ਡੁੱਬੀ ਤੇ ਤਾਂ ਜੇ ਸਾਹ ਨਾ ਆਇਆ…

ਖਬਰਾਂ

ਵੇਸ਼ਵਾਗਮਨ ਸਿਆਸਤ ਵੇਸ਼ਵਾਗਮਨ ਸਭਿਆਚਾਰ ਹੀ ਪੈਦਾ ਕਰ ਸਕਦੀ
ਪੰਜਾਬੀ ਪਰਵਾਜ਼ ਬਿਊਰੋ
ਪੰਜਾਬ ਵਿੱਚ ਜਿਹੜੀ ਸਿਆਸਤ ਹੋ ਰਹੀ ਹੈ, ਉਸ ਦਾ ਕੋਈ ਸਮੂਹਿਕ ਮਕਸਦ ਨਹੀਂ ਹੈ। ਰਾਜਨੀਤਿਕ ਪਾਰਟੀਆਂ ਵਿੱਚ ਕੁਝ ਚੰਗੇ ਵਿਅਕਤੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਸਮੂਹਿਕ ਪਾਰਟੀ ਸੰਗਠਨ ਇਸ ਧਰਤੀ ਲਈ ਬੋਝ ਬਣ ਗਏ ਹਨ। ਇਨ੍ਹਾਂ ਦੀ ਅਸਲ ਵਿੱਚ ਨਾ ਕੋਈ ਵਿਚਾਰਧਾਰਾ ਹੈ, ਨਾ ਹੀ ਇਹ ਕਿਸੇ ਸਮੂਹ ਦੀ ਅਗਵਾਈ ਕਰਦੇ ਹਨ, ਨਾ ਇਹ ਇਸ ਧਰਤੀ ਨਾਲ ਕੋਈ ਮੋਹ ਪਿਆਰ ਵਾਲਾ ਰਿਸ਼ਤਾ ਰੱਖਦੇ ਹਨ ਅਤੇ ਨਾ ਹੀ ਇਨ੍ਹਾਂ ਕੋਲ ਅਜਿਹਾ ਕੋਈ ਆਦਰਸ਼ ਜਾਂ ਸੁਪਨਾ ਹੈ, ਜਿਸ ਨੂੰ ਇਨ੍ਹਾਂ ਨੇ ਸਾਕਾਰ ਕਰਨਾ ਹੋਵੇ।

ਸੁਪਨਾ, ਜਿਸ ਰਾਹੀਂ ਇਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਜਿੰਦਗੀ ਨੂੰ ਬਿਹਤਰ ਬਣਾਉਣ ਲਈ ਕੰਮ ਕਰਨਾ ਹੋਵੇ। ਇਹ ਲੋਕ ਅਸਲ ਵਿੱਚ ਆਪਣੀਆਂ ਨਿੱਜੀ ਗਰਜ਼ਾਂ ਲਈ ਲੋਕ ਹਿੱਤਾਂ ਦੇ ਉਲਟ ਕੰਮ ਕਰ ਰਹੇ ਹਨ। ਇਨ੍ਹਾਂ ਲਈ ਅਸੈਂਬਲੀਆਂ ਦੀ ਮੈਂਬਰੀ ਤਨਖਾਹਾਂ, ਭੱਤਿਆਂ, ਸਿਹਤ ਸਹੂਲਤਾਂ, ਗੱਡੀਆਂ ਮੋਟਰਾਂ, ਬਾਡੀਗਾਰਡਾਂ ਦਾ ਟੌਹਰ ਟੱਪਾ ਆਦਿ ਨਾਲ ਜੁੜੀ ਹੋਈ ਹੈ। ਚੋਣਾਂ ਵਿੱਚ ਨਿਵੇਸ਼ ਹੋਏ ਪੈਸੇ ਦਾ ਕਈ ਗੁਣਾ ਵੱਧ ਬਣਾ ਕੇ ਮੁਨਾਫਾ ਕੱਢਣਾ ਇਨ੍ਹਾਂ ਦਾ ਕੇਂਦਰੀ ਹਿੱਤ ਬਣ ਗਿਆ ਹੈ। ਲੋਕਾਂ ਦੀ ਗੱਲ ਚਾਰ ਕੁ ਦਿਨ ਹੁੰਦੀ ਹੈ, ਜਦੋਂ ਵੋਟਾਂ ਹਾਸਲ ਕਰਨੀਆਂ ਹੁੰਦੀਆਂ ਹਨ, ਬਾਅਦ ਵਿੱਚ ਸਾਰੇ ਕੰਮ ਆਪਣੇ ਫੀਲਿ੍ਹਆਂ ਰਾਹੀਂ ਰਿਸ਼ਵਤ ਲੈ ਕੇ ਕੀਤੇ ਜਾਂਦੇ ਹਨ।
ਸਾਰੀਆਂ ਪਾਰਟੀਆਂ ਅੰਦਰ ਵਿਚਰਦਾ ਪੰਜਾਬ ਦਾ ਰੂਲਿੰਗ ਐਲੀਟ ਅਸਲ ਵਿੱਚ ਇਕ ਵੱਖਰੀ ਕਲਾਸ ਦਾ ਰੂਪ ਧਾਰ ਗਿਆ ਹੈ। ਇਸ ਦੇ ਹਿੱਤ ਲੋਕਾਂ ਨਾਲੋਂ ਇੱਕ ਦੂਜੇ ਨਾਲ ਵੱਧ ਜੁੜ ਗਏ ਹਨ। ਕਿਸੇ ਵੀ ਸਿਆਸੀ ਆਗੂ ਲਈ ਨਾ ਕਿਸੇ ਵਿਚਾਰਧਾਰਾ ਦਾ ਬੰਧਨ ਹੈ, ਨਾ ਹੀ ਉਨ੍ਹਾਂ ਲੋਕਾਂ ਦੀ ਕੋਈ ਸ਼ਰਮ ਹਇਆ ਹੈ, ਜਿਨ੍ਹਾਂ ਦੀ ਉਹ ਅਗਵਾਈ ਕਰਨ ਦਾ ਦਾਅਵਾ ਕਰਦਾ ਹੈ। ਸਾਡੇ ਅੱਜ ਦੇ ਸਿਆਸੀ ਆਗੂ ਅੱਤਿ ਦੇ ਲਾਲਚੀ, ਗੁੰਡਾ ਅਤੇ ਲੰਪਨ ਬਿਰਤੀ ਦੇ ਮਾਲਕ ਹਨ। ਇਹ ਇਸੇ ਕਰਕੇ ਹੈ ਕਿ ਕਿਸੇ ਸਿਆਸੀ ਪਾਰਟੀ ਦਾ ਆਗੂ ਸਵੇਰੇ ਭਾਜਪਾ ‘ਚ ਹੁੰਦਾ ਹੈ, ਸ਼ਾਮ ਨੂੰ ਕਾਂਗਰਸ ਵਿੱਚ ਅਤੇ ਅਗਲੇ ਦਿਨ ‘ਆਪ’ ਵਿੱਚ ਚਲਾ ਜਾਂਦਾ ਹੈ। ਜਿਧਰ ਵੀ ਤਾਕਤ ਅਤੇ ਚਾਰ ਦਮੜੇ ਜ਼ਿਆਦਾ ਲੱਭਣ ਦੀ ਆਸ ਹੁੰਦੀ ਹੈ, ਉਧਰ ਤੁਰ ਜਾਂਦੇ ਹਨ। ਅੰਦਰੋ-ਅੰਦਰੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਵੀ ਹਨ। ਸੱਤਾ ਵਿੱਚ ਆਉਣਾ ਇਨ੍ਹਾਂ ਦਾ ਕਿੱਤਾ ਹੈ ਤੇ ਇਸ ਕਿੱਤੇ ਰਾਹੀ ਇਹ ਸੇਵਾ ਉਨ੍ਹਾਂ ਦੀ ਨਹੀਂ ਕਰਦੇ, ਜਿਨ੍ਹਾਂ ਤੋਂ ਵੋਟਾਂ ਹਾਸਲ ਕੀਤੀਆਂ ਹਨ; ਸਗੋਂ ਵੱਢੇ ਧਨ ਕੁਬੇਰਾਂ, ਵੱਡੀਆਂ ਕਾਰਪੋਰੇਸ਼ਨਾਂ ਅਤੇ ਆਪਣੇ ਤੋਂ ਵੱਡੇ ਜਾਂ ਛੋਟੇ ਸਿਆਸੀ ਬੰਦਿਆਂ, ਠੱਗ ਉਦਯੋਗਪਤੀਆਂ ਦੀ ਕਰਦੇ ਹਨ।
ਉਂਝ ਤੇ ਸਾਰੇ ਦੇਸ਼ ਵਿੱਚ ਹੀ ਇਹ ਹਾਲ ਹੈ, ਪਰ ਸਾਡੇ ਇਹ ਬੀਮਾਰੀ ਬਹੁਤ ਤੇਜ਼ੀ ਨਾਲ ਫੈਲੀ ਹੈ ਅਤੇ ਪਿੰਡਾਂ ਵਿੱਚ ਇਸ ਦੀ ਲਾਗ ਨੇ ਪੇਂਡੂ ਭਾਈਚਾਰਿਆਂ ਨੂੰ ਦੁਸ਼ਮਣਾਨਾ ਵਿਰੋਧੀਆਂ ਵਿੱਚ ਵੰਡ ਦਿੱਤਾ ਜਾਂਦਾ। ਲੋਕਾਂ ਨੂੰ ਮੁਫਤ ਸਹੂਲਤਾਂ ਦੇ ਅਜਿਹੀ ਗੇਝ ਪਾਈ ਹੈ ਕਿ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਆਪਣੇ ਕਿਰਤ-ਕਰਮ ਵੱਲ ਪਿੱਠ ਕਰ ਲਈ ਹੈ। ਸਾਡੀ ਸਿਆਸੀ ਜਮਾਤ ਦੀ ਐਸ਼ੋ ਇਸ਼ਰਤ ਦਾ ਸਾਡੇ ਨੌਜਵਾਨਾਂ ‘ਤੇ ਖਾਸ ਕਰਕੇ ਪੇਂਡੂ ਨੌਜਵਾਨਾਂ ‘ਤੇ ਪ੍ਰਭਾਵ ਇਹ ਹੈ ਕਿ ਹਰੇਕ ਮੁੰਡਾ ਆਪਣੇ ਆਪ ਨੂੰ ਮੁੱਖ ਮੰਤਰੀ ਸਮਝਦਾ ਹੈ। ਚਿੱਟੇ ਕੁੜਤੇ ਪਜਾਮੇ, ਕੰਨਾਂ ਵਿੱਚ ਨੱਤੀਆਂ, ਬਾਹਾਂ ‘ਤੇ ਟੈਟੂ, ਗੱਡੀਆਂ ਜਾਂ ਮੋਟਰ ਸਾਇਕਲ, ਮੁਫਤ ਦੀ ਸ਼ਰਾਬ ਤੇ ਮੁਫਤ ਦਾ ਪੈਟਰੋਲ ਇਹੋ ਚੀਜ਼ਾਂ ਇਨ੍ਹਾਂ ਦੀ ਹਸਤੀ ਨੂੰ ਪ੍ਰਭਾਵਿਤ ਕਰਦੀਆਂ ਹਨ। ਜਿਹੜੇ ਕੁਝ ਹੁਸ਼ਿਆਰ ਹਨ, ਉਹ ਬਾਹਰਲੇ ਮੁਲਕਾਂ ਵੱਲ ਨਿਕਲ ਰਹੇ ਹਨ।
ਪੰਜਾਬ ਜਿਸ ਸਥਿਤੀ ਵਿੱਚ ਅੱਜ ਫਸਿਆ ਹੋਇਆ, ਉਸ ਵਿੱਚੋਂ ਇਹ ਲੋਭੀ ਸਿਆਸਤਦਾਨ ਨਹੀਂ ਕੱਢ ਸਕਦੇ। ਇਹਦੇ ਲਈ ਬੜੀ ਸੂਝਵਾਨ, ਸੰਸਾਰ ਦੀਆਂ ਮੌਜੂਦਾ ਸਿਆਸੀ ਹਾਲਤਾਂ ਨੂੰ ਸਮਝਣ ਵਾਲੀ ਅਤੇ ਆਪਣੇ ਲੋਕਾਂ ਅਤੇ ਕੁਦਰਤੀ ਚੌਗਿਰਦੇ ਨੂੰ ਸਮਝਣ ਵਾਲੀ ਲੀਡਰਸ਼ਿਪ ਦੀ ਲੋੜ ਹੈ, ਜਿਸ ਕੋਲ ਭਵਿੱਖ ਦਾ ਕੋਈ ਜਾਨਦਾਰ ਸੁਪਨਾ ਵੀ ਹੋਵੇ। ਮੌਜੂਦਾ ਸਥਾਪਤ ਪਾਰਟੀਆਂ ਨਾ ਤਾਂ ਇੱਡੇ ਗੁੰਝਲਦਾਰ ਹਾਲਾਤ ਨੂੰ ਸਮਝਣ ਦੇ ਸਮਰੱਥ ਹਨ ਅਤੇ ਨਾ ਹੀ ਉਨ੍ਹਾਂ ਕੋਲ ਮੌਜੂਦਾ ਵਿਕਾਸ ਮਾਡਲ ਦਾ ਕੋਈ ਬਦਲ ਮੌਜੂਦ ਹੈ।
ਪਰ ਇਸ ਸਾਰੇ ਨਿਘਾਰ ਦੇ ਬਾਵਜੂਦ ਪੰਜਾਬੀ ਸਮਾਜ ਵਿੱਚ ਇੱਕ ਬੇਚੈਨ ਆਤਮਾ ਦਾ ਵਾਸਾ ਜ਼ਰੂਰ ਹੈ, ਜਿਹੜਾ ਕੋਈ ਆਸ ਦੀ ਕਿਰਨ ਜਗਾਉਂਦਾ ਹੈ। ਆਮ ਆਦਮੀ ਪਾਰਟੀ ਨੂੰ ਜਿਸ ਸ਼ਿਦਤ ਨਾਲ ਪੰਜਾਬ ਦੇ ਲੋਕਾਂ ਨੇ ਜਿਤਾਇਆ ਅਤੇ ਜਿੰਨੀ ਤੇਜ਼ੀ ਨਾਲ ਇਸ ਤੋਂ ਬਦਜ਼ਨ ਹੋਏ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਜ਼ਿਮਨੀ ਚੋਣ ਜਿਤਾਈ, ਉਹ ਇਸ ਬੇਚੈਨੀ ਦਾ ਹੀ ਪ੍ਰਗਟਾਵਾ ਸੀ। ਆਪਣੇ ਬਹੁਤ ਸਾਰੇ ਦਾਅਵਿਆਂ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਖਿਲਾਫ ਲੋਕਾਂ ਦੀ ਨਾਰਾਜ਼ਗੀ ਹਰ ਆਏ ਦਿਨ ਵਧ ਰਹੀ ਹੈ। ਖਾਸ ਕਰਕੇ ਕਿਸਾਨ ਜਥੇਬੰਦੀਆਂ ਨਾਲ ਜਿਸ ਤਰ੍ਹਾਂ ਨਾਲ ਨਿਪਟਿਆ ਜਾ ਰਿਹਾ, ਇਹ ਬਹੁਤ ਖ਼ਤਰਨਾਕ ਖੇਡ ਹੈ। ਇਸ ਤਰ੍ਹਾਂ ਲਗਦਾ ਹੈ ਕਿ ਕਿਸਾਨਾਂ ਨੂੰ ਕੁੱਟਣ, ਦਬਾਉਣ, ਦਵੱਲਣ ਅਤੇ ਬੇਆਵਾਜ਼ ਕਰਨ ਦਾ ਕੰਮ ਕੇਂਦਰ ਦੀ ਥਾਂ ਪੰਜਾਬ ਸਰਕਾਰ ਨੇ ਸਾਂਭ ਲਿਆ ਹੈ। ਇੱਕ ਪਾਸੇ ਤੇ ਸਰਕਾਰ ਬੀ.ਬੀ.ਐਮ.ਬੀ. ਨਾਲ ਇੱਟ ਖੜੱਕਾ ਕਰਕੇ ਪੰਜਾਬ ਦੇ ਪਾਣੀਆਂ ਦੇ ਰਾਖੇ ਬਣਨ ਦਾ ਯਤਨ ਕਰ ਰਹੀ ਹੈ, ਦੂਜੇ ਪਾਸੇ ਕਿਸਾਨਾਂ ਨੂੰ ਆਪਣੇ ਜਾਇਜ਼ ਮਸਲਿਆਂ ਦੇ ਹੱਲ ਲਈ ਵੀ ਇਕੱਤਰ ਨਹੀਂ ਹੋਣ ਦੇ ਰਹੀ। ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਵਰਗੀਆਂ ਪੱਗਾਂ ਬੰਨ੍ਹ ਕੇ ਸਹੁੰਆਂ ਚੁੱਕਣ ਵਾਲੀ ਸਰਕਾਰ ਕਿਸਾਨਾਂ ਨੂੰ ਪੁਰ ਅਮਨ ਪ੍ਰੋਟੈਸਟ ਕਰਨ ਤੋਂ ਧੱਕੇ ਨਾਲ ਰੋਕ ਰਹੀ ਹੈ।
ਪੰਜਾਬ ਦੇ ਇੱਕ ਵਿਦਵਾਨ ਹਰਿਵਿੰਦਰ ਸਿੰਘ ਭੱਟੀ ਨੇ ਇਹ ਬਿਲਕੁਲ ਸਹੀ ਨੋਟ ਕੀਤਾ ਹੈ ਕਿ ਜੇ ਤੁਸੀਂ ਲੋਕਾਂ ਨੂੰ ਉਨ੍ਹਾਂ ਦੇ ਸੰਵਿਧਾਨਿਕ ਅਤੇ ਲੋਕਤੰਤਰਿਕ ਢੰਗ ਨਾਲ ਪ੍ਰੋਟੈਸਟ ਕਰਨ ਦੇ ਅਧਿਕਾਰ ਤੋਂ ਵਾਂਝੇ ਕਰੋਗੇ, ਫਿਰ ਇਹ ਰੋਸ ਹਿੰਸਕ ਟਕਰਾਅ ਦਾ ਰੂਪ ਵੀ ਲੈ ਸਕਦਾ ਹੈ। ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਇਸ ਤੋਂ ਬੇਹੱਦ ਸੁਚੇਤ ਰਹਿਣਾ ਚਾਹੀਦਾ ਹੈ। ਕਿਸਾਨ ਵਿਰੋਧ ਦੀਆਂ ਅਸਲ ਭਾਵਨਾਵਾਂ ਤੱਕ ਆਪਣੀ ਪਹੁੰਚ ਕਰਨੀ ਚਾਹੀਦੀ ਹੈ। ਇਨ੍ਹਾਂ ਵਿਰੋਧਾਂ ਦੇ ਵਿਚਕਾਰ ਹੀ ਪੰਜਾਬੀ/ਸਿੱਖ ਕੌਮੀਅਤ ਦੇ ਵਿਕਾਸ ਦੀ ਇਕ ਉਮੰਗ ਵੀ ਉਸਲਵੱਟੇ ਲੈ ਰਹੀ ਹੈ। ਇਹ ਕਦੋਂ ਅਤੇ ਕਿੱਥੋਂ ਫੁੱਟ ਪਵੇ, ਪਤਾ ਵੀ ਨਹੀਂ ਲੱਗਣਾ। ਪੰਜਾਬ ਦੀ ਇਸ ਉਮੰਗ ਨੂੰ ਦਬਾ ਕੇ ਤੁਸੀਂ ਪੰਜਾਬ ਦਾ ਕੋਈ ਵਿਕਾਸ ਨਹੀਂ ਕਰ ਸਕਦੇ। ਪੰਜਾਬ ਦੀ ਇੱਕ ਵੱਖਰੇ ਸਭਿਆਚਾਰ ਵਜੋਂ ਆਪਣੀ ਵਿਲੱਖਣਤਾ ਨਾਲ ਜਿਊਣ ਦੀ ਚਾਹਤ ਨੂੰ ਮਾਰ ਕੇ ਵੱਡੇ-ਵੱਡੇ ਹਾਈਵੇ ਬਣਾਏ ਜਾ ਸਕਦੇ ਹਨ। ਰਾਜ ਦੀ ਉਪਜਾਊ ਜ਼ਮੀਨ ਨੂੰ ਸੰਸਾਰ ਦੇ ਵਪਾਰਕ ਲਾਣੇ, ਸਿਆਸਤਦਾਨਾਂ, ਮਾਲਾਂ, ਉਦਯੋਗਪਤੀਆਂ ਅਤੇ ਨਵੇਂ ਬਣੇ ਉਦਯੋਗਿਕ ਠੱਗਾਂ ਦੇ ਹਵਾਲੇ ਕਰਕੇ ਤੁਸੀਂ ਇਸ ਕੌਮੀ ਉਮੰਗ ਨੂੰ ਇੱਕ ਵਾਰ ਉਖਾੜ ਤਾਂ ਸਕਦੇ ਹੋ ਪਰ ਮਾਰ ਨਹੀਂ ਸਕਦੇ। ਇਹ ਸਦੀਆਂ ਤੱਕ ਤੁਹਾਡਾ ਪਿੱਛਾ ਕਰੇਗੀ। ਇਸ ਉਮੰਗ ਨੂੰ ਮਾਰ ਕੇ ਕੀਤਾ ਗਿਆ ਸਨਅਤੀਕਰਨ/ਵਪਾਰੀਕਰਨ/ਸ਼ਹਿਰੀਕਰਨ ਵੀ ਕੋਈ ਵਿਕਾਸ ਨਹੀਂ ਹੋਏਗਾ। ਪੰਜਾਬ ਵਿੱਚ ਬਣਾਏ ਜਾ ਰਹੇ ਹਾਈਵੇ ਕੇਂਦਰ ਅਤੇ ਉਨ੍ਹਾਂ ਦੇ ਝੋਲੀ ਚੁੱਕ ਪੰਜਾਬੀ ਲਾਣੇ ਦੀਆਂ ਨਿੱਜੀ ਜਾਇਦਾਦਾਂ ਵਿੱਚ ਤਾਂ ਅਥਾਹ ਵਾਧਾ ਕਰ ਦੇਣਗੇ, ਪਰ ਇਹ ਇਸ ਖਿੱਤੇ ਦੇ ਕੁਦਰਤੀ ਵਹਾਅ ਨਾਲ ਪੈਦਾ ਹੋਈ ਇੱਕ ਕੌਮ/ਭਾਸ਼ਾ/ਸਭਿਆਚਾਰ ਦਾ ਸਰਬਨਾਸ਼ ਕਰਨਗੇ। ਇਨ੍ਹਾਂ ਸੜਕਾਂ ਨਾਲ ਜਿਹੜੀ ਹੋਟਲ ਇੰਡਸਟਰੀ ਵਧੇਗੀ, ਉਹ ਪੰਜਾਬ ਵਿੱਚ ਵੇਸ਼ਵਾਗਮਨੀ ਨੂੰ ਜਨਮ ਦੇਵੇਗੀ। ਵੇਸ਼ਵਾਗਮਨ ਸਿਆਸਤ ਵੇਸ਼ਵਾਗਮਨ ਸਭਿਆਚਾਰ ਹੀ ਪੈਦਾ ਕਰ ਸਕਦੀ ਹੈ!

Leave a Reply

Your email address will not be published. Required fields are marked *