ਜਿਨ੍ਹਾਂ ਥਾਵਾਂ `ਤੇ ਬਚਪਨ ਬੀਤਿਆ ਹੋਵੇ ਅਤੇ ਦਿਨ ਅਪਣੱਤ ਤੇ ਪਿਆਰ ਨਾਲ ਭਰੇ ਬੀਤੇ ਹੋਣ, ਉਹ ਭਲਾਂ ਕਿੱਥੇ ਭੱਲਦੇ ਨੇ! ਸੰਨ ਸੰਤਾਲੀ ਦੇ ਬਟਵਾਰੇ ਸਮੇਂ ਬੜੇ ਲੋਕਾਂ ਦਾ ਬੜਾ ਕੁਝ ਗੁਆਚ ਗਿਆ- ਖਾਸ ਕਰ ਰਿਸ਼ਤੇ-ਨਾਤੇ! ਹਥਲੀ ਲਿਖਤ ਵਿੱਚ ਗਵਾਚੇ ਰਿਸ਼ਤਿਆਂ ਦੀ ਯਾਦਾਂ ਦੀ ਤੰਦ ਕੱਤੀ ਗਈ ਹੈ। ਦੋਹਾਂ ਪੰਜਾਬਾਂ ਦੇ ਵਿਛੜੇ ਲੋਕ ਆਪਣੀ ਮਿੱਟੀ ਨੂੰ ਮਸਤਕ `ਤੇ ਲਾਉਣਾ ਲੋਚਦੇ ਹਨ, ਪਰ ਸਿਆਸੀ ਫਿਰਕਾਪ੍ਰਸਤੀ ਦੀਆਂ ਵਾੜਾਂ ਉਨ੍ਹਾਂ ਦੇ ਸੁਪਨਿਆਂ ਨੂੰ ਜ਼ਖਮੀ ਕਰ ਦਿੰਦੀਆਂ ਹਨ। ਅਜਿਹੀਆਂ ਹੀ ਅਭੁੱਲ, ਅਸਹਿ-ਅਕਹਿ ਗੱਲਾਂ ਦੀ ਗੰਢ ਨਾਮੀ ਕਲਮਕਾਰ ਸਾਂਵਲ ਧਾਮੀ ਨੇ ਕੁਝ ਇਸ ਲਹਿਜ਼ੇ ‘ਚ ਖੋਲ੍ਹੀ ਹੈ ਕਿ ਉਮੀਦ ਕੀਤੀ ਜਾ ਸਕਦੀ ਹੈ, ਪਾਠਕ ਇਨ੍ਹਾਂ ਨੂੰ ਪਰੁੱਚ ਕੇ ਪੜ੍ਹਨਗੇ…। -ਪ੍ਰਬੰਧਕੀ ਸੰਪਾਦਕ
ਸਾਂਵਲ ਧਾਮੀ
ਫੋਨ:+91-9781843444
ਸੰਤਾਲੀ ਤੋਂ ਪਹਿਲਾਂ ਨਾਰੋਵਾਲ ਜ਼ਿਲ੍ਹਾ ਨਹੀਂ, ਸਿਆਲਕੋਟ ਦੀ ਤਹਿਸੀਲ ਹੁੰਦਾ ਸੀ। ਜੱਸੜ ਰੇਲਵੇ ਸਟੇਸ਼ਨ ਨੇੜਲੇ ਪਿੰਡ ਦੁਆਬੇ ’ਚ ਰੰਧਾਵੇ ਵੱਸਦੇ ਸਨ। ਇਸੀ ਪਿੰਡ ਦੀ ਜਾਈ ਜੋਗਿੰਦਰ ਕੌਰ ਉਰਫ਼ ਜਿੰਦੋ ਹੁਣ ਚੁਰਾਸੀ ਵਰਿ੍ਹਆਂ ਤੋਂ ਉਤੇ ਦੀ ਹੋ ਚੁੱਕੀ ਹੈ। ਮੈਂ ਉਸ ਨਾਲ਼ ਗੱਲਬਾਤ ਕਰਨ ਗਿਆ ਤਾਂ ਉਸ ਨੇ ਗੱਲਾਂ ਦੀ ਝੜੀ ਲਗਾ ਦਿੱਤੀ ਸੀ:
ਸਾਡੇ ਪਿੰਡ ’ਚ ਬਹੁਤੇ ਸਿੱਖ ਸਨ। ਬਸ ਇੱਕ ਘਰ ਸੀ ਮੁਸਲਮਾਨ ਰੰਧਾਵਿਆਂ ਦਾ। ਚਾਚੇ ਗੁਲਾਬਦੀਨ ਦਾ ਘਰ। ਚਾਚੇ ਦੀਆਂ ਧੀਆਂ ਦੇ ਨਾਂ ਸਨ- ਰਸੂਲਾਂ, ਸਕੀਨਾ ਤੇ ਜ਼ੀਰਾ। ਵੱਡੀਆਂ ਦੋਵੇਂ, ਵੱਡੀਆਂ ਭੈਣਾਂ ਦੀਆਂ ਸਹੇਲੀਆਂ ਸਨ। ਜ਼ੀਰਾ ਮੇਰੀ ਸਹੇਲੀ ਸੀ। ਮੇਰੀ ਤਾਂ ਜਾਨ ਸੀ ਉਹ। ਉਨ੍ਹਾਂ ਦੇ ਘਰ ਬੇਰੀ ਹੁੰਦੀ ਸੀ। ਅਸੀਂ ’ਕੱਠੀਆਂ ਨੇ ਬੇਰ ਤੋੜਨੇ। ਚਾਚੀ ਸ਼ਰੀਫ਼ਾਂ ਬਾਟੀ ਦਾ ਦਾਰੂ ਬਣਾਉਂਦੀ ਹੁੰਦੀ ਸੀ। ਸਾਰੀਆਂ ਕੁੜੀਆਂ ਨੇ ਉਸ ਕੋਲੋਂ ਦਾਰੂ ਪਵੌਣ ਜਾਣਾ। ਫਿਰ ਜਦੋਂ ਅਸੀਂ ਕਰਤਾਰਪੁਰ ਸਾਬ੍ਹ ਮੱਸਿਆ ’ਤੇ ਜਾਣਾ ਤਾਂ ਅਸੀਂ ਆਪਣੇ ਮੁਸਲਮਾਨ ਮਾਮਿਆਂ ਦੇ ਘਰੋਂ ਹੋ ਕੇ ਔਣਾ। ਸਾਡੇ ਘਰ ਜਾਮਣੂੰ ਹੁੰਦਾ ਸੀ। ਸਾਡੀ ਅੱਲ ਵੀ ‘ਜਾਮਣੂੰ ਵਾਲ਼ੇ’ ਪਈ ਹੋਈ ਸੀ। ਚਾਚੇ ਗੁਲਾਬਦੀਨ ਨਾਲ਼ ਇੱਕ ਖੂਹ ਵੀ ਸਾਂਝਾ ਹੁੰਦਾ ਸੀ ਸਾਡਾ। ਉਨ੍ਹਾਂ ਦੇ ਵਿਆਹ ਹੁੰਦਾ ਤਾਂ ਉਹ ਹਿੰਦੂ ਹਲਵਾਈ ਲਗਾਉਂਦੇ। ਉਨ੍ਹਾਂ ਦੀ ਬਰਾਤੇ ਗਏ ਸਿੱਖਾਂ ਦਾ ਖਾਣਾ ਵੱਖਰਾ ਤਿਆਰ ਹੁੰਦਾ। ਉਂਝ ਪਿਆਰ ਬੜਾ ਸੀ। ਫਿਰ ਪੁੱਤਰਾ ਰੌਲ਼ੇ ਪੈ ਗਏ। ਅਸੀਂ ਛੱਤਾਂ ’ਤੇ ਚੜ੍ਹ-ਚੜ੍ਹ ਵੇਖਣਾ। ਏਧਰੋਂ ਭਰ-ਭਰ ਮੁਸਲਮਾਨਾਂ ਦੀਆਂ ਗੱਡੀਆਂ ਜੱਸੜ ’ਟੇਸ਼ਣ ’ਤੇ ਔਣ ਲੱਗ ਪਈਆਂ।
ਸਾਡੇ ਪਿੰਡ ਫੌਜੀ ਬੜੇ ਸਨ। ਅਸਲਾ ਵੀ ਸੀ ਉਨ੍ਹਾਂ ਕੋਲ਼। ਇੱਕ ਸਵੇਰ ਸਾਡੇ ਪਿੰਡ ਨੂੰ ਪੁਲਿਸ ਨੇ ਘੇਰਾ ਪਾ ਲਿਆ। ਬੱਚੇ-ਔਰਤਾਂ ਨੂੰ ਛੱਡ, ਸਾਰਾ ਪਿੰਡ ਬੰਨ੍ਹ ਕੇ ਜੱਸੜ ਥਾਣੇ ’ਚ ਲੈ ਗਏ। ਮੇਰਾ ਪਿਉ, ਦੋਵੇਂ ਚਾਚੇ ਤੇ ਵੱਡੇ ਦੋਵੇਂ ਭਰਾ, ਕੋਈ ਦੋ ਮਹੀਨਿਆਂ ਬਾਅਦ ਮੁੜੇ ਸਨ ਪਾਕਸਤਾਨੋਂ। ਵਟਾਂਦਰਾ ਹੋਇਆ ਸੀ ਕੈਦੀਆਂ ਦਾ। ਇੱਕ-ਇੱਕ ਸਿੱਖ ਵੱਟੇ ਦੋ-ਦੋ ਮੁਸਲਮਾਨ ਦਿੱਤੇ ਸੀ, ਪਾਕਸਤਾਨ ਨੂੰ। ਬੜੇ ਔਖੇ ਕੱਟੇ ਸੀ ਅਸਾਂ ਦਿਨ ਉਹ। ਅਸੀਂ ਸੋਚਣਾ ਕਿ ਉਨ੍ਹਾਂ ਨੂੰ ਪੁਲਿਸ ਵਾiਲ਼ਆਂ ਮਾਰ ਦਿੱਤਾ ਹੋਣਾ ਏਂ! ਉਹ ਦੱਸਣ ਭਈ ਅਸੀਂ ਕਹੀਏ ਚੰਗਾ ਹੋਵੇ ਜੇ ਵਿਹੜੇ ਵਾਲ਼ੇ ਖੂਹ ’ਚ ਛਾਲ਼ਾਂ ਮਾਰ ਕੇ ਮਰ ਗਈਆਂ ਹੋਣ। ਪਹਿਲਾਂ ਪੁੱਤਰਾ ਅਸੀਂ ਛਿੱਛਰਵਾਲ਼ੀ ਆਏ। ਫਿਰ ਕੋਈ ਦੋ-ਢਾਈ ਵਰਿ੍ਹਆਂ ਬਾਅਦ ਪੱਕੀ ਅਲਾਟਮੈਂਟ ਹੋਈ ਪਿੰਡ ਭੜਛਾਟੇ: ਡੇਰਾ ਬਾਬਾ ਨਾਨਕ ਕੋਲ਼। ਚਾਰ ਕੁ ਵਰਿ੍ਹਆਂ ਬਾਅਦ ਮੇਰਾ ਵਿਆਹ ਹੋਇਆ, ਮੱਲਪੁਰੀਏ ਬਾਜਵਿਆਂ ਦੇ।
ਇੱਕ ਗੱਲ ਦੱਸਾਂ ਪੁੱਤਰਾ ਚਾਚੇ ਨੂਰੇ ਕੇ ਟੱਬਰ ਨੇ ਬੜਾ ਸਾਥ ਦਿੱਤਾ ਸੀ ਸਾਡਾ। ਵੀਰੇ ਹੁਣੀਂ ਦੱਸਦੇ ਹੁੰਦੇ ਸਨ ਕਿ ਬਰਕਤ ਵੀਰਾ, ਨਾਨਕ ਇਸਾਈ ਨੂੰ ਨਾਲ਼ ਲੈ ਕੇ ਜੱਸੜ ਥਾਣੇ ਨੂੰ ਤੁਰਿਆ ਹੀ ਰਹਿੰਦਾ ਸੀ। ਉਹ ਪਿੱਛਾ ਨਾ ਕਰਦੇ ਤਾਂ ਸ਼ੈਤ ਇਨ੍ਹਾਂ ਨੂੰ ਮਾਰ ਈ ਦਿੰਦੇ। ਸਾਡੇ ਵੱਡੇ ਤਾਂ ਉਨ੍ਹਾਂ ਨੂੰ ਯਾਦ ਕਰਦੇ ਤੁਰ ਗਏ। ਮੈਨੂੰ ਵੀ ਪਿੰਡ ਬੜਾ ਯਾਦ ਆਉਂਦਾ ਏ ਪੁੱਤਰਾ। ਦੇਖ ਲੈ ਕੇਹੇ ਵਿਛੋੜੇ ਪਏ ਸਾਡੇ! ਸੱਤਰ ਵਰ੍ਹੇ ਹੋ ਗਏ, ਇੱਕ-ਦੂਜੇ ਨੂੰ ਮਿਲ ਈ ਨਈਂ ਸਕੇ ਮੁੜ ਕੇ।
“ਪੁੱਤਰਾ ਮੈਨੂੰ ਦੁਆਬਾ ਵਿਖਾ ਦਿਓ। ਮੈਨੂੰ ਮੇਰੀ ਜ਼ੀਰਾ ਨਾਲ਼ ਮਿਲ਼ਾ ਦਿਓ!” ਗੱਲਬਾਤ ਮੁਕਾ ਹੱਥ ਜੋੜਦਿਆਂ ਤਰਲਾ ਜਿਹਾ ਲਿਆ ਸੀ ਉਸ ਨੇ।
ਇਹ ਗੱਲਬਾਤ ਯੂ-ਟਿਊਬ ਚੈਨਲ ’ਤੇ ਅਪਲੋਡ ਹੋਈ ਤਾਂ ਸਿਆਲਕੋਟ ਰਹਿੰਦੇ ਖਾਦਿਮ ਹੁਸੈਨ ਨੇ ਬੀਬੀ ਜਿੰਦੋ ਦਾ ਥਹੁ-ਪਤਾ ਲਗਾ ਲਿਆ। ਉਹ ਬੱਦੋ ਮੱਲੀ ਥਾਣੇ ਦੇ ਪਿੰਡ ਤਲਵੰਡੀ ਘੁੰਮਣਾਂ ’ਚ ਵਿਆਹੀ ਹੋਈ ਸੀ।
ਮਿੱਥੇ ਵਕਤ ’ਤੇ ਅਸੀਂ ਬੀਬੀਆਂ ਕੋਲ਼ ਪਹੁੰਚ ਗਏ। ਬੀਬੀ ਜਿੰਦੋ ਨੇ ਦੱਸਿਆ ਕਿ ਵਿਛੜੀ ਸਹੇਲੀ ਨਾਲ਼ ਗੱਲਬਾਤ ਕਰਨ ਦੀ ਖ਼ੁਸ਼ੀ ’ਚ ਉਹ ਸਾਰੀ ਰਾਤ ਸੁੱਤੀ ਨਹੀਂ ਸੀ।
ਵੀਡੀਓ ਕਾਲ ਸ਼ੁਰੂ ਹੋਈ। ਪਹਿਲਾਂ ਤਾਂ ਬੁੱਢੀਆਂ ਅੱਖਾਂ ਨੇ ਇੱਕ ਦੂਜੇ ਨੂੰ ਪਛਾਣਿਆ। ਲਹਿੰਦੇ ਪੰਜਾਬ ਵਾਲ਼ੀ ਬੀਬੀ ਜ਼ਿਆਦਾ ਸਿਹਤਮੰਦ ਸੀ। ਦੋਵਾਂ ਨੇ ਮਾਪਿਆਂ ਤੇ ਫਿਰ ਭੈਣ-ਭਾਈਆਂ ਬਾਰੇ ਪੁੱਛਿਆ।
“ਸਕੀਨਾਂ ਤੇ ਰਸੂਲਾਂ ਤਾਂ ਫੌਤ ਹੋ ਗਈਆਂ!” ਉਹ ਬੋਲੀ ਸੀ।
“ਛਿੰਦੋ ਤੇ ਧੰਤੀ ਵੀ ਤੁਰ ਗਈਆਂ!” ਇਸ ਨੇ ਕਿਹਾ ਸੀ।
“ਬਰਕਤ ਵੀ ਚਲਾ ਗਿਆ!” ਇਹ ਬੋਲ ਉਸ ਬੀਬੀ ਦੇ ਸਨ।
“ਨਾਹਰ ਸੂੰ ਤੇ ਕੇਹਰ ਸੂੰ ਦੋਵੇਂ ਤੁਰ ਗਏ!” ਇਹ ਕਹਿੰਦਿਆਂ ਬੀਬੀ ਜਿੰਦੋ ਦੇ ਬੋਲ ਭਾਰੇ ਹੋ ਗਏ ਸਨ।
“ਯਾਦ ਏ ਤੈਨੂੰ ਜ਼ੀਰਾ ਅਸੀਂ ਤ੍ਹਾਢੇ ਘਰ ਦੀ ਬੇਰੀ ਤੋਂ ਬੇਰ ਤੋੜਦੀਆਂ ਹੁੰਦੀਆਂ ਸਾਂ। ਮੈਂ ਤਾਂ ਹੁਣ ਵੀ ਸੁਪਨਿਆਂ ’ਚ ਬੇਰ ਖਾਂਦੀ ਰਹਿੰਦੀ ਆਂ। ਉਹ ਬੇਰੀ ਹੈਗੀ ਵੇ?” ਇਸ ਬੀਬੀ ਨੇ ਪੁੱਛਿਆ ਤਾਂ ਮੂਹਰਿਓ ਜ਼ੀਰਾ ਬੀਬੀ ਖਰ੍ਹਵੀਂ ਅਵਾਜ਼ ’ਚ ਬੋਲੀ ਸੀ, “ਲੈ! ਰੱਖੀਆਂ ਨੇ ਭਲਾ ਉਹ ਬੇਰੀਆਂ!”
“ਬਸੈਂਤਰ ਤਾਂ ਹੁਣ ਵੀ ਵਗਦਾ ਹੋਣਾ ਜ਼ੀਰਾ। ਯਾਦ ਵੇ ਤੈਨੂੰ ਉਹ ਦਿਨ…।” ਜਿੰਦੋ ਬੀਬੀ ਨੇ ਇਕ ਹੋਰ ਯਾਦ ਦੀ ਤੰਦ ਛੋਹ ਲਈ ਸੀ।
“…ਬਰਸਾਤਾਂ ’ਚ ਹੜ੍ਹ ਔਣੇ। ਫਿਰ ਧੁੱਪਾਂ ਲੱਗਣੀਆਂ। ਮਿੱਟੀ ਨੇ ਜੰਮ ਜਾਣਾ। ਇਉਂ ਹੋ ਜਾਣਾ ਜਿਉਂ ਬਰਫ਼ੀ ਹੋਵੇ। ਅਸੀਂ ਇੱਕ-ਦੂਜੀ ਨੂੰ ਆਖ਼ਣਾ-ਨੀਂ ਬਰਫ਼ੀ ਖਾ ਲੈ। ਅਸੀਂ ਦੋਵਾਂ ਨੇ ਮਿੱਟੀ ਖਾਈ ਜਾਣੀ!” ਇਸ ਗੱਲ ’ਤੇ ਦੋਵੇਂ ਬੀਬੀਆਂ ਖਿੜ-ਖਿੜਾ ਕੇ ਹੱਸ ਪਈਆਂ ਸਨ।
“ਨੀ ਜ਼ੀਰਾ ਸਾਡੇ ਘਰ ’ਚ ਜਿੜ੍ਹਾ ਜਾਮਣੂੰ ਸੀ, ਉਹ ਹੈਗਾ ਵੇ?” ਇਸ ਬੀਬੀ ਦੇ ਸਵਾਲ ’ਤੇ ਉਹ ਬੀਬੀ ਫਿਰ ਤੋਂ ਥੋੜ੍ਹੀ ਖ਼ਰ੍ਹਵੀਂ ਆਵਾਜ਼ ’ਚ ਬੋਲੀ ਸੀ, “ਉਹ ਤਾਂ ਉਦੋਂ ਈ ਵੱਢ ਦਿੱਤਾ ਸੀ ਮੁਹਾਜ਼ਰਾਂ ਨੇ। ਜੰਮੂ ਦੇ ਗੁੱਜਰ ਵਸੇ ਨੇ, ਤ੍ਹਾਢੇ ਘਰ ਤੇ ਜ਼ਮੀਨਾਂ ’ਤੇ।”
“ਨੀਂ ਨਾਨਕ ਇਸਾਈ ਹੁਣ ਹੈਗਾ ਵੇ?” ਜਿੰਦੋ ਨੇ ਅਗਲਾ ਸਵਾਲ ਕੀਤਾ ਸੀ।
“ਲੈ ਨੀਂ ਕਮਲੀਏ, ਕੇ੍ਹੜੀਆਂ ਗੱਲਾਂ ਕਰਦੀ ਪਈਂ ਏਂ ਤੂੰ! ਉਹ ਤਾਂ ਪਤਾ ਨਈਂ ਕਦੋਂ ਦਾ ਮਰ-ਖਪ ਗਿਆ ਹੋਣਾ। ਮੈਂ ਕਿਤੇ ਨਾਲ਼ ਬੰਨ੍ਹੀ ਫਿਰਦੀ ਆਂ, ਡਾਢ੍ਹੇ ਨਾਨਕ ਹਸਾਈ ਨੂੰ!” ਹੁਣ ਉਹ ਥੋੜ੍ਹਾ ਗੁੱਸੇ ’ਚ ਬੋਲੀ ਸੀ।
“ਨੀਂ ਜ਼ੀਰਾਂ, ਮੇਰਾ ਜੀਜਾ ਕਿੱਥੇ ਵੇ?” ਜਿੰਦੋ ਬੀਬੀ ਹੀ ਬਹੁਤੇ ਸਵਾਲ ਕਰ ਰਹੀ ਸੀ।
“ਜੀਜਾ ਤੁਰ ਗਿਆ, ਅੱਲਾ ਕੋਲ਼!” ਨਜ਼ੀਰਾਂ ਬੀਬੀ ਨੇ ਇਹ ਗੱਲ ਸਹਿਜਤਾ ਨਾਲ਼ ਕਹੀ ਸੀ।
“ਨੀਂ ਮੇਰੇ ਹੌਲ਼ਦਾਰ ਨੂੰ ਵੀ ਸੱਦ ਲਿਆ ਵ੍ਹਾਖੁਰੂ ਨੇ, ਕੋਲ਼ ਆਪਣੇ!” ਜਿੰਦੋ ਬੀਬੀ ਨੇ ਹਉਕਾ ਭਰਦਿਆਂ ਕਿਹਾ ਸੀ।
ਉਹ ਬੜੀ ਦੇਰ ਗੱਲਾਂ ਕਰਦੀਆਂ ਰਹੀਆਂ ਸਨ। ਓਸ ਬੀਬੀ ਦੇ ਸਾਰੇ ਟੱਬਰ ਨੇ ਆਪਣੀ ਹਾਜ਼ਰੀ ਲਗਵਾਈ ਸੀ। ਜਿੰਦੋ ਬੀਬੀ ਨੂੰ ਆਉਣ ਲਈ ਸੱਦਾ ਵੀ ਦਿੱਤਾ ਸੀ।
“ਨੀਂ ਜ਼ੀਰਾ ਦੁਆਬੇ ਕਦੋਂ ਗਈ ਸੈਂ?” ਜਿੰਦੋ ਬੀਬੀ ਕੋਲ਼ ਸੱਚਮੁਚ ਬੜੇ ਸਵਾਲ ਸਨ।
“ਲੈ! ਤੂੰ ਕਹੇ ਤਾਂ ਸਵੇਰੇ ਚੱਲ ਵੜਦੀ ਆਂ!” ਜ਼ੀਰਾ ਨੇ ਹੱਸਦਿਆਂ ਜਵਾਬ ਦਿੱਤਾ ਸੀ।
“ਮੈਨੂੰ ਵੀ ਲੈ ਚਲੇਗੀ ਦੁਆਬੇ?” ਜਿੰਦੋ ਨੇ ਵਿਚਾਰਿਆਂ ਵਾਂਗ ਪੁੱਛਿਆ ਸੀ।
“ਆ ਜਾ, ਤੈਨੂੰ ਵੀ ਲੈ ਚੱਲਦੀ ਆਂ!” ਜ਼ੀਰਾ ਨੇ ਖ਼ੁਸ਼ ਹੁੰਦਿਆਂ ਜਵਾਬ ਦਿੱਤਾ ਸੀ।
ਜਿੰਦੋ ਉਦਾਸ ਹੋ ਗਈ ਸੀ। ਗੱਚ ਭਰ ਆਇਆ ਸੀ ਉਸਦਾ। ਨਿਰਾਸ਼ਾ ’ਚ ਸਿਰ ਮਾਰਦਿਆਂ ਬੋਲੀ ਸੀ, “ਦੱਸ, ਕਿਵੇਂ ਆ ਜਾਵਾਂ ਨੀ ਜ਼ੀਰਾ? ਰਾਹ ’ਚ ਤਾਂ ਤਾਰਾਂ ਦੀ ਵਾੜ ਏ!”
ਬੜੀ ਦੇਰ ਦੋਵੇਂ ਪਾਸਿਓਂ ਕੋਈ ਨਹੀਂ ਸੀ ਬੋਲਿਆ।
ਮੌਕੇ ਦੀ ਨਜ਼ਾਕਤ ਸਮਝਦਿਆਂ, ਮੈਂ ਫਿਰ ਕਿਸੇ ਦਿਨ ਗੱਲ ਕਰਨ ਦੀ ਗੱਲ ਆਖ਼, ਗੱਲ ਮੁਕਾਉਣ ਨੂੰ ਕਿਹਾ ਸੀ।
“ਫਿਰ ਗੱਲ ਕਰਾਂਗੇ ਨੀਂ ਜ਼ੀਰਾ। ਸਤ ਸ਼੍ਰੀ ਅਕਾਲ।” ਮੂਹਰਿਓ ਕੋਈ ਜਵਾਬ ਨਈਂ ਸੀ ਆਇਆ। ਜਿੰਦੋ ਬੀਬੀ ਨੇ ਦੋ-ਤਿੰਨ ਵਾਰ ਹੋਰ ‘ਸਤਿ ਸ਼੍ਰੀ ਅਕਾਲ’ ਆਖਿਆ ਤਾਂ ਮੂਹਰਿਓਂ ਜ਼ੀਰਾ ਮੱਧਮ ਜਿਹੀ ਆਵਾਜ਼ ’ਚ ਬੋਲੀ ਸੀ-ਚੰਗਾ ਸਲਾਮ ਨੀਂ ਜਿੰਦੋ, ਫਿਰ ਗੱਲ ਕਰਾਂਗੇ।
ਇਸ ਗੱਲ ਦੇ ਨਾਲ਼ ਗੱਲ ਮੁਕ ਗਈ ਸੀ।
—
ਮੈਂ ਜਦੋਂ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਗਿਆ ਤਾਂ ਬੀਬੀ ਜਿੰਦੋਂ ਨੂੰ ਨਾਲ਼ ਲੈ ਕੇ ਜਾਵਾਂਗਾ। ਆਪਣਾ ਦੁਆਬਾ ਤਾਂ ਨਹੀਂ ਵੇਖਿਆ ਜਾਣਾ ਉਸਤੋਂ, ਚਲੋ ਕੁਝ ਵਕਤ ਲਈ ਆਪਣੇ ਇਲਾਕੇ ਦੀ ਮਹਿਕ ਹੀ ਮਾਣ ਲਵੇਗੀ। ਉਸ ਗੁਰੂ-ਘਰ ਦੇ ਦਰਸ਼ਨ ਕਰ ਲਵੇਗੀ, ਜਿੱਥੇ ਉਹ ਬਚਪਨ ’ਚ ਕਈ ਵਾਰ ਗਈ ਸੀ। ਬਿਨਾ ਸ਼ੱਕ ਬੀਬੀ ਨਜ਼ੀਰਾਂ ਤਾਂ ਜ਼ਰੂਰ ਮਿਲਣ ਆਵੇਗੀ ਉਸਨੂੰ!