ਸੁਨੱਖਾ ਕ੍ਰਿਕਟਰ ਫਜ਼ਲ ਮਹਿਮੂਦ

ਗੂੰਜਦਾ ਮੈਦਾਨ

ਖਿਡਾਰੀ ਪੰਜ-ਆਬ ਦੇ (34)
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਦੇਖਣ ਨੂੰ ਕ੍ਰਿਕਟਰ ਘੱਟ ਅਤੇ ਫ਼ਿਲਮੀ ਹੀਰੋ ਵੱਧ ਲੱਗਦੇ ਫਜ਼ਲ ਮਹਿਮੂਦ ਦੇ ਖੇਡ ਕਰੀਅਰ ਦਾ ਸੰਖੇਪ ਵੇਰਵਾ ਹੈ। ਫਜ਼ਲ ਪਾਕਿਸਤਾਨ ਦਾ ਪਹਿਲਾ ਖਿਡਾਰੀ ਹੈ, ਜੋ ਮਾਡਲ ਵੀ ਬਣਿਆ। ਪਾਕਿਸਤਾਨ ਲਈ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਸਭ ਤੋਂ ਲੰਬਾ ਸਮਾਂ ਫਜ਼ਲ ਦੇ ਹੀ ਨਾਮ ਰਿਹਾ। ਉਸ ਨੇ 34 ਟੈਸਟਾਂ ਵਿੱਚ 139 ਵਿਕਟਾਂ ਲਈਆਂ। ਚਾਰ ਵੱਖ-ਵੱਖ ਦੇਸ਼ਾਂ ਵਿੱਚ ਇੱਕ ਮੈਚ ਵਿੱਚ 12 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲਾ ਉਹ ਦੁਨੀਆਂ ਦਾ ਪਹਿਲਾ ਗੇਂਦਬਾਜ਼ ਹੈ।

*ਫਜ਼ਲ ਨੂੰ ਉਸ ਦੀਆਂ ਖੇਡ ਪ੍ਰਾਪਤੀਆਂ ਕਾਰਨ ਪਾਕਿਸਤਾਨ ਸਰਕਾਰ ਨੇ 1958 ਵਿੱਚ ‘ਪ੍ਰਾਈਡ ਆਫ਼ ਪਰਫਾਰਮੈਂਸ’ ਅਤੇ 2012 ਵਿੱਚ ਮਰਨ ਉਪਰੰਤ ‘ਹਿਲਾਲ-ਏ-ਇਮਤਿਆਜ਼’ ਦੇ ਪੁਰਸਕਾਰ ਨਾਲ ਸਨਮਾਨਿਆ।

*ਮਹਾਨ ਕੈਰੇਬਿਆਈ ਕ੍ਰਿਕਟਰ ਗੈਰੀ ਸੋਬਰਜ਼ ਨੂੰ ਆਊਟ ਕਰਕੇ ਫਜ਼ਲ ਵਿਕਟਾਂ ਦਾ ਸੈਂਕੜਾ ਲਗਾਉਣ ਵਾਲਾ ਪਹਿਲਾ ਪਾਕਿਸਤਾਨੀ ਗੇਂਦਬਾਜ਼ ਬਣਿਆ ਸੀ। ਇਹ ਪ੍ਰਾਪਤੀ ਉਸ ਨੇ ਮਹਿਜ਼ 22 ਟੈਸਟ ਮੈਚਾਂ ਵਿੱਚ ਹਾਸਲ ਕੀਤੀ, ਜੋ ਕਿ ਹੁਣ ਤੱਕ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਾਲਿਆਂ ਦੀ ਸੂਚੀ ਵਿੱਚ ਤੀਜੇ ਨੰਬਰ ਉਤੇ ਹੈ।

*ਉਹ ਪਾਕਿਸਤਾਨ ਕ੍ਰਿਕਟ ਦਾ ਮੁਢਲਾ ਖਿਡਾਰੀ ਹੈ, ਜੋ ਦੇਸ਼ ਦੀ ਵੰਡ ਭਾਵ ਪਾਕਿਸਤਾਨ ਬਣਨ ਤੋਂ ਪਹਿਲਾਂ ਪੈਦਾ ਹੋਇਆ ਅਤੇ ਕ੍ਰਿਕਟ ਖੇਡਣ ਲੱਗਾ। ਫਜ਼ਲ ਵੀ ਭਾਰਤੀ ਖਿਡਾਰੀਆਂ- ਮਿਲਖਾ ਸਿੰਘ, ਜਰਨੈਲ ਸਿੰਘ ਤੇ ਮਹਿੰਦਰ ਸਿੰਘ ਗਿੱਲ ਵਾਂਗ ਵੰਡ ਦੇ ਸੰਤਾਪ ਦਾ ਸ਼ਿਕਾਰ ਹੋਇਆ।

*ਉਸ ਦੇ ਪਿਤਾ ਵੱਡੇ ਤੜਕੇ ਉਠਾ ਕੇ ਗਰਾਊਂਡ ਭੇਜਦੇ, ਜਿੱਥੇ ਉਹ ਚਾਰ-ਪੰਜ ਮੀਲ ਦੌੜਦਾ ਅਤੇ ਕਈ ਘੰਟੇ ਨੈੱਟ ਉਪਰ ਅਭਿਆਸ ਕਰਦਾ। ਸੱਤ ਸਾਲ ਦੀ ਨਿਰੰਤਰ ਮਿਹਨਤ ਨੇ ਫਜ਼ਲ ਨੂੰ ਚੰਗੇ ਕ੍ਰਿਕਟਰ ਬਣਨ ਦੇ ਰਾਹ ਪਾ ਦਿੱਤਾ। ਪਿਤਾ ਵੱਲੋਂ ਦਿਖਾਏ ਮਾਰਗ ਦਰਸ਼ਨ ਅਤੇ ਆਪਣੀ ਮਿਹਨਤ ਦੇ ਨਾਲ ਉਹ ਵੱਡਾ ਕ੍ਰਿਕਟਰ ਬਣਿਆ।

*ਬੱਲੇਬਾਜ਼ੀ ਵਿੱਚ ਵੀ ਫਜ਼ਲ ਇਕਲੌਤਾ ਪਾਕਿਸਤਾਨੀ ਕ੍ਰਿਕਟਰ ਸੀ, ਜਿਸ ਨੇ ਦੋਵੇਂ ਪਾਰੀਆਂ ਵਿੱਚ ਦਹਾਈ ਦਾ ਅੰਕੜਾ ਛੂਹਿਆ।

ਨਵਦੀਪ ਸਿੰਘ ਗਿੱਲ
ਫੋਨ: +91-9780036216

ਪਾਕਿਸਤਾਨ ਕ੍ਰਿਕਟ ਨੇ ਦੁਨੀਆ ਨੂੰ ਵੱਡੇ ਖਿਡਾਰੀ ਖਾਸ ਕਰਕੇ ਤੇਜ਼ ਗੇਂਦਬਾਜ਼ ਦਿੱਤੇ ਹਨ। ਕ੍ਰਿਕਟਰ ਵੀ ਬਹੁਤ ਸੁਨੱਖੇ ਦਿੱਤੇ ਹਨ, ਜਿਹੜੇ ਆਪਣੀ ਖੇਡ ਦੇ ਨਾਲ ਆਪਣੇ ਸੁਹੱਪਣ ਨਾਲ ਵੀ ਮਕਬੂਲ ਹੋਏ। ਅਜਿਹਾ ਹੀ ਪਾਕਿਸਤਾਨ ਕ੍ਰਿਕਟਰ ਫਜ਼ਲ ਮਹਿਮੂਦ ਹੈ, ਜਿਸ ਨੂੰ ਕਈ ਮਾਣ ਹਾਸਲ ਹਨ। ਉਹ ਪਾਕਿਸਤਾਨ ਕ੍ਰਿਕਟ ਦਾ ਮੁਢਲਾ ਖਿਡਾਰੀ ਹੈ, ਜੋ ਦੇਸ਼ ਦੀ ਵੰਡ ਭਾਵ ਪਾਕਿਸਤਾਨ ਬਣਨ ਤੋਂ ਪਹਿਲਾਂ ਪੈਦਾ ਹੋਇਆ ਅਤੇ ਕ੍ਰਿਕਟ ਖੇਡਣ ਲੱਗਾ। ਫੇਰ ਉਸ ਨੇ ਟੈਸਟ ਮੈਚਾਂ ਵਿੱਚ ਪਾਕਿਸਤਾਨ ਦੀ ਕਪਤਾਨੀ ਵੀ ਕੀਤੀ। ਉਸ ਵੇਲੇ ਇੱਕ ਰੋਜ਼ਾ ਮੈਚ ਨਹੀਂ ਖੇਡੇ ਜਾਂਦੇ ਸਨ। ਤੇਜ਼ ਗੇਂਦਬਾਜ਼ ਨੇ ਪਾਕਿਸਤਾਨ ਲਈ ਪਹਿਲੀ ਵਾਰ ਵਿਕਟਾਂ ਲੈਣ ਦਾ ਸੈਂਕੜਾ ਬਣਾਇਆ ਅਤੇ ਪਾਕਿਸਤਾਨ ਬਣਨ ਦੇ ਕਰੀਬ 35 ਸਾਲ ਤੱਕ ਉਹ ਵਿਕਟਾਂ ਹਾਸਲ ਕਰਨ ਵਿੱਚ ਪਾਕਿਸਤਾਨ ਦਾ ਮੋਢੀ ਕ੍ਰਿਕਟਰ ਰਿਹਾ, ਜਿਸ ਦਾ ਰਿਕਾਰਡ 1981-82 ਦੌਰਾਨ ਇਮਰਾਨ ਖਾਨ ਨੇ ਤੋੜਿਆ। ਫਜ਼ਲ ਮਹਿਮੂਦ ਦੇ ਜ਼ਮਾਨੇ ਵਿੱਚ ਕ੍ਰਿਕਟ ਮੈਚ ਬਹੁਤ ਘੱਟ ਹੁੰਦੇ ਸਨ, ਨਹੀਂ ਤਾਂ ਸੰਭਵ ਸੀ ਕਿ ਫਜ਼ਲ ਮਹਿਮੂਦ ਦੇ ਰਿਕਾਰਡ ਅੱਜ ਤੱਕ ਨਾ ਟੁੱਟਦੇ। ਫਜ਼ਲ ਸੋਹਣਾ ਵੀ ਰੱਜ ਕੇ ਸੀ। ਦੇਖਣ ਨੂੰ ਕ੍ਰਿਕਟਰ ਘੱਟ ਅਤੇ ਫ਼ਿਲਮੀ ਹੀਰੋ ਵੱਧ ਲੱਗਦਾ ਸੀ। ਇਸੇ ਲਈ ਜਦੋਂ ਇੱਕ ਵਾਰ ਹਾਲੀਵੁੱਡ ਅਦਾਕਾਰਾ ਅਵਾ ਲਵੀਨੀਆ ਗਾਰਡਨਰ ਲਾਹੌਰ ਆਈ ਤਾਂ ਉਹ ਫਜ਼ਲ ਮਹਿਮੂਦ ਨੂੰ ਦੇਖ ਕੇ ਦੰਗ ਰਹਿ ਗਈ ਅਤੇ ਉਸ ਨੇ ਫਜ਼ਲ ਨਾਲ ਡਾਂਸ ਕਰਨ ਦੀ ਇੱਛਾ ਜਤਾਈ। ਪੜ੍ਹਨ ਵਿੱਚ ਵੀ ਉਹ ਬਹੁਤ ਹੁਸ਼ਿਆਰ ਤੇ ਉੱਚ ਤਾਲੀਮ ਹਾਸਲ ਸੀ। ਫਜ਼ਲ ਵੀ ਕੁਝ ਭਾਰਤੀ ਖਿਡਾਰੀਆਂ ਵਾਂਗ ਕਿਸਮਤ ਵਾਲਾ ਰਿਹਾ, ਜੋ ਵੰਡ ਵੇਲੇ ਹੋਏ ਫਸਾਦਾਂ ਦੌਰਾਨ ਹਜ਼ੂਮੀਆਂ ਹੱਥੋਂ ਬਚ ਗਿਆ।
ਫਜ਼ਲ ਮਹਿਮੂਦ ਦਾ ਜਨਮ ਦੇਸ਼ ਦੀ ਵੰਡ ਤੋਂ ਪਹਿਲਾਂ ਸਾਂਝੇ ਪੰਜਾਬ ਵਿੱਚ 18 ਫਰਵਰੀ 1927 ਨੂੰ ਲਾਹੌਰ ਵਿੱਚ ਹੋਇਆ। ਉਹ 13 ਵਰਿ੍ਹਆਂ ਦੀ ਉਮਰੇ ਇਸਲਾਮੀਆ ਕਾਲਜ ਲਾਹੌਰ ਵਿੱਚ ਦਾਖਲ ਹੋਇਆ, ਜਿਥੇ ਉਨ੍ਹਾਂ ਦੇ ਪਿਤਾ ਗੁਲਾਮ ਹੁਸੈਨ ਕਾਲਜ ਵਿੱਚ ਸਮਾਜ ਵਿਗਿਆਨ ਦੇ ਪ੍ਰੋਫੈਸਰ ਸਨ ਅਤੇ ਕਾਲਜ ਦੇ ਕ੍ਰਿਕਟ ਕਲੱਬ ਦੇ ਪ੍ਰਧਾਨ ਵੀ ਸਨ। ਸ਼ਾਇਦ ਇਸੇ ਕਾਰਨ ਫਜ਼ਲ ਮਹਿਮੂਦ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡ ਨਾਲ ਬਹੁਤ ਲਗਾਅ ਹੋ ਗਿਆ ਸੀ, ਜੋ ਬਾਅਦ ਵਿੱਚ ਜਨੂੰਨ ਵਿੱਚ ਬਦਲ ਗਿਆ। ਫਜ਼ਲ ਦੇ ਪਿਤਾ ਨੇ ਭਾਵੇਂ ਭਾਰਤੀ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕਰ ਲਈ ਸੀ, ਪਰ ਉਹ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਕਰਕੇ ਆਜ਼ਾਦੀ ਦੇ ਅੰਦੋਲਨ ਵਿੱਚ ਕੁੱਦ ਗਏ। ਫਜ਼ਲ ਦੇ ਪਿਤਾ ਆਪਣੇ ਫਰਜ਼ੰਦ ਨੂੰ ਵੱਡਾ ਕ੍ਰਿਕਟਰ ਬਣਾਉਣਾ ਚਾਹੁੰਦੇ ਸਨ। ਫਜ਼ਲ ਨੂੰ ਕੋਚ ਵੀ ਚੰਗਾ ਮਿਲ ਗਿਆ। ਉਸ ਦੇ ਪਿਤਾ ਵੱਡੇ ਤੜਕੇ ਉਠਾ ਕੇ ਗਰਾਊਂਡ ਭੇਜਦੇ, ਜਿੱਥੇ ਉਹ ਚਾਰ-ਪੰਜ ਮੀਲ ਦੌੜਦਾ ਅਤੇ ਕਈ ਘੰਟੇ ਨੈੱਟ ਉਪਰ ਅਭਿਆਸ ਕਰਦਾ। ਸੱਤ ਸਾਲ ਦੀ ਨਿਰੰਤਰ ਮਿਹਨਤ ਨੇ ਫਜ਼ਲ ਨੂੰ ਚੰਗੇ ਕ੍ਰਿਕਟਰ ਬਣਨ ਦੇ ਰਾਹ ਪਾ ਦਿੱਤਾ। ਪਿਤਾ ਵੱਲੋਂ ਦਿਖਾਏ ਮਾਰਗ ਦਰਸ਼ਨ ਅਤੇ ਆਪਣੀ ਮਿਹਨਤ ਦੇ ਨਾਲ ਉਹ ਵੱਡਾ ਕ੍ਰਿਕਟਰ ਬਣਿਆ।
ਕਾਲਜ ਪੜ੍ਹਦਿਆਂ ਫਜ਼ਲ ਮਹਿਮੂਦ ਦੂਜੇ ਹੀ ਸਾਲ ਕਾਲਜ ਦੀ ਕ੍ਰਿਕਟ ਟੀਮ ਦਾ ਅਹਿਮ ਖਿਡਾਰੀ ਬਣ ਗਿਆ। 15 ਵਰਿ੍ਹਆਂ ਦੀ ਉਮਰੇ ਉਸ ਨੇ ਆਪਣੇ ਕਾਲਜ ਨੂੰ ਇੰਟਰ ਕਾਲਜ ਟੂਰਨਾਮੈਂਟ ਦਾ ਚੈਂਪੀਅਨ ਬਣਾਇਆ। ਫ਼ਾਈਨਲ ਮੈਚ ਵਿੱਚ ਫਜ਼ਲ ਨੇ 13 ਦੌੜਾਂ ਦੇ ਕੇ ਪੰਜ ਅਹਿਮ ਵਿਕਟਾਂ ਲਈਆਂ। ਫਜ਼ਲ ਨੇ 17 ਵਰਿ੍ਹਆਂ ਦੀ ਉਮਰੇ ਫਸਟ ਕਲਾਸ ਕ੍ਰਿਕਟ ਦੀ ਸ਼ੁਰੂਆਤ ਕੀਤੀ, ਜਦੋਂ ਉਸ ਨੇ ਮਾਰਚ 1944 ਵਿੱਚ ਰਣਜੀ ਟਰਾਫੀ ਵਿੱਚ ਉੱਤਰੀ ਭਾਰਤ ਵੱਲੋਂ ਆਪਣਾ ਪਹਿਲਾ ਮੈਚ ਖੇਡਿਆ। ਦੱਖਣੀ ਪੰਜਾਬ ਦੇ ਖਿਲਾਫ ਆਪਣਾ ਪਹਿਲਾ ਮੈਚ ਖੇਡਦਿਆਂ ਫਜ਼ਲ ਨੇ 11ਵੇਂ ਨੰਬਰ ਉਤੇ ਬੱਲੇਬਾਜ਼ੀ ਕਰਦਿਆਂ ਨਾਬਾਦ 38 ਦੌੜਾਂ ਦੀ ਪਾਰੀ ਖੇਡੀ ਅਤੇ ਫੇਰ ਗੇਂਦਬਾਜ਼ੀ ਕਰਦਿਆਂ 38 ਦੌੜਾਂ ਦੇ ਕੇ ਤਿੰਨ ਵਿਕਟਾਂ ਵੀ ਹਾਸਲ ਕੀਤੀਆਂ। ਇਨ੍ਹਾਂ ਤਿੰਨ ਵਿਕਟਾਂ ਵਿੱਚ ਇੱਕ ਵਿਕਟ ਮਹਾਨ ਬੱਲੇਬਾਜ਼ ਲਾਲਾ ਅਮਰਨਾਥ ਦੀ ਵੀ ਸੀ। ਸੈਮੀ ਫ਼ਾਈਨਲ ਮੈਚ ਵਿੱਚ ਪੱਛਮੀ ਭਾਰਤ ਦੇ ਖਿਲਾਫ ਖੇਡਦਿਆਂ ਫਜ਼ਲ ਨੇ 65 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕਰ ਕੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ।
ਪਹਿਲੇ ਹੀ ਸੀਜ਼ਨ ਦੀ ਸਫਲ ਸ਼ੁਰੂਆਤ ਨਾਲ ਫਜ਼ਲ ਨੂੰ 1946 ਵਿੱਚ ਇੰਗਲੈਂਡ ਦੇ ਦੌਰੇ ਲਈ ਭਾਰਤੀ ਟੀਮ ਵਿੱਚ ਸ਼ਾਮਲ ਕਰਨ ਉਤੇ ਵਿਚਾਰ ਹੋਣ ਲੱਗਾ। ਇੱਕ ਹੋਰ ਜ਼ੋਨਲ ਟੂਰਨਾਮੈਂਟ, ਜਿਸ ਨੂੰ ਟੀਮ ਦੀ ਚੋਣ ਲਈ ਅਹਿਮ ਸਮਝਿਆ ਜਾ ਰਿਹਾ ਸੀ, ਵਿੱਚ ਫਜ਼ਲ ਨੇ ਉਤਰੀ ਜ਼ੋਨ ਵੱਲੋਂ ਖੇਡਦਿਆਂ ਬਿਹਤਰੀਨ ਗੇਂਦਬਾਜ਼ੀ ਕੀਤੀ ਅਤੇ 83 ਦੌੜਾਂ ਦੇ ਕੇ 9 ਖਿਡਾਰੀ ਆਊਟ ਕੀਤੇ। ਭਾਰਤੀ ਕਪਤਾਨ ਨਵਾਬ ਮਨਸੂਰ ਪਟੌਦੀ ਨੌਜਵਾਨ ਕ੍ਰਿਕਟਰ ਫਜ਼ਲ ਮਹਿਮੂਦ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਸ ਨੂੰ ਭਾਰਤੀ ਟੀਮ ਵਿੱਚ ਚੁਣਨਾ ਚਾਹੁੰਦੇ ਸਨ, ਪਰ ਚੋਣਕਾਰ ਫਜ਼ਲ ਦੀ 19 ਵਰਿ੍ਹਆਂ ਦੀ ਛੋਟੀ ਉਮਰ ਦੇਖ ਕੇ ਹਾਲੇ ਚੁਣਨ ਦੇ ਹੱਕ ਵਿੱਚ ਨਹੀਂ ਸਨ। 1946 ਵਿੱਚ ਉਸ ਦੀ ਭਾਵੇਂ ਇੰਗਲੈਂਡ ਦੌਰੇ ਲਈ ਭਾਰਤੀ ਟੀਮ ਵਿੱਚ ਚੋਣ ਨਹੀਂ ਹੋ ਸਕੀ, ਪਰ ਉਸ ਦੀ ਗੇਂਦਬਾਜ਼ੀ ਦੇ ਚਰਚੇ ਲਾਹੌਰ ਤੋਂ ਦਿੱਲੀ ਅਤੇ ਮੁੰਬਈ ਤੱਕ ਹੋਣ ਲੱਗੇ। ਫਜ਼ਲ ਮਹਿਮੂਦ ਨੇ ਰੈਸਟ ਆਫ਼ ਇੰਡੀਆ ਖਿਲਾਫ ਦੋ ਮੈਚ ਖੇਡੇ। ਪਹਿਲੇ ਮੈਚ ਵਿੱਚ ਉਸ ਨੇ ਸੱਤ ਵਿਕਟਾਂ ਹਾਸਲ ਕੀਤੀਆਂ, ਪਰ ਦੂਜੇ ਮੈਚ ਵਿੱਚ ਉਸ ਦਾ ਪ੍ਰਦਰਸ਼ਨ ਠੀਕ ਨਾ ਰਿਹਾ।
1946-47 ਸੀਜ਼ਨ ਵਿੱਚ ਫਜ਼ਲ ਨੇ ਬੱਲੇਬਾਜ਼ੀ ਦੇ ਜੌਹਰ ਦਿਖਾਉਂਦਿਆਂ ਆਪਣਾ ਪਹਿਲਾ ਤੇ ਇਕਮਾਤਰ ਸੈਂਕੜਾ ਬਣਾਇਆ। ਉਤਰੀ ਜ਼ੋਨ ਵੱਲੋਂ ਖੇਡਦਿਆਂ ਅੱਠਵੇਂ ਨੰਬਰ ਉਤੇ ਬੱਲੇਬਾਜ਼ੀ ਕਰਦਿਆਂ ਫਜ਼ਲ ਨੇ ਗੋਗੋਮਲ ਕਿਸ਼ਨਚੰਦ ਨਾਲ 207 ਦੌੜਾਂ ਦੀ ਸਾਂਝੇਦਾਰੀ ਬਣਾਈ। ਫੇਰ ਗੇਂਦ ਨਾਲ ਛੇ ਵਿਕਟਾਂ ਵੀ ਹਾਸਲ ਕੀਤੀਆਂ। ਇਸ ਤਰ੍ਹਾਂ ਉਤਰੀ ਜ਼ੋਨ ਨੇ ਫਜ਼ਲ ਦੇ ਹਰਫਨਮੌਲਾ ਪ੍ਰਦਰਸ਼ਨ ਬਦੌਲਤ ਆਸਾਨੀ ਨਾਲ ਮੈਚ ਜਿੱਤ ਲਿਆ। ਫ਼ਾਈਨਲ ਵਿੱਚ ਵੀ ਫਜ਼ਲ ਨੇ ਪੰਜ ਵਿਕਟਾਂ ਲਈਆਂ, ਪਰ ਉਤਰੀ ਜ਼ੋਨ ਦੀ ਟੀਮ ਹਾਰ ਗਈ। ਇਸ ਟੂਰਨਾਮੈਂਟ ਨੇ ਸਾਬਤ ਕਰ ਦਿੱਤਾ ਕਿ ਫਜ਼ਲ ਭਾਰਤ ਦੀ ਟੈਸਟ ਕ੍ਰਿਕਟ ਟੀਮ ਖੇਡਣ ਦੇ ਪੂਰੀ ਤਰ੍ਹਾਂ ਕਾਬਲ ਹੈ।
ਫਜ਼ਲ 1947-48 ਵਿੱਚ ਆਸਟਰੇਲੀਆ ਦਾ ਟੂਰ ਕਰਨ ਵਾਲੀ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਸਨ। ਭਾਰਤ-ਪਾਕਿਸਤਾਨ ਬਨਣ ਦੇ ਬਾਅਦ ਉਨ੍ਹਾਂ ਆਪਣੇ ਪਰਿਵਾਰ ਦੇ ਨਾਲ ਪਾਕਿਸਤਾਨ ਰਹਿਣ ਨੂੰ ਤਰਜੀਹ ਦਿੱਤੀ। 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ। ਉਸ ਸਮੇਂ ਭਾਰਤੀ ਕ੍ਰਿਕਟ ਟੀਮ ਨੇ ਆਸਟਰੇਲੀਆ ਖੇਡਣ ਜਾਣਾ ਸੀ। ਭਾਰਤੀ ਟੀਮ ਦਾ ਕੈਂਪ ਪੁਣੇ ਵਿਖੇ ਲਗਾਇਆ ਗਿਆ ਅਤੇ ਫਜ਼ਲ ਦੀ ਭਾਰਤੀ ਟੀਮ ਵਿੱਚ ਚੋਣ ਲੱਗਪਗ ਪੱਕੀ ਸੀ। ਕੈਂਪ ਦੀ ਸਮਾਪਤੀ ਉਤੇ ਫਜ਼ਲ ਸਾਥੀ ਕ੍ਰਿਕਟਰਾਂ ਨਾਲ ਰੇਲ ਰਾਹੀਂ ਮੁੰਬਈ ਜਾ ਰਿਹਾ ਸੀ ਕਿ ਕੱਟੜਪੰਥੀ ਹਜ਼ੂਮੀਆਂ ਦੀ ਭੀੜ ਵੱਲੋਂ ਰੇਲ ਗੱਡੀ ਉਪਰ ਹਮਲਾ ਕਰ ਦਿੱਤਾ ਗਿਆ। ਕ੍ਰਿਕਟਰ ਨਾਇਡੂ ਨੇ ਆਪਣੇ ਬੱਲੇ ਨੂੰ ਫਜ਼ਲ ਦੀ ਢਾਲ ਬਣਾ ਕੇ ਉਸ ਦਾ ਬਚਾਅ ਕੀਤਾ। ਫਜ਼ਲ ਵੀ ਭਾਰਤੀ ਖਿਡਾਰੀਆਂ- ਮਿਲਖਾ ਸਿੰਘ, ਜਰਨੈਲ ਸਿੰਘ ਤੇ ਮਹਿੰਦਰ ਸਿੰਘ ਗਿੱਲ ਵਾਂਗ ਵੰਡ ਦੇ ਸੰਤਾਪ ਦਾ ਸ਼ਿਕਾਰ ਹੋਇਆ, ਪਰ ਉਸ ਦੀ ਵੀ ਜਾਨ ਦਾ ਬਚਾਅ ਹੋ ਗਿਆ। ਰੇਲ ਉਪਰ ਹਮਲੇ ਅਤੇ ਦੇਸ਼ ਅੰਦਰ ਹੁੰਦੀ ਵੱਢ-ਟੁੱਕ ਨੂੰ ਦੇਖ ਕੇ ਦਹਿਲੇ ਫਜ਼ਲ ਨੇ ਪਰਿਵਾਰ ਸਮੇਤ ਪਾਕਿਸਤਾਨ ਵਸਣ ਦਾ ਫੈਸਲਾ ਕੀਤਾ। ਹਾਲਾਂਕਿ ਉਸ ਨੂੰ ਭਾਰਤ ਵਿੱਚ ਰਹਿਣ ਲਈ ਮਨਾਉਣ ਵਾਸਤੇ ਨਾਇਡੂ, ਅਮਰਨਾਥ ਜਿਹੇ ਕ੍ਰਿਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਰਾਜ਼ੀ ਨਹੀਂ ਹੋਇਆ। ਉਹ ਆਸਟਰੇਲੀਆ ਦੌਰੇ ਉਤੇ ਵੀ ਆਪਣਾ ਪਹਿਲਾ ਟੈਸਟ ਨਾ ਖੇਡ ਸਕਿਆ, ਜਿਸ ਦਾ ਉਸ ਨੂੰ ਸਾਰੀ ਉਮਰ ਮਲਾਲ ਰਿਹਾ ਕਿ ਮਹਾਨ ਕ੍ਰਿਕਟਰ ਡਾਨ ਬਰੈਡਮੈਨ ਖਿਲਾਫ਼ ਨਹੀਂ ਖੇਡ ਸਕਿਆ। ਫਜ਼ਲ ਮਹਿਮੂਦ ਇੱਕ ਸਾਥੀ ਰਾਹਗੀਰ ਦੀ ਸਹਾਇਤਾ ਨਾਲ ਕਰਾਚੀ ਪਹੁੰਚਣ ਵਿੱਚ ਸਫਲ ਹੋਇਆ ਸੀ, ਜਦੋਂ ਉਸ ਨੂੰ ਹਜ਼ੂਮੀਆਂ ਦੀ ਦਹਿਸ਼ਤ ਕਾਰਨ ਦਿੱਲੀ ਜਾਂ ਲਾਹੌਰ ਪੁੱਜਣਾ ਵੀ ਔਖਾ ਲੱਗ ਰਿਹਾ ਸੀ।
ਨਵੇਂ ਬਣੇ ਪਾਕਿਸਤਾਨ ਵਿੱਚ ਫਜ਼ਲ ਨੇ ਆਪਣਾ ਪਹਿਲਾ ਫਸਟ ਕਲਾਸ ਮੈਚ 27 ਦਸੰਬਰ 1947 ਨੂੰ ਖੇਡਿਆ, ਜੋ ਕਿ ਪੰਜਾਬ ਤੇ ਸਿੰਧ ਵਿਚਾਲੇ ਖੇਡਿਆ ਗਿਆ ਸੀ। ਫਜ਼ਲ ਨੇ ਛੇ ਵਿਕਟਾਂ ਅਤੇ 60 ਦੌੜਾਂ ਦੀ ਪਾਰੀ ਨਾਲ ਹਰਫਨਮੌਲਾ ਪ੍ਰਦਰਸ਼ਨ ਕਰਦਿਆਂ ਪੰਜਾਬ ਨੂੰ ਪਾਰੀ ਦੀ ਜਿੱਤ ਦਿਵਾਈ। ਨਵੰਬਰ 1948 ਵਿੱਚ ਪਾਕਿਸਤਾਨ ਦਾ ਪਹਿਲਾ ਅੰਤਰਰਾਸ਼ਟਰੀ ਟੂਰ ਵੈਸਟ ਇੰਡੀਜ਼ ਦਾ ਸੀ, ਜਿੱਥੇ ਫਜ਼ਲ ਮਹਿਮੂਦ ਨੇ ਇੱਕ ਮੈਚ ਖੇਡਿਆ। ਸੀਜ਼ਨ ਦੇ ਅਖੀਰ ਵਿੱਚ ਪਾਕਿਸਤਾਨ ਨੇ ਸੀਲੋਨ (ਮੌਜੂਦਾ ਸ੍ਰੀਲੰਕਾ) ਦਾ ਦੌਰਾ ਕੀਤਾ, ਜਿੱਥੇ ਫਜ਼ਲ ਮਹਿਮੂਦ ਨੇ 20 ਵਿਕਟਾਂ ਲੈ ਕੇ ਸਰਵੋਤਮ ਪ੍ਰਦਰਸ਼ਨ ਕੀਤਾ। ਅਗਲੇ ਸਾਲ ਉਸ ਨੇ ਦੋ ਮੈਚਾਂ ਵਿੱਚ 16 ਵਿਕਟਾਂ ਲਈਆਂ। 1951-52 ਵਿੱਚ ਐਮ.ਸੀ.ਸੀ. ਦੀ ਟੀਮ ਨੇ ਭਾਰਤੀ ਉਪ ਮਹਾਂਦੀਪ ਦਾ ਦੌਰਾ ਕੀਤਾ। ਪੰਜਾਬ ਖਿਲਾਫ ਪਹਿਲਾ ਮੈਚ ਖੇਡਿਆ, ਜਿਸ ਵਿੱਚ ਫਜ਼ਲ ਮਹਿਮੂਦ ਨੇ 58 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਟੂਰ ਦੇ ਆਖਰੀ ਤੇ ਪੰਜਵੇਂ ਮੈਚ ਵਿੱਚ ਫਜ਼ਲ ਮਹਿਮੂਦ ਨੇ 40 ਦੌੜਾਂ ਦੇ ਕੇ ਅੱਠ ਵਿਕਟਾਂ ਲਈਆਂ।
1952 ਵਿੱਚ ਪਾਕਿਸਤਾਨ ਨੂੰ ਟੈਸਟ ਕ੍ਰਿਕਟ ਖੇਡਣ ਦਾ ਦਰਜਾ ਹਾਸਲ ਹੋਇਆ ਅਤੇ ਪਾਕਿਸਤਾਨ ਟੀਮ ਨੇ ਭਾਰਤ ਦਾ ਦੌਰਾ ਕੀਤਾ। ਫਜ਼ਲ ਨੇ ਦਿੱਲੀ ਵਿਖੇ ਆਪਣਾ ਪਹਿਲਾ ਟੈਸਟ ਭਾਰਤ ਦੇ ਖਿਲਾਫ ਖੇਡਿਆ। ਪਾਕਿਸਤਾਨ ਟੀਮ ਭਾਵੇਂ ਇਹ ਮੈਚ ਹਾਰ ਗਈ, ਪਰ ਫਜ਼ਲ ਨੇ ਭਾਰਤੀ ਕਪਤਾਨ ਲਾਲਾ ਅਮਰਨਾਥ ਨੂੰ ਆਊਟ ਕਰਕੇ ਆਪਣੀ ਪਹਿਲੀ ਵਿਕਟ ਲਈ। ਬੱਲੇਬਾਜ਼ੀ ਵਿੱਚ ਵੀ ਫਜ਼ਲ ਇਕਲੌਤਾ ਪਾਕਿਸਤਾਨੀ ਕ੍ਰਿਕਟਰ ਸੀ, ਜਿਸ ਨੇ ਦੋਵੇਂ ਪਾਰੀਆਂ ਵਿੱਚ ਦਹਾਈ ਦਾ ਅੰਕੜਾ ਛੂਹਿਆ। ਲਖਨਊ ਵਿਖੇ ਪਾਕਿਸਤਾਨ ਨੇ ਆਪਣਾ ਦੂਜਾ ਟੈਸਟ ਖੇਡਿਆ ਅਤੇ ਆਪਣੀ ਪਹਿਲੀ ਟੈਸਟ ਜਿੱਤ ਵੀ ਹਾਸਲ ਕੀਤੀ। ਫਜ਼ਲ ਇਸ ਜਿੱਤ ਦਾ ਹੀਰੋ ਸੀ, ਜਿਸ ਨੇ ਮੈਚ ਵਿੱਚ ਕੁੱਲ 12 ਵਿਕਟਾਂ ਲਈਆਂ। 1980 ਤੱਕ ਇਹ ਕਿਸੇ ਵੀ ਪਾਕਿਸਤਾਨੀ ਗੇਂਦਬਾਜ਼ ਦਾ ਦੇਸ਼ ਤੋਂ ਬਾਹਰ ਸਰਵੋਤਮ ਪ੍ਰਦਰਸ਼ਨ ਰਿਹਾ। ਬੰਬਈ ਵਿਖੇ ਤੀਜੇ ਟੈਸਟ ਵਿੱਚ ਫਜ਼ਲ ਵਿਕਟ ਲੈਣ ਵਿੱਚ ਅਸਫਲ ਰਿਹਾ, ਪਰ ਉਸ ਨੇ ਅੱਠਵੇਂ ਨੰਬਰ ਉਤੇ ਖੇਡਦਿਆਂ 33 ਦੌੜਾਂ ਦੀ ਮਹੱਤਵਪੂਰਨ ਪਾਰੀ ਜ਼ਰੂਰ ਖੇਡੀ। ਇਹ ਟੈਸਟ ਭਾਰਤ ਨੇ ਜਿੱਤਿਆ। ਬਾਕੀ ਦੋ ਟੈਸਟ ਡਰਾਅ ਰਹੇ। ਫਜ਼ਲ ਨੇ ਆਪਣੇ ਪਹਿਲੇ ਹੀ ਦੌਰੇ ਉਤੇ ਲੜੀ ਵਿੱਚ 20 ਵਿਕਟਾਂ ਲਈਆਂ ਅਤੇ ਬੱਲੇਬਾਜ਼ ਵਜੋਂ 173 ਦੌੜਾਂ ਦਾ ਵੀ ਯੋਗਦਾਨ ਪਾਇਆ।
ਪਾਕਿਸਤਾਨ ਟੀਮ ਨੇ 1953 ਵਿੱਚ ਇੰਗਲੈਂਡ ਦਾ ਦੌਰਾ ਕੀਤਾ ਅਤੇ ਫਜ਼ਲ ਨੂੰ ਟੀਮ ਦਾ ਉਪ ਕਪਤਾਨ ਬਣਾਇਆ। ਅਬਦੁਲ ਕਾਰਦਾਰ ਕੋਲ ਕਪਤਾਨੀ ਸੀ। ਅਭਿਆਸ ਮੈਚਾਂ ਵਿੱਚ ਫਜ਼ਲ ਨੇ ਜ਼ਬਰਦਸਤ ਪ੍ਰਦਰਸ਼ਨ ਦਿਖਾਇਆ। ਵਾਰਸੈਸਟਰਸ਼ਾਇਰ ਖਿਲਾਫ 11 ਵਿਕਟਾਂ ਲਈਆਂ ਅਤੇ 67 ਦੌੜਾਂ ਬਣਾਈਆਂ, ਜਦੋਂ ਕਿ ਆਕਸਫੋਰਡ ਯੂਨੀਵਰਸਿਟੀ ਖਿਲਾਫ 68 ਵਿੱਚੋਂ 37 ਮੇਡਨ ਓਵਰ ਸੁੱਟਦਿਆਂ 7 ਵਿਕਟਾਂ ਲਈਆਂ। ਨੌਟਿੰਗਮਸ਼ਾਇਰ ਖਿਲਾਫ ਵੀ 11 ਵਿਕਟਾਂ ਲਈਆਂ। ਲਾਰਡਜ਼ ਵਿਖੇ ਪਹਿਲਾ ਟੈਸਟ ਖੇਡਿਆ ਗਿਆ। ਮੀਂਹ ਪ੍ਰਭਾਵਿਤ ਮੈਚ ਵਿੱਚ ਚਾਰ ਵਿਕਟਾਂ ਲਈਆਂ। ਦੂਜੇ ਟੈਸਟ ਵਿੱਚ ਲਾਰਡਜ਼ ਵਿਖੇ ਪਾਕਿਸਤਾਨ ਨੂੰ ਬੁਰੀ ਹਾਰ ਮਿਲੀ ਅਤੇ ਫਜ਼ਲ ਵੀ ਵਿਕਟ ਹਾਸਲ ਕਰਨ ਵਿੱਚ ਅਸਫਲ ਰਿਹਾ। ਤੀਜਾ ਟੈਸਟ ਮੀਂਹ ਕਾਰਨ ਡਰਾਅ ਰਿਹਾ ਅਤੇ ਫਜ਼ਲ ਨੇ ਚਾਰ ਵਿਕਟਾਂ ਲਈਆਂ। ਓਵਲ ਵਿਖੇ ਚੌਥਾ ਟੈਸਟ ਮੈਚ ਖੇਡਿਆ ਗਿਆ। ਇੰਗਲੈਂਡ ਦੀ ਧਰਤੀ ਉਤੇ ਪਾਕਿਸਤਾਨ ਨੇ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਅਤੇ ਇਸ ਵਿੱਚ ਫਜ਼ਲ ਨੇ 12 ਵਿਕਟਾਂ ਲੈ ਕੇ ਜਿੱਤ ਦਾ ਮੁੱਢ ਬੰਨਿ੍ਹਆ। ਦੋਵਾਂ ਪਾਰੀਆਂ ਵਿੱਚ ਛੇ-ਛੇ ਵਿਕਟਾਂ ਲਈਆਂ। ਜੇਕਰ ਕੁਝ ਕੈਚ ਨਾ ਛੁਟੇ ਹੁੰਦੇ ਤਾਂ ਫਜ਼ਲ ਦਾ ਰਿਕਾਰਡ ਹੋਰ ਵੀ ਬਿਹਤਰ ਹੋਣਾ ਸੀ। ਅਗਲੇ ਦਿਨ ਇੱਕ ਬ੍ਰਿਟਿਸ਼ ਅਖਬਾਰ ਨੇ ਸੁਰਖੀ ਲਗਾਈ ‘ਇੰਗਲੈਂਡ ਫਜ਼ਲਡ ਆਊਟ’ (ਭਾਵ ਇੰਗਲੈਂਡ ਦੀ ਟੀਮ ਨੂੰ ਫਜ਼ਲ ਨੇ ਆਊਟ ਕੀਤਾ)। ਇਸ ਤੋਂ ਬਾਅਦ ਫਜ਼ਲ ਮਹਿਮੂਦ ‘ਓਵਲ ਦੇ ਹੀਰੋ’ ਨਾਲ ਵਡਿਆਇਆ ਜਾਂਦਾ ਰਿਹਾ। ਲੜੀ ਵਿੱਚ ਫਜ਼ਲ ਨੇ 20 ਵਿਕਟਾਂ ਲਈਆਂ।
ਪਾਕਿਸਤਾਨ ਨੇ 1954-55 ਵਿੱਚ ਆਪਣੀ ਧਰਤੀ ਉਤੇ ਪਹਿਲੀ ਘਰੇਲੂ ਟੈਸਟ ਲੜੀ ਭਾਰਤ ਖਿਲਾਫ ਖੇਡੀ। ਪੰਜੇ ਮੈਚ ਡਰਾਅ ਹੋਏ। ਫਜ਼ਲ ਨੇ ਚਾਰ ਮੈਚ ਖੇਡਦਿਆਂ 15 ਵਿਕਟਾਂ ਲਈਆਂ। ਕਰਾਚੀ ਟੈਸਟ ਵਿੱਚ ਪੰਜ ਵਿਕਟਾਂ ਵੀ ਲਈਆਂ। 1955 ਦੇ ਅਖੀਰ ਵਿੱਚ ਨਿਊਜ਼ੀਲੈਂਡ ਨੇ ਪਾਕਿਸਤਾਨ ਦਾ ਦੌਰਾ ਕੀਤਾ ਅਤੇ ਪਾਕਿਸਤਾਨ ਨੇ 2-0 ਨਾਲ ਲੜੀ ਜਿੱਤੀ। ਤਿੰਨ ਟੈਸਟ ਮੈਚਾਂ ਦੀ ਲੜੀ ਵਿੱਚ ਫਜ਼ਲ ਨੇ ਦੋ ਮੈਚ ਖੇਡੇ ਅਤੇ ਪੰਜ ਵਿਕਟਾਂ ਲਈਆਂ। ਅਕਤੂਬਰ 1956 ਵਿੱਚ ਆਸਟਰੇਲੀਆ ਨੇ ਪਾਕਿਸਤਾਨ ਦਾ ਦੌਰਾ ਕੀਤਾ ਅਤੇ ਮੇਜ਼ਬਾਨ ਟੀਮ ਨੇ ਕਰਾਚੀ ਵਿਖੇ ਇਤਿਹਾਸਕ ਜਿੱਤ ਦਰਜ ਕੀਤੀ, ਜਿਸ ਵਿੱਚ ਵੀ ਫਜ਼ਲ ਨੇ 13 ਵਿਕਟਾਂ ਲੈ ਕੇ ਵੱਡਾ ਯੋਗਦਾਨ ਪਾਇਆ।
1958 ਵਿੱਚ ਪਾਕਿਸਤਾਨ ਨੇ ਵੈਸਟ ਇੰਡੀਜ਼ ਦਾ ਦੌਰਾ ਕੀਤਾ, ਜਿੱਥੇ ਭਾਵੇਂ 1-3 ਨਾਲ ਲੜੀ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਕੁਝ ਪਾਕਿਤਸਾਨੀ ਕ੍ਰਿਕਟਰਾਂ ਦੀ ਖੇਡ ਬਹੁਤ ਸਲਾਹੀ ਗਈ। ਪਾਕਿਸਤਾਨ ਦੇ ਹਨੀਫ਼ ਮੁਹੰਮਦ ਨੇ ਆਪਣੀ 337 ਦੌੜਾਂ ਦੀ ਸਰਵੋਤਮ ਪਾਰੀ ਖੇਡੀ। ਟ੍ਰਿਨੀਡਾਡ ਵਿਖੇ ਦੂਜੇ ਟੈਸਟ ਵਿੱਚ ਫਜ਼ਲ ਨੇ ਛੇ ਵਿਕਟਾਂ ਲਈਆਂ ਅਤੇ ਫੇਰ ਦਸਵੇਂ ਨੰਬਰ ਉਤੇ ਬੱਲੇਬਾਜ਼ੀ ਕਰਦਿਆਂ 60 ਦੌੜਾਂ ਬਣਾਈਆਂ, ਜੋ ਕਿ ਉਸ ਦੇ ਕਰੀਅਰ ਦਾ ਇਕਲੌਤਾ ਅਰਧ ਸੈਂਕੜਾ ਅਤੇ ਸਰਵੋਤਮ ਸਕੋਰ ਹੈ। ਟੂਰ ਉਪਰ ਫਜ਼ਲ ਨੂੰ ਬਹੁਤ ਬੱਲੇਬਾਜ਼ੀ ਕਰਨੀ ਪਈ ਅਤੇ ਉਸ ਨੇ ਕੁੱਲ 320 ਓਵਰ ਸੁੱਟੇ। ਸਾਰਾ ਭਾਰ ਉਸ ਦੇ ਮੋਢਿਆਂ ਉਪਰ ਹੀ ਸੀ। ਪਾਕਿਸਤਾਨ ਦੀ ਇਕਲੌਤੀ ਜਿੱਤ ਵਿੱਚ ਫਜ਼ਲ ਨੇ ਛੇ ਵਿਕਟਾਂ ਲੈ ਕੇ ਯੋਗਦਾਨ ਪਾਇਆ। ਟੂਰ ਉਪਰ ਫਜ਼ਲ ਨੇ 20 ਵਿਕਟਾਂ ਲਈਆਂ, ਪਰ 38/20 ਨਾਲ ਉਸ ਦੀ ਔਸਤ ਬਹੁਤ ਮਾੜੀ ਰਹੀ।
1959 ਵਿੱਚ ਵੈਸਟ ਇੰਡੀਜ਼ ਖਿਲਾਫ ਘਰੇਲੂ ਲੜੀ ਵਿੱਚ ਫਜ਼ਲ ਨੂੰ ਪਾਕਿਸਤਾਨ ਟੀਮ ਦੀ ਕਪਤਾਨੀ ਮਿਲੀ। ਪਹਿਲੇ ਮੈਚ ਵਿੱਚ ਉਸ ਨੇ ਸੱਤ ਵਿਕਟਾਂ ਲਈਆਂ। ਇਸੇ ਲੜੀ ਵਿੱਚ ਫਜ਼ਲ ਨੇ ਟੈਸਟ ਕ੍ਰਿਕਟ ਵਿੱਚ ਆਪਣੀ 100ਵੀਂ ਵਿਕਟ ਕਰਾਚੀ ਵਿਖੇ ਵੈਸਟ ਇੰਡੀਜ਼ ਦੇ ਖਿਲਾਫ ਹਾਸਲ ਕੀਤੀ। ਮਹਾਨ ਕੈਰੇਬਿਆਈ ਕ੍ਰਿਕਟਰ ਗੈਰੀ ਸੋਬਰਜ਼ ਨੂੰ ਆਊਟ ਕਰਕੇ ਫਜ਼ਲ ਵਿਕਟਾਂ ਦਾ ਸੈਂਕੜਾ ਲਗਾਉਣ ਵਾਲਾ ਪਹਿਲਾ ਪਾਕਿਸਤਾਨੀ ਗੇਂਦਬਾਜ਼ ਬਣਿਆ ਸੀ। ਇਹ ਪ੍ਰਾਪਤੀ ਉਸ ਨੇ ਮਹਿਜ਼ 22 ਟੈਸਟ ਮੈਚਾਂ ਵਿੱਚ ਹਾਸਲ ਕੀਤੀ, ਜੋ ਕਿ ਹੁਣ ਤੱਕ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਾਲਿਆਂ ਦੀ ਸੂਚੀ ਵਿੱਚ ਤੀਜੇ ਨੰਬਰ ਉਤੇ ਹੈ। ਇਸੇ ਮੈਚ ਵਿੱਚ 10 ਵਿਕਟਾਂ ਦੀ ਜਿੱਤ ਨਾਲ ਆਪਣੀ ਕਪਤਾਨੀ ਵਿੱਚ ਪਹਿਲਾ ਟੈਸਟ ਮੈਚ ਜਿੱਤਿਆ। ਢਾਕਾ (ਉਸ ਵੇਲੇ ਪੂਰਬੀ ਪਾਕਿਸਤਾਨ ਦਾ ਹਿੱਸਾ ਸੀ) ਵਿਖੇ ਤੀਜੇ ਟੈਸਟ ਵਿੱਚ ਵੀ ਪਾਕਿਸਤਾਨ ਨੇ ਜਿੱਤ ਹਾਸਲ ਕੀਤੀ ਅਤੇ ਫਜ਼ਲ ਨੇ ਆਪਣੇ ਟੈਸਟ ਕਰੀਅਰ ਵਿੱਚ ਚੌਥੀ ਵਾਰ ਇੱਕ ਮੈਚ ਵਿੱਚ 10 ਵਿਕਟਾਂ ਹਾਸਲ ਕੀਤੀਆਂ। ਆਸਟਰੇਲੀਆ ਖਿਲਾਫ ਘਰੇਲੂ ਲੜੀ ਵਿੱਚ ਭਾਵੇਂ ਪਾਕਿਸਤਾਨ ਹਾਰ ਗਿਆ, ਪਰ ਫਜ਼ਲ ਨੇ ਦੋ ਮੈਚ ਖੇਡ ਕੇ 11 ਵਿਕਟਾਂ ਲਈਆਂ। 1959 ਵਿੱਚ ਉਹ ਆਈ.ਸੀ.ਸੀ. ਦਾ ਨੰਬਰ ਇੱਕ ਗੇਂਦਬਾਜ਼ ਬਣਿਆ। 1960-61 ਵਿੱਚ ਭਾਰਤ ਦਾ ਦੌਰਾ ਕਰਦਿਆਂ ਪਾਕਿਸਤਾਨ ਨੇ ਪੰਜ ਟੈਸਟ ਖੇਡੇ ਅਤੇ ਸਾਰੇ ਡਰਾਅ ਹੋਏ। ਫਜ਼ਲ ਨੇ ਕਲਕੱਤਾ ਟੈਸਟ ਵਿੱਚ ਪੰਜ ਵਿਕਟਾਂ ਲਈਆਂ ਅਤੇ ਇਹ ਪ੍ਰਾਪਤੀ ਉਸ ਨੇ 13ਵੀਂ ਵਾਰ ਹਾਸਲ ਕੀਤੀ। ਇਸ ਲੜੀ ਵਿੱਚ ਰੱਖਿਆਤਮਕ ਖੇਡ ਕਾਰਨ ਬਹੁਤ ਆਲੋਚਨਾ ਵੀ ਹੋਈ। ਇਸੇ ਟੂਰ ਉਪਰ ਫਜ਼ਲ ਦੀ ਕਪਤਾਨੀ ਵੀ ਜਾਂਦੀ ਰਹੀ। 1962 ਵਿੱਚ ਇੰਗਲੈਂਡ ਦੌਰਾ ਉਸ ਦਾ ਆਖਰੀ ਟੂਰ ਸੀ, ਜਿੱਥੇ ਉਸ ਨੇ ਦੋ ਮੈਚ ਖੇਡੇ ਅਤੇ ਪੰਜ ਵਿਕਟਾਂ ਲਈਆਂ। ਇਸ ਟੂਰ ਉਪਰ ਉਹ ਕਾਫੀ ਮਹਿੰਗਾ ਸਾਬਤ ਹੋਇਆ।
ਫਜ਼ਲ ਮਹਿਮੂਦ ਨੇ ਆਪਣੇ ਖੇਡ ਕਰੀਅਰ ਵਿੱਚ ਪਾਕਿਸਤਾਨ ਲਈ 34 ਟੈਸਟ ਖੇਡੇ ਅਤੇ 139 ਵਿਕਟਾਂ ਹਾਸਲ ਕੀਤੀਆਂ। ਇਹ ਪਾਕਿਸਤਾਨ ਲਈ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਸੀ, ਜੋ ਕਿ ਇਮਰਾਨ ਖਾਨ ਨੇ 1982 ਵਿੱਚ ਤੋੜਿਆ। ਪਾਕਿਸਤਾਨ ਲਈ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਸਭ ਤੋਂ ਲੰਬਾ ਸਮਾਂ ਫਜ਼ਲ ਦੇ ਹੀ ਨਾਮ ਰਿਹਾ। ਉਸ ਨੇ 34 ਟੈਸਟਾਂ ਵਿੱਚ 139 ਵਿਕਟਾਂ ਲਈਆਂ, ਜਿਨ੍ਹਾਂ ਵਿੱਚ 13 ਵਾਰ ਇੱਕ ਪਾਰੀ ਵਿੱਚ ਪੰਜ ਵਿਕਟਾਂ ਅਤੇ ਚਾਰ ਵਾਰ ਇੱਕ ਮੈਚ ਵਿੱਚ 10 ਵਿਕਟਾਂ ਸ਼ਾਮਲ ਹੈ। 42 ਦੌੜਾਂ ਦੇ ਕੇ ਸੱਤ ਵਿਕਟਾਂ ਸਰਵੋਤਮ ਪ੍ਰਦਰਸ਼ਨ ਹੈ। ਬੱਲੇਬਾਜ਼ ਵਜੋਂ 14.09 ਔਸਤ ਨਾਲ ਕੁੱਲ 620 ਦੌੜਾਂ ਬਣਾਈਆਂ ਅਤੇ 60 ਸਰਵੋਤਮ ਸਕੋਰ ਸੀ। ਫਸਟ ਕਲਾਸ ਕ੍ਰਿਕਟ ਵਿੱਚ ਉਸ ਨੇ 112 ਮੈਚਾਂ ਵਿੱਚ 466 ਵਿਕਟਾਂ ਲਈਆਂ ਅਤੇ 2662 ਦੌੜਾਂ ਵੀ ਬਣਾਈਆਂ। ਫਜ਼ਲ ਨੇ ਪਾਕਿਸਤਾਨ ਵੱਲੋਂ ਖੇਡਦਿਆਂ 10 ਟੈਸਟਾਂ ਵਿੱਚ ਕਪਤਾਨੀ ਵੀ ਕੀਤੀ। ਚਾਰ ਵੱਖ-ਵੱਖ ਦੇਸ਼ਾਂ ਵਿੱਚ ਇੱਕ ਮੈਚ ਵਿੱਚ 12 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲਾ ਉਹ ਦੁਨੀਆਂ ਦਾ ਪਹਿਲਾ ਗੇਂਦਬਾਜ਼ ਹੈ। ਆਪਣੇ ਸਮੇਂ ਵਿੱਚ ਉਸ ਨੇ ਭਾਰਤ, ਇੰਗਲੈਂਡ, ਆਸਟਰੇਲੀਆ ਅਤੇ ਵੈਸਟ ਇੰਡੀਜ਼ ਵਿਖੇ ਇੱਕ ਮੈਚ ਵਿੱਚ 12 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ।
ਹਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਅਵਾ ਲਵੀਨੀਆ ਗਾਰਡਨਰ ਪੰਜਾਹ ਦੇ ਦਹਾਕੇ ਵਿੱਚ ਫਿਲਮ ‘ਭਵਾਨੀ ਜੰਕਸ਼ਨ’ ਦੀ ਸ਼ੂਟਿੰਗ ਲਈ ਲਾਹੌਰ ਆਈ ਸੀ। ਇੱਕ ਕਲੱਬ ਵਿੱਚ ਉਸਨੇ ਫਜ਼ਲ ਮਹਿਮੂਦ ਨੂੰ ਵੇਖਿਆ ਅਤੇ ਉਹ ਵੇਖਦੀ ਹੀ ਰਹਿ ਗਈ। ਉਸ ਨੇ ਫਿਰ ਇੱਛਾ ਜਤਾਈ ਕਿ ਫਜ਼ਲ ਉਸ ਦੇ ਨਾਲ ਡਾਂਸ ਕਰੇ। 1954 ਵਿੱਚ ਇੰਗਲੈਂਡ ਟੂਰ ਉਪਰ ਪਾਕਿਸਤਾਨ ਕ੍ਰਿਕਟ ਟੀਮ ਨੇ ਬਰਤਾਨੀਆ ਦੀ ਰਾਣੀ ਕੁਇਨ ਐਲਿਜ਼ਾਬੈਥ ਨਾਲ ਮੁਲਾਕਾਤ ਵੀ ਕੀਤੀ। ਕੁਇਨ ਐਲਿਜ਼ਾਬੈਥ ਨੇ ਫਜ਼ਲ ਮਹਿਮੂਦ ਨੂੰ ਦੇਖ ਕੇ ਤੁਰੰਤ ਕਿਹਾ, “ਤੁਸੀ ਪਾਕਿਸਤਾਨੀ ਨਹੀਂ ਲੱਗਦੇ, ਤੁਹਾਡੀਆਂ ਅੱਖਾਂ ਨੀਲੀਆਂ ਕਿਉਂ ਹਨ?”
ਉਸ ਜ਼ਮਾਨੇ ਵਿੱਚ ਸਿਰਫ ਫਿਲਮ ਅਭਿਨੇਤਰੀਆਂ ਹੀ ਇਸ਼ਤਿਹਾਰ ਵਿੱਚ ਆਪਣੇ ਹੁਸਨ ਦਾ ਰਹੱਸ ਦੱਸ ਕੇ ਬਿਊਟੀ ਪ੍ਰੋਡਕਟ ਦੀਆਂ ਮਸ਼ਹੂਰੀਆਂ ਕਰਦੀਆਂ ਸਨ। ਜਦੋਂ ਇਨ੍ਹਾਂ ਕੰਪਨੀਆਂ ਦੀ ਨਜ਼ਰ ਪਾਕਿਸਤਾਨ ਦੇ ਇਸ ਨੌਜਵਾਨ ਸੁਨੱਖੇ ਕ੍ਰਿਕਟਰ ਉੱਪਰ ਪਈ ਤਾਂ ਉਹ ਗੋਰੇ ਨਿਛੋਹ ਰੰਗ ਅਤੇ ਨੀਲੀਆਂ ਝੀਲ ਦੇ ਪਾਣੀ ਵਰਗੀਆਂ ਅੱਖਾਂ ਵਾਲੇ ਫਜ਼ਲ ਮਹਿਮੂਦ ਦੀ ਸ਼ਖਸੀਅਤ ਤੋਂ ਉਸ ਵੱਲ ਖਿੱਚੇ ਗਏ। ਇਸ਼ਤਿਹਾਰੀ ਕੰਪਨੀਆਂ ਨੇ ਫਜ਼ਲ ਮਹਿਮੂਦ ਦੀ ਪ੍ਰਸਿੱਧੀ ਤੋਂ ਲਾਹਾ ਲੈਣ ਲਈ ਉਸ ਨੂੰ ਬਰਲ ਕਰੀਮ ਦੇ ਇਸ਼ਤਿਆਰ ਲਈ ਮਾਡਲ ਵਜੋਂ ਲਿਆ। ਫਜ਼ਲ ਪਾਕਿਸਤਾਨ ਦਾ ਪਹਿਲਾ ਖਿਡਾਰੀ ਹੈ, ਜੋ ਮਾਡਲ ਵੀ ਬਣਿਆ। ਫਜ਼ਲ ਨੂੰ ਪਾਕਿਸਤਾਨੀ ਤੇ ਵਿਦੇਸ਼ੀ ਫਿਲਮਕਾਰਾਂ ਵੱਲੋਂ ਫਿਲਮਾਂ ਲਈ ਕਈ ਆਫ਼ਰ ਆਈ, ਪਰ ਉਸ ਨੇ ਆਪਣੀ ਪਹਿਲੀ ਤਰਜੀਹ ਕ੍ਰਿਕਟ ਹੀ ਰੱਖੀ।
ਫ਼ਿਲਮੀ ਅਭਿਨੇਤਰੀ ਤੇ ਮਸ਼ਹੂਰੀ ਕੰਪਨੀਆਂ ਤੋਂ ਇਲਾਵਾ ਸ਼ਾਇਰ/ਕਵੀ ਵੀ ਫਜ਼ਲ ਮਹਿਮੂਦ ਦੀ ਪ੍ਰਸਿੱਧੀ ਤੋਂ ਬਹੁਤ ਪ੍ਰਭਾਵਿਤ ਸਨ। ਉਰਦੂ ਦੇ ਮਸ਼ਹੂਰ ਸ਼ਾਇਰ ਮਜੀਦ ਅਮਜਦ ਨੇ 1955 ਵਿੱਚ ਕਵਿਤਾ ‘ਆਟੋਗ਼ਰਾਫ’ ਵਿੱਚ ਫਜ਼ਲ ਮਹਿਮੂਦ ਦੀ ਤਾਰੀਫ਼ ਵਿੱਚ ਲਿਖਿਆ,
ਵੋ ਬਾਉਲਰ ਏਕ, ਮਿਹਵਸ਼ੋ ਕੇ ਜੰਮਘਟੋਂ ਮੇਂ ਘਿਰ ਗਿਆ
ਵੋ ਸਫ਼ੇ ਬਿਆਜ਼ ਪਰ ਬਸਦ ਗ਼ਰੂਰ ਕਲਕੇ ਗੋਹਰੀਂ ਫਿਰੀ
ਹਸੀਂ ਖਿਲਖਿਲਾਵਟੋਂ ਕੇ ਦਰਮਿਆਂ ਵਿੱਟ ਗਿਰੀ।
ਫਜ਼ਲ ਨੇ ਇਸਲਾਮੀਆ ਕਾਲਜ ਤੋਂ ਗਰੈਜੂਏਸ਼ਨ ਕੀਤੀ ਅਤੇ ਫੇਰ ਪੰਜਾਬ ਯੂਨੀਵਰਸਿਟੀ ਤੋਂ ਸਮਾਜਿਕ ਗਿਆਨ ਵਿੱਚ ਐਮ.ਏ. ਕੀਤੀ। ਉਸ ਨੇ ਕ੍ਰਿਕਟ ਖੇਡਣ ਤੋਂ ਬਾਅਦ ਪੁਲਿਸ ਅਫਸਰ ਵਜੋਂ ਵੀ ਸੇਵਾਵਾਂ ਨਿਭਾਈਆਂ ਅਤੇ ਉਹ ਡੀ.ਆਈ.ਜੀ. ਦੇ ਅਹੁਦੇ ਤੋਂ ਰਿਟਾਇਰ ਹੋਏ। ਫਜ਼ਲ ਨੇ ਦੋ ਕਿਤਾਬਾਂ ਵੀ ਲਿਖੀਆਂ ਹਨ, ਜਿਨ੍ਹਾਂ ਵਿੱਚ ਉਸ ਦੀ ਸਵੈ-ਜੀਵਨੀ ‘ਫਰੌਮ ਡਸਕ ਟੂ ਡਾਅਨ’ ਵੀ ਸ਼ਾਮਲ ਹੈ।
ਫਜ਼ਲ ਨੂੰ ਉਸ ਦੀਆਂ ਖੇਡ ਪ੍ਰਾਪਤੀਆਂ ਕਾਰਨ ਪਾਕਿਸਤਾਨ ਸਰਕਾਰ ਨੇ 1958 ਵਿੱਚ ‘ਪ੍ਰਾਈਡ ਆਫ਼ ਪਰਫਾਰਮੈਂਸ’ ਅਤੇ 2012 ਵਿੱਚ ਮਰਨ ਉਪਰੰਤ ‘ਹਿਲਾਲ-ਏ-ਇਮਤਿਆਜ਼’ ਦੇ ਪੁਰਸਕਾਰ ਨਾਲ ਸਨਮਾਨਿਆ। 1955 ਵਿੱਚ ਵਿਜ਼ਡਨ ਨੇ ਫਜ਼ਲ ਨੂੰ ਸਾਲ ਦੇ ਪੰਜ ਸਰਵੋਤਮ ਖਿਡਾਰੀਆਂ ਵਿੱਚ ਗਿਣਿਆ। ਇਹ ਸਨਮਾਨ ਹਾਸਲ ਕਰਨ ਵਾਲਾ ਉਹ ਪਹਿਲਾ ਪੰਜਾਬੀ ਕ੍ਰਿਕਟਰ ਸੀ। ਗੇਂਦ ਉੱਪਰ ਆਪਣੀ ਜ਼ਬਰਦਸਤ ਕੰਟਰੋਲ ਅਤੇ ਪਿੱਚ ਉਤੇ ਮੂਵਮੈਂਟ ਕਰਵਾਉਣ ਦੇ ਧਨੀ ਫਜ਼ਲ ਨੂੰ 1955 ਵਿਜ਼ਡਨ ਨੇ ‘ਕਟਰਜ਼ ਆਫ਼ ਦੀ ਯੀਅਰ’ ਦਾ ਖਿਤਾਬ ਦਿੱਤਾ ਗਿਆ। ਆਈ.ਸੀ.ਸੀ. ਦੀ ਦਰਜਾਬੰਦੀ ਵਿੱਚ ਉਹ ਇੱਕ ਮੌਕੇ ਨੰਬਰ ਇੱਕ ਗੇਂਦਬਾਜ਼ ਵੀ ਬਣਿਆ।
ਫਜ਼ਲ ਮਹਿਮੂਦ ਤੇਜ਼ ਗੇਂਦਬਾਜ਼ ਦੇ ਨਾਲ ਹਰਫਨਮੌਲਾ ਖਿਡਾਰੀ ਵੀ ਸੀ, ਜਿਹੜਾ ਲੋੜ ਪੈਣ ਉੱਤੇ ਬੱਲੇਬਾਜ਼ੀ ਵੀ ਕਰ ਲੈਂਦਾ ਸੀ। ਉਹ ਗੇਂਦਬਾਜ਼ ਆਲਰਾਊਂਡਰ ਸੀ। ਫਜ਼ਲ ਮਹਿਮੂਦ ਆਪਣੇ ਜ਼ਮਾਨੇ ਦੇ ਗੇਂਦਬਾਜ਼ਾਂ- ਖਾਨ ਮੁਹੰਮਦ ਅਤੇ ਮਹਿਮੂਦ ਹੁਸੈਨ ਦੇ ਉਲਟ ਤੇਜ਼ ਗੇਂਦਬਾਜ਼ੀ ਕਰਦਾ ਸੀ। ਉਸ ਨੂੰ ਸਵਿੰਗ ਤੇ ਆਫ ਕਟਰ ਸੁੱਟਣ ਵਿੱਚ ਮੁਹਾਰਤ ਹਾਸਲ ਸੀ। ਉਸ ਦੀ ਲੈਗ ਕਟਰ ਵੀ ਕਮਾਲ ਦੀ ਗੇਂਦ ਹੁੰਦੀ ਸੀ। ਉਹ ਪੁਰਾਣੀ ਗੇਂਦ ਨਾਲ ਵੀ ਸ਼ਾਨਦਾਰ ਸਵਿੰਗ ਕਰ ਲੈਂਦਾ ਸੀ, ਜਿਸ ਤੋਂ ਬਾਅਦ ਪਾਕਿਸਤਾਨੀ ਤੇਜ਼ ਗੇਂਦਬਾਜ਼ ਕੁੱਲ ਦੁਨੀਆਂ ਵਿੱਚ ਆਪਣੀ ਇਸ ਕਲਾ ਨਾਲ ਮਕਬੂਲ ਹੋਏ। ਮਹਾਨ ਕ੍ਰਿਕਟਰ 78 ਵਰਿ੍ਹਆਂ ਦੀ ਉਮਰੇ ਅਲਵਿਦਾ ਆਖ ਗਿਆ। ਫਜ਼ਲ ਮਹਿਮੂਦ ਦਾ ਇੰਤਕਾਲ 30 ਮਈ 2005 ਨੂੰ ਲਾਹੌਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਹੋਇਆ। ਉਸ ਦੇ ਸਹੁਰਾ ਪਰਿਵਾਰ ਵਿੱਚ ਮੁਹੰਮਦ ਸਈਅਦ ਤੇ ਯਾਵਰ ਸਈਅਦ ਨੇ ਫਸਟ ਕਲਾਸ ਕ੍ਰਿਕਟ ਖੇਡੀ।

Leave a Reply

Your email address will not be published. Required fields are marked *