ਡਾ. ਪਰਮਜੀਤ ਸਿੰਘ ਸੋਹਲ
ਸ਼ਾਇਰ ਕਿਰਤ ਦੀ ਚੰਨਣਗੀਰ੍ਹੀ (2023) ਮੁਹੱਬਤ ਦੀ ਕਿਰਤ ਹੈ। ਬਾਕਲਮ ਖ਼ੁਦ ਕਿਰਤ ਮੁਹੱਬਤ ਦੇ ਨਾਂ ਸਮਰਪਣ ਪਹਿਲੀ ਮੁਹੱਬਤ ਦੇ ‘ਸ਼ੁਕਰੀਏ’ ਨਾਲ ਮੁਖਬੰਧੀ ਗਈ ਸ਼ਾਇਰੀ ਦੀ ਕਿਰਤ ਹੈ। ਮੁੱਖਬੰਧ ਵਿੱਚ ਕਵੀ ਇਹੀ ਕਹਿੰਦਾ ਹੈ:
‘‘ਸੁਕਰੀਆ ਮੁਹੱਬਤ ਭਰੀ ਹਾਕ ਮਾਰਨ ਵਾਸਤੇ
ਸ਼ੁਕਰੀਆ ਨਵੇਂ ਅਰਥਾਂ ਵਿੱਚ ਲਿਪਟੀ ਜ਼ਿੰਦਗੀ ਦੇਣ ਵਾਸਤੇ
ਸ਼ੁਕਰੀਆ ਮੈਨੂੰ ਮੇਰੇ ਹੋਣ ਦਾ ਅਹਿਸਾਸ ਕਰਵਾਉਣ ਵਾਸਤੇ
ਸ਼ੁਕਰੀਆ ਮੇਰੇ ਪੈਰਾਂ ਵਿੱਚ ਨਵੇਂ ਰਾਹ ਪਵਾਉਣ ਵਾਸਤੇ
ਸ਼ੁਕਰੀਆ ਮੇਰੀ ਚੁੱਪ ਨੂੰ ਗੀਤ ਬਣਾ ਕੇ ਗਾਉਣ ਵਾਸਤੇ
ਸ਼ੁਕਰੀਆ ਅਣਕਹੇ ਬੋਲਾਂ ਨੂੰ ਸਮਝਣ ਵਾਸਤੇ
ਸ਼ੁਕਰੀਆ ਮੇਰੀਆਂ ਅੱਖਾਂ ਨੂੰ ਤਾਰੇ ਹੰਘਾਲਣ ਦੇ ਯੋਗ ਬਣਾਉਣ ਵਾਸਤੇ
ਸ਼ੁਕਰੀਆ ਮੇਰੇ ਅੰਗ-ਸੰਗ ਸਹਾਈ ਰਹਿਣ ਵਾਸਤੇ
ਸ਼ੁਕਰੀਆ ਮੈਨੂੰ ਭਟਕਦੇ ਕਿਣਕੇ ਨੂੰ ਚੁੰਮ ਕੇ ਮਸਤਕ ਲਾਉਣ ਵਾਸਤੇ
ਸ਼ੁਕਰੀਆ ਮੇਰੀਆਂ ਤਿਊੜੀਆਂ ਨੂੰ ਸਰਲ ਕਰਨ ਵਾਸਤੇ
ਸ਼ੁਕਰੀਆ ਮੈਨੂੰ ਪੂਰਾ ਕਰਨ ਵਾਸਤੇ
ਸ਼ੁਕਰੀਆ ਮੁਹੱਬਤੇ ਸ਼ੁਕਰੀਆ…।
ਸੋ ਆਪਣੀ ਕਿਤਾਬ ‘ਚੰਨਣਗੀਰ੍ਹੀ’ ਦਾ ਕਵੀ ਕਿਰਤ ਅਜਿਹੇ ਕਾਵਿਕ ਭਾਵਭਿੰਨੇ ਬੋਲਾਂ ਨਾਲ ‘ਮੁਹੱਬਤ’ ਦਾ ਸ਼ੁਕਰੀਆ ਅਦਾ ਕਰਦਾ ਹੈ। ਆਪਣੀ ਪਹਿਲੀ ਮੁਹੱਬਤ ਦੇ ਸ਼ੁਕਰੀਏ ਨਾਲ ਲਬਰੇਜ਼, ਸਪਾਟ, ਸਾਦਾ ਤੇ ਸਪੱਸ਼ਟ ਸ਼ਬਦਾਂ ਵਿੱਚ ਨਿਕਲੀ ਹੋਈ ਇਹ ਸ਼ਾਇਰੀ ਹਿਸਾਬੀ ਫਾਰਮੂਲੇ ਵਾਂਗ ਮੁਹੱਬਤ ਨੂੰ ਆਪਣਾ ‘ਫਾਰਮੂਲਾ’ ਐਲਾਨਦੀ ਹੈ। ਇਸ ਮੁਹੱਬਤੀ ਨੇੜਤਾ ਨੂੰ ‘ਵਰਤ-ਵਰਤਾਉ’ ਕਵਿਤਾ ਦੀਆਂ ਅੰਤਲੀਆਂ ਸਤਰਾਂ ’ਚੋਂ ਪ੍ਰਤਿਬਿੰਬਤ ਹੁੰਦਿਆਂ ਵੇਖਿਆ ਜਾ ਸਕਦਾ ਹੈ:
ਮੈਂ ਪਿਆ ਰਹਾਂਗਾ
ਤੇਰੇ ਅੰਦਰ ਚੁੱਪ-ਚਾਪ
ਜਿਵੇਂ ਪਿਆ ਹੈ ਤੇਰੀ ਕਿਤਾਬ ਵਿੱਚ
ਇੱਕ ਗੁਲਾਬ ਦਾ ਫੁੱਲ।
ਕਿਰਤ ਆਪਣੀ ਮੁਹੱਬਤੀ ਸ਼ਾਇਰੀ ਨੂੰ ਇਸੇ ਪ੍ਰਕਾਰ ਪਾਠਕ ਦੇ ਦਿਲ ਅੰਦਰ ਗੁਲਾਬ ਵਾਂਗ ਟਿਕਾਉਣਾ ਜਾਣਦਾ ਹੈ। ਕਿਰਤ ਦੀ ਮੁਹੱਬਤ ਮਹਿਕ ਵਰਗੀ ਹੈ, ਜਿਸਨੂੰ ਕੁੰਡੀ ਨਹੀਂ ਲਗਾਈ ਜਾ ਸਕਦੀ। ਇਸਦੀਆਂ ਪੈੜਾਂ ਬੰਦ ਖਿੜਕੀ ਉਲੰਘ ਕਮਰੇ ਅੰਦਰ ਆ ਸਕਦੀਆਂ ਹਨ। ਇਹ ਮੁਹੱਬਤ ਦੇ ਰੰਗਾਂ ’ਚੋਂ ਹੀ ਇੱਕ ਹੋਰ ਰੰਗ ਹੈ ਕਿ ਚੀਜ਼ਾਂ ਅੰਦਰ ਵੀ ਜੀਵਨ ਤੇ ਆਤਮਾ ਹੁੰਦੀ ਹੈ। ਚੀਜ਼ਾਂ ਵਿਚਾਰੀਆਂ ਤਾਂ ਨਹੀਂ, ਪਰ ਉਨ੍ਹਾਂ ਬੂਹਿਆਂ/ਕੁਰਸੀਆਂ ਪ੍ਰਤੀ ਵਿਚਾਰ ਅਧੀਨ ਸੰਵੇਦਨਾਤਮਕ ਮਨੁੱਖੀ ਭਾਵਨਾ ਦੀ ਤੀਬਰਤਾ ਸਾਡੇ ਅੰਦਰ ਧੂਹ ਪਾਉਂਦੀ ਹੈ। ਮੁਹੱਬਤ ਦੇ ਤੀਬਰ ਅਹਿਸਾਸ ਕਾਰਨ ਹੀ ਵਾਲਾਂ ਦਾ ਖ਼ਾਲੀ ਚੀਰ ਵੀ ਸੋਹਣਾ ਲਗਦਾ ਹੈ- ਖੁੱਲ੍ਹਾ, ਆਜ਼ਾਦ ਜਿਹਾ, ਬਿਲਕੁਲ ਬੱਚੇ ਵਰਗਾ।
ਬਾਬੇ ਨਾਨਕ ਦੇ ਪੈਰ ਜਗਿਆਸਾ ਦੇ ਪੈਰ ਹਨ, ਇੱਕ ਖੋਜੀ ਦੇ ਪੈਰ ਹਨ; ਕਿਸੇ ਰੇਲ ਦਾ ਸਫ਼ਰ ਨਹੀਂ। ਨਾਨਕ ਵਿਚਾਰਧਾਰਾ ਦੇ ਅਧਿਆਤਮਕ ਰਥ ’ਤੇ ਸਵਾਰ ਹੋ ਕੇ ਹੀ ਨਾਨਕ ਨਾਲ ਰਲਿਆ ਜਾ ਸਕਦਾ ਹੈ। ਕਿਰਤ ਬਾਬੇ ਨਾਨਕ ਦੀ ਕੁਦਰਤ ਦੀ ਆਰਤੀ ਨੂੰ ਆਲੋਚਨਾ ਵਿਧੀ ਦਾ ਨਾਂ ਦਿੰਦਾ ਹੈ, ਜਦ ਕਿ ਬਾਬੇ ਨਾਨਕ ਦੀ ਆਰਤੀ ਤਾਂ ਅਰਾਧਨਾ ਦੀ ਸਹਿਜਤਾ ਹੈ, ਜਿਸ ਵਿੱਚ ਪਾਖੰਡ ਦਾ ਸਪਾਟ ਖੰਡਨ ਹੈ।
ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਪ੍ਰਸਿੱਧ ਕਥਨ ਹੈ: ‘ਪਿਆਰ ਕਬਜ਼ਾ ਨਹੀਂ, ਪਹਿਚਾਨ ਹੈ।’ ਕਵੀ ਕਿਰਤ ‘ਸੋ ਮੈਂ ਜਾਣ ਦਿੱਤਾ…’ ਨਾਮੀ ਕਵਿਤਾ ਵਿੱਚ ਜੋ ਪ੍ਰਾਕ੍ਰਿਤਕ ਦ੍ਰਿਸ਼ ਰੂਪਮਾਨ ਕਰਦਾ ਹੈ, ਉਸ ਪਿੱਛੇ ਇਹੋ ਭਾਵਨਾ ਦ੍ਰਿਸ਼ੀਗੋਚਰ ਹੁੰਦੀ ਹੈ ਕਿ ‘ਕੁਝ ਸ਼ੈਆਂ ਨੂੰ ਮਾਣਿਆ ਜਾ ਸਕਦੈ, ਹਥਿਆਇਆ ਨਹੀਂ।’ ਨੰਗੇਜ਼ ਦੀ ਪਰਿਭਾਸ਼ਾ ਉਹ ਜਿਸ ਜ਼ਾਵੀਏ ਤੋਂ ਕਰਦਾ ਹੈ, ਉਸ ਵਿੱਚ ਇੱਕ-ਦੂਜੇ ਦੇ ਸੱਚ ਨੂੰ ਕਬੂਲਣ ’ਤੇ ਜ਼ੋਰ ਹੈ।
ਕਿਰਤ ਦੀ ‘ਰੱਬ ਦੀਆਂ ਚੱਪਲਾਂ’ ਨਜ਼ਮ ਵਿੱਚ ਰੱਬ ਤੇ ਮਨੁੱਖ ਦੇ ਸਬੰਧ ਦੀ ਚਰਚਾ ਹੈ। ਕਵੀ ਦੇ ਰੁਮਾਂਚਿਤ ਕਿਆਸ ਅਨੁਸਾਰ ਰੱਬ ਕਿਤੇ ਉਤਾਂਹ ਰਹਿੰਦਾ ਹੈ, ਉਹ ਮੈਲੀ ਧਰਤੀ ’ਤੇ ਪੈਰ ਭੁੰਞੇ ਲਾਉਣੋਂ ਡਰਦਾ ਹੈ। ਮਨੁੱਖ ਰੱਬ ਦੀ ਮਲਕੀਅਤ ਦੀਆਂ ਚੱਪਲਾਂ ਚੁਰਾ ਲਿਆਇਆ ਹੈ। ਇਸ ਦੇ ਮਨੁੱਖ ਲਈ ਕਵੀ ਦੋ ਹੱਲ ਸੁਝਾਉਂਦਾ ਹੈ ਕਿ ਜਾਂ ਤਾਂ ਮਨੁੱਖ ਮੈਲੀ ਧਰਤੀ ਨੂੰ ਪਿਆਰ ਨਾਲ ਏਕੇ ਦੇ ਰੰਗ ਵਿੱਚ ਸੁੱਚੀ ਕਰੇ ਜਾਂ ਰੱਬ ਦੀਆਂ ਚੱਪਲਾਂ ਮੋੜ ਕੇ ਸਵੈ-ਯੋਗਤਾ ਤੇ ਮੌਲਿਕਤਾ ਅਪਣਾਵੇ।
‘ਗੁਰੂ ਕਾ ਬਾਟਾ’ ਸਿੱਖ ਮਾਰਗ ਨੂੰ ਸਹੀ ਰੂਪ ਵਿੱਚ ਅਪਣਾਉਣ ਵੱਲ ਸੇਧਿਤ ਹੈ। ਸਿੱਖੀ ਦਾ ਸਹੀ ਮਾਰਗ ਸਿਰਫ਼ ‘ਖੰਡੇ ਬਾਟੇ ਦੀ ਪਹੁਲ’ ਛਕਣ ਤੱਕ ਮਹਿਦੂਦ ਨਹੀਂ, ਇਸ ਦੇ ਨਾਲ ਸਿੱਖੀ ਫ਼ਲਸਫ਼ਾ ਧਾਰਨ ਕਰਨਾ ਵੀ ਹੈ। ਤਦ ਹੀ ਅਸੀਂ ਸਹੀ ਅਰਥਾਂ ਵਿੱਚ ਗੁਰੂ ਵਾਲੇ ਬਣਦੇ ਹਾਂ। ‘ਦਸਤਖ਼ਤ’ ਕਵਿਤਾ ਵਿੱਚ ਉਨ੍ਹਾਂ ਕੌਮਾਂ ਦੀ ਭਟਕਣਾ ਦਾ ਇੰਕਸ਼ਾਫ਼ ਦਰਜ ਹੈ, ਜੋ ਗੁਰੂ/ਰਹਿਬਰ ਕੋਲੋਂ ਧਿਆਨ ਦੀ ਉਂਗਲ ਛੁਡਾ ਲੈਂਦੀਆਂ ਹਨ।
‘ਛੇਵਾਂ ਤੱਤ’ ਕਵੀ ਅਨੁਸਾਰ ਸਿਰਫ਼ ਯੋਧਿਆਂ ਅੰਦਰ ਹੁੰਦਾ ਹੈ, ਜਿਸ ਕਰਕੇ ਉਹ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ। ਆਰਿਆਂ ਨਾਲ ਚੀਰੇ ਗਏ ਤੇ ਚਰਖ਼ੜੀਆਂ ’ਤੇ ਚੜ੍ਹੇ ਸਿੱਖ ਸ਼ਹੀਦ ਕਿਸੇ ਛੇਵੇਂ ਤੱਤ ਦੀ ਬਦੌਲਤ ਹੀ ਸਮੇਂ ਦੀਆਂ ਜਾਬਰ ਸਰਕਾਰਾਂ ਅੱਗੇ ਡਟਦੇ ਰਹੇ।
‘ਖਾਲਾ ਜੀ ਦਾ ਵਾੜਾ’ ਕਵਿਤਾ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਬਾਬਤ ਸ਼ਰਧਾਂਜਲੀ ਹੈ, ਬੇਸ਼ਕ ਕਵੀ ਨੇ ਇਸ ਦੇ ਬੰਦਾਂ ਨੂੰ ਗ਼ਜ਼ਲ ਦੇ ਸ਼ੇਅਰਾਂ ਵਾਂਗ ਲਿਖਣ ਦੀ ਤਰਤੀਬ ਅਪਣਾਈ ਹੈ। ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਮਤਲਬ ਜਿੱਤ ਕੇ ਅਗਾਂਹ ਵਧਣਾ ਹੈ, ਪਿੱਛੇ ਹਟਣਾ ਨਹੀਂ। ‘ਫਾਡੀ ਜੇਤੂ’ ਕਵਿਤਾ ਵਿੱਚ ਆਪਣੇ ਸਫ਼ਰ ਨੂੰ ਨੱਚਦੇ, ਗਾਉਂਦੇ ਤੇ ਕੁਦਰਤ ਦੀਆਂ ਫੁੱਲ ਪੱਤੀਆਂ, ਨਦੀਆਂ, ਝਰਨੇ ਆਦਿ ਵੇਖਦੇ ਹੋਏ ਜੀਣ ਦੀ ਤਾਕੀਦ ਹੈ। ਇਸ ਪਿਆਰ ਰਾਹ ਵਿੱਚ ਕਿਤੇ ਪਹੁੰਚਣ ਦੀ ਕਾਹਲ ਨਹੀਂ ਹੈ।
ਕਵੀ ਕਿਰਤ ਨੇ ‘ਚੰਡੀਗੜ੍ਹ’ ਨਾਮੀ ਕਵਿਤਾ ਵਿੱਚ ਚੰਨਣਗੀਰ੍ਹੀ ਨਾਂ ਦੀ ਕੁੜੀ ਦਾ ਜ਼ਿਕਰ ਕੀਤਾ ਹੈ। ਇਸ ਕਵਿਤਾ ਨੂੰ ਪੜ੍ਹੇ ਬਗ਼ੈਰ ਪਾਠਕ ਦੇ ਮਨ ਵਿੱਚ ‘ਚੰਨਣਗੀਰ੍ਹੀ’ ਦੇ ਅਰਥ ਰਹੱਸ ਬਣੇ ਰਹਿੰਦੇ ਹਨ। ਆਦਰਸ਼ ਦੇ ਬਣਾਏ ਸਰਵਰਕ ਤੋਂ ਭਾਵੇਂ ਕਲਾਕ੍ਰਿਤੀ ਦੇਖ ਕੇ ਆਭਾਸ ਜਿਹਾ ਵੀ ਹੁੰਦਾ ਹੈ ਕਿ ਫੁੱਲ ਪੱਤੀਆਂ, ਪੰਛੀ, ਸੂਰਜ, ਬਾਰਿਸ਼ ਤੇ ਔਰਤ ਦੀ ਆਕ੍ਰਿਤੀ ਵਿੱਚੋਂ ਸ਼ਿੰਗਾਰਾਤਮਕ ਭਾਵ ਉਜਾਗਰ ਹੁੰਦੇ ਹਨ; ਪਰ ‘ਚੰਨਣਗੀਰ੍ਹੀ’ ਦੇ ਲਫ਼ਜ਼ੀ ਅਰਥ ਅਸਪਸ਼ਟ ਹੀ ਰਹਿੰਦੇ ਹਨ। ਮੁਹੱਬਤ ਦੀ ਪ੍ਰਤੀਕ ‘ਚੰਨਣਗੀਰ੍ਹੀ’ ਚੰਡੀਗੜ੍ਹ ਸ਼ਹਿਰ ਵਿੱਚ ਰਹਿੰਦੀ ਕੁੜੀ ਹੈ। ਇਸ ਕਾਰਨ ਚੰਡੀਗੜ੍ਹ ਨਾਲ ਮੁਹੱਬਤ ਕਿਰਤ ਦੀ ਕਵਿਤਾ ‘ਚੰਡੀਗੜ੍ਹ’ ਵਿੱਚੋਂ ਉਜਾਗਰ ਹੁੰਦੀ ਹੈ। ਕਵੀ ਜਿੱਥੇ ‘ਚੰਨਣਗੀਰ੍ਹੀ’ ਨੂੰ ਪਿਆਰ ਕਰਦਾ ਹੈ, ਉਥੇ ਉਸ ਨੂੰ ਉਸਦਾ ਸ਼ਹਿਰ ਵੀ ਪਿਆਰਾ ਹੈ, ਜੋ ਕਈ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਹੈ। ਇਸ ਮੁਹੱਬਤੀ ਸ਼ਹਿਰ ਵਿੱਚ ਪੰਜਾਬ ਯੂਨੀਵਰਸਿਟੀ ਵਰਗਾ ਗਿਆਨ ਦਾ ਚਾਨਣ ਮੁਨਾਰਾ ਹੈ, ਜਿੱਥੇ ਫੁੱਲਾਂ ਵਰਗਾ ਸੁਹੱਪਣ ਕਿਤਾਬਾਂ ਪੜ੍ਹਦਾ ਹੈ।
‘ਜਿੰਦੇ ਨੂੰ ਤਾਂ ਕੁੰਜੀ ਮਿਲ ਜਾਂਦੀ, ਪਰ ਕੁੰਜੀ ਨੂੰ ਆਪਣਾ ਜਿੰਦਾ ਨਹੀਂ ਮਿਲਦਾ’- ਲੋਕ ਰਾਇ ਵਰਗੀ ਇਹ ਉਕਤੀ ਆਖ ਕਵੀ ਔਰਤ ਦੇ ਹੱਕ ਦੀ ਆਵਾਜ਼ ਬਣ ਜਾਂਦਾ ਹੈ। ਔਰਤ ਦਾ ਚੁੱਪ ਹੋਣਾ ਘਰ ਦੀ ਹਰ ਸ਼ੈ ਦਾ ਚੁੱਪ ਹੋ ਜਾਣਾ ਹੈ। ਇਸਦਾ ਇਹ ਮਤਲਬ ਵੀ ਨਹੀਂ ਕਿ ਔਰਤ ਮਹਿਜ਼ ਮਸ਼ੀਨ ਵਾਂਗ ਘਰ ਦੇ ਕੰਮਕਾਰ ਕਰਨ ਲਈ ਹੀ ਹੁੰਦੀ ਹੈ। ਦਰਅਸਲ, ਔਰਤ ਦੇ ਔਰਤ ਹੋਣ ਦੇ ਅਰਥਾਂ ਨੂੰ ਉਸਦੇ ‘ਬੋਲਣ’ ਤੇ ਬੋਲਦਿਆਂ, ਝਗੜਦਿਆਂ, ਕੰਮਕਾਰ ਕਰਦਿਆਂ ਸਮਾਨ ਸਮਾਜਕ ਪੱਧਰ ’ਤੇ ਜੀਣ ਤੇ ਵਿਚਰਣ ਤੋਂ ਉਜਾਗਰ ਹੁੰਦੇ ਹਨ।
‘ਆਸਾ-ਪਾਸਾ’ ਕਵਿਤਾ ਵਿੱਚ ਵਾਤਸਲੀ ਪਿਆਰ ਦੀ ਝਲਕ ਹੈ। ਮਾਂ ਆਪਣੇ ਸ਼ਿਸ਼ੂ ਨੂੰ ‘ਪਵਿੱਤਰ ਗੁੰਬਦ’ (ਛਾਤੀਆਂ) ’ਚੋਂ ਦੁੱਧ ਚੁੰਘਾਉਂਦੀ ਆਸੇ-ਪਾਸੇ ਤੋਂ ਬਾਖ਼ਬਰ ਹੁੰਦੀ ਹੋਈ ਵੀ ਬੇਖ਼ਬਰ ਹੋ ਜਾਂਦੀ ਹੈ। ਮਾਂ ਦੇ ਵਾਤਸਲੀ ਪਿਆਰ ਦੀ ਉਦਾਹਰਣ ‘ਮਾਂ’ ਕਵਿਤਾ ਵਿਚਲੀ ਜਣੇਪੇ ਵਾਲੀ ਮਾਂ ਕੁੱਖ ਦੀ ਅਸਮਾਨੀ ਬਿਜਲੀ ਦੀ ਗਰਜ ਤੋਂ ਬਚਾ ਕੇ ਸੰਭਾਲ ਕਰਦੀ ਮਾਂ ਤੋਂ ਵੀ ਮਿਲਦੀ ਹੈ। ਕਿਰਤ ਦੀ ਮਾਂ ਦੇ ਪਿਆਰ ਬਾਰੇ ਮਾਰਮਿਕ ਕਵਿਤਾ ‘ਕੋਲਡ ਕ੍ਰੀਮ’ ਹੈ, ਜਿਸ ਵਿੱਚ ਮਾਂ ਪਾਲੇ ਦੇ ਦਿਨਾਂ ਵਿੱਚ ਆਪਣੇ ਬੱਚੇ ਨੂੰ ਸਕੂਲੇ ਭੇਜਦੀ ਪਿੱਛੋਂ ਵਾਜ ਮਾਰ ਕੇ ਅਗੂੰਠੇ ’ਤੇ ਚੁੰਨੀ ਦਾ ਲੜ ਲਪੇਟਦੀ ਥੁੱਕ ਲਾ ਕੇ ਬੱਚੇ ਦੀਆਂ ਗੱਲ੍ਹਾਂ ਦੀ ਖ਼ੁਸ਼ਕੀ ਮੇਟਦੀ ਹੈ। ਇਹ ਵਰਤਾਰਾ ਕੋਲਡ ਕ੍ਰੀਮ ਲਗਾਉਣ ਤੋਂ ਕਿਤੇ ਵੱਧ ਤਰਾਵਟ ਦੇਣ ਵਾਲਾ ਹੈ, ਕਿਉਂਕਿ ਇਸ ਵਿੱਚ ਮਾਂ ਦਾ ਪਿਆਰ ਭਰਿਆ ਹੋਇਆ ਹੈ:
ਪਾਲ਼ੇ ਦੇ ਦਿਨਾਂ ਵਿੱਚ
ਮਾਂ ਮੱਥਾ ਚੁੰਮ ਕੇ
ਸਕੂਲ ਨੂੰ ਤੋਰਦੀ
ਜਾਂਦਿਆਂ ਨੂੰ ਪਿੱਛਿਓਂ ਹਾਕ ਮਾਰਦੀ
ਅੰਗੂਠੇ ਉੱਤੇ ਚੁੰਨੀ ਲਪੇਟਦੀ
ਜੀਭ ’ਤੇ ਘਸਾਉਂਦੀ
ਸਾਡੀਆਂ ਗੱਲ੍ਹਾਂ ’ਤੇ ਆਈ
ਖ਼ੁਸ਼ਕੀ ਢਾਹ ਦਿੰਦੀ
ਬਚਪਨ ਵਿੱਚ
ਮਾਂ ਦਾ ਉਹ ਕੋਸਾ ਥੁੱਕ ਹੀ
ਸਾਡੀ ਕੋਲਡ ਕ੍ਰੀਮ ਸੀ।
ਕਿਰਤ ‘ਮੇਰੀ ਟਿਕਟ ਨਹੀਂ ਲਗਦੀ’ ਕਵਿਤਾ ਵਿੱਚ ਬੱਸ ਦੇ ਸਫ਼ਰ ਦੌਰਾਨ ਆਪਣੇ ਅੰਦਰ ਚਲ ਰਹੇ ਖ਼ਿਆਲਾਂ ਦੇ ਸਫ਼ਰ ਤੋਂ ਵੀ ਅਵਗਿਤ ਕਰਵਾਉਂਦਾ ਹੈ। ਖੁੱਲ੍ਹੇ ਅਸਮਾਨ ਹੇਠ ’ਕੱਲਾ-ਕਾਰਾ ਚੱਲਦਾ ਟਿਊਬੈੱਲ ਕਵੀ ਕਿਰਤ ਨੂੰ ਉਸਦੇ ਇਕਲਾਪੇ ਦੇ ਨਜ਼ਦੀਕ ਕਰ ਦਿੰਦਾ ਹੈ ਤੇ ਕਵੀ ਦਾ ਦੁੱਖ ਪ੍ਰਕ੍ਰਿਤੀ ਦੇ ਦੁੱਖ ਨਾਲ ਘੁਲ਼ ਜਾਂਦਾ ਹੈ, ਫਿਰ ਉਹ ਸਫ਼ਰ ’ਚ ਹੁੰਦਾ ਹੋਇਆ ਵੀ ਸਫ਼ਰ ਵਿੱਚ ਨਹੀਂ ਹੁੰਦਾ। ਉਸ ਦੀ ਸੁਰਤਿ ਅੰਦਰ ਹਰਿਆਵਲ ਦੇ ਗੱਭੇ ਖੜ੍ਹੇ ਰੁੰਡ-ਮਰੁੰਡ ਰੁੱਖ ਉਪਰ ‘ਉਦਾਸ ਗੀਤ ਦਾ ਅੰਤਰਾ ਟੰਗਣ’ ਦਾ ਅਮਲ ਵੀ ਉਦਾਸੀ ਹੀ ਫੈਲਾਉਂਦਾ ਹੈ। ਇਸ ਕਵਿਤਾ ਵਿਚਲਾ ਪ੍ਰਾਕ੍ਰਿਤਿਕ ਸੁਹਜ ਆਧੁਨਿਕ ਰਫ਼ਤਾਰ ਭਰੀ ਜ਼ਿੰਦਗੀ ’ਚ ਵਿਚਰਨ ਵਾਲੇ ਮਨੁੱਖ ਕੋਲੋਂ ਗੁਆਚਦਾ ਜਾ ਰਿਹਾ ਹੈ।
ਕਿਰਤ ਲਈ ਮੁਹੱਬਤ ਦੀ ਹੋਂਦ ਬੰਦ ਕਮਰੇ ਲਈ ਰੌਸ਼ਨਦਾਨ ਜਿਹਾ ਸਥਾਨ ਹੀ ਨਹੀਂ ਰੱਖਦੀ, ਉਸ ਦੀ ਸੋਚ ਵਿੱਚ ਅਣਲਿਖੇ, ਅਣਗਾਏ, ਅਣਬਿਆਨੇ ਗੀਤ ਨੂੰ ਗਾਉਣਾ ਵੀ ਸ਼ਾਮਿਲ ਹੈ। ‘ਜੜੁੱਤ’ ਕਵਿਤਾ ਵਿੱਚ ਕਾਪੀ ਦੇ ਜੁੜੇ ਵਰਕਿਆਂ ਰਾਹੀਂ ਮੁਹੱਬਤ ਦੀ ਸਦੀਵੀ ਸਾਂਝ ਦਾ ਇੰਕਸ਼ਾਫ ਹੋਇਆ ਹੈ।
‘ਟਾਇਰ’ ਕਵਿਤਾ ਦਿੱਲੀ ਦੰਗਿਆਂ ਵਿੱਚ ਬਲਦੇ ਟਾਇਰ ਗਲਾਂ ’ਚ ਪਾ ਕੇ ਮਾਰੇ ਜਾਣ ਵਾਲੀ ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਵੱਲ ਸੰਕੇਤ ਕਰਦੀ ਹੈ। ਬੇਸ਼ੱਕ ਕਵਿਤਾ ਵਿਚਲਾ ਦ੍ਰਿਸ਼ ਬਲਦੇ ਟਾਇਰ ਨੂੰ ਮਜ਼ਦੂਰਾਂ ਵੱਲੋਂ ਅੱਗ ਸੇਕਣ ਦਾ ਜ਼ਰੀਆ ਬਣਾਇਆ ਗਿਆ ਹੈ, ਪਰ ਕਵੀ ਦੇ ਅਵਚੇਤਨ ਵਿੱਚ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਬਲਦੇ ਟਾਇਰ ਪਾ ਕੇ ਸਿੱਖਾਂ ਦੀ ਨਸ਼ਲਕੁਸ਼ੀ ਦੀ ਤ੍ਰਾਸਦੀ ਦਾ ਚੇਤਾ ਹੈ। ਇਸੇ ਤਰ੍ਹਾਂ ‘84 ਵਰਗਾ -20-21’ ਕਵਿਤਾ ਵਿੱਚ ਵੀ ਅਜਿਹੀ ਸਥਿਤੀ ਦਾ ਪਰਤੌ ਹੈ। ‘ਅੱਗ’ ਤੇ ‘ਟਾਇਰ’ ਦੇ ਪ੍ਰਤੀਕ 84 ਦੇ ਦੰਗਿਆਂ ਵੱਲ ਹੀ ਸੰਕੇਤ ਕਰਦੇ ਹਨ।
ਕਿਰਤ ਮੁਹੱਬਤ ਦਾ ਸ਼ਾਇਰ ਹੈ, ਉਹ ਮੁਹੱਬਤ ਲਈ ਆਜ਼ਾਦੀ ਦਾ ਪੱਖੀ ਹੈ। ਫੁੱਲਾਂ ਦੀ ਛੋਹ ’ਚੋਂ ਮੁਹੱਬਤ ਦੀ ਯਾਦ ਆ ਜਾਂਦੀ ਹੈ। ਕਿਸੇ ਦਾ ਮੁਹੱਬਤੀ ਸਾਥ ਫੁੱਲ ਖਿੜਾ ਦੇਣ ਦੀ ਜੁਸਤਜੂ ਹੈ। ਉਹ ਮੁਹੱਬਤ ਦੇ ਆਉਣ ਜਾਣ ਨੂੰ ਰੇਲਵੇ ਸਟੇਸ਼ਨ ਦੇ ਦ੍ਰਿਸ਼ ਵੱਤ ਚਿਤਰਦਾ ਹੈ।
ਕਿਰਤ ਦੀ ‘ਸਿੰਨਰੀ’ ਇੱਕ ਖੂਬਸੂਰਤ ਕਵਿਤਾ ਹੈ, ਜਿਸ ਵਿੱਚ ਪੰਜਾਬੀਆਂ ਦੇ ਪਰਦੇਸੀ ਹੋਣ ਦੀ ਤ੍ਰਾਸਦੀ ਦਾ ਵਰਨਣ ਹੈ। ਪੰਜਾਬ ਦੀ ਚਿੜੀ ਨੌਜਵਾਨੀ ਪਰਦੇਸੀ ਹੋ ਰਹੀ ਹੈ ਤੇ ਪੰਜਾਬ ਸਿੰਨਰੀ ਦੇ ਖ਼ਾਲੀਪਣ ਅੰਦਰ ਚੜ੍ਹਦੇ-ਲਹਿੰਦੇ ਜਹਾਜ਼ ਵੇਖ ਰਿਹਾ ਹੈ। ਇਸੇ ਤਰ੍ਹਾਂ ਯਾਦਗਾਰ ਕਵਿਤਾ ਵੀ ਪਰਦੇਸ ਦੇ ਦੁੱਖ ਨੂੰ ਮੌਤ ਜਿੱਡੇ ਲੰਮੇ ਹੋ ਜਾਣ ਆਖ ਗਹਿਰੀ ਟੀਸ ਨੂੰ ਬਿਆਨ ਦਿੰਦੀ ਹੈ।
‘ਗੈਰ-ਹਾਜ਼ਰੀ’ ਵਿੱਚ ਆਭਾਸੀ ਬਿੰਬ ਰਾਹੀਂ ਮੁਹੱਬਤ ਦੀ ਪੁਨਰ-ਯਾਦ ਚਿਤਰਿਤ ਹੋ ਰਹੀ ਹੈ, ਪਰ ਇਹ ਕਵਿਤਾ ਕਿਤਾਬ ਦੀ ਤਰਤੀਬ ਵਿੱਚੋਂ ‘ਗੈਰ-ਹਾਜ਼ਰ’ ਹੈ। ਖ਼ੈਰ! ਮੁਹੱਬਤ ਵਿੱਚ ਪਿਆਰੇ ਦੀ ਯਾਦ ਉਸਦੀ ਹਾਜ਼ਰੀ ਦਾ ਅਹਿਸਾਸ ਹੁੰਦੀ ਹੈ। ‘ਹਾਜ਼ਰੀ ਰਜਿਸਟਰ’ ਵਿੱਚ ਮਹਿਬੂਬ ਦੇ ਚਲੇ ਜਾਣ ਬਾਅਦ ਵੀ ਖ਼ਾਲੀ ਥਾਂ ’ਤੇ ‘ਗ਼ੈਰ-ਹਾਜ਼ਰ’ ਨਹੀਂ ਲਿਖਿਆ ਜਾਂਦਾ। ਇਸ ਪ੍ਰਕਾਰ ਮਹਿਬੂਬ ਗ਼ੈਰ-ਹਾਜ਼ਰ ਹੋ ਕੇ ਵੀ ਗ਼ੈਰ-ਹਾਜ਼ਰ ਨਹੀਂ ਰਹਿੰਦਾ। ਕਵੀ ਦੇ ਮਨ ਦੇ ਹਾਜ਼ਰੀ ਰਜਿਸਟਰ ਵਿੱਚ ਉਸਦੀ ਬਾਕਾਇਦਾ ਹਾਜ਼ਰੀ ਲਗ ਰਹੀ ਹੈ। ‘ਮਿਲਣੀ ਦਾ ਮੌਸਮ’ ਕਵਿਤਾ ਵਿੱਚ ਇਕਪਾਸੜ ਮੁਹੱਬਤ ਦੀ ਗੱਲ ਕੀਤੀ ਗਈ ਹੈ। ਕਈ ਵਾਰ ਮੁਹੱਬਤ ਦੂਰੋਂ ਦੂਰੋਂ ਹੀ ਕੀਤੀ ਜਾਂਦੀ ਹੈ। ਨਦੀ/ਜੰਗਲ ਦੇ ਲਾਗੇ ਲਾਗੇ ਹੋਣ ਦੇ ਪ੍ਰਾਕ੍ਰਿਤਕ ਪ੍ਰਤੀਕਾਂ ਰਾਹੀਂ ਮਿਲਾਪ ਦੇ ਮੌਸਮ ਨਾ ਆਉਣ ਦੀ ਅਭਿਵਿਅਕਤੀ ਹੋਈ ਹੈ। ਕਵੀ ਮੁਹੱਬਤ ਨੂੰ ਪ੍ਰਾਪਤ ਕਰਨਾ ‘ਪਾਣੀ ਨੂੰ ਮੁੱਠੀ ’ਚ ਘੁੱਟਣ’ ਵਰਗਾ ਅਮਲ ਆਖਦਾ ਹੈ। ਮੁਹੱਬਤ ਜਾਂ ਇਸ਼ਕ ਸਿਆਣਪਾਂ ਨਹੀਂ ਵੇਖਦਾ। ਇਸ ਵਿੱਚ ਤਿਤਲੀ ਤੇ ਫੁੱਲ ਦੇ ਪਿਆਰ ਵਰਗੀ ਚੋਰੀ ਹੈ ਤੇ ਪਾਣੀ ਵਿੱਚੋਂ ਪਾਣੀ ਨੂੰ ਪੁਣਨ ਜਿਹੀ ਘਾਲਣਾ ਹੈ। ‘ਪੋਣੀ’ ਵੀ ਇੱਕ ਹੋਰ ਮਾਰਮਿਕ ਕਵਿਤਾ ਹੈ, ਜਿਸ ਵਿੱਚ ਨਦੀ ਦਾ ਵਜੂਦ ਸਮੁੰਦਰ ਪੁਣਦਾ ਹੈ। ਨਦੀ ਦੀ ਅੱਡਰਤਾ ਜਾਂ ਪਛਾਣ ਸਮੁੰਦਰ ਹੋ ਜਾਣ ’ਚ ਨਹੀਂ ਹੈ। ਇਸੇ ਲਈ ਕਵੀ ਨਦੀ ਦੁਆਰਾ ਸਮੁੰਦਰ ਪੁਣਨ ਦੀ ਗੱਲ ਕਰਦਾ ਹੈ। ਕਵੀ ਕਿਰਤ ਜ਼ਿੰਦਗੀ ਦੇ ਪਾਣੀਆਂ ਵਿੱਚ ਡੁੱਬ ਕੇ ਤਰਨਾ ਚਾਹੁੰਦਾ ਹੈ। ਉਹਦੀ ‘ਹੰਸਾਂ ਦੇ ਜੋੜੇ’ ਕਵਿਤਾ ਵਿੱਚ ਜੁੱਤੇ ਵੀ ਪ੍ਰੇਮਿਕਾ ਲਈ ਹੰਸਾਂ ਦੇ ਜੋੜੇ ਬਣ ਜਾਂਦੇ ਹਨ, ਜਿਨ੍ਹਾਂ ਦੇ ਪਤਾਵਿਆਂ ’ਚੋਂ ਉਸ ਨੂੰ ਮਹਿਬੂਬ ਦੇ ਪੈਰਾਂ ਦੀ ਛੋਹ ਮਹਿਸੂਸ ਹੁੰਦੀ ਹੈ ਅਤੇ ਉਨ੍ਹਾਂ ਮਹਿਬੂਬ ਦੇ ਜੁੱਤਿਆਂ ਨੂੰ ਬੁੱਕਲ ਨਾਲ ਲਾ ਕੇ ਤੁਰਨ ਦਾ ਮਜ਼ਾ ਹੀ ਅਲਹਿਦਾ ਹੈ।
ਵਸਲ ਦੇ ਪਲਾਂ ਵਿੱਚ ਹੀ ਮੁਹੱਬਤ ਵਿੱਚ ਸਕੂਨ ਹੁੰਦਾ ਹੈ। ਪਿਆਰੇ ਦੇ ਕੇਸਾਂ ਵਿੱਚ ਤੇਲ ਝੱਸਣ ਵੇਲੇ ਦਾ ਸਕੂਨ ਵਿਛੋੜੇ ਦੇ ਪਲਾਂ ’ਚ ਆਪਣੇ ਕੇਸਾਂ ’ਚ ਤੇਲ ਝੱਸਣ ਵੇਲੇ ਨੀਰਸ ਜਿਹਾ ਜਾਪਣ ਲਗ ਜਾਂਦਾ ਹੈ। ਇਸ ’ਤੇ ਯਾਦ ਬਿੰਬ ਦੀ ਸਿਮਰਤੀ ਭਾਰੂ ਰਹਿੰਦੀ ਹੈ। ਪਿਆਰੇ ਦੇ ਕੇਸਾਂ ’ਚ ਝੱਸਿਆ ਸਕੂਨ ਹੀ ਆਪਣੇ ਕੇਸ ਸੰਵਾਰਨ ਲਗਿਆਂ ਸਕੂਨ ਵਿਹੂਣੇ ਅਸਹਿ ਆਪੇ ਵਰਗਾ ਹੋ ਜਾਂਦਾ ਹੈ।
‘ਇਕੱਲਤਾ’ ਹਰ ਕਿਸੇ ਲਈ ਮਾਰੂ ਹੁੰਦੀ ਹੈ। ਕਵੀ ਉਸ ਅਭਾਗੀ ਰਾਤ ਦੀ ਇਕੱਲਤਾ ਤੋਂ ਬਚਣਾ ਚਾਹੁੰਦਾ ਹੈ, ਪਰ ਜੀਵਨ ਨੂੰ ਇਕੱਲਤਾ ਦਾ ਨਾਗ ਲੜਦਾ ਹੈ। ‘ਚੁੱਪ’ ਬਾਰੇ ਤਕਰੀਬਨ ਹਰ ਕਵੀ ਸੋਚਦਾ/ਲਿਖਦਾ ਹੈ। ਕਿਰਤ ਅਨੁਸਾਰ ਹਰ ਚੁੱਪ ਪੂਰੀ ਤਰ੍ਹਾਂ ਚੁੱਪ ਨਹੀਂ ਹੁੰਦੀ, ਉਸ ਵਿੱਚ ਹੁੰਗਾਰੇ ਦੀ ਖੁੱਲ੍ਹੀ ਖਿੜਕੀ ਵਾਂਗ ਗੁੰਜਾਇਸ਼ ਹੁੰਦੀ ਹੈ। ਇੱਕ ਸਿੱਲ੍ਹੇ, ਸਲ੍ਹਾਬੇ ਤੇ ਜਾਲ਼ੇ ਲੱਗੇ ਕਮਰੇ ਦੇ ਬਿੰਬ ਰਾਹੀਂ ਉਦਾਸੀ ਨੂੰ ਜ਼ਾਹਿਰ ਕੀਤਾ ਗਿਆ ਹੈ। ਕਵੀ ਅਨੁਸਾਰ ‘ਖੋਟੇ ਸਿੱਕੇ’ ਵੀ ਕਿਸੇ ਦੀ ਜੇਬ ਦੀ ਰੌਣਕ ਬਣ ਸਕਦੇ ਹਨ, ਉਹ ਵੀ ਸੁੱਟਣਯੋਗ ਨਹੀਂ ਹੁੰਦੇ।
‘ਬੁੱਲ੍ਹੇ ਸ਼ਾਹ ਦੇ ਨਾਲ ਤੁਰਦਿਆਂ’ ਕਵਿਤਾ ਵਿੱਚ ਕਿਰਤ ‘ਉਥੇ ਜਾਣ’ ਦੇ ਖਿਆਲ ਨਾਲ ਅਜਿਹਾ ਮੁਹੱਬਤੀ ਮਾਹੌਲ ਉਸਾਰਦਾ ਹੈ, ਜਿਥੇ ‘ਸਭ ਸਹੀ ਹੋਵੇ’ ਦੀ ਕਾਮਨਾ ਹੈ। ਕੀ ਇਹ ਸੰਭਵ ਹੋ ਸਕਦਾ ਹੈ? ਪਿਆਰ ਵਿੱਚ ਇਸ ਦੇ ਹੋਣ ਦੀ ਕਿਆਸਅਰਾਈ ਹੈ, ‘ਜੋ ਨਹੀਂ ਹੋਣਾ ਚਾਹੀਦਾ’ ਦੇ ਵੇਰਵਿਆਂ ਨਾਲ ਤੇ ਪ੍ਰਾਕ੍ਰਿਤਕ ਸੁਹਜ ਨਾਲ ਸਿਰਜਿਆ ਸਰੋਦੀ ਵਾਤਾਵਰਣ ਇਸ ਕਵਿਤਾ ਦੀ ਸਾਰਥਕਤਾ ਦਰਸਾ ਦਿੰਦਾ ਹੈ।
ਅਪਾਹਿਜਤਾ ਨੂੰ ਨਵੀਨ ਅਰਥ ਦਿੰਦਾ ਕਿਰਤ ‘ਭੱਦੇ ਦਾਗ’ ਕਵਿਤਾ ਵਿੱਚ ਆਖਦਾ ਹੈ ਕਿ ਜੋ ਵਿਅਕਤੀ ਮਾਨਸਿਕ ਪੱਧਰ ਉਤੇ ਨਜ਼ਰੀਏ ਤੇ ਸਪਰਸ਼ ਦੇ ਸਲੀਕੇ ਤੋਂ ਵੰਚਿਤ ਹਨ, ਦਰਅਸਲ ਉਹ ਅਪਾਹਜ ਹਨ ਤੇ ਸਮਾਜ ’ਤੇ ਕਲੰਕ ਹਨ।
‘ਮੈਨੂੰ ਵਰਤ ਲਵੋ’ ਇੱਕ ਹੋਰ ਮਾਰਮਿਕ ਕਵਿਤਾ ਹੈ, ਜਿਸ ਵਿੱਚ ਮਨੁੱਖੀ ਜੀਵਨ ਦੇ ਸਹਿਜ ਅਮਲਾਂ ਨੂੰ ਦਰਸਾ ਕੇ ਮਨੁੱਖ ਦੀ ਬ੍ਰਹਿਮੰਡ ਨਾਲ ਸਾਂਝ ਨੂੰ ਉਜਾਗਰ ਕੀਤਾ ਗਿਆ ਹੈ। ਸਾਡਾ ਮਨੁੱਖੀ ਜੀਵਨ ‘ਪਰ’ ਵਾਸਤੇ ਹੈ, ਨਿੱਜੀ ਪੱਧਰ ਤੋਂ ਉਪਰ ਉਠ ਕੇ ਮਨੁੱਖ ਆਪਣੇ ਅਸਤਿਤਵ ਨੂੰ ਮਹਿਸੂਸ ਕੇ ਇਸ ਗੱਲ ਨੂੰ ਅਪਣਾ ਸਕਦਾ ਹੈ। ਜਦੋਂ ਅਸੀਂ ਇੱਕ ਦਿਸ਼ਾ ਵੱਲ ਚੱਲ ਕੇ ਸਭ ਧਰਮਾਂ ਦੇ ਉੱਚ ਗੁੰਬਦਾਂ ਨੂੰ ਮੱਥਾ ਟੇਕ ਦੇਈਏ ਤੇ ਦੂਜਿਆਂ ਪ੍ਰਤੀ ਪੁੰਨ ਅਰਥੀ ਦਇਆ ਧਰਮ ਅਪਣਾ ਲਈਏ ਤਾਂ ਹੀ ਸਭ ਮੁਮਕਿਨ ਹੈ।
‘ਚਾਂਦੀ ਦੀਆਂ ਕਣੀਆਂ’ ਪ੍ਰਗੀਤਕ ਰਚਨਾ ਵਿੱਚ ਕਵੀ ਉਸ ਕੁੜੀ ਦੇ ਨਕਸ਼ ਉਭਾਰਦਾ ਹੈ, ਜੋ ਲਟਬਾਉਰੇ ਚਾਵਾਂ ਨੂੰ ਯਥਾਰਥ ਦੀ ਤਲਖ਼ ਧਰਤੀ ’ਤੇ ਟੁੱਟਦਿਆਂ ਵਿਖਾਉਂਦਾ ਹੈ। ਕੁੜੀ ਚਾਂਦੀ ਦੀਆਂ ਕਣੀਆਂ ਵਰਗੀ ਹੋਣ ਦੇ ਬਾਵਜੂਦ ਥਲਾਂ ਬਾਰੇ ਸੋਚਣ ਲਈ ਮਜਬੂਰ ਹੈ। ਕਵਿਤਾ ਵਿਚਲੇ ਸ਼ਿੰਗਾਰਕ ਵੇਰਵਿਆਂ ਨੂੰ ਉਦਾਸੀ ਦੀ ਬੁੱਕਲ ਢਕ ਲੈਂਦੀ ਹੈ। ਸੋ ਇਹ ਕਵਿਤਾ ਬਿਖਰਦੇ ਸੁਪਨਿਆਂ ਦੀ ਕਹਾਣੀ ਹੈ।
‘ਹਰਖ਼’ ਕਵੀ ਦੀ ਸਰੋਦੀ ਕਵਿਤਾ ਹੈ, ਜਿਸ ਵਿੱਚ ਉਸਨੇ ਮੌਲਿਕ ਬਿੰਬਾਂ ਰਾਹੀਂ ਦਰਸਾਇਆ ਹੈ ਕਿ ਜਦੋਂ ਪਿਆਰਾ ਹਰਖ ਕਰਦਾ ਹੈ ਤਾਂ ਉਸ ਦੀ ਹਰ ਕਿਰਿਆ ਕ੍ਰੋਧਿਤ ਹੋ ਜਾਂਦੀ ਹੈ। ਉਹ ਸੂਰਜ ਨੂੰ ਠੁੱਡਾ ਮਾਰਦੀ, ਤਾਰੇ ਧਰਤੀ ’ਤੇ ਖਿਲਾਰਦੀ, ਧੁੱਪ ਨੂੰ ਤਿਊੜੀਆਂ ’ਚ ਭੋਰਦੀ ਹੈ। ਉਸਦਾ ਹਰ ਪ੍ਰਤੀਕਰਮ ਗੁੱਸੇ ਭਰਿਆ ਤੇ ਤਬਾਹਕੁਨ ਬਣ ਜਾਂਦਾ ਹੈ। ਪਿਆਰ ਦੇ ਤਿੱਖੇ ਵੇਗ ਦੀ ਕਵਿਤਾ ਹੈ ‘ਹਰਖ਼’।
‘ਭਿਆਂ’ ਕਵਿਤਾ ਵਿੱਚ ਮਹਿਬੂਬ ਦੀਆਂ ਪੈੜਾਂ ਦਾ ਰੇਤਾ ਅੱਖਾਂ ਵਿੱਚ ਸੰਭਾਲ ਰੱਖਣ ਦੀ ਇੰਤਹਾ ਵਜੋਂ ਦਰਸਾਇਆ ਗਿਆ ਹੈ, ਇਸ ਤੋਂ ਅੱਗੇ ਹੋਰ ਕਿੰਨੀ ਕੁ ਸੰਭਾਲ ਕਰ ਸਕਦਾ ਹੈ ਕੋਈ। ਮੌਤ ਉਪਰੰਤ ਮਨੁੱਖੀ ਸਰੀਰ ਰੂੜੀ ਵਾਂਗ ਕੰਮ ਨਹੀਂ ਆਉਂਦਾ, ਇਸੇ ਲਈ ਕਵੀ ਕਹਿੰਦਾ ਹੈ, ‘ਦੇਹ ਨਾਲੋਂ ਰੂੜੀ ਚੰਗੀ।’ ਕਿਰਤ ਜੀਵਨ ਨੂੰ ਬਹੁਰੰਗੇ ‘ਰੂਬਿਕ ਕਿਊਬ’ ਵਾਂਗ ਵੇਖਦਾ ਹੈ, ਜਿਸਦੇ ਰੰਗਾਂ ਨੂੰ ਅਸੀਂ ਬੇਤਰਤੀਬ ਕਰਕੇ ਉਸਨੂੰ ਫਿਰ ਤੋਂ ਤਰਤੀਬ ਦੇਣ ਲੱਗੇ ਰਹਿੰਦੇ ਹਾਂ।
ਲੋਕ ਕਹਾਣੀਆਂ ਦੇ ਸਿੱਟਿਆਂ ਆਧਾਰਿਤ ‘ਕਹਾਣੀ’ ਕਵਿਤਾ ਵਿੱਚ ਮੁਹੱਬਤ ਦੇ ਰੰਗ ਵਿੱਚ ਨਵੀਨ ਅਰਥ ਸਿਰਜੇ ਗਏ। ‘ਚਲਾਕ ਲੂੰਬੜੀ’ ਤੇ ‘ਪਿਆਸਾ ਕਾਂ’ ਲੋਕ ਕਹਾਣੀਆਂ ਦੇ ਸੰਦਰਭ ਵਿੱਚ ਮੁਹੱਬਤੀ ਸ਼ਿੱਦਤ ਨੂੰ ਬਿਆਨਿਆ ਹੈ। ‘ਅੱਜ ਅਸੀਂ ਇਸ਼ਕ ’ਚ ਹਾਂ’ ਦੇ ਸੰਦਰਭ ਵਿੱਚ ਅਸੰਭਵ ਨੂੰ ਸੰਭਵ ਕਰਨ ਦੀ ਸਮਰੱਥਾ ਦਰਸਾਈ ਹੈ। ਕਾਵਿਕ ਵੇਰਵੇ ਅੰਬਰਾਂ ਦੇ ਤਾਰੇ ਤੋੜਨੇ, ਸ਼ਗਨਾਂ ਦੀ ਚੂਰੀ, ਚੁੰਨੀਆਂ ਦੇ ਗੋਟੇ, ਖੰਮਣੀ, ਅੰਬਰੀ ਪੀਂਘ, ਵੰਗਾਂ ਚੜ੍ਹਾਉਣੀਆਂ, ਗੱਲ ਮਨਵਾਉਣੀ, ਨੰਦ (ਅਨੰਦ ਕਾਰਜ) ਪੜ੍ਹਵਾਉਣੇ ਆਦਿ ਸਭਿਆਚਾਰਕ ਮੁੱਲਾਂ ਨੂੰ ਪ੍ਰਸਾਰਿਤ ਕਰਦੇ ਹਨ।
‘ਮੁਲਾਂਕਣ’ ਪਿੰਡ ਨੂੰ ਸ਼ਹਿਰ, ਜਿੱਥੇ ਭੀੜ-ਭਾੜ ਹੈ, ਦੀ ਬਨਿਸਬਤ ਖੁੱਲ੍ਹਾ-ਡੁੱਲ੍ਹਾ, ਭੋਲ਼ਾ ਤੇ ਸਹਿਜ ਦਰਸਾਉਂਦਿਆਂ ਪਿੰਡ ਨੂੰ ਪਿਆਰ ਕਰਨ ਲਈ ਪ੍ਰੇਰਿਤ ਕਰਦੀ ਕਵਿਤਾ ਹੈ। ਕਵਿਤਾ ਦੇ ਪਹਿਲੇ ਦੋ ਪੈਰਿ੍ਹਆਂ ਦੀਆਂ ਸਤਰਾਂ ਨੂੰ ਇੱਕ ਦੂਜੀ ਦੇ ਸਮਾਂਨੰਤਰ ਰੱਖ ਕੇ ਸਮੁੱਚੀ ਕਵਿਤਾ ਨੂੰ ਵਿਸ਼ਲੇਸ਼ਿਤ ਕੀਤਾ ਜਾ ਸਕਦਾ ਹੈ। ‘ਕਿਰਸਾਨੀਅਤ’ ਕਵਿਤਾ ਕਿਸਾਨ ਦੀ ਖੇਤਾਂ ਦੀ ਮਿੱਟੀ ਨਾਲ ਅਤੁੱਟ ਸਾਂਝ ਦੀ ਤਸਦੀਕ ਕਰਦੀ ਹੈ।
ਸਹੀ ਮਿੱਤਰਤਾ ਦੀ ਕਸੌਟੀ ’ਤੇ ਗ਼ਰੀਬੀ ਹੰਢਾਅ ਰਿਹਾ ਵਿਅਕਤੀ ਪੂਰਾ ਉਤਰਦਾ ਹੈ, ਕਿਉਂਕਿ ਉਹ ਤਨੋ, ਮਨੋਂ ਸੇਵਾ ਭਾਵ ਪ੍ਰਗਟਾਉਂਦਾ ਹੈ। ਇਸ ਦੇ ਉਲਟ ਅਮੀਰੀ ਹੰਢਾਅ ਰਿਹਾ ਵਿਅਕਤੀ ਹੱਥੀਂ ਸੇਵਾ ਕਰਨ ਦੀ ਥਾਂ ਨੌਕਰਾਂ ਚਾਕਰਾਂ ਤੋਂ ਕੰਮ ਲੈਂਦਾ ਹੈ। ਇਸ ਕਵਿਤਾ ਤੋਂ ਪੰਜਾਬ ਦੇ ਸਕੂਲੀ ਸਿਲੇਬਸ ਵਿੱਚ ਲੱਗੀ ਗੁਰਦੇਵ ਸਿੰਘ ਪੰਨੂ ਦੀ ਕਹਾਣੀ ‘ਉੱਚੀ ਥਾਂ ਦਾ ਸਾਕ’ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਇਸੇ ਪ੍ਰਕਾਰ ‘ਸਰਕਾਰੀ ਦਸਤਾਵੇਜ਼’ ਕਵਿਤਾ ਵਿੱਚ ਕਵੀ ਸਰਕਾਰੀ ਦਸਤਾਵੇਜ਼ ਤੇ ਰੱਦੀ ਕਾਗਜ਼ ਰਾਹੀਂ ਕਿਰਤ ਵੰਡ ਦੇ ਲਕਸ਼ ਨੂੰ ਉਭਾਰਦਾ ਹੈ। ਸਰਕਾਰੀ ਦਸਤਾਵੇਜ਼ਾਂ ਨੂੰ ਲਾਕਰਾਂ ਵਿੱਚ ਸਾਂਭ ਕੇ ਰੱਖਿਆ ਜਾਂਦਾ ਹੈ, ਜਦ ਕਿ ਰੱਦੀ ਦਾ ਕਾਗਜ਼ ਰੂੜੀਆਂ ਦਾ ਕੂੜਾ ਸਮਝਿਆ ਜਾਂਦਾ ਹੈ ਤੇ ਦੁਰਗਤੀ ਭੋਗਦਾ ਹੈ।
‘ਤੁਸੀਂ ਖੇਡੋ ਪੁੱਤ’ ਜੀਵਨ ਅਨੁਭਵ ਦੇ ਆਧਾਰ ’ਤੇ ਲਿਖੀ ਕਵਿਤਾ ਵਿੱਚ ਵੱਡੇ ਹੋਣ ਦੇ ਸੰਤਾਪ ਨੂੰ ਉਲੀਕਿਆ ਹੈ। ਵੱਡੇ ਹੋਣ ਦੇ ਨੁਕਸਾਨ ਹਨ- ਲੁਕ ਨਾ ਸਕਣਾ ਤੇ ਖੇਡਣਾ ਭੁੱਲ ਜਾਣਾ। ਜ਼ਿੰਦਗੀ ਦਾ ਤਲਖ਼ ਯਥਾਰਥ ਸਾਡੇ ਕੋਲੋਂ ਖੇਡਦੇ ਬੱਚੇ ਵਾਂਗ ਖੇਡਣ ਦੇ ਅਰਥ ਖੋਹ ਲੈਂਦਾ ਹੈ। ‘ਸ਼ੌਕੀਆ ਚੂਹੇ’ ਦਾ ਕਥਾਨਕ ਭੁੱਖ ਦੇ ਤਰਸੇਵੇਂ ਤੇ ਰੱਜ ਦੇ ਡਕਾਰ ਜਿਹਾ ਵਿਰੋਧੀ ਜੁੱਟ ਉਸਾਰ ਕੇ ਮਨੁੱਖ ਅੰਦਰੋਂ ਮਰੇ ਚੂਹੇ ਜਿਹੀ ਹਵਾੜ ਦਾ ਅਹਿਸਾਸ ਕਰਵਾ ਕੇ ਬੀਭਤਸੀ ਪ੍ਰਭਾਵ ਸਿਰਜਦਾ ਹੈ।
‘ਮੋਹਰ’ ਕਵਿਤਾ ਘਰ ਦੀ ਦਾਲ ਰੋਟੀ ਦੀ ਮਹੱਤਤਾ ਦਰਸਾਉਂਦੀ ਹੈ। ਬਾਜ਼ਾਰੀ ਫਾਸਟ ਫੂਡ ਦੀ ਵਧ ਰਹੀ ਮੰਗ ਦਾ ਰੁਝਾਨ ਵੀ ਪਤਾ ਲਗਦਾ ਹੈ। ਬਰਗਰਾਂ, ਪੀਜ਼ਿਆਂ ਨਾਲ ਪੇਟ ਭਰ ਜਾਂਦਾ ਹੈ, ਪਰ ਆਤਮਾ ਤੇ ਇੰਦਰੀਆਂ ਭੁੱਖੀਆਂ ਰਹਿੰਦੀਆਂ ਹਨ। ਜੋ ਰੱਜ ਜਾਂ ਤ੍ਰਿਪਤੀ ਮਾਂ, ਭੈਣ ਜਾਂ ਪਤਨੀ ਦੇ ਹੱਥ ਦੀ ਬਣੀ ਦਾਲ ਰੋਟੀ ਖਾ ਕੇ ਨਸੀਬ ਹੁੰਦੀ ਹੈ, ਉਹਦੇ ਵਰਗੀ ਕਿਤੇ ਰੀਸ ਨਹੀਂ।
ਰਾਮਾਨੰਦ ਸਾਗਰ ਦੇ ਮਸ਼ਹੂਰ ਸੀਰੀਅਲ ‘ਮਹਾਂਭਾਰਤ’ ਦੇ ਸ਼ੁਰੂਆਤੀ ਬੋਲ ‘ਮੈਂ ਸਮਯ ਹੂੰ’ ਵਾਂਗ ‘ਮੈਂ ਵਕਤ ਹਾਂ’ ਵਿਚਲਾ ਉਚਾਰ ਨਜ਼ਰ ਆਉਂਦਾ ਹੈ। ਵਕਤ ਨੂੰ ਵਾਹਨ ਵਾਂਗ ਹੱਥ ਦੇ ਕੇ ਰੋਕਿਆ ਨਹੀਂ ਜਾ ਸਕਦਾ।
‘ਮੇਰੀ ਥਾਂ ’ਤੇ ਕੌਣ ਬੈਠਾ ਹੈ’ ਕਵਿਤਾ ਵਿੱਚ ਸਮੁੰਦਰ ਕਿਨਾਰੇ ਬੈਠੇ ਪਾਤਰ ਦੀ ਸਮੁੰਦਰ ਨਾਲ ਇਕਮਿਕਤਾ ਦੀ ਦਸ਼ਾ ਮਹਿਸੂਸ ਹੁੰਦੀ ਹੈ। ਅੱਖਾਂ, ਪਲਕਾਂ, ਦਿਲ, ਪੈਰ, ਮਨ ਸਭ ਸਮੁੰਦਰ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਕਿਰਿਆਮਾਨ ਹਨ, ਪਰ ਨਾਇਕ ਸਮੁੰਦਰ ਕੰਢੇ ਆਪਣੀ ਹੋਂਦ ’ਤੇ ਪ੍ਰਸ਼ਨਚਿੰਨ੍ਹ ਲਾ ਰਿਹਾ ਹੈ। ਉਹ ਮੌਤ ਦੇ ਬਾਅਦ ਦੇ ਛਿਣਾਂ ਦੀ ਵਿਥਿਆ ਬਿਆਨਦਿਆਂ ਆਖਦਾ ਹੈ ਕਿ ਲਾਸ਼ ਮੱਚਣ ਪਿਛੋਂ ਕੌਣ ਪੁੱਛੇਗਾ/ਦੱਸੇਗਾ ਕਿ ਜੀਵਨ ਕੀ ਕਰਨ ਲਈ ਹੁੰਦੈ:
ਸੱਥਰ ਉੱਪਰ ਭਿਣਕਣਗੀਆਂ
ਵੰਨ-ਸੁਵੰਨੀਆਂ ਗੱਲਾਂ
ਹੋਰ ਦੀਆਂ ਹੋਰ ਗੱਲਾਂ
ਗੱਲਾਂ ਤੇ ਬੱਸ ਗੱਲਾਂ
ਕੀ ਕਰਦਾ ਸੀ
ਕੋਈ ਦੱਸੇਗਾ
ਕੁਝ ਨਹੀਂ
ਕੋਈ ਦੱਸੇਗਾ
ਪੜ੍ਹਦਾ ਸੀ
ਕਵਿਤਾ ਲਿਖਦਾ ਸੀ
ਸ਼ਾਇਦ
ਪ੍ਰਸ਼ਨ ਚਿੰਨ੍ਹ ਓੜ ਕੇ
ਲਾਸ਼ ਨੇ ਮੱਚ ਜਾਣਾ
ਥੱਕ ਹਾਰ ਕੇ
ਚੁੱਪ ਖਿਲਾਰ ਕੇ
ਕੌਣ ਪੁੱਛੇਗਾ
ਕੌਣ ਦੱਸੇਗਾ
ਜੀਵਨ
ਕੀ ਕਰਨ ਲਈ ਹੁੰਦੈ?
ਆਖ਼ਰੀ ਕਵਿਤਾ ‘ਹਾਲੇ ਕਿੱਥੇ ਬੱਸ’, ਕਵੀ ਦੀ ਪੇਸ਼ੀਨਗੋਈ ਹੈ। ਕੁਦਰਤੀ ਬਿੰਬਾਂ, ਦ੍ਰਿਸ਼ਟਾਂਤਾਂ ਨਾਲ ਭਰੀ ਕਵਿਤਾ ਖਲਾਅ ਤੇ ਸਮੇਂ ਤੋਂ ਪਾਰ ਜਾਣ ਦੀ ਬਾਤ ਪਾਉਂਦੀ ਹੈ। ਹਾਲੇ ਬਹੁਤ ਕੁਝ ਕਰਨ ਦੇ ਇਕਰਾਰ ਨਾਲ ਇਹ ਕਿਤਾਬ ‘ਚੰਨਣਗੀਰ੍ਹੀ’ ਮੁਕੰਮਲ ਹੁੰਦੀ ਹੈ।
ਕਿਤਾਬ ਦੀਆਂ ਸਮੁੱਚੀਆਂ ਕਵਿਤਾਵਾਂ ਦੇ ਪਾਠ ਤੋਂ ਮਾਲੂਮ ਹੁੰਦਾ ਹੈ ਕਿ ਕਵੀ ਮੁਹੱਬਤ ਦੇ ਘਣੇ ਬੱਦਲਾਂ ਵਿੱਚ ਬਣਦੀਆਂ ਮਿਟਦੀਆਂ ਮੂਰਤਾਂ ਦੇ ਸਨਮੁਖ ਰਹਿੰਦਾ ਹੈ। ਇਸ ਦੇ ਨਾਲ ਨਾਲ ਸਾਡੀ ਸਮਾਜਿਕ ਤਰਜ਼ੇ-ਜ਼ਿੰਦਗੀ ਦੇ ਵਿਭਿੰਨ ਸਰੋਕਾਰਾਂ ਨੂੰ ਕਿਰਤ ਨੇ ਜਦੀਦ ਤੇ ਜੀਵੰਤ ਕਾਵਿ-ਭਾਸ਼ਾ ਰਾਹੀਂ ਸੰਜੋਇਆ ਹੈ। ਉਮੀਦ ਹੈ ਕਿ ਅਗਲੇਰੀਆਂ ਰਚਨਾਵਾਂ ਵਿੱਚ ਉਹ ਹੋਰ ਮਾਰਮਿਕ ਤੇ ਪਰਪੱਕ ਕਵਿਤਾਵਾਂ ਦੀ ਸਿਰਜਣਾ ਕਰੇਗਾ।