ਢਾਣੀ

ਸ਼ਬਦੋ ਵਣਜਾਰਿਓ

ਪਰਮਜੀਤ ਢੀਂਗਰਾ
ਫੋਨ: +91-8847610125
ਮਨੁੱਖ ਨੇ ਮੁਢਲੇ ਵਸੇਬੇ ਕੁਦਰਤ ਦੇ ਆਲ੍ਹਣਿਆਂ ਵਿੱਚ ਪਾਏ। ਪਹਾੜਾਂ ਦੀਆਂ ਕੰਦਰਾਂ, ਗੁਫਾਵਾਂ ਉਹਦੇ ਲਈ ਆਪਣੀ ਹੋਂਦ ਬਚਾਉਣ ਦੇ ਵਧੀਆ ਵਸੇਬੇ ਸਾਬਤ ਹੋਏ। ਜਦੋਂ ਉਹਨੇ ਕੁਦਰਤ ਅਤੇ ਆਲੇ-ਦੁਆਲੇ ‘ਤੇ ਕਿਸੇ ਹੱਦ ਤੱਕ ਕਾਬੂ ਪਾ ਲਿਆ ਤੇ ਖੇਤੀ ਕਰਨ ਲੱਗਾ ਤਾਂ ਉਹਨੂੰ ਨਵੇਂ ਵਸੇਬਿਆਂ ਦੀ ਲੋੜ ਪਈ। ਖੇਤੀ ਨੂੰ ਜਾਨਵਰਾਂ ਤੇ ਪੰਛੀਆਂ ਤੋਂ ਬਚਾਉਣ ਲਈ ਜ਼ਰੂਰੀ ਸੀ ਕਿ ਇਸ ਦੇ ਨੇੜੇ ਵਸੇਬਾ ਕੀਤਾ ਜਾਵੇ। ਸ਼ਾਇਦ ਇਸੇ ਵਿੱਚੋਂ ਹੀ ਢਾਣੀ ਦਾ ਜਨਮ ਹੋਇਆ ਹੋਵੇ।

ਨਵਾਂ ਤੇ ਵੱਡਾ ਮਹਾਨ ਕੋਸ਼ ਅਨੁਸਾਰ ਢਾਣੀ ਦਾ ਅਰਥ ਹੈ-ਲਹਿੰਦੀ ਢਾਣੀ; ਪੁਆਧੀ ਢਾਣਾ, ਢਾਣੀ। ਮੰਡਲੀ, ਟੋਲੀ, ਜੱਥਾ, ਇਕੱਠ, ਸਮੂਹ, ਜਮਾਤ, ਆਬਾਦੀ। ਢਾਣੀ ਦੇ ਨਾਲ ਹੀ ਮਾਲ, ਡੰਗਰ ਰੱਖਣ ਲਈ ਢਾਰਾ ਸ਼ਬਦ ਘੜਿਆ ਗਿਆ। ਢਾਰੇ ਦਾ ਅਰਥ ਹੈ- ਛੰਨ, ਛੱਪਰ, ਡੰਗਰਾਂ ਨੂੰ ਰੱਖਣ ਦੀ ਥਾਂ। ਪੰਜਾਬੀ ਕੋਸ਼ ਅਨੁਸਾਰ ਢਾਣੀ ਦਾ ਭਾਵ ਹੈ- ਮੰਡਲੀ, ਜਮਾਤ, ਟੋਲੀ। ਇਸ ਨਾਲ ਜੁੜੇ ਮੁਹਾਵਰੇ ਵੀ ਮਿਲਦੇ ਹਨ- ਢਾਣੀ ਬੰਨ੍ਹਣਾ-ਇਕੱਠੇ ਹੋਣਾ, ਮੰਡਲੀ ਬਣਾਉਣਾ; ਢਾਣੀ ਭੰਨਣੀ- ਮਨੁੱਖਾਂ ਦੇ ਇਕੱਠ ਨੂੰ ਖਿੰਡਾਉਣਾ, ਕੋਈ ਨਾਟਕ ਖੇਡਣਾ।
ਜੇ ਮਨੁੱਖੀ ਵਸੇਬਿਆਂ ਦੀ ਗੱਲ ਕਰੀਏ ਤਾਂ ਗ੍ਰਾਮ, ਪਿੰਡ, ਨਗਰ, ਖੇੜਾ, ਸ਼ਹਿਰ, ਕਸਬਾ, ਕਲਾਂ, ਖੁਰਦ, ਕੱਟੜਾ, ਮੁਹੱਲਾ ਵਰਗੇ ਅਨੇਕਾਂ ਸ਼ਬਦ ਨਜ਼ਰ ਆਉਂਦੇ ਹਨ। ਇਨ੍ਹਾਂ ਦਾ ਪਾਸਾਰਾ ਭਾਰਤ ਵਿੱਚ ਹੀ ਨਹੀਂ, ਸਗੋਂ ਦੁਨੀਆ ਦੇ ਕਈ ਮੁਲਕਾਂ ਵਿੱਚ ਮਿਲਦਾ ਹੈ। ਭਾਰਤ ਦੇ ਗੁਆਂਢੀ ਮੁਲਕਾਂ- ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਅਫਗਾਨਿਸਤਾਨ, ਸਮੇਤ ਏਸ਼ੀਆ ਦੇ ਦਰਜਨਾਂ ਮੁਲਕਾਂ ਤੇ ਵਿਸ਼ੇਸ਼ ਕਰਕੇ ਪੂਰਬੀ ਏਸ਼ੀਆ ਵਿੱਚ ਅਜਿਹੇ ਵਸੇਬਿਆਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਢਾਣੀ ਵਰਗੇ ਸ਼ਬਦ ਦੀ ਘਾੜਤ ਪਿਛੇ ਮਨੁੱਖਾਂ ਦੀ ਉਹ ਮਜਬੂਰੀ ਨਜ਼ਰ ਆਉਂਦੀ ਹੈ, ਜਿਹੜੇ ਖੇਤੀਬਾੜੀ ਕਰਦੇ ਪਿੰਡਾਂ, ਨਗਰਾਂ, ਕਸਬਿਆਂ ਤੋਂ ਦੂਰ ਵਸ ਗਏ। ਢਾਣੀ ਸ਼ਬਦ ਅੱਜ ਕੱਲ੍ਹ ਸਾਰੇ ਦੇਸ਼ ਵਿੱਚ ਪ੍ਰਚਲਿਤ ਹੈ। ਰਾਜਿਸਥਾਨ, ਹਰਿਆਣੇ ਵਿੱਚ ਵੀ ਕਈ ਢਾਣੀਆਂ ਮਸ਼ਹੂਰ ਹਨ, ਜਿਵੇਂ-ਚੋਖੀ ਢਾਣੀ, ਕਰਮੋ ਕੀ ਢਾਣੀ (ਜੈਸਲਮੇਰ), ਗੰਗਾ ਰਾਮ ਕੀ ਢਾਣੀ (ਖੋਤੇਲਾਈ), ਸੰਗਤ ਸਿੰਹੁ ਕੀ ਢਾਣੀ (ਰਾਮਦੇਵਾਰਾ), ਪਿਲਾਇਤੋ ਕੀ ਢਾਣੀ (ਫਲੌਦੀ), ਸੂਜੀਓ ਕੀ ਢਾਣੀ (ਰਾਮਦੇਵਾਰਾ), ਢਾਣੀ ਥਾਰ, ਢਾਣੀ ਮੌਜੀ, ਲਾਲਾ ਕੀ ਢਾਣੀ, ਰੇਬਾਰੀਓਂ ਕੀ ਢਾਣੀ, ਢਾਣੀ ਲਾਲਾਖਾਨ, ਦਰਿਆਪੁਰ ਢਾਣੀ, ਢਾਣੀ ਬਿਸ਼ੇਸ਼ਰਨਾਥ (ਅਬੋਹਰ), ਢਾਣੀ ਕੜਾਕਾ ਸਿੰਘ, ਆਦਿ।
ਪੰਜਾਬ ਵਿੱਚ ਇਹਦੇ ਮੁਕਾਬਲੇ ਮਾਝੇ ਵਿੱਚ ਬਹਿਕ ਵੀ ਛੋਟੇ ਵਸੇਬਾ ਦਾ ਵਾਚਕ ਸ਼ਬਦ ਹੈ। ਮਹਾਰਾਸ਼ਟਰ ਵਿੱਚ ਢਾਣੀ ਲਈ ਢਾਣਾ ਜਾਂ ਢਾਣੇ ਸ਼ਬਦ ਪ੍ਰਚਲਤ ਹੈ ਤੇ ਇਹ ਦਸ, ਵੀਹ ਘਰਾਂ ਦਾ ਵਸੇਬਾ ਹੁੰਦਾ ਹੈ। ਇਸ ਤੋਂ ਜ਼ਿਆਦਾ ਘਰਾਂ ਦੇ ਵਸੇਬੇ ਲਈ ਮੋਠਾ ਢਾਣਾ ਸ਼ਬਦ ਪ੍ਰਚਲਤ ਹੈ। ਕਿਸੇ ਜ਼ਮਾਨੇ ਵਿੱਚ ਛੋਟੇ ਵਸੇਬੇ ਵੱਡੇ ਸ਼ਹਿਰਾਂ ਵਿੱਚ ਵੀ ਤਬਦੀਲ ਹੋ ਗਏ, ਜਿਵੇਂ ਮਹਾਂਰਾਸ਼ਟਰ ਦਾ ਬੁਲਢਾਣਾ ਜ਼ਿਲ੍ਹਾ। ਮੱਧ ਪ੍ਰਦੇਸ਼ ਵਿੱਚ ਢਾਣੀ ਜਾਂ ਢਾਣੇ ਲਈ ਢਾਨੀ ਤੇ ਢਾਨਾ ਸ਼ਬਦ ਪ੍ਰਚਲਤ ਹੈ, ਜਿਵੇਂ ਢਾਨਾ ਸਾਗਰ, ਚਿਚੌਲੀ ਢਾਨਾ, ਖਮਦੌੜਾ ਢਾਨਾ, ਗੁਰੈਆ ਢਾਨਾ, ਢਾਢੇ ਕੀ ਢਾਨਾ। ਹਰਿਆਣੇ ਵਿੱਚ ਢਾਣਾ ਨਰਸਾਨ, ਢਾਣਾ ਕਲਾਂ, ਹਾਂਸੀ ਢਾਣਾ, ਢਾਣਾ ਰੱਡਾ ਵਰਗੇ ਵਸੇਬੇ ਮਿਲਦੇ ਹਨ। ਇਨ੍ਹਾਂ ਸਾਰੇ ਸ਼ਬਦਾਂ ਵਿੱਚ ਮੂਲ ਸ਼ਬਦ ‘ਧਾਨੀ’ ਹੈ, ਜਿਸ ਨਾਲ ਜੁੜਿਆ ਪ੍ਰਸਿੱਧ ਸ਼ਬਦ ਹੈ-ਰਾਜਧਾਨੀ। ਧਾਨੀ ਅਸਲ ਵਿੱਚ ਵਸੇਬੇ ਦੀ ਸਭ ਤੋਂ ਛੋਟੀ ਇਕਾਈ ਹੈ। ਸਭਿਅਤਾ ਦੇ ਵਿਕਸਕ੍ਰਮ ਵਿੱਚ ਮਨੁੱਖ ਨੇ ਧਾਨੀ ਸ਼ਬਦ ਨੂੰ ਵਿਸਾਰਿਆ ਨਹੀਂ ਤੇ ਜਦੋਂ ਇਸ ਨਾਲ ਰਾਜ ਸ਼ਬਦ ਜੁੜ ਗਿਆ ਤਾਂ ਇਹਦਾ ਵਿਸਥਾਰ ਹੋ ਗਿਆ। ਧਾਨੀ ਸ਼ਬਦ ਮੂਲ ਰੂਪ ਵਿੱਚ ਸੰਸਕ੍ਰਿਤ ਦੇ ‘ਧਾਨਮੑ’ ਤੋਂ ਨਿਰਮਤ ਹੋਇਆ ਹੈ। ਆਪਟੇ ਕੋਸ਼ ਅਨੁਸਾਰ ਧਾਨੀ ਜਾਂ ਧਾਨਮੑ ਦਾ ਅਰਥ ਹੈ- ਆਧਾਰ, ਗੱਦੀ, ਸਥਾਨ ਆਦਿ। ਬਰਤਨ, ਭਾਂਡਾ ਜਾਂ ਪਾਤਰ ਇਸੇ ਦਾਇਰੇ ਵਿੱਚ ਆਉਂਦੇ ਹਨ, ਕਿਉਂਕਿ ਇਹ ਵੀ ਕਿਸੇ ਵਸਤੂ ਨੂੰ ਆਸਰਾ ਦਿੰਦੇ ਹਨ। ਦਾਨ ਜਾਂ ਦਾਨੀ ਫਾਰਸੀ ਦਾ ਪ੍ਰਸਿੱਧ ਸ਼ਬਦ ਹੈ, ਜਿਸਦੀ ਵਰਤੋਂ ਸ਼ਬਦਾਂ ਦੇ ਅੰਤ ‘ਤੇ ਹੁੰਦੀ ਹੈ- ਜਿਵੇਂ-ਖੰਡਦਾਨੀ, ਦੁੱਧਦਾਨੀ, ਲੂਣਦਾਨੀ, ਅਚਾਰਦਾਨੀ, ਚੂਹੇਦਾਨੀ, ਚਾਹਦਾਨੀ, ਸੁਰਮੇਦਾਨੀ, ਇਤਰਦਾਨੀ, ਫੂਲਦਾਨੀ, ਸਿਆਹੀਦਾਨੀ, ਸ਼ਿੰਗਾਰਦਾਨੀ ਆਦਿ। ਇਨ੍ਹਾਂ ਸਾਰੇ ਸ਼ਬਦਾਂ ਵਿੱਚ ਇਹ ਵਸਤੂ ਨੂੰ ਧਾਰਨ ਕਰਨ ਵਾਲੇ ਹਨ। ਸੰਸਕ੍ਰਿਤ ਵਿੱਚ ਸਿਆਹੀਦਾਨੀ ਲਈ ਮਸਿਦਾਨੀ ਸ਼ਬਦ ਵੀ ਮਿਲਦਾ ਹੈ।
ਧਾਨਮੑ ਜਾਂ ਧਾਨੀ ਸ਼ਬਦ ਬਣਿਆ ਹੈ ਸੰਸਕ੍ਰਿਤ ਦੀ ‘ਧਾ’ ਧਾਤੂ ਤੋਂ, ਜੋ ਵਿਸ਼ੇਸ਼ ਅਰਥਾਂ ਤੇ ਵਿਸਥਾਰ ਵਾਲੀ ਹੈ। ‘ਧਾ’ ਧਾਤੂ ਦਾ ਅਰਥ ਰੱਖਣਾ, ਜਮਾਉਣਾ, ਫੜਨਾ, ਸਹਿਨ ਕਰਨਾ ਦੇ ਰੂਪ ਵਿੱਚ ਪ੍ਰਚਲਿਤ ਹੈ। ਕੋਈ ਵੀ ਸਥਾਨ ਆਪਣੇ ਅੰਦਰ ਕਿਸੇ ਚੀਜ਼ ਨੂੰ ਧਾਰਨ ਕਰਦਾ ਹੈ, ਭਾਵੇਂ ਉਹ ਜਨ ਸਮੂਹ ਹੋਣ ਜਾਂ ਬਨਸਪਤੀਆਂ ਜਾਂ ਝੌਂਪੜੀਆਂ-ਮਕਾਨ ਹੋਣ। ਇਸ ਤਰ੍ਹਾਂ ਧਾਨੀ ਉਹ ਹੈ, ਜਿੱਥੇ ਕੋਈ ਵਸਤੂ ਰੱਖੀ ਜਾਵੇ। ਇਸਦੀ ਵਿਆਖਿਆ ਸਥਾਨ, ਪਾਤਰ, ਭਾਂਡੇ ਦੇ ਰੂਪ ਵਿੱਚ ਵੀ ਹੋ ਸਕਦੀ ਹੈ। ਰਹਿਣ ਦੇ ਸਥਾਨ ਰਾਜਧਾਨੀ ਵਾਂਗ ਧਾਨੀ ਨੂੰ ਵਸੇਬੇ ਦੇ ਰੂਪ ਵਿੱਚ ਪਰਿਭਾਸ਼ਤ ਕੀਤਾ ਜਾ ਸਕਦਾ ਹੈ। ਸਥਾਨਕ ਭਾਸ਼ਾਵਾਂ ਵਿੱਚ ‘ਧ’ ਦਾ ‘ਢ’ ਵਿੱਚ ਧੁਨੀ ਵਟਾਂਦਰਾ ਹੋ ਗਿਆ ਹੈ। ਇਸ ਲਈ ਧਾਨੀ ਦੀ ਥਾਂ ਢਾਣੀ ਜਾਂ ਢਾਣਾ ਸ਼ਬਦ ਰੂੜ੍ਹ ਹੋ ਗਏ।
ਧਾਨੀ ਦੀ ਸਕੀਰੀ ਹਰੇ-ਪੀਲੇ ਰੰਗ ਨਾਲ ਵੀ ਜੋੜੀ ਜਾਂਦੀ ਹੈ। ਇਹ ਧਾਨੀ ਰੰਗ ਲੋਕਾਚਾਰ ਵਿੱਚ ਸ਼ੁਭ ਮੰਨਿਆ ਜਾਂਦਾ ਹੈ। ਧਾਨੀ ਦੀ ਮੂਲ ਧਾਤੂ ‘ਧਾ’ ਬੜੀ ਚਮਤਕਾਰੀ ਮੰਨੀ ਗਈ ਹੈ ਤੇ ਬ੍ਰਹਮਾ, ਕੁਬੇਰ, ਭਲਾਈ, ਨੇਕੀ, ਸੰਸਕਾਰ, ਧਨ-ਦੌਲਤ ਵਰਗੇ ਭਾਵ ਇਸ ਨਾਲ ਜੁੜੇ ਹੋਏ ਹਨ। ਧਨ ਹੀ ਸਮੁੱਚੀ ਸਭਿਅਤਾ-ਸੰਸਕ੍ਰਿਤੀ ਨੂੰ ਧਾਰਨ ਕਰਦਾ ਹੈ। ਧਨ ਹੀ ਜੀਵਨ ਹੈ, ਜਿਸ ਕੋਲ ਧਨ ਨਹੀਂ, ਉਹ ਨਿਰਧਨ ਹੈ। ਨਿਧਨ ਵਰਗਾ ਸ਼ਬਦ ਵੀ ਨਿਰਧਨ ਤੋਂ ਆ ਰਿਹਾ ਹੈ। ਇਸੇ ਲਈ ਫਸਲਬਾੜੀ ਲਈ ਧਾਨ ਸ਼ਬਦ ਮਿਲਦਾ ਹੈ। ਧਰਤੀ ਦਾ ਧਰਾ, ਧਰਨੀ ਨਾਂ ਵੀ ਇਸ ‘ਧ’ ਦੀ ਮਹਿਮਾ ਕਰਕੇ ਹੈ। ਪਤੀ ਨੂੰ ਇਸੇ ਕਰਕੇ ਔਰਤ ਦਾ ਧਨ ਕਿਹਾ ਜਾਂਦਾ ਹੈ, ਕਿਉਂਕਿ ਉਹ ਉਹਨੂੰ ਆਸਰਾ ਦਿੰਦਾ ਹੈ। ਰਾਜਿਸਥਾਨੀ ਵਿੱਚ ਪਤੀ ਨੂੰ ਧਣੀ ਕਹਿਣ ਦਾ ਰਿਵਾਜ ਹੈ। ਇਸ ਤਰ੍ਹਾਂ ਵਸੇਬੇ ਦੇ ਰੂਪ ਵਿੱਚ ਢਾਣੀ ਸ਼ਬਦ ਦਾ ਵਿਸਥਾਰ ਵੀ ਹੋਇਆ ਹੈ, ਪਰ ਇਸਨੇ ਆਪਣੇ ਮੂਲ ਦਾ ਤਿਆਗ ਨਹੀਂ ਕੀਤਾ।

Leave a Reply

Your email address will not be published. Required fields are marked *