ਸ਼ਾਦਮਾਨ ਚੌਕ ਵਿੱਚੋਂ ਉਪਜੀ ਸੋਚ

ਅਦਬੀ ਸ਼ਖਸੀਅਤਾਂ

ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
ਫੋਨ: +91-9878111445
ਸਮਾਜ ਦੇ ਦਬੇ ਕੁਚਲੇ ਲੋਕਾਂ ਨੂੰ ਹਰ ਖੇਤਰ ਵਿੱਚ ਬਰਾਬਰ ਕਰਨਾ ਹੀ ਕ੍ਰਾਂਤੀ ਹੁੰਦੀ ਹੈ। ਸੱਚਾ ਦੇਸ਼ ਭਗਤ ਇਹੀ ਸੁਪਨੇ ਲੈਂਦਾ ਹੈ। ਅਜਿਹੇ ਵਿਅਕਤੀ ਮੌਤ ਨੂੰ ਗਲਵੱਕੜੀ ਪਾ ਕੇ ਪਿਛਲਿਆਂ ਨੂੰ ਮਾਰਗਦਰਸ਼ਕ ਰੂਪੀ ਸੱਚਾ ਖਜ਼ਾਨਾ ਸੌਂਪ ਜਾਂਦੇ ਹਨ। ਇਹ ਲੋਕ ਦੇਸ਼ ਵਿੱਚ ਸਭ ਦੇ ਸਾਂਝੇ ਹੁੰਦੇ ਹਨ। ਅੰਗਰੇਜ਼ ਦੀ ਭਾਰਤੀਆਂ ਪ੍ਰਤੀ ਤਾਨਾਸ਼ਾਹੀ ਨੀਤੀ ਅਤੇ ਨਜ਼ਰੀਏ ਨੇ ਭਗਤ ਸਿੰਘ ਸਰਦਾਰ ਨੂੰ ਕ੍ਰਾਂਤੀਕਾਰੀ ਇਬਾਰਤ ਲਿਖਣ ਲਈ ਮਜਬੂਰ ਕੀਤਾ ਸੀ। ਜਦੋਂ ਤਾਨਾਸ਼ਾਹੀ ਦਾ ਰਵੱਈਆ ਆਮ ਹੋ ਜਾਵੇ ਤਾਂ ਆਮ ਲੋਕ ਸਤਾਏ ਹੋਏ ਕ੍ਰਾਂਤੀ ਨੂੰ ਅਧਿਕਾਰ ਸਮਝਦੇ ਹਨ।

ਕ੍ਰਾਂਤੀ ਦੇ ਨਾਲ ਸੱਤਾ ਅਤੇ ਸਮਾਜਿਕ ਤਬਦੀਲੀਆਂ ਦੀ ਲਹਿਰ ਪੈਦਾ ਹੁੰਦੀ ਹੈ, ਜੋ ਢਾਂਚੇ ਅੰਦਰ ਇਨਕਲਾਬ `ਤੇ ਜਾ ਕੇ ਰੁਕਦੀ ਹੈ। ਫਿਰ ਇਨਕਲਾਬ ਜ਼ਿੰਦਾਬਾਦ ਹੁੰਦਾ ਹੈ। ਇਸ ਵਰਤਾਰੇ ਨੇ ਭਗਤ ਸਿੰਘ ਨੂੰ ਇਨਕਲਾਬ ਬਾਰੇ ਸਮੇਂ ਦੇ ਘਟਨਾਕ੍ਰਮ ਵਿੱਚੋਂ ਇਹ ਸ਼ਬਦ ਲਿਖਣ ਲਈ ਮਜਬੂਰ ਕੀਤਾ, “ਜਨਤਾ ਦੀ ਭੀੜ ਦਾ, ਜਨਤਾ ਦੀ ਭੀੜ ਉੱਤੇ ਰਾਜ਼ ਕਰਨ ਲਈ ਸੱਤਾ `ਤੇ ਕਬਜਾ ਕਰਨਾ ਹੀ ਇਨਕਲਾਬ ਹੈ।”
ਹਰ ਮਾਂ-ਪਿਓ ਆਪਣੀ ਔਲਾਦ ਦੀ ਖੁਸ਼ਹਾਲੀ ਲੋਚਦਾ ਹੈ, ਪਰ ਜੇ ਔਲਾਦ ਜਮਾਂਦਰੂ ਹੀ ਇਨਕਲਾਬੀ ਹੋਵੇ ਤਾਂ ਮੰਜ਼ਲ ਮਾਂ-ਪਿਓ ਦੀ ਸੋਚ ਦੇ ਉਲਟ ਹੋ ਜਾਂਦੀ ਹੈ। ਇੱਥੇ ਤਾਂ ਮਾਂ-ਪਿਓ, ਚਾਚੇ ਸਭ ਇਨਕਲਾਬੀ ਗੁੜ੍ਹਤੀ ਦੇਣ ਵਾਲੇ ਹੀ ਸਨ। ਸ਼ਹੀਦ ਦੇਸ਼ ਲਈ ਆਪਾ ਵਾਰ ਕੇ ਜੀਵਨ ਦੇ ਆਨੰਦ ਨੂੰ ਤਿਆਗ ਕੇ ਹੀ ਕੌਮੀ ਪਰਵਾਨੇ ਬਣ ਕੇ ਗੁਲਾਮੀ ਦੀ ਜ਼ੰਜ਼ੀਰ ਨੂੰ ਪੁੱਟ ਸੁੱਟਦੇ ਹਨ। ਮਾਪਿਆਂ ਦੀ ਮੋਹ ਭਿੱਜੀ ਦਾਸਤਾਨ ਕਰਕੇ 1924 ਵਿੱਚ ਭਗਤ ਸਿੰਘ ਸਰਦਾਰ ਉੱਤੇ ਸਾਕ ਸੰਬੰਧੀਆਂ ਅਤੇ ਘਰ ਵਾਲਿਆਂ ਨੇ ਵਿਆਹ ਲਈ ਜ਼ੋਰ ਪਾਇਆ, ਪਰ ਤਸਵੀਰ ਆਪਣਾ ਰੁੱਖ ਬਦਲਦੀ ਗਈ। ਬਚਪਨ ਵਿੱਚ ਭਗਤ ਸਿੰਘ ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ “ਅਸੀਂ ਖੇਤਾਂ ਵਿੱਚ ਅਨਾਜ ਦੀ ਜਗ੍ਹਾ ਬੰਦੂਕਾਂ ਕਿਉਂ ਨਹੀਂ ਬੀਜਦੇ, ਜਿਸ ਨਾਲ ਦੇਸ਼ ਆਜ਼ਾਦ ਹੋਵੇਗਾ।” ਇਸ ਮਾਸੂਮੀਅਤ ਭਰੀ ਆਵਾਜ਼ ਨੇ ਭਗਤ ਸਿੰਘ ਦੇ ਇਰਾਦੇ ਬਚਪਨ ਵਿੱਚ ਹੀ ਲਿਖ ਦਿੱਤੇ ਸਨ। 28 ਸਤੰਬਰ 2007 ਤੋਂ 30 ਮਾਰਚ 1931 ਤੱਕ ਜੀਵਨ ਦੇ ਪੰਧ ਦੌਰਾਨ ਇਸ ਜਾਗਦੀ ਅਤੇ ਜਗਦੀ ਸੋਚ ਨੇ ਗੁਲਾਮੀ ਦੇ ਖਾਤਮੇ ਦੀ ਨੀਂਹ ਰੱਖ ਕੇ ਤਿੰਨ ਸੰਦੇਸ਼ ਦਿੱਤੇ।
ਮਾਪਿਆਂ ਦੇ ਚਾਅ ਮਲਾਰ ਵਿਆਹ ਦੇ ਮੌਕੇ ਨੂੰ ਲਾੜੀ ਮੌਤ ਨਾਲ ਵਿਆਹੁਣ ਦਾ ਸੰਦੇਸ਼ ਦੇ ਕੇ ਨਾਗਮਣੀ 1998 ਵਿੱਚ ਛਪੀ ਮੇਲਾਰਾਮ ਤਾਇਰ ਦੀ ਘੋੜੀ ਅਨੁਸਾਰ ਇੱਕ ਨਿਵੇਕਲੀ ਪਰਿਭਾਸ਼ਾ ਦਿੱਤੀ,
“ਆਓ ਨੀ ਭੈਣੋ ਚੱਲ ਗਾਈਏ ਨੀ ਘੋੜੀਆਂ
ਜੰਝ ਤੇ ਹੋਈ ਤਿਆਰ ਵੇ ਹਾਂ,
ਮੌਤ ਕੁੜੀ ਪ੍ਰਨਾਵਣ ਚੱਲਿਆ
ਦੇਸ਼ ਭਗਤ ਸਰਦਾਰ ਵੇ ਹਾਂ,
ਹੰਝੂਆਂ ਦੇ ਪਾਣੀ ਭਰੋ ਨੀ ਘੜੋਲੀ
ਬੈਠੇ ਤਾਂ ਪੈਰਾਂ ਦੇ ਭਾਰ ਵੇ ਹਾਂ,
ਫਾਂਸੀ ਦੇ ਤਖਤੇ ਨੂੰ ਖਾਰਾ ਬਣਾ ਕੇ
ਉਹ ਬੈਠਾ ਜੇ ਚੌਂਕੜੀ ਮਾਰ ਵੇ ਹਾਂ,
ਫਾਂਸੀ ਦੀ ਟੋਪੀ ਉਨ੍ਹੇ ਸਿਰ `ਤੇ ਸਜਾਈ
ਸਿਹਰਾ ਤਾਂ ਝਾਲਰਦਾਰ ਵੇ ਹਾਂ,
ਜੰਡੀ ਤਾਂ ਵੱਢੀ ਲਾੜੇ ਜ਼ੋਰ ਜ਼ੁਲਮ ਦੀ
ਜਬਰਾਂ ਦੀ ਮਾਰੀ ਤਲਵਾਰ ਵੇ ਹਾਂ,
ਰਾਜਗੁਰੂ ਸੁਖਦੇਵ ਸਰਬਾਹਲੇ
ਲਾੜਾ ਤੇ ਬੈਠਾ ਵਿਚਕਾਰ ਵੇ ਹਾਂ,
ਵਾਗ ਫੜਾਈ ਜਿਨ੍ਹਾਂ ਭੈਣਾਂ ਨੇ
ਭੈਣਾਂ ਦਾ ਕੀਤਾ ਹੁਦਾਰ ਵੇ ਹਾਂ,
ਹਰੀ ਕ੍ਰਿਸ਼ਨ ਉਹਦਾ ਬਣਿਆ ਸਾਂਢੂ
ਢੁੱਕੇ ਤਾਂ ਢੁੱਕੇ ਇੱਕੋ ਵਾਰ ਵੇ ਹਾਂ,
ਪੈਂਤੀ ਕਰੋੜ ਤੇਰੇ ਜਾਂਝੀ ਵੇ ਲਾੜਿਆ
ਪੈਦਲ ਤੇ ਕਈ ਅਸਵਾਰ ਵੇ ਹਾਂ,
ਕਾਲੀਆਂ ਪੁਸ਼ਾਕਾਂ ਪਾ ਕੇ ਜੰਞ ਜੁ ਢੁੱਕੀ
ਤਾਇਰ ਵੀ ਹੋਇਆ ਤਿਆਰ ਵੇ ਹਾਂ।”
ਬੰਦੂਕ ਤੋਂ ਬਾਅਦ ਕਲਮ ਅਤੇ ਕਿਤਾਬ ਚੁੱਕਣ ਦਾ ਸੰਦੇਸ਼ ਦੇ ਕੇ ਇੱਕ ਨਵੀਂ ਚੇਤਨਾ ਲਹਿਰ ਪੈਦਾ ਕੀਤੀ। ਇਸ ਨਾਲ ਆਪਣੀ ਇਨਕਲਾਬੀ ਸੋਚ ਦਾ ਸੁਨੇਹਾ ਦੇ ਕੇ ਨੌਜਵਾਨੀ ਨੂੰ ਦੇਸ਼-ਭਗਤੀ ਦਾ ਸਬਕ ਦਿੱਤਾ,
“ਮੇਰੀ ਮੌਤ `ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ,
ਮੇਰੇ ਲਹੂ ਦਾ ਕੇਸਰ ਰੇਤੇ `ਚ ਨਾ ਰੁਲਾਇਓ।”
ਇਹ ਵੀ ਦਰਸਾਇਆ ਕਿ ਖੂਨ ਨਾਲ ਲਿਖਿਆ ਦੇਸ਼ ਦਾ ਇਤਿਹਾਸ ਕਾਗਜ਼ ਅਤੇ ਸਿਆਹੀ ਨਾਲ ਲਿਖੇ ਇਤਿਹਾਸ ਤੋਂ ਵੱਧ ਇਨਕਲਾਬੀ ਅਤੇ ਨੈਤਿਕ ਨਾਬਰੀ ਦਾ ਪ੍ਰਤੀਕ ਹੁੰਦਾ ਹੈ। ਇਸ ਇਤਿਹਾਸ ਦੀ ਪਹਿਚਾਣ ਮਘਦੇ ਸੂਰਜ, ਚਮਕਦੇ ਚੰਨ ਅਤੇ ਰਹਿੰਦੀ ਦੁਨੀਆ ਤੱਕ ਲਿਸ਼ਕ ਮਾਰਦੀ ਰਹਿੰਦੀ ਹੈ। ਨੌਜਵਾਨੀ ਦਾ ਮਾਰਗ ਦਰਸ਼ਕ ਕਰਕੇ ਜਜ਼ਬੇ ਅਤੇ ਇਨਕਲਾਬ ਦਾ ਸੰਚਾਰ ਵੀ ਖੂਨੀ ਇਤਿਹਾਸ ਹੀ ਕਰਦਾ ਹੈ, ਇਸੇ ਕਰਕੇ ਨੌਜਵਾਨੀ ਭਗਤ ਸਿੰਘ ਸਰਦਾਰ ਤੋਂ ਪ੍ਰੇਰਿਤ ਹੁੰਦੀ ਹੈ। ਦੇਸ਼ ਕੌਮ ਲਈ ਮਰ-ਮਿਟਣ ਅਤੇ ਅਮਰ ਹੋਣ ਲਈ ਤਿਆਰ ਰਹਿੰਦੀ ਹੈ।
“ਦਿਲ ਸੇ ਨਾ ਨਿਕਲੇਗੀ ਮਰ ਕਰ ਵੀ ਉਲਫ਼ਤ,
ਮੇਰੀ ਮਿੱਟੀ ਮੇ ਭੀ ਖ਼ੁਸ਼ਬੂ-ਏ-ਵਤਨ ਆਏਗੀ।”
ਸਰਦਾਰ ਭਗਤ ਸਿੰਘ ਦਾ ਦੇਸ਼ ਪ੍ਰੇਮ, ਜਜ਼ਬਾ, ਹਿੰਮਤ ਅਤੇ ਸੋਚ ਨੂੰ ਪੜ੍ਹ-ਸੁਣ ਕੇ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਉਸ ਦੀ ਸੋਚ ਸਾਡੇ ਵਿੱਚ ਅੱਜ ਕਿੱਥੇ ਖੜ੍ਹੀ ਹੈ? ਜੇ ਉਸਨੂੰ ਸ਼ਹਾਦਤ ਤੋਂ ਬਾਅਦ ਦੀ ਤਸਵੀਰ ਦਾ ਪਤਾ ਹੁੰਦਾ ਤਾਂ ਉਸ ਦਾ ਮਨ ਕੀ ਸੋਚਦਾ? ਅੱਜ ਇਨਕਲਾਬੀ ਸੋਚ ਦਾ ਅਧਿਐਨ ਕਰਕੇ ਦਿਨ-ਦਿਹਾੜੇ ਮਨਾਉਣ ਦੇ ਨਾਲ ਇਸ ਸੋਚ ਨੂੰ ਸਦਾ ਬਹਾਰ ਬਣਾਉਣ ਦੀ ਲੋੜ ਤਾਂ ਹੈ, ਨਾਲ ਹੀ ਲਹਿੰਦੇ-ਚੜ੍ਹਦੇ ਪੰਜਾਬ ਵਿੱਚ ਭਗਤ ਸਿੰਘ ਦੇ ਨਾਂ `ਤੇ ਅਦਾਰਿਆਂ ਅਤੇ ਬੁਨਿਆਦੀ ਢਾਂਚੇ ਦੇ ਨਾਮ ਰੱਖਣੇ ਲਾਜ਼ਮੀ ਹਨ। ਭਗਤ ਸਿੰਘ ਸਮੁੱਚੀ ਪੰਜਾਬੀਅਤ ਦਾ ਨਾਇਕ ਹੈ।
ਹੁਣ ਤਾਜਾ ਚਰਚਾ ਲਹਿੰਦੇ ਵਾਲਿਆਂ ਨੇ ਇਹ ਛੇੜ ਦਿੱਤੀ ਹੈ ਕਿ ਸ਼ਮਾਦਾਨ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ `ਤੇ ਰੱਖਣ ਲਈ ਕਾਇਮ ਕੀਤੀ ਕਮੇਟੀ ਦੇ ਮੈਂਬਰ ਤਾਰਿਕ ਮਜੀਦ ਨੇ ਆਪਣੀ ਰਾਏ `ਚ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਦੀ ਜਗਾਹ ਦਹਿਸ਼ਤਗਰਦ ਦੱਸ ਦਿੱਤਾ। ਤਜ਼ਵੀਜ ਰੱਦ ਕਰ ਦਿੱਤੀ। ਇਸ ਤੋਂ ਇਹ ਵੀ ਸਪੱਸ਼ਟ ਹੋ ਗਿਆ ਕਿ ਤਾਰਿਕ ਮਜੀਦ ਵਾਲੀ ਸੋਚ ਨਾਲੋ ਨਾਲ ਤੁਰੀ ਹੋਈ ਹੈ। ਸ਼ਾਦਮਾਨ ਚੌਕ ਵਿੱਚੋਂ ਉਪਜੀ ਇਸ ਸੌੜੀ ਸੋਚ ਨੇ ਕਈ ਨਵੇਂ ਸਬਕ ਦਿੱਤੇ ਹਨ। ਪਾਕਿਸਤਾਨ ਵਿੱਚ ਸ਼ਾਦਮਾਨ ਚੌਕ `ਤੇ ਮੋਮਬੱਤੀਆਂ ਜਗਾ ਕੇ ਭਗਤ ਸਿੰਘ ਨੂੰ ਯਾਦ ਵੀ ਕਰਦੇ ਹਨ। ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਮ `ਤੇ ਰੱਖਣਾ ਅਤੇ ਬੁੱਤ ਲਗਾਉਣ ਦੀ ਸੋਚ ਵੀ ਲਹਿੰਦੇ ਪੰਜਾਬੀ ਇਨਕਲਾਬੀਆਂ ਦੀ ਹੀ ਹੈ। ਭਗਤ ਸਿੰਘ ਸਭ ਦਾ ਸਾਂਝਾ ਨਾਇਕ ਹੈ, ਇਸ ਲਈ ਉਸ ਦੀ ਸੋਚ ਨੂੰ ਬਚਾਉਣ ਲਈ ਅਤੇ ਯਾਦ ਰੱਖਣ ਲਈ ਉਸ ਦੇ ਨਾਮ `ਤੇ ਜਾਇਦਾਦਾਂ ਦੇ ਨਾਮ ਰੱਖਣੇ ਬਿਲਕੁਲ ਜਾਇਜ਼ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਭਗਤ ਸਿੰਘ ਦੇ ਨਾਂ `ਤੇ ਕੁਝ ਨਾਮ ਰੱਖੇ ਹਨ, ਨਾਲ ਹੀ ਉਸ ਨੂੰ ਪੰਜਾਬ ਦਾ ਨਾਇਕ ਬਣਾ ਕੇ ਪੇਸ਼ ਵੀ ਕੀਤਾ ਹੈ।

Leave a Reply

Your email address will not be published. Required fields are marked *