ਪੰਜਾਬੀ ਪਰਵਾਜ਼ ਬਿਊਰੋ
ਵਿਦਵਾਨ ਅਤੇ ਲੇਖਕ ਡਾ. ਮਨਜ਼ੂਰ ਏਜਾਜ਼ ਦਾ ਲੰਘੀ 30 ਮਾਰਚ ਨੂੰ ਅਮਰੀਕਾ ਦੇ ਵਰਜੀਨੀਆ ਰਾਜ ਵਿੱਚ ਦੇਹਾਂਤ ਹੋ ਗਿਆ। ਉਹ ਕਰੀਬ 78 ਸਾਲ ਦੇ ਸਨ। ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਪਤਨੀ ਕੋਕਾਬ ਆਤੀਆ, ਧੀ ਆਇਸ਼ਾ ਹੁਸੈਨ ਅਤੇ ਪੁੱਤਰ ਵਾਰਿਸ ਹੁਸੈਨ ਹਨ। ਡਾ. ਮਨਜ਼ੂਰ ਅਰਥਸ਼ਾਸਤਰ, ਵਿਗਿਆਨ, ਸਾਹਿਤ, ਦਰਸ਼ਨ ਅਤੇ ਭਾਸ਼ਾ ਤੋਂ ਲੈ ਕੇ ਬੌਧਿਕ ਖੋਜਾਂ ਦੀ ਵਿਭਿੰਨਤਾ ਵਾਲੇ ਇੱਕ ਵਿਲੱਖਣ ਵਿਦਵਾਨ ਸਨ। ਉਹ 1947 ਵਿੱਚ ਸਾਹੀਵਾਲ ਦੇ ਨੇੜੇ ਚੱਕ 60, ਬੁਰਜਵਾਲਾ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਜਨਮੇ। 1964 ਵਿੱਚ ਆਪਣੇ ਪਿੰਡ ਦੇ ਸਕੂਲ ਤੋਂ ਦਸਵੀਂ ਕੀਤੀ ਅਤੇ 1968 ਵਿੱਚ ਸਾਹੀਵਾਲ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਤੇ ਲਾਹੌਰ ਆ ਗਏ, ਜਿੱਥੇ ਫਿਲਾਸਫੀ ਵਿੱਚ ਮਾਸਟਰ ਵਿੱਚ ਦਾਖਲਾ ਲਿਆ ਅਤੇ ਬਾਅਦ ਵਿੱਚ ਯੂਨੀਵਰਸਿਟੀ ਵਿੱਚ ਉਸੇ ਵਿਸ਼ੇ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਦੀ ਆਤਮਕਥਾ, ‘ਲਾਈਫ-ਆਈ ਵਿਲ ਵੀਵ ਯੂਅਰ ਥ੍ਰੈਡਜ਼’ (ਜਿੰਦੜੀਏ ਤਣ ਦੇਸਾਂ ਤੇਰਾ ਤਾਣਾ) ਅਨੁਸਾਰ, ਜਦੋਂ ਉਹ ਅਜੇ ਵਿਦਿਆਰਥੀ ਸੀ, ਉਹ ਉਸ ਸਮੂਹ ਦਾ ਹਿੱਸਾ ਸੀ, ਜਿਸਨੇ ਪ੍ਰੋਫੈਸਰ ਅਜ਼ੀਜ਼ੁਦੀਨ ਦੀ ਅਗਵਾਈ ਹੇਠ ਨੈਸ਼ਨਲ ਸਟੂਡੈਂਟਸ ਆਰਗੇਨਾਈਜ਼ੇਸ਼ਨ (ਐਨ.ਐਸ.ਓ.) ਬਣਾਈ ਸੀ ਅਤੇ ਪ੍ਰੋਫੈਸਰ ਅਜ਼ੀਜ਼ੁਲ ਹੱਕ ਪੰਜਾਬ ਯੂਨੀਵਰਸਿਟੀ (ਪੀ.ਯੂ.) ਲਈ ਇਸਦੇ ਕਨਵੀਨਰ ਬਣੇ, ਜਦੋਂ ਕਿ ਕੇਂਦਰੀ ਕਨਵੀਨਰ ਇਮਤਿਆਜ਼ ਆਲਮ ਸਨ। ਡਾ. ਮਨਜ਼ੂਰ ਉਸ ਟੀਮ ਦਾ ਹਿੱਸਾ ਸਨ, ਜਿਸਨੇ ਪੰਜਾਬ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਅਜ਼ੀਜ਼ੁਦੀਨ ਅਤੇ ਪ੍ਰੋਫੈਸਰ ਅਜ਼ੀਜ਼ੁਲ ਹੱਕ ਦੀ ਅਗਵਾਈ ਹੇਠ ਖੱਬੇ-ਪੱਖੀ ਰਾਸ਼ਟਰੀ ਵਿਦਿਆਰਥੀ ਸੰਗਠਨ ਬਣਾਇਆ ਸੀ ਅਤੇ ਆਈ.ਜੇ.ਟੀ. ਦਾ ਵਿਰੋਧ ਕੀਤਾ ਸੀ। ਜਦੋਂ ਉਹ ਪੀ.ਯੂ. ਵਿੱਚ ਦਰਸ਼ਨ ਦੇ ਲੈਕਚਰਾਰ ਸਨ, ਤਾਂ ਉਨ੍ਹਾਂ ਨੇ 135 ਐਡਹਾਕ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰਨ ਲਈ ਕੰਮ ਕੀਤਾ।
‘ਜਸ਼ਨ-ਏ-ਮਨਜ਼ੂਰ ਏਜਾਜ਼’ ਦੌਰਾਨ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਨਾਲ ਇੱਕ ਸੈਸ਼ਨ ਵਿੱਚ ਡਾ. ਏਜਾਜ਼ ਨੇ ਐਲਾਨ ਕੀਤਾ ਸੀ ਕਿ ਉਹ ਪੰਜਾਬੀ ਰਾਸ਼ਟਰਵਾਦੀ ਨਹੀਂ ਹੈ, ਪਰ ਇੱਕ ਅੰਤਰਰਾਸ਼ਟਰੀਵਾਦੀ ਹੈ ਤੇ ਮਾਨਵਤਾਵਾਦ ਵਿੱਚ ਵਿਸ਼ਵਾਸ ਰੱਖਦਾ ਹੈ। ਉਸਨੇ ਪੰਜਾਬੀ ਵਿੱਚ ਲਿਖਿਆ, ਕਿਉਂਕਿ ਉਸਨੂੰ ਇਸ ਵਿੱਚ ਖੁਸ਼ੀ ਮਹਿਸੂਸ ਹੁੰਦੀ ਸੀ; ਹਾਲਾਂਕਿ ਉਸਨੂੰ ਉਰਦੂ ਵਿੱਚ ਲਿਖਣਾ ਵੀ ਪਸੰਦ ਸੀ ਅਤੇ ਉਸਨੂੰ ਵਾਰਿਸ ਸ਼ਾਹ ਵਾਂਗ ਗਾਲਿਬ ਵੀ ਪਸੰਦ ਸੀ। ਉਹ ਕਿਹਾ ਕਰਦੇ ਸਨ ਕਿ ਉਹ ਆਪਣੇ ਵਿਚਾਰਾਂ ਨੂੰ ਪੰਜਾਬੀ ਵਿੱਚ ਬਿਹਤਰ ਢੰਗ ਨਾਲ ਬਿਆਨ ਕਰ ਸਕਦਾ ਹੈ, ਫਿਰ ਉਨ੍ਹਾਂ ਨੂੰ ਉਰਦੂ ਜਾਂ ਅੰਗਰੇਜ਼ੀ ਵਿੱਚ ਬਦਲ ਦੇਵੇਗਾ।
ਜਿਨ੍ਹਾਂ ਦਿਨਾਂ ਦੌਰਾਨ ਜ਼ਿਆ ਸ਼ਾਸਨ ਦਾ ਜ਼ੁਲਮ ਆਪਣੇ ਸਿਖਰ `ਤੇ ਸੀ ਤਾਂ ਉਹ ਪੱਛਮ ਵੱਲ ਪਰਵਾਸ ਕਰਨ ਬਾਰੇ ਸੋਚਣ ਲੱਗੇ। ਫਿਰ ਉਹ ਅਮਰੀਕਾ ਆ ਗਏ ਅਤੇ ਅਰਥ ਸ਼ਾਸਤਰ ਵਿਸ਼ੇ ਵਿੱਚ ਵਾਸ਼ਿੰਗਟਨ ਡੀ.ਸੀ. ਦੀ ਹਾਵਰਡ ਯੂਨੀਵਰਸਿਟੀ ਤੋਂ ਪੀਐਚ.ਡੀ. ਕੀਤੀ।
ਪੰਜਾਬੀ ਭਾਸ਼ਾ ਦੇ ਸੰਬੰਧ ਵਿੱਚ ਡਾ. ਏਜਾਜ਼ ਦਾ ਇੱਕ ਤਰਕਪੂਰਨ ਵਿਚਾਰ ਸੀ ਕਿ ਜੇਕਰ ਪੰਜਾਬੀ ਭਾਸ਼ਾ ਵਿੱਚ ਨਵਾਂ ਗਿਆਨ ਪੈਦਾ ਨਹੀਂ ਕਰਨਗੇ ਤਾਂ ਕੋਈ ਇਸਨੂੰ ਕਿਉਂ ਸਿੱਖੇ ਅਤੇ ਕਵਿਤਾ ਤੇ ਗਲਪ ਇਸਦੇ ਲਈ ਕਾਫ਼ੀ ਨਹੀਂ ਸਨ। ਇਸ ਨੇ ਉਨ੍ਹਾਂ ਨੂੰ ਪੰਜਾਬੀ ਦੇ ਇਤਿਹਾਸ, ਦਰਸ਼ਨ ਅਤੇ ਭਾਸ਼ਾ ਵਿਗਿਆਨ ਬਾਰੇ ਕਿਤਾਬਾਂ ਲਿਖਣ ਲਈ ਪ੍ਰੇਰਿਤ ਕੀਤਾ। ਆਪਣੇ ਆਖਰੀ ਦਿਨਾਂ ਦੌਰਾਨ ਉਹ ਮਾਰਕਸਵਾਦ ਅਤੇ ਪੂੰਜੀਵਾਦ ਬਾਰੇ ਇੱਕ ਕਿਤਾਬ `ਤੇ ਕੰਮ ਕਰ ਰਹੇ ਸਨ। ਭਾਵੇਂ ਡਾ. ਏਜਾਜ਼ ਮਾਰਕਸਵਾਦੀ ਅਤੇ ਅਗਾਂਹਵਧੂ ਸਨ, ਪਰ ਉਹ ਆਪਣੇ ਆਖਰੀ ਦਿਨਾਂ ਦੌਰਾਨ ਇਸ ਦੀ ਕਾਫੀ ਆਲੋਚਨਾ ਕਰਦੇ ਸੀ।
ਪੰਜ ਕਾਵਿ ਸੰਗ੍ਰਹਿਆਂ ਤੋਂ ਇਲਾਵਾ ਡਾ. ਏਜਾਜ਼ ਦੀਆਂ ਕੁਝ ਪੁਸਤਕਾਂ ਵਿੱਚ ਪੰਜਾਬ ਦੀ ਲੋਕ ਤਾਰੀਖ, ਵੱਖ-ਵੱਖ ਸਿਰਲੇਖਾਂ ਹੇਠ ਉਸ ਦੀ ਸਵੈ-ਜੀਵਨੀ ਦੀਆਂ ਤਿੰਨ ਜਿਲਦਾਂ, ਗ਼ਾਲਿਬ ਨਾਮਾ, ਇਨਕਲਾਬ ਜੋ ਆ ਚੁਕਾ ਹੈ, ਅਜੋਕੀ ਵਿਚਾਰਧਾਰਾ, ਵਾਰਿਸ ਸ਼ਾਹ ਦੀ ਮੁਢਲੀ ਵਿਚਾਰਧਾਰਾ ਅਤੇ ਪੰਜਾਬੀ ਰੀਤ, ਵਾਰਿਸ ਨਾਮਾ (ਪੰਜ ਜਿਲਦਾਂ ਵਿੱਚ) ਅਤੇ ਵਾਰਿਸ ਸ਼ਾਹ-ਇਦੇਲੋਗ ਸ਼ਾਮਲ ਹਨ। ਡਾ. ਏਜਾਜ਼ ਦੀਆਂ ਸਭ ਤੋਂ ਵਧੀਆ ਕਿਤਾਬਾਂ ਵਿੱਚ ਵਾਰਿਸ ਨਾਮਾ ਸ਼ਾਮਲ ਹੈ, ਜਿਸ ਵਿੱਚ ਉਨ੍ਹਾਂ ਨੇ ਵਾਰਿਸ ਸ਼ਾਹ ਦਾ ਦਵੰਦਵਾਦੀ ਤੇ ਭੌਤਿਕਵਾਦੀ ਦ੍ਰਿਸ਼ਟੀਕੋਣ ਤੋਂ ਵਿਸ਼ਲੇਸ਼ਣ ਕੀਤਾ। ਕੁਝ ਪੰਜਾਬੀ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੇ ਉਲਟ ਮਨਜ਼ੂਰ ਏਜਾਜ਼ ਦੀ ਭਾਸ਼ਾ ਬਹੁਤ ਸਰਲ ਸੀ, ਕਿਉਂਕਿ ਉਹ ਆਪਣੇ ਵਿਚਾਰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਲਗਭਗ 25 ਸਾਲ ਅੰਗਰੇਜ਼ੀ ਵਿੱਚ ਕਾਲਮ ਅਤੇ ਲਗਭਗ ਪੰਜ ਸਾਲ ਉਰਦੂ ਕਾਲਮ ਲਿਖੇ।