(‘ਸਿੱਖ ਧਰਮ ਦੀਆਂ ਮਹਾਨ ਇਸਤਰੀਆਂ’ ਵਿੱਚੋਂ ਧੰਨਵਾਦ ਸਹਿਤ)
ਕੇਵਲ ਮਾਤਾ ਗੁਜਰੀ ਜੀ ਹੀ ਇੱਕ ਐਸੀ ਸ਼ਖਸੀਅਤ ਹੋਏ ਹਨ, ਜੋ ਆਪ ਸ਼ਹੀਦ, ਜਿਸ ਦਾ ਪਤੀ (ਗੁਰੂ ਤੇਗ ਬਹਾਦਰ ਜੀ ਸ਼ਹੀਦ), ਜਿਸ ਦਾ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ, ਜਿਸ ਦੇ ਪੋਤਰੇ (ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ) ਸ਼ਹੀਦ, ਜਿਸ ਦਾ ਭਰਾ (ਮਾਮਾ ਕ੍ਰਿਪਾਲ ਚੰਦ ਜੀ) ਸ਼ਹੀਦ, ਜਿਸ ਦੇ ਪੰਜੇ ਨੰਨੇਤਰੇ (ਬੀਬੀ ਵੀਰੋ ਜੀ ਦੇ ਪੰਜੇ ਪੁੱਤਰ- ਸੰਘੋ ਸ਼ਾਹ ਜੀ, ਗੁਲਾਬ ਚੰਦ ਜੀ, ਜਤੀ ਮਲ ਜੀ, ਗੰਗਾ ਰਾਮ ਜੀ ਅਤੇ ਬਾਹਰੀ ਚੰਦ ਜੀ) ਸ਼ਹੀਦ।
ਸੰਘੋ ਸ਼ਾਹ ਜੀ ਦੀ ਭੰਗਾਣੀ ਦੇ ਯੁਧ ਵਿੱਚ ਸੂਰਮਗਤੀ ਦੇਖ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਸ਼ਾਹ ਸੰਗਰਾਮ ਹੋਣ ਦਾ ਖਿਤਾਬ ਵੀ ਦਿੱਤਾ ਸੀ ਅਤੇ ਬਾਬਾ ਜਤੀ ਮੂਲ ਦੀ ਸ਼ਹਾਦਤ ਵੇਲੇ ‘ਹਠੀ ਜਵਾਨ’ ਲਿਖ ਸਤਿਕਾਰਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਸਤਰ-ਵਿਦਿਆ ਦੇਣ ਲਈ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਸੰਘੋ ਸ਼ਾਹ ਨੂੰ ਹੀ ਨਿਯਤ ਕੀਤਾ ਸੀ।
ਇਸ ਮਹਾਨ ਮਾਤਾ ਗੁਜਰੀ ਜੀ ਦਾ ਜਨਮ ਕਰਤਾਰਪੁਰ (ਜਲੰਧਰ) ਵਿਖੇ ਭਾਈ ਲਾਲ ਚੰਦ ਜੀ ਦੇ ਘਰ ਮਾਤਾ ਬਿਸ਼ਨ ਕੌਰ ਜੀ ਦੀ ਕੁੱਖੋਂ ਸੰਨ 1627 ਨੂੰ ਹੋਇਆ ਸੀ। ਛੋਟੀ ਉਮਰ ਵਿੱਚ ਹੀ ਆਪ ਜੀ ਦਾ ਅਨੰਦ ਕਾਰਜ (ਗੁਰੂ) ਤੇਗ ਬਹਾਦਰ ਜੀ ਨਾਲ ਹੋ ਗਿਆ। ਨਾਨਕੇ ਆਪ ਜੀ ਦੇ ਲਖਨੌਰ ਸਾਹਿਬ ਸਨ। ਯਾਦ ਰਹੇ, ਲਖਨੌਰ ਸਾਹਿਬ ਕੇਵਲ ਮਾਤਾ ਗੁਜਰੀ ਦਾ ਖੂਹ ਹੀ ਹੈ, ਜਿਸ ਦਾ ਜਲ ਮਿੱਠਾ ਤੇ ਸਵੱਛ ਹੈ। ਇਰਦ-ਗਿਰਦ ਦੇ ਸਾਰੇ ਹੀ ਖੂਹ ਖਾਰੇ ਹਨ।
ਗੁਰੂ ਤੇਗ ਬਹਾਦਰ ਜੀ ਕਿਉਂਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਬੱਚੇ ਸਨ। ਇਸ ਲਈ ਵਿਆਹ ਦਾ ਸਭਨਾਂ ਨੂੰ ਬਹੁਤ ਚਾਅ ਸੀ। ਕਰਤਾਰਪੁਰ ਬਰਾਤ ਢੁਕੀ ਤੇ ਛਬਿ ਨਿਰਾਲੀ ਸੀ। ਵਿਆਹ ਤੋਂ ਪਿਛੋਂ ਜਦ ਮਾਤਾ ਗੁਜਰੀ ਜੀ ਨੂੰ ਡੋਲੇ ਪਾਣ ਲੱਗੇ ਤਾਂ ਮਾਤਾ ਬਿਸ਼ਨ ਕੌਰ ਜੀ ਨੇ ਕੋਲ ਬਿਠਾ ਕੇ ਕਿਹਾ, ‘ਬੇਟਾ! ਨਾਮ ਨੂੰ ਲਾਜ ਨਾ ਲੱਗਣ ਦੇਵੀਂ। ਗੁਜਰੀ ਦੇ ਅਰਥ ਹੀ ਸੁਖ ਦੇਣਾ ਹੈ।’ ਅਤੇ ਫਿਰ ਕਿਹਾ ਕਿ ਪਤੀ ਨੂੰ ਪ੍ਰਮੇਸ਼ਰ ਜਾਣ ਸੇਵਾ ਕਰੀਂ। ਇਸ ਦੇ ਟਾਕਰੇ ਦੀ ਹੋਰ ਕੋਈ ਸੇਵਾ ਨਹੀਂ। ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੇ ਸ਼ਬਦਾਂ ਵਿੱਚ:
ਪਤਿ ਸਮ ਈਸ ਪਛਾਨ ਕੈ,
ਹੇ ਪੁਤਰੀ ਕਰ ਸੇਵ।
ਪਤਿ ਪ੍ਰਮੇਸ਼ਰ ਜਾਨੀਏ,
ਔਰ ਤੁਛ ਲਖ ਏਵ।
ਉਧਰ ਭਾਈ ਲਾਲ ਚੰਦ ਜੀ ਹੱਥ ਜੋੜ ਸਾਹਿਬ ਗੁਰੂ ਹਰਿਗੋਬਿੰਦ ਜੀ ਨੂੰ ਇਹ ਕਹਿ ਰਹੇ ਸਨ ਕਿ ਉਨ੍ਹਾਂ ਕੋਲੋਂ ਸੇਵਾ, ਸੰਭਾਲ ਨਹੀਂ ਹੋ ਸਕੀ, ਸੋ ਖਿਮਾਂ ਦੇਣਾ। ਜਦ ਲਾਲ ਚੰਦ ਜੀ ਨੇ ਇਹ ਕਿਹਾ:
“ਨਹਿ ਸਰਯੋ ਕਛੂ ਢਿਗ ਮੋਰ।’
(ਸਾਡੇ ਕੋਲੋਂ ਆਪ ਜੀ ਦੇ ਸਨਮਾਨ ਵਜੋਂ ਕੁੱਝ ਨਹੀਂ ਹੋ ਸਕਿਆ) ਤਾਂ ਉਸ ਸਮੇਂ ਸਾਹਿਬ ਗੁਰੂ ਹਰਿਗੋਬਿੰਦ ਜੀ ਨੇ ਜੋ ਫਰਮਾਇਆ, ਜੋ ਲੜਕੇ ਵਾਲੇ ਧਿਆਨ ਵਿੱਚ ਰੱਖਣ ਤਾਂ ਦਾਜ ਪ੍ਰਥਾ ਦੀ ਬੀਮਾਰੀ ਕਈ ਘਰ ਨਾ ਉਜਾੜੇ। ਸਿੱਖ ਲੈਣ ਤੇ ਸੁਖੀ ਰਹਿਣ ਦਾ ਜੋ ਨੁਸਖਾ ਮਹਾਰਾਜ ਜੀ ਨੇ ਦਸਿਆ, ਉਸ ਨੂੰ ਅਪਣਾਏ ਬਗੈਰ ਗ੍ਰਹਿਸਤ ਵਿੱਚ ਅਨੰਦ ਨਹੀਂ ਹੋ ਸਕਦਾ। ਮਹਾਰਾਜ ਨੇ ਫਰਮਾਇਆ:
ਲਾਲ ਚੰਦ ਤੁਮ ਦੀਨੋ ਸਕਲ ਬਿਸਾਲਾ॥
ਜਿਨ ਤਨੁਜਾ ਅਰਪਨ ਕੀਨੇ॥
ਕਯਾ ਪਾਛੇ ਤਿਨ ਰਖ ਲੀਨੇ॥ (ਰਾਸ 12, 611)
ਫਿਰ ਕਿਹਾ ਕਿ ਇਹ ਹੀ ਅਰਦਾਸ ਕਰਨੀ ਕਿ (ਗੁਰੂ) ਹਰਿਗੋਬਿੰਦ ਦੇ ਘਰੋਂ ਨਿੱਘ ਆਵੇ, ਸੇਕ ਨਾਂਹ।
ਇਹ ਮਾਤਾ ਗੁਜਰੀ ਤੇ ਗੁਰੂ ਤੇਗ ਬਹਾਦਰ ਦੀ ਐਸੀ ਜੋੜੀ ਬਣੀ ਹੈ ਕਿ ਸਭ ਦੇਖ ਕਹਿੰਦੇ ਸਨ, ਇਹ ਜੋੜੀ ਵਿਧਾਤਾ ਨੇ ਆਪ ਸੁੰਦਰਤਾ ਵਿੱਚ ਡੁਬੋ ਕੇ ਸਾਜੀ ਹੈ:
“ਕਹਿ ਤੇਗ ਬਹਾਦਰ ਜੋਰੀ।
ਬਿਧ ਰਚੀ ਰੁਚਿਰ ਰੁਚਿ ਬੋਰੀ।’
ਗੁਜਰੀ ਜੀ ਸ਼ਰਮ, ਲਜਾ ਤੇ ਨਿਮਰਤਾ ਦੀ ਮੂਰਤ ਸਨ। ਉਨ੍ਹਾਂ ਕਦੇ ਨੈਣ ਵੀ ਉਚੇ ਨਹੀਂ ਕੀਤੇ ਸਨ। ਸੱਸ, ਮਾਤਾ ਜੀ ਨੂੰ ਕਦੇ ਮੌਕਾ ਹੀ ਨਹੀਂ ਸੀ ਦਿੱਤਾ ਕਿ ਉਨ੍ਹਾਂ ਨੂੰ ਕੁਝ ਕਹਿਣਾ ਪਵੇ। ਹਰ ਸਮੇਂ ਸੇਵਾ ਵਿੱਚ ਜੁਟੇ ਰਹਿੰਦੇ। ਜਦ ਵਿਆਹ ਤੋਂ ਕੁਝ ਚਿਰ ਬਾਅਦ ਹੀ ਕਰਤਾਰਪੁਰ ਵਿਖੇ ਗੁਰੂ ਹਰਿਗੋਬਿੰਦ ਜੀ ਨੂੰ ਪੈਂਦੇ ਖਾਨ ਦੀ ਚੁਕ ਤੇ ਮੁਗਲ ਸੈਨਾ ਨਾਲ ਜੰਗ ਲੜਨੀ ਪਈ ਤਾਂ ਮਾਤਾ ਗੁਜਰੀ ਜੀ ਨੇ ਜੋ ਸਾਹਸ ਦੱਸਿਆ, ਉਸ ਦਾ ਵਰਣਨ ਮੁਹਸਨ ਫਾਨੀ ਨੇ ਕੀਤਾ ਹੈ। ਇਹ ਪਹਿਲੀ ਜੰਗ ਸੀ, ਜੋ ਗੁਰੂ-ਮਹਲ ਗੁਰੂ-ਪੁਤਰੀ ਅਤੇ ਮਾਤਾ ਗੁਜਰੀ ਨੇ ਅੱਖੀਂ ਡਿੱਠੀ। ਮਕਾਨਾਂ ਦੀਆਂ ਛੱਤਾਂ ਤੇ ਚੜ੍ਹ ਅੱਖੀਂ ਮਾਤਾ ਗੁਜਰੀ ਜੀ ਆਪਣੇ ਸਿਰ ਦੇ ਸਾਈਂ ਗੁਰੂ ਤੇਗ ਬਹਾਦਰ ਜੀ ਨੂੰ ਜੁਝਦੇ ਦੇਖ, ਹਲਾਸ਼ੇਰੀ ਵੀ ਦੇ ਰਹੇ ਸਨ। ਇਸੇ ਜੰਗ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਕਮਾਲ ਹੁਸ਼ਿਆਰੀ ਤੇ ਚਾਤਰੀ ਨਾਲ ਤਲਵਾਰ ਚਲਾਂਦੇ ਦੇਖ ਛੇਵੇਂ ਪਾਤਸ਼ਾਹ ਨੇ ਕਿਹਾ ਸੀ:
“ਤੂੰ ਤਿਆਗ ਮਲ ਤਾਂ ਨਹੀਂ, ਤੇਗ ਬਹਾਦਰ ਹੈ।”
ਗੁਰੂ ਹਰਿਗੋਬਿੰਦ ਜੀ ਨੇ ਗੁਰੂ ਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਿ ਰਾਇ ਜੀ ਨੂੰ ਸੌਂਪ ਦਿੱਤੀ ਸੀ, (ਗੁਰੂ) ਤੇਗ ਬਹਾਦਰ ਜੀ ਨੇ ਆਪੂੰ ਮੱਥਾ ਟੇਕ ਆਗਿਆ ਪਾਲੀ ਸੀ। ਛੇਵੇਂ ਪਾਤਸ਼ਾਹ ਦੇ ਹੁਕਮ ਕਰਨ `ਤੇ ਹੀ ਆਪ ਜੀ, ਮਾਤਾ ਨਾਨਕੀ ਤੇ ਮਾਤਾ ਗੁਜਰੀ ਜੀ ਨਾਲ ਬਾਬਾ ਬਕਾਲੇ ਆ ਗਏ ਸਨ।
ਬਾਬਾ ਬਕਾਲਾ ਵਿਖੇ ਤਕਰੀਬਨ 21 ਸਾਲ ਜੋ ਤਪ, ਤਿਆਗ, ਸੇਵਾ ਸਿਮਰਨ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਨੇ ਕੀਤਾ, ਉਸ ਦੀ ਉਦਾਹਰਣ ਮਿਲਣੀ ਕਠਿਨ ਹੈ। ਬਾਬਾ ਬਕਾਲਾ ਵਿਖੇ ਕਈ ਘੰਟੇ ਗੁਰਬਾਣੀ ਦਾ ਪਾਠ ਕਰਨ ਦਾ ਜ਼ਿਕਰ ਸਿੱਖ ਇਤਿਹਾਸ ਨੇ ਕੀਤਾ ਹੈ, ਇਹ ਹੀ ਤਪਾਂ ਸਿਰ ਤਪ ਸੀ। ਇਹ ਹੀ ਜੋਗ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤ੍ਰ ਨਾਟਕ ਵਿੱਚ ਇਸ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ ਕਿ ਮੇਰੇ ਮਾਤਾ (ਗੁਜਰੀ ਜੀ) ਤੇ ਤਾਤ (ਗੁਰੂ ਤੇਗ ਬਹਾਦਰ ਜੀ) ਦੋਵਾਂ ਨੇ ਐਸੀ ਤਪੱਸਿਆ ਕੀਤੀ ਕਿ ਉਸ `ਤੇ ਵਾਹਿਗੁਰੂ ਪ੍ਰਸੰਨ ਹੋਏ। ਬਚਿੱਤਰ ਨਾਟਕ ਸ਼ਬਦਾਂ ਵਿਚ:
ਤਾਤ ਮਾਤ ਮੁਰ ਅਲਖ ਅਰਾਧਾ॥
ਬਹੁ ਬਿਧਿ ਜੋਗ ਸਾਧਨਾ ਸਾਧਾ॥੩॥
ਤਿਨ ਜੋ ਕਰੀ ਅਲਖ ਕੀ ਸੇਵਾ॥
ਤਾਤੇ ਭਏ ਪ੍ਰਸੰਨਿ ਗੁਰਦੇਵਾ॥
ਤਿਨ ਪ੍ਰਭ ਜਬ ਆਇਸ ਮੁਹਿ ਦੀਯਾ॥
ਤਬ ਹਮ ਜਨਮ ਕਲੂ ਮਹਿ ਲੀਆ॥੪॥
(ਬਚਿਤ੍ਰ ਨਾਟਕ, ਪੰਨਾ 55)
ਉਧਰ ਗੁਰੂ ਗੋਬਿੰਦ ਸਿੰਘ ਜੀ ਹੇਮਕੁੰਟ `ਤੇ ਤਪਸਿਆ ਵਿੱਚ ਲੀਨ ਹੋ ਵਾਹਿਗੁਰੂ ਨਾਲ ਇੱਕ ਮਿੱਕ ਹੋਏ ਸਨ। ਉਨ੍ਹਾਂ ਦੀ ਘਾਲਣਾ ਤੇ ਖੁਸ਼ ਹੋ ਕੇ ਵਾਹਿਗੁਰੂ ਨੇ ਹੁਕਮ ਦਿੱਤਾ ਕਿ ਮਾਤ-ਲੋਕ ਵਿੱਚ ਜਾ ਕੇ ਨਿਰਭੈ ਪਦ ਪਾਵਨ ਦੀ ਜਾਚ ਜਗਤ ਨੂੰ ਦਸੋ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਇਸ ਅਦੁਤੀ ਤਪਸਿਆ ਕਰਦੀ ਜੋੜੀ ਦੇ ਘਰ ਹੋਇਆ।
ਮਾਂ ਗੁਜਰੀ ਅਤੇ ਬਾਪ ਗੁਰੂ ਤੇਗ ਬਹਾਦਰ ਜੀ ਨੇ ਐਸੀ ਪਾਲਣ ਪੋਸ਼ਣਾ ਕੀਤੀ ਕਿ ਅਖਾਣ ਹੀ ਬਣ ਗਿਆ। ਪਹਿਲਾ ਪਟਨਾ ਸਾਹਿਬ, “ਅਨਿਕ ਭਾਂਤ ਤਨ ਰਛਾ, ਫਿਰ ਅਨੰਦਪੁਰ ਸਾਹਿਬ ‘ਭਾਂਤ-ਭਾਂਤ ਦੀ ਸਿਛਾ’ ਦਿਤੀ।”
ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦ ਹੋ ਜਾਣ `ਤੇ ਜੋ ਹੌਸਲਾ ਮਾਤਾ ਗੁਜਰੀ ਜੀ ਨੇ ਦਰਸਾਇਆ, ਉਹ ਵੀ ਦੇਖਣ ਵਾਲਾ ਹੈ। ਜਦ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਕਟਿਆ ਹੋਇਆ ਪਾਵਨ ਸੀਸ ਭਾਈ ਜੈਤਾ, ਭਾਈ ਨਾਨੂ ਜੀ ਤੇ ਭਾਈ ਅੱਡਾ ਜੀ ਦੀ ਸਹਾਇਤਾ ਨਾਲ ਬਿਬਾਨਗੜ੍ਹ (ਕੀਰਤਪੁਰ ਸਾਹਿਬ) ਲੈ ਕੇ ਆਏ ਤੇ ਅਨੰਦਪੁਰ ਦੀ ਖਬਰ ਭੇਜੀ ਤਾਂ ਮਾਤਾ ਗੁਜ਼ਰੀ ਜੀ ਨੇ ਗੁਰੂ ਪਤੀ ਦੇ ਸ਼ਹੀਦ ਸੀਸ ਅੱਗੇ ਸਿਰ ਝੁਕਾ ਕੇ ਕਿਹਾ ਕਿ ਤੁਹਾਡੀ ਨਿਭ ਆਈ। ਇਹ ਹੀ ਬਖਸ਼ਿਸ਼ ਕਰਨੀ ਕਿ ਮੇਰੀ ਵੀ ਨਿਭ ਜਾਏ। ਸੱਚਮੁਚ ਮਾਤਾ ਗੁਜਰੀ ਜੀ ਵੀ ਐਸੇ ਨਿਭਾ ਕੇ ਗਏ ਕਿ ਦੁਨੀਆਂ ਦੀਆਂ ਮਾਵਾਂ ਲਈ ਪੂਰਨੇ ਹਨ। ਜਦ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਹੌਸਲਾ ਧਾਰ, ਦ੍ਰਿੜ੍ਹ ਹੋ ਜ਼ੁਲਮ ਵਿਰੁਧ ਖੜੇ ਹੋਣ ਲਈ ਵੰਗਾਰ ਪਾਈ ਤਾਂ ਮਾਤਾ ਜੀ ਨੇ ਨਾ ਸਿਰਫ਼ ਚਾਅ ਪ੍ਰਗਟ ਕੀਤਾ, ਸਗੋਂ ਹੋਰ ਅਸੀਸਾਂ ਦਿੱਤੀਆਂ। ਕਵੀ ਸੰਤੋਖ ਸਿੰਘ ਦੇ ਸ਼ਬਦਾਂ ਵਿੱਚ: ਹੋਵਹੁ ਸੁਜਸ ਪ੍ਰਤਾਪ ਉਚੇਰਾ।
1675 ਤੋਂ 1684 ਤਕ ਆਪ ਅਨੰਦਪੁਰ ਰਹਿ ਕੇ ਜਿਵੇਂ ਮਸੰਦਾਂ ਦੀਆਂ ਚਾਲਾਂ ਉਘੇੜਦੇ ਰਹੇ ਤੇ ਕੌਮ ਵਿੱਚ ਉਤਸ਼ਾਹ ਕਾਇਮ ਰੱਖਣ ਦੇ ਜਤਨ ਕਰਦੇ ਰਹੇ, ਉਹ ਵੀ ਇੱਕ ਪੂਰਾ ਇਤਿਹਾਸ ਹੈ। ਆਪ ਜੀ ਦੇ ਲਿਖੇ ਕਿਤਨੇ ਹੀ ਹੁਕਮਨਾਮੇ ਹੋਣਗੇ, ਪਰ ਜੋ ਸਾਨੂੰ ਮਿਲ ਸਕੇ ਹਨ, ਉਨ੍ਹਾਂ ਦੀ ਲਿਖਤ ਤੋਂ ਪ੍ਰਗਟ ਹੁੰਦਾ ਹੈ ਕਿ ਆਪ ਜੀ ਦ੍ਰਿੜ੍ਹ ਚਿਤ ਸੁਭਾਅ ਦੇ ਧਾਰਨੀ ਸਨ। ਹਥ ਲਿਖਤ ਦੀ ਰਵਾਨੀ ਦੱਸਦੀ ਹੈ ਕਿ ਸਰਲ ਚਿਤ ਵੀ ਸਨ। ਗੱਲ ਜਿਸ ਸਪਸ਼ਟਤਾ ਨਾਲ ਲਿਖਦੇ ਹਨ, ਉਸ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਆਪ ਜੀ ਵਲ-ਛਲ ਰਹਿਤ ਗਲ ਕਰਨ ਦੇ ਸੁਭਾਅ ਵਾਲੇ ਸਨ। ਮਸੰਦਾਂ ਨੂੰ ਜਿਵੇਂ ਤਾੜ ਕੇ ਰੱਖਦੇ ਸਨ, ਉਹ ਇੱਕ ਹੁਕਮਨਾਮਾ ਤੋਂ ਸਪਸ਼ਟ ਹੈ।
ਪਹਿਲੇ ਹੁਕਮਨਾਮੇ ਵਿੱਚ ਜੋ ਉਨ੍ਹਾਂ ਭਾਈ ਮੱਲਾ ਕੇ ਭਾਈ ਬਾਘਾ ਦੇ ਨਾਂ ਲਿਖਿਆ, ਉਸ ਤੋਂ ਜ਼ਾਹਿਰ ਹੈ ਕਿ ਕੁਝ ਧਾੜਵੀਆਂ ਨੇ ਖਚਰ, ਬੈਲ ਚੁਰਾ ਲਏ ਸਨ ਤੇ ਮਾਤਾ ਗੁਜਰੀ ਨੇ ਸੰਗਤਿ ਦੇ ਨਾਂ ਲਿਖਿਆ, ਕਿ “ਸਰਕਾਰ ਦੀ ਖਚਰ ਜਾਣੀ ਪਾਵੈ ਨਾਹੀ, ਮਜਰਾ ਹੋਸ।” ਇਹ ਹੁਕਮਨਾਮਾ ਦਰਸਾਂਦਾ ਹੈ ਕਿ ਮਾਤਾ ਜੀ ਵਿੱਚ ਡੱਟ ਖਲੋਣ ਦੀ ਤੇ ਅਗਵਾਈ ਕਰਨ ਦੀ ਕਿਤਨੀ ਜੁਰਅਤਿ ਸੀ। ਦੂਜੇ ਹੁਕਮਨਾਮੇ ਵਿੱਚ ਜੋ ਉਨ੍ਹਾਂ ਸੰਗਤਿ ਧੀਰ ਬਸੀਆਂ ਜੋਗ ਅਤੇ ਨਾਇਕ ਹਰਿਦਾਸ ਦੇ ਨਾਂ ਖਾਸ ਲਿਖਿਆ, ਉਸ ਵਿੱਚ ਸਪਸ਼ਟ ਲਿਖਿਆ ਕਿ ‘ਬਗੈਰ ਬੋਲਿਆਂ ਚਾਲਿਆਂ ਭੇਜਣਾ’ ਭਾਵ ਚੂੰ-ਚਰਾਂ ਕੀਤੇ ਬਗੈਰ ਸਿਧੀ ਤਰ੍ਹਾਂ ਭੇਜਣਾ। ਹੁਕਮਨਾਮੇ ਦੇ ਸ਼ਬਦੇ ਹਨ:
“ਨਾਇਕ ਹਰਿਦਾਸ ਸਰਬਤ ਸੰਗਤ ਗੁਰ ਤੁਸਾਡੀ ਰਖੇਗਾ
ਮੇਵੜੇ ਭੇਜੇ ਹਨ। ਕਾਰ ਭੇਟ ਸੁਖ ਮੰਨਿਤ ਬਗੈਰ ਬਲਿਆ
ਚਲਿਆ ਸਭਣਾ ਜੀਆ ਕਾ ਦੇਣਾ ਕੋਲ ਨਾਹਿ ਰੱਖਣੀ।
ਸਰਬ ਸੰਗਤਿ ਕੇ ਮਨੋਰਥ ਪੂਰੇ ਕਰੇਗਾ।”
ਫਿਰ ਹੇਠਾਂ ਲਿਖਾਰੀ ਨੇ ਵਿਆਖਿਆ ਕਰ ਕੇ ਲਿਖਿਆ ਹੈ ਕਿ ਇੱਕ ਹਰਿ ਦਾਸ ਨਾਇਕ ਦੀ ਭੇਟ ਆਇਆਂ ਚਿਰ ਹੋ ਗਿਆ ਹੈ। ਸਭ ਭੇਟਾ ਉਹ ਪਾਸ ਹੀ ਰੱਖ ਲੈਂਦਾ ਸੀ ਅਤੇ ਕਈ ਬਹਾਨੇ ਬਣਾ ਕੇ ਭੇਜਦਾ ਸੀ। ਇੱਥੋਂ ਇਸ ਗਲ ਦਾ ਵੀ ਪਤਾ ਲੱਗਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਮਸੰਦ ਆਪਹੁਦਰੀਆਂ ਕਰਨ ਲੱਗ ਪਏ ਸਨ ਅਤੇ ਮਾਤਾ ਜੀ ਡਾਂਟ ਕੇ ਰਖਦੇ ਸਨ ਤੇ ਜਦ ਪਾਣੀ ਸਿਰ ਤੋਂ ਉਤਾਂਹ ਹੋ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਪ੍ਰਥਾ ਹੀ ਖਤਮ ਕਰਨ ਦਾ ਹੁਕਮ ਦਿੱਤਾ।
ਦਾਦੀ ਪੋਤਰਿਆਂ ਦਾ ਪਿਆਰ ਪ੍ਰਸਿੱਧ ਹੈ, ਪਰ ਪਿਆਰ ਵਿੱਚ ਉਹ ਸਿੱਖੀ ਅਸੂਲ ਦ੍ਰਿੜਾਉਣੇ ਨਹੀਂ ਸਨ ਭੁਲਦੇ। ਅੰਮ੍ਰਿਤ ਛਕਾਉਣ ਵੇਲੇ ਵਿਸਾਖੀ ਵਾਲੇ ਦਿਨ ਮਾਤਾ ਜੀ ਦੀ ਹੀ ਪ੍ਰੇਰਨਾ ਤੇ ਸਾਹਿਬਜ਼ਾਦਿਆਂ ਨੇ ਅੰਮ੍ਰਿਤ ਛਕਿਆ। ਇਹ ਯਾਦ ਰਹੇ ਕਿ ਬਾਬਾ ਜ਼ੋਰਾਵਰ ਸਿੰਘ ਜੀ ਦੀ ਉਮਰ ਉਸ ਵੇਲੇ ਮਸਾਂ 4 ਸਾਲ ਦੀ ਸੀ। ਸੈਨਾਪਤਿ ਦਾ ਕਹਿਣਾ ਹੈ:
ਦੇਹ ਖਾਂਡੇ ਕੀ ਪਾਹੁਲ ਤੇਜ ਬਢਾਇਆ ।
ਜ਼ੋਰਾਵਰ ਕਰ ਸਿੰਘ ਹੁਕਮ ਵਰਤਾਇਆ ।
ਅਨੰਦਪੁਰ ਦੀ ਪਹਿਲੀ ਜੰਗ (1700) ਵਿੱਚ ਬਾਬਾ ਅਜੀਤ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਮਾਨ ਸੰਭਾਲਣ ਦਾ ਹੁਕਮ ਦਿੱਤਾ। ਸੈਨਾਪਤ ਦੇ ਹੀ ਸ਼ਬਦਾਂ ਵਿੱਚ:
ਤਬ ਹੀ ਬਚਨ ਪਾਇ। ਚੜ੍ਹਾਯੋ ਨਗਾਰਾ ਵਾਇ।
ਸਵਾਰ ਪਾਯੋ ਜੀਤ ਸਿੰਘ, ਜੁਧ ਕੇ ਕਰਨੇ ਕੋ।
ਗੁਰੂ ਪਦ ਪ੍ਰੇਮ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਮਾਤਾ ਸੁੰਦਰੀ ਜੀ ਨੇ ਕਿਹਾ ਕਿ ਸਾਹਿਬਜ਼ਾਦਾ ਅਜੇ ਛੋਟਾ ਹੈ ਅਤੇ ਮਾਤਾ ਗੁਜਰੀ ਜੀ ਨੇ ਕਿਹਾ, “ਛੋਟੇ ਵੱਡੇ ਦੀ ਕੋਈ ਗੱਲ ਨਾ ਕਰੋ। ਸ਼ੇਰਾਂ ਦੇ ਬੱਚੇ ਸ਼ੇਰ ਹੀ ਹੁੰਦੇ ਹਨ। ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਜੰਗ ਜਿੱਤ ਕੇ ਆਏ ਤਾਂ ਮਾਤਾ ਜੀ ਨੇ ਜੱਫੀ ਵਿੱਚ ਲੈ ਕੇ ਅਸੀਸ ਤੇ ਸ਼ਾਬਾਸ਼ ਦਿੱਤੀ।
ਅਨੰਦਪੁਰ ਛੱਡਣ ਵੇਲੇ ਜਦ ਸਰਸਾ ਤੋਂ ਮਾਤਾ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ ਅਤੇ ਰਾਤੀਂ ਹੀਰਿਆਂ ਦੀ ਭਰੀ ਖੁਰਜੀ ਚੁਰਾ ਲਈ ਤਾਂ ਮਾਤਾ ਜੀ ਨੇ ਉਸ ਨੂੰ ਕਿਹਾ:
ਚੁਰਾਉਣ ਦੀ ਕੀ ਲੋੜ ਸੀ, ਤੂੰ ਮੰਗ ਲੈਂਦਾ ਤਾਂ ਮੈਂ ਕੀ ਨਾਂਹ ਕਰਨੀ ਸੀ। ਉਸ ਚੋਰ ਨਾਲੇ ਚਤੁਰ ਨੇ ਮੁਰਿੰਡੇ ਥਾਣੇ ਸ਼ਿਕਾਇਤ ਕੀਤੀ। ਮਾਤਾ ਜੀ, ਬਾਬਾ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਜੀ ਨੂੰ ਪਕੜ, ਗੱਡੇ ਤੇ ਬਿਠਾ ਸਰਹਿੰਦ ਪਹੁੰਚਾਇਆ ਗਿਆ। ਉਥੋਂ ਜਿਵੇਂ ਸਾਹਿਬਜ਼ਾਦਿਆਂ ਨੇ ਭਰੀ ਕਚਹਿਰੀ ਵਿੱਚ ਨਵਾਬ ਤੇ ਸੁੱਚਾ ਨੰਦ ਨੂੰ ਜਵਾਬ ਦਿੱਤੇ, ਉਸ ਨੇ ਸਭ ਨੂੰ ਹੈਰਾਨ ਕੀਤਾ, ਪਰ ਸਿੱਖ ਇਤਿਹਾਸ ਪੜ੍ਹਨ ਵਾਲੇ ਨੂੰ ਹੈਰਾਨ ਹੋਣ ਦੀ ਕੋਈ ਲੋੜ ਨਹੀਂ, ਕਿਉਂਕਿ ਮਾਤਾ ਗੁਜਰੀ ਦੀ ਰੋਜ਼ ਦੀ ਗੁੜਤੀ ਸੀ ਜੋ ਉਨ੍ਹਾਂ ਨੂੰ ਅਡੋਲ ਰੱਖ ਰਹੀ ਸੀ। ਸਾਡੇ ਇਤਿਹਾਸ ਵਿੱਚ ਲਿਖਿਆ ਹੈ:
ਜਦ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਲੈ ਜਾਣ ਲਈ ਪਿਆਦੇ ਆਏ ਤਾਂ ਮਾਤਾ ਗੁਜਰੀ ਨੇ ਕਮਾਲ ਧੀਰਜ ਨਾਲ ਉਨ੍ਹਾਂ ਦੇ ਮੁਖ ਧੋ ਕੇ ਦਸਤਾਰਾਂ ਸਜਾਈਆਂ ਅਤੇ ਕਿਹਾ, “ਬੇਟਾ! ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਹੋ। ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਹੋ, ਕਿਸੇ ਅੱਗੇ ਸਿਰ ਨਹੀਂ ਝੁਕਾਉਣਾ। ਕਚਹਿਰੀ ਵਿੱਚ ਜਾ ਕੇ ਗੱਜ ਕੇ ਫਤਹਿ ਬੁਲਾਉਣੀ ਅਤੇ ਅਡੋਲ ਖੜੇ ਰਹਿਣਾ। ਕੋਈ ਐਸੀ ਗੱਲ ਨਾ ਕਹਿਣੀ ਜਿਸ ਨਾਲ ਗੁਰੂ ਸਾਹਿਬਾਂ ਨੂੰ ਵੱਟਾ ਲੱਗੇ। ਉਸ ਸਮੇਂ ਸਾਹਿਬਜ਼ਾਦਿਆਂ ਵੀ ਮੌੜਵਾਂ ਇਹ ਕਿਹਾ ਸੀ,
ਧਨ ਭਾਗ ਹਮਰੈ ਹੈਂ ਮਾਈ।
ਧਰਮ ਹੇਤਿ ਤਨ ਜੇਕਰ ਜਾਈ। (ਪੰਥ ਪ੍ਰਕਾਸ਼)
ਇਹ ਵੀ ਲਿਖਿਆ ਹੈ ਕਿ ਨਵਾਬ ਨੇ ਚਾਲ ਚਲੀ ਸੀ ਕਿ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਜਾਵੇ, ਛੋਟੀ ਖੜਕੀ ਹੀ ਖੁਲ੍ਹੀ ਰੱਖੀ ਜਾਵੇ। ਇਸ ਤਰ੍ਹਾਂ ਜਦ ਸਾਹਿਬਜ਼ਾਦੇ ਅੰਦਰ ਆਉਣਗੇ ਤਾਂ ਆਪਣੇ ਆਪ ਸਾਹਿਬਜ਼ਾਦਿਆਂ ਦਾ ਸਿਰ ਝੁਕ ਜਾਵੇਗਾ ਤੇ ਅਹਿਲਕਾਰ ਤਾੜੀ ਮਾਰ ਦੇਣਗੇ।
ਪਰ ਸਾਹਿਬਜ਼ਾਦੇ ਚਾਲ ਸਮਝ ਗਏ ਤੇ ਕਚਹਿਰੀ ਵਿੱਚ ਜਾਂਦਿਆਂ ਹੀ ਪਹਿਲਾਂ ਆਪਣੇ ਪੈਰ ਅੰਦਰ ਕੀਤੇ ਅਤੇ ਫਿਰ ਸਿਰ, ਤੇ ਜਾਂਦਿਆਂ ਹੀ ਗੱਜ ਕੇ ‘ਵਾਹਿਗੁਰੂ ਜੀ ਕੀ ਫਤਹਿ’ ਬੁਲਾਈ।
ਮਹਿਮਾ ਪ੍ਰਕਾਸ਼ ਦੀ ਸਾਖੀ 22 ਵਿੱਚ ਲਿਖਿਆ ਹੈ, ਝੂਠਾ ਨੰਦ ਨੇ ਕਿਹਾ ਜੋ ਸੂਬੇ ਕੋ ਸਲਾਮ ਕਰੋ।
ਤਦ ਸਾਹਿਬਜ਼ਾਦਿਆਂ ਬਚਨ ਕੀਆ, ਜੋ ਹਮ ਨੇ ਸੱਚੇ ਪਾਤਸ਼ਾਹ ਕੋ ਸਲਾਮ ਕੀਆ ਹੈ, ਅਉਰ ਕੋ ਨਹੀਂ ਕਰਤੇ।
ਨਹਿਰ ਜਬ ਮਸਤਕ ਸਨਮੁਖ ਟੇਕਹਿ।
ਸੀਸ ਉਲਟ ਮੁੜ ਪਾਛ ਪੇਖਹਿ।
ਬਹੁਰ ਕਹੀ ਚੁਸਤ ਯਹਿ ਬਾਨੀ।
ਦੇਖੋ ਬਾਲਕ ਯਹਿ ਅਭਿਮਾਨੀ।
ਜੋਗੀ ਅਲਾਹ ਯਾਰ ਖਾਨ ਨੇ ਵੀ ਖੂਬ ਲਿਖਿਆ ਹੈ:
ਥੀ ਪਿਆਰੀ ਸੂਰਤੋਂ ਸੇ ਸਜ਼ਾ ਅਤ ਬਰਸ ਰਹੀ।
ਨੰਨੀ ਸੀ ਮੂਰਤੋਂ ਸੇ ਬੀ ਜੁਰਅਤਿ ਬਰਸ ਰਹੀ।
ਰੁਖ ਪਰ ਨਵਾਬ ਕੇ ਬੀ ਸ਼ਕਾਵਤ ਬਰਸ ਰਹੀ।
ਰਾਜੋਂ ਕੇ ਮੂੱਹ ਪਿ ਸਾਫ ਥੀ, ਲਾਹਨਤ ਬਰਸ ਰਹੀ।
‘ਕਥਾ ਗੁਰੂ ਜੀ ਕੇ ਸੁਤਨ ਕੀ’ ਕਿਰਤ ਭਾਈ ਦਯਾ ਸਿੰਘ ਹੰਡੂਰੀਆ ਵਿੱਚ ਵੀ ਲਿਖਿਆ ਹੈ ਕਿ ਸੁੱਚਾ ਨੰਦ ਨੇ ਨਵਾਬ ਨੂੰ ਕਿਹਾ ਸੀ:
ਨੀਕੇ ਬਾਲਕ ਤੁਮ ਮਤ ਜਾਣਹੁ।
ਨਾਗਹੁ ਕੇ ਇਹ ਪੁਤ ਬਖਾਨਹੁ।
ਅਤੇ ਤਬ ਦੁਸ਼ਟ ਐਸੇ ਫੁਨ ਕਹੇ,
ਮਸਤਕ ਸਨਮੁਖ ਟੇਕਹੁ ਅਹੇ।
ਇਕ ਸਾਖੀ ਬੀਰ ਮ੍ਰਿਗੇਜ਼ ਵਿੱਚ ਵੀ ਲਿਖੀ ਹੈ ਕਿ ਇਸੇ ਸੁੱਚਾ ਨੰਦ, ਜੋ ਰਿਸ਼ਤੇ ਵਿੱਚ ਚੰਦੂ ਦੇ ਪੁਤਰ ਦਾ ਕੁੜਮ ਸੀ, ਨੇ ਨਵਾਬ ਨੂੰ ਕਿਹਾ ਕਿ ਇਹ ਬਾਲਕ ਨਹੀਂ! ਇਨ੍ਹਾਂ ਦੇ ਲੱਛਣ ਬਾਲਾਂ ਵਾਲੇ ਨਹੀਂ! ਇਹ ਹੁਣੇ ਦੇਖ ਲੈਂਦੇ ਹਾਂ ਕਿ ਇਹ ਬਾਲਕ ਹਨ ਜਾਂ ਸਿਆਣੇ? ਉਸ ਨੇ ਵਿਉਂਤ ਅਨੁਸਾਰ ਬਾਹਰ ਕਚਹਿਰੀ ਤਿੰਨ ਦੁਕਾਨਾਂ ਪਵਾ ਦਿੱਤੀਆਂ। ਇੱਕ ਵਿੱਚ ਖਿਡੌਣੇ, ਦੂਜੀ ਵਿੱਚ ਮਠਾਈ ਤੇ ਤੀਜੀ ਵਿੱਚ ਹਥਿਆਰ, ਸ਼ਸਤਰ। ਜਦ ਸਾਹਿਬਜ਼ਾਦਿਆਂ ਨੂੰ ਇਹ ਦੇਖਣ ਲਈ ਕਿ ਉਹ ਬਾਲ ਹਨ ਜਾਂ ਯੋਧੋ, ਛਡਿਆ ਗਿਆ ਤਾਂ ਉਹ ਜਾ ਕੇ ਸ਼ਸਤਰਾਂ ਨੂੰ ਪਏ। ਇੱਕ ਨੇ ਤੀਰ ਕਮਾਣ ਉਠਾ ਲਿਆ ਤੇ ਦੂਜੇ ਨੇ ਨੇਞਜ਼ਾ, ਅਤੇ ਦੌੜਦੇ ਕਚਹਿਰੀ ਵਿੱਚ ਆ ਗਏ।
ਇਹ ਅਭਿਮਾਨ ਗੌਰਵ ਹੀ ਹੈ, ਜੋ ਅੱਜ ਮਾਵਾਂ ਬਚਿਆਂ ਵਿੱਚ ਪਾ ਦੇਣ ਤਾਂ ਕੋਈ ਬੱਚਾ ਡਿਗ ਪਤਿਤ ਨਾ ਹੋਵੇ। ਫਿਰ ਜਦ ਕਲਮਾ ਪੜ੍ਹਨ ਲਈ ਬੱਚਿਆਂ ਨੂੰ ਕਿਹਾ ਗਿਆ ਤਾਂ ਉਹ ਬਾਲਕ ਨਾ ਮੰਨੇ ਤੇ ਨੀਂਹਾਂ ਵਿੱਚ ਚਿਣਾਏ ਗਏ ਅਤੇ ਸੀਸ ਦੇ ਦਿੱਤੇ। ਮਾਤਾ ਜੀ ਨੇ ਵੀ ਆਪਣੇ ਜੌਹਰ ਨਾਲ ਭਾਵ ਸਮਾਧੀ ਸਥਿਤ ਹੋ ਕੇ ਪ੍ਰਾਣ ਤਿਆਗ ਦਿੱਤੇ। ਦੁਨਾ ਸਿੰਘ ਦੇ ਹੀ ਸ਼ਬਦਾਂ ਵਿੱਚ:
ਸੋ ਨਾ ਮੰਨੇ ਤਿਨ ਸੀਸ ਦਯੋ,
ਜਿਮ ਤੇਗ ਬਹਾਦਰ ਬਾਤ ਚਲਾਨੀ।
ਮਾਤ ਚਲੀ ਕਰ ਜੌਹਰ ਆਪਹਿ,
ਹਾਇ ਸੁ ਹਾਇ ਕਹੈ ਜਗ ਬਾਨੀ॥੧੪॥
ਇਹ ਵੀ ਲਿਖਿਆ ਹੈ ਕਿ ਨੀਂਹਾਂ ਵਿੱਚ ਚਿਣੇ ਜਾਣ ਵੇਲੇ ਸਾਹਿਬਜ਼ਾਦੇ ਇੱਕ ਦੂਜੇ ਨੂੰ ਇਹ ਹੀ ਆਖ ਰਹੇ ਸਨ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਅਤੇ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਹਾਂ। ਜੋ ਅਸੀਂ ਰਤਾ ਕੁ ਵੀ ਕਮਜ਼ੋਰੀ ਦਿਖਾਈ ਤਾਂ ਦਸ ਗੁਰੂ ਸਾਹਿਬਾਨ ਨੂੰ ਲਾਜ ਆਵੇਗੀ:
ਫਤੇਹ ਸਿੰਘ ਤਬ ਕਹਯੋ ਬਖਾਨ,
ਦਸ ਪਾਤਸ਼ਾਹੀ ਹੋਵੈ ਹਾਨ।
ਪੰਥ ਪ੍ਰਕਾਸ਼ ਦੇ ਲਿਖੇ ਅਨੁਸਾਰ ਇਹ ਬਚਨ ਵੀ ਕਹੇ ਸਨ:
ਹਮਰੇ ਬੰਸ ਰੀਤ ਇਮ ਆਈ।
ਸੀਸ ਦੇਤ ਪਰ ਧਰਮ ਨ ਜਾਈ।
ਕੈਸਾ ਸੁੰਦਰ ਲਿਖਿਆ ਹੈ ਜੋਗੀ ਅਲ੍ਹਾ ਯਾਰ ਨੇ ਕਿ ਨੀਂਹਾਂ ਵਿੱਚ ਚਿਣਦੇ ਇਹ ਹੀ ਕਹਿੰਦੇ ਰਹੇ:
ਸਦ ਸਾਲ ਔਰ ਜੀ ਕੇ ਭੀ ਮਰਨਾ ਜ਼ਰੂਰ ਥਾ।
ਸਰ ਕੌਮ ਸੇ ਬਚਾਨਾ ਯਿ ਗੈਰਤ ਸੇ ਦੂਰ ਥਾ।
ਤਿੰਨਾਂ ਦਾ ਇਕੱਠਿਆਂ ਹੀ ਸਸਕਾਰ 28 ਦਸੰਬਰ 1704 ਨੂੰ ਜਯੋਤੀ (ਜੋਤੀ) ਸਰੂਪ ਵਾਲੀ ਥਾਂ ਕੀਤਾ ਗਿਆ। ਇਹ ਵੀ ਚੇਤਾ ਰਹੇ ਕਿ ਸੰਸਾਰ ਦੀ ਸਭ ਤੋਂ ਕੀਮਤੀ ਜ਼ਮੀਨ ਇਹ ਹੀ ਹੈ, ਜੋ ਟੋਡਰ ਮਲ ਜੀ ਨੇ ਲੱਖਾਂ ਦੀ ਮਾਲੀਅਤ ਦੀਆਂ ਮੁਹਰਾਂ ਵਿਛਾ ਕੇ ਲਈ ਅਤੇ ਸਭ ਤੋਂ ਕੀਮਤੀ ਵਿਚਾਰ ਵੀ ਉਹੀ ਦਿੱਤਾ ਜਾ ਰਿਹਾ ਹੈ ਕਿ ਦਾਦੀ ਦਾ ਇਹ ਫਰਜ਼ ਹੈ ਕਿ ਪੋਤਰਿਆਂ ਦੀ ਪਾਲਣਾ ਹੀ ਨਾ ਕਰੇ, ਲਾਡ ਹੀ ਨਾ ਲਡਾਂਦੀ ਫਿਰੇ ਸਗੋਂ ਧਰਮ ਦ੍ਰਿੜ ਕਰਾਏ ਜਿਵੇਂ ਮਾਤਾ ਗੁਜਰੀ ਨੇ ਕਰਾਇਆ।
ਸਸਕਾਰ ਤਾਂ ਤਿੰਨਾਂ- ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਦਾ ਇਕੱਠਾ ਹੀ ਚੰਦਨ ਦੀ ਚਿਖਾ ਬਣਾ ਕੇ ਕੀਤਾ ਗਿਆ, ਪਰ ਜਦ ਸਮਾਧਾਂ ਬਣਾਈਆਂ ਗਈਆਂ ਤਾਂ ਸਾਹਿਬਜ਼ਾਦਿਆਂ ਦੀਆਂ ਅੰਦਰ ਚਾਰ ਦੀਵਾਰੀ ਵਿੱਚ ਅਤੇ ਮਾਤਾ ਗੁਜਰੀ ਜੀ ਦੀ ਬਾਹਰ ਦਲੀਜ਼ `ਤੇ। ਇਹ ਇਸ ਲਈ ਕੀਤਾ ਗਿਆ ਤਾਂ ਕਿ ਪਰਗਟ ਰਹੇ ਕਿ ਦਾਦੀ ਦਾ ਕੀ ਫਰਜ਼ ਹੈ। ਦਾਦੀ ਅੱਜ ਵੀ ਦਲੀਜ਼ `ਤੇ ਬੈਠ ਕੇ ਬੱਚਿਆਂ ਦੀ ਰਾਖੀ ਕਰਦੀ ਪਈ ਹੈ। ਫਿਰ ਯਾਦ ਰੱਖਣ ਵਾਲੀ ਗੱਲ ਹੈ ਕਿ ਸਰਸਾ ਦੇ ਵਿਛੋੜੇ ਵੇਲੇ ਆਪ ਕਲਗੀਆਂ ਵਾਲੇ ਨੇ ਛੋਟੇ ਬੱਚੇ ਦਾਦੀ ਨਾਲ ਭੇਜੇ। ਮਾਤਾ ਗੁਜ਼ਰੀ ਜੀ ਪੂਰਨੇ ਪਾ ਗਏ।