ਪੰਜਾਬ ਵਿੱਚ ਜਾਤੀ ਕਲੇਸ਼ ਕਰਵਾਉਣ ਦੀ ਸਾਜ਼ਿਸ਼?

ਸਿਆਸੀ ਹਲਚਲ ਖਬਰਾਂ

ਅੰਮ੍ਰਿਤਸਰ ਵਿੱਚ ਡਾ. ਅੰਬੇਦਕਰ ਦਾ ਬੁੱਤ ਤੋੜਨ ਦਾ ਯਤਨ
ਵਿਧਾਨ ਸਭਾ ਚੋਣਾਂ ਤੱਕ ਸੁਚੇਤ ਰਹਿਣਾ ਹੋਏਗਾ ਪੰਜਾਬ ਦੇ ਲੋਕਾਂ ਨੂੰ
ਜਸਵੀਰ ਸਿੰਘ ਮਾਂਗਟ
ਪੰਜਾਬ ਦੀ ਧਾਰਮਿਕ ਰਾਜਧਾਨੀ ਅੰਮ੍ਰਿਤਸਰ ਵਿੱਚ 26 ਜਨਵਰੀ ਵਾਲੇ ਦਿਨ ਇੱਕ ਸਿੱਖ ਨੌਜਵਾਨ ਨੇ ਪੌੜੀ ‘ਤੇ ਚੜ੍ਹ ਕੇ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਤੋੜਨ ਦਾ ਯਤਨ ਕੀਤਾ। ਬਾਵਜੂਦ ਇਸ ਦੇ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਨੌਜੁਆਨ ਵੀ ਦਲਿਤ ਸ਼੍ਰੇਣੀ ਨਾਲ ਸੰਬੰਧਤ ਹੈ, ਅਗਲੇ ਦਿਨ ਘਟਨਾ ‘ਤੇ ਵਿਆਪਕ ਪ੍ਰਤੀਕਰਮ ਹੋਇਆ। ਕਈ ਦਲਿਤ ਸੰਗਠਨਾਂ ਵੱਲੋਂ ਬੀਤੇ ਸੋਮ-ਮੰਗਲਵਾਰ ਵਾਲੇ ਦਿਨ ਸ਼ਹਿਰ/ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਗਿਆ, ਜਿਸ ਨੂੰ ਜਲੰਧਰ ਸਮੇਤ ਕਈ ਜ਼ਿਲਿ੍ਹਆਂ ਵਿੱਚ ਭਰਵਾਂ ਹੁੰਘਾਰਾ ਮਿਲਿਆ। ਡਾ. ਭੀਮ ਰਾਓ ਅੰਬੇਦਕਰ ਦਾ ਇਹ ਬੁੱਤ ਕਿਉਂਕਿ ਹਰਿਮੰਦਰ ਸਾਹਿਬ ਦੇ ਨਜ਼ਦੀਕ ਕੋਤਵਾਲੀ ਦੇ ਲਾਗੇ ਹੈ

ਅਤੇ ਇੱਥੇ ਸਿੱਖ ਸ਼ਰਧਾਲੂਆਂ ਦੀ ਆਵਾਜਾਈ ਰਹਿੰਦੀ ਹੈ, ਇਸ ਲਈ ਭਾਜਪਾ ਨਾਲ ਸੰਬੰਧਤ ਕੁਝ ਆਗੂਆਂ ਵੱਲੋਂ ਇਸ ਨੂੰ ‘ਦਲਿਤ ਬਨਾਮ ਸਿੱਖ’ ਮਸਲਾ ਬਣਾਉਣ ਦਾ ਯਤਨ ਕੀਤਾ ਗਿਆ, ਪਰ ਸਿੱਖ ਆਗੂਆਂ ਵੱਲੋਂ ਵੇਲੇ ਸਿਰ ਪ੍ਰਤੀਕਰਮ ਦੇਣ ਅਤੇ ਸੰਬੰਧਤ ਨੌਜੁਆਨ ਦੇ ਖੁਦ ਦਲਿਤ ਤਬਕਿਆਂ ਨਾਲ ਸੰਬੰਧਤ ਹੋਣ ਕਾਰਨ ਇਹ ਮਸਲਾ ਵੱਡਾ ਕਲੇਸ਼ ਬਣਨ ਤੋਂ ਟਲ ਗਿਆ।
ਪੁਲਿਸ ਸੂਤਰਾਂ ਅਨੁਸਾਰ ਬੁੱਤ ਨੂੰ ਤੋੜਨ ਦਾ ਯਤਨ ਕਰਨ ਵਾਲਾ ਨੌਜਵਾਨ ਆਕਾਸ਼ ਸਿੰਘ ਧਰਮਕੋਟ ਨਾਲ ਸੰਬੰਧਤ ਹੈ। ਉਸ ਦੀ ਮਾਤਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੀ ਹੈ। ਨੌਜਵਾਨ ਐਸ.ਸੀ. ਤਬਕੇ ਨਾਲ ਸੰਬੰਧਤ ਦੱਸਿਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਘਟਨਾ ਦੀ ਜੋLਰਦਾਰ ਨਿੰਦਾ ਕੀਤੀ ਅਤੇ ਕਿਹਾ ਕਿ ਸਿੱਖ ਡਾ. ਅੰਬੇਦਕਰ ਦਾ ਦਿਲੋਂ ਸਤਿਕਾਰ ਕਰਦੇ ਹਨ। ਇਸ ਤੋਂ ਇਲਾਵਾ ਬੁੱਤ ਤੋੜਨ ਦਾ ਯਤਨ ਕਰਨ ਵਾਲੇ ਨੌਜੁਆਨ ਨੂੰ ਸਭ ਤੋਂ ਪਹਿਲਾਂ ਸਿੱਖਾਂ ਵੱਲੋਂ ਹੀ ਰੋਕਿਆ ਗਿਆ ਅਤੇ ਸਿੱਖ ਨੌਜਵਾਨਾਂ ਵੱਲੋਂ ਆਪ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਅਤੀਤ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਤ ਰਹੇ ਆਗੂ ਵਿਜੇ ਸਾਂਪਲਾ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਬੁੱਤ ਕਿਉਂਕਿ ਹਰਿਮੰਦਰ ਸਾਹਿਬ ਦੇ ਗਲਿਆਰੇ ਵਿੱਚ ਪੈਂਦਾ ਹੈ, ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇਸ ਮਾਮਲੇ ਵਿੱਚ ਜਵਾਬਦੇਹ ਹੋਣਾ ਚਾਹੀਦਾ ਹੈ। ਪਰ ਸ. ਧਾਮੀ ਨੇ ਇਸ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਡਾ. ਅੰਬੇਦਕਰ ਦੇ ਬੁੱਤ ਨੂੰ ਹਰਿਮੰਦਰ ਸਾਹਿਬ ਦੇ ਗਲਿਆਰੇ ਨਾਲ ਜੋੜਨਾ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਇਹ ਬੁੱਤ 1947 ਦੀ ਵੰਡ ਬਾਰੇ ਮਿਊਜ਼ੀਅਮ ਅਤੇ ਕੋਤਵਾਲੀ ਦੇ ਨੇੜੇ ਪੈਂਦਾ ਹੈ। ਇਸ ਲਈ ਇਸ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਘਟਨਾ ਦੀ ਘੋਰ ਨਿੰਦਾ ਕੀਤੀ ਅਤੇ ਕਿਹਾ ਕਿ ਇਸ ਘਟਨਾ ਨਾਲ ਬਾਬਾ ਸਾਹਿਬ ਦਾ ਸਤਿਕਾਰ ਕਰਨ ਵਾਲੇ ਹਰ ਸ਼ਖਸ ਨੂੰ ਠੇਸ ਪਹੁੰਚੀ ਹੈ। ਇਸ ਘਟਨਾ ਦੇ ਜ਼ਿੰਮੇਵਾਰ/ਜ਼ਿੰਮੇਵਾਰਾਂ ਨੂੰ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ। ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਸੰਜਮ ਵਰਤਣ ਦੀ ਵੀ ਅਪੀਲ ਕੀਤੀ ਅਤੇ ਕਿਹਾ ਕਿ ਸਮਾਜ ਵਿਰੋਧੀ ਅਨਸਰ ਪੰਜਾਬ ਵਿੱਚ ਫਿਰਕੂ ਕਲੇਸ਼ ਖੜ੍ਹਾ ਕਰਨ ਦੀ ਤਾਕ ਵਿੱਚ ਹਨ। ਪੰਜਾਬ ਦੇ ਮੁੱਖ ਮੰਤਰੀ ਦੀ ਸਾਜ਼ਿਸ਼ ਦੀ ਧਾਰਨਾ ਵਿੱਚ ਵਜ਼ਨ ਜਾਪਦਾ ਹੈ, ਕਿਉਂਕਿ ਇਸ ਤੋਂ ਪਹਿਲਾਂ ਦਰਬਾਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਯਤਨ ਵੀ ਹੋ ਚੁਕੇ ਹਨ। ਇਸ ਤੋਂ ਇਲਾਵਾ ਪਿੰਡਾਂ/ਕਸਬਿਆਂ ਦੇ ਗੁਰਦੁਆਰਾ ਸਾਹਿਬਾਨ ਵਿੱਚ ਵੀ ਗੁਰੂ ਮਹਾਰਾਜ ਦੀ ਬੇਅਦਬੀ ਦੀਆਂ ਅਨੇਕਾਂ ਘਟਨਾਵਾਂ ਵਾਪਰੀਆਂ ਹਨ। ਇਹ ਸ਼ਾਇਦ ਪੰਜਾਬ ਦੇ ਲੋਕਾਂ ਦੀ ਸਹਿਣਸ਼ੀਲਤਾ ਹੀ ਹੈ ਕਿ ਕੋਈ ਵੱਡਾ ਕਲੇਸ਼ ਖੜ੍ਹਾ ਨਹੀਂ ਹੋਇਆ।
ਤਾਜ਼ਾ ਘਟਨਾ ਦਾ 26 ਜਨਵਰੀ ਦਿਨ ਵਾਲੇ ਹੋਣਾ, ਇਸ ਦਾ ਅੰਮ੍ਰਿਤਸਰ ਵਿੱਚ ਵਾਪਰਨਾ ਅਤੇ ਬੁੱਤ ਦੇ ਹੱਥ ਵਿੱਚ ਫੜੀ ਸੰਵਿਧਾਨ ਦੀ ਕਾਪੀ ਦੇ ਮਾਡਲ ਨੂੰ ਤੋੜਨਾ ਆਦਿ ਕਿਸੇ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਇਸ ਘਟਨਾ ਨੂੰ 2027 ਵਿੱਚ ਪੰਜਾਬ ਵਿੱਚ ਆ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨਾਲ ਜੋੜ ਕਿ ਵੇਖਿਆ ਜਾਵੇ ਤਾਂ ਸੰਭਾਵਿਤ ਸਾਜ਼ਿਸ਼ ਦੇ ਮਕਸਦ ਦੀ ਸਮਝ ਪੈ ਸਕਦੀ ਹੈ। ਯਾਦ ਰਹੇ, ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਅਤੇ ਇਸ ਨਾਲ ਜੁੜੇ ਹੋਰ ਕੱਟੜ ਸੰਗਠਨਾਂ ਨੇ ਹਰਿਆਣਾ ਦੇ ਨੂਹ ਵਿੱਚ ਜਾਟਾਂ ਨੂੰ ਮੁਸਲਮਾਨਾਂ ਦੇ ਗਲ਼ ਪਾਉਣ ਦਾ ਯਤਨ ਕੀਤਾ ਸੀ; ਪਰ ਹਰਿਆਣਾ ਵਿੱਚ ਵੱਸਦੇ ਜਾਟਾਂ ਦੇ ਇੱਕ ਜਾਗਰੂਕ ਤਬਕੇ ਨੇ ਸੋਸ਼ਲ ਮੀਡੀਆ ‘ਤੇ ਇੱਕ ਵੱਡੀ ਮੁਹਿੰਮ ਚਲਾ ਕੇ ਕੱਟੜ ਹਿੰਦੂ ਸੰਗਠਨਾਂ ਅਤੇ ਭਾਜਪਾ ਦੀ ਇਸ ਚਾਲ ਨੂੰ ਪੂਰੀ ਤਰ੍ਹਾਂ ਫੇਲ੍ਹ ਕਰ ਦਿੱਤਾ ਸੀ। ਇਸ ਤਰ੍ਹਾਂ ਪੰਜਾਬ ਦੇ ਸਿਆਸੀ ਤੌਰ ‘ਤੇ ਸੁਚੇਤ ਤਬਕਿਆਂ ਨੂੰ ਹੁਣੇ ਤੋਂ ਸਤਰਕ ਰਹਿਣਾ ਚਾਹੀਦਾ ਹੈ।
ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਸਹਿਯੋਗੀ ਕੱਟੜਵਾਦੀ ਸੰਗਠਨ ਪੰਜਾਬ ਵਿੱਚ ਜੱਟ ਸਿੱਖ ਤਬਕੇ ਅਤੇ ਪਛੜੀਆਂ ਸ੍ਰੇਣੀਆਂ ਤੇ ਸ਼ਡਿਉਲਡ ਕਾਸਟ ਤਬਕਿਆਂ ਨੂੰ ਇੱਕ ਦੂਜੇ ਦੇ ਖਿਲਾਫ ਖੜ੍ਹੇ ਕਰਨ ਲਈ ਪੰਜਾਬ ਦੇ ਲੋਕਾਂ ਵਿੱਚ ਆਪਸੀ ਕਲੇਸ਼ ਕਰਵਾਉਣ ਦੇ ਯਤਨ ਕਰ ਸਕਦੇ ਹਨ। ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਚੱਲ ਰਹੇ ਕਿਸਾਨਾਂ ਦੇ ਧਰਨੇ, ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਅਣਗੌਲਿਆ ਕਰਨ ਦੇ ਸਿੱਟੇ ਵਜੋਂ ਪੰਜਾਬ ਵਿੱਚ ਭਾਜਪਾ ਦੇ ਪੈਰ ਲੱਗਣੇ ਹਾਲ ਦੀ ਘੜੀ ਸੰਭਵ ਨਹੀਂ ਹਨ। ਇਸ ਹਾਲਤ ਵਿੱਚ ਭਾਰਤੀ ਜਨਤਾ ਪਾਰਟੀ ਗੈਰ-ਕਾਸ਼ਤਕਾਰ ਅਤੇ ਪਛੜੀਆਂ-ਦਲਿਤ ਸ਼੍ਰੇਣੀਆਂ ਨੂੰ ਆਪਣੇ ਪਿੱਛੇ ਲਾਮਬੰਦ ਕਰਕੇ ਪੰਜਾਬ ਵਿੱਚ ਸੱਤਾ ‘ਤੇ ਕਾਬਜ ਹੋਣ ਦਾ ਯਤਨ ਕਰ ਸਕਦੀ ਹੈ। ਇਸ ਰਾਜਨੀਤਿਕ ਸਮੀਕਰਣ ਦਾ ਪ੍ਰਯੋਗ ਭਾਰਤੀ ਜਨਤਾ ਪਾਰਟੀ ਹਰਿਆਣਾ ਵਿੱਚ ਪਹਿਲਾਂ ਹੀ ਕਰ ਚੁੱਕੀ ਹੈ। ਇਹ ਪੰਜਾਬ ਵਿੱਚ ਵੀ ਦੁਹਰਾਇਆ ਜਾ ਸਕਦਾ ਹੈ।
ਫਿਰਕੂ ਦੰਗਿਆਂ ਅਤੇ ਜਾਤੀ ਕਲੇਸ਼ਾਂ ਦੇ ਸੰਬੰਧ ਵਿੱਚ ਵੀ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਇਹ ਉਥੇ ਹੀ ਸੰਭਵ ਹੋ ਸਕਦੇ ਹਨ, ਜਿੱਥੇ ਰਾਜ ਕਰਨ ਵਾਲੀਆਂ ਜਮਾਤਾਂ ਜਾਂ ਰਾਜ ਸੱਤਾ ‘ਤੇ ਕਾਬਜ਼ ਹੋਣ ਦੀ ਇੱਛਾ ਰੱਖਣ ਵਾਲੀਆਂ ਧਿਰਾਂ ਦੀ ਸਿਆਸਤ ਦੇ ਇਹ ਰਾਸ ਬੈਠਦੇ ਹੋਣ। ਇਸ ਨੁਕਤੇ ਤੋਂ ਕਾਂਗਰਸ ਦੀ ਜਿਸ ਕਿਸਮ ਦੀ ਲੀਡਰਸ਼ਿਪ ਹੁਣ ਅਗਵਾਈ ਕਰਦੀ ਹੈ, ਉਹ `ਤੇ ਕਿਸੇ ਕਿਸਮ ਦੀ ਹਿੰਸਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭੜਕਾ ਨਹੀਂ ਸਕਦੀ ਅਤੇ ਨਾ ਹੀ ਅਜਿਹਾ ਕਰਨਾ ਉਸ ਦੀ ਸਿਆਸਤ ਦੇ ਰਾਸ ਆਉਂਦਾ ਹੈ। ‘ਆਪ’ ਦੀ ਸੱਤਾ ਪੰਜਾਬ ਵਿੱਚ ਮੌਜੂਦ ਹੈ ਅਤੇ ਅਕਾਲੀਆਂ ਦੇ ਇਸ ਕਿਸਮ ਦੀ ਜਾਤੀ ਵੰਡ ਕਤੱਈ ਰਾਸ ਨਹੀਂ ਆਉਂਦੀ। ਇਸ ਹਾਲਤ ਵਿੱਚ ਭਾਰਤੀ ਜਨਤਾ ਪਾਰਟੀ ਹੀ ਹੈ, ਜੋ ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ ਵਿੱਚ ਜਾਤੀ ਵੰਡ ਪਾਉਣ ਦਾ ਯਤਨ ਕਰ ਸਕਦੀ ਹੈ। ਇਸ ਸਥਿਤੀ ‘ਤੇ ਪੰਜਾਬ ਦੇ ਸਮੂਹ ਜਾਗਰੂਕ ਤਬਕਿਆਂ ਨੂੰ ਤਿੱਖੀ ਨਜ਼ਰ ਰੱਖਣ ਦੀ ਲੋੜ ਹੈ।
ਪੰਜਾਬ ਸਰਕਾਰ ਨੂੰ ਬੁੱਤ ਤੋੜਨ ਵਾਲੇ ਨੌਜਵਾਨ ਦੇ ਪਿਛੇ ਕੰਮ ਕਰਦੀਆਂ ਤਾਕਤਾਂ ਤੱਕ ਪਹੁੰਚਣ ਲਈ ਤਕੜੇ ਯਤਨ ਕਰਨੇ ਚਾਹੀਦੇ ਹਨ। ਪੰਜਾਬ ਵਿੱਚ ਬੇਅਦਬੀਆਂ ਦੇ ਮਸਲੇ ਹਾਲੇ ਤੱਕ ਨਹੀਂ ਸੁਲਝੇ ਅਤੇ ਨਾ ਹੀ ਇਨ੍ਹਾਂ ਨੂੰ ਅੰਜਾਮ ਦੇਣ ਵਾਲੇ ਕੁਝ ਵਿਅਕਤੀਆਂ ਦੇ ਪਿਛੋਕੜ ਅਤੇ ਕੰਮ ਕਰਦੀਆਂ ਸਾਜ਼ਿਸ਼ਾਂ ਬਾਰੇ ਕੁਝ ਪਤਾ ਲਗਾਇਆ ਜਾ ਸਕਿਆ ਹੈ। ਇਹ ਦੁਰਭਾਗ ਅਤੇ ਰਾਜਸੀ ਦਲਿੱਦਰਤਾ ਦਾ ਹੀ ਨਮੂਨਾ ਕਿਹਾ ਜਾ ਸਕਦਾ ਹੈ।

Leave a Reply

Your email address will not be published. Required fields are marked *