ਸ਼ਿਕਾਗੋ ਵਿੱਚ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਦਾ ‘ਪੰਜਾਬੀ ਵਿਰਸਾ’ 10 ਮਈ ਨੂੰ
‘ਪੰਜਾਬੀ ਵਿਰਸੇ’ ਦੀ ਗਵਾਹੀ ਭਰਦੇ “ਗਾਇਕੀ ਦੇ ਰਾਂਝੇ, ‘ਹੀਰ’ ਭਰਾ” – ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਦੀ ਗਾਇਕੀ ਦਾ ਆਪਣਾ ਹੀ ਅੰਦਾਜ਼ ਤੇ ਆਪਣਾ ਹੀ ਮੁਕਾਮ ਹੈ। ਇਨ੍ਹਾਂ ਗਾਇਕ ਭਰਾਵਾਂ ਦੇ ਬਹੁਤੇ ਗੀਤ ਤਾਂ ਅਜਿਹੇ ਹਨ, ਜਿਨ੍ਹਾਂ ਨੂੰ ਸੁਣਦਿਆਂ ਪਰਦੇਸ ਬੈਠਿਆਂ ਵੀ ਪੇਂਡੂ ਮਾਹੌਲ ਜਾਂ ਪਿੰਡਾਂ ਦੀਆਂ ਸੱਥਾਂ ਦਾ ਅਹਿਸਾਸ ਹੋ ਜਾਂਦਾ ਹੈ, ਤੇ ਪਿੰਡ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ।
ਜੇ ਇਹ ਕਹਿ ਲਈਏ ਕਿ ਇਨ੍ਹਾਂ ਗਾਇਕ ਭਰਾਵਾਂ ਦੇ ਕੁਝ ਗੀਤ ਲੋਕ ਤੱਥ ਹੀ ਬਣ ਗਏ ਹਨ, ਤਾਂ ਕੋਈ ਅਤਿਕਥਨੀ ਨਹੀਂ ਹੈ। ਇਨ੍ਹਾਂ ਦੇ ਗੀਤ ਲੋਕ ਜ਼ੁਬਾਨ ਦੇ ਮੁਦੱਈ ਹਨ। ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਦੀ ਨਵੀਂ ਫਿਲਮ ‘ਕੇਸਰੀ-2’ ਵਿੱਚ ਆਏ ਗੀਤ ‘ਓ ਸ਼ੇਰਾ, ਉਠ ਜ਼ਰਾ’ ਗੀਤ ਦਾ ਜਲਵਾ ਬਾਕਮਾਲ ਹੈ ਤੇ ਇਸ ਗੀਤ ਵਿਚਲੇ ਸ਼ਬਦਾਂ ਦੀ ਬਣਤਰ/ਜੜਤ ਲੂੰਅ-ਕੰਡੇ ਖੜ੍ਹੇ ਕਰਨ ਵਾਲੀ ਹੈ; ਜਿਵੇਂ- “ਜੇ ਮੁੱਦਾ ਹੋਂਦ ਦਾ ਹੋਇਆ ਤਾਂ ਤੀਰਾਂ ਵਾਂਗ ਟੱਕਰਾਂਗੇ, ਅਸੀਂ ਬੈਠੇ ਨਹੀਂ ਹਾਂ ਸਿਰ `ਤੇ ਉੜਦੇ ਬਾਜ਼ ਦੇਖਣ ਨੂੰ… ਓ ਸ਼ੇਰਾ ਉਠ ਜ਼ਰਾ ਤੇ ਓਹੀ ਜਲਵਾ ਦਿਖਾ ਆਪਣਾ, ਬੜੀ ਬੇਤਾਬ ਹੈ ਦੁਨੀਆ ਤੇਰੀ ਪਰਵਾਜ਼ ਦੇਖਣ ਨੂੰ…।”
ਖੈਰ! ਸ਼ਿਕਾਗੋ ਵਿੱਚ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਦਾ ‘ਪੰਜਾਬੀ ਵਿਰਸਾ’ ਸਥਾਨਕ ਸੰਸਥਾ ‘5ਰਿਵਰਜ਼ ਐਂਟਰਟੇਨਮੈਂਟ’ ਵੱਲੋਂ ਸਨਿਚਰਵਾਰ, 10 ਮਈ 2025 ਨੂੰ ‘ਡੈਸ ਪਲੇਨਜ਼ ਥੀਏਟਰ’ ਵਿੱਚ ਸ਼ਾਮ 6:30 ਵਜੇ ਤੋਂ ਕਰਵਾਇਆ ਜਾ ਰਿਹਾ ਹੈ। ‘5ਰਿਵਰਜ਼ ਐਂਟਰਟੇਨਮੈਂਟ’ ਦੇ ਮੋਢੀ- ਅੰਮ੍ਰਿਤਪਾਲ ਮਾਂਗਟ, ਇੰਦਰ ਵਿਰਕ, ਗੁਰਪ੍ਰੀਤ ਸਿੰਘ ਸਿੱਧੂ, ਡਾ. ਵਿਕਰਮ ਗਿੱਲ ਤੇ ਜਿਗਰਦੀਪ ਸਿੰਘ ਢਿੱਲੋਂ ਅਨੁਸਾਰ ਇਹ ਸ਼ੋਅ ਸ਼ਿਕਾਗੋ ਵਿੱਚ ਯਾਦਗਾਰੀ ਸ਼ੋਅ ਹੋ ਨਿਬੜੇਗਾ, ਕਿਉਂਕਿ ਸ਼ੋਅ ਲਈ ਭਾਈਚਾਰੇ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਸ਼ੋਅ ਦੇ ਮੱਦੇਨਜ਼ਰ ਗਾਇਕ ਮਨਮੋਹਨ ਵਾਰਿਸ ਬਾਰੇ ਸੀਨੀਅਰ ਪੱਤਰਕਾਰ ਤੇ ਲੇਖਕ ਐਸ. ਅਸ਼ੋਕ ਭੌਰਾ ਦਾ ਹਥਲਾ ਸ਼ਬਦ ਚਿੱਤਰ ਜ਼ਿਕਰਯੋਗ ਹੈ। -ਕੁਲਜੀਤ ਦਿਆਲਪੁਰੀ
ਐਸ. ਅਸ਼ੋਕ ਭੌਰਾ
ਇਹ ਇਤਿਹਾਸਕ ਤੱਥ ਹੈ ਕਿ ਜਿਨ੍ਹਾਂ ਨੇ ਤਾਜ ਮਹਿਲ ਵੇਖਿਆ, ਉਹ ਉਹਦੀਆਂ ਸਿਫਤਾਂ ਕਰਨੋਂ ਨਹੀਂ ਹਟਦੇ ਤੇ ਜਿਨ੍ਹਾਂ ਨੇ ਨਹੀਂ ਵੇਖਿਆ, ਉਨ੍ਹਾਂ ਦੇ ਅੰਦਰ ਦੇਖਣ ਦੀ ਖਿੱਚ ਨਹੀਂ ਮੁੱਕਦੀ। ਬਸ ਇਹੀ ਤਾਜ ਮਹਿਲ ਦੀ ਖਾਸੀਅਤ ਹੈ। ਇਵੇਂ ਹੀ ਬਹੁਤ ਸਾਰੇ ਲੋਕਾਂ ਦੇ ਮਾਮਲੇ `ਚ ਵੀ ਸਥਿਤੀ ਕਈ ਵਾਰ ਏਦਾਂ ਦੀ ਹੀ ਹੁੰਦੀ ਹੈ; ਕਈ ਵਾਰ ਕਲਾਕਾਰਾਂ ਦੇ ਮਾਮਲੇ `ਚ ਵੀ ਏਦਾਂ ਲਗਦਾ ਹੁੰਦਾ ਹੈ। ਕਮਾਲ ਦੇਖੋ ਕਿ ‘ਗੈਰਾਂ ਨਾਲ ਪੀਂਘਾਂ ਝੂਟਦੀਏ…’ ਤੋਂ ਸ਼ੁਰੂ ਹੋਇਆ ਮਨਮੋਹਨ ਵਾਰਿਸ ਦਾ ਸਫਰ 32 ਸਾਲਾਂ ਬਾਅਦ ਵੀ ਉਸੇ ਮੋਹ ਮੁਹੱਬਤ ਨਾਲ ਚੱਲ ਰਿਹਾ ਹੈ, ਉਹਦੇ ਕਾਫਲੇ `ਚ ਜੋ ਲੋਕ ਉਪਰੋ ਥਲੀ ਹੋ ਹੋ ਵੜਦੇ ਨੇ। ਕਾਫਲੇ `ਚ ਸਿਆਣੇ ਤੇ ਜ਼ਿੰਮੇਵਾਰ ਲੋਕ ਵੱਧ ਨੇ, ਜਿਹੜੇ ਅਕਸਰ ਕਹਿਣਗੇ, ‘ਭਾਈ ਇਹ ਐ ਮਨਮੋਹਨ ਵਾਰਿਸ, ਚੰਗਾ ਗਾਉਣ ਵਾਲਾ ਮੁੰਡਾ!’
ਅਸਲ `ਚ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਸ਼ਾਇਦ ਪੰਜਾਬੀ ਗਾਇਕੀ `ਚ ਬਹੁਤ ਘੱਟ ਇੱਦਾਂ ਦੀਆਂ ਉਦਾਹਰਣਾਂ ਨੇ ਕਿ ਕਿਸੇ ਦਾ ਕੋਈ ਗੀਤ ਵਿਵਾਦਤ ਨਾ ਹੋਇਆ ਹੋਵੇ, ਕਿਸੇ ਦੇ ਗੀਤ ‘ਤੇ ਕਿਸੇ ਨੂੰ ਗ਼ਿਲਾ ਨਾ ਹੋਇਆ ਹੋਵੇ ਤੇ ਜੇ ਕਿਤੇ ਅੱਜ ਦੇ ਯੁੱਗ `ਚ ਕੋਈ ਵਿਵਾਦ ਤੋਂ ਕੋਈ ਗਵੱਈਆ ਬਚਿਆ ਹੈ ਤਾਂ ਸ਼ਾਇਦ ਮਨਮੋਹਨ ਹੀ ਹੈ। ਸੱਚ ਹੈ, ਕਿਉਂਕਿ ਉਹਨੇ ਇੰਨਾ ਲੰਬਾ ਸਫਰ ਤੈਅ ਕਰਕੇ ਵੀ ਕਦੇ ਨਾ ਕਿਸੇ ਦੀ ਨਾਰਾਜ਼ਗੀ ਵੇਖੀ ਹੈ, ਨਾ ਉਹਦੀ ਕਦੇ ਆਲੋਚਨਾ ਹੁੰਦੀ ਦੇਖੀ ਹੈ; ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸਨੂੰ ਸੁਣਨ ਵਾਲਿਆਂ `ਚ ਜਵਾਨ ਵੀ ਸ਼ਾਮਿਲ ਨੇ, ਬਜ਼ੁਰਗ ਵੀ, ਮਾਵਾਂ ਵੀ, ਭੈਣਾਂ ਵੀ, ਸਕੂਲਾਂ-ਕਾਲਜਾਂ ਵਾਲੇ ਮੁੰਡੇ-ਕੁੜੀਆਂ ਵੀ; ਦੇਸ਼ਾਂ `ਚ ਵੀ, ਵਿਦੇਸ਼ਾਂ `ਚ ਵੀ ਤੇ ਸਾਰੇ ਵਰਗਾਂ `ਚ ਬਰਾਬਰ ਨਿਭਣਾ ਘੱਟੋ ਘੱਟ ਅੱਜ ਦੇ ਯੁੱਗ `ਚ ਤਾਂ ਔਖਾ ਬਹੁਤ ਹੈ। ਸ਼ਾਇਦ ਇਹ ਗੁਰ ਮਨਮੋਹਨ ਵਾਰਿਸ ਕਿਸੇ ਨਾਲ ਸਾਂਝਾ ਵੀ ਨਾ ਕਰੇ। ਮੈਂ ਉਨਾਂ ਉਹਦੇ ਨੇੜਲਿਆਂ `ਚੋਂ ਹਾਂ, ਜਿਨ੍ਹਾਂ ਨੇ ਉਹਦਾ ਸੰਘਰਸ਼ ਉਹਦੇ ਪਹਿਲੇ ਦਿਨ ਵੀ ਵੇਖਿਆ ਹੈ ਤੇ ਅੱਜ ਜਦੋਂ ਉਸ ਦੇ ਸਿਤਾਰੇ ਗਰਦਿਸ਼ `ਚ ਨੇ, ਉਦੋਂ ਵੀ ਵੇਖ ਰਹੇ ਹਾਂ।
ਅਸਲ `ਚ ਇੱਕ ਸਬਰ ਦਾ ਨਾਂ ਵੀ ਮਨਮੋਹਨ ਹੈ, ਕਿਉਂਕਿ ਉਹਨੇ ਸਿਰਫ ਆਪਣੀ ਗਾਇਕੀ ‘ਤੇ ਹੀ ਧਿਆਨ ਕੇਂਦਰਿਤ ਕਰਕੇ ਰੱਖਿਆ ਹੈ। ਉਹ ਫਿਲਮਾਂ ਵੱਲ ਨਹੀਂ ਦੌੜਿਆ, ਕਦੇ ਰਾਜਨੀਤੀ `ਚ ਉਹਦੀ ਕਿਸੇ ਨੇ ਗੱਲ ਨਹੀਂ ਸੁਣੀ ਹੋਣੀ। ਤਿੰਨੇ ਭਰਾ- ਸੰਗਤਾਰ, ਮਨਮੋਹਨ ਤੇ ਕਮਲ ਹੀਰ, ਹੀਰੇ ਬੰਦੇ ਨੇ; ਆਪੋ ਆਪਣੀ ਕਲਾ `ਚ ਨਿਪੁੰਨ ਨੇ ਤੇ ਖਾਸ ਗੱਲ ਇਹ ਹੈ ਕਿ ਭਰਾਵਾਂ `ਚ ਮੁਹੱਬਤ ਦਾ ਜੋਰ ਜੁਆਨੀ ਵਰਗਾ ਹੈ। ਆਪਸੀ ਇਕਸੁਰਤਾ ਬਣੀ ਹੋਈ ਆ ਕਿ ਕੀ ਗਾਉਣਾ ਚਾਹੀਦਾ? ਕਦੋਂ ਗਾਉਣ ਚਾਹੀਦਾ? ਸ਼ਾਇਦ ਇਹ ਵੀ ਇਨ੍ਹਾਂ ਤਿੰਨਾਂ ਭਰਾਵਾਂ ਦੇ ਇਤਫਾਕ `ਚੋਂ ਨਿਕਲਿਆ ਹੈ। ਮਨਮੋਹਨ ਵਾਰਿਸ ਵਾਕਿਆ ਹੀ ਮਨਮੋਹਨ ਵਾਰਿਸ ਹੈ। ਮੈਂ ਜੋਤਿਸ਼ੀ ਨ੍ਹੀਂ, ਪਰ ਗੱਲ ਸਾਧਾਰਣ ਹੈ ਕਿ ਅੱਜ ਤੋਂ 31 ਸਾਲ ਪਹਿਲਾਂ ਮੈਂ ਇਹ ਗੱਲ ਕਹੀ ਸੀ ਕਿ ਮਨਮੋਹਨ ‘ਪੰਜਾਬੀ ਗਾਇਕੀ ਦਾ ਵਾਰਿਸ ਬਣੇਗਾ’ ਤੇ ਉਹਨੂੰ ਵਾਰਿਸ ਬਣਦਿਆਂ ਵੇਖ ਵੀ ਰਹੇ ਹਾਂ। ਗੱਲ ਤਾਂ ਭਾਵੇਂ ਸੁਭਾਵਿਕ ਕਹੀ ਹੋਵੇ, ਪਰ ਇਸ ਨੂੰ ਬੂਰ ਤਾਂ ਪਿਐ! ‘ਕਿਤੇ ਰੰਗ ਨਾ ਬਟਾ ਲਈਂ… ਪਿਸਟਲ ਤਾਂ ਵਿਕਣ ਬਾਜ਼ਾਰੋਂ…। ਪਿੰਡ ਦਾ ਬਨੇਰਾ… ਕਿਤੇ `ਕੱਲੀ ਬਹਿ ਕੇ ਸੋਚੀਂ… ਤੇ ‘ਗੱਭਰੂ’ ਤੱਕ ਮਨਮੋਹਨ ਸਿਖਰ ‘ਤੇ ਹੈ। ਸ਼ਾਇਦ ਮਨਮੋਹਨ ਨੇ ਇਹ ਆਪ ਧਿਆਨ `ਚ ਕਦੇ ਨਾ ਲਿਆਂਦਾ ਹੋਵੇ। ਕਈ ਗਾਇਕੀ ਦੇ ਖੇਤਰ `ਚ ਜਾਂ ਹੋਰ ਕਲਾਵਾਂ `ਚ ਉਹਦੇ ਸਮਕਾਲੀ ਸਮੇਂ `ਚ ਉਹਦੇ ਤੋਂ ਅੱਗੇ ਨਿਕਲੇ ਹੋਣਗੇ, ਤੇਜ਼ ਤੁਰੇ ਹੋਣਗੇ, ਗਰਾਫ ਵੱਡਾ ਹੋਇਆ ਹੋਏਗਾ, ਪਰ ਉਹ ਸਫਰ ਤੈਅ ਕਰਕੇ ਕਈ ਵਿਹਲੇ ਵੀ ਹੋ ਗਏ ਨੇ, ਪਰ ਮਨਮੋਹਨ ਹਫਦਾ ਕਿੱਥੇ ਆ!
ਸਿਆਣੇ ਕਹਿੰਦੇ ਨੇ ਕਿ ਗਰਾਫ ਦੀ ਜਾਂ ਸਫਰ ਦੀ ਮਹੱਤਤਾ ਇਸ ਗੱਲ `ਚ ਹੁੰਦੀ ਹੈ ਕਿ ਤੁਸੀਂ ਉਸਨੂੰ ਟਿਕਾ ਕੇ ਕਿੰਨਾ ਕੁ ਰੱਖਦੇ ਹੋ? ਮਨਮੋਹਨ ਵਾਰਿਸ ਨੇ ਆਪਣੇ ਗਾਇਕੀ ਜੀਵਨ ਨੂੰ ਬਹੁਤ ਟਿਕਾ ਕੇ ਰੱਖਿਆ ਹੈ, ਬਹੁਤ ਸਬਰ ਨਾਲ ਰੱਖਿਆ ਹੈ, ਕਦੇ ਵੀ ਉਹਨੂੰ ਕਿਸੇ ਨੇ ਹਾਫiਲ਼ਆ ਨਹੀਂ ਵੇਖਿਆ ਹੋਣਾ, ਨਾ ਕਦੇ ਉਹਨੂੰ ਕਿਸੇ ਨੇ ਬਹੁਤੀ ਭੱਜ-ਦੌੜ ਕਰਦਾ ਵੇਖਿਆ ਹੋਣਾ! ਕਦੀ ਮੀਡੀਆ `ਚ, ਕਦੀ ਪ੍ਰੈੱਸ ਕਾਨਫਰੰਸਾਂ `ਚ ਇੱਦਾਂ ਦਾ ਕੋਈ ਸ਼ਬਦ ਨਹੀਂ ਕਿਹਾ ਹੋਣਾ, ਜਿਹੜਾ ਕਿਸੇ ਨੂੰ ਚੁਭਿਆ ਹੋਵੇ। ਉਹ ਕਈ ਵਾਰੀ ਆਪਣੇ ਗੀਤਾਂ ਨਾਲੋਂ ਬੋਲਦਾ ਉਦਾਂ ਬੜਾ ਪਿਆਰਾ ਲੱਗਦਾ। ਉਸ ਸੁਨੱਖਾ ਹੈ, ਹਾਲੇ ਤੱਕ ਸਿਹਤ ਨੂੰ ਸੰਭਾਲਿਆ ਹੋਇਆ ਤੇ ਸਾਨੂੰ ਇੱਦਾਂ ਲੱਗਦਾ ਕਿ ਚੰਗਾ ਹੋਇਆ ਉਹਨੇ ਕਈ ਹੋਰ ਖੇਤਰਾਂ ਨੂੰ ਨਹੀਂ ਚੁਣਿਆ। ਕਿਉਂਕਿ ਜਦੋਂ ਤੁਹਾਡੀ ਇਕਾਗਰਤਾ ਇੱਕ ਥਾਂ ਟਿਕੀ ਹੁੰਦੀ ਹੈ ਤਾਂ ਤੁਸੀਂ ਆਪਣੀ ਕਲਾ ਨਾਲ, ਆਪਣੇ ਹੁਨਰ ਨਾਲ, ਆਪਣੇ ਸਮੇਂ ਨਾਲ ਇਨਸਾਫ ਕਰ ਰਹੇ ਹੁੰਦੇ ਹੋ। ਜਦੋਂ ਤੁਸੀਂ ਕਲਾਵਾ ਕਿਤੇ ਹੋਰ ਭਰ ਰਹੇ ਹੋ, ਰੁੱਗ ਕਿਤੇ ਹੋਰ ਭਰ ਰਹੇ ਹੋ, ਕਿਤੇ ਖਿੱਚ ਧੂਹ ਕਰ ਰਹੇ ਹੋ; ਰਾਤ ਨੂੰ ਵੀ ਤੁਹਾਡੇ ਖਿਆਲ `ਚ ਚੱਲੀ ਜਾਂਦਾ ਮੈਂ ਏਧਰ ਵੀ ਕਾਮਯਾਬ ਹੋਣਾ, ਮੈਂ ਓਧਰ ਵੀ ਕਾਮਯਾਬ ਹੋਣਾ- ਸ਼ਾਇਦ ਇਸ ਅਭੀਮੰਨਿਊ ਵਾਲੇ ਚੱਕਰ `ਚ ਮਨਮੋਹਨ ਵਾਰਿਸ ਕਿਤੇ ਵੀ ਫਸਦਾ ਨਜ਼ਰ ਨਹੀਂ ਆਉਂਦਾ। ਕਹਿ ਸਕਦੇ ਹਾਂ ਕਿ ਅਸੀਂ ਇੱਕ ਅਜਿਹੇ ਗਾਇਕ ਨੂੰ ਜਾਣਦੇ ਆਂ, ਜਿਹੜਾ ਸਾਹਿਤਕ ਖੇਤਰ `ਚ ਵੀ ਬਹੁਤ ਪਿਆਰਾ ਹੈ, ਜਿਹਨੇ ‘ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ ਵਿਛੜੇ ਨਨਕਾਣੇ ਦਾ…’ ਨਾਲ ਧਾਰਮਿਕ ਖੇਤਰ ਵਿੱਚ ਬਹੁਤ ਵਡਿਆਈ ਦਿੱਤੀ ਹੈ, ਉਹਨੇ ਨੱਚਣ-ਟੱਪਣ ਵਾਲੇ ਗੀਤਾਂ `ਚ ਪੰਜਾਬੀਆਂ ਨੂੰ ਬੜਾ ਸਿਹਤਮੰਦ ਨਚਾਇਆ ਹੈ।
ਇਸ ਗੱਲ ਨੂੰ ਮੰਨਣਾ ਪਵੇਗਾ ਕਿ ਉਹ ਵਿਦੇਸ਼ਾਂ `ਚ ਸਾਲ ਬਾਅਦ ਆਵੇ, ਦੋ ਸਾਲ ਬਾਅਦ ਆਵੇ- ਨਾ ਉਹਨੂੰ ਸਰੋਤਿਆਂ ਦੀ ਕਮੀ ਹੈ, ਨਾ ਦਰਸ਼ਕਾਂ ਦੀ ਕਮੀ ਤੇ ਨਾ ਪ੍ਰੋਮੋਟਰਾਂ ਦੀ। ਸ਼ਾਇਦ ਸਦੀਕ ਵਾਂਗ ਮਨਮੋਹਨ ਵੀ ਇੱਦਾਂ ਦਾ ਸਫਰ ਤੈਅ ਕਰ ਰਿਹੈ ਕਿ 31 ਸਾਲ ਪਹਿਲਾਂ ਉਹਨੇ ਜਿਸ ਵਿਅਕਤੀ ਦੇ ਵਿਆਹ `ਚ ਅਖਾੜਾ ਲਾਇਆ ਹੋਣਾ ਜਾਂ ਪ੍ਰੋਗਰਾਮ ਕੀਤਾ ਹੋਣਾ, ਹੁਣ ਉਨ੍ਹਾਂ ਦੇ ਪੁੱਤਰਾਂ ਦੇ ਵਿਆਹਾਂ-ਸ਼ਾਦੀਆਂ `ਚ ਵੀ ਮਨਮੋਹਨ ਵਾਰਿਸ ਹੀ ਜਾ ਰਿਹਾ। ਹਾਲੇ ਪਟਕੇ ਦੀ ਝੰਡੀ ਮਨਮੋਹਨ ਕੋਲ ਹੈ ਤੇ ਸ਼ਾਇਦ ਉਹ ਛੇਤੀਂ ਛੱਡੇਗਾ ਵੀ ਨਹੀਂ। ਮੈਂ ਹਮੇਸ਼ਾ ਮਨਮੋਹਨ ਦਾ ਸ਼ੁਭਚਿੰਤਕ ਰਿਹਾ ਹਾਂ, ਕੁਲਦੀਪ ਮਾਣਕ, ਸਰਦੂਲ ਵਾਂਗ ਮਨਮੋਹਨ ਨੂੰ ਵੀ ਬਹੁਤ ਪਿਆਰ ਕਰਦਾ ਹਾਂ। ਇਸੇ ਕਰਕੇ ਇਨ੍ਹਾਂ ਚੰਦ ਸਤਰਾਂ `ਚ ਮੈਂ ਇਹੀ ਕਹਿਣ ਦਾ ਯਤਨ ਕੀਤਾ ਹੈ ਕਿ ਜਦੋਂ ਪੰਜਾਬੀ ਗਾਇਕੀ ‘ਤੇ ਬੜੇ ਉਲਾਂਭੇ ਨੇ, ਬੜੇ ਨਿਹੋਰੇ ਨੇ, ਕਿਤੇ ਜਵਾਨੀ ਨੂੰ ਦਿਸ਼ਾਹੀਣ ਕਰਨ ਦੇ ਤਾਅਨੇ-ਮਿਹਣੇ ਨੇ, ਕਈਆਂ ਦੇ ਗੀਤਾਂ `ਚੋਂ ਲੱਭਦਾ ਈ ਕੁਝ ਨਹੀਂ, ਕਈ ਗੀਤ ਆਏ ਵੀ ਸੀ ਪਤਾ ਨਹੀਂ ਕਦੋਂ ਚਲੇ ਗਏ, ਪਰ ਮਨਮੋਹਨ ਦੇ ਗੀਤਾਂ ਦਾ `ਕੱਲਾ `ਕੱਲਾ ਸ਼ਬਦ ਚੁਣ ਕੇ ਤੇ ਸੁਣ ਕੇ ਵੇਖੋ, ਮਨਮੋਹਨ ਦੀ ਗਾਇਕੀ ਨੂੰ ਅੱਖਾਂ ਬੰਦ ਕਰਕੇ ਸੁਣ ਕੇ ਵੇਖੋ, ਉਹਦੇ ਸੁਭਾਅ ਤੇ ਸ਼ਖਸੀਅਤ ਦੇ ਵਿੱਚ ਦੀ ਹੋ ਕੇ ਲੰਘੋ ਤਾਂ ਤੁਸੀਂ ਵੀ ਕਹੋਗੇ ਕਿ ਅੱਜ ਦੇ ਦੌਰ `ਚ ਮਨਮੋਹਨ ਵਾਰਿਸ ਪੰਜਾਬੀ ਗਾਇਕੀ ਦਾ ਵਾਰਿਸ ਸੀ, ਵਾਰਿਸ ਹੈ ਤੇ ਉਹਦੀ ਗਾਇਕੀ ਏਸ ਸਮੇਂ `ਚ ਇੱਕ ਕ੍ਰਿਸ਼ਮਾ ਵੀ ਹੈ। ਇਸੇ ਕਰਕੇ ਕਹਿਣ ਨੂੰ ਜੀਅ ਕਰਦਾ, ‘ਮਨਮੋਹਨ ਵਾਰਿਸ ਜਿੰਦਾਬਾਦ!!’