ਜਿਨ੍ਹਾਂ ਨੇ ਸੰਨ ਸੰਤਾਲੀ ਦੇ ਬਟਵਾਰੇ ਦੀ ਮਾਰ ਝੱਲੀ ਹੈ, ਅਦਲਾ-ਬਦਲੀ ਦੇ ਦੌਰ ਉਪਰੰਤ ਵੀ ਖੁੱਲ੍ਹੀਆਂ ਜ਼ਮੀਨਾਂ, ਖੁੱਲ੍ਹੇ ਘਰ, ਖੁੱਲ੍ਹੀਆਂ ਰਾਹਵਾਂ ਤੇ ਖੁੱਲ੍ਹੇ ਰਹਿਣ-ਸਹਿਣ ਦੀਆਂ ਗੱਲਾਂ ਉਨ੍ਹਾਂ ਦੇ ਜ਼ਹਿਨ ਵਿੱਚ ਤਾਜ਼ਾ ਹਨ। ਉਦੋਂ ਬੜੇ ਲੋਕਾਂ ਦਾ ਬੜਾ ਕੁਝ ਗੁਆਚ ਗਿਆ- ਕੀ ਜ਼ਮੀਨ/ਜਾਇਦਾਦ, ਕੀ ਮਾਲ-ਡੰਗਰ ਤੇ ਕੀ ਰਿਸ਼ਤੇ-ਨਾਤੇ! ਪਰ ਇਸ ਵਿੱਚ ਕੋਈ ਦੋ-ਰਾਏ ਨਹੀਂ ਕਿ ਮੁਹੱਬਤੀ ਬੋਲ ਅੰਗ-ਸੰਗ ਰਹਿੰਦੇ ਹਨ। ਲੀਕੋਂ ਪਾਰ ਰਹਿੰਦਿਆਂ ਦੀ ਅਜਿਹੀਆਂ ਹੀ ਅਭੁੱਲ, ਮਿੱਠੀਆਂ-ਖੱਟੀਆਂ, ਅਸਹਿ-ਅਕਹਿ ਗੱਲਾਂ ਦੀ ਗੰਢ ਨਾਮੀ ਕਲਮਕਾਰ ਸਾਂਵਲ ਧਾਮੀ ਨੇ ਕੁਝ ਇਸ ਲਹਿਜ਼ੇ ‘ਚ ਖੋਲ੍ਹੀ ਹੈ ਕਿ ਉਮੀਦ ਕੀਤੀ ਜਾ ਸਕਦੀ ਹੈ, ਪਾਠਕ ਇਨ੍ਹਾਂ ਨੂੰ ਪਰੁੱਚ ਕੇ ਪੜ੍ਹਨਗੇ… ਪ੍ਰਬੰਧਕੀ ਸੰਪਾਦਕ
ਸਾਂਵਲ ਧਾਮੀ
ਮੇਰਾ ਨਾਂ ਗਿਆਨ ਸਿੰਘ ਕੱਕੜ ਹੈ। ਮੇਰਾ ਬਾਪ ਹਰਦੀਪ ਸਿੰਘ ਰਾਠ ਤੇ ਦਾਦਾ ਮਾਨ ਸਿੰਘ ਗਿੱਲ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੱਕੜ ਤੋਂ ਉੱਠ ਕੇ ਲਾਇਲਪੁਰ ਦੀ ਤਹਿਸੀਲ ਸਮੁੰਦਰੀ ਦੇ ਚੱਕ ਨੰਬਰ ਚੁਤਾਲੀ ਜੀ.ਬੀ. ’ਚ ਜਾ ਵਸੇ ਸਨ। ਸਖ਼ੀਰਾ, ਕੁਹਾਲੀ, ਜਗਦੇਉ, ਪੁਲ਼ ਪੰਜਤਾਲੀ ਤੇ ਲੋਪੋ, ਨੇੜੇ-ਤੇੜੇ ਸਭ ਚੱਕ ਅੰਮ੍ਰਿਤਸਰੀਆਂ ਦੇ ਹੀ ਹੁੰਦੇ ਸਨ।
ਸੰਤਾਲ਼ੀ ਤੋਂ ਬਾਅਦ, ਮੇਰੇ ਬਜ਼ੁਰਗ ਕਈ ਵਰ੍ਹੇ ਵੱਸਦੇ-ਉੱਜੜਦੇ, ਜ਼ਿਲ੍ਹਾ ਸਿਰਸਾ ’ਚ ਆ ਟਿਕੇ ਸਨ। ਪਿੰਡ ਦਾ ਨਾਂ ਸੀ ਜੱਗ ਮਲੇਰਾ। ‘ਉੱਜੜਿਆਂ-ਪੁੱਜੜਿਆਂ’ ਨੂੰ ਇਹ ਨਾਂ ਜਚਿਆ ਨਹੀਂ ਸੀ। ਬਦਲ ਕੇ ਸੰਤਨਗਰ ਰੱਖ ਲਿਆ ਸੀ। ਪੰਜਾਬ-ਹਰਿਆਣਾ ਦੀ ਹੱਦ ’ਤੇ ਵਸੇ ਕਸਬੇ ਡੱਬਵਾਲੀ ਤੋਂ ਦਸ ਕਿਲੋਮੀਟਰ ਦੂਰ ਵੱਸਦਾ ਇਹ ਪਿੰਡ ਹਰਿਆਣਾ ਪ੍ਰਾਂਤ ਦੇ ਜ਼ਿਲ੍ਹਾ ਸਿਰਸਾ ’ਚ ਪੈਂਦਾ ਹੈ।
ਮੈਂ ਹੋਸ਼ ਸੰਭਾਲ਼ੀ ਤਾਂ ਪਤਾ ਲੱਗਿਆ ਕਿ ਇੱਥੇ ਵੱਸਣ ਵਾਲ਼ੇ ਮੁਸਲਮਾਨ ਲੀਕੋਂ ਪਾਰ ਚਲੇ ਗਏ ਸਨ ਤੇ ਲਹਿੰਦੇ ਪੰਜਾਬ ਤੋਂ ਉੱਜੜ ਕੇ ਆਇਆ ਨੇ ਇੱਥੇ ਡੇਰਾ ਜਮਾ ਲਿਆ ਸੀ। ਦਾਦਾ ਕਦੇ-ਕਦੇ ਬਾਰ ਦੀਆਂ ਗੱਲਾਂ ਸੁਣਾਉਂਦਾ ਹੁੰਦਾ ਸੀ। ਉਹ ਖੁੱਲ੍ਹੀਆਂ ਜ਼ਮੀਨਾਂ, ਖੁੱਲ੍ਹੇ ਘਰ, ਖੁੱਲ੍ਹੀਆਂ ਰਾਹਵਾਂ ਤੇ ਖੁੱਲ੍ਹੇ ਰਹਿਣ-ਸਹਿਣ ਦੀਆਂ ਗੱਲਾਂ। ਨਹੀਂ ਪਤਾ ਕਦੋਂ ਮੇਰੇ ਦਿਲ ’ਚ ਬਜ਼ੁਰਗਾਂ ਦਾ ਪਿੰਡ ਵੇਖਣ ਦੀ ਖ਼ਾਹਸ਼ ਉੱਗ ਆਈ। ਵਕਤ ਬੀਤਦਾ ਗਿਆ ਤੇ ਇਹ ਖ਼ਾਹਸ਼ ਵੀ ਵੱਧਦੀ ਉਮਰ ਨਾਲ਼ ਜ਼ਰਬ ਖਾਂਦੀ ਗਈ, ਪਰ ਮੈਂ ਜਦੋਂ ਵੀ ਪਾਕਿਸਤਾਨ ਜਾਣ ਦੀ ਇੱਛਾ ਜ਼ਾਹਰ ਕਰਦਾ ਤਾਂ ਬਾਪੂ ਥੋੜ੍ਹੀ ਨਾਰਾਜ਼ਗੀ ਨਾਲ਼ ਆਖਦਾ, “ਕੀ ਦੇਖਣਾ ਤੂੰ ਪਾਕਿਸਤਾਨ? ਛੱਡ ਪਰ੍ਹਾਂ… ਵੇਖੇ ਈ ਆ ਮੁਸਲਮਾਨ!”
ਦਰਅਸਲ ਸੰਤਾਲ਼ੀ ’ਚ ਹੰਢਾਏ ਦੁੱਖਾਂ ਨੂੰ ਉਹ ਸੱਠ ਵਰਿ੍ਹਆਂ ਬਾਅਦ ਵੀ ਭੁੱਲਿਆ ਨਹੀਂ ਸੀ। ਜੰਮਣ-ਭੋਂ ਨੇ ਉਸਨੂੰ ਭਰ ਜਵਾਨੀ ’ਚ ਹਿੱਕ ਨਾਲੋਂ ਤੋੜ ਕੇ ਜਲਾਵਤਨ ਕਰ ਦਿੱਤਾ ਸੀ। ਬਿਨਾ ਸ਼ੱਕ ਉਹ ਉਸ ਧਰਤੀ ਨੂੰ ਦੁੱਖ ਨਾਲ਼ ਯਾਦ ਕਰਦਾ ਸੀ ਤੇ ਯਾਦ ਕਰਕੇ ਦੁਖੀ ਹੁੰਦਾ ਰਹਿੰਦਾ ਸੀ।
ਉਹ ਮੈਨੂੰ ਕਈ ਵਰ੍ਹੇ ਰੋਕਦਾ ਰਿਹਾ। ਆਖ਼ਰ ਮੈਂ ‘ਨਾਬਰ’ ਹੋ ਗਿਆ ਤੇ ਨਨਕਾਣਾ ਸਾਹਿਬ ਜਾਣ ਵਾਲ਼ੇ ਜਥੇ ’ਚ ਸ਼ਾਮਿਲ ਹੋ ਕੇ ਵੀਜ਼ਾ ਲਗਵਾ ਲਿਆ। ਉਹ ਮੈਨੂੰ ਆਖ਼ਰੀ ਦਿਨ ਤੱਕ ਰੋਕਦਾ ਰਿਹਾ ਸੀ। ਮੈਂ ਬਜ਼ਿੱਦ ਰਿਹਾ ਸਾਂ। ਇੱਕ ਦਿਨ ਪਹਿਲਾਂ ਤਾਂ ਉਹ ਮੇਰੇ ਨਾਲ਼ ਰੁਸ ਹੀ ਪਿਆ ਸੀ। ਸਵੇਰੇ ਘਰੋਂ ਤੁਰਨ ਲੱਗਿਆਂ, ਜਦੋਂ ਮੈਂ ਉਸਦੇ ਪੈਰੀਂ ਹੱਥ ਲਗਾਇਆ ਤਾਂ ਉਹ ਮੇਲੇ ’ਚ ਗਵਾਚੇ ਬੱਚੇ ਵਾਂਗ ਡੁਸਕਣ ਲੱਗ ਪਿਆ ਸੀ।
“ਜੇ ਤੂੰ ਹੁਣ ਜਾਣਾ ਹੀ ਏ ਤਾਂ ਇੱਕ ਕੰਮ ਜ਼ਰੂਰ ਕਰੀਂ। ਆਪਣੇ ਚੱਕ ਜ਼ਰੂਰ ਜਾਈਂ।” ਇਹ ਆਖ ਕੁਝ ਪਲ ਚੁੱਪ ਰਿਹਾ ਸੀ ਉਹ।
“ਓਥੇ ਮੇਰੇ ਹਾਣੀਆਂ ਨੂੰ ਮਿਲ ਕੇ ਆਈਂ। ਸ਼ਾਇਦ ਕੋਈ ਜਿਉਂਦਾ ਹੋਵੇ! ਗਬਨੀ ਇਸਾਈ, ਮੁਹੰਮਦ ਦੀਨ ਅਨਸਾਰੀ, ਤੁਫ਼ੈਲ ਘੁਮਿਆਰ ਤੇ ਰਾਖ ਤੇਲੀ।” ਉਸਨੇ ਜੇਬ ’ਚੋਂ ਰੁਪਈਆਂ ਦਾ ਰੁਗ ਭਰ ਕੇ ਕੱਢਦਿਆਂ, ਮੇਰੇ ਹੱਥਾਂ `ਤੇ ਰੱਖਿਆ, ਤੇ ਮਸੂਮ ਜਿਹੀ ਆਵਾਜ਼ ’ਚ ਬੋਲਿਆ ਸੀ, “ਉਨ੍ਹਾਂ ਲਈ ਕੁਝ ਲੈ ਵੀ ਜਾਈਂ। ਬੜਾ ਪਿਆਰ ਰਿਹਾ ਏ ਸਾਡਾ। ਆਉਣ ਲੱਗਾ ਉਨ੍ਹਾਂ ਦੇ ਪੋਤਰੇ-ਪੋਤਰੀਆਂ ਨੂੰ ਪਿਆਰ ਵੀ ਜ਼ਰੂਰ ਦੇ ਕੇ ਆਵੀਂ।” ਇਹ ਆਖਦਿਆਂ ਮੈਨੂੰ ਬੁੱਢੀਆਂ ਬਾਹਵਾਂ ’ਚ ਕੱਸ ਲਿਆ ਸੀ ਉਸਨੇ।
ਹੈਰਾਨੀ ਵਾਲ਼ੀ ਗੱਲ ਇਹ ਸੀ ਕਿ ਉਹ ਪਹਿਲਾਂ ਕਦੇ ਵੀ ਇਉਂ ਜਜ਼ਬਾਤੀ ਨਹੀਂ ਸੀ ਹੋਇਆ। ਪਿੰਡ ਤੋਂ ਲੈ ਕੇ ਲਾਹੌਰ ਤੱਕ, ਮੈਂ ਬਾਪੂ ਵਰਗੇ ਲੱਖਾਂ ਲੋਕਾਂ ਬਾਰੇ ਸੋਚਦਾ ਰਿਹਾ ਸਾਂ। ਉਹ ‘ਬੇਵਸ’ ਲੋਕ, ਜਿਨ੍ਹਾਂ ਕੋਲ਼ੋਂ ਉਨ੍ਹਾਂ ਦੀ ਮਰਜ਼ੀ ਪੁੱਛੇ ਬਗੈਰ ਪਿੰਡ, ਜ਼ਮੀਨਾਂ, ਘਰ ਤੇ ਸੱਜਣ ਖੋਹ ਲਏ ਗਏ ਸਨ।
ਲਾਹੌਰ ਵਿੱਚ ਕੁਝ ਵਕਤ ਠਹਿਰਨ ਤੋਂ ਬਾਅਦ, ਸਾਡਾ ਜਥਾ ਉਸੀ ਸ਼ਾਮ ਨਨਕਾਣਾ ਸਾਹਿਬ ਪਹੁੰਚ ਗਿਆ ਸੀ। ਅਗਲੇ ਦਿਨ ਅਸੀਂ ਸਾਰੇ ਗੁਰਦਵਾਰਿਆਂ ਦੇ ਦਰਸ਼ਨ ਕੀਤੇ ਸਨ। ਇਸ ਤੋਂ ਅਗਲੀ ਸਵੇਰ ਨਗਰ ਕੀਰਤਨ ਨਿਕਲਣਾ ਸੀ।
ਉਸ ਸ਼ਾਮ ਮੈਂ ਬਾਹਰ ਖੜ੍ਹੇ ਪੁਲਿਸ ਵiਲ਼ਆਂ ਨਾਲ਼ ‘ਬਾਪੂ ਦਾ ਪਿੰਡ’ ਵੇਖਣ ਦੀ ਖ਼ਾਹਸ਼ ਸਾਂਝੀ ਕੀਤੀ ਤਾਂ ਉਨ੍ਹਾਂ ਦਾ ਅਫ਼ਸਰ ਜਲਦੀ ਨਾਲ਼ ਮੇਰੇ ਕੋਲ਼ ਆਉਂਦਿਆਂ ਰੋਹਬਦਾਰ ਆਵਾਜ਼ ’ਚ ਬੋਲਿਆ ਸੀ, “ਸਰਦਾਰ ਜੀ, ਮੈਂ ਤੁਹਾਡੇ ਜਜ਼ਬਾਤ ਨੂੰ ਸਮਝਦਾ ਹਾਂ, ਪਰ ਛੱਡੋ ਪਰ੍ਹਾਂ, ਇਹ ਕੰਮ ਬੜਾ ਟੇਢਾ ਏ। ਕੋਈ ਮਸਲਾ ਬਣ ਜਾਏ ਤਾਂ ਬੜਾ ਪੰਗਾ ਹੋ ਜਾਂਦੈ!”
ਮੈਂ ਦੁਖੀ ਕੋ ਕੇ ਤੁਰਨ ਲੱਗਾ ਤਾਂ ਉਸਨੇ ਸਰਸਰੀ ਤੌਰ `ਤੇ ਮੇਰਾ ਨਾਂ ਤੇ ਕਮਰਾ ਨੰਬਰ ਪੁੱਛ ਲਿਆ ਸੀ। ਮੈਂ ਉਦਾਸ ਮਨ ਨਾਲ਼ ਲੰਗਰ ਛਕਿਆ ਤੇ ਆਪਣੇ ਕਮਰੇ ’ਚ ਆ ਗਿਆ ਸਾਂ। ਥੋੜ੍ਹੀ ਦੇਰ ਬਾਅਦ ਦੋ ਪੁਲਿਸ ਵਾਲ਼ੇ ਆਏ ਤੇ ਮੇਰਾ ਨਾਂ ਲੈ ਕੇ ਕਹਿਣ ਲੱਗੇ- ਤੁਹਾਨੂੰ ਥਾਣੇਦਾਰ ਹੁਰਾਂ ਸੱਦਿਆ। ਕਮਰੇ ’ਚੋਂ ਬਾਹਰ ਹੁੰਦਿਆਂ ਉਨ੍ਹਾਂ ’ਚੋਂ ਇੱਕ ਮੇਰੇ ਕੰਨ ਕੋਲ਼ ਮੂੰਹ ਕਰਦਿਆਂ ਬੋਲਿਆ ਸੀ, “ਸਵਖੱਤੇ ਬਾਹਰ ਆ ਜਾਣਾ। ਸਾਡੇ ਅਫ਼ਸਰ ਨੇ ਤੁਹਾਡੇ ਜਾਣ ਦਾ ਇੰਤਜ਼ਾਮ ਕਰ ਦਿੱਤਾ ਏ।”
ਅਗਲੇ ਦਿਨ ਦੀ ਦੁਪਹਿਰ ਤੱਕ ਮੈਂ ਆਪਣੇ ਬਾਪੂ ਦੇ ਪਿੰਡ ਪਹੁੰਚ ਗਿਆ ਸਾਂ। ਦੇਖਦੇ-ਦੇਖਦੇ ਕਈ ਲੋਕ ਇਕੱਠੇ ਹੋ ਗਏ ਸਨ। ਮੈਂ ਬਾਪੂ ਦੇ ਜਾਣਕਾਰਾਂ ਬਾਰੇ ਪੁੱਛਿਆ ਤਾਂ ਪਤਾ ਲੱਗਾ ਸੀ ਕਿ ਉਨ੍ਹਾਂ ਵਿੱਚੋਂ ਸਿਰਫ਼ ਇੱਕ ਬੰਦਾ ਰਾਖ ਹਾਲ਼ੇ ਜਿਉਂਦਾ ਏ। ਹੁਣ ਉਸਦਾ ਨਾਂ ਬਾਬਾ ਰਾਖ ਹੋ ਗਿਆ ਸੀ। ਉਹ ਤੁਰ ਨਹੀਂ ਸੀ ਸਕਦਾ। ਮੈਂ ਉਸਦੇ ਘਰ ਗਿਆ ਸਾਂ। ਮੈਨੂੰ ਵੇਖ ਉਹ ਕਈ ਦੇਰ ਭੁੱਬੀਂ ਰੋਂਦਾ ਰਿਹਾ ਸੀ।
“ਕਿੱਡਾ ਭਾਗਾਂ ਵਾਲ਼ਾ ਦਿਨ ਹੈ ਇਹ…।” ਥੋੜ੍ਹਾ ਸੰਭਲ਼ਦਿਆਂ ਗੱਲ ਸ਼ੁਰੂ ਕੀਤੀ ਸੀ ਉਸਨੇ।
“…ਅੱਜ ਸਾਡੇ ਵਿਹੜੇ ਸਾਡੇ ਸਰਦਾਰ ਆਏ ਨੇ।” ਗੱਲ ਮੁਕਾਉਂਦਿਆਂ ਉੱਚੀ-ਉੱਚੀ ਬੋਲਣ ਲੱਗ ਪਿਆ ਸੀ ਉਹ।
ਰਾਖ ਹੁਰਾਂ ਦਾ ਟੱਬਰ ਸਾਡੇ ਬਜ਼ੁਰਗਾਂ ਦੇ ਨਾਲ਼ ਹੀ ਅੰਮ੍ਰਿਤਸਰ ਤੋਂ ਉੱਠ ਕੇ ਸਮੁੰਦਰੀ ਗਿਆ ਸੀ। ਉਸਦਾ ਪਿਉ ਸਾਡਾ ਸੀਰੀ ਰਿਹਾ ਸੀ ਤੇ ਬਾਬਾ ਰਾਖ ਮੇਰੇ ਬਾਪੂ ਨਾਲ਼ ਘੁਲ਼ਦਾ ਰਿਹਾ ਸੀ। ਵੰਡ ਵੇਲੇ ਵਿਛੜਨ ਲੱਗਿਆਂ, ਉਨ੍ਹਾਂ ਇਉਂ ਕੱਸ ਕੇ ਗਲ਼ਵੱਕੜੀ ਪਾਈ ਸੀ ਕਿ ਬਜ਼ੁਰਗਾਂ ਨੇ ਖਿੱਚ ਕੇ ਤੋੜਿਆ ਸੀ, ਉਨ੍ਹਾਂ ਨੂੰ। ਵਿਛੋੜੇ ਦਾ ਉਹ ਮੰਜ਼ਰ ਯਾਦ ਕਰਦਿਆਂ, ਰਾਖ ਬਾਬਾ ਰਹਿ-ਰਹਿ ਕੇ ਲੇਰ ਜਿਹੀ ਮਾਰਦਾ ਸੀ।
ਮੈਂ ਮੱਲੋਜ਼ੋਰੀ ਉਸਦੇ ਖੀਸੇ ’ਚ ਕੁਝ ਰੁਪਏ ਪਾਏ ਸਨ ਤੇ ਰੋਂਦਿਆਂ ਵਿਦਾ ਲਈ ਸੀ।
ਕਿਸੇ ਨੇ ਦੱਸਿਆ ਕਿ ਬਾਬੇ ਤੁਫ਼ੈਲ ਦੀ ਨੱਬੇ ਕੁ ਵਰਿ੍ਹਆਂ ਦੀ ਪਤਨੀ ਵੀ ਹਾਲੇ ਜਿਉਂਦੀ ਏ। ਸੰਤਾਲੀ ਵੇਲੇ ਉਹ ਇਸ ਪਿੰਡ ’ਚ ਵਸ-ਰਸ ਰਹੀ ਸੀ। ਨਿੱਕੀ ਜਿਹੀ ਭੀੜ ਦਾ ਮੇਲਾ ਮੈਨੂੰ ਪਿੰਡ ਦੇ ਲਹਿੰਦੇ ਪਾਸੇ ਲੈ ਤੁਰਿਆ ਸੀ।
ਉਹ ਨਿੱਕਾ ਜਿਹਾ ਕੱਚਾ ਘਰ ਤੇ ਝੀਥਾਂ ਵਾਲ਼ਾ ਖਸਤਾ ਹਾਲ ਦਰਵਾਜ਼ਾ। ਦਸਤਕ ਦਿੱਤੀ ਤਾਂ ਇੱਕ ਅਲੂਆਂ ਜਿਹਾ ਮੁੰਡਾ ਦਰਾਂ `ਤੇ ਆਇਆ ਸੀ। ਸਾਨੂੰ ਵੇਖਦਿਆਂ, ਕਿਸੇ ਅਜੀਬ ਜਿਹੇ ਚਾਅ ’ਚ ਵਿਹੜਾ ਪਾਰ ਕਰਕੇ ਮੁੜ ਦਲਾਨ ’ਚ ਚਲਾ ਗਿਆ ਸੀ ਉਹ।
“ਦਾਦੀ ਜਿਸ ਤਰ੍ਹਾਂ ਦੇ ਬੰਦਿਆਂ ਦੀਆਂ ਤੂੰ ਗੱਲਾਂ ਕਰਦੀ ਹੁੰਦੀ ਏਂ ਨਾ, ਉਸ ਤਰ੍ਹਾਂ ਦਾ ਬੰਦਾ ਤੈਨੂੰ ਮਿਲਣ ਆਇਐ!” ਉਸਦੇ ਇਹ ਬੋਲ ਸਾਨੂੰ ਦਰਾਂ ’ਤੇ ਖੜਿਆਂ ਨੂੰ ਸੁਣਾਈ ਦਿੱਤੇ ਸਨ ਤਾਂ ਅਸੀਂ ਵੀ ਦਰ ਉਲੰਘ ਵਿਹੜੇ ’ਚ ਪਹੁੰਚ ਗਏ ਸਾਂ। ਕੁਝ ਪਲਾਂ ਬਾਅਦ, ਇੱਕ ਬੁੱਢੀ ਔਰਤ ਡੰਡੇ ਦਾ ਆਸਰਾ ਲਈ ਦਲਾਨ ਵਾਲ਼ੇ ਦਰਵਾਜ਼ੇ ਤੋਂ ਬਾਹਰ ਆ ਖੜੋਤੀ ਸੀ।
“ਸਤਿ ਸ੍ਰੀ ਅਕਾਲ ਬੇਬੇ!” ਪਿਆਰ-ਭਰੇ ਜ਼ੋਸ਼ ਨਾਲ਼ ਇਹ ਬੋਲ ਮੇਰੇ ਮੂੰਹੋਂ ਆਪ-ਮੁਹਾਰੇ ਨਿਕਲ ਗਏ ਸਨ।
ਉਸਦੇ ਹੱਥੋਂ ਡੰਡਾ ਡਿੱਗ ਪਿਆ ਸੀ। ਅਸਮਾਨ ਵੱਲ ਦੁਆ ਦੀ ਸ਼ਕਲ ’ਚ ਹੱਥ ਉਠਾਉਂਦਿਆਂ, ਉਹ ਬੋਲੀ ਸੀ, “ਅੱਲ੍ਹਾ ਤੇਰਾ ਸ਼ੁਕਰ ਹੈ ਕਿ ਅੱਜ ਮੁੱਦਤਾਂ ਮਗਰੋਂ, ਇਹ ਸਤਿ ਸ੍ਰੀ ਅਕਾਲ ਦੇ ਅੱਖਰ ਸੁਣਨ ਨੂੰ ਮਿਲੇ!”
ਮੇਰੀਆਂ ਅੱਖਾਂ ਛਲਕ ਪਈਆਂ ਸਨ। ਉਸ ਪਲ ਮੈਨੂੰ ਇਉਂ ਮਹਿਸੂਸ ਹੋਇਆ ਸੀ, ਜਿਉਂ ਚਿਰਾਗ਼ਾਂ ਬੀਬੀ ਦੇ ਇਨ੍ਹਾਂ ਬੋਲਾਂ ਨੇ ਨਫ਼ਰਤ ਦੀ ਹਰ ਦੀਵਾਰ ਢਾਹ ਦਿੱਤੀ ਹੋਵੇ!