*ਬਾਗੀ ਗੁੱਟਾਂ ਵੱਲੋਂ ਅੰਤ੍ਰਿਮ ਸਰਕਾਰ ਦਾ ਐਲਾਨ
*ਇਜ਼ਰਾਇਲ ਵੱਲੋਂ ਸੀਰੀਆ ਅੰਦਰ ਹਮਲੇ ਜਾਰੀ
ਜਸਵੀਰ ਸਿੰਘ ਮਾਂਗਟ
ਦੁਨੀਆਂ ਦੀਆਂ ਸਭ ਤੋਂ ਮੁਢਲੀਆਂ ਸੱਭਿਆਤਾਵਾਂ ਦਾ ਭੰਗੂੜਾ ਸਮਝਿਆ ਜਾਣ ਵਾਲਾ ਮੱਧ ਪੂਰਬ ਦਾ ਖੂਬਸੂਰਤ ਦੇਸ਼ ਸੀਰੀਆ ਅੱਜ-ਕੱਲ੍ਹ ਰਾਜਨੀਤਿਕ ਅਸਥਿਰਤਾ ਦਾ ਸ਼ਿਕਾਰ ਹੈ। ਰੂਸੀ ਹਮਾਇਤ ਪ੍ਰਾਪਤ ਤਾਨਾਸ਼ਾਹ ਡਾ. ਬਸ਼ਰ-ਅਲ-ਅਸਦ ਦੇ ਦੇਸ਼ ਛੱਡ ਕੇ ਭੱਜ ਜਾਣ ਤੋਂ ਬਾਅਦ ਇਹ ਮੁਲਕ ਲਗਪਗ ਪੂਰਨ ਤੌਰ ‘ਤੇ ਬਾਗੀ ਗੁੱਟਾਂ ਦੇ ਕਬਜ਼ੇ ਵਿੱਚ ਆ ਗਿਆ। ਹਇਆਤ ਤਹਿਰੀਰ-ਅਲ-ਸ਼ਾਮ (ਐਚ.ਟੀ.ਐਸ.) ਗਰੁੱਪ ਦੀ ਅਗਵਾਈ ਵਾਲੇ ਹਥਿਆਰਬੰਦ ਬਾਗੀ ਗੁੱਟਾਂ ਨੇ ਇਸ ਮੁਲਕ ਦੀ ਰਾਜਧਾਨੀ ਅਤੇ ਇਤਿਹਾਸਕ ਸ਼ਹਿਰ ਦਮਿਸ਼ਕਸ ਉੱਪਰ ਕਬਜ਼ਾ ਕਰ ਲਿਆ ਹੈ ਅਤੇ ਅੰਤ੍ਰਿਮ ਸਰਕਾਰ ਦਾ ਐਲਾਨ ਕਰ ਦਿੱਤਾ ਹੈ। ਇੱਕ ਘੱਟ ਜਾਣੇ-ਪਛਾਣੇ ਬਾਗੀ ਆਗੂ ਮੁਹੰਮਦ ਅਲ-ਬਸ਼ੀਰ ਨੂੰ ਇਸ ਅੰਤ੍ਰਿਮ ਸਰਕਾਰ ਦਾ ਪ੍ਰਧਾਨ ਮੰਤਰੀ ਐਲਾਨਿਆ ਗਿਆ ਹੈ।
ਬਾਗੀ ਗੁੱਟਾਂ ਦੀ ਜਨਰਲ ਕਮਾਂਡ ਅਨੁਸਾਰ ਪਹਿਲੀ ਮਾਰਚ ਤੱਕ ਅੰਤ੍ਰਿਮ ਸਰਕਾਰ ਕਾਇਮ ਰਹੇਗੀ। ਸੀਰੀਆ ਦੇ ਸਟੇਟ ਟੈਲੀਵਿਜ਼ਨ ‘ਤੇ ਬੋਲਦਿਆਂ ਨਵੇਂ ਪ੍ਰਧਾਨ ਮੰਤਰੀ ਮੁਹੰਮਦ ਅਲ-ਬਸ਼ੀਰ ਨੇ ਕਿਹਾ ਕਿ 9 ਦਸੰਬਰ ਨੂੰ ਬਾਗੀਆਂ ਦੇ ਸਾਂਝੇ ਗੱਠਜੋੜ ਦੇ ਲੜਾਕਿਆਂ ਨੇ ਸੀਰੀਆ ਦੀ ਰਾਜਧਾਨੀ ‘ਤੇ ਕਬਜ਼ਾ ਕਰ ਲਿਆ ਸੀ। ਸੀਰੀਆ `ਤੇ ਕਬਜ਼ਾ ਕਰਨ ਵਾਲੇ ਬਾਗੀ ਗੁੱਟਾਂ ਵਿੱਚ ਇਸਲਾਮਿਕ ਸਟੇਟ ਅਤੇ ਅਮਰੀਕੀ ਹਮਾਇਤ ਪ੍ਰਾਪਤ ਕੁਰਦ ਹਥਿਆਰਬੰਦ ਗੁੱਟ ਸ਼ਾਮਲ ਹਨ। ਸੀਰੀਆ ਵਿੱਚ ਸਥਾਪਤ ਕੀਤੀ ਗਈ ਅੰਤ੍ਰਿਮ ਸਰਕਾਰ ਸੱਤਾ ਤੋਂ ਬਾਹਰ ਕੀਤੀ ਗਈ ਸਰਕਾਰ ਦੇ ਮੁਲਾਜ਼ਮਾਂ ਅਤੇ ਅਫਸਰਸ਼ਾਹੀ ਤੋਂ ਜ਼ਰੂਰੀ ਸਰਕਾਰੀ ਫਾਈਲਾਂ ਅਤੇ ਸੰਸਥਾਵਾਂ ਦਾ ਚਾਰਜ ਲਵੇਗੀ। ਸੱਤਾ ‘ਤੇ ਬਾਗੀਆਂ ਦੇ ਕਬਜ਼ੇ ਤੋਂ ਬਾਅਦ ਸੀਰੀਅਨ ਲੋਕਾਂ ਨੇ ਸੜਕਾਂ ‘ਤੇ ਆਣ ਕੇ ਜਸ਼ਨ ਮਨਾਏ ਹਨ। ਇਸ ਪਿੱਛੋਂ ਇਸ ਮੁਲਕ ਦੇ ਸ਼ਹਿਰਾਂ ਵਿੱਚ ਆਮ ਜ਼ਿੰਦਗੀ ਮੁੜ ਲੀਹ ‘ਤੇ ਆਉਣੀ ਸ਼ੁਰੂ ਹੋ ਗਈ ਹੈ। ਬੈਂਕ ਅਦਾਰੇ ਅਤੇ ਆਵਾਜਾਈ ਆਮ ਵਾਂਗ ਚੱਲਣ ਲੱਗੀ ਹੈ।
ਯਾਦ ਰਹੇ, ਸੀਰੀਆ ਵਿੱਚ ਰਾਜ ਪਲਟੇ ਲਈ ਬਾਗੀ ਗੁੱਟਾਂ ਦੀ ਅਗਵਾਈ ਅਬੂ-ਮੁਹੰਮਦ ਅਲ-ਗੋਲਾਨੀ ਨੇ ਕੀਤੀ। ਛੇ ਫੁੱਟ ਤੋਂ ਵੱਧੇਰੇ ਕੱਦ ਵਾਲਾ ਇਹ ਛੀਂਟਕਾ ਜਰਨੈਲ ਕਈ ਸਾਲ ਤੱਕ ਅਮਰੀਕਾ ਵੱਲੋਂ ਪ੍ਰਤੀਬੰਧਤ ਇਸਲਾਮਿਕ ਹਥਿਆਰਬੰਦ ਗੁੱਟ, ‘ਇਸਲਾਮਿਕ ਸਟੇਟ’ ਨਾਲ ਜੁੜਿਆ ਰਿਹਾ ਹੈ। ਕੁਝ ਤਫਰਕੇ ਆ ਜਾਣ ਕਾਰਨ ਬਾਅਦ ਵਿੱਚ ਉਹ ਅਲਕਾਇਦਾ ਨਾਲ ਜੁੜ ਗਿਆ। ਇਹ ਚਰਮਪੰਥੀ ਗੁੱਟ ਵੀ ਉਸ ਨੂੰ ਸਾਂਭ ਕੇ ਨਾ ਰੱਖ ਸਕਿਆ। ਪਿੱਛੋਂ ਇਸ ਨੂੰ ਵੀ ਉਸ ਨੇ ਤਿਆਗ ਦਿੱਤਾ। ਇਸ ਤੋਂ ਬਾਅਦ ਹੀ ਉਸ ਨੇ ਐਚ.ਟੀ.ਐਸ. ਦੀ ਨੀਂਹ ਰੱਖੀ, ਜਿਸ ਦੀ ਅਗਵਾਈ ਕਰਦਿਆਂ ਕੁਝ ਦਿਨ ਪਹਿਲਾਂ ਉਸ ਨੇ ਸੀਰੀਆ ਦੇ ਤਾਨਾਸ਼ਾਹ ਬਸ਼ਰ-ਅਲ-ਅਸਦ ਦਾ ਤਖਤਾ ਪਲਟ ਦਿੱਤਾ ਹੈ। ਅਬੂ ਮੁਹੰਮਦ ਆਪਣੇ ਜੀਵਨ ਦੇ ਮੁੱਢਲੇ ਦਿਨਾਂ ਵਿੱਚ ਹੀ ਇਸਲਾਮਿਕ ਵਿਚਾਰਧਾਰਾ ਵੱਲ ਖਿੱਚਿਆ ਗਿਆ ਸੀ ਅਤੇ ਹੁਣ ਉਸ ਦੀ ਉਮਰ 42 ਸਾਲਾਂ ਦੀ ਹੈ। ਅਮਰੀਕਾ ਵੱਲੋਂ ਹਾਲੇ ਵੀ ਗੋਲਾਨੀ ਅਤੇ ਇਸ ਦੇ ਹਥਿਆਰਬੰਦ ਗੁੱਟ ਐਚ.ਟੀ.ਐਸ. ਨੂੰ ਅਤਿਵਾਦੀ ਸੰਗਠਨਾਂ ਵਾਲੇ ਖ਼ਾਨੇ ਵਿੱਚ ਰੱਖਿਆ ਹੋਇਆ ਹੈ ਤੇ ਉਸ ਨੂੰ ਇਨਾਮੀ ਭਗੌੜਾ ਕਰਾਰ ਦਿੱਤਾ ਹੋਇਆ ਹੈ। ਉਸ ਦਾ ਪਿੱਤਰੀ ਘਰ ਸੀਰੀਆ ਦੀਆਂ ਗੋਲਾਨ ਪਹਾੜੀਆਂ ਵਿੱਚ ਵੱਸਦੇ ਇੱਕ ਪਿੰਡ ਵਿੱਚ ਸੀ, ਜਿਨ੍ਹਾਂ ‘ਤੇ ਹੁਣ ਇਜ਼ਰਾਇਲ ਨੇ ਕਬਜ਼ਾ ਕਰ ਲਿਆ ਹੈ। ਇਸ ਤੋਂ ਇਲਾਵਾ ਅਮਰੀਕਾ ਵੱਲੋਂ ਵੀ ਸੀਰੀਆ ਅੰਦਰ ਹਮਲੇ ਕੀਤੇ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੀਰੀਆ ਅੰਦਰ ਰਾਜ ਪਲਟੇ ਬਾਅਦ ਇਸ ਮੁਲਕ ਵਿੱਚ ਅਮਰੀਕੀ ਹਮਲਿਆਂ ਬਾਰੇ ਕਿਹਾ ਕਿ ਇਹ ਹਮਲੇ ਇਸਲਾਮਿਕ ਸਟੇਟ ਵਰਗੇ ਸੰਗਠਨਾਂ ਨੂੰ ਕਮਜ਼ੋਰ ਕਰਨ ਲਈ ਕੀਤੇ ਜਾ ਰਹੇ ਹਨ। ਜਦਕਿ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦਾ ਆਖਣਾ ਹੈ ਕਿ ਉਨ੍ਹਾਂ ਦੀ ਹਵਾਈ ਫੌਜ ਸੀਰੀਆ ਵਿੱਚ ਇਸ ਲਈ ਹਮਲੇ ਕਰ ਰਹੀ ਹੈ ਤਾਂ ਕਿ ਸਰੀਅਨ ਫੌਜ ਵੱਲੋਂ ਛੱਡੇ ਗਏ ਹਥਿਆਰ ਕੱਟੜਪੰਥੀਆਂ ਦੇ ਹੱਥ ਨਾ ਆ ਜਾਣ।
ਅਬੂ-ਮੁਹੰਮਦ ਅਲ-ਗੋਲਾਨੀ ਦੀ ਅਗਵਾਈ ਵਿੱਚ ਐਚ.ਟੀ.ਐਸ. ਅਤੇ ਕਈ ਹੋਰ ਬਾਗੀ ਗੁੱਟਾਂ ਨੇ ਅਸਦ ਸ਼ਾਸਨ ‘ਤੇ ਆਖਰੀ ਧਾਵੇ ਵਿੱਚ ਹਿੱਸਾ ਲਿਆ। 14-15 ਸਾਲ ਦੀ ਸਿਵਲ ਵਾਰ ਦੇ ਭੰਨੇ ਇਸ ਦੇਸ਼ ਦੀ ਕੌਮੀ ਫੌਜ ਅਤੇ ਤਾਨਾਸ਼ਾਹ ਬਸ਼ਰ-ਅਲ-ਅਸਦ ਦਾ ਸਿਵਲ ਪ੍ਰਸ਼ਾਸਨ ਇਸ ਹਮਲੇ ਅੱਗੇ ਤਾਸ਼ ਦੇ ਪੱਤਿਆਂ ਵਾਂਗ ਖ਼ਿਲਰ ਗਿਆ। ਅਸਦ ਸਰਕਾਰ ਦੇ ਗਿਰ ਜਾਣ ਤੋਂ ਬਾਅਦ ਇਜ਼ਰਾਇਲ ਨੇ ਸੀਰੀਆ ਵਿੱਚ ਤਕਰੀਬਨ 500 ਹਵਾਈ ਹਮਲੇ ਕੀਤੇ ਹਨ ਅਤੇ ਦੱਖਣ-ਪੱਛਮੀ ਸੀਰੀਆ ਦੀਆਂ ਗੋਲਾਨ ਪਹਾੜੀਆਂ ਦਾ ਵੱਡਾ ਇਲਾਕਾ ਹਥਿਆ ਲਿਆ ਹੈ। ਜਦੋਂ ਕੌਮਾਂ/ਘਰ ਅੰਦਰੋਂ ਫਟ ਜਾਣ ਤਾਂ ਇਨ੍ਹਾਂ ਦੀ ਜਾਨ ਨੂੰ ਕਿਵੇਂ ਅਵਾਰਾ ਕਾਂ, ਕੁੱਤੇ, ਗਿਰਝਾਂ ਚਿੰਬੜ ਜਾਂਦੀਆਂ ਹਨ, ਸੀਰੀਆ ਇਸ ਦੀ ਪ੍ਰਤੱਖ ਉਦਾਹਰਣ ਹੈ। ਇਹ ਇਸ ਸੱਚ ਨੂੰ ਵੀ ਪ੍ਰਮਾਣਤ ਕਰਦਾ ਹੈ ਕਿ ਤਾਨਾਸ਼ਾਹੀਆਂ ਜਿੰਨੀਆਂ ਕਰੂਰ ਹੁੰਦੀਆਂ ਹਨ, ਉਸ ਤੋਂ ਵਧੇਰੇ ਕਮਜ਼ੋਰ ਹੁੰਦੀਆਂ ਹਨ। ਬਹੁਤ ਵਾਰੀ ਬਾਹਰੀ ਦਬਾਅਵਾਂ ਹੇਠ ਪਾਣੀ ਦੇ ਬੁਲਬੁਲਿਆਂ ਵਾਂਗ ਫੁੱਟ ਜਾਂਦੀਆਂ ਹਨ। ਬਸ਼ਰ ਅਲ ਅਸਦ ਦੇ ਸ਼ਾਸਨ ਦਾ ਭੋਗ ਤਾਂ 2015 ਵਿੱਚ ਹੀ ਪੈ ਜਾਣਾ ਸੀ, ਜੇ ਰੂਸ ਉਸ ਦੀ ਹਮਾਇਤ ‘ਤੇ ਨਾ ਆਉਂਦਾ। ਉਦੋਂ ਵੀ ਹਥਿਆਰਬੰਦ ਬਾਗੀ ਗੁੱਟ ਦਮਿਸ਼ਕਸ ਦੇ ਬੂਹੇ ਤੱਕ ਪਹੁੰਚ ਗਏ ਸਨ, ਪਰ ਰੂਸ ਦੀ ਹਵਾਈ ਹਮਾਇਤ ਨੇ ਅਸਦ ਦੀ ਤਾਨਸ਼ਾਹੀ ਦੀ ਉਮਰ ਲੰਬੀ ਕਰ ਦਿੱਤੀ। ਯਾਦ ਰਹੇ, ਅਸਦ ਪਰਿਵਾਰ ਦੀ ਹਕੂਮਤ ਨੇ 1982 ਵਿੱਚ ਆਪਣੇ ਇੱਕ ਇਤਿਹਾਸਕ ਸ਼ਹਿਰ ‘ਹਾਮਾ’ ਵਿੱਚ ਕੈਮੀਕਲ ਹਥਿਆਰਾਂ ਨਾਲ ਇੱਕੋ ਸੱਟੇ ਚਾਲੀ ਹਜ਼ਾਰ ਲੋਕਾਂ ਨੂੰ ਮਾਰ ਦਿੱਤਾ ਸੀ। ਇਸ ਕਤਲੇਆਮ ਵਿੱਚ ਖਤਰਨਾਕ ਕੈਮੀਕਲ ਏਜੰਟ ਸਰੀਨ ਗੈਸ ਦੀ ਵਰਤੋਂ ਕੀਤੀ ਗਈ ਸੀ। ਇਸ ਕਾਰਨ ਬਸ਼ਰ ਦੇ ਪਿਤਾ ਹਾਫਿਜ-ਅਲ-ਅਸਦ ‘ਤੇ ਨਰਸੰਘਾਰ ਅਤੇ ਜੰਗੀ ਜ਼ੁਰਮਾਂ ਦੇ ਦੋਸ਼ ਵੀ ਲੱਗੇ ਸਨ।
ਦੂਜੇ ਪਾਸੇ ਹਾਲਾਤ ਦੀ ਨਾਜ਼ੁਕਤਾ ਨੂੰ ਵੇਖਦਿਆਂ ਰੂਸ ਨਾਲ ਵੀ ਬਾਗੀ ਆਗੂਆਂ ਨੇ ਸਮਝੌਤਾ ਕਰ ਲਿਆ ਲਗਦਾ ਹੈ ਅਤੇ ਉਸ ਦੇ ਫੌਜੀ ਅੱਡਿਆਂ ਨੂੰ ਬਰਕਰਾਰ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਮੱਧ ਪੂਰਬ ਦੀ ਰਾਜਨੀਤੀ ਬਾਰੇ ਮਾਹਿਰਾਂ ਦਾ ਖਦਸ਼ਾ ਹੈ ਕਿ ਕੌਮਾਂਤਰੀ ਤਾਕਤਾਂ ਨੇ ਜੇ ਸ਼ਾਂਤੀਪੂਰਵਕ ਸੱਤਾ ਦਾ ਤਬਾਦਲਾ ਨਾ ਹੋਣ ਦਿੱਤਾ ਤਾਂ ਅਫਗਾਨਿਸਤਾਨ, ਲਿਬੀਆ ਅਤੇ ਇਰਾਕ ਵਾਂਗ ਸੀਰੀਆ ਮੁੜ ਸਿਵਲ ਵਾਰ ਦਾ ਖ਼ਾਜਾ ਬਣ ਸਕਦਾ ਹੈ। ਬਾਗੀ ਗੱਠਜੋੜ ਦੀ ਅੰਤ੍ਰਿਮ ਸਰਕਾਰ ਦੀ ਹਾਲਤ ਇੰਨੀ ਕਮਜ਼ੋਰ ਹੈ ਕਿ ਇਜ਼ਰਾਇਲ ਵੱਲੋਂ ਲਗਾਤਾਰ ਸੀਰੀਆ ਦੇ ਅੰਦਰ ਹਮਲੇ ਕੀਤੇ ਜਾ ਰਹੇ ਹਨ ਤੇ ਉਹ ਕੁਝ ਵੀ ਨਹੀਂ ਕਰ ਪਾ ਰਹੇ। ਸੰਯੁਕਤ ਰਾਸ਼ਟਰ ਨੇ ਜ਼ਰੂਰ ਇਜ਼ਰਾਇਲ ਨੂੰ ਸੀਰੀਆ ਅੰਦਰ ਹਮਲੇ ਬੰਦ ਕਰਨ ਲਈ ਕਿਹਾ ਹੈ ਤਾਂ ਕਿ ਸ਼ਾਂਤੀਪੂਰਨ ਢੰਗ ਨਾਲ ਸੱਤਾ ਦਾ ਤਬਾਦਲਾ ਹੋ ਸਕੇ।
ਇਸ ਦਰਮਿਆਨ ਖਤਰੇ ਦੀਆਂ ਘੰਟੀਆਂ ਵੀ ਖੜਕਣ ਲੱਗੀਆਂ ਹਨ। ਮਨੁੱਖੀ ਅਧਿਕਾਰਾਂ ਬਾਰੇ ਇੱਕ ਅੰਤਰਰਾਸ਼ਟਰੀ ਗਰੁੱਪ ਦਾ ਕਹਿਣਾ ਹੈ ਕਿ ਇਸਲਾਮਿਕ ਸਟੇਟ ਦੇ ਲੜਾਕਿਆਂ ਨੇ ਬੀਤੇ ਦਿਨੀਂ ਅਸਦ ਸਰਕਾਰ ਅਧੀਨ ਕੰਮ ਕਰਦੇ ਰਹੇ 54 ਫੌਜੀਆਂ ਨੂੰ ਗ੍ਰਿਫਤਾਰ ਕਰਨ ਪਿੱਛੋਂ ਸਿਰ ਕਲਮ ਕਰ ਕੇ ਮਾਰ ਦਿੱਤਾ ਹੈ। ਜੇ ਕਹਾਣੀ ਇਸ ਪਾਸੇ ਵੱਲ ਤੁਰ ਪੈਂਦੀ ਹੈ ਤਾਂ ਇਸ ਦੇਸ਼ ਦੇ ਸਿਆਸੀ ਅਤੇ ਫੌਜੀ ਮਾਮਲਿਆਂ ਨੂੰ ਕਾਬੂ ਕਰਨਾ ਹੋਰ ਵੀ ਔਖਾ ਹੋ ਜਾਏਗਾ। ਫਲਿਸਤੀਨ ਅਤੇ ਲੈਬਨਾਨ ‘ਤੇ ਇਜ਼ਰਾਇਲੀ ਹਮਲਿਆਂ ਕਾਰਨ ਇਹ ਖਿੱਤਾ ਪਹਿਲਾਂ ਹੀ ਬੇਹੱਦ ਤਣਾਅਪੂਰਣ ਹੈ। ਇਰਾਨ-ਇਜ਼ਰਾਇਲ, ਅਮਰੀਕਾ ਵਿਚਕਾਰ ਖਿਚੋਤਾਣ ਇਸ ਨੂੰ ਹੋਰ ਤਾਅ ਦੇ ਰਹੀ ਹੈ। ਤੁਰਕੀ, ਅਮਰੀਕਾ, ਇਰਾਨ, ਰੂਸ ਅਤੇ ਇਜ਼ਰਾਇਲ ਆਦਿ ਸੀਰੀਆ ਵਿੱਚ ਆਪੋ ਆਪਣੀ ਖੇਡ, ਖੇਡ ਰਹੇ ਹਨ। ਪੂਤਿਨ ਰੂਸ ਨੂੰ ਮੁੜ ਕੇ ‘ਮਹਾਨ’ ਬਣਾਉਣ ਤੁਰਿਆ ਹੋਇਆ ਹੈ, ਅਰਦੋਗਨ ਤੁਰਕੀ ਨੂੰ। ਉਧਰ ਟਰੰਪ ਸਿਉਂ ਬੱਕਰੇ ਬੁਲਾਉਂਦਾ ਬਈ ਅਮਰੀਕਾ ਨੇ ਸਾਰੀ ਦੁਨੀਆਂ ‘ਤੇ ਮੁੜ ਕੇ ਲੱਤ ਲਾਜ਼ਮੀ ਫੇਰਨੀ ਹੀ ਫੇਰਨੀ ਹੈ! ਰੂਸ ਯੂਕਰੇਨ ਨੂੰ ਨਿਗਲਣ ਨੂੰ ਫਿਰਦਾ ਤੇ ਚੀਨ ਤਾਇਵਾਨ ਨੂੰ। ਸਾਡੇ ਵਾਲੇ ਓਮ ਸ਼ਾਂਤੀ-ਸ਼ਾਂਤੀ ਦਾ ਜਾਪ ਕਰ ਰਹੇ ਹਨ। ਵੇਖਦੇ ਜਾਓ ਕੀ ਹੁੰਦਾ ਹੈ!