*ਘਰ-ਘਰ ਸਿੰਧੂਰ ਮੁਹਿੰਮ ਦਾ ਮਮਤਾ ਨੇ ਭੋਗ ਪਾਇਆ
*ਜੰਗ ਰੁਕੀ, ਪਰ ਨਹੀਂ ਰੁਕਿਆ ਜੰਗੀ ਪ੍ਰਾਪੇਗੰਡਾ
-ਜਸਵੀਰ ਸਿੰਘ ਸ਼ੀਰੀ
ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲੀਆਂ ਜੰਗੀ ਹਵਾਈ ਝੜਪਾਂ ਦੀ ਸਰਗਰਮ ਫੌਜੀ ਗਤੀਵਿਧੀ ਤਾਂ ਭਾਵੇਂ ਬੰਦ ਹੋ ਗਈ ਹੈ, ਪਰ ਇਸ ਦਾ ਹੈਂਗਓਵਰ (ਆਫਟਰ ਇਫੈਕਟਸ) ਹਾਲੇ ਵੀ ਜਾਰੀ ਹੈ। ਪਾਕਿਸਤਾਨ ਆਪਣੀ ਕਮਜ਼ੋਰ ਆਰਥਿਕ ਹਾਲਤ ਕਾਰਨ ਭਾਵੇਂ ਜੰਗੀ ਭਾਸ਼ਾ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰ ਰਿਹਾ ਹੈ, ਪਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਖਣਾ ਹੈ ਕਿ ਆਪਰੇਸ਼ਨ ਸਿੰਧੂਰ ਹਾਲੇ ਵੀ ਜਾਰੀ ਹੈ ਅਤੇ ਹਮਲੇ ਨੂੰ ਸਿਰਫ ਹਾਲ ਦੀ ਘੜੀ ਮੁਲਤਵੀ ਕੀਤਾ ਗਿਆ ਹੈ।
ਨਰਿੰਦਰ ਮੋਦੀ ਨੇ ਕਿਹਾ ਕਿ ਜਿੰਨਾ ਚਿਰ ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਦੀ ਪੁਸ਼ਤ-ਪਨਾਹੀ ਹੁੰਦੀ ਰਹੇਗੀ, ‘ਆਪਰੇਸ਼ਨ ਸਿੰਧੂਰ’ ਜਾਰੀ ਰਹੇਗਾ। ਦੋਹਾਂ ਮੁਲਕਾਂ ਵਿਚਕਾਰ ਚਾਰ ਦਿਨਾਂ ਦੀ ਲੜਾਈ ਤੋਂ ਬਾਅਦ ਹੋਈ ਜੰਗਬੰਦੀ ਲਈ ਵਿਚੋਲਗੀ ਕਰਨ ਬਾਰੇ ਭਾਰਤ ਅਤੇ ਅਮਰੀਕਾ ਵੱਲੋਂ ਆਪੋ-ਆਪਣੇ ਦਾਅਵੇ ਜਾਰੀ ਹਨ। ਇਸ ਦਰਮਿਆਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੀਬੀ ਮਮਤਾ ਬੈਨਰਜੀ ਨੇ ਭਾਜਪਾ ਵੱਲੋਂ ‘ਘਰ-ਘਰ ਸਿੰਧੂਰ’ ਨਾਂ ਦੀ ਸ਼ੁਰੂ ਕੀਤੀ ਗਈ ਪ੍ਰਾਪੇਗੰਡਾ ਮੁਹਿੰਮ ਦਾ ਭੋਗ ਪਾ ਦਿੱਤਾ ਹੈ। ਭਾਜਪਾ ਨੇ ਇਹ ਮੁਹਿੰਮ ਵਾਪਸ ਲੈ ਲਈ ਹੈ। ਇਸ ਦਰਮਿਆਨ ਭਾਰਤ ਦੀ ਹਵਾਈ ਸੈਨਾ ਮੁਖੀ ਅਮਰਪ੍ਰੀਤ ਸਿੰਘ ਨੇ ਇੱਕ ਸਨਸਨੀਖ਼ੇਜ ਖੁਲਾਸਾ ਕਰਦਿਆਂ ਕਿਹਾ ਕਿ ਹਵਾਈ ਜੈਟ ਜਹਾਜ਼ ‘ਤੇਜਸ’ ਸਮੇਤ ਬਹੁਤ ਸਾਰਾ ਜੰਗੀ ਹਵਾਈ ਸਾਜ਼ੋ ਸਮਾਨ ਭਾਰਤੀ ਡਿਫੈਂਸ ਸਮਾਨ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਵਾਅਦੇ ਅਨੁਸਾਰ ਸਮੇਂ ਸਿਰ ਮੁਹੱਈਆ ਨਹੀਂ ਕੀਤਾ ਗਿਆ। ਇਸ ਕਾਰਨ ਵੀ ਦਿੱਕਤਾਂ ਸਾਹਮਣੇ ਆ ਰਹੀਆਂ ਹਨ। ਜਾਣਕਾਰਾਂ ਅਨੁਸਾਰ ਜਿਸ ਗਤੀ ਨਾਲ ਭਾਰਤੀ ਐਰੋਨੈਟਿਕਸ ਵੱਲੋਂ ‘ਤੇਜਸ’ ਜੈਟ ‘ਤੇ ਕੰਮ ਕੀਤਾ ਜਾ ਰਿਹਾ ਹੈ, ਉਸ ਅਨੁਸਾਰ ਇਹ 2035 ਵਿੱਚ ਬਣ ਕੇ ਤਿਆਰ ਹੋਵੇਗਾ। ਉਦੋਂ ਤੱਕ ਜਹਾਜ਼ਾਂ ਦੀ ਇਹ ਜਨਰੇਸ਼ਨ ਆਊਟਡੇਟਿਡ ਹੋ ਚੁੱਕੀ ਹੋਵੇਗੀ।
ਚਾਰ ਦਿਨਾਂ ਦੀ ਇਸ ਝੜਪ ਵਿੱਚ ਭਾਰਤੀ ਹਵਾਈ ਸੈਨਾ ਦੇ ਜੈਟ ਜਹਾਜ਼ਾਂ ਦੇ ਹੋਏ ਨੁਕਸਾਨ ਦੀ ਗੱਲ ਭਾਰਤ ਦੇ ਚੀਫ ਆਫ ਡਿਫੈਂਸ ਅਨਿਲ ਚੌਹਾਨ ਨੇ ਕਬੂਲ ਕਰ ਲਈ ਹੈ। ਸਿੰਗਾਪੁਰ ਵਿੱਚ ਇੱਕ ਸਮਾਗਮ ਮੌਕੇ ਬਲੂਮਬਰਗ ਟੈਲੀਵਿਜ਼ਨ ਨਾਲ ਹੋਈ ਗੱਲਬਾਤ ਵਿੱਚ ਉਨ੍ਹਾਂ ਕਬੂਲ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਜੰਗ ਵਿੱਚ ਭਾਰਤ ਦੇ ਜੈਟ ਜਹਾਜ਼ਾਂ ਨੂੰ ਨੁਕਸਾਨ ਪੁੱਜਾ ਹੈ। ਪਾਕਿਸਤਾਨ ਵੱਲੋਂ ਭਾਰਤ ਦੇ ਛੇ ਜਹਾਜ਼ ਗਿਰਾਏ ਜਾਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ‘ਕੋਰਾ ਝੂਠ’ ਹੈ। ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਸ ਝੜਪ ਵਿੱਚ ਕਿੰਨੇ ਜੈਟ ਪਾਕਿਸਤਾਨ ਵੱਲੋਂ ਮਾਰ ਗਿਰਾਏ ਗਏ ਸਨ। ਰਾਫੇਲ ਜਹਾਜ਼ਾਂ ਦੇ ਗਿਰਾਏ ਜਾਣ ਬਾਰੇ ਵੀ ਉਨ੍ਹਾਂ ਕੁਝ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਮਾਰ ਗਿਰਾਏ ਗਏ ਜਹਾਜ਼ਾਂ ਦੀ ਗਿਣਤੀ ਕਰਨ ਨਾਲੋਂ ਇਹ ਵਧੇਰੇ ਜ਼ਰੂਰੀ ਹੈ ਕਿ ਅਸੀਂ ਇਸ ਗੱਲ ਉੱਪਰ ਆਪਣਾ ਧਿਆਨ ਕੇਂਦਰਤ ਕਰੀਏ, ਹਮਲੇ ਰਾਹੀਂ ਭਾਰਤ ਨੇ ਆਪਣੇ ਮਿੱਥੇ ਨਿਸ਼ਾਨੇ ਹਾਸਲ ਕੀਤੇ ਜਾਂ ਨਹੀਂ! ਉਨ੍ਹਾਂ ਕਿਹਾ ਕਿ ਮੁਢਲੇ ਪੜਾਅ ਵਿੱਚ ਹੋਈਆਂ ਕੁਝ ਰਣਨੀਤਿਕ ਗਲਤੀਆਂ ਨੂੰ ਸੁਧਾਰਨ ਤੋਂ ਬਾਅਦ ਭਾਰਤ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਨੇ ਆਪਣੇ ਮਿੱਥੇ ਨਿਸ਼ਾਨਿਆਂ ਨੂੰ ਫੁੰਡਿਆ। ਯਾਦ ਰਹੇ, ਇਹ ਦੋਵੇਂ ਪੱਖ ਅੰਤਰਰਾਸ਼ਟਰੀ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਕੁਝ ਦਿਨ ਪਹਿਲਾਂ ਅਮਰੀਕਾ ਦੇ ਪ੍ਰਮੁੱਖ ਅਖ਼ਬਾਰ ਨਿਊ ਯਾਰਕ ਟਾਈਮਜ਼ ਨੇ ਆਪਣੀ ਇਕ ਰਿਪੋਰਟ ਵਿੱਚ ਦਰਸਾਇਆ ਸੀ ਕਿ ਪਾਕਿ ਹਵਾਈ ਸੈਨਾ ਵੱਲੋਂ ਭਾਰਤੀ ਸੈਨਾ ਦੇ ਕੁਝ ਜਹਾਜ਼ ਮਾਰ ਗਿਰਾਏ ਗਏ ਸਨ ਅਤੇ ਇਹ ਵੀ ਵਿਖਾਇਆ ਸੀ ਕਿ ਭਾਰਤੀ ਹਵਾਈ ਫੌਜ ਨੇ ਕਿਵੇਂ ਪਾਕਿਸਤਾਨ ਵਿੱਚ ਅਤਿਵਾਦੀ ਅੱਡਿਆਂ ‘ਤੇ ਹਮਲੇ ਕਰਨ ਤੋਂ ਇਲਾਵਾ ਹਵਾਈ ਟਿਕਾਣਿਆਂ (ਏਅਰ ਬੇਸਿਸ) ‘ਤੇ ਵੀ ਹਮਲੇ ਕੀਤੇ ਗਏ ਸਨ।
ਹੁਣ ਭਾਰਤੀ ਚੀਫ ਆਫ ਡਿਫੈਂਸ ਅਨਿਲ ਚੌਹਾਨ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਅਹਿਮ ਗੱਲ ਇਹ ਨਹੀਂ ਹੈ ਕਿ ਲੜਾਕੂ ਜੈਟ ਜਹਾਜ਼ਾਂ ਨੂੰ ਨੁਕਸਾਨ ਪੁੱਜਾ, ਸਗੋਂ ਮਹੱਤਵਪੂਰਣ ਇਹ ਹੈ ਕਿ ਲੜਾਕੂ ਜਹਾਜ਼ਾਂ ਨੂੰ ਨੁਕਸਾਨ ਕਿਉਂ ਪੁੱਜਾ? ਉਨ੍ਹਾਂ ਹੋਰ ਕਿਹਾ ਕਿ ਵਧੀਆ ਗੱਲ ਇਹ ਹੈ ਕਿ ਸਾਨੂੰ ਆਪਣੀਆਂ ਰਣਨੀਤਿਕ ਗਲਤੀਆਂ ਦਾ ਪਤਾ ਲੱਗਾ, ਅਸੀਂ ਉਨ੍ਹਾਂ ਨੂੰ ਸੁਧਾਰਿਆ ਅਤੇ ਦੋ ਦਿਨ ਬਾਅਦ ਮੁੜ ਤੋਂ ਹਮਲਾ ਕੀਤਾ। ਇਸ ਮਸਲੇ ਨੂੰ ਲੈ ਕੇ ਭਾਰਤੀ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਵਜੋਂ ਵਿਚਰ ਰਹੀ ਕਾਂਗਰਸ ਪਾਰਟੀ ਵੱਲੋਂ ਇਹ ਸੁਆਲ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਇਸ ਬਾਰੇ ਸਪਸ਼ਟ ਜਾਣਕਾਰੀ ਦਿੱਤੀ ਜਾਵੇ ਕਿ ਪਾਕਿਸਤਾਨ ਨਾਲ ਹੋਈਆਂ ਹਵਾਈ ਝੜਪਾਂ ਵਿੱਚ ਭਾਰਤ ਦੇ ਕਿੰਨੇ ਜੈਟ ਗਿਰਾਏ ਗਏ ਹਨ। ਭਾਵੇਂ ਪਹਿਲਾਂ ਵੀ ਭਾਰਤੀ ਹਵਾਈ ਫੌਜ ਦੇ ਇੱਕ ਅਧਿਕਾਰੀ ਨੇ ਇਹ ਆਖ ਕੇ ਸੱਚ ਸਵੀਕਾਰ ਕਰ ਲਿਆ ਸੀ ਕਿ ‘ਜੰਗ ਵਿੱਚ ਨੁਕਸਾਨ ਤੇ ਹੁੰਦਾ ਹੀ ਹੈ।’ ਇਸ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਇਸ ਪੱਖ ‘ਤੇ ਚੁੱਪ ਧਾਰ ਲਈ ਗਈ ਸੀ। ਇੱਥੋਂ ਤੱਕ ਕਿ ‘ਦਾ ਹਿੰਦੂ’ ਨਾਂ ਦੇ ਇੱਕ ਕੌਮੀ ਅੰਗਰੇਜ਼ੀ ਅਖ਼ਬਾਰ ਵਿੱਚ ਜਹਾਜ਼ ਗਿਰਾਏ ਜਾਣ ਬਾਰੇ ਖ਼ਬਰ ਛਪ ਜਾਣ ‘ਤੇ ਸਰਕਾਰ ਦੀ ਨਾਰਾਜ਼ਗੀ ਝੱਲਣੀ ਪਈ ਸੀ; ਪਰ ਬਾਅਦ ਵਿੱਚ ਨਾ ਸਿਰਫ ਇਹ ਖ਼ਬਰ ਆਪਣੀ ਵੈਬਸਾਈਟ ਤੋਂ ਡਿਲੀਟ ਕਰ ਦਿੱਤੀ ਸੀ, ਸਗੋਂ ਇਸ ਦੇ ਛਪਣ ਬਾਰੇ ਮੁਆਫੀ ਵੀ ਮੰਗੀ ਸੀ। ਕਾਂਗਰਸ ਪਾਰਟੀ ਦੇ ਆਗੂ ਮਲਿਕਰਾਜੁਨ ਖੜਗੇ ਨੇ ਕੇਂਦਰ ਸਰਕਾਰ ‘ਤੇ ਦੋਸ਼ ਲਾਇਆ ਕਿ ਪਾਕਿਸਤਾਨ ਨਾਲ ਜੰਗ ਦੌਰਾਨ ਨੁਕਸਾਨੇ ਗਏ ਜਹਾਜ਼ਾਂ ਬਾਰੇ ਭਾਰਤ ਸਰਕਾਰ ਨੇ ਜਨਤਾ ਨੂੰ ਗੁਮਰਾਹ ਕੀਤਾ ਅਤੇ ਹੁਣ ਇਸ ਬਾਰੇ ਜਾਣਕਾਰੀ ਹੌਲੀ ਹੌਲੀ ਸਾਹਮਣੇ ਆ ਰਹੀ ਹੈ। ਉਨ੍ਹਾਂ ਇਸ ਮਸਲੇ ‘ਤੇ ਸੰਸਦ ਦਾ ਵਿਸ਼ੇਸ਼ ਸਦਨ ਸੱਦਣ ਅਤੇ ਪੂਰੀ ਜਾਣਕਾਰੀ ਸਦਨ ਵਿੱਚ ਰੱਖੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਾਰਗਿਲ ਨਜ਼ਰਸਾਨੀ ਕਮੇਟੀ ਦੀ ਤਰ੍ਹਾਂ ਇਸ ਮੁੱਦੇ ‘ਤੇ ਇੱਕ ਨਿਰਪੱਖ ਮਾਹਿਰਾਂ ਦੀ ਕਮੇਟੀ ਬਣਾਈ ਜਾਵੇ ਅਤੇ ਸਾਰੀ ਸੱਚਾਈ ਲੋਕਾਂ ਸਾਹਮਣੇ ਰੱਖੇ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਇੱਕ ਹੋਰ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾ ਤਾਂ ਸੰਸਦ ਦਾ ਵਿਸ਼ੇਸ਼ ਸਦਨ ਸੱਦਣਗੇ ਅਤੇ ਨਾ ਹੀ ਸਰਬ ਪਾਰਟੀ ਮੀਟਿੰਗ ਸੱਦ ਕੇ ਉਨ੍ਹਾਂ ਨੂੰ ਵਿਸ਼ਵਾਸ ਵਿੱਚ ਲੈਣਗੇ। ਯਾਦ ਰਹੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ‘ਸਿੰਧੂਰ’ ਮੇਰੀਆਂ ਰਗਾਂ ਵਿੱਚ ਵਗਦਾ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਵਿਰੋਧੀ ਪਾਰਟੀਆਂ ਵੱਲੋਂ ਹਾਸੋਹੀਣਾ ਕਰਾਰ ਦਿੱਤਾ ਗਿਆ ਸੀ ਅਤੇ ਦੋਸ਼ ਲਗਾਇਆ ਗਿਆ ਸੀ ਕਿ ਭਾਜਪਾ ਫੌਜੀ ਕਾਰਵਾਈ ਦੀ ਸਿਆਸੀ ਵਰਤੋਂ ਕਰ ਰਹੀ ਹੈ ਤੇ ਮਸਲੇ ਨੂੰ ਬਿਹਾਰ ਦੀ ਅਸੈਂਬਲੀ ਚੋਣ ਮੁਹਿੰਮ ਵਿੱਚ ਵਰਤਣ ਦਾ ਵੀ ਯਤਨ ਕਰ ਰਹੀ ਹੈ। ਇਸ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨੇ ਆਪਣੇ ਇੱਕ ਹੋਰ ਬਿਆਨ ਵਿੱਚ ਪਾਕਿਸਤਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ ਜਾਵੇਗਾ। ਉਨ੍ਹਾਂ ਸਿੰਧੂਰ ਨੂੰ ਭਾਰਤੀ ਔਰਤ ਦੇ ਸ਼ਕਤੀਕਰਨ ਦਾ ਪ੍ਰਤੀਕ ਦੱਸਿਆ ਅਤੇ ਕਿਹਾ ਕਿ ਅਪਰੇਸ਼ਨ ਸਿੰਧੂਰ ਭਾਰਤੀ ਇਤਿਹਾਸ ਵਿੱਚ ਇੱਕ ਵੱਡੀ ਕਾਰਵਾਈ ਵਜੋਂ ਦਰਜ ਹੋਵੇਗਾ।
ਇਸ ਮਾਮਲੇ ਵਿੱਚ ਇੱਕ ਦਿਲਚਸਪ ਘਟਨਾਕ੍ਰਮ ਹੋਰ ਵੀ ਵਾਪਰਿਆ, ਜਿਸ ਤਹਿਤ 28 ਮਈ ਨੂੰ ਇੱਕ ਹਿੰਦੀ ਅਖ਼ਬਾਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ‘ਘਰ-ਘਰ ਸਿੰਧੂਰ ਮੁਹਿੰਮ’ ਤਹਿਤ ਇੱਕ ਖ਼ਬਰ ਛਪੀ। ਇਸ ਖ਼ਬਰ ਵਿੱਚ ਆਖਿਆ ਗਿਆ ਸੀ ਕਿ ਸਿੰਧੂਰ ਭਾਰਤੀ ਸੱਭਿਆਚਾਰ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਘਰ-ਘਰ ਸੁਹਾਗ ਸਮੱਗਰੀ ਵੰਡਣਗੇ। ਇਹ ਮੁਹਿੰਮ ਪਾਰਟੀ ਵੱਲੋਂ 9 ਜੂਨ ਨੂੰ ਸ਼ੁਰੂ ਕੀਤੀ ਜਾਣੀ ਸੀ, ਪਰ ਇਸ ਮਾਮਲੇ ਦੇ ਬੜੀ ਜਲਦੀ ਵਿਵਾਦ ਬਣ ਜਾਣ ਕਾਰਨ ਇਹ ਖ਼ਬਰ ਭਾਜਪਾ ਨੇ ਨਾ ਸਿਰਫ ਆਪਣੇ ਆਫੀਸ਼ੀਅਲ ਹੈਂਡਲ ਤੋਂ ਹਟਾ ਦਿੱਤੀ, ਸਗੋਂ ਭਾਜਪਾ ਦੇ ਆਈ.ਟੀ. ਸੈਲ ਦੇ ਮੁਖੀ ਅਮਿੱਤ ਮਾਲਵੀਆ ਨੇ ਵੀ ਇਸ ਖ਼ਬਰ ਨੂੰ ‘ਫੇਕ’ ਕਰਾਰ ਦੇ ਦਿੱਤਾ; ਜਦਕਿ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਇਸ ਮੁਹਿੰਮ ਦੀ ਟੀ.ਵੀ. ਚੈਨਲਾਂ ‘ਤੇ ਤਰਫਦਾਰੀ ਕਰਦੇ ਅਤੇ ਇਸ ਬਾਰੇ ਜ਼ੋਰਦਾਰ ਪ੍ਰਚਾਰ ਕਰਦੇ ਨਜ਼ਰ ਆਏ ਸਨ। ਦਰਅਸਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਵੱਲੋਂ ਤੋਰੀ ਗਈ ‘ਘਰ-ਘਰ ਸੰਧੂਰ’ ਪ੍ਰਾਪੇਗੰਡਾ ਮੁਹਿੰਮ ਦਾ ਬੇਹੱਦ ਜ਼ੋਰਦਾਰ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤੀ ਸੰਸਕ੍ਰਿਤੀ ਅਨੁਸਾਰ ਇੱਕ ਔਰਤ ਨੂੰ ਸਿੰਧੂਰ ਉਸ ਦਾ ਪਤੀ ਹੀ ਦੇ ਸਕਦਾ ਹੈ। ਭਾਜਪਾ ਵਾਲੇ ਔਰਤਾਂ ਨੂੰ ਸਿੰਧੂਰ ਕਿਸ ਹੈਸੀਅਤ ਵਿੱਚ ਲੈ ਦੇਣਗੇ? ਉਨ੍ਹਾਂ ਤਿੱਖੀ ਚੋਭ ਲਾਉਂਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਪਤਨੀ ਨੂੰ ਸਿੰਧੂਰ ਦੇਣ। ਇਸ ਤੋਂ ਬਾਅਦ ਜਦੋਂ ਤਕਰੀਬਨ ਸਾਰੀਆਂ ਵਿਰੋਧੀ ਪਾਰਟੀਆਂ ਨੇ ‘ਸਿੰਧੂਰ ਮੁਹਿੰਮ’ ‘ਤੇ ਕਾਊਂਟਰ ਪ੍ਰਾਪੇਗੰਡਾ ਸ਼ੁਰੂ ਕਰ ਦਿੱਤਾ ਤਾਂ ਭਾਜਪਾ ਨੂੰ ਇਹ ਮਾਮਲਾ ਆਪਣੀ ਪਾਰਟੀ ਦੇ ਖਿਲਾਫ ਭੁਗਤਦਾ ਨਜ਼ਰ ਆਇਆ। ਇਸ ਨੂੰ ਠੱਪ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ।
ਜਿੰਨੀ ਕਾਹਲੀ ਅਤੇ ਬੇਸਮਝੀ ਨਾਲ ਇਸ ਮਾਮਲੇ ਨੂੰ ਸਿਆਸੀ ਪ੍ਰਾਪੇਗੰਡੇ ਦਾ ਆਧਾਰ ਬਣਾਉਣ ਦਾ ਯਤਨ ਕੀਤਾ ਗਿਆ, ਉਸ ਤੋਂ ਜਾਪਦਾ ਹੈ ਕਿ ਭਾਰਤੀ ਜਨਤਾ ਪਾਰਟੀ ਭਾਵੇਂ ਹਿੰਦੂ ਸੰਸਕ੍ਰਿਤੀ ਦੀ ਇੱਕੋ ਇੱਕ ਦਾਅਵੇਦਾਰ ਬਣਨ ਦਾ ਯਤਨ ਕਰ ਰਹੀ ਹੈ, ਪਰ ਲਗਦਾ ਇੰਜ ਹੈ ਕਿ ਇਸ ਦੇ ਆਗੂਆਂ ਅਤੇ ਪ੍ਰਾਪੇਗੰਡਾ ਮੈਨੇਜਰਾਂ ਨੂੰ ਆਪਣੀ ਸੰਸਕ੍ਰਿਤੀ ਦੀ ਵੀ ਗਹਿਰਾਈ ਵਿੱਚ ਸਮਝ ਨਹੀਂ ਹੈ। ਭਾਜਪਾ ਦੀ ਹਰ ਕਰਮ-ਪ੍ਰਤੀਕਰਮ ਨੂੰ ਹੋਛੇ ਢੰਗ ਨਾਲ ਉਛਾਲਣਾ ਅਤੇ ਉਸ ਨੂੰ ਵੋਟਾਂ ਵਿੱਚ ਢਾਲਣ ਦੀ ਆਦਤ ਲਗਦਾ ਹੈ ਕਿ ਕਾਫੀ ਪੱਕ ਗਈ ਹੈ। ਇਸ ਤੋਂ ਖਹਿੜਾ ਛੁਡਾਉਣਾ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੋਵੇਗਾ। ਮਮਤਾ ਦੇ ਮੋੜਵੇਂ ਹਮਲੇ ਨੇ ‘ਘਰ-ਘਰ ਸਿੰਧੂਰ ਮਹਿੰਮ’ ਦਾ ਭਾਵੇਂ ਭੋਗ ਪਾ ਦਿੱਤਾ ਹੈ, ਪਰ ਚਾਰ ਦਿਨਾਂ ਦੀ ਹਵਾਈ ਜੰਗ ਦਾ ਹੈਂਗਓਵਰ ਹਾਲੇ ਵੀ ਜਾਰੀ ਰਹਿ ਰਿਹਾ ਹੈ।