ਬਲਕਾਰ ਸਿੰਘ ਪ੍ਰੋਫੈਸਰ
ਫੋਨ: +91-9316301328
ਗੁਰੂ ਦੇ ਨਾਮ ’ਤੇ ਜਿਊਣ ਵਾਲਾ ਪੰਜਾਬ ਜੇ ਇਸ ਵੇਲੇ ਲੱਭਦਾ ਨਹੀਂ ਜਾਂ ਨਜ਼ਰ ਨਹੀਂ ਆਉਂਦਾ ਤਾਂ ਪੰਜਾਬੀਆਂ ਮੁਤਾਬਿਕ, ਇਸ ਵੇਲੇ ਦਾ ਪੰਜਾਬ ਵੀ ਕਿਧਰੇ ਨਜ਼ਰ ਨਹੀਂ ਆ ਰਿਹਾ। ਇਸ ਨੂੰ ਪੰਜਾਬ ਦੀ ਚੇਤਨਾ ਲਹਿਰ ਤੋਂ ਸਿਆਸੀ ਜੁਗਾੜਬੰਦੀ ਤੱਕ ਪਹੁੰਚ ਗਏ ਪੰਜਾਬ ਵਾਂਗ ਦੇਖੀਏ ਤਾਂ ਭਾਈਚਾਰਕ ਸਾਂਝ ਤੋਂ ਵੋਟ ਬੈਂਕ ਦੀ ਸਿਆਸਤ ਤੱਕ ਪਹੁੰਚੇ ਪੰਜਾਬ ਵਾਂਗ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ।
ਇਸ ਦੇ ਨਾਲ-ਨਾਲ ਪੰਜਾਬ ਦੀ ਵਿਰਾਸਤ ਪ੍ਰਤੀ ਪੰਜਾਬੀ ਵਾਰਸਾਂ ਦੀ ਅਣਗਹਿਲੀ ਦਾ ਹਾਲ ਇਹ ਹੋ ਗਿਆ ਹੈ ਕਿ ਬੇਗਾਨਿਆਂ ਦੀ ਪੰਜਾਬ ਸੰਭਾਲ ਵੱਲ ਵੀ ਪੰਜਾਬੀਆਂ ਦਾ ਧਿਆਨ ਪੁਸਤਕ ਸਭਿਆਚਾਰ ਦੀ ਘਾਟ ਕਰ ਕੇ ਨਹੀਂ ਗਿਆ। ਪੰਜਾਬੀ ਨਾਬਰੀ, ਆਪਣੇ ਆਪ ਪ੍ਰਤੀ ਇਸ ਹੱਦ ਤੱਕ ਨਾਬਰ ਰਹੀ ਹੈ ਕਿ ਪੰਜਾਬੀਆਂ ਦੀ ਬਾਗ਼ੀ ਸੁਰ, ਜਿੰਨਾ ਮਰਨ ਵਾਸਤੇ ਤਤਪਰ ਰਹੀ ਹੈ, ਓਨਾ ਜਿਊਣ ਵਾਸਤੇ ਉਤਸੁਕ ਰਹੀ ਨਹੀਂ ਜਾਪਦੀ। ਪੰਜਾਬੀ, ਸੁਭਾਅ ਵਜੋਂ ਤਬਦੀਲੀ ਦਾ ਮੁੱਦਈ ਰਿਹਾ ਹੈ, ਪਰ ਵਿਹਾਰ ਵਿੱਚ ਤਬਦੀਲੀ ਵਾਸਤੇ ਬੇਗਾਨਿਆਂ ਦੇ ਏਜੰਡੇ ਮੁਤਾਬਿਕ ਹੀ ਵਰਤਿਆ ਜਾਂਦਾ ਰਿਹਾ ਹੈ। ਇਸੇ ਕਰ ਕੇ ਪੰਜਾਬੀਆਂ ਨੂੰ ਵਿਰੋਧੀਆਂ ਨਾਲ ਲੜਨਾ ਤਾਂ ਜਿਸ ਤਰ੍ਹਾਂ ਖੂਬ ਆਉਂਦਾ ਹੈ, ਉਸ ਤਰ੍ਹਾਂ ਆਪਣੇ ਆਪ ਨਾਲ ਲੜਨਾ ਨਹੀਂ ਆਉਂਦਾ। ਪੰਜਾਬ ਦੀ ਬਜ਼ੁਰਗਾਨਾ ਸਿਆਣਪ ਇਹ ਰਹੀ ਕਿ ਜੇ ਸੁਨਣਾ ਨਹੀਂ, ਸਮਝਣਾ ਨਹੀਂ ਤਾਂ ਜਾਹ ਫਿਰ ਗਾਉਂਦਾ ਫਿਰ! ਇਸ ਵਰਤਾਰੇ ਨੇ ਇੱਥੇ ਲੈ ਆਂਦਾ ਹੈ ਕਿ ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ!
ਪੰਜਾਬ ਨੂੰ ਦਰਪੇਸ਼ ਮਸਲਿਆਂ ਦੀ ਨਿਸ਼ਾਨਦੇਹੀ ਨਾ ਕਰ ਸਕਣ ਵਾਲੇ ਵੀ ਕਿੰਨੇ ਫਿਕਰਮੰਦ ਹਨ, ਇਸ ਦਾ ਅੰਦਾਜ਼ਾ ਹਰ ਤਰ੍ਹਾਂ ਦੇ ਮੀਡੀਆ ਪ੍ਰਗਟਾਵਿਆਂ ਤੋਂ ਲਾਇਆ ਜਾ ਸਕਦਾ ਹੈ। ਮੀਡੀਆ ਪ੍ਰਗਟਾਵਿਆਂ ਨਾਲ ਓਨਾ ਸੁਧਰਿਆ ਨਹੀਂ ਜਾਪਦਾ, ਜਿੰਨਾ ਵਿਗੜਿਆ ਨਜ਼ਰ ਆ ਰਿਹਾ ਹੈ। ਸਿਆਸਤ ਨੇ ਮੀਡੀਆ ਨੂੰ ਬਾਜ਼ਾਰ ਵਿੱਚੋਂ ਕੱਢ ਕੇ ਬਾਜ਼ਾਰਵਾਦ ਵਿੱਚ ਸਿਆਸੀ ਚਤੁਰਾਈ ਦੁਆਰਾ ਇਸ ਤਰ੍ਹਾਂ ਟਿਕਾ ਦਿੱਤਾ ਹੈ ਕਿ ਚੇਤਨਾ ਪਰਤਾਂ ਵੀ ਬਾਜ਼ਾਰੀਕਰਨ ਦੀ ਪੈਰਵਾਈ ਕਰਦੀਆਂ ਨਜ਼ਰ ਆਉਣ ਲੱਗ ਪਈਆਂ ਹਨ। ਭਰਮਾਊ ਤਿਫਲ-ਤਸੱਲੀਆਂ ਦੀ ਸਿਆਸਤ ਨੂੰ ਇਸ ਦਾ ਹਾਸਲ ਮੰਨ ਲਿਆ ਗਿਆ ਹੈ। ਸੁਤੰਤਰ ਭਾਰਤ ਦੀ ਵਰਤਮਾਨ ਸਿਆਸਤ ਬਰਾਸਤਾ ਜਗੀਰਦਾਰੀ ਸਿਆਸਤ, ਸਰਮਾਏਦਾਰੀ ਸਿਆਸਤ ਅਤੇ ਕਾਰਪੋਰੇਟੀ ਸਿਆਸਤ ਤੱਕ ਪਹੁੰਚ ਗਈ ਹੈ। ਇਸ ਨੂੰ ਖੱਬੇ ਅਤੇ ਸੱਜੇ ਉਲਾਰ ਦੀ ਸਿਆਸਤ ਨਾਲ ਨਿਭਦਿਆਂ ਰਾਸ਼ਟਰਵਾਦੀ ਸਿਆਸਤ ਤੱਕ ਪਹੁੰਚਣਾ ਪੈ ਗਿਆ ਹੈ। ਇਸ ਨੂੰ ਸੱਜੇ ਉਲਾਰ ਦੀ ਸਿਆਸੀ ਅਜਾਰੇਦਾਰੀ ਵੀ ਕਿਹਾ ਜਾ ਸਕਦਾ ਹੈ। ਇਸ ਦੀ ਮੋਢੀ ਆਰ.ਐੱਸ.ਐੱਸ. ਦੇਸ਼ ਦੀ ਵੰਡ ਵੇਲੇ ਵੀ ਸਰਗਰਮ ਸੀ, ਪਰ ਸੁਤੰਤਰ ਭਾਰਤ ਦੀ ਸਿਆਸਤ ਵਿੱਚ ਆਰ.ਐੱਸ.ਐੱਸ. ਦੇ ਪੈਰ ਉਸ ਤਰ੍ਹਾਂ ਨਹੀਂ ਲੱਗੇ ਸਨ, ਜਿਵੇਂ 2014 ਤੋਂ ਲਗਾਤਾਰ ਭਾਜਪਾ ਦੀ ਅਗਵਾਈ ਵਿੱਚ ਲੱਗੇ ਹੋਏ ਹਨ। ਕਾਂਗਰਸ ਦੇ ਕੇਂਦਰੀਕਰਨ ਦੀ ਸਿਆਸਤ ਸੂਬਾਈ ਸਿਆਸਤ ਦਾ ਉਸ ਤਰ੍ਹਾਂ ਨੁਕਸਾਨ ਨਹੀਂ ਕਰ ਸਕੀ ਸੀ, ਜਿਸ ਤਰ੍ਹਾਂ ਦਾ ਸੂਬਾਈ ਸਿਆਸਤ ਦਾ ਨੁਕਸਾਨ ਭਾਜਪਾ ਦੀ ਅਗਵਾਈ ਵਿੱਚ ਸਾਹਮਣੇ ਆ ਰਿਹਾ ਹੈ। ਭਾਜਪਾ ਦਾ ਆਰ.ਐੱਸ.ਐੱਸ. ਨਾਲ ਉਹੋ ਜਿਹਾ ਰਿਸ਼ਤਾ ਹੈ, ਜਿਹੋ ਜਿਹਾ ਕਿਸੇ ਵੇਲੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਿਹਾ ਸੀ, ਪਰ ਆਰ.ਐੱਸ.ਐੱਸ. ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਧਾਂਤਕ ਧਰਾਤਲ ਬਿਲਕੁਲ ਵੱਖਰੀ-ਵੱਖਰੀ ਹੈ। ਸਿਆਸੀ ਸੁਰ ਵਿੱਚ ਜਿਵੇਂ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਪਹਰਨ ਕਰ ਲਿਆ ਸੀ, ਬਿਲਕੁਲ ਉਸੇ ਤਰ੍ਹਾਂ ਆਰ.ਐੱਸ.ਐੱਸ. ਦੇ ਅਪਹਰਨ ਦਾ ਸੰਘਰਸ਼ ਵੀ ਚੱਲ ਰਿਹਾ ਹੈ। ਇਸੇ ਦੀ ਰੌਸ਼ਨੀ ਵਿੱਚ ਪੰਜਾਬ ਦੀ ਸਿਆਸੀ ਸਮਝ ਅਤੇ ਸਿਧਾਂਤਕ ਵਰਤਾਰੇ ਨੂੰ ਦੇਖਿਆ ਵੀ ਜਾਣਾ ਚਾਹੀਦਾ ਹੈ ਅਤੇ ਸਮਝਿਆ ਵੀ ਜਾਣਾ ਚਾਹੀਦਾ ਹੈ।
ਆਰ.ਐੱਸ.ਐੱਸ. ਜਿਸ ਸਿਧਾਂਤਕ ਧਰਾਤਲ ’ਤੇ ਭਾਜਪਾਈ ਸਿਆਸਤ ਨੂੰ ਉਸਾਰਦੀ ਰਹੀ ਹੈ, ਉਸ ਬਾਰੇ ਇਹ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੈ ਕਿ ਇਸ ਪਰੰਪਰਾ ਦੀ ਸਿਧਾਂਤਕੀ ਨੂੰ ਭਾਰਤੀ ਪ੍ਰਸੰਗ ਵਿੱਚ ਪਹਿਲਾਂ ਸੰਤ ਪਰੰਪਰਾ ਅਤੇ ਫਿਰ ਭਗਤ ਪਰੰਪਰਾ ਨੇ ਨਕਾਰਿਆ ਸੀ। ਇਨ੍ਹਾਂ ਦੋਹਾਂ ਦੀ ਨਾਬਰੀ ਸੁਰ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਗੁਰੂ ਦੀ ਸਿਧਾਂਤਕੀ ਵਜੋਂ ਸੰਭਾਲਿਆ ਹੋਇਆ ਹੈ। ਆਰ.ਐੱਸ.ਐੱਸ. ਦੇ ਹਿੰਦੂ ਰਾਸ਼ਟਰਵਾਦ ਦੀ ਸਿਆਸਤ ਨੂੰ ਦੇਸ਼ ਦੀ ਵੰਡ ਵਾਸਤੇ ਵਰਤੀ ਦੋ ਕੌਮਾਂ ਦੀ ਸਿਆਸੀ ਸਿਧਾਂਤਕੀ ਨੂੰ ਸ਼ਹਿ ਬੇਸ਼ੱਕ ਮਿਲੀ ਸੀ, ਪਰ ਕਾਂਗਰਸ ਨੇ ਆਰ.ਐੱਸ.ਐੱਸ. ਦੇ ਏਜੰਡੇ ਨੂੰ ਜਿਥੇ ਸੀ, ਉਥੇ ਹੀ ਰੋਕਣ ਦੀ ਸਿਆਸਤ ਲਗਾਤਾਰ ਕੀਤੀ। ਉਂਝ, ਕਾਂਗਰਸ ਵੀ ਆਰ.ਐੱਸ.ਐੱਸ. ਦੇ ਪੈਰੋਕਾਰਾਂ ਨੂੰ ਸਿਆਸੀ ਵੋਟ ਬੈਂਕ ਵਾਂਗ ਵਰਤਦੀ ਰਹੀ ਸੀ। ਇਸ ਦਾ ਵਿਰੋਧ ਕਾਂਗਰਸ ਦੇ ਅੰਦਰੋਂ ਗੈਰ-ਹਿੰਦੂ ਸਿਆਸਤਦਾਨ ਕਰਦੇ ਰਹੇ। ਉਸ ਵਿਰੋਧ ਵੱਲ ਧਿਆਨ ਨਾ ਦਿੱਤੇ ਜਾਣ ਦਾ ਸਿਆਸੀ ਨੁਕਸਾਨ ਕਾਂਗਰਸ ਨੂੰ 2014 ਵਿੱਚ ਹੋਇਆ ਅਤੇ ਉਹੀ ਲਗਾਤਾਰ ਝੱਲਣਾ ਪੈ ਰਿਹਾ ਹੈ। ਇਸ ਨਾਲ ਸਿੱਝਣ ਦੀ ਸਿਆਸਤ ਕਾਂਗਰਸ ਨੂੰ ਉਸੇ ਸੂਬਾਈ ਸਿਆਸਤ ਦੇ ਸਹਿਯੋਗ ਨਾਲ ਕਰਨੀ ਪੈ ਰਹੀ ਹੈ, ਜਿਸ ਨੂੰ ਕਾਂਗਰਸ ਲਗਾਤਾਰ ਨੁਕਸਾਨ ਪਹੁੰਚਾਉਂਦੀ ਰਹੀ ਸੀ। ਕਾਂਗਰਸ ਨੂੰ ਆਰ.ਐੱਸ.ਐੱਸ. ਵਿੱਚ ਭਾਜਪਾ ਦੀ ਜਾਨ ਤਾਂ ਸਮਝ ਆ ਗਈ ਹੈ, ਪਰ ਇਸ ਨਾਲ ਸਿੱਝਣ ਵਾਸਤੇ ਸੂਬਾਈ ਸਿਆਸਤ ਦੀ ਅਹਿਮੀਅਤ ਅਜੇ ਵੀ ਸਮਝ ਨਹੀਂ ਆ ਰਹੀ। ਇਸੇ ਕਰ ਕੇ ਜਿਸ ਤਰ੍ਹਾਂ ਭਾਜਪਾ ਨੂੰ ਪੰਜਾਬ ਦੀ ਨਾਬਰੀ ਦੀ ਸਿਆਸਤ ਸਮਝ ਆ ਰਹੀ ਹੈ, ਉਸ ਤਰ੍ਹਾਂ ਕਾਂਗਰਸ ਦਾ ਇਸ ਪਾਸੇ ਧਿਆਨ ਨਹੀਂ ਹੈ। ਇਸੇ ਨੂੰ ਸਿਆਸਤ ਦੀ ਘੁੰਮਣਘੇਰੀ ਵਿੱਚ ਫਸੇ ਪੰਜਾਬ ਵਾਂਗ ਸਮਝਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ।
ਪੰਜਾਬ ਜਿਸ ਮਾਤਰਾ ਵਿੱਚ ਗੁਰੂ ਕਾ ਪੰਜਾਬ ਹੋਣ ਤੋਂ ਥਿੜਕਦਾ ਗਿਆ ਹੈ, ਉਸੇ ਮਾਤਰਾ ਵਿੱਚ ਕਮਜ਼ੋਰ ਹੁੰਦਾ ਗਿਆ ਹੈ। ਦੇਸ਼ ਦੀ ਵੰਡ ਵੇਲੇ ਤੋਂ ਪੰਜਾਬ ਦੀ ਸਿਆਸਤ ਕਾਂਗਰਸ ਦੇ ਸਹਿਯੋਗ ਨਾਲ ਚੱਲਦੀ ਰਹੀ ਹੈ। ਨਾਮਵਰ ਪੰਜਾਬੀਆਂ ਦੀ ਕਾਂਗਰਸੀ ਸਿਆਸਤ ਵਿੱਚ ਜਿਸ ਤਰ੍ਹਾਂ ਦੀ ਭੂਮਿਕਾ ਰਹੀ ਹੈ, ਉਹ ਪ੍ਰਕਾਸ਼ ਸਿੰਘ ਬਾਦਲ ਦੀ ਭਾਜਪਾ ਨਾਲ ਨਹੁੰ ਮਾਸ ਦੀ ਸਿਆਸੀ ਭਾਈਵਾਲੀ ਵੇਲੇ ਨਹੀਂ ਰਹੀ ਸੀ। ਸੂਬਾਈ ਸਿਆਸਤ ਨੂੰ ਕੇਂਦਰ ਵਿਚਲੀਆਂ ਦੋਹਾਂ ਪਾਰਟੀਆਂ- ਕਾਂਗਰਸ ਅਤੇ ਭਾਜਪਾ ਵਿੱਚੋਂ ਇੱਕ ਨਾਲ ਰਹਿਣ ਦੀ ਸਿਆਸਤ ਤਾਂ ਸਮਝ ਆਉਂਦੀ ਹੈ, ਪਰ ਸੂਬਾਈ ਪਾਰਟੀਆਂ ਨੂੰ ਜਿਸ ਮਾਤਰਾ ਵਿੱਚ ਭਾਜਪਾ ਨਿਗਲ ਜਾਣ ਦੀ ਕੋਸ਼ਿਸ਼ ਕਰ ਰਹੀ ਹੈ, ਉਸ ਮਾਤਰਾ ਵਿੱਚ ਕਾਂਗਰਸ ਨਹੀਂ ਕਰ ਸਕੀ ਸੀ। ਇਸ ਨੂੰ ਇਉਂ ਵੀ ਸਮਝਿਆ ਜਾ ਸਕਦਾ ਹੈ ਕਿ ਕਾਂਗਰਸ ਸੂਬਾਈ ਸਿਆਸਤ ਨੂੰ ਮਿੱਧ ਕੇ ਨਾਲ ਲੈਣ ਦੀ ਕੋਸ਼ਿਸ਼ ਕਰਦੀ ਸੀ ਅਤੇ ਭਾਜਪਾ ਮਾਰ ਕੇ ਆਪਣੇ ਅੰਦਰ ਜਜ਼ਬ ਕਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ। ਇਹ ਕਾਂਗਰਸ ਸਮੇਤ ਸਭ ਨੇ ਮੰਨ ਲਿਆ ਹੈ ਕਿ 1984 ਵਾਲਾ ਅਪਰੇਸ਼ਨ ਨੀਲਾ ਤਾਰਾ ਅਤੇ ਸਿੱਖਾਂ ਦਾ ਨਸਲਘਾਤ ਸਿਆਸੀ ਬਦਲਾਖੋਰੀ ਵਾਸਤੇ ਚੁੱਕਿਆ ਗਿਆ ਗ਼ਲਤ ਅਤੇ ਨਿੰਦਣਯੋਗ ਵਰਤਾਰਾ ਸੀ, ਪਰ ਇਸ ਪਾਸੇ ਅਜੇ ਧਿਆਨ ਨਹੀਂ ਜਾ ਰਿਹਾ ਕਿ ਇਸ ਨਿੰਦਣਯੋਗ ਅਤੇ ਗ਼ਲਤ ਵਰਾਤਾਰੇ ਨੂੰ ਆਰ.ਐੱਸ.ਐੱਸ. ਅਤੇ ਭਾਜਪਾ ਦੀ ਸ਼ਹਿ ਵੀ ਸੀ। ਇਸ ਕਾਂਗਰਸੀ ਵਧੀਕੀ ਦੀ ਸਿਆਸਤ ਦੀ ਲਗਾਤਾਰਤਾ ਵਿੱਚ ਪਹਿਲਾਂ ਗੋਧਰਾ ਵਾਪਰਿਆ, ਫਿਰ ਗੁਜਰਾਤ ਵਾਪਰਿਆ, ਫਿਰ ਯੂ.ਪੀ. ਵਾਪਰਿਆ, ਦਿੱਲੀ ਵਾਪਰਿਆ ਅਤੇ ਮਨੀਪੁਰ ਵਾਪਰ ਰਿਹਾ ਹੈ। ਇਸ ਵਿਰੁੱਧ ਜਿਸ ਤਰ੍ਹਾਂ ਪੰਜਾਬ ਲੜ ਰਿਹਾ ਹੈ, ਉਸ ਤਰ੍ਹਾਂ ਹੋਰ ਕੋਈ ਸੂਬਾ ਲੜਦਾ ਕਿਉਂ ਨਜ਼ਰ ਨਹੀਂ ਆਉਂਦਾ ਅਤੇ ਇਸ ਬਾਰੇ ਲੋੜੀਂਦੀ ਚੇਤਨਾ ਲਾਮਬੰਦੀ ਕਿਉਂ ਨਹੀਂ ਹੋ ਰਹੀ? ਸਰਬ ਭਾਰਤੀ ਕਿਸਾਨ ਸੰਘਰਸ਼ ਜਿਸ ਤਰ੍ਹਾਂ ਪੰਜਾਬੀਆਂ ਵੱਲੋਂ ਲੜਿਆ ਜਾ ਰਿਹਾ ਹੈ, ਉਸ ਤਰ੍ਹਾਂ ਹੋਰ ਕਿਸੇ ਸੂਬੇ ਵੱਲੋਂ ਕਿਉਂ ਨਹੀਂ ਲੜਿਆ ਜਾ ਰਿਹਾ?
ਇਸੇ ਤੋਂ ਪੰਜਾਬ ਦੀ ਸਮਝ ਅਤੇ ਵਰਤਾਰੇ ਦੀ ਸਿਆਸਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਕੌਣ ਕਿਸ ਨੂੰ ਦੱਸੇ ਕਿ ਕੋਈ ਵੀ ਸਮਕਾਲ ਜਦੋਂ ਸਿਆਸਤ ਦੇ ਪੈਰੋਂ ਬਦਲਿਆ-ਬਦਲਿਆ ਲੱਗਣ ਲੱਗ ਪਵੇ ਅਤੇ ਸਹਿਮਤੀ ਤੇ ਅਸਹਿਮਤੀ ਇੱਕ ਦੂਜੇ ਨਾਲ ਗੁੱਥਮਗੁੱਥਾ ਹੋ ਕੇ ਬੇਭਰੋਸਗੀ ਵਰਗੇ ਸਿੱਟੇ ਕੱਢਣ ਲੱਗ ਪੈਣ ਤਾਂ ਤਿਲਕਵੇਂ ਸਿਆਸੀ ਰਾਹਾਂ ’ਤੇ ਤੁਰਨ ਦੀਆਂ ਮਜਬੂਰੀਆਂ ਪੈਦਾ ਹੋ ਜਾਂਦੀਆਂ ਹਨ। ਇਹੋ ਜਿਹੀ ਹਾਲਤ ਵਿੱਚ ਭਾਸ਼ਾ ਵੀ ਉਹੀ ਰਹਿੰਦੀ ਹੈ, ਬੰਦੇ ਵੀ ਉਹੀ ਰਹਿੰਦੇ ਹਨ ਅਤੇ ਰਿਸ਼ਤੇ ਵੀ ਉਹੀ ਹੁੰਦੇ ਹਨ; ਫਿਰ ਵੀ ਸਭ ਕੁਝ ਬਦਲਿਆ-ਬਦਲਿਆ ਲੱਗਣ ਲੱਗ ਪੈਂਦਾ ਹੈ। ਇਸ ਦੀ ਜਿæੰਮੇਵਾਰੀ ਹਰ ਕੋਈ ਦੂਜੇ ’ਤੇ ਸੁੱਟਣ ਦੀ ਸਿਆਸਤ ਕਰਦਾ ਨਜ਼ਰ ਆਉਣ ਲੱਗ ਪੈਂਦਾ ਹੈ। ਨਤੀਜੇ ਵਜੋਂ ਪਕਰੋੜ ਸਿਆਸੀ ਧਿਰਾਂ ਦੇ ਘਮਸਾਣ ਵਿੱਚ ਜਵਾਨੀ ਦੀ ਕੋਮਲਤਾ ਦਾ ਉਹੀ ਹਾਲ ਹੋਣ ਲੱਗ ਪੈਂਦਾ ਹੈ, ਜਿਹੋ ਜਿਹਾ ਸਾਨ੍ਹਾਂ ਦੇ ਭੈੜ ਵਿੱਚ ਮੱਕੀ ਦੇ ਖੇਤ ਦਾ ਹੋ ਸਕਦਾ ਹੈ। ਇਸ ਹਾਲਤ ਦੇ ਜਿæੰਮੇਵਾਰ ਹੀ ਜੇ ਇਹ ਕਹਿਣ ਲੱਗ ਪੈਣ ਕਿ ਪੰਜਾਬ ਦੀ ਜਵਾਨੀ ਕਿਧਰ ਨੂੰ ਜਾ ਰਹੀ ਹੈ ਤਾਂ ‘ਬੋਲਣ ਦੀ ਨਹੀਂ ਜਾਹ ਵੇ ਅੜਿਆ’ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ।
ਇਸ ਬਾਰੇ ਗੱਲ ਇੱਥੋਂ ਸ਼ੁਰੂ ਕੀਤੀ ਜਾ ਸਕਦੀ ਹੈ ਕਿ ਜਿਵੇਂ ਕਿਸੇ ਵੇਲੇ ਪੱਛਮ ਨੇ ਪੂਰਬ ਦਾ ਅਪਹਰਨ ਕਰ ਲਿਆ ਸੀ, ਉਵੇਂ ਹੀ ਪੰਜਾਬ ਦੇ ਸ਼ਹਿਰਾਂ ਨੇ ਪਿੰਡਾਂ ਦਾ ਅਪਹਰਨ ਕਰ ਲਿਆ ਹੈ। ਪਹਿਲਾਂ ਪਿੰਡ ਸ਼ਹਿਰਾਂ ਵੱਲ ਤੁਰਿਆ ਸੀ ਅਤੇ ਹੁਣ ਸ਼ਹਿਰ ਪਿੰਡਾਂ ਦੇ ਸਿਆਸੀ ਅਪਹਰਨ ਵੱਲ ਤੁਰ ਪਿਆ ਹੈ। ਸਾਰੀਆਂ ਹੀ ਹਾਲਤਾਂ ਵਿੱਚ ਸੰਤੁਸ਼ਟੀਆਂ ਮਗਰ ਭੱਜਦੀ ਅਸੰਤੁਸ਼ਟ ਪੰਜਾਬੀ ਮਾਨਸਿਕਤਾ ਤ੍ਰਿਸ਼ੰਕੂ ਸਰੋਕਾਰਾਂ ਦਾ ਸ਼ਿਕਾਰ ਹੋਣ ਲੱਗ ਪਈ ਹੈ। ਪੱਕਿਆਂ ਤੇ ਕੱਚਿਆਂ ਦਾ ਇਹ ਭੇੜ ਸਿਆਸੀ ਮੰਡੀ ਵਿੱਚ ਵਿਕਣ ਲੱਗ ਪਿਆ ਹੈ। ਸਿਧਾਂਤਕੀਆਂ, ਵਿਸ਼ਵਾਸ ਤੇ ਵਰਤਾਰਾ, ਸਿਆਸਤ ਦਾ ਸੰਦ ਹੋ ਰਿਹਾ ਹੈ। ਇਸ ਨਾਲ ਪੈਦਾ ਹੋ ਰਹੀ ਸ਼ੋਰੀਲੇਪਨ ਦੀ ਧੁੰਦ ਵਿੱਚ ਕੁਝ ਵੀ ਸਾਫ ਨਹੀਂ ਦਿਸਦਾ। ਸਵਾਲਾਂ ਦੇ ਜੰਗਲ ਉਗ ਆਏ ਹਨ ਅਤੇ ਸਵਾਲਾਂ ਨੂੰ ਜਵਾਬ ਸਮਝਣ ਦਾ ਸਿਆਸੀ ਅਗਿਆਨ ਚੁਫੇਰੇ ਪਸਰ ਰਿਹਾ ਹੈ। ‘ਪੰਜਾਬ ਦਾ ਕੀ ਬਣੇਗਾ’ ਹੀ ਸਵਾਲ ਹੈ ਅਤੇ ਇਸ ਦਾ ਜਵਾਬ ਵੀ ਸਵਾਲ ਹੋ ਰਿਹਾ ਹੈ।
ਜਿਹੋ ਜਿਹੀ ਸਿਆਸਤ ਵਾਸਤੇ ਸਪੇਸ ਭਾਜਪਾ ਵੱਲੋਂ ਪੈਦਾ ਕੀਤੀ ਜਾ ਰਹੀ ਹੈ, ਉਹ ਪੰਜਾਬ ਨਾਲ ਵੀ ਜੁੜੀ ਹੋਈ ਲੱਗਣ ਲੱਗ ਪਈ ਹੈ। ਕੈਨੇਡਾ ਵਿੱਚ ਮੰਦਰ ਦੇ ਬਾਹਰ ਹੋਇਆ ਝਗੜਾ, ਹਰਿਆਣੇ ਨੂੰ ਚੰਡੀਗੜ੍ਹ ਵਿੱਚ ਜ਼ਮੀਨ ਦੇਣ ਦਾ ਮਾਮਲਾ ਅਤੇ ਸਿਆਸੀ ਵਿਰੋਧੀਆਂ ਤੇ ‘ਜਹਾਦੀ’ ਸਿਆਸਤ, ਰੀਐਕਟਿਵ ਏਜੰਡੇ ਵਾਂਗ ਪੰਜਾਬ ਦੇ ਗਲ ਪੈਂਦੀ ਲੱਗਣ ਲੱਗ ਪਈ ਹੈ। ਇਸ ਹਾਲਤ ਵਿੱਚ ਪੰਜਾਬ ਨੂੰ ਆਪਣੀ ਵਿਰਾਸਤ ਵੱਲ ਮੁੜੇ ਬਗੈਰ ਪੰਜਾਬ ਰੱਖਣਾ ਮੁਸ਼ਕਿਲ ਹੋ ਰਿਹਾ ਹੈ।