ਨਸਲਾਂ ਵਾਲੀ ਗੱਲ ਲੋਕ ਨਸਲਾਂ ਤੱਕ ਨਹੀਂ ਭੁੱਲਦੇ!

ਆਮ-ਖਾਸ ਸਿਆਸੀ ਹਲਚਲ

ਮੁਹੰਮਦ ਹਨੀਫ਼
ਲੱਗਦਾ ਸੀ ਜਨਰਲ ਆਸਿਮ ਮੁਨੀਰ ਚੁੱਪ-ਚੁਪੀਤੇ ਡੰਡਾ ਚਲਾਉਣ ਵਾਲੇ ਜਨਰਲ ਹਨ। ਨਾ ਸਾਫ਼ੀਆਂ ਨੂੰ ਮਿਲਦੇ ਹਨ, ਨਾ ਸਵੇਰੇ ਉੱਠ ਯੂਟਿਊਬਰਾਂ ਨੂੰ ਸੁਣਦੇ ਹਨ। ਨਵੇਂ-ਨਵੇਂ ਪ੍ਰੋਜੈਕਟਾਂ `ਤੇ ਤਖ਼ਤੀਆਂ ਲਗਵਾ ਕੇ ਫੀਤੇ ਕੱਟੀ ਜਾਂਦੇ ਹਨ। ਸ਼ਹੀਦਾਂ ਦੇ ਜਨਾਜ਼ੇ ਨੂੰ ਮੋਢਾ ਦਈ ਜਾਂਦੇ ਹਨ ਅਤੇ ਨਾਲ-ਨਾਲ ਆਪਣਾ ਡੰਡਾ ਚਲਾਈ ਜਾਂਦੇ ਹਨ; ਪਰ ਪਿਛਲੇ ਹਫ਼ਤੇ ਬੋਲੇ ਤਾਂ ਗੱਜ-ਵੱਜ ਬੋਲੇ ਹਨ। ਉਹ ਚਾਹੁੰਦੇ ਤਾਂ ਟੀ.ਵੀ. `ਤੇ ਆ ਕੇ ਕੌਮ ਨਾਲ ਖ਼ਿਤਾਬ ਵੀ ਕਰ ਸਕਦੇ ਸਨ।

ਮਿਨਾਰ-ਏ-ਪਾਕਿਸਤਾਨ ਜਲਸਾ ਵੀ ਹੋ ਸਕਦਾ ਸੀ।
ਆਖ਼ਰ ਹਕੂਮਤ ਵੀ ਉਨ੍ਹਾਂ ਦੀ ਆਪਣੀ ਹੈ ਤੇ ਮੀਡੀਆ ਵੀ ਆਪਣਾ; ਪਰ ਉਨ੍ਹਾਂ ਨੇ ਆਪਣੇ ਖ਼ਿਤਾਬ ਲਈ ਕੌਮ ਵੀ ਬਾਹਰੋਂ ਇੰਪੋਰਟ ਕਰ ਲਈ, ਓਵਰਸੀਜ਼ ਪਾਕਿਸਤਾਨੀ ਜਿਨ੍ਹਾਂ ਨੇ ਤਾੜੀਆਂ ਮਾਰ-ਮਾਰ ਕੇ, ਨਾਅਰੇ ਲਗਾ-ਲਗਾ ਕੇ ਜਨਰਲ ਸਾਬ੍ਹ ਦਾ ਜੀਅ ਖੁਸ਼ ਕਰ ਦਿੱਤਾ। ਜਨਰਲ ਸਾਬ੍ਹ ਨੇ ਵੀ ਪਾਕਿਸਤਾਨੀਆਂ ਨੂੰ ਦਿਖਾ ਦਿੱਤਾ- ਵੇਖੋ ਇਹ ਹੁੰਦੀ ਹੈ ਕੌਮ, ਇਹ ਹੁੰਦਾ ਹੈ ਜਜ਼ਬਾ, ਤੁਸੀਂ ਬੱਸ ਇੱਥੇ ਬੈਠੇ ਰੋਂਦੇ ਹੀ ਰਹਿੰਦੇ ਹੋ।
ਮੈਨੂੰ ਜਨਰਲ ਸਾਬ੍ਹ ਦੀ ਤਕਰੀਰ ਸੁਣ ਕੇ ਥੋੜ੍ਹਾ ਜਿਹਾ ਡਰ ਲੱਗਾ। ਆਪਣੇ ਲਈ ਨਹੀਂ, ਮੁਲਕ ਲਈ ਨਹੀਂ, ਨਾ ਕੌਮ ਲਈ, ਆਪ ਜਨਰਲ ਸਾਬ੍ਹ ਦੀ ਬਿਸਾਤ ਲਈ; ਕਿਉਂਕਿ ਪਹਿਲੀ ਵਾਰ ਲੱਗਾ ਕਿ ਉਨ੍ਹਾਂ ਨੂੰ ਆਪਣੀ ਤਕਰੀਰ ਦਾ ਸਵਾਦ ਆ ਰਿਹਾ ਹੈ। ਸੁੱਚਲ ਅਰਬੀ ਵਿੱਚ ਆਇਤਾਂ, ਫੌਜੀ ਅੰਗਰੇਜ਼ੀ ਵਿੱਚ ਧਮਕੀਆਂ, ਨਾਲ ਹਲਕੀਆਂ-ਫੁਲਕੀਆਂ ਜੁਗਤਾਂ ਇਹ ਕਿ ਪਾਕਿਸਤਾਨ ਛੱਡ ਕੇ ਜਾਣਾ ਬ੍ਰੇਨ-ਡਰੇਨ ਨਹੀਂ ਬਲਕਿ ਬ੍ਰੇਨ-ਗੇਨ ਹੈ, ਫਿਰ ਕਮ-ਔਨ, ਫਿਰ ਤਾੜੀਆਂ।
ਫਿਰ ਥੋੜ੍ਹਾ ਜਿਹਾ ਸ਼ੱਕ ਇਹ ਵੀ ਹੋਇਆ ਕਿ ਤਕਰੀਰ ਜਨਰਲ ਸਾਬ੍ਹ ਨੇ ਸ਼ਾਇਦ ਆਪ ਹੀ ਲਿਖੀ ਹੈ। ਜਦੋਂ ਸਾਡਾ ਜਰਨਲ ਚੁੱਪ-ਚਾਪ ਡੰਡਾ ਚਲਾਉਣ ਦੀ ਬਜਾਇ ਆਪਣੇ-ਆਪ ਨੂੰ ਦਾਨਿਸ਼ਵਰ ਵੀ ਸਮਝਣ ਲੱਗ ਜਾਵੇ ਤੇ ਨਾਲ ਖਤੀਬ ਵੀ, ਤਾਂ ਸਮਝੋ ਕਿ ਔਖਾ ਵੇਲਾ ਸ਼ੁਰੂ ਹੋ ਗਿਆ ਹੈ। ਜਨਰਲ ਸਾਬ੍ਹ ਕੋਲ ਕੁਰਾਨ-ਪਾਕ ਦੀਆਂ ਆਇਤਾਂ ਹਨ ਅਤੇ ਨਾਲ ਹੀ ਬੰਦੂਕ ਵੀ ਹੈ। ਇਨ੍ਹਾਂ ਦੋਵਾਂ ਅੱਗੇ ਦਲੀਲ ਤਾਂ ਨਹੀਂ ਚੱਲ ਸਕਦੀ ਬੱਸ ਹੱਥ ਜੋੜ ਕੇ ਮਿੰਨਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਸਾਨੂੰ ਸਾਡਾ ਪੁਰਾਣਾ ਸਬਕ ਯਾਦ ਕਰਵਾਇਆ ਕਿ ਹਿੰਦੂ ਸਾਡਾ ਦੁਸ਼ਮਣ ਸੀ ਤੇ ਹੈ, ਅਸੀਂ ਉਸ ਦੀ 13 ਲੱਖ ਫੌਜ ਤੋਂ ਬਿਲਕੁਲ ਨਹੀਂ ਡਰਦੇ, ਗੁੱਡ ਹੋ ਗਿਆ।
ਉਨ੍ਹਾਂ ਨੇ ਫਰਮਾਇਆ ਕਿ ਕਸ਼ਮੀਰ ਅਜੇ ਵੀ ਸਾਡੀ ਸ਼ਾਹਰਗ ਹੈ। ਇਹ ਸੁਣ ਕੇ ਪਤਾ ਨਹੀਂ ਕਸ਼ਮੀਰੀਆਂ ਨੇ ਤਾੜੀਆਂ ਮਾਰੀਆਂ ਨੇ ਕਿ ਨਹੀਂ ਪਰ ਓਵਰਸੀਜ਼ ਪਾਕਿਸਤਾਨੀਆਂ ਨੇ ਮਾਰੀਆਂ। ਫਿਰ ਆ ਗਿਆ ਬਲੋਚਿਸਤਾਨ `ਤੇ, ਕਿਹਾ ਕਿ ਇਹ 1500 ਬੰਦੇ ਸਾਡੇ ਕੋਲੋਂ ਬਲੋਚਿਸਤਾਨ ਖੋਹ ਲੈਣਗੇ! ਵੀ ਵਿਲ ਬੀਟ ਦਾ ਹੈੱਲ ਆਫ ਦੈੱਮ (ਅਸੀਂ ਇਨ੍ਹਾਂ ਸਾਰਿਆਂ ਨੂੰ ਸ਼ਿਕਸਤ ਦਿਆਂਗੇ)। ਇਨ੍ਹਾਂ ਦੀਆਂ 10 ਨਸਲਾਂ ਵੀ ਇਹ ਕੰਮ ਨਹੀਂ ਕਰ ਸਕਦੀਆਂ। ਜੇ ਉਨ੍ਹਾਂ ਦੇ ਦਫ਼ਤਰ ਕੋਈ ਸਿਆਣਾ ਬੈਠਾ ਹੁੰਦਾ ਤਾਂ ਉਨ੍ਹਾਂ ਦੇ ਕੰਨ ਵਿੱਚ ਕਹਿ ਦਿੰਦਾ ਕਿ ਸਾਨੂੰ ਇਹ ਨਸਲਾਂ ਵਾਲੀ ਗੱਲ ਨਹੀਂ ਕਰਨੀ ਚਾਹੀਦੀ।
ਦਰਅਸਲ, ਪਿਛਲੇ ਦਿਨੀਂ ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਆਯੋਜਿਤ ਓਵਰਸੀਜ਼ ਪਾਕਿਸਤਾਨੀ ਕਨਵੈਨਸ਼ਨ-2025 ਦੇ ਸਮਾਗ਼ਮ ਵਿੱਚ ਫੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਕਸ਼ਮੀਰ ਅਤੇ ਹਿੰਦੂਆਂ ਬਾਰੇ ਇੱਕ ਬਿਆਨ ਦਿੱਤਾ ਸੀ। ਉਨ੍ਹਾਂ ਦੇ ਇਸ ਬਿਆਨ ਦੀ ਪਾਕਿਸਤਾਨ ਅਤੇ ਭਾਰਤ- ਦੋਵਾਂ ਵਿੱਚ ਚਰਚਾ ਹੋ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਬਲੋਚਿਸਤਾਨ, ਭਾਰਤੀ ਫੌਜ, ਕਸ਼ਮੀਰ ਅਤੇ ਹਿੰਦੂਆਂ ਬਾਰੇ ਵੀ ਬਿਆਨ ਦਿੱਤੇ।
ਸਾਡੇ ਕਿਸੇ ਵੱਡੇ ਵਰਦੀ ਵਾਲੇ ਭਰਾ ਨੇ ਇਹ ਗੱਲ ਢਾਕੇ ਖੜ੍ਹੇ ਹੋ ਕੇ ਕੀਤੀ ਸੀ, ਉਨ੍ਹਾਂ ਦੀਆਂ ਨਸਲਾਂ ਤਾਂ ਨਹੀਂ ਬਦਲੀਆਂ ਪਰ ਸਾਡਾ ਜਿਓਗਰਾਫੀਆਂ (ਖੇਤਰਫ਼ਲ) ਬਦਲ ਗਿਆ। ਵੈਸੇ ਵੀ ਨਸਲਾਂ ਵਾਲੀ ਗੱਲ ਲੋਕ ਨਸਲਾਂ ਤੱਕ ਨਹੀਂ ਭੁੱਲਦੇ ਬਲਕਿ ਅੱਗੋਂ ਤੁਹਾਡੀ ਨਸਲ ਦਾ ਵੀ ਹਿਸਾਬ-ਕਿਤਾਬ ਮੰਗ ਲੈਂਦੇ ਹਨ।
ਮੁਕੱਦਮ ਕਿਤਾਬ ਤੇ ਡੰਡੇ ਦਾ ਜਵਾਬ ਤਾਂ ਕੋਈ ਨਹੀਂ, ਪਰ ਤਰੀਖ਼ ਆਪਣਾ ਹਿਸਾਬ-ਕਿਤਾਬ ਤਾਂ ਕਰ ਹੀ ਲੈਂਦੀ ਹੈ। ਜਨਰਲ ਆਸਿਮ-ਅਲ-ਮੁਨੀਰ ਵਿੱਚ ਕਈ ਲੋਕਾਂ ਨੂੰ ਆਪਣੇ ਵੱਡੇ ਮਰਦ-ਏ-ਮੋਮਨ ਜਨਰਲ ਜਿਆ-ਉਲ-ਹੱਕ ਦੀ ਝਲਕ ਨਜ਼ਰ ਆਉਂਦੀ ਹੈ। ਅੱਲ੍ਹਾ ਕਰੇ ਨਵੇਂ ਮਰਦ-ਏ-ਮੋਮਨ ਦਾ ਜਹਾਜ਼ ਖ਼ੈਰੀਂ ਉੱਡੇ ਤੇ ਲੈਂਡ ਕਰੇ। ਉਸ ਤੋਂ ਬਾਅਦ ਸਾਡੇ ਕੋਲ ਜਨਰਲ ਮੁਸ਼ਰੱਫ਼ ਸਨ ਜੋ ਡੰਡਾ ਵੀ ਚਲਾਉਂਦੇ ਰਹੇ ਤੇ ਨਾਲ-ਨਾਲ ਕੁਰਾਨੀ ਆਇਤਾਂ ਦੀ ਬਜਾਇ ਸਾਨੂੰ ਕੋਈ ਸੈਕੁਲਰ ਟਾਈਮ ਗੱਲਾਂ ਵੀ ਸਮਝਾਉਂਦੇ ਰਹੇ। ਆਖ਼ਰੀ ਸਾਲਾਂ ਵਿੱਚ ਉਹ ਵੀ ਓਵਰਸੀਜ਼ ਹੋ ਗਏ ਸਨ। ਅੱਲ੍ਹਾ ਬਖ਼ਸ਼ੇ ਜਨਾਜ਼ਾ ਵੀ ਉਨ੍ਹਾਂ ਦਾ ਕਿਸੇ ਫੌਜੀ ਮੈੱਸ ਦੇ ਅੰਦਰ ਹੀ ਪੜ੍ਹਾਉਣਾ ਪਿਆ ਸੀ।
ਉਸ ਤੋਂ ਬਾਅਦ ਜਨਰਲ ਰਹੀਮ-ਸ਼ਰੀਫ਼ ਸਨ। ਉਹ ਸੀ ਸੁਣਿਆ ਕਿ ਕੋਈ ਅੱਧੇ-ਪੁਚੱਧੇ ਓਵਰਸੀਜ਼ ਹੀ ਹਨ। ਇਹ ਤਾਂ ਪੁਰਾਣੀਆਂ ਗੱਲਾਂ ਨੇ, ਇਸ ਮੁਲਕ ਵਿੱਚ ਛੇ ਸਾਲ ਤੱਕ ਜਨਰਲ ਕਮਰ ਜਾਵੇਦ ਬਾਜਵਾ ਦਾ ਡੰਡਾ ਚੱਲਦਾ ਰਿਹਾ। ਪਰ ਹੁਣ ਅਨਾਰਕਲੀ ਜਾ ਕੇ ਨਾਸ਼ਤਾ ਵੀ ਨਹੀਂ ਕਰ ਸਕਦੇ। ਉਨ੍ਹਾਂ ਨੂੰ ਪਤਾ ਨਹੀਂ ਕੌਮ ਅੱਗੋਂ ਕਿਸ ਤਰ੍ਹਾਂ ਦਾ ਪਿਆਰ ਦੇਵੇਗੀ। ਉਹ ਆਪਣੇ ਮੁਲਕ ਵਿੱਚ ਰਹਿ ਕੇ ਵੀ ਓਵਰਸੀਜ਼ ਹੋ ਗਏ ਸਨ।
ਜੋ ਤਕਰੀਰ ਸੁਣਨ ਆਏ, ਉਹ ਤਾੜੀਆਂ ਮਾਰ ਕੇ, ਨਾਅਰੇ ਲਗਾ ਕੇ, ਲੰਚ-ਡਿਨਰ ਕਰ ਕੇ ਆਪਣੇ ਮੁਲਕ ਵਾਪਸ ਤੁਰ ਗਏ ਹਨ। ਬਾਕੀ ਮੁਲਕ ਵੀ ਇੱਥੇ, ਕੌਮ ਵੀ ਇੱਥੇ। ਇਹ ਘੋੜਾ ਤੇ ਇਹ ਘੋੜੇ ਦਾ ਮੈਦਾਨ। ਜਦੋਂ ਵੇਲਾ ਆਇਆ ਤਾਂ ਜਨਰਲ ਸਾਬ੍ਹ ਨੂੰ ਸ਼ੱਕ ਹੈ ਕਿ ਉਨ੍ਹਾਂ ਨੂੰ ਵੀ ਸ਼ਾਇਦ ਓਵਰਸੀਜ਼ ਹੋਣਾ ਪਵੇ। ਇਸ ਲਈ ਉਨ੍ਹਾਂ ਨਾਲ ਹੁਣ ਤੋਂ ਹੀ ਭਰਾਬੰਦੀ ਕਰ ਲਈਏ!

Leave a Reply

Your email address will not be published. Required fields are marked *