ਤਰਲੋਚਨ ਸਿੰਘ ਭੱਟੀ
ਸਾਬਕਾ ਪੀ.ਸੀ.ਐਸ. ਅਫਸਰ
ਫੋਨ: +91-9876602607
ਦੂਸਰੇ ਵਿਸ਼ਵ ਯੁੱਧ ਦੌਰਾਨ ਸੰਯੁਕਤ ਰਾਜ ਅਮਰੀਕਾ ਵੱਲੋਂ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਅਤੇ ਨਾਗਸਾਕੀ ਉੱਤੇ 6 ਅਤੇ 9 ਅਗਸਤ 1945 ਨੂੰ ਦੋ ਐਟਮ ਬੰਬ ਸੁੱਟੇ ਗਏ, ਜਿਨ੍ਹਾਂ ਦੁਆਰਾ ਕੀਤੀ ਗਈ ਜਾਨੀ ਤੇ ਮਾਲੀ ਤਬਾਹੀ ਨੂੰ ਯਾਦ ਕਰਕੇ ਅੱਜ ਵੀ ਰੂਹ ਕੰਬ ਜਾਂਦੀ ਹੈ। ਇਨ੍ਹਾਂ ਦੋਹਾਂ ਐਟਮ ਬੰਬਾਂ ਨੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਨੂੰ ਪ੍ਰਮਾਣੂ ਹਥਿਆਰਾਂ ਦੀ ਦੌੜ ਵਿੱਚ ਸ਼ਾਮਲ ਕਰ ਲਿਆ। ਇਹ ਪ੍ਰਮਾਣੂ ਬੰਬਾਂ ਦੀ ਦੌੜ ਅੱਜ ਵੀ ਜਾਰੀ ਹੈ।
ਜਿਸ ਦੇਸ਼ ਪਾਸ ਵਧੇਰੇ ਪ੍ਰਮਾਣੂ ਬੰਬ ਹੋਣਗੇ, ਦੁਨੀਆਂ ਵਿੱਚ ਉਸਦੀ ਦਾਦਾਗਿਰੀ ਚੱਲਦੀ ਹੈ। ਅੱਠ ਪ੍ਰਭੂਸੱਤਾ ਸੰਪੰਨ ਰਾਜਾਂ ਨੇ ਜਨਤਕ ਤੌਰ `ਤੇ ਪ੍ਰਮਾਣੂ ਹਥਿਆਰਾਂ ਦੇ ਸਫਲ ਧਮਾਕੇ ਦਾ ਐਲਾਨ ਕੀਤਾ ਹੈ। ਪ੍ਰਮਾਣੂ ਹਥਿਆਰਾਂ ਦੇ ਗੈਰ-ਪ੍ਰਸਾਰ ਸੰਧੀ (ਐਨ.ਪੀ.ਟੀ.) ਦੀਆਂ ਸਰਤਾਂ ਅਧੀਨ ਪੰਜ ਦੇਸ਼ਾਂ- ਸੰਯੁਕਤ ਰਾਜ ਅਮਰੀਕਾ, ਰੂਸ, ਯੁਨਾਈਟਿੰਡ ਕਿੰਗਡਮ, ਫਰਾਂਸ ਅਤੇ ਚੀਨ ਤੋਂ ਇਲਾਵਾ ਭਾਰਤ, ਉੱਤਰੀ ਕੋਰੀਆ, ਪਾਕਿਸਤਾਨ, ਇਜ਼ਰਾਇਲ, ਇਰਾਕ, ਬੈਲਜੀਅਮ, ਜਰਮਨੀ, ਇਟਲੀ, ਨੀਦਰਲੈਂਡ, ਤੁਰਕੀ, ਬੇਲਾਰੂਸ, ਕੱਲਕਿਸਤਾਨ, ਦੱਖਣੀ ਅਫਰੀਕਾ, ਯੁਕਰੇਨ ਆਦਿ ਪਾਸ ਪ੍ਰਮਾਣੂ ਹਥਿਆਰ ਹਨ ਜਾਂ ਪ੍ਰਮਾਣੂ ਹਥਿਆਰ ਬਣਾਉਣ ਦੀ ਸਮੱਰਥਾ ਹੈ।
ਫੈਡਰੇਸ਼ਨ ਆਫ ਅਮੈਰਿਕਨ ਸਾਇੰਟਿਸਟਸ ਅਨੁਸਾਰ 2025 ਤੱਕ ਦੁਨੀਆਂ ਵਿੱਚ ਲਗਭਗ 3904 ਸਮਗਰਮ ਪ੍ਰਮਾਣੂ ਹਥਿਆਰ ਅਤੇ ਕੁੱਲ 12,331 ਪ੍ਰਮਾਣੂ ਹਥਿਆਰ ਹਨ, ਜੋ ਲਗਭਗ 9585 ਫੌਜੀ ਭੰਡਾਰਾਂ ਵਿੱਚ ਰੱਖੇ ਗਏ ਹਨ। ਲਗਭਗ 3904 ਹਥਿਆਰ ਕਾਰਜਸ਼ੀਲ ਬਲਾਂ ਨਾਲ ਤਾਇਨਾਤ ਹਨ। ਪ੍ਰਮਾਣੂ ਯੁੱਗ ਦੀ ਸ਼ੁਰੂਆਤ ਤੋਂ ਲੈ ਕੇ ਪ੍ਰਮਾਣੂ ਹਥਿਆਰਾਂ ਵਾਲੇ ਜ਼ਿਆਦਾਤਰ ਰਾਜਾਂ ਦੇ ਡਿਲਵਰੀ ਢੰਗ ਵੀ ਵਿਕਸਿਤ ਹੋਏ ਹਨ। ਅੰਕੜਿਆਂ ਅਨੁਸਾਰ ਵਿਸ਼ਵ ਪੱਧਰ `ਤੇ ਪ੍ਰਮਾਣੂ ਹਥਿਆਰ ਰੂਸ (44%) ਅਮਰੀਕਾ (43%) ਚੀਨ (5%), ਫਰਾਂਸ (2.35%), ਭਾਰਤ (1.46%), ਪਾਕਿਸਤਾਨ (1.38%), ਇਜ਼ਰਾਇਲ (0.73%), ਉਤਰੀ ਕੋਰੀਆ (0.41%), ਆਦਿ ਦੇ ਕੋਲ ਹਨ। ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦਾ ਫ਼ੈਸਲਾ ਹਮੇਸ਼ਾ ਇਕ ਵਿਅਕਤੀ ਜਾਂ ਲੋਕਾਂ ਦੇ ਛੋਟੇ ਸਮੂਹ ਤੱਕ ਸੀਮਤ ਹੁੰਦਾ ਹੈ। ਪ੍ਰਮਾਣੂ ਹਥਿਆਰਾਂ ਨੂੰ ਚਲਾਉਣ ਦੀ ਇਜਾਜ਼ਤ ਅਕਸਰ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਫੌਜਾਂ ਦੇ ਸੁਪਰੀਮ ਕਮਾਂਡਰ ਵੱਲੋਂ ਦਿੱਤੀ ਜਾਂਦੀ ਹੈ। ‘ਪ੍ਰਮਾਣੂ ਯੁੱਧ’ ਤੋਂ ਭਾਵ ਇਕ ਫੌਜ਼ੀ ਟਕਰਾਅ ਜਾਂ ਤਿਆਰ ਕੀਤੀ ਰਾਜਨੀਤਿਕ ਰਣਨੀਤੀ ਹੈ, ਜੋ ਪ੍ਰਮਾਣੂ ਹਥਿਆਰਾਂ ਨੂੰ ਤਾਇਨਾਤ ਕਰਦੀ ਹੈ। ਪ੍ਰਮਾਣੂ ਹਥਿਆਰ ਸਮੂਹਿਕ ਵਿਨਾਸ ਦੇ ਹਥਿਆਰ ਹਨ, ਜੋ ਰਵਾਇਤੀ ਯੁੱਧ ਦੇ ਉਲਟ ਪ੍ਰਮਾਣੂ ਯੁੱਧ ਬਹੁਤ ਘੱਟ ਸਮੇਂ ਵਿੱਚ ਬਹੁਤ ਜ਼ਿਆਦਾ ਵਿਕਾਸ ਪੈਦਾ ਕਰਦੇ ਹਨ ਅਤੇ ਇਸ ਦਾ ਲੰਬੇ ਸਮੇਂ ਤੱਕ ਚੱਲਣ ਵਾਲਾ ਰੇਡੀਓਲੌਜੀਕਲ ਨਤੀਜਾ ਹੋ ਸਕਦਾ ਹੈ।
ਅੱਜ ਤੱਕ ਹਥਿਆਰਬੰਦ ਟਕਰਾਅ ਵਿੱਚ ਪ੍ਰਮਾਣੂ ਹਥਿਆਰ ਦੀ ਇਕੋ ਇਕ ਵਰਤੋਂ ਅਗਸਤ 1945 ਵਿੱਚ ਹੀਰੋ ਸ਼ੀਮਾ ਅਤੇ ਨਾਗਾਸਾਕੀ ਦੇ ਅਮਰੀਕੀ ਪ੍ਰਮਾਣੂ ਬੰਬ ਧਮਾਕਿਆਂ ਨਾਲ ਹੋਈ ਸੀ, ਜਿਸ ਵਿੱਚ ਦੋ ਲੱਖ ਤੋਂ ਵਧੇਰੇ ਲੋਕ ਮਾਰੇ ਗਏ। ਦੱਖਣੀ ਅਫਰੀਕਾ ਨੇ 1980 ਦੇ ਦਹਾਕੇ ਵਿੱਚ ਪ੍ਰਮਾਣੂ ਬੰਬ ਬਣਾਏ, ਪਰ 1990 ਦੇ ਦਹਾਕੇ ਵਿੱਚ ਸਵੈ-ਇੱਛਾ ਨਾਲ ਆਪਣੇ ਘਰੇਲੂ ਤੌਰ `ਤੇ ਬਣਾਏ ਸਾਰੇ ਪ੍ਰਮਾਣੂ ਹਥਿਆਰ ਨਸ਼ਟ ਕਰ ਦਿੱਤੇ ਅਤੇ ਹੋਰ ਪ੍ਰਮਾਣੂ ਹਥਿਆਰਾਂ ਜਾਂ ਉਤਪਾਦਨ ਕਰਨਾ ਛੱਡ ਦਿੱਤਾ; ਜਦ ਕਿ ਹੋਰ ਪ੍ਰਮਾਣੂ ਸੰਪਨ ਦੇਸ਼ਾਂ ਨੇ ਵੱਖ-ਵੱਖ ਸਮੇਂ 2000 ਤੋਂ ਵਧੇਰੇ ਮੌਕਿਆਂ `ਤੇ ਪ੍ਰਮਾਣੂ ਹਥਿਆਰਾਂ ਦਾ ਵਿਸਫੋਟ ਕੀਤਾ ਹੈ।
ਪ੍ਰਮਾਣੂ ਯੁੱਧ ਦੇ ਦ੍ਰਿਸ਼ਾਂ ਨੂੰ ਆਮ ਤੌਰ `ਤੇ ਦੋ ਸਮੂਹਾਂ ਵਿੱਚ ਵੰਡਿਆ ਗਿਆ ਹੈ- ਇਕ ਸੀਮਤ ਪ੍ਰਮਾਣੂ ਯੁੱਧ ਅਤੇ ਦੂਜਾ ਪੂਰੇ ਪੈਮਾਨੇ ਦਾ ਪ੍ਰਮਾਣੂ ਯੁੱਧ। ਪਹਿਲੀ ਦਸੰਬਰ 2006 ਵਿੱਚ ਅਮਰੀਕਨ ਜੀਓਫਿਜੀਕਲ ਯੂਨੀਅਨ ਦੀ ਸਾਲਾਨਾ ਮੀਟਿੰਗ ਵਿੱਚ ਪੇਸ਼ ਕੀਤੇ ਗਏ ਇਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਕ ਛੋਟੇ ਪੈਮਾਨੇ ਦੇ ਖੇਤਰੀ ਪ੍ਰਮਾਣੂ ਯੁੱਧ ਦੂਜੇ ਵਿਸ਼ਵ ਯੁੱਧ ਨਾਲੋਂ ਵਧੇਰੇ ਜਾਨੀ ਤੇ ਮਾਲੀ ਨੁਕਸਾਨ ਕਰ ਸਕਦਾ ਹੈ ਅਤੇ ਵਿਸ਼ਵ ਜਲਵਾਯੂ ਨੂੰ ਵਿਗਾੜ ਸਕਦਾ ਹੈ। ਇਸਤੋਂ ਇਲਾਵਾ ਇਕ ਦੁਰਘਟਨਾ ਪੂਰਨ ਪ੍ਰਮਾਣੂ ਯੁੱਧ ਦੌਰਾਨ ਸੀਮਤ ਜਾਂ ਪੂਰੇ ਪੈਮਾਨੇ `ਤੇ ਪ੍ਰਮਾਣੂ ਆਦਾਨ-ਪ੍ਰਦਾਨ ਹੋ ਸਕਦਾ ਹੈ, ਜਿਸ ਵਿੱਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਅਣਜਾਣੇ ਵਿੱਚ ਸ਼ੁਰੂ ਹੋ ਸਕਦੀ ਹੈ। ਇਸ ਦ੍ਰਿਸ਼ ਵਿੱਚ ਨਿਰਧਾਰਤ ਢਾਚਿਆਂ ਵਿੱਚ ਸ਼ੁਰੂਆਤੀ ਚੇਤਾਵਨੀ ਯੰਤਰਾਂ ਵਿੱਚ ਖਰਾਬੀ ਜਾਂ ਕੰਪਿਊਟਰਾਂ ਨੂੰ ਨਿਸ਼ਾਨਾ ਬਣਾਉਣਾ, ਠੱਗ ਫੌਜੀ ਕਮਾਂਡਰਾਂ ਦੁਆਰਾ ਜਾਣ-ਬੁਝ ਕੇ ਗਲਤੀ, ਦੁਸ਼ਮਣ ਦੇ ਹਵਾਈ ਖੇਤਰ ਜੰਗੀ ਜਹਾਜ਼ਾਂ ਦੇ ਗਲਤੀ ਨਾਲ ਭਟਕਣ ਦੇ ਨਤੀਜੇ, ਤਣਾਅਪੂਰਨ ਕੂਟਨੀਤਿਕ ਸਮੇਂ ਦੌਰਾਨ ਅਣ-ਐਲਾਨੀ ਮਿਜ਼ਾਇਲ ਪ੍ਰੀਖਣ ਦੇ ਪ੍ਰਤੀਕਰਮ, ਫੌਜੀ ਅਭਿਆਸ ਪ੍ਰਤੀਕਰਮ, ਗਲਤ ਅਨੁਵਾਦ ਕੀਤੇ ਜਾਂ ਗਲਤ ਸੰਚਾਰਿਤ ਸੰਦੇਸ਼ ਕਾਰਨ ਸ਼ਾਮਲ ਹਨ। ਪ੍ਰਮਾਣੂ ਹਥਿਆਰਾਂ ਦੀ ਰਣਨੀਤਿਕ ਵਰਤੋਂ ਦਾ ਇਕ ਹੋਰ ਪਹਿਲੂ ਸਮੁੰਦਰ ਵਿੱਚ ਸਤ੍ਹਾ ਅਤੇ ਪਣਡੁੱਬੀ ਜਹਾਜ਼ਾਂ ਦੇ ਵਿਰੁੱਧ ਵਰਤੋ ਲਈ ਤਾਇਨਾਤ ਕੀਤੇ ਗਏ ਪ੍ਰਮਾਣੂ ਹਥਿਆਰਾਂ ਹਨ। ਐਸੀ ਤਾਇਨਾਤੀ ਵਿੱਚ ਕੀਤੀ ਗਈ ਗਲਤੀ ਵੱਡੇ ਪ੍ਰਮਾਣੂ ਯੁੱਧ ਦਾ ਰੂਪ ਧਾਰਨ ਕਰ ਸਕਦੀ ਹੈ। ਗੈਰ-ਰਾਜੀ ਸੰਗਠਨਾਂ ਦੁਆਰਾ ਪ੍ਰਮਾਣੂ ਅਤਿਵਾਦ ਵੀ ਪ੍ਰਮਾਣੂ ਯੁੱਧ ਦਾ ਕਾਰਨ ਬਣ ਸਕਦਾ ਹੈ। ਇਕ ਹੋਰ ਸੰਭਾਵੀ ਪ੍ਰਮਾਣੂ ਅਤਿਵਾਦ ਖਤਰਾ ਉਹ ਯੰਤਰ ਹਨ, ਜੋ ਰਵਾਇਤੀ ਵਿਸਫੋਟਕਾਂ ਦੀ ਵਰਤੋਂ ਕਰਕੇ ਇਕ ਵੱਡੇ ਖੇਤਰ ਵਿੱਚ ਰੇਡੀਓਐਕਟਿਵ ਸਮਗਰੀ ਨੂੰ ਖ਼ਿੰਡਾਉਣ ਲਈ ਤਿਆਰ ਕੀਤੇ ਗਏ ਹਨ, ਜਿਨ੍ਹਾਂ ਨੂੰ ਡਰਦੀ ਬੰਬ ਕਿਹਾ ਜਾਂਦਾ ਹੈ। ਰੇਡੀਓਐਕਟਿਵ ਸਮਗਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਕਤਲਾਂ ਲਈ ਵੀ ਵਰਤਿਆ ਜਾ ਸਕਦਾ ਹੈ। ਪ੍ਰਮਾਣੂ ਯੁੱਧ ਦੇ ਵਿਕਲਪਾਂ ਵਿੱਚ ਪ੍ਰਮਾਣੂ ਰੋਕਥਾਮ, ਪ੍ਰਮਾਣੂ ਨਿਸ਼ਤਰੀ ਕਰਨ ਅਤੇ ਪ੍ਰਮਾਣੂ ਹਥਿਆਰਾਂ ਦੇ ਗੈਰ-ਪ੍ਰਸਾਰ ਸੰਧੀ ਸ਼ਾਮਲ ਹਨ।
ਪਬਲਿਕ ਡੋਮੇਨ ਵਿੱਚ ਉਪਲੱਬਧ ਜਾਣਕਾਰੀ ਅਨੁਸਾਰ ਸ਼ੀਤ ਯੁੱਧ ਚਲਦੇ ਦੌਰਾਨ 1966 ਵਿੱਚ ਅਮਰੀਕਾ ਨੇ ਸਪੇਨ ਦੇ ਪਾਲੋਮੇਰਸ ਪਿੰਡ ‘ਤੇ ਚਾਰ ਹਾਈਡਰੋਜਨ ਬੰਬ ਸੁੱਟੇ, ਜੋ ਹੀਰੋਸ਼ੀਮਾ ’ਤੇ ਸੁੱਟੇ ਗਏ ਪ੍ਰਮਾਣੂ ਬੰਬ ਨਾਲੋਂ 100 ਗੁਣਾਂ ਜ਼ਿਆਦਾ ਸ਼ਕਤੀਸ਼ਾਲੀ ਸਨ। ਇਸ ਹਾਦਸੇ ਨੇ ਯੂਰਪ ਨੂੰ ਪ੍ਰਮਾਣੂ ਤਬਾਹੀ ਦੇ ਨੇੜੇ ਪਹੁੰਚਾ ਦਿੱਤਾ। ਅਮਰੀਕਾ ਨੇ ਹਾਦਸੇ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ, ਪਰ ਬੰਬਾਂ ਦੇ ਰੇਡੀਓਐਕਟਿਵ ਪ੍ਰਭਾਵ ਅੱਜ ਵੀ ਮੌਜੂਦ ਹਨ। ਬੀ.ਬੀ.ਸੀ. ਦੀ ਰਿਪੋਰਟ ਅਨੁਸਾਰ 17 ਜਨਵਰੀ 1966 ਨੂੰ ਅਮਰੀਕੀ ਬੀ-52 ਬੰਬਾਰ ਸਪੇਨ ਦੇ ਨੀਲੇ ਅਸਮਾਨ ਵਿੱਚ ਆਪਣੀ ਨਿਯਮਤ ਗਸ਼ਤ ਉੱਤੇ ਸੀ। ਇਸ ਮਿਸ਼ਨ ਦਾ ਉਦੇਸ਼ ਅਮਰੀਕਾ ਦੀ ਰੋਕਥਾਮ ਸਮਰਥਾ ਨੂੰ ਬਣਾਈ ਰੱਖਣਾ ਸੀ, ਭਾਵ ਯੂਰਪ ਦੇ ਅਸਮਾਨ ਵਿੱਚ ਸ਼ਕਤੀ ਦਾ ਪ੍ਰਦਰਸ਼ਨ। ਇਹ ਅਮਰੀਕੀ ਜਹਾਜ਼ ਉਸ ਸਮੇਂ ਪ੍ਰਮਾਣੂ ਹਥਿਆਰਾਂ ਨਾਲ ਲੈਸ ਸੀ। ਇਸ ਨੂੰ ਹਵਾ ਵਿੱਚ ਈਂਧਨ ਭਰਨਾ ਪਿਆ, ਪਰ ਇਸਦੇ ਲਈ ਕੇਸੀ-135 ਟੈਂਕਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਸਮੇਂ ਦੌਰਾਨ ਗਲਤੀ ਹੋ ਗਈ। ਇਕ ਟੈਂਕਰ ਅਤੇ ਬੰਬਾਰ ਆਪਸ ਵਿੱਚ ਟਕਰਾਅ ਗਏ। ਅੱਗ ਦਾ ਭਿਆਨਕ ਗੋਲਾ ਅਸਮਾਨ ਵਿੱਚ ਉੱਠਿਆ ਅਤੇ ਸੜਦਾ ਮਲਬਾ ਜਮੀਨ `ਤੇ ਡਿੱਗਣ ਲੱਗਾ। ਇਹ ਇਕ ਅਜਿਹੀ ਗਲਤੀ ਸੀ, ਜੋ ਪੂਰੇ ਯੂਰਪ ਨੂੰ ਤਬਾਹ ਕਰ ਸਕਦੀ ਸੀ। ਇਸ ਸਮੇਂ ਦੌਰਾਨ ਟਕਰਾਏ ਗਏ ਬੰਬਾਰ ਤੋਂ ਚਾਰ ਪ੍ਰਮਾਣੂ ਬੰਬ ਜਮੀਨ ਉੱਤੇ ਡਿਗ ਪਏ; ਚੰਗੀ ਕਿਸਮਤ ਨਾਲ ਬੰਬ ਫਟੇ ਨਹੀਂ, ਪਰ ਰਵਾਇਤੀ ਵਿਸਫੋਟਕਾਂ ਦੇ ਧਮਾਕੇ ਨੇ ਪਿੰਡ ਉੱਤੇ ਰੇਡੀਓਐਕਟਿਵ ਪਲੂਟੋਨੀਅਮ ਖਿਲਾਰ ਦਿੱਤੇ। ਇਹ ਜ਼ਹਿਰ ਸਪੇਨ ਦੇ ਲੋਕਾਂ ਨੇ ਖੇਤਾਂ, ਗਲੀਆਂ ਅਤੇ ਜ਼ਿੰਦਗੀਆਂ ਵਿੱਚ ਫੈਲ ਗਿਆ, ਪਰ ਇਹ ਪ੍ਰਮਾਣੂ ਹਥਿਆਰਾਂ ਨਾਲ ਸੰਬਧਤ ਪਹਿਲਾ ਹਾਦਸਾ ਨਹੀਂ ਸੀ।
ਪੈਟਾਗਨ ਅਨੁਸਾਰ ਹਾਈਡਰੋਜਨ ਬੰਬ ਲੈ ਜਾਣ ਵਾਲੇ ਜਹਾਜ਼ਾਂ ਨਾਲ ਸੰਬਧਤ ਘੱਟੋ-ਘੱਟ 9 ਹਾਦਸੇ ਹੋਏ ਸਨ, ਪਰ ਵਿਦੇਸ਼ੀ ਧਰਤੀ `ਤੇ ਅਮਰੀਕਾ ਬੰਬਾਰ ਦਾ ਇਹ ਪਹਿਲਾ ਹਾਦਸਾ ਸੀ, ਜਿਸ ਨੇ ਪੂਰੀ ਦੁਨੀਆਂ ਦਾ ਧਿਆਨ ਖਿਚਿਆ। ਜੇ ਬੰਬ ਫੱਟ ਜਾਂਦੇ ਤਾਂ ਯੂਰਪ ਤਬਾਹ ਹੋ ਸਕਦਾ ਸੀ। ਸ਼ੁਕਰ ਹੈ ਕਿ ਇਸ ਨਾਲ ਪ੍ਰਮਾਣੂ ਧਮਾਕਾ ਨਹੀਂ ਹੋਇਆ। ਸਪੇਨ ਅਤੇ ਅਮਰੀਕਾ ਨੇ ਇਸ ਘਟਨਾ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਇਕ ਹਾਦਸਾ ਨਹੀਂ, ਸਗੋਂ ਸ਼ੀਤ ਯੁੱਧ ਦੇ ਖਤਰਨਾਕ ਪਰਛਾਵੇਂ ਦਾ ਸਬੂਤ ਹੈ। ਪਾਲੋਮੇਰਸ ਦੀ ਧਰਤੀ ਨੂੰ ਅਜੇ ਵੀ ‘ਰੈੱਡ ਜ਼ੋਨ’ ਕਿਹਾ ਜਾਂਦਾ ਹੈ। ਪ੍ਰਮਾਣੂ ਬੰਬ ਮਨੁੱਖਤਾ ਲਈ ਸਦਾ ਲਈ ਚਿੰਤਾ ਦਾ ਵਿਸ਼ਾ ਬਣੇ ਰਹਿਣਗੇ। ਪੈਂਟਾਗਨ ਦੇ ਲੀਕ ਹੋਏ ਦਸਤਾਵੇਜ਼ਾਂ ਨੇ ਖੁਲਾਸਾ ਕੀਤਾ ਹੈ ਕਿ ਅਮਰੀਕਾ ਨੇ ਬਿਜਲੀ ਦੀ ਰਫ਼ਤਾਰ ਨਾਲ ਪ੍ਰਮਾਣੂ ਬੰਬ ਸੁੱਟਣ ਦੀ ਤਿਆਰੀ ਦੇ ਹੁਕਮ ਦੇ ਰੱਖੇ ਹਨ।