ਪਰਮਜੀਤ ਢੀਂਗਰਾ
ਫੋਨ: +91-9417358120
ਹਰ ਭਾਸ਼ਾ ਵਿੱਚ ਕਿਰਿਆ ਸ਼ਬਦਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਕਿਰਿਆ ਕਿਸੇ ਕੰਮ ਅਥਵਾ ਕਾਰਜ ਬਾਰੇ ਜਾਣਕਾਰੀ ਦਿੰਦੀ ਹੈ। ਸੁਨਣਾ ਮਨੁੱਖ ਦੇ ਕੰਨਾਂ ਦਾ ਕਾਰਜ ਹੈ। ਕੁਦਰਤ ਨੇ ਇੱਕ ਪਾਸੇ ਮਨੁੱਖ ਨੂੰ ਬੋਲਣ ਦਾ ਕੌਸ਼ਲ ਦਿੱਤਾ ਹੈ ਤੇ ਨਾਲ ਹੀ ਸੁਨਣ ਦਾ ਵੀ। ਉਚਾਰਨ ਤੇ ਸੁਨਣ ਦੇ ਕੌਸ਼ਲ ਨਾਲ ਮਨੁੱਖ ਨੇ ਸੰਚਾਰ ਪ੍ਰਬੰਧ ਸਿਰਜਿਆ। ਪੰਜਾਬੀ ਕੋਸ਼ਾਂ ਅਨੁਸਾਰ ਸੁਣਨਾ ਦਾ ਅਰਥ ਹੈ- ਸਰਵਣ ਕਰਨਾ, ਆਵਾਜ਼ ਗ੍ਰਹਿਣ ਕਰਨੀ, ਧਿਆਨ ਦੇਣਾ, ਤਵੱਜੋ ਦੇਣੀ, ਕੰਨ ਧਰਨਾ, ਫਰਿਆਦ ਕਰਨ ਜਾਂ ਦੁੱਖ ਦੱਸਣ ਦਾ ਮੌਕਾ ਦੇਣਾ, ਪਰਵਾਨ ਜਾਂ ਕਬੂਲ ਕਰਨਾ।
ਸੁਣਨ-ਸੁਨਣ ਦਾ ਭਾਵ-ਵਾਚਕ, ਸੁਨਣ ਯੋਗ, ਸੁਣਾਉਣਾ- ਕਹਿਣਾ, ਦੱਸਣਾ, ਕੰਨੀਂ ਪਾਉਣਾ/ਕੱਢਣਾ, ਬੁਰਾ, ਭਲਾ ਕਹਿਣਾ, ਕੌੜੀਆਂ-ਫਿੱਕੀਆਂ ਕਹਿਣੀਆਂ, ਤਾਹਨਾ ਮਾਰਨਾ, ਦੁਹਾਈ ਦੇਣਾ/ਪਾਉਣਾ, ਸੁਣਾਉਤ-ਸੁਣਾਉਣੀ, ਖਬਰ, ਇਤਲਾਹ, ਸੁਣਾਊ-ਸੁਣਾਉਣ ਦੀ ਨੀਅਤ ਰੱਖਣ ਵਾਲਾ, ਸੁਣਾਉਣ `ਤੇ ਤੁਲਿਆ ਹੋਇਆ, ਸੁਣਾਈ-ਸੁਨਣਾ ਤੇ ਸੁਨਾਉਣ ਦਾ ਭਾਵ-ਵਾਚਕ, ਸੁਣਵਾਈ, ਸੁਣਿਆ, ਸੁਣੀ, ਸੁਣੀ ਸੁਣਾਈ, ਸੁਣੌਤ, ਸੁਨੌਣੀ ਇਹਦੇ ਸਗੋਤੀ ਸ਼ਬਦ ਹਨ।
ਇਸ ਨਾਲ ਜੁੜੇ ਕਈ ਮੁਹਾਵਰੇ ਵੀ ਮਿਲਦੇ ਹਨ- ਸੁਣ ਕੇ ਸਹਿ ਜਾਣਾ- ਕੌੜੀ ਕੁਸੈਲੀ ਗੱਲ ਦਾ ਬੁਰਾ ਨਾ ਮਨਾਉਣਾ; ਸੁਣ ਕੇ ਪੀ ਜਾਣਾ; ਸੁਣਾਉਣੀ ਸੁੱਟਣਾ; ਸੁਣਾਉਣੀ ਕਰਨਾ; ਸੁਣਾਈ ਹੋਣਾ; ਸੁਣਵਾਈ ਕਰਨੀ; ਸੁਣਿਆ ਸੁਣਾਇਆ; ਸੁਣੀ ਅਣਸੁਣੀ ਕਰਨਾ ਆਦਿ। ਨਿਰੁਕਤ ਕੋਸ਼ ਅਨੁਸਾਰ- ਸੁਣਨਾ ਦਾ ਅਰਥ ਹੈ- ਕੰਨਾਂ ਦੁਆਰਾ ਗਿਆਨ ਪ੍ਰਾਪਤ ਕਰਨਾ, ਪਾਲੀ-ਸੁਣ; ਪ੍ਰਾ।- ਸੁਣੇ; ਬੰਗਾਲੀ- ਸੁਨਾ; ਗੁਜ। -ਸੁਣਵੁੰ; ਸੰਸ। ਸ਼ਰਨੌਤੀ; ਫਾਰਸੀ-ਸ਼ੁਨੀਦਾਨ-ਸੁਣਨਾ; ਸਰੋਸ਼-ਗੈਬੀ ਆਵਾਜ਼; ਫਰਿਸ਼ਤਾ; ਰੂਸੀ- ਸਲੱਸ਼, ਸੁਣਨਾ- ਸ਼੍ਰਤੀ। ਮਹਾਨ ਕੋਸ਼ ਅਨੁਸਾਰ ਸੁਨਣਾ-ਸ੍ਰਵਣ ਕਰਨਾ, ਸੁਣ ਲੈਣਾ। ਗੁਰਬਾਣੀ ਵਿੱਚ ਇਸ ਸ਼ਬਦ ਦੀ ਵਰਤੋਂ ਅਨੇਕਾਂ ਸੰਦਰਭਾਂ ਵਿੱਚ ਹੋਈ ਹੈ, ਕਿਉਂਕਿ ਉਥੇ ਸੰਦੇਸ਼ ਦੀ ਸੰਚਾਰਣ ਵਿਧੀ ਵਿੱਚ ਇਹਦੀ ਲੋੜ ਸੀ, ਜਿਵੇਂ- ‘ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ॥, ਕਹਣਾ ਸੁਨਣਾ ਅਕਥ ਘਰਿ ਜਾਇ॥, ਆਖਣਾ ਸੁਨਣਾ ਨਾਮੁ ਅਧਾਰੁ॥, ਵੇਖਣੁ ਸੁਨਣਾ ਝੂਠੁ ਹੈ ਮੁਖਿ ਝੂਠਾ ਅਲਾਉ॥, ਜੋ ਸੁਨਣਾ ਸੋ ਪ੍ਰਭ ਕੀ ਬਾਨੀ॥, ਧੰਨੁ ਸੁ ਵੇਲਾ ਜਿਤੁ ਹਰਿ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ॥, ਅਖੀ ਬਾਝਹੁ ਵੇਖਣਾ, ਵਿਣੁ ਕੰਨਾ ਸੁਨਣਾ॥, ਆਖਣੁ ਸੁਨਣਾ ਤੇਰੀ ਬਾਣੀ॥, ਜੇਤਾ ਸੁਨਣਾ ਤੇਤਾ ਨਾਮੁ॥’
ਸੁਨਣਿ, ਸੁਨਣੁ, ਸੁਨਣੇ, ਸੁਨਣੈ ਇਹਦੇ ਸਗੋਤੀ ਸ਼ਬਦ ਹਨ। ਸੁਨਣਾ, ਸੁਣਵਾਈ, ਸੁਣਾਈ ਦੇਣਾ, ਵਿਚਾਰ ਕਰਨਾ, ਧਿਆਨ ਦੇਣਾ ਇਸੇ ਲੜੀ ਦੇ ਸ਼ਬਦ ਹਨ। ਸੰਸਕ੍ਰਿਤ ਵਿੱਚ ਸੁਨਣ ਲਈ ਸ਼੍ਰਵਣ ਸ਼ਬਦ ਪ੍ਰਚਲਤ ਹੈ। ਇਹ ‘ਸ਼੍ਰ’ ਧਾਤੂ ਤੋਂ ਉਪਜਿਆ ਹੈ, ਜਿੱਥੇ ਇਸ ਵਿੱਚ ਸੁਨਣ ਦੇ ਭਾਵ ਪਏ ਹਨ। ਪਾਲੀ ਵਿੱਚ ਸ਼੍ਰਵਣ ਦਾ ਰੂਪ ਸਵਨ ਵੀ ਮਿਲਦਾ ਹੈ ਤੇ ਪ੍ਰਾਕਿਰਤ ਵਿੱਚ ਸਵਣ। ਇਸੇ ਕੜੀ ਤੋਂ ਸੁਨਣਾ ਕਿਰਿਆ ਦਾ ਵਿਕਾਸ ਹੋਇਆ ਹੈ। ਸੁਨਣ ਲਈ ਕਦੇ ਅਕਨਿ/ਅਕੁਨਿ ਵਰਗੀਆਂ ਕਿਰਿਆਵਾਂ ਵੀ ਸਨ। ਡਾ. ਰਾਮ ਵਿਲਾਸ ਸ਼ਰਮਾ ਅਨੁਸਾਰ ਅਕਨਿ/ਅਕੁਨਿ ਕਿਰਿਆਵਾਂ ਕਦੇ ਹੋਰ ਆਰੀਆ ਭਾਸ਼ਾਵਾਂ ਵਿੱਚ ਵੀ ਸੁਨਣ ਦੇ ਅਰਥਾਂ ਵਿੱਚ ਵਰਤੀਆਂ ਜਾਂਦੀਆਂ ਸਨ। ਉਨ੍ਹਾਂ ਅਨੁਸਾਰ ਅਕਨਿ ਕਿਰਿਆ ਦੇ ਮੂਲ ਵਿੱਚ ‘ਅਕ’ ਵਰਗੀ ਧਾਤੂ ਹੋਣੀ ਚਾਹੀਦੀ ਹੈ, ਪਰ ਸੰਸਕ੍ਰਿਤ ਵਿੱਚ ਅਜਿਹੀ ਕੋਈ ਧਾਤੂ ਨਹੀਂ ਮਿਲਦੀ। ਉਹ ਗ੍ਰੀਕ ਦੀ ਕਿਰਿਆ ‘ਅਕੋਊਓ’ ਨਾਲ ਅਕਨਿ ਦੀ ਤੁਲਨਾ ਕਰਦੇ ਹਨ, ਜਿਸਦਾ ਅਰਥ ਵੀ ਸੁਨਣਾ ਹੀ ਹੈ। ਉਨ੍ਹਾਂ ਅਨੁਸਾਰ ਅਕਨਿ, ਅਕੁਨਿ, ਅਕੋਊਓ ਆਪਸ ਵਿੱਚ ਜੁੜੇ ਹੋਏ ਹਨ। ਆਰੀਆਂ ਦੇ ਭਾਰਤ ਆਉਣ ਤੋਂ ਪਹਿਲਾਂ ਪ੍ਰੋਟੋ ਇੰਡੋ-ਯੂਰਪੀਅਨ ਤੋਂ ਗ੍ਰੀਕ ਸ਼ਾਖਾ ਵੱਖ ਹੋ ਗਈ ਸੀ। ਇਸ ਲਈ ਅਕੋਊਓ ਪ੍ਰਚੀਨ ਗ੍ਰੀਕ ਦਾ ਸ਼ਬਦ ਹੈ। ਬ੍ਰਜ, ਅਵਧੀ ਵਿੱਚ ਪ੍ਰਚਲਿਤ ਅਕਨਿ/ਅਕੁਨਿ/ਅਕਨਨਾ ਵਰਗੀਆਂ ਕਿਰਿਆਵਾਂ ਮਿਲਦੀਆਂ ਹਨ। ਸੁਨਣ ਲਈ ਮਰਾਠੀ ਵਿੱਚ ਏਕਣੇ ਜਾਂ ਆਈਕਣੇ ਸ਼ਬਦ ਪ੍ਰਚਲਤ ਹਨ ਤੇ ਸ਼੍ਰਵਣ ਲਈ ਏਕਣੇ ਸ਼ਬਦ ਮਿਲਦਾ ਹੈ। ਹੋ ਸਕਦੈ ਪ੍ਰਾਚੀਨ ਭਰੋਪੀ ਭਾਸ਼ਾ ਪਰਿਵਾਰ ਵਿੱਚ ਏਕਣੇ, ਅਕਨਿ, ਅਕੁਨਿ ਵਰਗੇ ਸ਼ਬਦ ਪ੍ਰਚਲਿਤ ਹੋਣ ਤੇ ਇਹ ਗ੍ਰੀਕ ਅਕੋਊਓ ਦੇ ਪ੍ਰਭਾਵ ਹੇਠ ਹੋਣ। ਗ੍ਰੀਕ ਅਕੋਊਓ ਦਾ ਰੂਪਾਂਤਰ ਅਕੂਸਿਟਕੋਸ ਵਿੱਚ ਦੇਖਿਆ ਜਾ ਸਕਦਾ ਹੈ, ਜੋ ਸੁਨਣ ਪ੍ਰਕਿਰਿਆ ਨਾਲ ਸੰਬੰਧਤ ਹੈ। ਅੰਗਰੇਜ਼ੀ ਅਚੋੁਸਟਚਿ ਤੇ ਫਰੈਂਚ ਅਚੋੁਸਟਚਿਸ ਨਾਲ ਇਹਦੀ ਸਕੀਰੀ ਸਪਸ਼ਟ ਹੈ। ਜੂਲੀਅਸ ਪਕੋਰਨੀ ਦੁਆਰਾ ਬਣਾਈ ਗਈ ਪ੍ਰੋਟੋ ਭਰੋਪੀ ਧਾਤੂ ਕੋੁਸ ਨਾਲ ਵੀ ਇਹਦੀ ਸਕੀਰੀ ਜੁੜਦੀ ਹੈ। ਅਕਨਿ ਤੇ ਏਕਣੇ ਦੀ ਸਕੀਰੀ ਗ੍ਰੀਕ ਦੀ ਬਜਾਏ ਸੰਸਕ੍ਰਿਤ ਨਾਲ ਜੁੜਦੀ ਹੈ। ਇਨ੍ਹਾਂ ਵਿੱਚ ਕਲਪਿਤ ਧਾਤੂ ‘ਅੱਕੑ’ ਦੀ ਥਾਂ ‘ਕਰਣ’ ਹੈ। ਹਿੰਦੀ ਸ਼ਬਦ ਸਾਗਰ ਅਨੁਸਾਰ ਅਕਨਿ ਅਸਲ ਵਿੱਚ ਸੰਸਕ੍ਰਿਤ ਦੇ ਆਕਰਨਣ ਦਾ ਰੂਪਾਂਤਰ ਹੈ। ਆਕਰਨਣ ਦਾ ਪ੍ਰਾਕਿਰਤ ਰੂਪ ਆਕਣਣਨ ਹੈ। ਇਸਦਾ ਇੱਕ ਰੂਪ ਆਕਰਣੇ ਵੀ ਹੈ। ਅਵਹੱਟ ਵਿੱਚ ਆਕੰਡ, ਆਕਣੇ ਵਰਗੇ ਰੂਪ ਮਿਲਦੇ ਹਨ। ਗ੍ਰੀਕ ਅਕੋਊਓ (ਅਕੋੁੋ) ਦਾ ਉਚਾਰਨ ਅ-ਕੋੋ-ੋਹ ਅਰਥਾਤ ‘ਅ+ਕੂ+ਓ’ ਬਣਦਾ ਹੈ। ਸਪਸ਼ਟ ਹੈ ਕਿ ਸੰਸਕ੍ਰਿਤ ਦੇ ਆਕਰਣਨ ਦੀ ਅਰਥਸੱਤਾ ਕਰਨ ਅਥਵਾ ਕੰਨ ਦੇ ਰੂਪ ਵਿੱਚ ਸਥਾਪਤ ਹੋ ਰਹੀ ਹੈ, ਜਿਸਦਾ ਗੁਣ ਸੁਨਣਾ ਹੈ। ਆਕਰਣਨ ਤੋਂ ਅਕਨਨਾ ਕਿਰਿਆ ਬਣੀ ਹੈ, ਜਿਸਦਾ ਅਰਥ ਹੈ- ਸੁਨਣਾ, ਕਰਨਗੋਚਰ ਕਰਨਾ। ਕੰਨ ਲਾ ਕੇ ਸੁਨਣ ਦੇ ਭਾਵ ਇਸ ਵਿੱਚ ਪਏ ਹਨ। ‘ਆਕਰਣਨਮੑ’ ਸ਼ਬਦ ਦੀ ਵਿਓਤਪਤੀ ‘ਆ+ਕਰਨ’ ਤੋਂ ਹੋਈ ਹੈ। ਸੰਸਕ੍ਰਿਤ ਦੇ ਕਰਣ ਦੀ ਵਿਓਤਪਤੀ ਕਰਣੑ ਧਾਤੂ ਤੋਂ ਹੋਈ ਹੈ। ਕਰਣੑ ਵਿੱਚ ਛੇਦ ਕਰਨ, ਪ੍ਰਵੇਸ਼ ਕਰਨ, ਵੜਨ ਵਰਗੇ ਭਾਵ ਸਮਾਏ ਹੋਏ ਹਨ। ਇਸ ਤਰ੍ਹਾਂ ਕੰਨ ਜੋ ਸੁਣਦਾ ਹੈ ਤੇ ਸੁਨਣਾ, ਜਿਸਨੂੰ ਸੁਣਾਇਆ ਜਾਂਦਾ ਹੈ- ਦੋਵੇਂ ਘਟਕ ਜੁੜੇ ਹੋਏ ਹਨ। ਇਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਕਿ ਸੁਨਣਾ ਵਰਗਾ ਆਮ ਸ਼ਬਦ ਵੀ ਗੁੰਝਲਦਾਰ ਪ੍ਰਕਿਰਿਆ ਵਿੱਚ ਬੱਝਾ ਹੋਇਆ ਹੈ ਤੇ ਹਰ ਭਾਸ਼ਾ ਵਿੱਚ ਇਹਦਾ ਵਿਕਾਸ ਸੁਨਣ ਦੀ ਪ੍ਰਕਿਰਿਆ ਵਿੱਚ ਹੋਇਆ ਹੈ।