ਸੰਸਾਰ ਸਿਆਸਤ ਵਿੱਚ ਨਵੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ

ਸਿਆਸੀ ਹਲਚਲ ਖਬਰਾਂ

ਟਰੰਪ ਦੀ ਦੂਜੀ ਟਰਮ…
*ਜੰਗਾਂ ਦੇ ਭੰਨੇ ਲੋਕਾਂ ਨੂੰ ਵੱਡੀਆਂ ਉਮੀਦਾਂ
ਜਸਵੀਰ ਸਿੰਘ ਮਾਂਗਟ
20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਅਹੁਦਾ ਸੰਭਾਲ ਲੈਣਾ ਹੈ। ਰੂਸ-ਯੂਕਰੇਨ ਅਤੇ ਪੱਛਮੀ ਏਸ਼ੀਆ ਵਿੱਚ ਗਾਜ਼ਾ ਵਰਗੇ ਖਿੱਤੇ ਆਪਣੇ ਜੰਗ ਤੋਂ ਛੁਟਕਾਰੇ ਲਈ ਉਨ੍ਹਾਂ ਦੀ ਆਮਦ ਦੀ ਤੱਦੀ ਨਾਲ ਉਡੀਕ ਕਰ ਰਹੇ ਹਨ। ਖਾਸ ਕਰਕੇ ਯੂਕਰੇਨ ਜੰਗ ‘ਤੇ ਡੋਨਾਲਡ ਟਰੰਪ ਦੇ ਆਉਣ ਨਾਲ ਵਾਹਵਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਉਹ ਆਪਣੇ ਮੁਲਕ ਵਿੱਚ ਹੀ ਵੱਸਦੇ ਵੱਖ-ਵੱਖ ਨਸਲੀ, ਧਾਰਮਿਕ ਅਤੇ ਵਿਸ਼ੇਸ਼ ਕਰਕੇ ਰੰਗ-ਭੇਦ ਆਧਾਰਤ ਭਾਈਚਾਰਿਆਂ ਨਾਲ ਕੀ ਸਲੂਕ ਕਰਦੇ ਹਨ, ਇਹਦੇ ਉੱਪਰ ਵੀ ਦੁਨੀਆਂ ਭਰ ਦੇ ਲੋਕਾਂ ਦੀ ਨਜ਼ਰ ਰਹੇਗੀ।

ਡੋਨਾਲਡ ਟਰੰਪ ਦੇ ਪਿਛਲੇ ਕਾਰਜਕਾਲ ਸਮੇਂ ਇੱਕ ਕਾਲੇ ਵਿਅਕਤੀ ਜੌਰਜ ਫਲੋਇਡ ਦੀ ਗੋਰੇ ਅਮਰੀਕਨ ਪੁਲਿਸ ਅਫਸਰ ਡੈਰਿਕ ਚੁਵਿਨ ਨੇ ਹੱਤਿਆ ਕਰ ਦਿੱਤੀ ਸੀ। ਅਮਰੀਕੀ ਪੁਲਿਸ ਅਫਸਰ ਵੱਲੋਂ ਧੌਣ ‘ਤੇ ਗੋਡਾ ਰੱਖ ਕੇ ਕੀਤੀ ਗਈ ਇਸ ਹੱਤਿਆ ਦੇ ਪ੍ਰਤੀਕਰਮ ਵਜੋਂ ਇੱਕ ਵੱਡੀ ਪ੍ਰਤੀਰੋਧੀ ਜਨਤਕ ਲਹਿਰ ‘ਬਲੈਕ ਲਾਈਫ ਮੈਟਰਜ਼’ ਖੜ੍ਹੀ ਹੋ ਗਈ ਸੀ। ਜਿਸ ਦੇ ਵਿਆਪਕ ਹੋਣ ‘ਤੇ ਇੱਕ ਵਾਰ ਤਾਂ ਇੰਜ ਲੱਗਣ ਲੱਗਾ ਸੀ ਕਿ ਅਮਰੀਕੀ ਗੋਰਿਆਂ ਅਤੇ ਰੰਗਦਾਰ ਭਾਈਚਾਰਿਆਂ ਵਿਚਕਾਰ ਡੂੰਘੀ ਤਰ੍ਹਾਂ ਵੰਡਿਆ ਜਾਵੇਗਾ; ਪਰ ਸੰਬੰਧਤ ਦੋਸ਼ੀ ਅਫਸਰ ਦੀ ਗ੍ਰਿਫਤਾਰੀ ਅਤੇ ਬਾਅਦ ਵਿੱਚ ਸਜ਼ਾ ਨੇ ਇਸ ਲਹਿਰ ਨੂੰ ਮੱਠਾ ਪਾ ਦਿੱਤਾ ਸੀ। ਖਾਸ ਕਰਕੇ ਲਿਬਰਲ ਰਾਸ਼ਟਰਪਤੀ ਜੋਅ ਬਾਇਡਨ ਦੇ ਆਉਣ ਤੋਂ ਬਾਅਦ ਅਮਰੀਕਾ ਦੇ ਅੰਦਰਲੀ ਇਹ ਦੁਫੇੜ ਕਾਫੀ ਮੱਧਮ ਪੈ ਗਈ ਲਗਦੀ ਸੀ।
ਅਮਰੀਕਾ ਦੀਆਂ ਪਿਛਲੀਆਂ ਆਮ ਚੋਣਾਂ ਵਿੱਚ ਹਮਾਤੜ੍ਹ ਕਲਮ ਘਸੀਟਾਂ ਨੇ ਵੀ ਟਰੰਪ ਦੇ ਖਿਲਾਫ ਇੱਕ ਮੁਹਿੰਮ ਚਲਾਈ ਸੀ ਅਤੇ ਜੋਅ ਬਾਇਡਨ ਦੇ ਆਉਣ ‘ਤੇ ਇੱਕ ਰਾਹਤ ਮਹਿਸੂਸ ਕੀਤੀ ਸੀ। ਪੰਜਾਬੀ/ਭਾਰਤੀ ਪਰਵਾਸੀ ਵੱਡੀ ਗਿਣਤੀ ਵਿੱਚ ਅਮਰੀਕਾ-ਕੈਨੇਡਾ ‘ਚ ਵੱਸਦੇ ਹਨ। ਇਸ ਲਈ ਅਮਰੀਕਾ ਅਤੇ ਕੈਨੇਡਾ ਦੀ ਸਿਆਸਤ ਵਿੱਚ ਅਕਸਰ ਦਿਲਚਸਪੀ ਬਣੀ ਰਹਿੰਦੀ ਹੈ। ਉਂਝ ਵੀ ਜਿੰਨੀ ਗੂੜ੍ਹੀ ਤਰ੍ਹਾਂ ਹੁਣ ਸੰਸਾਰ ਦਾ ਮਨੁੱਖੀ ਭਾਈਚਾਰਾ ਸੂਚਨਾ ਤਕਨੀਕਾਂ ਦੇ ਜ਼ਰੀਏ ਅਤੇ ਆਰਥਿਕਤਾ ਦੇ ਸੰਸਾਰੀਕਰਣ ਦੇ ਸਿੱਟੇ ਵਜੋਂ ਆਪਸ ਵਿੱਚ ਜੁੜ ਗਿਆ ਹੈ, ਇਸ ਨਾਲ ਛੋਟੀ ਤੋਂ ਛੋਟੀ ਘਟਨਾ ਵੀ ਹੁਣ ਸਾਰੀ ਦੁਨੀਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾਵਤ ਕਰਦੀ ਹੈ। ਦੁਨੀਆਂ ਦੇ ਹਰ ਕੋਨੇ ਵਿੱਚ ਵੱਸਦਾ ਬੰਦਾ ਇਨ੍ਹਾਂ ਘਟਨਾਵਾਂ ਦੇ ਪ੍ਰਭਾਵ ਮਹਿਸੂਸ ਕਰਦਾ ਹੈ।
ਜੋਅ ਬਾਇਡਨ ਆਖਣ ਨੂੰ ਲਿਬਰਲ ਸਿਆਸਤ ਦਾ ਅਲੰਬਰਦਾਰ ਹੈ, ਪਰ ਉਸ ਨੇ ਦੁਨੀਆਂ ਵਿੱਚ ਜੰਗਾਂ ਅਤੇ ਕਲੇਸ਼ਾਂ ਨੂੰ ਹਵਾ ਦਿੱਤੀ। ਯੂਕਰੇਨ ਨੂੰ ਜੰਗ ਲਈ ਉਕਸਾਇਆ, ਪੈਸੇ ਦਿੱਤੇ ਅਤੇ ਉਨ੍ਹਾਂ ਪੈਸਿਆਂ ਦੇ ਫਿਰ ਹਥਿਆਰ ਵੀ ਆਪਣੇ ਕੋਲੋਂ ਦਿੱਤੇ। ਕਹਿੰਦੇ ਹਨ ਕਿ ਅਮਰੀਕਾ ਵਿੱਚ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਸਿਆਸੀ ਤੌਰ ‘ਤੇ ਕਾਫੀ ਮਜਬੂਤ ਹਨ। ਸੈਨੇਟ ਵਿੱਚ ਵੀ ਉਨ੍ਹਾਂ ਦਾ ਕਾਫੀ ਪ੍ਰਭਾਵ ਹੈ। ਇਸ ਤਰ੍ਹਾਂ ਰੂਸ ਅਤੇ ਗਾਜ਼ਾ ਦੀ ਜੰਗ ਰਾਹੀਂ ਅਮਰੀਕਾ ਨੂੰ ਆਪਣੀ ਫੌਜੀ ਸਨਅਤ ਨੂੰ ਮਜਬੂਤ ਕਰਨ ਦਾ ਮੌਕਾ ਮਿਲਿਆ। ਚਿੜੀਆਂ ਦਾ ਮਰਨ, ਗੰਵਾਰਾਂ ਦਾ ਹਾਸਾ!
ਕੌਮਾਂਤਰੀ ਸਿਆਸੀ ਮਾਮਲਿਆਂ ‘ਤੇ ਸ਼ਿੱਦਤ ਨਾਲ ਨਜ਼ਰ ਰੱਖਣ ਵਾਲੇ ਪੰਜਾਬੀ ਚਿੰਤਕ ਡਾ. ਸਵਰਾਜ ਸਿੰਘ ਅਮਰੀਕਾ ਦੀ ਅਲੋਚਨਾ ਕਰਦਿਆਂ ਅਤੇ ਰੂਸ ਦਾ ਪੱਖ ਪੂਰਦਿਆਂ ਕਈ ਵਾਰ ਉਲਾਰ ਹੋ ਜਾਂਦੇ ਹਨ। ਫਿਰ ਵੀ ਰੂਸ-ਯੂਕਰੇਨ ਜੰਗ ਬਾਰੇ ਉਨ੍ਹਾਂ ਦੇ ਕੁਝ ਵਿਚਾਰ ਗੰਭੀਰਤਾ ਨਾਲ ਸੁਣਨ ਵਾਲੇ ਹਨ। ਉਨ੍ਹਾਂ ਦਾ ਮੰਨਣਾ ਹੈ, ਯੂਕਰੇਨ ਜੰਗ ਰੂਸ ਨੇ ਨਹੀਂ, ਸਗੋਂ ਅਮਰੀਕਾ ਅਤੇ ਹੋਰ ਪੱਛਮੀ ਮੁਲਕਾਂ ਨੇ ਸ਼ੁਰੂ ਕਰਵਾਈ ਹੈ। ਕੁਝ ਕੌਮਾਂਤਰੀ ਸੰਧੀਆਂ ਵਿੱਚ ਪੱਛਮ ਨੂੰ, ਰੂਸ ਨਾਲੋਂ ਸੋਵੀਅਤ ਯੂਨੀਅਨ ਦੇ ਬਿਖਰਨ ਵੇਲੇ ਟੁੱਟੇ ਕਈ ਮੁਲਕਾਂ ਨੂੰ ਨਾਟੋ ਦਾ ਹਿੱਸਾ ਬਣਾਉਣ ਤੋਂ ਵਰਜਿਆ ਗਿਆ ਸੀ; ਪਰ ਅਮਰੀਕਾ ਅਤੇ ਪੱਛਮੀ ਮੁਲਕਾਂ ਨੇ ਯੂਕਰੇਨ ਅਤੇ ਪੋਲੈਂਡ ਜਿਹੇ ਮੁਲਕਾਂ ਤੱਕ ਨਾਟੋ ਦੇ ਫੌਜੀ ਪੈਰ ਪਸਾਰਨ ਦੇ ਯਤਨ ਕੀਤੇ। ਰੂਸ ਨੂੰ ਇਹ ਸ਼ੰਕਾ ਹੈ ਕਿ ਜੇ ਯੂਕਰੇਨ ਵੀ ਨਾਟੋ ਦਾ ਹਿੱਸਾ ਬਣ ਜਾਂਦਾ ਹੈ ਤਾਂ ਨਾਟੋ ਦੀਆਂ ਫੌਜਾਂ ਰੂਸ ਦੇ ਬਾਰਡਰ ਤੱਕ ਅੱਪੜ ਜਾਣਗੀਆਂ। ਰੂਸ ਦੀ ਇੱਛਾ ਹੈ ਕਿ ਯੂਕਰੇਨ ਇੱਕ ਨਿਊਟਰਲ ਮੁਲਕ ਵਜੋਂ ਵਿਚਰੇ ਤਾਂ ਕਿ ਨਾਟੋ ਅਤੇ ਰੂਸੀ ਸਰਹੱਦ ਵਿਚਾਲੇ ਇੱਕ ਬਫ਼ਰ ਜ਼ੋਨ ਬਣਿਆ ਰਹੇ। ਜੋਅ ਬਾਇਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਨੇ ਮੁੜ ਇਨ੍ਹਾਂ ਮੁਲਕਾਂ ਵਿੱਚ ਦਖਲ ਵਧਾਉਣਾ ਆਰੰਭ ਕਰ ਦਿੱਤਾ ਤੇ ਸਿੱਟਾ ਯੂਕਰੇਨ ਜੰਗ ਵਿੱਚ ਨਿਕਲਿਆ। ਇੰਜ ਅਮਰੀਕਾ ਦੀ ਸਾਰੇ ਸੰਸਾਰ ਦੀ ਲੰਬੜਦਾਰੀ ਦੀ ਇੱਛਾ ਜੰਗ ਦਾ ਕਾਰਨ ਬਣ ਗਈ। ਉਂਝ ਰੂਸ ਨੂੰ ਇਸ ਮਾਮਲੇ ਵਿੱਚ ਬਿਲਕੁਲ ਸੁਰਖ਼ਰੂ ਨਹੀਂ ਕੀਤਾ ਜਾ ਸਕਦਾ। ਪੂਤਿਨ ਨੇ ਬਿਲਕੁਲ ਇੱਕ ਤਾਨਾਸ਼ਾਹ ਵਾਂਗ ਹੀ ਗਲਤ ਗਿਣਤੀਆਂ-ਮਿਣਤੀਆਂ ਅਧੀਨ ਯੂਕਰੇਨ ‘ਤੇ ਹਮਲਾ ਕੀਤਾ। ਉਸ ਨੂੰ ਆਸ ਨਹੀਂ ਸੀ ਕਿ ਅਮਰੀਕਾ ਅਤੇ ਹੋਰ ਪੱਛਮੀ ਮੁਲਕ ਇਸ ਕਦਰ ਯੂਕਰੇਨ ਦੇ ਪੱਖ ਵਿੱਚ ਆ ਜਾਣਗੇ ਤੇ ਜੰਗ ਇੰਨੀ ਲੰਬੀ ਲਟਕ ਜਾਵੇਗੀ।
ਡੋਨਾਲਡ ਟਰੰਪ ਦੇ ਪਿਛਲੇ ਕਾਰਜਕਾਲ ਵੇਲੇ ਕੋਵਿਡ ਨਾਲ ਨਜਿੱਠਣ ਵਿੱਚ ਕੀਤੀਆਂ ਗਈਆਂ ਅਣਗਹਿਲੀਆਂ, ਸਰਕਾਰ ਵਿਰੁਧ ਨਸਲੀ ਪੱਖ-ਪਾਤ ਕੀਤੇ ਜਾਣ ਕਾਰਨ ਹੋਏ ਪ੍ਰਦਰਸ਼ਨਾਂ ਅਤੇ ਪੈਰਿਸ ਕਲਾਈਮੇਟ ਐਗਰੀਮੈਂਟ ਵਿੱਚ ਪੈਰ ਪਿੱਛੇ ਖਿੱਚ ਲੈਣ ਨੇ ਅਮਰੀਕਾ ਦਾ ਸੰਸਾਰ ਤਾਕਤ ਵਜੋਂ ਅਕਸ ਇੱਕ ਸੁੰਗੜਦੇ ਸਾਮਰਾਜ ਵਾਲਾ ਬਣਾ ਦਿੱਤਾ ਸੀ। ਅਮਰੀਕਾ ਦੇ ਇਸ ਕੌਮਾਂਤਰੀ ਅਕਸ ਨੂੰ ਬਾਇਡਨ ਨੇ ਸੁਧਾਰਿਆ ਜ਼ਰੂਰ, ਪਰ ਜੰਗਾਂ ਦੀ ਦੁਨੀਆਂ ਦੇ ਤਕਰੀਬਨ ਸਾਰੇ ਮੁਲਕਾਂ ਨੂੰ ਇੱਕ ਵੱਡੀ ਕੀਮਤ ਤਾਰਨੀ ਪਈ। ਦੇਸ਼ਾਂ ਦੀਆਂ ਕਰੰਸੀਆਂ ਦੀ ਵੈਲਿਊ ਘਟਣ ਲੱਗੀ ਅਤੇ ਸੰਸਾਰ ਵਪਾਰ ਦੀਆਂ ਸਪਲਾਈ ਚੇਨਾਂ ਵਿੱਚ ਪੈਣ ਵਾਲੇ ਵਿਘਨਾਂ ਕਾਰਨ ਬੁਨਿਆਦੀ ਜ਼ਰੂਰਤਾਂ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਧਣ ਲੱਗੀਆਂ। ਮਸਲਨ ਯੂਕਰੇਨ ਦੀ ਕਣਕ ਦੀ ਸਪਲਾਈ ਰੁਕਣ ਕਾਰਨ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧ ਗਈਆਂ। ਇਸ ਤੋਂ ਇਲਾਵਾ ਕੱਚੇ ਤੇਲ ਅਤੇ ਹੋਰ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਵਿੱਚ ਵੀ ਵੱਡੇ ਵਿਘਨ ਪਏ। ਇਸ ਨਾਲ ਤੇਲ ਦੀਆਂ ਕੀਮਤਾਂ ਵਧ ਗਈਆਂ ਅਤੇ ਇਸ ਨੇ ਬਾਕੀ ਸਾਰੀਆਂ ਵਸਤਾਂ ਦੀਆਂ ਕੀਮਤਾਂ ਵਧਾ ਦਿੱਤੀਆਂ। ਇਸ ਵਰਤਾਰੇ ਦੇ ਅਸਰ ਸੰਸਾਰ ਭਰ ਦੇ ਲੋਕਾਂ ਵਿੱਚ ਮਹਿਸੂਸ ਕੀਤੇ ਗਏ। ਇਨ੍ਹਾਂ ਕਾਰਨਾਂ ਕਰਕੇ ਹੀ ਅਮਰੀਕਾ ਦੇ ਆਮ ਲੋਕ ਜੋਅ ਬਾਇਡਨ ਅਤੇ ਲਿਬਰਲ ਪਾਰਟੀ, ਲੋਕਾਂ ਦੇ ਮਨੋਂ ਲੱਥ ਗਏ। ਸਾਰਾ ਯੂਰਪ ਅਤੇ ਅਮਰੀਕਾ ਯੂਕਰੇਨ ਵਿੱਚ ਜੰਗ ਲਈ ਪੂਤਿਨ ਦੀ ਤਾਨਾਸ਼ਾਹ ਸੱਤਾ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ, ਪਰ ਮੇਰੇ ਹਿਸਾਬ ਨਾਲ ਜੋਅ ਬਾਇਡਨ ਪੂਤਿਨ ਨਾਲੋਂ ਇਸ ਜੰਗ ਲਈ ਵਧੇਰੇ ਜ਼ਿੰਮੇਵਾਰ ਰਿਹਾ। ਡੋਨਾਲਡ ਟਰੰਪ ਨੇ ਆਪਣੀ ਪਿਛਲੀ ਟਰਮ ਵਿੱਚ ਪੱਛਮੀ ਮੁਲਕਾਂ ਦੇ ਫੌਜੀ ਗੱਠਜੋੜ ਨਾਟੋ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਹਾਲੇ ਵੀ ਕਹਿ ਰਹੇ ਹਨ ਕਿ ਜੇ ਨਾਟੋ ਗੱਠਜੋੜ ਨੇ ਬਣੇ ਰਹਿਣਾ ਹੈ ਤਾਂ ਇਹਦੇ ਲਈ ਯੂਰਪੀ ਮੁਲਕਾਂ ਨੂੰ ਬਰਾਬਰ ਦੇ ਵਿੱਤੀ ਸਰੋਤ ਪ੍ਰਦਾਨ ਕਰਨੇ ਪੈਣਗੇ। ਟਰੰਪ ਨੇ ਇਹ ਵੀ ਕਿਹਾ ਕਿ ਰੂਸ ਦੀ ਨਾਟੋ ਤੋਂ ਖਤਰੇ ਦੀ ਭਾਵਨਾ ਵੀ ਉਹ ਸਮਝਦੇ ਹਨ। ਇਨ੍ਹਾਂ ਦੋਹਾਂ ਲੀਡਰਾਂ ਦੀ ਆਪਸ ਵਿੱਚ ਕਾਫੀ ਨੇੜਤਾ ਹੈ। ਸੱਜੇ ਪੱਖੀ ਹੋਣ ਕਾਰਨ, ਵਿਚਾਰਧਾਰਾ ਪੱਖੋਂ ਵੀ ਇੱਕ ਦੂਜੇ ਦੇ ਨੇੜੇ ਲਗਦੇ ਹਨ। ਇਸ ਦਾ ਸੰਸਾਰ ਵਿੱਚ ਜੰਗਾਂ ਨੂੰ ਰੋਕਣ ਅਤੇ ਅਮਨ ਅਮਾਨ ਕਾਇਮ ਕਰਨ ਵਿੱਚ ਕਿੰਨਾ ਕੁ ਲਾਭ ਹੁੰਦਾ ਹੈ, ਇਹਦੇ ਬਾਰੇ ਹੁਣੇ ਤੋਂ ਕੁਝ ਨਹੀਂ ਕਿਹਾ ਜਾ ਸਕਦਾ। ਇਵੇਂ ਟਰੰਪ ਬਾਰੇ ਵੀ ਕੁਝ ਪੱਕ ਨਾਲ ਨਹੀਂ ਕਿਹਾ ਜਾ ਸਕਦਾ ਕਿ ਉਹ ਕੀ ਕਰਨਗੇ। ਉਂਝ ਇਸ ਵਾਰ ਉਹ ਅਮਰੀਕਾ ਵਿੱਚ ਵੱਸਦੇ ਰੰਗ-ਬਰੰਗੇ ਅਤੇ ਕਾਲਿਆਂ ਦੇ ਭਾਈਚਾਰਿਆਂ ਪ੍ਰਤੀ ਵੀ ਹਾਂ-ਪੱਖੀ ਰੁਖ ਅਪਨਾਉਣ ਦੇ ਸੰਕੇਤ ਦੇ ਰਹੇ ਹਨ। ਇਸ ਤਰ੍ਹਾਂ ਜੇ ਉਹ ਦੇਸ਼ ਅੰਦਰਲੇ ਅਤੇ ਬਾਹਰਲੇ ਕਲੇਸ਼ੀ ਮਾਹੌਲ ਨੂੰ ਸਾਂਤ ਕਰਨ ਦਾ ਯਤਨ ਕਰਦੇ ਹਨ ਤੇ ਇਸ ਵਿੱਚ ਸਫਲ ਵੀ ਹੋ ਜਾਂਦੇ ਹਨ ਤਾਂ ਇਹ ਸੰਸਾਰ ਸਿਆਸਤ ਵਿੱਚ ਉਨ੍ਹਾਂ ਦੀ ਇਤਿਹਾਸਕ ਪ੍ਰਾਪਤੀ ਹੋਏਗੀ। ਉਂਝ ਵੀ ਉਹ ਕਾਰੋਬਾਰੀ ਹੋਣ ਕਾਰਨ ਆਪਣੇ ਆਪ ਨੂੰ ‘ਡੀਲ ਮੇਕਰ’ ਕਹਿਣਾ ਪਸੰਦ ਕਰਦੇ ਹਨ। ਆਪਣੇ ਇਸ ਕਾਰਜਕਾਲ ਵਿੱਚ ਜੇ ਉਹ ਗਾਜ਼ਾ ਅਤੇ ਯੂਕਰੇਨ ਜੰਗ ਦੇ ਮਾਮਲੇ ਵਿੱਚ ਸਫਲ ‘ਡੀਲ ਮੇਕਰ’ ਸਾਬਤ ਹੁੰਦੇ ਹਨ ਤਾਂ ਦੁਨੀਆਂ ਉਨ੍ਹਾਂ ਨੂੰ ਦੇਰ ਤੱਕ ਯਾਦ ਰੱਖੇਗੀ।

Leave a Reply

Your email address will not be published. Required fields are marked *