ਸ਼ਿਕਾਗੋ: ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਥੈਂਕਸਗਿਵਿੰਗ ਮੌਕੇ ਸਾਲਵੇਸ਼ਨ ਆਰਮੀ ਵਿਖੇ ਲੋੜਵੰਦ ਲੋਕਾਂ ਨੂੰ ਹੱਥੀਂ ਭੋਜਨ ਵਰਤਾਇਆ। ਸ਼ਿਕਾਗੋ ਵਿੱਚ ਕ੍ਰਿਸਟੀਆਨਾ ਐਵੇਨਿਊ `ਤੇ ਪੈਂਦੇ ਸਾਲਵੇਸ਼ਨ ਆਰਮੀ ਵਿਖੇ ਭਾਈਚਾਰੇ ਦੇ ਸੇਵਾਦਾਰਾਂ ਵੱਲੋਂ ਭੋਜਨ ਪੈਕ ਕੀਤਾ ਗਿਆ ਅਤੇ ਲੋੜਵੰਦ ਪਰਿਵਾਰਾਂ ਨੂੰ ਸੌਂਪਿਆ ਗਿਆ। ਇਸ ਮੌਕੇ ਕਾਫੀ ਗਿਣਤੀ ਲੋੜਵੰਦ ਲੋਕ ਭੋਜਨ ਲੈਣ ਲਈ ਆਏ ਹੋਏ ਸਨ। ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ 1992 ਤੋਂ ਇਹ ਸੇਵਾ ਕਰਦੇ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਇਹ ਥੈਂਕਸਗਿਵਿੰਗ ਲਈ ਇੱਕ ਰਵਾਇਤੀ ਭੋਜਨ ਹੈ। ਇਸ ਮੌਕੇ ਹਰ ਧਰਮ ਦੇ ਲੋਕ ਆਪਣੀ ਮਰਜ਼ੀ ਨਾਲ ਵਿੱਤੀ ਅਤੇ ਸੇਵਾ ਦਾ ਯੋਗਦਾਨ ਪਾਉਂਦੇ ਹਨ। ਲੋੜਵੰਦ ਲੋਕਾਂ ਨੂੰ ਇਸ ਮੌਕੇ ਭੋਜਨ ਮੁਹੱਈਆ ਕਰਨ ਦੀ ਸੇਵਾ ਕਰਨਾ ਬਹੁਤ ਮਾਣ ਅਤੇ ਸਨਮਾਨ ਦਿੰਦਾ ਹੈ। ਇਸ ਮੌਕੇ ਸੇਵਾ ਕਰ ਰਹੇ ਸੇਵਾਦਾਰਾਂ ਦਾ ਕਹਿਣਾ ਸੀ ਕਿ ਗੁਰੂ ਗ੍ਰੰਥ ਸਾਹਿਬ ਸਾਨੂੰ ਸੇਵਾ ਕਰਨ ਦਾ ਉਪਦੇਸ਼ ਦਿੰਦੇ ਹਨ, ਕਿਉਂਕਿ ਸੇਵਾ ਕਰਦੇ ਸਮੇਂ ਮਨੁੱਖ ਅੰਦਰ ਨਿਮਰਤਾ ਦੀ ਭਾਵਨਾ ਪੈਦਾ ਹੁੰਦੀ ਹੈ। ਸੇਵਾ ਕਰਨ ਨਾਲ ਮਨੁੱਖ ਆਪਣਾ ਹਉਮੈ ਵਾਲਾ ਸੁਭਾਅ ਤਿਆਗ ਦਿੰਦਾ ਹੈ ਅਤੇ ਇਸ ਤਰ੍ਹਾਂ ਸਮਾਜ ਵਿੱਚ ਸਤਿਕਾਰ ਪ੍ਰਾਪਤ ਕਰਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਦੋਂ ਪਰਮਾਤਮਾ ਦੀ ਕਿਰਪਾ ਵਿਸ਼ੇਸ਼ ਤੌਰ `ਤੇ ਮੌਜੂਦ ਹੁੰਦੀ ਹੈ, ਜਦੋਂ ਗਰੀਬਾਂ ਅਤੇ ਲੋੜਵੰਦਾਂ ਦੀ ਦੇਖਭਾਲ ਕੀਤੀ ਜਾਂਦੀ ਹੈ।
ਆਪਣੀ ਕਮਾਈ ਵਿੱਚੋਂ ਦਾਨ ਦੇਣਾ ਸੇਵਾ ਦਾ ਇੱਕ ਹੋਰ ਰੂਪ ਹੈ। ਵਿਅਕਤੀ ਨੂੰ ਆਪਣੀ ਕਮਾਈ ਗਰੀਬ ਅਤੇ ਲੋੜਵੰਦ ਲੋਕਾਂ (ਵੰਡ ਛਕਣਾ) ਨਾਲ ਸਾਂਝੀ ਕਰਨੀ ਚਾਹੀਦੀ ਹੈ। ਇਹ ਸਿੱਖ ਧਰਮ ਦੇ ਤਿੰਨ ਸੁਨਹਿਰੀ ਸਿਧਾਂਤਾਂ- ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ’ ਵਿੱਚੋਂ ਇੱਕ ਹੈ।
ਸੇਵਾਦਾਰਾਂ ਅਨੁਸਾਰ ਥੈਂਕਸਗਿਵਿੰਗ ਮੌਕੇ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਕਿੰਨੇ ਧੰਨ ਹਾਂ, ਜੋ ਇੱਕ ਮੇਜ਼ `ਤੇ ਇੱਕ ਛੱਤ ਹੇਠ ਇਕੱਠਿਆਂ ਖਾਣਾ ਖਾਂਦੇ ਹਾਂ ਅਤੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਛੁੱਟੀਆਂ ਦਾ ਆਨੰਦ ਲੈਂਦੇ ਹਾਂ। ਸਾਲਵੇਸ਼ਨ ਆਰਮੀ ਵਿਖੇ ਥੈਂਕਸਗਿਵਿੰਗ ਮੌਕੇ ਬਹੁਤ ਸਾਰੇ ਲੋੜਵੰਦ ਲੋਕ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਆਉਂਦੇ ਹਨ, ਜਿਨ੍ਹਾਂ ਨੂੰ ਸ਼ਾਇਦ ਕੋਈ ਗਰਮ ਰਵਾਇਤੀ ਭੋਜਨ ਨਹੀਂ ਮਿਲਦਾ।
ਇਸ ਮੌਕੇ ਸਾਲਵੇਸ਼ਨ ਆਰਮੀ ਨੇ ਗਰਮ ਭੋਜਨ ਤਿਆਰ ਕੀਤਾ, ਜਿਸ ਵਿੱਚ ਟਰਕੀ, ਮੈਸ਼ ਆਲੂ, ਬੀਨਜ਼, ਮਿੱਠੇ ਆਲੂ, ਸਟਫਿੰਗ, ਬਰੈੱਡ ਰੋਲ ਅਤੇ ਪੇਠਾ ਪਾਈ ਆਦਿ ਸ਼ਾਮਲ ਸਨ। ਸਿੱਖ ਭਾਈਚਾਰੇ ਦੇ ਮੈਂਬਰਾਂ ਵੱਲੋਂ ਡੱਬਾਬੰਦ ਭੋਜਨ ਨਾਲ ਭਰੀ ਇੱਕ ਕਾਰਗੋ ਵੈਨ ਦਾਨ ਕੀਤੀ ਗਈ। ਸਿੱਖ ਭਾਈਚਾਰੇ ਦੇ ਕੁਝ ਹੋਰ ਮੈਂਬਰਾਂ ਨੇ 1700 ਡਾਲਰ ਇਕੱਠੇ ਕੀਤੇ ਅਤੇ ਸਾਲਵੇਸ਼ਨ ਆਰਮੀ ਦੇ ਕੈਪਟਨ ਨਿੱਕੀ ਹਿਊਜ਼ ਤੇ ਕੈਪਟਨ ਕੋਰੀ ਹਿਊਜ਼ ਨੂੰ ਸੌਂਪੇ।
ਇਸ ਤੋਂ ਇਲਾਵਾ ਭਾਈਚਾਰੇ ਦੇ ਸੇਵਾਦਾਰਾਂ ਨੇ ਸਾਲਵੇਸ਼ਨ ਆਰਮੀ ਲਈ ਹੋਰ ਵੀ ਸਮਾਨ ਖਰੀਦਿਆ ਸੀ। ਲੋੜਵੰਦ ਲੋਕਾਂ ਨੂੰ ਕੰਬਲ ਦਾਨ ਕੀਤੇ ਗਏ ਅਤੇ ਇਸ ਸੇਵਾ ਦਾ ਇਹ ਚੌਥਾ ਸਾਲ ਹੈ। ਸਾਲਵੇਸ਼ਨ ਆਰਮੀ ਨੇ ਸਿੱਖ ਕਮਿਊਨਿਟੀ ਦੇ ਮੈਂਬਰਾਂ ਦਾ ਉਨ੍ਹਾਂ ਦੀਆਂ ਨਿਰੰਤਰ ਸੇਵਾਵਾਂ, ਪੈਂਟਰੀ ਫੂਡ ਲਈ ਯੋਗਦਾਨ ਅਤੇ ਨਕਦ ਯੋਗਦਾਨ ਲਈ ਧੰਨਵਾਦ ਕੀਤਾ। ਚੇਤੇ ਰਹੇ, ਲੋੜਵੰਦ ਪਰਿਵਾਰ ਹਫ਼ਤੇ ਦੇ ਕੁਝ ਦਿਨ ਸਾਲਵੇਸ਼ਨ ਆਰਮੀ ਵਿਖੇ ਸਥਿਤ ਪੈਂਟਰੀ ਤੋਂ ਭੋਜਨ ਲੈਣ ਲਈ ਆਉਂਦੇ ਹਨ।
ਸਾਲਵੇਸ਼ਨ ਆਰਮੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਅਸੀਂ ਸਿੱਖ ਭਾਈਚਾਰੇ ਅਤੇ ਕਮਿਊਨਿਟੀਆਂ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਨੇਕ ਕੰਮ ਲਈ ਆਪਣਾ ਸਮਾਂ ਅਤੇ ਮਿਹਨਤ ਦੀ ਕਮਾਈ ਦਾ ਯੋਗਦਾਨ ਪਾਇਆ। ਉਨ੍ਹਾਂ ਭਵਿੱਖ ਵਿੱਚ ਵੀ ਅਜਿਹੀ ਸੇਵਾ ਦੀ ਉਮੀਦ ਜਤਾਈ। ਉਨ੍ਹਾਂ ਵਾਲੰਟੀਅਰਾਂ ਦਾ ਵੀ ਉਚੇਚਾ ਧੰਨਵਾਦ ਕੀਤਾ। ਹੋਰ ਜਾਣਕਾਰੀ ਸ. ਸਰਵਣ ਸਿੰਘ ਬੋਲੀਨਾ ਪਾਸੋਂ ਈਮੇਲ: SਅਮSਨਿਗਹ੍ਰਅਜੁ@ਗਮਅਲਿ।ਚੋਮ ਰਾਹੀਂ ਲਈ ਜਾ ਸਕਦੀ ਹੈ।