਰੇ ਲਿਖੀਆਂ ਕਵਿਤਾਵਾਂ ਵਿੱਚੋਂ ਜਗਤਾਰਜੀਤ ਦੀ ਇੱਕ ਕਵਿਤਾ ‘ਹਵਾ’ ਹੈ, ਜਿਸ ਵਿੱਚ ਘਾਹ ਤੇਜ਼ ਹਵਾ ਅੱਗੇ ਨਤਮਸਤਕ ਹੁੰਦਾ ਹੈ, ਪਰ ਜਦੋਂ ਹਵਾ ਲੰਘ ਜਾਂਦੀ ਹੈ ਤਾਂ ਘਾਹ ਦੀਆਂ ਪੱਤੀਆਂ ਫਿਰ ‘ਸਿੱਧੀਆਂ ਖੜੀਆਂ’ ਹੋ ਜਾਂਦੀਆਂ ਹਨ। ਉਹਦੀ ਕਵਿਤਾ ਵਿੱਚ ਪਹਾੜੀ ਪਗਡੰਡੀਆਂ ਦੇ ਰਾਹ ਪਰਬਤੀਂ ਹੋ ਥਿਰਕਦੇ ਮੇਘਾਂ ਤੱਕ ਜਾਂਦੇ ਹਨ। ਅਜਿਹੇ ਬਹੁਤ ਸਾਰੇ ਕੁਦਰਤੀ ਦ੍ਰਿਸ਼ਾਂ ਦੀ ਬਿੰਬਾਵਲੀ ਜਗਤਾਰਜੀਤ ਦੀ ਕਵਿਤਾ ਰਾਹੀਂ ਵਿਮੋਹਿਤ ਕਰਦੀ ਹੈ।
ਜਿੱਥੇ ‘ਚਲ ਪੌਣੇ’ ਕਵਿਤਾ ਦੀ ਲੈਅ ਸੁਹਜਾਤਮਕਤਾ ਤੇ ਪ੍ਰਗੀਤਕਤਾ ਦਾ ਸੁਮੇਲ ਹੈ। ਉਸਦੀ ਕਵਿਤਾ ਪ੍ਰਗੀਤਕਤਾ ਦਾ ਹੱਥ ਵੀ ਫੜ ਕੇ ਤੁਰਨ ਲਗਦੀ ਹੈ:
ਨੀ ਖੁਸ਼ਬੂਏ ਕਿਧਰ ਤੂੰ ਚਲੀ
ਅਜੇ ਤਾਂ ਸਜਰੀ-ਸਜਰੀ ਸੰਝ ਉਤਰੀ ਹੈ।
ਜਗਤਾਰਜੀਤ ਦੀ ‘ਬੇਬਸੀ’ ਮੁਕਤਕ ਕਵਿਤਾ ਦੇ ਪੰਜ ਬੰਦ ਹਨ। ਕਿਸੇ ਗ਼ਜ਼ਲ ਦੇ ਕਾਫ਼ੀਏ ਵਾਂਗ ਹਰ ਬੰਦ ਦਾ ਅੰਤ ‘ਬੇਬਸੀ’ ’ਤੇ ਜਾ ਕੇ ਹੁੰਦਾ ਹੈ। ਸਵੈ, ਸਮਾਜ ਤੇ ਕੁਦਰਤੀ ਵੇਰਵੇ ਜਿਵੇਂ ਬੇਬਸੀ ਦੀ ਤੁਕਬੰਦੀ ’ਤੇ ਢੁਕਾ ਦਿੱਤੇ ਗਏ ਹੋਣ। ਇਸੇ ਤਰ੍ਹਾਂ ‘ਕੀਤੀ ’ਤੇ ਸ਼ਰਮ ਨਾ ਆਵੇ’ ਕਵਿਤਾ ਕੁੰਡਲੀਏ ਛੰਦ ਵਾਂਗ ਮੁਕਤਕ ਰੂਪ ਵਿੱਚ ਲਿਖੀ ਗਈ ਹੈ। ਅਤਿ ਗਰਮੀ ਵਿੱਚ ਤਪਦਾ ਸੂਰਜ ਅੱਗ ਲਿਆਉਂਦਾ ਹੈ। ਆਦਮ ਜਾਤ ਨੂੰ ਆਪਣੇ ਕੀਤੇ ਕਰਮਾਂ ’ਤੇ ਸ਼ਰਮ ਨਹੀਂ ਆਉਂਦੀ। ਕਵੀ ਨੇ ਅਜਿਹੇ ਭਾਵਾਂ ਨੂੰ ਪ੍ਰਗਟ ਕਰਨ ਲਈ ਹਰ ਸਤਰ ਦੇ ਕੁਝ ਅੰਤਲੇ ਸ਼ਬਦਾਂ ਨੂੰ ਅਗਲੀ ਤੁਕ ਦਾ ਆਦਿ ਬਣਾ ਕੇ ਅੰਤਲੀ ਸਤਰ ਤੱਕ ਇਹ ਵਿਧਾਨ ਨਿਭਾਇਆ ਹੈ। ਇਸ ਨੂੰ ਛੰਦਾਬੰਦੀ ਦੇ ਪ੍ਰਯੋਗ ਵਾਂਗ ਹੀ ਲਿਆ ਜਾਣਾ ਚਾਹੀਦਾ ਹੈ। ਅੰਗਰੇਜ਼ੀ ਦੀ ਬਹੁਤ ਸਾਰੀ ਰਿਦਮਿਕ ਕਵਿਤਾ ਰਾਈਮਾਂ ’ਚ ਲਿਖੀ ਮਿਲਦੀ ਹੈ।
ਜਗਤਾਰਜੀਤ ਕੁਦਰਤ ਦੇ ਵਰਤਾਰਿਆਂ ਨੂੰ ਜ਼ਿੰਦਗੀ ਦੇ ਸਨਮੁਖ ਰੱਖ ਕੇ ਫੜਦਾ ਹੈ। ‘ਸ਼ਾਮ’ ਕਵਿਤਾ ਚੜ੍ਹ ਕੇ ਆਏ ਬੱਦਲਾਂ ਦੀ ਆਮਦ ਦਾ ਦ੍ਰਿਸ਼ ਮਨਮੋਹਕ ਹੈ। ਉਹ ਹਾਸੇ-ਰੋਣੇ ਵਿੱਚ ਸਮੁੱਚਾ ਸ਼ਾਮਲ ਹੁੰਦਾ ਹੈ। ਅੱਖਾਂ ਤੋਂ ਲੈ ਕੇ ਪੈਰਾਂ ਦੇ ਪੋਟਿਆਂ ਤੀਕ ਮੁਕੰਮਲ ਹਾਸੇ ਦੀ ਬਾਤ ਪਾਉਂਦਾ ਹੈ। ਮਨੁੱਖ ਦਾ ਹਾਸਾ ਤੇ ਰੋਣਾ ਹੀ ਮਨੁੱਖੀਪਣ ਦੀ ਮੁਕੰਮਲਤਾ ਦਾ ਜ਼ਾਮਨ ਹੈ। ਹਾਸੇ ਤੇ ਰੋਣ ਦੀਆਂ ਹਾਲਤਾਂ ਜੀਵਨ ਦੇ ਨਜ਼ਦੀਕ ਦੇਖ ਕੇ ਦਿਖਾ ਦੇਣ ’ਚ ਹੀ ਕਵਿਤਾ ਦੀ ਸਾਰਥਕਤਾ ਹੈ।
ਪ੍ਰਾਕ੍ਰਿਤੀ ਦੇ ਸੁਹੱਪਣ ਵਿੱਚ ਰੁੱਤਾਂ ਦੀ ਅਹਿਮੀਅਤ ਹੈ। ਮਨੁੱਖ ਸਦੀਆਂ ਤੋਂ ਮੌਸਮਾਂ ਅਨੁਸਾਰ ਵਿਚਰਦਾ ਆਇਆ ਹੈ। ਇਹ ਸਿਲਸਿਲਾ ਇਵੇਂ ਹੀ ਚਲਦਾ ਰਹਿੰਦਾ ਹੈ। ਮੌਸਮਾਂ ਬਾਰੇ ਗੱਲਬਾਤ ਮਨੁੱਖੀ ਫ਼ਿਤਰਤ ਦਾ ਹਿੱਸਾ ਹੈ। ‘ਮੌਸਮ’ ਤੋਂ ਬਚਣ ਦਾ ਕਿਸੇ ਕੋਲ ਪੱਕਾ ਉਪਾਅ ਨਹੀਂ ਹੈ। ‘ਬਸੰਤ’ ਬਿਰਖਾਂ ਦੀਆਂ ਨੰਗ ਮੁਨੰਗੀਆਂ ਟਾਹਣੀਆਂ ਨੂੰ ਪੱਤਿਆਂ ਦਾ ਲਿਬਾਸ ਪਹਿਨਾ ਸੰਪੂਰਨਤਾ ਲਿਆਉਂਦੀ ਹੈ। ਬਸੰਤ ਦੀ ਆਮਦ ’ਤੇ ਰੁੱਖ ਆਪਣਾ ਕਜਣ ਰਚ ਲੈਂਦੇ ਹਨ ਤੇ ਮੁਸਾਫ਼ਿਰਾਂ ਲਈ ਨਰਮ ਨਰਮ ਘਾਹ ਉਪਰ ਛਾਂਦਾਰ ਗਲੀਚਾ ਵਿਛਾ ਦਿੰਦੇ ਹਨ। ਇੱਕ ਹੋਰ ‘ਬਸੰਤ’ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਮਾਂ ਬੱਚੇ ਦੇ ਸੰਦਰਭ ਵਿੱਚ ਦੂਰ ਹੁੰਦੀ ਮਾਂ ਦੀਆਂ ਯਾਦਾਂ ਨੂੰ ਸ਼ੁਮਾਰ ਕਰਦਾ ਹੈ। ਬੱਚੇ ਤੋਂ ਬਾਪ ਬਣਨ ਦੇ ਅੰਤਰਾਲ ਵਿੱਚ ਮਾਂ ਦੀ ਇਕਹਿਰੀ ਧੁੰਦਲੀ ਯਾਦ ਹੀ ਰਹਿ ਜਾਂਦੀ ਹੈ।
ਪਾਣੀ ਬੂੰਦਾਂ, ਬਰਫ਼ਾਂ, ਤਲਾਅ, ਨਦੀਆਂ ਤੇ ਸਮੁੰਦਰ ਅਤੇ ਬੱਦਲਾਂ ਦੇ ਰੂਪ ਵਿੱਚ ਵਾਰ ਵਾਰ ਕਵੀ ਦੇ ਅਵਚੇਤਨ ਤੋਂ ਕਾਵਿ ਸਿਰਜਣਾ ਦਾ ਹਿੱਸਾ ਬਣਦਾ ਹੈ। ਪ੍ਰਕਿਰਤੀ ਦਾ ਸੁਹੱਪਣ ਕਿਸੇ ਕੱਲੀ ਕਾਰੀ ‘ਬੂੰਦ’ ਵਿੱਚੋਂ ਝਲਕਾਂ ਮਾਰ ਉਠਦਾ ਹੈ। ‘ਬੂੰਦ’ ਕਵਿਤਾ ਇਕੱਲੇ ਬਿੰਬ ਦੁਆਲੇ ਸਿਰਜੀ ਹੋਈ ਖ਼ੂਬਸੂਰਤ ਕਵਿਤਾ ਹੈ। ਪੁਸਤਕ ਦੇ ਸਿਰਲੇਖ ਤੋਂ ਵੀ ਪਾਣੀ ਦੀ ਤਲਬ ਦਾ ਅਹਿਸਾਸ ਜਾਗਦਾ ਹੈ। ਹੋਰ ਕਈ ਕਵਿਤਾਵਾਂ ਵਿੱਚ ਵੀ ਇਹ ਤੇਹ ਹਾਜ਼ਰ ਨਾਜ਼ਰ ਹੈ। ‘ਸਮੁੰਦਰ’ ਕਵਿਤਾ ਸਮੁੰਦਰ ਕੰਢੇ ਵਿਛੀ ਰੇਤ `ਤੇ ਪਏ ਸੈਲਾਨੀ ਦੇ ਸਕੂਨ ਨੂੰ ਰੂਪਮਾਨ ਕਰਦੀ ਹੈ। ਲਹਿਰਾਂ ਦਾ ਗੀਤ ਸੈਲਾਨੀ ਦੀ ਸਿਮਰਤੀ ਦਾ ਬਿੰਬ ਹੈ। ਦੂਜੀ ਕਵਿਤਾ ‘ਸਮੁੰਦਰ’ ਦੇ ਸੱਦੇ ’ਚੋਂ ਪ੍ਰਕ੍ਰਿਤੀ ਦਾ ਦਿਲਕਸ਼ ਅੰਦਾਜ਼ ਮਹਿਸੂਸ ਹੋ ਜਾਂਦਾ ਹੈ। ਜੇ ਮਹਿਜ਼ ਸਮੁੰਦਰ ਬਾਰੇ ਸੁਣਿਆ ਹੈ ਤਾਂ ਉਸ ਸੁਣਨ ਨੂੰ ਦੇਖਣ ਤੇ ਜਾਣਨ ਵਿੱਚ ਬਦਲਣ ਲਈ ਸਮੁੰਦਰ ਨੂੰ ਮਿਲਣਾ ਵੀ ਜ਼ਰੂਰੀ ਹੈ। ‘ਮੈਂ ਤੇ ਸਮੁੰਦਰ’ ਕਵਿਤਾ ਦੇ ਆਰ-ਪਾਰ ਸਮੁੰਦਰ ਤੇ ਰੇਗਿਸਤਾਨ ਦੇ ਵਿਰੋਧੀ ਬਿੰਬ ਵਿਦਮਾਨ ਹਨ, ਜਿਨ੍ਹਾਂ ਵਿਚਾਲੇ ਕਵੀ ਦੀ ਹੋਂਦ ਰੋਕ ਬਣੀ ਪਈ ਹੈ। ਕਵਿਤਾ ਦੇ ਅਰਥ ਦੋਹਾਂ ਬਿੰਬਾਂ ਦੇ ਵਿਚਾਲੇ ਸੁੰਗੜਦੇ ਫੈਲਦੇ ਰਹਿੰਦੇ ਹਨ। ‘ਆਵਾਜ਼’ ਕਵਿਤਾ ਚੜ੍ਹਦੀਆਂ ਲਹਿਰਾਂ ਦੇ ਬਿੰਬ ਨਾਲ ਸਬੰਧਿਤ ਹੈ। ਕਵੀ ਜਦੋਂ ਸਮੁੰਦਰ ਵੱਲ ਪਿੱਠ ਕਰਕੇ ਘਰ ਪਰਤਦਾ ਹੈ ਤੇ ਆ ਕੇ ‘ਸ਼ਹਿਰ ਸਾਗਰ’ ’ਚ ਡੁਬਦਾ ਹੈ, ਤਦ ਵੀ ਉਹਦੀ ਪਿੱਠ ਪਿੱਛੇ ਚੜ੍ਹਦੀਆਂ-ਉਤਰਦੀਆਂ ਲਹਿਰਾਂ ਦੀ ਆਵਾਜ਼ ਆਉਂਦੀ ਹੈ। ਇਸ ਪ੍ਰਕਾਰ ‘ਆਵਾਜ਼’ ਕਵਿਤਾ ਇੱਕ ਬਿੰਬ ਦੀ ਬੁੱਕਲ ਮਾਰ ਲੈਂਦੀ ਹੈ।
ਕਵੀ ਦੁਆਰਾ ਪਿੱਪਲ ਪੱਤੇ ਨੂੰ ਬੇੜੀ ਬਣਾ ਪਾਣੀ ਦੇ ਟੋਏ ਨੂੰ ਪਾਰ ਕਰਨਾ ਲੋਚਦੀ ਕੁੜੀ ਦਾ ਦ੍ਰਿਸ਼ ਕਲਾਤਮਿਕ ਦ੍ਰਿਸ਼ਟੀ ਰਾਹੀਂ ਰੂਪਮਾਨ ਕੀਤਾ ਜਾਂਦਾ ਹੈ। ਇਸੇ ਪ੍ਰਕਾਰ ਖੁਰਦਾ ਚਿੱਟਾ ਕਬੂਤਰ ਬਰਫ਼ ਦੇ ਅਹਿਸਾਸ ਦੀ ਠੰਡਕ ਬਣ ਜਾਂਦਾ ਹੈ, ਜਿਸ ਦੀ ਖੁਰਦੀ ਚਿੱਟੀ ਬਰਫ਼ ਦੀ ਪ੍ਰਤੀਕਾਤਮਕਾ ਵਿੱਚ ਕਬੂਤਰ ਦਾ ਫਿਸਲਨਾ ਸਿਮਰਤੀ ਬਿੰਬ ਬਣ ਜਾਂਦਾ ਹੈ।
‘ਨਦੀ’ 1 ਤੇ 2 ਵਿੱਚ ਜਗਤਾਰਜੀਤ ਦਾ ਨਜ਼ਰੀਆ ਹੈ ਕਿ ਨਦੀ ਆਪਣੇ ਪਾਣੀ ਨਾਲ ਪਛਾਣੀ ਜਾਂਦੀ ਹੈ, ਨਾਂ ਨਾਲ ਨਹੀਂ। ਹਰ ਨਦੀ ਦੀ ਸ਼ੁਰੂਆਤ ਇਵੇਂ ਪਾਣੀ ਨਾਲ ਹੁੰਦੀ ਹੈ। ਰਾਹ ਦੀਆਂ ਅਨੇਕ ਮੁਸ਼ਕਲਾਂ ਨਾਲ ਮੱਥਾ ਲਾਉਂਦੀ ਉਹ ਆਪਣੀ ਹੋਂਦ ਨੂੰ ਜਿੰਦਾ ਰੱਖਦੀ ਹੈ। ਨਦੀ ਦੇ ਉਦਗਮ ਤੋਂ ਲੈ ਕੇ ਵਿਚਰਨ ਤੇ ਜ਼ਿੰਦਾ ਰਹਿਣ ਤੋਂ ਹੀ ਨਦੀ ਦੇ ਕਠਿਨ ਜੀਵਣ ਦੀ ਗਵਾਹੀ ਮਿਲਦੀ ਹੈ।
‘ਬੱਦਲਾ ਵੇ ਬੱਦਲਾ’ ਨਾਮੀ ਪ੍ਰਗੀਤਕ ਰਚਨਾ ਵਿੱਚ ਕਾਲੀਦਾਸ ਦੇ ‘ਮੇਘਦੂਤ’ ਵਾਂਗ ਬੱਦਲਾਂ ਨੂੰ ਸਬੰਧਿਤ ਹੁੰਦਿਆਂ ਅੰਤ ਮੀਂਹ ਦੀ ਅਰਜ਼ੋਈ ਭਰੇ ਨਹੋਰੇ ਨਾਲ ਕੀਤਾ ਗਿਆ ਹੈ। ਪਹਾੜਾਂ, ਬੱਦਲਾਂ ਨਾਲ ਮਨੁੱਖ ਦਾ ਮੁੱਢ-ਕਦੀਮੀ ਰਿਸ਼ਤਾ ਹੈ। ਜਿੱਥੇ ਪਹਾੜੀ ਚੜ੍ਹਾਈ-ਉਤਰਾਈ ਜੀਵਨ ਦੀਆਂ ਦਿੱਕਤਾਂ-ਸੌਖਾਂ ਦਾ ਆਭਾਸ ਕਰਾਉਂਦੀ ਹੈ, ਉਥੇ ਬੱਦਲਾਂ ਦੀ ਸਿਖਰ ਛੂਹਣ ਦੀ ਕਲਪਨਾ ਹਮੇਸ਼ਾ ਰੁਮਾਂਚਿਤ ਕਰਦੀ ਹੈ। ‘ਮੈਂ ਤੇ ਬੱਦਲ’ ਕਵਿਤਾ ਵਿੱਚ ਅਜਿਹੇ ਭਾਵਾਂ ਦਾ ਪ੍ਰਤੀਕੀਕਰਣ ਕੀਤਾ ਗਿਆ ਹੈ। ‘ਬੱਚਾ ਤੇ ਬੱਦਲ’ ਕਵਿਤਾ ਵਿੱਚ ਜਦੋਂ ਬੱਦਲ ਹਵਾ ਨਾਲ ਉਡ ਜਾਂਦੇ ਹਨ ਤਾਂ ਬੱਚੇ ਦੀਆਂ ਅੱਖਾਂ ’ਚੋਂ ਗੱਲ੍ਹਾਂ `ਤੇ ਢਲਕ ਆਏ ਸਲੂਣੇ ਪਾਣੀ ਦੇ ਸਵਾਦ ਦਾ ਬਿੰਬ ਪਾਠਕ ਦੀ ਜੀਭ ’ਤੇ ਤਰੌਂਕ ਦੇਣ ਵਰਗੀ ਸੰਵੇਦਨਸ਼ੀਲਤਾ ਦਾ ਅਹਿਸਾਸ ਹੁੰਦਾ ਹੈ।
‘ਇਸ ਵਾਰ’ ਕਵਿਤਾ ਵਿੱਚ ਮਾਂ, ਬੱਚੇ ਤੇ ਬੱਦਲਾਂ ਦੀ ਖੇਡ ਨੂੰ ਕਵੀ ਨੇ ਬਿਆਨਦਿਆਂ ਇੱਕ ਪਾਸੇ ਕੁਦਰਤ ਦੇ ਰੰਗ ਰੱਖੇ ਹਨ, ਦੂਜੇ ਪਾਸੇ ਬੱਚੇ ਦੀ ਅਣਭੋਲਤਾ, ਤੀਜੇ ਪਾਸੇ ਮਾਂ ਦਾ ਮਮਤਾਭਾਵ ਤੇ ਚੌਥੇ ਸਥੂਲ ਯਥਾਰਥ ਰਲਾ ਕੇ ਕਵਿਤਾ ਨੂੰ ਮੁਕੰਮਲ ਆਕਾਰ ਦੇ ਦਿੱਤਾ ਹੈ। ਖੜ੍ਹੇ ਤਲਾਅ ਵਿੱਚ ਪ੍ਰਾਕ੍ਰਿਤਕ ਸੰਸਾਰ ਦਾ ਪਰਛਾਵਾਂ ਕਿਸੇ ਦੁਆਰਾ ਢੀਮ ਮਾਰਨ ਨਾਲ ਖ਼ਤਮ ਹੋ ਜਾਂਦਾ ਹੈ। ਗਹਿਰੇ ਅਰਥਾਂ ਵਿੱਚ ਜੀਵਨ-ਮੌਤ ਦੇ ਭੇਦਾਂ ਨੂੰ ‘ਤਲਾਅ’ ਕਵਿਤਾ ਵਿੱਚ ਖੋਲ੍ਹਣ ਦਾ ਜਤਨ ਕੀਤਾ ਹੈ।
ਫੁੱਲਾਂ, ਮਹਿਕਾਂ ਦਾ ਵੀ ਮਨੁੱਖੀ ਜ਼ਿੰਦਗੀ ਵਿੱਚ ਖ਼ਾਸ ਮਹੱਤਵ ਹੈ। ‘ਫੁੱਲ’ ਦਾ ਖਿੜਨਾ, ਮੁਰਝਾਉਣਾ ਜ਼ਿੰਦਗੀ ਦੇ ਸਬਕਾਂ ਨੂੰ ਦ੍ਰਿੜ੍ਹਾਉਂਦਾ ਹੈ। ‘ਫੁੱਲ’ ਕਵਿਤਾ ਦਾ ਪਾਠ ਸਾਡੇ ਅੰਦਰ ਖੇੜਾ ਲੈ ਆਉਂਦਾ ਹੈ। ਫੁੱਲ ਦੇ ਮੁਰਝਾਉਣ ਨਾਲ ਅਸੀਂ ਢਹਿੰਦੀ ਕਲਾ ’ਚ ਚਲੇ ਜਾਂਦੇ ਹਾਂ। ਰਾਤ ਪਿੱਛੋਂ ਜਦੋਂ ਸਵੇਰੇ ਖਿੜਨ ਸਮੇਂ ਫੁੱਲ ਪਹਿਲਾਂ ਵਰਗਾ ਨਹੀਂ ਰਹਿੰਦਾ, ਤਾਂ ਕਵੀ ਦੀਆਂ ਨਮ ਅੱਖਾਂ ਤੇ ਉਡੀ ਨੀਂਦ ਦੇ ਬਿੰਬ ਸਾਡੇ ਅੰਦਰ ਵੀ ਉਦਾਸੀ ਭਰ ਦਿੰਦੇ ਹਨ।
‘ਸ਼ਹੀਂਹ’ ਨਾਮੀ ਕਵਿਤਾ ਵੱਡੀ ਗੱਲ ਕਹਿਣ ਵਾਲੀ ਛੋਟੀ ਸੰਵੇਦਨਸ਼ੀਲ ਕਵਿਤਾ ਹੈ, ਜੋ ਕਵੀ ਨੇ ਕਿਤਾਬ ਦੇ ਸਰਵਰਕ ’ਤੇ ਮਗਰ ਵੀ ਦਰਜ ਕੀਤੀ ਹੈ। ਸਵਖ਼ਤੇ ਉੱਠਣ ਸਾਰ ਸ਼ਰੀਂਹ ਦੇ ਫੁੱਲਾਂ ਦੀ ਮਹਿਕ ਘਰ ਗਿਰਦ ਕੀ ਰਾਹ ਖੋਲ੍ਹਦੀ ਹੈ। ਦਰਅਸਲ, ਪ੍ਰਕ੍ਰਿਤੀ ਦਾ ਇਹ ਸਹਿਜ ਕਰਮ ਹੀ ਜ਼ਿੰਦਗੀ ਨੂੰ ਜੀਣ ਜੋਗੀ ਬਣਾਈ ਰੱਖਦਾ ਹੈ।
‘ਬਾਂਸ ਪੱਤੀਆਂ 1,2,3 ਵੀ ਸਾਰਥਕ ਕਵਿਤਾਵਾਂ ਹਨ। ਪਹਿਲੀ ਕਵਿਤਾ ਸੂਰਜ ਚੰਨ ਦੇ ਹਵਾਲਿਆਂ ਨਾਲ ਬਾਂਸ ਪੱਤੀਆਂ ਦੀ ਗੁਫ਼ਤਗੂ ਹੈ, ਜਿਸ ਵਿੱਚ ਲੰਘੇ ਤੇ ਆਉਣ ਵਾਲੇ ਦਿਨਾਂ ਦੀ ਦਿਨਚਰਿਯਾ ਦੀ ਗੱਲ ਹੈ। ਦੂਜੀ ਕਵਿਤਾ ਵਿੱਚ ਬਾਂਸ ਪੱਤੀਆਂ ਤਲੀਆਂ ’ਤੇ ਚਾਨਣੀ ਲੈ ਤੁਰਦੀਆਂ ਹਨ, ਤਲੀਆਂ ਦੀ ਚਾਨਣੀ, ਕੀਟ ਪਤੰਗ, ਬਿੰਡੇ ਦੀ ਆਵਾਜ਼ ਤੇ ਕਵੀ ਦੇ ਸਾਹਾਂ ਦੀ ਗਤੀ ਨਾਲ ਡੋਲਦੀ ਹੈ। ਤੀਜੀ ਕਵਿਤਾ ਵਿੱਚ ਰਾਤ ਨੂੰ ਬਾਂਸ ਪੱਤੀਆਂ ਦੇ ਥਿਰ ਹੋਣ ਦੀ ਗੱਲ ਹੈ, ਪਰ ਇਸ ਵਿੱਚ ਦੂਜ ਦਾ ਚੰਨ, ਧੌਲ਼ੀਆਂ ਬਦਲੋਟੀਆਂ ’ਚੋਂ ਖੇਡਦਾ ਉਸ ਬੇੜੀ ਵਾਂਗ ਚਲਾਇਮਾਨ ਹੈ, ਜਿਸ ਦਾ ਮਲਾਹ ਨਹੀਂ ਹੈ। ਪ੍ਰਾਕ੍ਰਿਤਕ ਵੇਰਵਿਆਂ ਨਾਲ ਭਰਪੂਰ ਇਨ੍ਹਾਂ ਬਾਂਸ ਪੱਤੀਆਂ ਦੇ ਵੇਰਵੇ ਪਾਠਕ ਦੇ ਚੇਤੇ ’ਚ ਠਹਿਰ ਜਾਂਦੇ ਹਨ।
ਜਗਤਾਰਜੀਤ ਦੀ ਕਵਿਤਾ ਜ਼ਿਆਦਾਤਰ ਬਿੰਬਾਤਮਕ ਭਾਸ਼ਾ ਵਿੱਚ ਲਿਖੀ ਗਈ ਹੈ। ‘ਪੂਰਨਮਾਸ਼ੀ ਦਾ ਚੰਨ’ ਕਵਿਤਾ ਵਿੱਚ ਏਕਮ ਤੋਂ ਪੁੰਨਿਆ ਤੱਕ ਸਫ਼ਰਗਤ ਚੰਨ ਦਾ ਮਾਨਵੀਕਰਨ ਬਾਕਮਾਲ ਹੈ। ‘ਰਾਤ ਦੇ ਹੰਝੂ’ ਕਵਿਤਾ ਪ੍ਰੇਮ ਤੇ ਵਿਛੋੜੇ ਦੇ ਪ੍ਰਸੰਗੀ ਭਾਵਾਂ ਨੂੰ ਪ੍ਰਾਕ੍ਰਿਤਕ ਰਾਤ ਦੇ ਮਾਨਵੀਕਰਨ ਰਾਹੀਂ ਵਿਅਕਤ ਕੀਤਾ ਗਿਆ ਹੈ। ਚੰਨ ਰਾਤ ਨੂੰ ਪਿਆਰ ਕਰਦਾ ਹੈ। ਨ੍ਹੇਰੇ ’ਚ ਲੁਕ ਕੇ ਰਾਤ, ਰਾਤ ਭਰ ਵਿਛੋੜੇ ’ਚ ਹੰਝੂ ਕੇਰਦੀ ਰਹਿੰਦੀ ਹੈ। ਸੂਰਜ ਨੂੰ ਘਾਹ ’ਤੇ ਪਈਆਂ ਬੂੰਦਾਂ (ਰਾਤ ਦੇ ਹੰਝੂਆਂ) ਤੋਂ ਸਾਰੀ ਵਿਥਿਆ ਪਤਾ ਲਗਦੀ ਹੈ। ਉਹ ਆਪਣੀਆਂ ਕਿਰਨਾਂ ਦੇ ਵਧੇ ਹੱਥਾਂ ਨਾਲ ਰਾਤ ਦੇ ਹੰਝੂ ਚੁਗ ਲੈਂਦਾ ਹੈ।
‘ਤਾਰਾ ਡੁੱਬ ਰਿਹਾ ਸੀ’ ਕਵਿਤਾ ਵਿੱਚ ਕਿਤੇ ਨਾ ਕਿਤੇ ਉਸ ਵਿਸ਼ਵਾਸ ਨਾਲ ਜਾ ਜੁੜਦੀ ਹੈ ਕਿ ਬਚਪਨ ਵਿੱਚ ਸਾਨੂੰ ਟੁੱਟਦੇ ਤਾਰੇ ਦੇਖਣ ਤੋਂ ਵਰਜਿਆ ਜਾਂਦਾ ਸੀ। ਕਵੀ ਜਿਸ ਡੁੱਬ ਰਹੇ ਤਾਰੇ ਨੂੰ ਵੇਖਦਾ ਹੈ, ਉਸ ਰਾਹੀਂ ਉਹ ਦਿਖਣ ਵਾਲੇ ਨਾਲ ਰਿਸ਼ਤਾ ਰੱਖਦਾ ਹੈ, ਅਦਿੱਖ ਨਾਲ ਨਹੀਂ। ਪਰ ਕਵੀ ਦਾ ਮੰਨਣਾ ਹੈ ਕਿ ਹਰ ਕੋਈ ਆਪੋ ਆਪਣੇ ਨਜ਼ਰੀਏ ਤੋਂ ਡੁੱਬ ਰਹੇ ਤਾਰਿਆਂ ਨੂੰ ਵੇਖਦਾ ਹੈ।
‘ਕੁਝ ਕਹੋ’ ਕਵਿਤਾ ਚੁੱਪ ਤੋੜਨ ਦੇ ਪ੍ਰਤੀਕਰਮ ਚਿਤਰਦੀ ਹੈ। ਵਗਦੀ ਹਵਾ, ਮੀਂਹ-ਕਣੀਆਂ ’ਚੋਂ ਕਿਸੇ ਇੱਕ ਦਾ ਪੱਤੇ ਦੀ ਨੋਕ ’ਤੇ ਅਟਕਣਾ, ਟਹਿਣੀ ’ਤੇ ਬੈਠੇ ਪਰਿੰਦੇ ਦਾ ਨਹੁੰਦਰਾਂ ਨਾਲ ਖੰਭ ਸਾਫ਼ ਕਰਕੇ ਚਹਿਕਣਾ, ਰੇਤ ਕਣਾਂ ਦਾ ਸਰਕਣਾ, ਜ਼ਖ਼ਮ ਦਾ ਖ਼ਰਾਸ਼ ਦੀ ਤਲਬ ਕਰਨਾ ਤੇ ਵੱਧ ਭਾਰ ਨਾਲ ਸ਼ਤੀਰ ਦੇ ਟੁੱਟਣ ਦਾ ਕ੍ਰਮ- ਇਹ ਸਾਰੇ ਮਹੀਨ ਬਿਰਤਾਂਤ ਹਨ, ਜੋ ‘ਕੁਝ ਕਹੋ’ ਕਵਿਤਾ ਦੀ ਬਿੰਬਾਵਲੀ ਦੇ ਆਰ-ਪਾਰ ਫੈਲੇ ਹੋਏ ਹਨ।
ਨਿੱਕੀਆਂ ਕਵਿਤਾਵਾਂ ਦੇ ਸਿਲਸਿਲੇ ਵਿੱਚ ਹੀ ਜਗਤਾਰਜੀਤ ਦੀ ‘ਰੰਗ’ ਕਵਿਤਾ ਵੀ ਬਹੁਤ ਪ੍ਰਭਾਵੀ ਹੈ। ਕਵਿਤਾ ਦਾ ਨਾਇਕ ਵਰ੍ਹਦੇ ਮੀਂਹ ’ਚ ਆਪਣੀ ਦੇਹ ਕੱਪੜੇ ਵਾਂਗ ਧੋਂਦਾ ਹੈ ਤੇ ਸੋਚਦਾ ਹੈ ਕਿ ਸ਼ਾਇਦ ਦਿਨਾਂ ਬਾਅਦ ਹੀ ਸਹੀ, ਵਰ੍ਹਦੇ ਮੀਂਹ ’ਚ ਨਹਾ ਕੇ ਦੇਹੀ ਦੇ ਪਹਿਲਾਂ ਜਿਹੇ ਰੰਗ ਨੂੰ ਪ੍ਰਾਪਤ ਕੀਤਾ ਜਾ ਸਕੇ। ਆਪਣੇ ਮਨ ਅੰਦਰ ਉਤਰ ਕੇ ਬੰਦਾ ਚੀਜ਼ਾਂ ਨਾਲ ਗੱਲਾਂ ਕਰਨ ਲਗਦਾ ਹੈ। ‘ਉਡੀਕ’ ਕਵਿਤਾ ਵਿੱਚ ਕਾਗਜ਼ੀ ਫੁੱਲਾਂ ਦਾ ਟੁੱਟੇ ਗੁਲਦਾਨ ਮਰਗੋਂ ਨਵੇਂ ਗੁਲਦਾਨ ਦੀ ਉਡੀਕ ਕਰਨਾ ਕਿਸੇ ਸੌਗਾਤ ਨੂੰ ਆਪਣੀ ਜ਼ਿੰਦਗੀ ’ਚ ਸ਼ੁਮਾਰ ਕਰਨ ਦਾ ਪ੍ਰਵੇਸ਼ ਦੁਆਰ ਬਣਦਾ ਹੈ।
‘ਉਡਾਨ’, ‘ਪਹਿਲੀ ਉਡਾਨ’, ‘ਉਡਾਰੀ’ ਤੇ ‘ਪਰਿੰਦੇ’ ਅਤੇ ਦੁੱਖ-ਸੁੱਖ, ਆਦਿ ਕਵਿਤਾਵਾਂ ਦਾ ਸਬੰਧ ਸਿਰਲੇਖੀ ਸ਼ਬਦਾਵਲੀ ਪੱਖੋਂ ਇਕੋ ਜਿਹਾ ਹੈ, ਪਰ ਅਰਥ ਪੱਖੋਂ ਵਿਭਿੰਨ ਹੈ। ‘ਪਹਿਲੀ ਉਡਾਨ’ ਨਾਲ ‘ਉਡਾਨ’ ਕਵਿਤਾ ਮਿਲਦੀ-ਜੁਲਦੀ ਹੈ। ਜਿੱਥੇ ਸਮੁੰਦਰ ’ਚ ਸ਼ਿਕਾਰ ਕਰਨ ਵਾਲਾ ਪੰਛੀ ਆਪਣੇ ਜ਼ੋਰ ਤੇ ਲਹੂ ਦੇ ਨਾੜਾਂ ’ਚ ਗਤੀਮਾਨ ਰਹਿਣ ਤੱਕ ਜਿੱਤਦਾ/ਹਾਰਦਾ ਹੈ, ਉਥੇ ਪਹਿਲੀ ਉਡਾਨ ਵਿਚਲੇ ਪੰਛੀ ਦੇ ਜ਼ੋਰ ਦੀ ਅਜ਼ਮਾਇਸ਼ ਦਾ ਖੇਤਰ ਅਕਾਸ਼ ਹੈ, ਜਿਸ ਦਾ ਟਹਿਣੀ ਸੁਆਗਤ ਕਰਦੀ ਹੈ। ‘ਉਡਾਰੀ’ ਕਵਿਤਾ ਦਾ ਵਿਸ਼ਾ ਹੈ ਕਿ ਪੰਛੀ ਉਡਾਰ ਹੋਣ ’ਤੇ ਬੱਚਿਆਂ ਦਾ ਸਾਥ ਛੱਡ ਦਿੰਦੇ ਹਨ। ਉਨ੍ਹਾਂ ਦੀ ਉਡਾਰੀ ਆਪਣੇ ਨਾਲ ਹੀ ਮਾਪਿਆਂ ਦਾ ਸੰਬੰਧ ਵੀ ਉਡਾ ਕੇ ਲੈ ਜਾਂਦੀ ਹੈ। ‘ਪਰਿੰਦੇ’ ਕਵਿਤਾ ਵਿੱਚ ਸ਼ਾਮ ਨੂੰ ਆਪਣੀ ਦਿਨਚਰਿਯਾ ਮੁਕਾਉਣ ਤੇ ਗੀਤ ਗਾਉਣ ਉਪਰੰਤ ਸੁਫ਼ਨਿਆਂ ਦੇ ਸਮੁੰਦਰ ’ਚ ਤਰਨ ਦੇ ਭਾਵ ਅਭਿਵਿਅਕਤ ਹੋਏ ਹਨ। ‘ਦੁੱਖ-ਸੁੱਖ’ ਕਵਿਤਾ ਵਿੱਚ ਪੰਛੀਆਂ ਦੇ ਗਾਉਣ ਦੀ ਤੇ ਦੁੱਖਾਂ ਦੀ ਗੱਲ ਕੀਤੀ ਹੈ। ਫ਼ਿਤਰਤਨ ਅਸੀਂ ਪੰਛੀਆਂ ਦੇ ਬੋਲਾਂ ’ਚੋਂ ਸੁੱਖ ਹੀ ਲੱਭਦੇ ਹਾਂ, ਸਾਡੀ ਭਾਸ਼ਾ ਨੇ ਸਾਨੂੰ ਉਨ੍ਹਾਂ ਦੇ ਦੁੱਖਾਂ ਬਾਰੇ ਜਾਨਣ ਨਹੀਂ ਦਿੱਤਾ।
ਜਗਤਾਰਜੀਤ ਨੇ ‘ਕੁੱਤੇ’, ‘ਕਾਲੂ ਲੜ ਰਿਹਾ ਹੈ’, ‘ਪਰਿਵਾਰ’, ‘ਚੂਹਾ’ ਤੇ ‘ਭੇਡਾਂ’ ਨਜ਼ਮਾਂ ਜਾਨਵਰਾਂ ਬਾਬਤ ਲਿਖੀਆਂ ਹਨ। ਇਸ ਤਰ੍ਹਾਂ ਦੀਆਂ ਕਵਿਤਾਵਾਂ ਲਿਖਣਾ ਉਸ ਦਾ ਇੱਕ ਹੋਰ ਹਾਸਿਲ ਹੈ। ‘ਕੁੱਤੇ’ ਕਵਿਤਾ ਵਿੱਚ ਅਵਾਰਾ ਕੁੱਤਿਆਂ ਦੇ ਕਿਰਦਾਰ ਦੇ ਨਾਲ ਨਾਲ ਉਨ੍ਹਾਂ ਨੂੰ ਦਰਪੇਸ਼ ਕੁਦਰਤੀ ਆਫ਼ਤਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸੇ ਲੜੀਵਾਰਤਾ ਵਿੱਚ ‘ਕਾਲੂ ਲੜ ਰਿਹਾ ਹੈ’ ਕਵਿਤਾ ਹੈ, ਜਿਸ ਵਿੱਚ ਕਾਲੂ ਗਦੈਲੇ ਲਈ ਲੜਦਾ ਹੈ। ਉਸ ਨੂੰ ਭੁੱਖ ਨਾਲ ਵੀ ਲੜਨਾ ਪੈਂਦਾ ਹੈ। ਜੀਵਾਂ ਦੀ ਤ੍ਰਾਸਦਿਕ ਦਸ਼ਾ ਬਾਰੇ ਇਹ ਇੱਕ ਮਾਰਮਿਕ ਕਵਿਤਾ ਹੈ। ਪਰਿਵਾਰ ਕਵਿਤਾ ਵਿੱਚ ਕੁੱਤੀ-ਮਾਂ ਕਤੂਰੇ ਪਾਲਦੀ ਹੈ। ਇਸ ਵਿੱਚ ਮਮਤਾ ਤੇ ਸੁਰੱਖਿਆ ਲਈ ਨੋਕੀਲੇ ਦੰਦਾਂ ਦੇ ਹਥਿਆਰ ਹੋਣ ਦੀ ਗੱਲ ਕੀਤੀ ਗਈ ਹੈ। ‘ਚੂਹਾ’ ਕਵਿਤਾ ਵੀ ਪਰਿਵਾਰ ਪਾਲਣ ਲਈ ਸੁਰੱਖਿਅਤ ਥਾਂ ਨੂੰ ਲੱਭਣ ਵਜੋਂ ਲਿਖੀ ਗਈ ਹੈ। ਆਦਮੀ, ਕੁੱਤੇ, ਬਿੱਲੀਆਂ ਤੇ ਕਾਵਾਂ ਨੂੰ ਚੂਹੇ ਦੀ ਵੰਗਾਰ ਵੀ ਹੈ ਤੇ ਕਵੀ ਚੂਹੇ ਤੋਂ ਪੁੱਛ ਪੜਤਾਲ ਕਰਨੀ ਚਾਹੁੰਦਾ ਹੈ:
ਗੱਲ ਕਰੇ ਤਾਂ ਪੁੱਛਾਂ
ਠਰੇ ਦਿਨ ਦੀ ਠਰੀ ਮਿੱਟੀ ਨਾਲ
ਦੇਹ ਦੇ ਰੋਏਂ ਲਬੇੜ
ਕਿਹੋ ਜਿਹਾ ਨਿੱਘ ਮਿਲਦਾ।
ਇੱਕ ਹੋਰ ਕਵਿਤਾ ‘ਭੇਡਾਂ’ ਮੇਰੀ ਪਸੰਦ ਦੀ ਕਵਿਤਾ ਹੈ। ਭੇਡਾਂ ਨੂੰ ਅੰਬਰ, ਬੱਲਦਾਂ ਨਾਲ ਕੋਈ ਵਾਸਤਾ ਨਹੀਂ ਹੈ। ਉਹ ਤਾਂ ਹਰਾ ਹਰਾ ਘਾਹ ਆਪਣੇ ਦੰਦਾਂ ਨਾਲ ਟੁਕ ਟੁਕ ਕੇ ਖਾਣ ਦੇ ਸੰਗੀਤ ਨਾਲ ਬਾਵਾਸਤਾ ਹਨ। ਨਿਰਸੰਦੇਹ ਪ੍ਰਾਕ੍ਰਿਤਕ ਜੀਵਨ ਦੀ ਇਹ ਇੱਕ ਖ਼ੂਬਸੂਰਤ ਕਵਿਤਾ ਹੈ।
ਜਗਤਾਰਜੀਤ ਦੀ ‘ਬੱਚਾ ਤੇ ਮੈਂ’ ਕਵਿਤਾ ਦੇ ਦੋ ਸਿਰੇ ਹਨ- ਸ਼ਬਦ ਤੇ ਨਿਸ਼ਬਦ। ਬੱਚੇ ਦੀ ਆਵਾਜ਼ ਬੇਅੱਖ਼ਰੀ ਹੈ, ਜਦ ਕਿ ਕਵੀ ਦਾ ਸ਼ਬਦਾਂ ਬਗ਼ੈਰ ਨਹੀਂ ਸਰਦਾ। ਬੱਚੇ ਤੇ ਕਵੀ ਦੀ ਲੁਕਣਮੀਟੀ ਦੌਰਾਨ ਹੋਰ ਵੀ ਬੜਾ ਕੁਝ ਵਾਪਰਦਾ ਹੈ; ਮਸਲਨ, ਅੱਖਾਂ ਬੰਦ ਕਰਨ ’ਤੇ ਰਾਤ ਹੋਣਾ, ਨਵੀਂ ਲੁਕਣਗਾਹ, ਪੁਰਾਣੀ ਪਰ ਹਰ ਵਾਰ ਨਵੀਂ ਨਕੋਰ ਹੋਣੀ, ਦੋ ਦੀਪ ਕਦੇ ਨੇੜੇ ਕਦੇ ਦੂਰ ਤੁਰੇ ਫਿਰਦੇ, ਇੱਕ ਨਿਰਸ਼ਬਦ ਦੀ ਬੇੜੀ ’ਚ ਬੈਠਾ ਤੇ ਦੂਜਾ ਸ਼ਬਦਾਂ ਦਾ ਮੁਹਤਾਜ। ਕਵੀ ਇਸ ਤਰ੍ਹਾਂ ਦੇ ਵੇਰਵਿਆਂ ਨਾਲ ਕਵਿਤਾ ਨੂੰ ਦਿਲਚਸਪ ਬਣਾ ਦਿੰਦਾ ਹੈ।
ਇਸੇ ਤਰ੍ਹਾਂ ‘ਘਰੋਂ ਬੇਘਰ’ ਤੇ ‘ਪਰਛਾਈਂ’ ਕਵੀ ਦੇ ਨਿਜ ਤੇ ਪਰ ਦੇ ਵੇਰਵਿਆਂ ਨਾਲ ਸਬੰਧਿਤ ਕਵਿਤਾਵਾਂ ਹਨ। ਪਰਛਾਈਂ ਕਵਿਤਾ ਸਿੱਧੇ-ਅਸਿੱਧੇ ਰੂਪ ਵਿੱਚ ਭੀੜਤੰਤਰ ਦੀ ਹਿੰਸਾ ਨਾਲ ਜੁੜੀ ਹੋਈ ਹੈ। ਦਿੱਲੀ ਦੰਗਿਆਂ ਵੇਲੇ ਦਾ ਪਰਛਾਵਾਂ ਹੀ ਇਸ ਕਵਿਤਾ ਦੀ ਪਿੱਠਭੂਮੀ ਹੈ। ‘ਬੁੱਧ’ ਕਵਿਤਾ ਵਿੱਚ ਬੁੱਧ ਦੀ ਮੌਨਤਾ ਬਾਰੇ ਹੋਰ ਸਭ ਗੱਲਾਂ ਕਰਦੇ ਹਨ, ਪਰ ਬੁੱਧ ਅਬੋਲ, ਅਡੋਲ ਹੈ। ਬੁੱਧ ਸਮੇਂ ਤੋਂ ਪਾਰ ਦੇਖਦਾ ਹੈ। ਉਸਦੀ ਮੌਨਤਾ, ਸ਼ਾਂਤ ਪਲਕ ਦ੍ਰਿਸ਼ਟੀ ਪਾਠਕ ਦੇ ਮਨ ਮਸਤਕ ਵਿੱਚ ਕਿੰਨੇ ਭਾਵ ਜਗਾ ਦਿੰਦੀ ਹੈ।
ਇੱਥੇ ਉਨ੍ਹਾਂ ਕਵਿਤਾਵਾਂ ਦੀ ਗੱਲ ਵੀ ਵਾਜਿਬ ਹੈ ਜਿਹੜੀਆਂ ਜਗਤਾਰਜੀਤ ਨੇ ਸਿੱਧੇ-ਅਸਿੱਧੇ ਰੂਪ ਵਿੱਚ ਮੌਤ ਦੇ ਵਿਸ਼ੇ ਨੂੰ ਲੈ ਕੇ ਲਿਖੀਆਂ ਹਨ। ‘ਅੱਗ’, ‘ਮੌਤ’, ‘ਅੱਗ ਦਾ ਲਾਂਬੂ’, ‘ਪੁੱਛ’, ‘ਆਖ਼ਰੀ ਬਿਆਨ’, ‘ਮੋਇਆਂ ਸਾਰ ਨਾ ਕਾਈ’, ‘ਮੇਰਾ ਸਿਰ’ ਅਤੇ ‘ਲਾਸ਼ ਹਾਜ਼ਰ ਹੈ’ ਆਦਿ ਕਵਿਤਾਵਾਂ ਮੌਤ ਦੇ ਵਿਸ਼ੇ ਬਾਰੇ ਚਾਨਣਾ ਪਾਉਂਦੀਆਂ ਹਨ। ਬਾਬਾ ਫ਼ਰੀਦ ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਵੀ ਮੌਤ ਦੇ ਬਾਬਤ ਖੁੱਲ੍ਹ ਕੇ ਬਿਆਨਿਆ ਗਿਆ ਹੈ। ਆਧੁਨਿਕ ਕਵੀ ਸ਼ਿਵ ਕੁਮਾਰ ਬਟਾਲਵੀ ਨੇ ਬਿਰਹਾ ਤੇ ਮੌਤ ਦੇ ਵਿਸ਼ੇ ਨੂੰ ਲੈ ਕੇ ਵਿਸਾਦੀ ਸੁਰਾਂ ਅਲਾਪੀਆਂ ਹਨ।
ਜਗਤਾਰਜੀਤ ਦੀ ‘ਅੱਗ’ ਨਜ਼ਮ ਵਿੱਚ ਜ਼ਿੰਦਗੀ ਤੇ ਮੌਤ ਨੂੰ ਸਮਾਨੰਤਰ ਤੁਰਦਿਆਂ ਵੇਖਿਆ ਜਾ ਸਕਦਾ ਹੈ। ਦੇਹ ਨੂੰ ਅੱਗ ਕਿਵੇਂ ਸਾੜਦੀ, ਸੁਆਹ ਕਰਦੀ ਹੈ। ਇਸ ਦੀਆਂ ਤਸ਼ਬੀਹਾਂ ਬੱਚੇ ਦੇ ਮਾਂ-ਦੁੱਧ ਨਾਲ ਜੁੜੀਆਂ ਸਿਮਰਤੀਆਂ ਰਾਹੀਂ ਇੱਕ ਨਿਰੰਤਰਤਾ ਵਜੋਂ ਦ੍ਰਿਸ਼ਟੀਗਤ ਹੁੰਦੀਆਂ ਹਨ। ‘ਮੌਤ’ ਜਗਤਾਰਜੀਤ ਦੀ ਸ਼ਸ਼ਕਤ ਕਵਿਤਾ ਹੈ। ਕਵੀ ਨੇ ਖ਼ੂਬਸੂਰਤ ਅੰਦਾਜ਼ ’ਚ ਮੌਤ ਨੂੰ ਸਰੀਰ ਨਾਲ ਨਹੀਂ, ਸਗੋਂ ਖ਼ਿਆਲ ਨਾਲ ਜੋੜ ਕੇ ਵੱਡੀ ਗੱਲ ਕਹਿ ਦਿੱਤੀ ਹੈ। ਪ੍ਰਗੀਤਕ ਰਚਨਾ ‘ਅੱਗ ਦਾ ਲਾਂਬੂ’ ਵੀ ਮੌਤ ਦੀ ਕਨਸੋਅ ਦੇ ਜਾਂਦੀ ਹੈ।
ਜਗਤਾਰਜੀਤ ਦੀ ‘ਪੁੱਛ’ ਕਵਿਤਾ ਉਪਨਿਸ਼ਦਾਂ ਦੇ ਪਾਤਰ ਨਚਿਕੇਤੇ ਵਾਂਗ ਧਰਮਰਾਜ ਤੋਂ ਪੁੱਛੇ ਪ੍ਰਸ਼ਨਾਂ ਵਾਂਗ ਜਿਉਂਦੇ ਜੀਅ ਮੌਤ ਤੋਂ ਅਗਲੇਰੇ ਜੀਵਨ ਦੀ ਪੁੱਛ ਪੜਤਾਲ ਨਾਲ ਸਬੰਧਿਤ ਹੈ। ਕਵੀ ਆਪਣੇ ਸੁਆਲਾਂ ਪ੍ਰਤੀ ਬਜ਼ਿੱਦ ਹੈ। ਵੱਢਖਾਣੇ ਪ੍ਰਸ਼ਨਾਂ ਤੋਂ ਉਕਤਾ ਕੇ ਕਵੀ ਸਾਧੂ ਵਾਂਗ ਧੂਣੀ ਤਪਾ ਕੇ ਬੈਠਣ ਦੀ ਸੋਚਦਾ ਹੈ; ਪਰ ਸੂਈ ਉਸਦੀ ਆਪਣੇ ਸਵਾਲਾਂ ਦੇ ਜਵਾਬ ’ਤੇ ਹੀ ਖੜੀ ਰਹਿੰਦੀ ਹੈ। ਅਸੀਂ ਦੇਖਦੇ ਹਾਂ ਕਿ ਮਰਨ ਵਾਲਿਆਂ ਦੇ ਆਖ਼ਰੀ ਬਿਆਨ ਦਰਜ ਹੋਣੋਂ ਰਹਿ ਜਾਂਦੇ ਹਨ। ਮਾਰਨ ਵਾਲਿਆਂ ਹੱਥੋਂ ਮਾਰੇ ਜਾਣ ਦੀ ਕਥਾ ਦਾ ਬਿਆਨ ਪਾਠਕ ਨੂੰ ਦੰਗ ਕਰਦਾ ਹੈ। ਮਰਨ ਵਾਲੀ ਧਿਰ ਸਹਿਵਨ ਹੀ ਲੁੱਟੀ ਜਾਣ ਵਾਲੀ ਧਿਰ ’ਚ ਰੁਪਾਂਤ੍ਰਿਤ ਹੋ ਜਾਂਦੀ ਹੈ ਤੇ ਮਾਰਨ ਵਾਲੀ ਧਿਰ ਤਾਨਾਸ਼ਾਹ ਦਾ ਰੂਪ ਇਖ਼ਤਿਆਰ ਕਰ ਜਾਂਦੀ ਹੈ। ‘ਮੋਇਆਂ ਸਾਰ ਨਾ ਕਾਈ’ ਦਾ ਮੁੱਦਾ ਧਰਮ, ਜਾਤ, ਹਕੂਮਤੀ ਰੋਲ, ਝਗੜੇ-ਝੇੜੇ ਸਭ ਮਿਟਾ ਦਿੰਦਾ ਹੈ।
‘ਮੇਰਾ ਸਿਰ’ ਜੀਣ-ਮਰਨ ਦੇ ਫ਼ਲਸਫ਼ੇ ਨੂੰ ਜੁਬਾਨ ਦਿੰਦੀ ਕਵਿਤਾ ਹੈ। ਸਿਰ ਮੁਕੰਮਲਤਾ ਪ੍ਰਾਪਤ ਕਰਨ ਵੱਲ ਅਗਰਸਰ ਹੈ। ਧੜ ਸਿਰ ਬਿਨ ਅਧੂਰਾ ਹੈ। ਸਿਰ ਵੀ ਘੜ ਬਿਨਾ ਕਿਸੇ ਕੰਮ ਦਾ ਨਹੀਂ। ਨੇਜ਼ੇ ’ਤੇ ਟੰਗਿਆ ਸਿਰ ਧੜ ਵਿਹੂਣੇ ਸਿਰ ਦੀ ਭਟਕਣ ਕੁਝ ਅਜਿਹੇ ਜ਼ੁਜ਼ ਹਨ, ਜੋ ਇਸ ਕਵਿਤਾ ਨੂੰ ਵਿਸਤਾਰ ਦਿੰਦੇ ਹਨ। ‘ਲਾਸ਼ ਹਾਜ਼ਰ ਹੈ’ ਨਾਮਕ ਕਵਿਤਾ ਵਿੱਚ ‘ਰੁੱਖ ਨਾਲ ਝੂਲਦੀ ਲਾਸ਼ ਦਾ ਦ੍ਰਿਸ਼ ਬਿੰਬ ਮਰਨ ਵਾਲੇ ਬਾਰੇ ਭੀੜ ਦੇ ਆਪੋ ਆਪਣੇ ਕਥਾਨਕਾਂ ਦੀ ਸੂਹ ਦਿੰਦਾ ਹੈ। ਮਰਨ ਵਾਲਾ ਖ਼ੁਦਕੁਸ਼ੀ ਕਰ ਗਿਆ ਜਾਂ ਮਾਰ ਦਿੱਤਾ ਗਿਆ? ਇਹ ਗੱਲ ਰਹੱਸ ਦੇ ਬੋਝੇ ਪੈ ਜਾਂਦੀ ਹੈ। ਸਿਰਫ਼ ਰੁੱਖ ਦੀ ਹਾਜ਼ਰ ਗਵਾਹੀ ਹੈ ਜਾਂ ਉਸਦੀ ਛਾਂ ਜੋ ਮਰਨ ਵਾਲੇ ਲਈ ਸੀ। ਰੁੱਖ ਦੀ ਟਹਿਣੀ ਨਾਲ ਝੂਲਦੀ ਲਾਸ਼ ਖ਼ੁਦਕਸ਼ੀ ਦੇ ਰਹੱਸ ਵੱਲ ਹੀ ਜ਼ਿਆਦਾਤਰ ਸੰਕੇਤਿਕ ਹੈ।
ਜਗਤਾਰਜੀਤ ਨੇ ਬਾਬਾ ਨਾਨਕ ਦੇ ਜੀਵਨ ਨਾਲ ਸਬੰਧਿਤ ਦੋ ਕਵਿਤਾਵਾਂ ਇਸ ਪੁਸਤਕ ਵਿੱਚ ਦਰਜ ਕੀਤੀਆਂ ਹਨ। ‘ਨਾਨਕ ਨਜ਼ਰ ਨਹੀਂ ਆਉਂਦਾ’ ਵਿੱਚ ਬਾਬਾ ਨਾਨਕ ਦੇ ਵੇਈਂ ਪ੍ਰਵੇਸ਼ ਵਾਲੀ ਘਟਨਾ ਦਾ ਜ਼ਿਕਰ ਹੈ। ਗੁਰੂ ਨਾਨਕ ਦੇ ਵੇਈਂ ’ਚ ਓਝਲ ਹੋਣ ਨਾਲ ਪ੍ਰਕ੍ਰਿਤੀ ਵੀ ਸੋਗਮਈ ਹੋ ਜਾਂਦੀ ਹੈ। ਕੀ ਪਰਿੰਦੇ, ਕੀ ਬੰਦੇ- ਇਸ ਸੋਗ ਵਿੱਚ ਡੁੱਬੇ ਹੋਏ ਹਨ। ਬੇਸ਼ੱਕ ਕਵਿਤਾ ਦੇ ਅੰਤ ਤੱਕ ‘ਨਾਨਕ ਗੁੰਮ ਹੈ’ ਪਰ ਉਸ ਦੀ ਰੂਹਾਨੀ ਆਭਾ ਨੂੰ ਉਸਦੀ ਬਾਣੀ (ਖਸਮ ਦੇ ਗੀਤ) ਗਾਉਣ ਦੀ ਸਿਮਰਤੀ ਦੇ ਰੂਪ ਵਿੱਚ ਹਾਜ਼ਰ ਨਾਜ਼ਰ ਦੇਖਿਆ ਜਾ ਸਕਦਾ ਹੈ। ਦੂਜੀ ਕਵਿਤਾ ‘ਕਰਤਾਰਪੁਰ’ ਹੈ। ਸਿੱਖ ਸਮਾਜ ਵਿੱਚ ‘ਕਰਤਾਰਪੁਰ ਕਰਤਾ ਵਸੇ’ ਦੀ ਧਾਰਨਾ ਪ੍ਰਚਲਿਤ ਹੈ। ਇਹ ਉਹ ਪਾਕ ਥਾਂ ਹੈ, ਜਿੱਥੇ ਬਾਬੇ ਨਾਨਕ ਨੇ ਪਿਛਲੀ ਉਮਰੇ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਦਾ ਅਮਲੀ ਰੂਪ ਉਜਾਗਰ ਕੀਤਾ। ਇਹ ਕਵਿਤਾ ‘ਗੁਰ ਨਾਨਕ ਤੇਰੀ ਵਡੀ ਕਮਾਈ’ ਦਾ ਉਸਤਤ ਗੀਤ ਹੈ।
ਜਗਤਾਰਜੀਤ ਦੀ ਇਸ ਕਿਤਾਬ ਵਿੱਚ ਦਰਦ ਦੇ ਨਜ਼ਰੀਏ ਨੂੰ ਪ੍ਰਗਟ ਕਰਦੀ ਆਖ਼ਰੀ ਕਵਿਤਾ ‘ਸਿੱਲਤ’ ਹੈ। ਨਿੱਕੀ ਜਿਹੀ ਸਿੱਲਤ ਕਿਵੇਂ ਦਰਦ ਦੇਣ ਦਾ ਸਬਬ ਬਣ ਜਾਂਦੀ ਹੈ, ਜਦ ਕਿ ਮਨੁੱਖੀ ਦੇਹ ਤੋਂ ਉਹ ਹਜ਼ਾਰਾਂ ਦਰਜੇ ਛੋਟੀ ਹੈ। ਕਵੀ ਆਪਣੀ ਤਲੀ ਨੂੰ ਸਿੱਲਤ ਦੀ ਪੀੜ ਨਾਲ ਇਕਸੁਰ ਕਰ ਲੈਂਦਾ ਹੈ, ਉਸਨੂੰ ਸਿੱਲਤ ਸਮੁੰਦਰੀ ਮੱਛੀ ਵਾਂਗ ਜਿਉਂਦੀ ਲਗਦੀ ਹੈ। ਕੁਝ ਅਰਸੇ ਬਾਅਦ ਅਚਾਨਕ ਇੱਕ ਦਿਨ ਸਿੱਲਤ ਰਾਤ ਨੂੰ ਮਾਸ ਵਿੱਚੋਂ ਨਿਕਲ ਜਾਂਦੀ ਹੈ ਅਤੇ ਮਗਰ ਜ਼ਰਾ ਕੁ ਗੂੜ੍ਹਾ ਲਾਲ ਨਿਸ਼ਾਨ ਛੱਡ ਜਾਂਦੀ ਹੈ। ਇਹ ਕਵਿਤਾ ਸਾਨੂੰ ਦੁੱਖ ਨਾਲ ਸਹਿਜ ਰੂਪ ਵਿੱਚ ਰਹਿਣ ਦੀ ਸੰਦੇਸ਼ਵਾਹਕ ਬਣ ਜਾਂਦੀ ਹੈ।

Leave a Reply

Your email address will not be published. Required fields are marked *