ਪੰਜਾਬੀ ਪਰਵਾਜ਼ ਬਿਊਰੋ
ਭਾਰਤ ਦੇ ਦੋ ਫੌਜੀ ਜਰਨੈਲਾਂ ਨੇ ਬੀਤੇ ਦੋ ਦਿਨਾਂ (19-20 ਮਈ) ਵਿੱਚ ਦੋ ਹੈਰਾਨੀਜਨਕ ਦਾਅਵੇ ਕੀਤੇ ਹਨ। ਭਾਰਤੀ ਫੌਜ ਦੀ 15ਵੀਂ ਇਨਫੈਂਟਰੀ ਡਵੀਜਨ ਦੇ ਜਨਰਲ ਆਫੀਸਰ ਕਮਾਂਡਿੰਗ ਮੇਜਰ ਜਨਰਲ ਕਾਰਤਕ ਸੀ. ਸੇਸ਼ਾਧਰੀ ਨੇ ਇਹ ਦਾਅਵਾ ਇੱਕ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕੀਤਾ ਕਿ ਪਾਕਿਸਤਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਨਾ ਬਣਾ ਕੇ ਡਰੋਨ ਅਤੇ ਮਿਜ਼ਾਈਲ ਹਮਲਾ ਕੀਤਾ ਗਿਆ। ਇਸ ਸੰਬੰਧ ਵਿੱਚ ਐਕਸ `ਤੇ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ। ਇਸ ਵੀਡੀਓ ਵਿੱਚ ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ ਦੌਰਾਨ ਮਿਜ਼ਾਈਲਾਂ ਅਤੇ ਡਰੋਨਾਂ ਦੇ ਵੱਖ-ਵੱਖ ਥਾਵਾਂ `ਤੇ ਡਿੱਗੇ ਮਲਬੇ ਨੂੰ ਵਿਖਾਇਆ ਗਿਆ ਹੈ। ਜਿਨ੍ਹਾਂ ਨੂੰ ਫੌਜ ਨੇ ਆਪਣੀ ਹਵਾਈ ਸੁਰੱਖਿਆ ਪ੍ਰਣਾਲੀ ਨਾਲ ਹਵਾ ਵਿੱਚ ਹੀ ਫੁੰਡ ਦਿੱਤਾ ਸੀ।
ਇਸ ਫੌਜੀ ਅਧਿਕਾਰੀ ਅਨੁਸਾਰ ਇਹ ਹਮਲੇ 6-7 ਮਈ ਦੀ ਰਾਤ ਨੂੰ ਭਾਰਤ ਵੱਲੋਂ ਪਾਕਿਸਤਾਨ ਵਿੱਚ ਮੌਜੂਦ ਅਤਿਵਾਦੀ ਟਿਕਾਣਿਆਂ `ਤੇ ਕੀਤੇ ਗਏ ਹਮਲੇ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਅਤੇ ਭਾਰਤੀ ਮਿਲਟਰੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਜਨਰਲ ਸੇLਸ਼ਾਧਰੀ ਦਾ ਆਖਣਾ ਹੈ ਕਿ ਭਾਰਤ ਵੱਲੋਂ ਹਮਲੇ ਅਤਿਵਾਦੀ ਟਿਕਾਣਿਆਂ `ਤੇ ਕੀਤੇ ਗਏ ਸਨ, ਜਦਕਿ ਪਾਕਿਸਤਾਨ ਨੇ ਆਪਣੇ ਮੋੜਵੇਂ ਹੱਲਿਆਂ ਵਿੱਚ ਮਿਜ਼ਾਈਲਾਂ ਅਤੇ ਡਰੋਨਾਂ ਰਾਹੀਂ ਭਾਰਤੀ ਫੌਜੀ ਟਿਕਾਣਿਆਂ ਅਤੇ ਧਾਰਮਿਕ ਸਥਾਨਾਂ, ਖਾਸ ਕਰਕੇ ਸ੍ਰੀ ਹਰਮੰਦਿਰ ਸਾਹਿਬ ਨੂੰ ਨਿਸ਼ਾਨਾ ਬਣਾਇਆ। ਫੌਜੀ ਜਨਰਲ ਦੇ ਇਸ ਬਿਆਨ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਵੱਲੋਂ ਖੰਡਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਗੱਲ ਸਮਝੋਂ ਬਾਹਰ ਹੈ ਕਿ ਹਰ ਇੱਕ ਲਈ ਦਰਵਾਜ਼ੇ ਖੁਲ੍ਹੇ ਰੱਖਣ ਵਾਲੇ ਸ੍ਰੀ ਦਰਬਾਰ ਸਾਹਿਬ ਨੂੰ ਕੋਈ ਕਿਉਂ ਨਿਸ਼ਾਨਾ ਬਣਾਏਗਾ!
ਇਸ ਤੋਂ ਅਗਲੇ ਦਿਨ ਇੱਕ ਹੋਰ ਭਾਰਤੀ ਜਰਨੈਲ ਵੱਲੋਂ ਇਸ ਤੋਂ ਵੀ ਜ਼ਿਆਦਾ ਵਿਵਾਦਗ੍ਰਸਤ ਬਿਆਨ ਦੇ ਦਿੱਤਾ ਗਿਆ। ਆਪਣੇ ਇਸ ਬਿਆਨ ਵਿੱਚ ਲੈਫਟੀਨੈਂਟ ਜਨਰਲ ਸੁਮੇਰ ਇਵਾਨ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦੀ ਸਹਿਮਤੀ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਹਦੂਦ ਵਿੱਚ ਹਵਾਈ ਸੁਰੱਖਿਆ ਪ੍ਰਣਾਲੀ ਨਾਲ ਸੰਬੰਧਤ ਗੰਨਾਂ ਵੀ ਤਾਇਨਾਤ ਕੀਤੀਆਂ ਗਈਆਂ ਸਨ। ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਧਾਮੀ, ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਅਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਤੋਂ ਸਾਫ ਇਨਕਾਰ ਕੀਤਾ ਕਿ ਦਰਬਾਰ ਵਿੱਚ ਕੋਈ ਹਵਾਈ ਸੁਰੱਖਿਆ ਸਿਸਟਮ ਫੌਜ ਵੱਲੋਂ ਲਗਾਇਆ ਗਿਆ ਸੀ। ਉਂਝ 6-7 ਮਈ ਨੂੰ ਗਿਆਨੀ ਰਘਬੀਰ ਸਿੰਘ ਵਿਦੇਸ਼ ਵਿੱਚ ਸਨ। ਗਿਆਨੀ ਰਘਬੀਰ ਸਿੰਘ ਨੇ ਮੰਗ ਕੀਤੀ ਕਿ ਫੌਜੀ ਅਧਿਕਾਰੀਆਂ ਵੱਲੋਂ ਦਿੱਤੇ ਗਏ ਉਪਰੋਕਤ ਬਿਆਨ ਦੀ ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ। ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਮੁੱਖ ਗ੍ਰੰਥੀ ਭਾਈ ਅਮਰਜੀਤ ਸਿੰਘ ਵੱਲੋਂ ਵੀ ਇਸ ਕਿਸਮ ਦੇ ਕਿਸੇ ਫੌਜੀ ਹਥਿਆਰਾਂ ਦੀ ਸ੍ਰੀ ਦਰਬਾਰ ਸਾਹਿਬ ਵਿੱਚ ਤਾਇਨਾਤੀ ਤੋਂ ਇਨਕਾਰ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਸਪਸ਼ਟ ਕੀਤਾ ਗਿਆ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹਮਲੇ ਵਾਲੇ ਦਿਨਾਂ ਵਿੱਚ ਬਲੈਕ ਆਊਟ ਰੱਖਣ ਲਈ ਕਿਹਾ ਗਿਆ ਸੀ, ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗ ਕੀਤਾ ਗਿਆ ਅਤੇ ਕੁਝ ਥਾਵਾਂ `ਤੇ ਮਰਿਆਦਾ ਦੀ ਬਾਕਾਇਦਾ ਪਾਲਣਾ ਲਈ ਲਾਈਟ ਚਾਲੂ ਰੱਖੀ ਗਈ, ਜਦਕਿ ਪਰਿਕਰਮਾ ਅਤੇ ਛੱਤ `ਤੇ ਲੱਗੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ।
ਇੱਕ ਦਿਲਚਸਪ ਘਟਨਾਕ੍ਰਮ ਤਹਿਤ ਬਾਅਦ ਵਿੱਚ ਸੀਨੀਅਰ ਫੌਜੀ ਅਧਿਕਾਰੀਆਂ ਵੱਲੋਂ ਜਨਰਲ ਇਵਾਨ ਵਾਲਾ ਬਿਆਨ ਵਾਪਸ ਲੈ ਲਿਆ ਗਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਹਦੂਦ ਵਿੱਚ ਜਾਂ ਇਸ ਦੇ ਇਰਦ-ਗਿਰਦ ਹਵਾਈ ਸੁਰੱਖਿਆ ਪ੍ਰਣਾਲੀ ਲਗਾਈ ਗਈ ਸੀ। ਸੀਨੀਅਰ ਫੌਜੀ ਅਧਿਕਾਰੀਆਂ ਨੇ ਲੈਫਟੀਨੈਂਟ ਜਨਰਲ ਸੁਮੇਰ ਇਵਾਨ ਵੱਲੋਂ ਦਿੱਤੇ ਬਿਆਨ ਨੂੰ ਮੁੱਢੋਂ-ਸੁਢੋਂ ਹੀ ਰੱਦ ਕਰ ਦਿੱਤਾ। ਅਸਲ ਵਿੱਚ ਜਨਰਲ ਸੁਮੇਰ ਇਵਾਨ ਵੱਲੋਂ ਦਿੱਤੇ ਗਏ ਇਸ ਫਰਜ਼ੀ ਬਿਆਨ ਨੇ ਫੌਜ ਵੱਲੋਂ ਦਿੱਤੇ ਗਏ ਪਹਿਲੇ ਬਿਆਨ `ਤੇ ਵੀ ਸੁਆਲੀਆ ਨਿਸ਼ਾਨ ਲਗਾ ਦਿੱਤਾ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਡਰੋਨਾਂ ਅਤੇ ਮਿਜ਼ਾਈਲਾਂ ਛੱਡੀਆਂ ਗਈਆਂ ਸਨ। ਜਿਨ੍ਹਾਂ ਨੂੰ ਭਾਰਤੀ ਏਅਰ ਡਿਫੈਂਸ ਵੱਲੋਂ ਹਵਾ ਵਿੱਚ ਹੀ ਮਾਰ ਗਿਰਾਇਆ ਗਿਆ ਸੀ। ਉਂਝ ਇਥੇ ਇਹ ਸੁਆਲ ਵੀ ਉੱਠਦਾ ਹੈ ਕਿ ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਸਥਾਨ ਵੀ ਅੰਮ੍ਰਿਤਸਰ ਵਿੱਚ ਹੀ ਮੌਜੂਦ ਹਨ, ਕੀ ਉਨ੍ਹਾਂ `ਤੇ ਪਾਕਿਸਤਾਨ ਵੱਲੋਂ ਮਿਜ਼ਾਈਲਾਂ ਜਾਂ ਡਰੋਨਾਂ ਨਹੀਂ ਛੱਡੀਆਂ ਗਈਆਂ? ਫੌਜੀ ਜਰਨੈਲਾਂ ਨੂੰ ਇਹ ਸੁਆਲ ਵੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਜਦੋਂ ਦੇਸ਼ ਦੀਆਂ ਸਰਹੱਦਾਂ ਅਤੇ ਲੋਕਾਂ ਦੀ ਜਾਨ ਮਾਲ ਦੀ ਤੁਸੀਂ ਸਮੁੱਚੇ ਰੂਪ ਵਿੱਚ ਰੱਖਿਆ ਕਰ ਰਹੇ ਹੋ ਤਾਂ ਹਰਿਮੰਦਰ ਸਾਹਿਬ ਦੀ ਰਾਖੀ ਲਈ ਵਿਸ਼ੇਸ਼ ਬਿਆਨਬਾਜ਼ੀ ਕਿਉਂ?
ਬਿਲਕੁਲ ਇਸੇ ਨਾਲ ਮਿਲਦੀ-ਜੁਲਦੀ ਬਿਆਨਬਾਜ਼ੀ ਪਾਕਿਸਤਾਨ ਵਾਲੇ ਪਾਸੇ ਵੀ ਕੀਤੀ ਗਈ। ਉਧਰਲੇ ਪਾਸੇ ਕਿਹਾ ਗਿਆ ਕਿ ਭਾਰਤੀ ਫੌਜ ਵੱਲੋਂ ਸ੍ਰੀ ਨਨਕਾਣਾ ਸਾਹਿਬ `ਤੇ ਹਮਲਾ ਕੀਤਾ ਗਿਆ, ਜਿਸ ਨੂੰ ਪਾਕਿਸਤਾਨੀ ਏਅਰ ਡਿਫੈਂਸ ਨੇ ਨਾਕਾਮ ਬਣਾਇਆ। ਪਕਿਸਤਾਨੀ ਹਾਕਮਾਂ ਵੱਲੋਂ ਫੈਲਾਈ ਗਈ ਇਹ ਖ਼ਬਰ ਵੀ ਇੱਕ ਤਰ੍ਹਾਂ ਨਾਲ ਝੂਠੇ ਪਰਾਪੇਗੰਡਾ ਦਾ ਹੀ ਹਿੱਸਾ ਸੀ। ਫਿਰ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਭਾਰਤੀ ਫੌਜ ਵੱਲੋਂ ਕੀਤੀ ਗਈ ਸਮੁੱਚੇ ਰੂਪ ਵਿੱਚ ਕਾਰਵਾਈ ਦੀ ਸ਼ਲਾਘਾ ਕੀਤੀ। ਭਾਵੇਂ ਭਾਰਤੀ ਪੱਖ ਇਹ ਗੱਲ ਵਾਰ-ਵਾਰ ਕਹਿ ਰਿਹਾ ਹੈ ਕਿ ਜੰਗ ਬੰਦ ਨਹੀਂ ਹੋਈ, ਸਗੋਂ ਮੁਲਤਵੀ ਕੀਤੀ ਗਈ ਹੈ, ਪਰ ਜਿਸ ਤਰ੍ਹਾਂ ਸਰਹੱਦ ਵਾਲੀਆਂ ਤਾਰਾਂ ਤੋਂ ਪਾਰ ਕਿਸਾਨਾਂ ਨੂੰ ਖੇਤੀ ਕਰਨ ਦੀ ਖੁੱਲ੍ਹ ਦੇਣ ਦਾ ਫੈਸਲਾ ਕਰ ਲਿਆ ਅਤੇ ਵਾਹਗਾ ਬਾਰਡਰ `ਤੇ ਰਿਟਰੀਟ ਸੈਰੇਮਨੀ ਦੁਬਾਰਾ ਸ਼ੁਰੂ ਕਰ ਲਈ ਗਈ ਹੈ, ਉਸ ਤੋਂ ਜਾਪਦਾ ਹੈ ਕਿ ਦੋਹਾਂ ਦੇਸ਼ਾਂ ਵਿੱਚ ਅੰਦਰ-ਖਾਤੇ ਪੱਕੀ ਗੋਲੀ ਬੰਦੀ ਲਈ ਸਹਿਮਤੀ ਬਣ ਗਈ ਹੈ। ਭਾਰਤ ਨੇ ਦੋਹਾਂ ਦੇਸ਼ਾਂ ਵਿਚਕਾਰ ਹੋਈ ਗੋਲੀਬੰਦੀ ਦੇ ਮਾਮਲੇ ਵਿੱਚ ਅਮਰੀਕਾ ਦੇ ਕਿਸੇ ਵੀ ਕਿਸਮ ਦੇ ਦਖਲ ਤੋਂ ਮੁਕੰਮਲ ਇਨਕਾਰ ਕਰ ਦਿੱਤਾ ਹੈ। ਜਦਕਿ ਟਰੰਪ ਇਹ ਵਾਰ-ਵਾਰ ਕਹਿ ਰਿਹਾ ਹੈ ਕਿ ਗੋਲੀ ਬੰਦੀ ਉਨ੍ਹਾਂ ਵੱਲੋਂ ਹੀ ਕਰਵਾਈ ਗਈ ਹੈ। ਗੱਲ ਹੁਣ ਅਸਲ ਵਿੱਚ ਇੱਥੋਂ ਵੀ ਅੱਗੇ ਨਿਕਲ ਗਈ ਜਾਪਦੀ ਹੈ।
ਅਸਲ ਵਿੱਚ ਫਰਾਂਸ ਦੇ ਬਣੇ ਰਾਫੇਲ ਦੇ ਲੜਾਈ ਵਿੱਚ ਮਾਤ ਖਾ ਜਾਣ ਅਤੇ ਇਸ ਨਾਲ ਸੰਬੰਧਤ ਗੁਪਤ ਸਾਫਟਵੇਅਰ ਅਤੇ ਤਕਨੀਕ ਭਾਰਤ ਨਾਲ ਸਾਂਝੀ ਨਾ ਕਰਨ ਕਰਕੇ ਭਾਰਤ ਨੇ ਆਪਣੇ ਲੜਾਕੂ ਜਹਾਜ਼ ਤੇਜਸ ਲਈ ਵੱਧ ਕਾਰਗੁਜ਼ਾਰੀ ਵਾਲੇ ਇੰਜਣ ਰੂਸ ਤੋਂ ਖਰੀਦਣ ਦਾ ਫੈਸਲਾ ਕਰ ਲਿਆ ਹੈ। ਰੂਸ ਨੇ ਇਸ ਇੰਜਣ ਦੀ ਸਮੁੱਚੀ ਤਕਨੀਕ ਵੀ ਭਾਰਤ ਨਾਲ ਸਾਂਝੀ ਕਰਨਾ ਸਵਿਕਾਰ ਕਰ ਲਿਆ ਹੈ। ਪਾਕਿਸਤਾਨ ਨਾਲ ਬੀਤੇ ਦਿਨੀਂ ਹੋਈ ਝੜਪ ਤੋਂ ਪਿੱਛੋਂ ਭਾਰਤ ਨੇ ਆਪਣੀ ਹਵਾਈ ਤਾਕਤ ਵਿੱਚ ਵਾਧਾ ਕਰਨ ਲਈ ਆਪਣੇ ਪਰਖੇ ਹੋਏ ਮਿੱਤਰ ਰੂਸ ਵੱਲ ਮੁੜਨ ਦਾ ਫੈਸਲਾ ਕਰ ਲਿਆ ਹੈ। ਇਸ ਨਾਲ ਚੀਨ ਵੀ ਕੁਝ ਨਰਮ ਪੈ ਗਿਆ ਵਿਖਾਈ ਦਿੰਦਾ ਹੈ ਅਤੇ ਉਸ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਮਝੌਤਾ ਕਰਵਾਉਣ ਲਈ ਵਿਚੋਲਗੀ ਕਰਨ ਦੀ ਵੀ ਪੇਸ਼ਕਸ਼ ਕਰ ਦਿੱਤੀ ਹੈ। ਯਾਦ ਰਹੇ, ਰੂਸ ਦੇ ਵਿਦੇਸ਼ ਮੰਤਰੀ ਮੈਦਾਦੇਵ ਲਾਵਾਰੋਵ ਨੇ ਬੀਤੇ ਦਿਨੀਂ ਬਿਆਨ ਦਿੱਤਾ ਸੀ ਕਿ ਅਮਰੀਕਾ ਇਸ ਖਿੱਤੇ ਨੂੰ ਅਸਥਿਰ ਕਰਨ ਲਈ ਭਾਰਤ ਅਤੇ ਚੀਨ ਨੂੰ ਲੜਾਉਣਾ ਚਾਹੁੰਦਾ ਹੈ। ਭਾਰਤ ਨੂੰ ਅਮਰੀਕਾ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਸੱਤਾ ਵਿੱਚ ਮੌਜੂਦ ਭਾਰਤੀ ਲੀਡਰ ਸ਼ਾਇਦ ਮਹਿਸੂਸ ਕਰਨ ਲੱਗੇ ਹਨ ਕਿ ਉਨ੍ਹਾਂ ਦਾ ਰੂਸੀ ਕੈਂਪ ਵਿੱਚ ਰਹਿਣ ਵਿੱਚ ਹੀ ਫਾਇਦਾ ਹੈ। ਇਸ ਨਾਲ ਉਨ੍ਹਾਂ ਦਾ ਚੀਨ ਵੱਲੋਂ ਵੀ ਬਚਾਅ ਰਹੇਗਾ ਅਤੇ ਪਾਕਿਸਤਾਨ ਵਾਲੀ ਸਰਹੱਦ ਤੇ ਸਰਹੱਦੋਂ ਪਾਰ ਇੱਧਰ ਵੱਲ ਹੁੰਦੀ ਹਿੰਸਾ ਵੀ ਸ਼ਾਂਤ ਹੋਣ ਦੀ ਸੰਭਾਵਨਾ ਬਣ ਸਕਦੀ ਹੈ।