ਦਿਲਜੀਤ ਸਿੰਘ ਬੇਦੀ
ਸ਼ਹੀਦ, ਕੌਮ ਦਾ ਵਡਮੁੱਲਾ ਸਰਮਾਇਆ ਹੁੰਦੇ ਹਨ। ਸਿੱਖ ਕੌਮ ਦੇ ਸ਼ਾਨਾਂਾਮੱਤੇ ਇਤਿਹਾਸ ’ਚ ਹੱਕ, ਸੱਚ, ਇਨਸਾਫ਼ ਤੇ ਧਰਮ ਦੀ ਖਾਤਰ ਕੁਰਬਾਨ ਹੋਣ ਵਾਲੇ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਦਾ ਸਿੱਖ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਪਿਆ ਹੈ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਹੁੰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ, ਖਾਸ ਤੌਰ ’ਤੇ ਸਰਹਿੰਦ ਵਿਖੇ ‘ਨਿੱਕੀਆਂ ਜਿੰਦਾਂ’ ’ਤੇ ਵਾਪਰੇ ‘ਵੱਡੇ ਸਾਕੇ’ ਨੇ ਹਰੇਕ ਵੇਖਣ-ਸੁਣਨ ਵਾਲੇ ਦੇ ਮਨ ਅੰਦਰ ਸਮੇਂ ਦੀ ਹਕੂਮਤ ਵਿਰੁੱਧ ਗੁੱਸਾ ਤੇ ਰੋਹ ਪੈਦਾ ਕਰ ਦਿੱਤਾ।
ਇਸ ਸਾਕੇ ਨੇ ਸਿੱਖ ਸੰਘਰਸ਼ ਵਿੱਚ ਨਵੀਂ ਰੂਹ ਫੂਕ ਦਿੱਤੀ। ਸੂਰਬੀਰ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਉਤਰੀ ਭਾਰਤ ਵਿੱਚ ਅਜਿਹਾ ਤੂਫ਼ਾਨ ਲਿਆਂਦਾ ਕਿ ਮੁਗਲ ਸਾਮਰਾਜ ਦੀਆਂ ਜੜ੍ਹਾਂ ਹਿੱਲ ਗਈਆਂ। ਸਰਹਿੰਦ ਦੇ ਹੈਂਕੜਬਾਜ਼ ਨਵਾਬ ਅਤੇ ਉਸ ਦੇ ਦਰਬਾਰੀਆਂ ਦੀ ਜੋ ਦੁਰਦਸ਼ਾ ਹੋਈ, ਉਹ ਇਤਿਹਾਸ ਬਣ ਗਿਆ। ਇਸ ਸਾਕੇ ਪਿੱਛੋਂ ਸਿੱਖ ਸੂਰਬੀਰ ਉਸ ਮੁਹਾਜ `ਤੇ ਹੋ ਤੁਰੇ, ਜਿਸ ਦੀ ਮੰਜ਼ਿਲ ਸਿੱਖ ਰਾਜ ਦੀ ਸਥਾਪਤੀ ਸੀ ਅਤੇ ਗੁਰੂ ਕੇ ਖ਼ਾਲਸੇ ਨੇ ਇਹ ਮੰਜ਼ਿਲ ਸਰ ਵੀ ਕੀਤੀ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੰਸਾਰ ਦੇ ਇਤਿਹਾਸ ਅੰਦਰ ਇੱਕ ਅਨੋਖੀ ਘਟਨਾ ਹੈ। ਇਸ ਸਾਕੇ ਦੇ ਇਤਿਹਾਸ ਦਾ ਆਰੰਭ ਸ੍ਰੀ ਅਨੰਦਪੁਰ ਸਾਹਿਬ ਦੇ ਘੇਰੇ ਤੋਂ ਹੁੰਦਾ ਹੈ। ਖ਼ਾਲਸਾ ਪੰਥ ਦੀ ਸਾਜਨਾ ਨੇ ਅਖੌਤੀ ਤੇ ਨੀਵੀਆਂ ਜਾਤਾਂ ਨੂੰ ਕੁਲੀਨ ਵਰਗ ਦੇ ਬਰਾਬਰ ਲੈ ਆਂਦਾ। ਚਿੜੀਆਂ, ਬਾਜਾਂ ਦਾ ਸ਼ਿਕਾਰ ਕਰਨ ਦੇ ਸਮਰੱਥ ਹੋ ਗਈਆਂ। ਗਿੱਦੜਾਂ ਦੀ ਬਿਰਤੀ ਵਾਲੇ ਲੋਕ ਸ਼ੇਰ ਬਣ ਗਏ। ਰਣਜੀਤ ਨਗਾਰੇ ਤੇ ਖ਼ਾਲਸਈ ਜੈਕਾਰੇ ਨੇ ਮੁਗ਼ਲ ਹਕੂਮਤ ਦੇ ਨਾਲ-ਨਾਲ ਹਿੰਦੂ ਪਹਾੜੀ ਰਾਜਿਆਂ ਨੂੰ ਵੀ ਬੇਚੈਨ ਕਰ ਦਿੱਤਾ। ਦੋਹਾਂ ਧਿਰਾਂ ਨੇ ਰਲ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ। ਘੇਰੇ ਦਾ ਸਮਾਂ ਵਧਣ ਲੱਗਾ ਤਾਂ ਫਿਰ ਦੁਸ਼ਮਣ ਨੂੰ ਬੇਚੈਨੀ ਵਿੱਚ ਝੂਠੀਆਂ ਕਸਮਾਂ ਤੇ ਵਾਅਦਿਆਂ ਦੀ ਤਰਕੀਬ ਸੁੱਝੀ। ਮੁਗਲਾਂ ਤੇ ਪਹਾੜੀ ਰਾਜਿਆਂ ਦੀਆਂ ਕਸਮਾਂ ਅਤੇ ਸਿੰਘਾਂ ਦੇ ਜ਼ੋਰ ਦੇਣ `ਤੇ ਸ੍ਰੀ ਦਸਮੇਸ਼ ਜੀ ਨੇ ਕਿਲ੍ਹਾ ਖਾਲੀ ਕਰ ਦਿੱਤਾ। ਜਿਉਂ ਹੀ ਖ਼ਾਲਸੇ ਦਾ ਜਥਾ ਬਾਹਰ ਨਿਕਲਿਆ ਤਾਂ ਦੁਸ਼ਮਣ ਨੇ ਕਸਮਾਂ ਤੇ ਵਾਅਦੇ ਤੋੜ ਕੇ ਹਮਲਾ ਕਰ ਦਿੱਤਾ। ਸਰਸਾ ਨਦੀ ਕੰਢੇ ਘੋਰ ਯੁੱਧ ਹੋਇਆ। ਇੱਥੋਂ ਹੀ ਦਸਮ ਪਾਤਸ਼ਾਹ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ। ਵੱਡੇ ਸਾਹਿਬਜ਼ਾਦੇ ਤੇ ਸਤਿਗੁਰੂ ਜੀ ਚਮਕੌਰ ਸਾਹਿਬ ਨੂੰ ਨਿਕਲ ਗਏ। ਬਿਰਧ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਬਾਕੀ ਸਾਰਿਆਂ ਨਾਲੋਂ ਵਿੱਛੜ ਗਏ। ਅਲਹ ਯਾਰ ਖਾਂ ਜੋਗੀ ਲਿਖਦਾ ਹੈ:
ਬੱਚੋਂ ਕਾ ਸਾਥ ਰਾਹ ਕਠਨ ਸਰ ਪ: ਸ਼ਾਮ ਹੈ।
ਸੁਨਸਾਨ ਦਸ਼ਤ ਚਾਰਸੂ ਹੂ ਕਾ ਮੁਕਾਮ ਹੈ।
ਹੋਤਾ ਕਹਾਂ ਪ: ਦੇਖੀਏ ਸਬ ਕੋ ਕਣਾਮ ਹੈ।
ਖ਼ਾਦਿਮ ਹੈ ਔਰ ਕੋਈ ਨ: ਹਮਰਹ ਗ਼ੁਲਾਮ ਹੈ।
ਗੰਗੂ ਰਸੋਈਯਾ ਹੈ ਫ਼ਕਤ ਸ਼ਾਥ ਰਹ ਗਯਾ।
ਲੇ ਦੇ ਕੇ ਰਹਬਰੀ ਕੋ ਯਿਹ ਹੈਯਾਤ ਰਹ ਗਯਾ।52।
(ਸ਼ਹੀਦਾਨਿ-ਵਫ਼ਾ)
ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਗੰਗੂ ਰਸੋਈਆ ਆਪਣੇ ਨਾਲ ਆਪਣੇ ਪਿੰਡ ਲੈ ਗਿਆ। ਰਾਤ ਨੂੰ ਜਦੋਂ ਮਾਤਾ ਜੀ ਬੱਚਿਆਂ ਨਾਲ ਸੁੱਤੇ ਪਏ ਸਨ ਤਾਂ ਗੰਗੂ ਦੀ ਨੀਅਤ ਖਰਾਬ ਹੋ ਗਈ। ਉਸ ਨੇ ਮੋਹਰਾਂ ਨਾਲ ਭਰੀ ਥੈਲੀ ਖਿਸਕਾ ਲਈ। ਸਵੇਰ ਹੁੰਦਿਆਂ ਜਦੋਂ ਮਾਤਾ ਜੀ ਨੇ ਥੈਲੀ ਬਾਰੇ ਪੁੱਛਿਆ ਤਾਂ ਗੰਗੂ ਸਾਫ਼ ਮੁੱਕਰ ਗਿਆ। ਉਹ ਸੱਚਾ ਬਣਨ ਦੀ ਖ਼ਾਤਰ ਉੱਚੀ-ਉੱਚੀ ਰੌਲ਼ਾ ਪਾਉਣ ਲੱਗ ਪਿਆ। ਮਾਤਾ ਜੀ ਨੇ ਉਸ ਨੂੰ ਸਮਝਾਉਣ ਦਾ ਬੜਾ ਯਤਨ ਕੀਤਾ, ਪਰ ਉਸ ਨੇ ਇੱਕ ਨਾ ਸੁਣੀ। ਲਾਲਚ ਵਿੱਚ ਆ ਕੇ ਗੰਗੂ ਨੇ ਮੁਗਲ ਹਕੂਮਤ ਕੋਲ ਸ਼ਿਕਾਇਤ ਕਰ ਦਿੱਤੀ ਅਤੇ ਮਾਤਾ ਗੁਜਰੀ ਜੀ ਅਤੇ ਮਾਸੂਮ ਬੱਚਿਆਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ:
ਦੁਨਿਯਾ ਮੇਂ ਅਪਨੇ ਨਾਮ ਕੋ ਬਦਨਾਮ ਕਰ ਗਯਾ।
ਦੁਸ਼ਮਨ ਭੀ ਜੋ ਨਾ ਕਰਤਾ ਵੁਹ ਯਿਹ ਕਾਮ ਕਰ ਗਯਾ।60।
(ਸ਼ਹੀਦਾਨਿ-ਵਫ਼ਾ)
ਗੰਗੂ ਦੀ ਇਸ ਗੱਦਾਰੀ ਕਾਰਨ ਗੁਰੂ ਜੀ ਦੇ ਬੇਦੋਸ਼ੇ ਲਾਲਾਂ ਨੂੰ ਪੋਹ ਮਹੀਨੇ ਦੀਆਂ ਠੰਡੀਆਂ ਰਾਤਾਂ ਵਿੱਚ ਬੁੱਢੀ ਦਾਦੀ ਮਾਂ ਦੇ ਨਾਲ ਸਰਹਿੰਦ ਵਿਖੇ ਠੰਢੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਪੋਹ ਦੀ ਬਰਫ ਵਰਗੀ ਠੰਢੀ ਰਾਤ ਵਿੱਚ ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਨੂੰ ਆਪਣੇ ਸਰੀਰ ਨਾਲ ਘੁੱਟ-ਘੁੱਟ ਕੇ ਗਰਮਾਉਣ ਦਾ ਯਤਨ ਕਰਦੇ ਰਹੇ ਅਤੇ ਸਿੰਘਾਂ ਦੀ ਬਹਾਦਰੀ ਦੀਆਂ ਬਾਤਾਂ ਸੁਣਾ ਕੇ ਉਨ੍ਹਾਂ ਵਿੱਚ ਬੀਰਤਾ ਦਾ ਜਜ਼ਬਾ ਭਰਦੇ ਰਹੇ। ਅਗਲੇ ਦਿਨ ਸਵੇਰ ਸਮੇਂ ਸਿਪਾਹੀ ਬੱਚਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕਰਨ ਲਈ ਲੈਣ ਆਏ। ਮਾਤਾ ਗੁਜਰੀ ਜੀ ਨੇ ਮਾਸੂਮ ਪੋਤਿਆਂ ਨੂੰ ਬੜੇ ਪਿਆਰ ਨਾਲ ਤਿਆਰ ਕਰਦਿਆਂ ਪ੍ਰੇਰਨਾ ਕੀਤੀ ਕਿ ਵੇਖਿਓ ਕਿਧਰੇ ਹਾਕਮਾਂ ਦੇ ਡਰਾਵਿਆਂ ਅਤੇ ਲਾਲਚਾਂ ਅੱਗੇ ਡੋਲ ਨਾ ਜਾਇਓ! ਆਪਣੇ ਧਰਮ ਨੂੰ ਸਦਾ ਕਾਇਮ ਰੱਖਣਾ।
ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਜ਼ਾਲਿਮ ਹਕੂਮਤ ਦੀ ਇੱਕ ਸਾਜ਼ਿਸ਼ ਤਹਿਤ ਸਾਹਿਬਜ਼ਾਦਿਆਂ ਨੂੰ ਪੇਸ਼ ਹੋਣ ਵੇਲੇ ਛੋਟੇ ਦਰਵਾਜ਼ੇ ਵਿੱਚੋਂ ਲੰਘਾਇਆ ਗਿਆ ਤਾਂ ਕਿ ਆਪਣੇ ਆਪ ਹੀ ਉਨ੍ਹਾਂ ਦਾ ਸਿਰ ਝੁਕ ਜਾਵੇ। ਜ਼ਾਲਿਮ ਸੋਚਦੇ ਸਨ ਕਿ ਜਦੋਂ ਉਹ ਸਿਰ ਨਿਵਾ ਕੇ ਲੰਘਣਗੇ ਤਾਂ ਤਾੜੀ ਮਾਰ ਕੇ ਐਲਾਨ ਕਰ ਦਿਆਂਗੇ ਕਿ ਸਾਹਿਬਜ਼ਾਦਿਆਂ ਨੇ ਮੁਗ਼ਲ ਸਰਕਾਰ ਅੱਗੇ ਸਿਰ ਝੁਕਾ ਕੇ ਈਨ ਮੰਨ ਲਈ ਹੈ। ਪਰ ਆਤਮਿਕ ਤੌਰ `ਤੇ ਬਲਵਾਨ ਗੁਰੂ ਜੀ ਦੇ ਸਾਹਿਬਜ਼ਾਦਿਆਂ ਨੇ ਛੋਟੇ ਦਰਵਾਜ਼ੇ ਵਿੱਚੋਂ ਲੰਘਦਿਆਂ ਕਚਹਿਰੀ ਵਿੱਚ ਦਾਖਲ ਹੋਣ `ਤੇ ਪਹਿਲਾਂ ਪੈਰ ਅੱਗੇ ਕੱਢੇ ਤੇ ਉੱਚੀ ਗੱਜਵੀਂ ਆਵਾਜ਼ ਵਿੱਚ ‘ਫਤਹਿ` ਗਜਾਈ। ਗੁਰੂ ਲਾਲਾਂ ਦੇ ਚਿਹਰਿਆਂ ਦਾ ਜਾਹੋ-ਜਲਾਲ ਵੇਖ ਕੇ ਸਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਸਾਹਿਬਜ਼ਾਦਿਆਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਗਿਆ। ਧਨ, ਦੌਲਤ, ਜਗੀਰਾਂ ਅਤੇ ਹੋਰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ। ਫਿਰ ਸਰੀਰਕ ਕਸ਼ਟ ਤੇ ਮੌਤ ਦੇ ਡਰਾਵੇ ਦਿੱਤੇ। ਪਰ ਗੁਰੂ ਜੀ ਦੇ ਲਾਲਾਂ ਨੇ ਅਡੋਲ ਰਹਿੰਦਿਆਂ ਸੂਬੇ ਨੂੰ ਰੋਅਬ ਭਰੇ ਜੁਆਬ ਦਿੱਤੇ। ਲਗਾਤਾਰ ਦੋ ਦਿਨ ਲਾਲਚ, ਡਰਾਵੇ, ਧਮਕੀਆਂ ਚੱਲਦੀਆਂ ਰਹੀਆਂ। ਇਸ ਸਮੇਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੇ ਚਿਹਰਿਆਂ `ਤੇ ਕੋਈ ਡਰ ਨਹੀਂ ਸੀ। ਦੀਵਾਨ ਸੁੱਚਾ ਨੰਦ ਨੇ ਜਦੋਂ ਬੱਚਿਆਂ ਨੂੰ ਪੁੱਛਿਆ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ? ਸਾਹਿਬਜ਼ਾਦਿਆਂ ਦਾ ਉੱਤਰ ਸੀ ਕਿ ਅਸੀਂ ਵੱਡੇ ਹੋ ਕੇ ਸਿੱਖਾਂ ਨੂੰ ਇਕੱਠੇ ਕਰ ਕੇ ਜ਼ੁਲਮੀ ਰਾਜ ਦੇ ਵਿਰੁੱਧ ਲੜਾਂਗੇ ਅਤੇ ਉਦੋਂ ਤਕ ਲੜਦੇ ਰਹਾਂਗੇ, ਜਦੋਂ ਤਕ ਜ਼ਾਲਿਮਾਂ ਦਾ ਖ਼ਾਤਮਾ ਨਹੀਂ ਕਰ ਲੈਂਦੇ ਜਾਂ ਖੁਦ ਸ਼ਹੀਦ ਨਹੀਂ ਹੋ ਜਾਂਦੇ। ਗੁਰੂ ਲਾਲਾਂ ਦੇ ਦਲੇਰੀ-ਭਰੇ ਉੱਤਰ ਨੂੰ ਸੁਣ ਕੇ ਸਾਰੇ ਪਾਸੇ ਚੁੱਪ ਛਾ ਗਈ। ਇਸ `ਤੇ ਹੰਕਾਰੀ ਨਵਾਬ ਨੂੰ ਗੁੱਸਾ ਆ ਗਿਆ। ਮਲੇਰਕੋਟਲੇ ਦੇ ਸ਼ੇਰ ਮੁਹੰਮਦ ਖਾਂ ਨੂੰ ਸੱਦਿਆ ਗਿਆ ਕਿ ਉਹ ਆਪਣੇ ਭਰਾ ਦੀ ਮੌਤ ਦਾ ਬਦਲਾ ਇਨ੍ਹਾਂ ਬੱਚਿਆਂ ਨੂੰ ਮਾਰ ਕੇ ਲੈ ਲਵੇ। ‘ਪ੍ਰਾਚੀਨ ਪੰਥ ਪ੍ਰਕਾਸ਼` ਦੇ ਕਰਤਾ ਭਾਈ ਰਤਨ ਸਿੰਘ ਭੰਗੂ ਦੇ ਸ਼ਬਦਾਂ ਅਨੁਸਾਰ ਵਜ਼ੀਦ ਖਾਂ ਨੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੂੰ ਸੰਬੋਧਿਤ ਕਰ ਕੇ ਕਿਹਾ:
ਤੁਮਰੋ ਮਾਰਯੋ ਗੁਰ ਨਾਹਰ ਖਾਂ ਭਾਈ,
ਉਸ ਬੇਟੇ ਤੁਮ ਦੇਹੁ ਮਰਾਈ॥24॥
ਪਰ ਸ਼ੇਰ ਮੁਹੰਮਦ ਖਾਂ ਨੇ ਕਿਹਾ ਦੁਸ਼ਮਣ (ਗੁਰੂ) ਤੋਂ ਬਦਲਾ ਮੈਦਾਨੇ-ਜੰਗ ਵਿੱਚ ਹੀ ਲਿਆ ਜਾਵੇਗਾ। ਇਨ੍ਹਾਂ ਬੱਚਿਆਂ ਰਾਹੀਂ ਬਦਲਾ ਲੈਣਾ ਖੁਦਾ ਦਾ ਕਹਿਰ ਹੈ। ਅਲਹ ਯਾਰ ਖਾਂ ਦੀ ਜ਼ੁਬਾਨੀ:
ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।
ਮਹਫ਼ੂਜ਼ ਰੱਖੇ ਹਮ ਕੋ ਖ਼ੁਦਾ ਐਸੇ ਪਾਪ ਸੇ।104।
(ਸ਼ਹੀਦਾਨਿ-ਵਫ਼ਾ)
ਕਾਜੀਆਂ ਵੱਲੋਂ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ। ਗੁਰੂ ਜੀ ਦੇ ਲਾਲਾਂ ਦੇ ਚਿਹਰਿਆਂ ਉੱਤੇ ਸਜ਼ਾ ਦਾ ਭੋਰਾ ਵੀ ਗ਼ਮ ਨਹੀਂ ਸੀ। ਨਵਾਬ ਦੇ ਹੁਕਮ ਅਨੁਸਾਰ ਗੁਰੂ ਜੀ ਦੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਜੀ ਦੇ ਲਾਲ ਅੰਤਲੇ ਸਵਾਸ ਤਕ ਵਾਹਿਗੁਰੂ ਦਾ ਜਾਪ ਕਰਦੇ ਰਹੇ। ਪੋਤਰਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਮਾਤਾ ਗੁਜਰੀ ਜੀ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਸਵਾਸ ਤਿਆਗ ਦਿੱਤੇ। ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕਰਨ ਲਈ ਦੀਵਾਨ ਟੋਡਰ ਮੱਲ ਨੇ ਮੋਹਰਾਂ ਵਿਛਾ ਕੇ ਜਗ੍ਹਾ ਲਈ ਅਤੇ ਪੂਰਨ ਮਰਯਾਦਾ ਤੇ ਸਤਿਕਾਰ ਨਾਲ ਅੰਤਿਮ ਸੰਸਕਾਰ ਕੀਤਾ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਅੱਜ ਵੀ ਲੱਖਾਂ ਦਿਲਾਂ ਅੰਦਰ ਧਰਮ ਤੋਂ ਕੁਰਬਾਨ ਹੋਣ ਦਾ ਜਜ਼ਬਾ ਭਰਦੀ ਹੋਈ ਸਾਡੀ ਅਗਵਾਈ ਕਰ ਰਹੀ ਹੈ ਅਤੇ ਸਦਾ ਕਰਦੀ ਰਹੇਗੀ।