ਅਕਾਲੀ ਸਿਆਸਤ ਵਿੱਚ ਖਾਮੋਸ਼ੀ ਦਾ ਆਲਮ

ਸਿਆਸੀ ਹਲਚਲ ਖਬਰਾਂ

*ਅਕਾਲ ਤਖਤ ਵੱਲੋਂ ਐਲਾਨੀ ਕਮੇਟੀ ਰਾਹੀਂ ਨਵੀਂ ਭਰਤੀ ਦੀ ਮੰਗ ਉਠਣ ਲੱਗੀ
*ਹਰਜਿੰਦਰ ਸਿੰਘ ਧਾਮੀ ਕਸੂਤੇ ਵਿਵਾਦ ‘ਚ ਘਿਰੇ, ਮੁਆਫੀ ਮੰਗੀ
ਜਸਵੀਰ ਸਿੰਘ ਮਾਂਗਟ
ਅਕਾਲੀ ਆਗੂਆਂ ਵੱਲੋਂ ਆਪੋ ਆਪਣੀ ਧਾਰਮਿਕ ਸਜ਼ਾ ਭੁਗਤ ਲੈਣ ਤੋਂ ਬਾਅਦ ਸਿੱਖ ਸਿਆਸਤ ਵਿੱਚ ਕੋਈ ਬਹੁਤੀ ਹਰਕਤ ਵੇਖਣ ਨੂੰ ਨਹੀਂ ਮਿਲ ਰਹੀ। ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਨੂੰ ਉਮੀਦ ਸੀ ਕਿ ਆਪਣੀ ਤਨਖਾਹ ਭੁਗਤਣ ਤੋਂ ਬਾਅਦ ਉਹ ਨਗਰ ਕੌਂਸਲਾਂ ਅਤੇ ਨਗਰ ਪਾਲਿਕਾਵਾਂ ਦੀਆਂ ਚੋਣਾਂ ਵਿੱਚ ਹਿੱਸਾ ਲੈ ਲੈਣਗੇ, ਨਤੀਜੇ ਭਾਵੇਂ ਕੋਈ ਵੀ ਹੋਣ! ਪਰ ਤਨਖ਼ਾਹ ਦਾ ਸਮਾਂ ਖ਼ਤਮ ਹੋਣ ਤੱਕ ਨਗਰ ਕੌਂਸਲਾਂ ਅਤੇ ਨਗਰ ਪਾਲਿਕਾਵਾਂ ਦੀ ਚੋਣਾਂ ਸਿਰ ‘ਤੇ ਆਣ ਖੜ੍ਹੀਆਂ ਹਨ।

ਇਨ੍ਹਾਂ ਚੋਣਾਂ ਲਈ ਵੋਟਾਂ 21 ਦਸੰਬਰ ਨੂੰ ਪੈਣੀਆਂ ਹਨ। ਬਾਕੀ ਸਾਰਾ ਅਮਲ ਪੂਰਾ ਹੋ ਚੁੱਕਾ ਹੈ। ਉਂਝ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਮੁੱਖ ਚੋਣ ਕਮਿਸ਼ਨਰ ਵੱਲੋਂ ਇਨ੍ਹਾਂ ਚੋਣਾਂ ਲਈ ਐਲਾਨੀਆਂ ਤਰੀਕਾਂ ‘ਤੇ ਸਖਤ ਇਤਰਾਜ਼ ਪ੍ਰਗਟ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਹ ਮਹੀਨਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਜ਼ਿਕਰਯੋਗ ਹੈ ਕਿ 22 ਦਸੰਬਰ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ ਤੇ ਵੋਟਾਂ 21 ਦਸੰਬਰ ਨੂੰ ਪੈਣੀਆਂ ਹਨ। ਉਨ੍ਹਾਂ ਕਿਹਾ ਸੀ ਕਿ ਚੋਣਾਂ ਲਈ ਇਹ ਤਰੀਕਾਂ ਐਲਾਨਣੀਆਂ ਸਿੱਖ ਭਾਵਨਾਵਾਂ ਦੇ ਬਿਲਕੁਲ ਉਲਟ ਹੈ।
ਭਾਵੇਂ ਕਿ ਕਿਸਾਨ ਮੋਰਚੇ ਨੇ ਪੰਜਾਬ ਦਾ ਸਮਾਜਕ ਵਾਤਾਵਰਣ ਤਪਾਇਆ ਹੋਇਆ ਹੈ, ਪਰ ਸਿੱਖ ਸਿਆਸੀ ਹਲਕਿਆਂ ਵਿੱਚ ਇੱਕ ਅਜੀਬ ਕਿਸਮ ਦੀ ਚੁੱਪ ਛਾਈ ਹੋਈ ਹੈ। ਖਾਸ ਕਰਕੇ ਅਕਾਲੀ ਦਲ (ਬਾਦਲ) ਦੀ ਲੀਡਰਸ਼ਿੱਪ ਦੇ ਪੱਖ ਤੋਂ। ਵੱਡੀ ਸਮੱਸਿਆ ਇਹ ਵੀ ਖੜ੍ਹੀ ਹੋ ਗਈ ਹੈ ਕਿ ਭਾਈ ਹਰਜਿੰਦਰ ਸਿੰਘ ਧਾਮੀ ਨੂੰ ਸਿੰਘ ਸਾਹਿਬਾਨ ਵੱਲੋਂ ਉਸ ਛੇ ਮੈਂਬਰੀ ਕਮੇਟੀ ਦਾ ਮੁਖੀ ਬਣਾਇਆ ਗਿਆ ਸੀ, ਜਿਸ ਨੇ ਨਵੇਂ ਵਰਕਰਾਂ ਦੀ ਭਰਤੀ ਕਰਨੀ ਹੈ। ਪਰ ਭਾਈ ਧਾਮੀ ਖੁਦ ਹੀ ਇੱਕ ਗੰਭੀਰ ਵਿਵਾਦ ਵਿੱਚ ਘਿਰ ਗਏ ਹਨ। ਉਨ੍ਹਾਂ ਗੁਰਿੰਦਰ ਸਿੰਘ ਨਾਂ ਦੇ ਇੱਕ ਪੱਤਰਕਾਰ ਨਾਲ ਟੈਲੀਫੋਨ ‘ਤੇ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੂੰ ਗਾਲ੍ਹ (ਸਾਲੀ) ਕੱਢ ਦਿੱਤੀ। ਇਹ ਵੀਡੀਉ ਬਾਅਦ ਵਿੱਚ ਵਾਇਰਲ ਹੋ ਗਈ। ਇਸ ਮਾਮਲੇ ਵਿੱਚ ਭਾਈ ਹਰਜਿੰਦਰ ਸਿੰਘ ਧਾਮੀ ਨੂੰ ਪੰਜਾਬ ਵੋਮੈਨ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਵੀ ਆਪਣਾ ਪੱਖ ਸਪਸ਼ਟ ਕਰਨਾ ਪਿਆ ਹੈ। ਇਸ ਮਾਮਲੇ ਨੂੰ ਲੈ ਕੇ ਚੱਲੇ ਵਿਵਾਦ ਵਿੱਚ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਕੋਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਵੀ ਜਾ ਸਕਦੀ ਹੈ। ਇਹ ਸਵਾਲ ਵੀ ਖੜ੍ਹਾ ਹੋ ਗਿਆ ਹੈ ਕਿ ਭਾਈ ਹਰਜਿੰਦਰ ਸਿੰਘ ਧਾਮੀ ਜਥੇਦਾਰ ਸਾਹਿਬਾਨ ਵੱਲੋਂ ਅਕਾਲੀ ਦਲ ਦੀ ਨਵੀਂ ਭਰਤੀ ਲਈ ਬਣਾਈ ਗਈ ਕਮਟੀ ਦੇ ਮੁਖੀ ਰਹਿਣਗੇ ਵੀ ਜਾਂ ਨਹੀਂ? ਉਂਝ ਇੱਕ ਅੱਧੇ ਦਿਨ ਬਾਅਦ ਹੀ ਭਾਈ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜਗੀਰ ਕੌਰ ਖਿਲਾਫ ਵਰਤੀ ਗਈ ਮੰਦੀ ਭਾਸ਼ਾ ਲਈ ਬੀਬੀ ਅਤੇ ਸਮੁੱਚੇ ਔਰਤ ਜਗਤ ਕੋਲੋਂ ਮੁਆਫੀ ਮੰਗ ਲਈ ਸੀ। ਇਸ ਸੰਬੰਧ ਵਿੱਚ ਸ. ਧਾਮੀ ਨੇ ਇੱਕ ਪੱਤਰ ਅਕਾਲ ਤਖਤ ਸਕੱਤਰੇਤ ਵਿਖੇ ਮੈਨੇਜਰ ਜਸਪਾਲ ਸਿੰਘ ਨੂੰ ਵੀ ਸੌਂਪਿਆ। ਇਸ ਪੱਤਰ ਵਿੱਚ ਉਨ੍ਹਾਂ ਲਿਖਿਆ, “ਜਾਣੇ-ਅਣਜਾਣੇ ਮੇਰੇ ਤੋਂ ਇਹ ਅੱਪਸ਼ਬਦ ਬੋਲੇ ਗਏ ਹਨ। ਇਸ ਲਈ ਮੈਂ ਪੂਰੀ ਔਰਤ ਜਾਤੀ ਅਤੇ ਬੀਬੀ ਜਗੀਰ ਕੌਰ ਕੋਲੋਂ ਮੁਆਫੀ ਮੰਗਦਾ ਹਾਂ। ਇੱਕ ਜ਼ਿੰਮੇਵਾਰ ਅਹੁਦੇ ‘ਤੇ ਹੁੰਦਿਆਂ ਮੈਨੂੰ ਇਹ ਮੰਦੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਸੀ। ਮੇਰੇ ਲਈ ਬੀਬੀ ਜੀ ਅੱਜ ਵੀ ਸਤਿਕਾਰਯੋਗ ਹਨ।” ਉਨ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਨੂੰ ਜੋ ਵੀ ਆਦੇਸ਼ ਦੇਣਗੇ, ਉਹ ਸਿਰ ਮੱਥੇ ਪ੍ਰਵਾਨ ਕਰਨਗੇ।
ਇੱਥੇ ਜ਼ਿਕਰਯੋਗ ਹੈ ਕਿ ਪਾਰਟੀ ਵਿੱਚ ਪਈ ਫੁੱਟ ਕਾਰਨ ਅਕਾਲੀ ਦਲ ਨੇ ਪਿਛੇ ਜਿਹੇ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚਾਰ ਜ਼ਿਮਨੀ ਚੋਣਾਂ ਵਿੱਚ ਵੀ ਹਿੱਸਾ ਨਹੀਂ ਸੀ ਲਿਆ। ਇਸ ਨਾਲ ਅਕਾਲੀ ਦਲ ਦਾ ਵੋਟ ਬੈਂਕ ਦੂਜੀਆਂ ਪਾਰਟੀਆਂ ਵੱਲ ਭੁਗਤਿਆ। ਬੀਤੇ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਵੱਲੋਂ ਅਕਾਲੀ ਲੀਡਰਸ਼ਿੱਪ ਨੂੰ ਤਨਖਾਹ (ਸਜ਼ਾ) ਲਗਾਈ ਗਈ ਸੀ। ਸਿੰਘ ਸਹਿਬਾਨ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਤਾਂ ਅਕਾਲੀ ਲੀਡਰਸ਼ਿਪ ਨੇ ਤੁਰੰਤ ਨਿਭਾਉਣੀ ਸ਼ੁਰੂ ਕਰ ਦਿੱਤੀ ਅਤੇ ਤਕਰੀਬਨ ਸਾਰੇ ਲੀਡਰਾਂ ਨੇ ਆਪਣੀ ਇਹ ਸੇਵਾ ਪੂਰੀ ਵੀ ਕਰ ਲਈ ਹੈ; ਪਰ ਇਸ ਹੁਕਮਨਾਮੇ ਵਿੱਚ ਦਰਜ ਸਿਆਸੀ ਪੱਖ ਹਾਲੇ ਤੱਕ ਅਕਾਲੀ ਲੀਡਰਸ਼ਿਪ ਵੱਲੋਂ ਛੋਹਿਆ ਤੱਕ ਨਹੀਂ ਗਿਆ ਹੈ। ਇਸ ਹੁਕਮਨਾਮੇ ਦਾ ਮਹੱਤਵਪੂਰਣ ਸਿਆਸੀ ਪੱਖ ਇਹ ਹੈ ਕਿ ਇਹ ਅਕਾਲੀ ਲੀਡਰਸ਼ਿਪ ‘ਪੰਥ’ ਦੀ ਅਗਵਾਈ ਕਰਨ ਦਾ ਨੈਤਿਕ ਆਧਾਰ ਗੁਆ ਚੁੱਕੀ ਹੈ।’ ਉਨ੍ਹਾਂ ਸੁਖਬੀਰ ਸਮੇਤ ਅਕਾਲੀ ਦਲ ਦੇ ਅਸਤੀਫੇ ਦੇਣ ਵਾਲੇ ਆਗੂਆਂ ਦੇ ਅਸਤੀਫੇ ਤੁਰੰਤ ਪ੍ਰਵਾਨ ਕਰਨ ਅਤੇ ਇਸ ਸੰਬੰਧੀ ਤਿੰਨ ਦਿਨ ਅੰਦਰ ਅਕਾਲ ਤਖਤ ‘ਤੇ ਸੂਚਿਤ ਕਰਨ ਲਈ ਕਿਹਾ ਸੀ। ਅਕਾਲੀ ਦਲ ਦੀ ਵਰਕਿੰਗ ਕਮੇਟੀ ਭੰਗ ਕਰ ਕੇ ਨਵੀਂ ਭਰਤੀ ਕਰਨ ਅਤੇ ਛੇ ਮਹੀਨੇ ਵਿੱਚ ਇਹ ਕਾਰਜ ਪੂਰਾ ਕਰਨ ਲਈ ਆਖਿਆ ਗਿਆ ਸੀ। ਇਸ ਹੁਕਮਨਾਮੇ ਵਿੱਚ ਜਥੇਦਾਰ ਸਾਹਿਬਾਨ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਇੱਕ ਛੇ ਮੈਂਬਰੀ ਕਮੇਟੀ ਦਾ ਵੀ ਐਲਾਨ ਵੀ ਕੀਤਾ ਗਿਆ ਸੀ, ਜਿਸ ਨੇ ਨਵੇਂ ਅਕਾਲੀ ਵਰਕਰਾਂ ਨੂੰ ਭਰਤੀ ਕਰਨਾ ਸੀ ਅਤੇ ਨਵੀਂ ਲੀਡਰਸ਼ਿਪ ਦੀ ਚੋਣ ਦੇ ਅਮਲ ਨੂੰ 6 ਮਹੀਨੇ ਵਿੱਚ ਮੁਕੰਮਲ ਕਰਨਾ ਸੀ।
ਪਰ ਦਿਲਚਸਪ ਵਰਤਾਰਾ ਇਹ ਵਾਪਰਿਆ ਕਿ 2 ਦਸੰਬਰ ਨੂੰ ਹੁਕਮਨਾਮੇ ਤੋਂ ਬਾਅਦ ਅਕਾਲ ਤਖਤ ਦੇ ਸਕੱਤਰੇਤ ਵਿੱਚ ਜਾ ਕੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਅਸਤੀਫੇ ਪ੍ਰਵਾਨ ਕਰਨ ਲਈ ਤਿੰਨ ਦਿਨ ਦੀ ਥਾਂ ਵੀਹ ਦਿਨ ਲੈ ਲਏ। ਇਹ ਵੀਹ ਦਿਨ ਵੀ ਹੁਣ ਲੰਘ ਚੁੱਕੇ ਹਨ, ਪਰ ਅਕਾਲੀ ਦਲ ਦੇ ਦੋਹਾਂ ਗੁੱਟਾਂ ਨੇ ਕੋਈ ਆਪਸੀ ਏਕਤਾ ਦਾ ਅਮਲ ਸ਼ੁਰੂ ਨਹੀਂ ਕੀਤਾ ਅਤੇ ਨਾ ਹੀ ਅਸਤੀਫੇ ਪ੍ਰਵਾਨ ਕੀਤੇ ਗਏ ਹਨ। ਇਸ ਮਾਮਲੇ ਨੂੰ ਇੱਥੇ ਹੀ ਬਰੇਕਾਂ ਲੱਗ ਗਈਆਂ ਹਨ ਅਤੇ ਅਕਾਲੀ ਲੀਡਰਸ਼ਿਪ ਖਾਮੋਸ਼ ਹੈ।
ਯਾਦ ਰਹੇ, ਇਸ ਦਰਮਿਆਨ 4 ਦਸੰਬਰ ਨੂੰ ਨਰਾਇਣ ਸਿੰਘ ਚੌੜਾ ਵੱਲੋਂ ਆਪਣੇ ਪਿਸਤੌਲ ਨਾਲ ਸੁਖਬੀਰ ਸਿੰਘ ਬਾਦਲ ਦੇ ਗੋਲੀ ਮਾਰਨ ਦੇ ਯਤਨ ਨੇ ਅਖ਼ਬਾਰਾਂ ਦੀਆਂ ਸੁਰਖੀਆਂ ਮੱਲ ਲਈਆਂ ਸਨ। ਇਸ ਨਾਲ ਅਕਾਲ ਤਖਤ ਸਾਹਿਬ ਵੱਲੋਂ ਕੀਤੇ ਗਏ ਫੈਸਲਿਆਂ ਬਾਰੇ ਚੱਲ ਰਿਹਾ ਇੱਕ ਵਿਆਪਕ ਨੈਰੇਟਿਵ ਬਦਲ ਕੇ ਗੋਲੀ ਮਾਰਨ ਵਾਲੀ ਘਟਨਾ ‘ਤੇ ਕੇਂਦਰਤ ਹੋ ਗਿਆ। ਇਸ ਘਟਨਾ ਤੋਂ ਪਿੱਛੋਂ ਤਨਖਾਹੀਏ ਕਰਾਰ ਦਿੱਤੇ ਗਏ ਦੋ ਆਗੂਆਂ- ਬਲਵਿੰਦਰ ਸਿੰਘ ਭੂੰਦੜ ਅਤੇ ਦਲਜੀਤ ਸਿੰਘ ਚੀਮਾ ਨੇ ਕੋਰ ਕਮੇਟੀ ਦੀ ਉਸ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ, ਜਿਸ ਨੇ ਸੁਖਬੀਰ ਸਿੰਘ ਬਾਦਲ ‘ਤੇ ਹਮਲੇ ਨੂੰ ਅਕਾਲੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਸੀ। ਇਹ ਵੀ ਇੱਕ ਤਰ੍ਹਾਂ ਨਾਲ ਸਿੰਘ ਸਾਹਿਬਾਨ ਦੇ ਆਦੇਸ਼ਾਂ ਦੀ ਉਲੰਘਣਾ ਹੀ ਮੰਨੀ ਜਾ ਰਹੀ ਹੈ, ਪਰ ਅਕਾਲੀ ਦਲ ਵੱਲੋਂ ਵਰਕਿੰਗ ਕਮੇਟੀ ਨੂੰ ਭੰਗ ਕਰਨ ਅਤੇ ਨਵੀਂ ਭਰਤੀ ਕਰਨ ਦਾ ਜਥੇਦਾਰ ਸਾਹਿਬ ਦਾ ਆਦੇਸ਼ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਹੈ। ਨਵੀਂ ਭਰਤੀ ਕਰਨ ਲਈ ਜਥੇਦਾਰ ਸਾਹਿਬ ਵੱਲੋਂ ਬਣਾਈ ਗਈ 6 ਮੈਂਬਰੀ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਇਕਬਾਲ ਸਿੰਘ ਝੂੰਦਾ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਆਲੀ, ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ (ਸਪੁੱਤਰੀ ਭਾਈ ਅਮਰੀਕ ਸਿੰਘ) ਸ਼ਾਮਲ ਹਨ। ਹੁਕਮਨਾਮੇ ਵਾਲੇ ਦਿਨ ਹੀ ਅਕਾਲੀ ਦਲ ਵੱਲੋਂ ਕਿਰਪਾਲ ਸਿੰਘ ਬਡੂੰਗਰ ਨੂੰ ਵੀ ਇਸ ਕਮੇਟੀ ਵਿੱਚ ਸ਼ਾਮਲ ਕਰਵਾ ਲਿਆ ਗਿਆ ਸੀ। ਅਕਾਲੀ ਦਲ ਦੇ ਉਲਟ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਿੱਚ ਅਕਾਲੀ ਸੁਧਾਰ ਲਹਿਰ ਦੇ ਆਗੂਆਂ ਨੇ ਆਪਣਾ ਗੁੱਟ 9 ਦਸੰਬਰ ਨੂੰ ਭੰਗ ਕਰ ਦਿੱਤਾ ਸੀ ਅਤੇ ਉਹ ਹੁਕਮਨਾਮੇ ਅਨੁਸਾਰ ਨਵੀਂ ਭਰਤੀ ਕਰਨ ਦੀ ਮੰਗ ਕਰ ਰਹੇ ਹਨ।
ਸਿੱਖ ਰੈਡੀਕਲ ਧਿਰਾਂ ਅਤੇ ਬਹੁਤ ਸਾਰੇ ਸਿੱਖ ਬੁੱਧੀਜੀਵੀਆਂ ਅਤੇ ਪੱਤਰਕਾਰਾਂ ਵੱਲੋਂ ਵੀ ਇਹ ਮੰਗ ਉਟਾਈ ਜਾ ਰਹੀ ਹੈ ਕਿ ਅਕਾਲੀ ਲੀਡਰਸ਼ਿੱਪ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਰਾਜਨੀਤਿਕ ਪੱਖਾਂ ‘ਤੇ ਵੀ ਅਮਲ ਕਰਨਾ ਚਾਹੀਦਾ ਹੈ। ਸਿੱਖ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਜੇ ਅਕਾਲੀ ਦਲ (ਬਾਦਲ) ਦੇ ਆਗੂਆਂ ਨੇ ਇਸ ਪਾਰਟੀ ਨੂੰ ਮੌਜੂਦਾ ਰੂਪ ਵਿੱਚ ਹੀ ਚਲਾਉਣ ਦਾ ਯਤਨ ਕੀਤਾ ਤਾਂ ਉਹ ਹੋਰ ਵਧੇਰੇ ਮੁਸ਼ਕਲਾਂ ਵਿੱਚ ਫਸ ਜਾਣਗੇ ਅਤੇ ਸਿੱਖ ਆਵਾਮ ਨੇ ਵੀ ਉਨ੍ਹਾਂ ਨੂੰ ਪ੍ਰਵਾਨ ਨਹੀਂ ਕਰਨਾ। ਸਿੱਖ ਵਿਦਵਾਨਾਂ ਵੱਲੋਂ ਜਥੇਦਾਰ ਸਾਹਿਬ ਨੂੰ ਅਕਾਲੀ ਭਰਤੀ ਦੇ ਅਮਲ ਦੀ ਨਜ਼ਰਸਾਨੀ ਕੀਤੇ ਜਾਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ। ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਨਰਾਇਣ ਸਿੰਘ ਚੌੜਾ ਨੂੰ ਪੰਥ ਵਿਚੋਂ ਛੇਕਣ ਦੀ ਮੰਗ ਵੀ ਉਠਾਈ ਗਈ ਹੈ। ਦਲ ਖਾਲਸਾ ਅਤੇ ਹੋਰ ਸਿੱਖ ਰੈਡੀਕਲ ਗਰੁੱਪ ਇਸ ਦਾ ਵਿਰੋਧ ਕਰ ਰਹੇ ਹਨ। ਉਹ ਸ. ਚੌੜਾ ਨੂੰ ਫਖ਼ਰ-ਏ-ਕੌਮ ਦਾ ਖਿਤਾਬ ਦੇਣ ਦੀ ਮੰਗ ਕਰਨ ਲੱਗੇ ਹਨ।

Leave a Reply

Your email address will not be published. Required fields are marked *