ਤਰਲੋਚਨ ਸਿੰਘ ਭੱਟੀ
ਫੋਨ: +91-9876502607
ਮਿਸ ਵਰਲਡ: ਸੰਸਾਰ ਸੁਆਣੀ ਸੁਹੱਪਣ ਮੁਕਾਬਲਾ ਜਾਂ ਅੰਤਰਰਾਸ਼ਟਰੀ ਔਰਤ ਸੁੰਦਰਤਾ ਮੁਕਾਬਲਾ ਹਰੇਕ ਸਾਲ ਕਿਸੇ ਨਾ ਕਿਸੇ ਦੇਸ਼ ਵਿੱਚ ਕਰਵਾਇਆ ਜਾਂਦਾ ਹੈ। ਇਸਨੂੰ ਸਾਲ 1951 ਵਿੱਚ ਏਰਿਕ ਮੋਰਲੇ ਵੱਲੋਂ ਯੂਨਾਈਟਿਡ ਕਿੰਗਡਮ ਵਿੱਚ ਮਿਸ ਵਰਲਡ ਔਰਗੇਨਾਈਜ਼ੇਸ਼ਨ ਦੇ ਨਾਮ ਨਾਲ ਸ਼ੁਰੂ ਕੀਤਾ ਗਿਆ; ਇਸ ਨਾਲ ਬਾਅਦ ਵਿੱਚ ਭਾਗੀਦਾਰ ਸੰਸਥਾਵਾਂ ਜੁੜਦੀਆਂ ਰਹੀਆਂ। ਸਾਲ 2000 ਵਿੱਚ ਏਰਿਕ ਮੋਰਲੇ ਦੀ ਮੌਤ ਤੋਂ ਬਾਅਦ ਉਸਦੀ ਵਿਧਵਾ ਜੂਲੀਆ ਮੋਰਲੇ ਇਸ ਮੁਕਾਬਲੇ ਦੀ ਚੇਅਰਪਰਸਨ ਬਣ ਗਈ।
ਮਿਸ ਵਰਲਡ ਦੇ ਨਾਲ-ਨਾਲ ਮਿਸ ਯੂਨੀਵਰਸ, ਮਿਸ ਇੰਟਰਨੈਸ਼ਨਲ ਅਤੇ ਮਿਸ ਅਰਥ ਤੇ ਵਾਤਾਵਰਨ ਔਰਤਾਂ ਦੇ ਚਾਰ ਵੱਡੇ ਸੁੰਦਰਤਾ ਮੁਕਾਬਲੇ ਕਰਵਾਏ ਜਾਂਦੇ ਹਨ। ਇਨ੍ਹਾਂ ਮੁਕਾਬਲਿਆ ਵਿੱਚ ਹਿੱਸਾ ਲੈਣ ਲਈ ਪ੍ਰਤੀਯੋਗੀ ਔਰਤਾਂ ਨੂੰ ਆਪਣੇ-ਆਪਣੇ ਦੇਸ਼ ਵਿੱਚ ਹੋਣ ਵਾਲੇ ਸੁੰਦਰਤਾ ਮੁਕਾਬਲਿਆ ਦੇ ਸੰਘਰਸ਼ ਵਿੱਚੋਂ ਗੁਜਰਨਾ ਪੈਂਦਾ ਹੈ ਤੇ ਕਈ ਵਾਰੀ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਹੈ। ਸਾਲ 1951 ਵਿੱਚ ਏਰਿਕ ਮੋਰਲੇ ਵੱਲੋਂ ਫੈਸਟੀਵਲ ਆਫ਼ ਬ੍ਰਿਟੇਨ ਦੇ ਜਸ਼ਨਾਂ ਵਜੋਂ ਇੱਕ ਬਿਕਨੀ ਮੁਕਾਬਲਾ ਆਯੋਜਿਤ ਕੀਤਾ ਗਿਆ, ਜਿਸਨੂੰ ਫੈਸਟੀਵਲ ਬਿਕਨੀ ਮੁਕਾਬਲਾ ਕਿਹਾ ਗਿਆ; ਪਰ ਇਸਨੂੰ ਪ੍ਰੈਸ ਵਿੱਚ ਮਿਸ ਵਰਡਲ ਮੁਕਾਬਲੇ ਦਾ ਨਾਮ ਦਿੱਤਾ ਗਿਆ ਅਤੇ ਇਹ ਸਵਿਮਸੂਟ ਮੁਕਾਬਲਾ ਬਿਕਨੀ ਲਈ ਇੱਕ ਪ੍ਰਚਾਰ ਵਜੋਂ ਬਣਾਇਆ ਗਿਆ। ਇਸ ਮੁਕਾਬਲੇ ਦੀ ਜੇਤੂ ਮਿਸ ਵਰਲਡ ਸਵੀਡਨ ਦੀ ਸੁੰਦਰੀ ਕ੍ਰਿਸਟਨ ਕਿੱਕੀ ਹਾਕਾਨਸਨ ਨੂੰ ਬਿਕਨੀ ਵਿੱਚ ਤਾਜ਼ ਪਹਿਨਾਇਆ ਗਿਆ। ਇਹ ਮੁਕਾਬਲਾ ਬਿਕਨੀ ਪਹਿਨਣ ਕਾਰਨ ਵਿਵਾਦਿਤ ਬਣ ਗਿਆ। ਪੋਪ ਵੱਲੋਂ ਬਿਕਨੀ ਦੀ ਨਿੰਦਾ ਕੀਤੀ ਗਈ।
ਮੁਕਾਬਲੇ ਨੂੰ ਮੂਲ ਰੂਪ ਵਿੱਚ ਬ੍ਰਿਟੇਨ ਦੇ ਤਿਉਹਾਰ ਲਈ ਯੋਜਨਾਬੰਦ ਕੀਤਾ ਗਿਆ, ਪਰ ਮੋਰਲੇ ਨੇ ਮਿਸ ਵਰਲਡ ਮੁਕਾਬਲੇ ਨੂੰ ਸਾਲਾਨਾ ਬਣਾਉਣ ਦਾ ਫੈਸਲਾ ਕੀਤਾ ਅਤੇ ‘ਮਿਸ ਵਰਲਡ’ ਨਾਮ ਨੂੰ ਟਰੇਡਮਾਰਕ ਕਰਵਾਇਆ ਗਿਆ। ਇਸ ਟਰੇਡਮਾਰਕ ਅਧੀਨ ਹੀ ਮਿਸ ਵਰਲਡ ਮੁਕਾਬਲੇ ਅਯੋਜਿਤ ਹੋ ਰਹੇ ਹਨ, ਜਿਸ ਵਿੱਚ ਬਿਕਨੀ ਦੀ ਥਾਂ `ਤੇ ਵਧੇਰੇ ਸਾਦੇ ਤੈਰਾਕੀ ਪਹਿਰਾਵੇ ਨੂੰ ਅਪਣਾਇਆ ਗਿਆ ਹੈ। 1976 ਤੋਂ ਮਿਸ ਵਰਲਡ ਜੇਤੂ ਨੂੰ ਤਾਜ ਪਹਿਨਾਉਣ ਲਈ ਸ਼ਾਮ ਦੇ ਗਾਊਨ ਦੀ ਥਾਂ, ਨਾਲ ਸਵਿਮ ਸੂਟ ਪਾਏ ਜਾਣ ਲੱਗੇ। ਹਾਕਾਨਸਨ ਬਿਕਨੀ ਵਿੱਚ ਤਾਜ ਪਹਿਨਣ ਵਾਲੀ ਪਹਿਲੀ ਇਕਲੌਤੀ ਮਿਸ ਵਰਲਡ ਬਣੀ। ਮਿਸ ਵਰਲਡ 2013 ਵਿੱਚ ਭਾਗੀਦਾਰਾਂ ਨੇ ਸਥਾਨਕ ਸੱਭਿਆਚਾਰ ਨਾਲ ਸਮਝੌਤਾ ਕਰਦੇ ਹੋਏ ਇੱਕ-ਪੀਸ ਸਵਿਮਸੂਟ ਅਤੇ ਕਮਰ ਦੇ ਹੇਠਾਂ ਇੱਕ ਰਵਾਇਤੀ ਸਾਰੋਂਗ ਪਹਿਨਿਆ। 1959 ਵਿੱਚ ਬੀ.ਬੀ.ਸੀ. ਨੇ ਇਸ ਮੁਕਾਬਲੇ ਦਾ ਪ੍ਰਸਾਰਣ ਸ਼ੁਰੂ ਕੀਤਾ। ਟੈਲੀਵਿਜ਼ਨ ਦੇ ਆਉਣ ਨਾਲ ਇਸ ਮੁਕਾਬਲੇ ਦੀ ਪ੍ਰਸਿੱਧੀ ਵਧੀ। 1960 ਅਤੇ 1970 ਦੇ ਦਹਾਕੇ ਦੌਰਾਨ ਮਿਸ ਵਰਲਡ ਬ੍ਰਿਟਿਸ਼ ਟੈਲੀਵਿਜ਼ਨ `ਤੇ ਸਾਲ ਦੇ ਸਭ ਤੋਂ ਵੱਧ ਵੇਖੇ ਜਾਣ ਵਾਲੇ ਪ੍ਰੋਗਰਾਮ ਵਿੱਚੋਂ ਇੱਕ ਸੀ। 1980 ਦੇ ਦਹਾਕੇ ਵਿੱਚ 18 ਤੋਂ ਵੱਧ ਮਿਲੀਅਨ ਲੋਕਾਂ ਨੇ ਇਸ ਮੁਕਾਬਲੇ ਨੂੰ ਵੇਖਿਆ। ਇਸ ਦਹਾਕੇ ਦੌਰਾਨ ਇਸ ਮੁਕਾਬਲੇ ਨੂੰ ‘ਬਿਊਟੀ ਵਿੱਦ ਏ ਪਰਪਜ਼’ ਜਾਂ ‘ਸੰਦਰਤਾ ਇੱਕ ਲਕਸ਼’ ਨਾਂ ਦੇ ਨਾਹਰੇ ਨਾਲ ਮੁਕਾਬਲੇ ਨੂੰ ਦੁਬਾਰਾ ਸਥਾਪਤ ਕਰਦੇ ਹੋਏ ਇਸ ਮੁਕਾਬਲੇ ਵਿੱਚ ਬੁੱਧੀ ਅਤੇ ਸ਼ਖਸੀਅਤ ਦੇ ਵਾਧੂ ਟੈਸਟ ਵੀ ਸ਼ਾਮਲ ਕੀਤੇ ਗਏ। ‘ਮਿਸ ਵਰਲਡ ਔਰਗੇਨਾਈਜੇਸ਼ਨ’ ਮਿਸ ਵਰਲਡ ਦੀ ਮਾਲਕੀ ਤੇ ਪ੍ਰਬੰਧਨ ਕਰਦੀ ਹੈ ਅਤੇ ਬੱਚਿਆਂ ਦੀ ਚੈਰੇਟੀ ਲਈ 1951 ਤੋਂ ਲੈ ਕੇ ਹੁਣ ਤੱਕ 1 ਬਿਲੀਅਨ ਪਾਊਂਡ ਤੋਂ ਵੱਧ ਰਾਸ਼ੀ ਇਕੱਠੀ ਕੀਤੀ ਹੈ, ਜਿਸ ਰਾਹੀਂ ਦੁਨੀਆਂ ਦੇ ਅਪਾਹਜ ਅਤੇ ਗਰੀਬ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਮਿਸ ਵਰਲਡ ਮੁਕਾਬਲਾ 29 ਜੁਲਾਈ 1951 ਵਿੱਚ ਸ਼ੁਰੂ ਕੀਤਾ ਗਿਆ। ਮਿਸ ਯੂਨੀਵਰਸ 28 ਜੂਨ 1952 ਨੂੰ; ਮਿਸ ਇੰਟਰਨੈਸ਼ਨਲ 12 ਅਗਸਤ 1960 ਨੂੰ ਅਤੇ ਮਿਸ ਅਰਥ 3 ਅਪਰੈਲ 2001 ਨੂੰ ਸ਼ੁਰੂ ਕੀਤਾ ਗਿਆ। ਮਿਸ ਵਰਲਡ ਦਾ ਆਯੋਜਨ ਮਿਸ ਵਰਲਡ ਲਿਮਟਿਡ (ਲੰਡਨ, ਇੰਗਲੈਂਡ) ਸੰਸਥਾ ਵੱਲੋਂ ‘ਬਿਊਟੀ ਵਿੱਦ ਏ ਪਰਪਜ਼’ ਵਜੋਂ ਮਾਨਵਵਾਦੀ ਭਾਵਨਾ ਆਧਾਰਤ, ਮਿਸ ਯੂਨੀਵਰਸ ਜੇ.ਜੇ.ਐਨ. ਗਲੋਬਲ ਗਰੁੱਪ (ਨਿਊ ਯਾਰਕ; ਮੈਕਸੀਕੋ ਸਿਟੀ- ਮੈਕਸੀਕੋ) ਵੱਲੋਂ ਮਾਨਵਵਾਦੀ ਅਤੇ ਦੁਨੀਆਂ ਵਿੱਚ ਸਕਾਰਾਤਮਕ ਤਬਦੀਲੀ ਪ੍ਰਭਾਵਿਤ ਕਰਨ ਲਈ ਇੱਕ ਆਵਾਜ਼ ਬਣਨ ਲਈ; ਮਿਸ ਇੰਟਰਨੈਸ਼ਨਲ, ਅੰਤਰਰਾਸ਼ਟਰੀ, ਸੱਭਿਆਚਾਰਕ ਐਸੋਸੀਏਸ਼ਨ (ਟੋਕੀਓ, ਜਪਾਨ) ਰਾਹੀਂ ਇੱਕ ਅਜਿਹੀ ਦੁਨੀਆ ਸਥਾਪਿਤ ਕਰਨਾ, ਜਿੱਥੇ ਔਰਤਾਂ ਸਕਾਰਾਤਮਕ ਅੰਦਰੂਨੀ ਤਾਕਤ ਅਤੇ ਵਿਅਕਤੀਗਤਤਾ ਨਾਲ ਰਹਿ ਸਕਣ; ਮਿਸ ਅਰਥ ਕੈਰੋਜਲ ਪ੍ਰੋਡਕਸ਼ਨ (ਮਨੀਲਾ, ਫਿਲੀਪੀਅਨ) ਵੱਲੋਂ ਵਾਤਾਵਰਣ ਜਾਗਰੂਕਤਾ ਸੰਭਾਲ ਤੇ ਸਮਾਜਿਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨ ਹਿਤ ਆਯੋਜਿਤ ਕੀਤਾ ਜਾਂਦਾ ਹੈ।
ਮਿਸ ਵਰਲਡ 1951 ਮਿਸ ਵਰਲਡ ਕਿਕੀ ਹਾਕਾਨਸਨ, ਸਵੀਡਨ ਦੀ ਪਹਿਲੀ ਜੇਤੂ; ਮਿਸ ਯੂਨੀਵਰਸ 1952 ਦੀ ਪਹਿਲੀ ਜੇਤੂ ਮਿਸ ਯੂਨੀਵਰਸ ਅਰਮੀ ਕੁਸੈਲਾ, ਫਿਨਲੈਂਡ; ਮਿਸ ਅਰਥ 2001 ਕੈਥਰੀਨਾ ਸਵੈਨ ਸਨ, ਡੈਨਮਾਰਕ ਦੀ ਪਹਿਲੀ ਜੇਤੂ; ਮਿਸ ਇੰਟਰਨੈਸ਼ਨਲ 1960 ਸਟੈਲਾ ਮਾਰਕੇਜ (ਕਲੋਬੀਆ) ਪਹਿਲੀ ਜੇਤੂ ਬਣੀ। ਇਹ ਮੁਕਾਬਲੇ ਵੈਨੇਜੁਏਲਾ 24 ਵਾਰ, ਸੰਯੁਕਤ ਰਾਸ਼ਟਰ ਅਮਰੀਕਾ 16 ਵਾਰ, ਫਿਲੀਪੀਅਨਜ਼ 15 ਵਾਰ, ਭਾਰਤ ਤੇ ਪੋਰਟਰੀਕੋ 10-10 ਵਾਰ, ਆਸਟ੍ਰੇਲੀਆ 8 ਵਾਰ, ਚੀਨ 2 ਵਾਰ, ਟਰਕੀ/ਨਾਈਜੇਰੀਆ ਇੱਕ-ਇੱਕ ਵਾਰ ਜਿੱਤ ਚੁੱਕੇ ਹਨ। ਮਹਾਂਦੀਪ ਪੱਧਰ `ਤੇ ਯੂਰਪ 64 ਵਾਰ, ਉਤਰੀ ਅਮਰੀਕਾ 54 ਵਾਰ, ਸਾਊਥ ਅਮਰੀਕਾ 47 ਵਾਰ, ਏਸ਼ੀਆ 42 ਵਾਰ, ਅਫ਼ਰੀਕਾ 12 ਵਾਰ, ਓਸ਼ੇਨੀਆ 11 ਵਾਰ- ਇਨ੍ਹਾਂ ਮਹਾਂਦੀਪਾਂ ਦੇ ਪ੍ਰਤੀ ਰਾਸ਼ਟਰੀਆ ਔਰਤਾਂ ਨੇ ਇਹ ਮੁਕਾਬਲੇ ਜਿੱਤੇ ਹਨ।
ਜ਼ਿਕਰਯੋਗ ਹੈ ਕਿ ਮਿਸ ਵਰਲਡ 2025 ਮੁਕਾਬਲੇ ਦਾ 72ਵਾਂ ਐਡੀਸ਼ਨ ਹੈਦਰਾਬਾਦ (ਤੇਲੰਗਾਨਾ, ਭਾਰਤ) ਵਿੱਚ 4 ਮਈ ਤੋਂ 31 ਮਈ ਤੱਕ ਚੱਲਿਆ, ਜਿਸ ਵਿੱਚ 108 ਦੇਸ਼ਾਂ ਦੀਆਂ ਸੁੰਦਰੀਆਂ ਨੇ ਹਿੱਸਾ ਲਿਆ। ਭਾਰਤ ਵਿੱਚ ਇਹ ਮੁਕਾਬਲਾ ਤੀਜੀ ਵਾਰ ਹੋਇਆ ਹੈ। ਪਹਿਲੀ ਵਾਰ 1996 ਵਿੱਚ ਅਤੇ ਦੂਜੀ ਵਾਰ 9 ਮਾਰਚ 2024 ਮੁੰਬਈ ਵਿੱਚ ਹੋਇਆ ਸੀ। ਭਾਰਤ ਵਿੱਚ ਹੋਇਆ ਹਾਲੀਆ ਮਿਸ ਵਰਲਡ ਮੁਕਾਬਲਾ ਔਰਤਾਂ ਦੀ ਸਰੀਰਿਕ ਸੁੰਦਰਤਾ ਦਾ ਨਹੀਂ, ਸਗੋਂ ਸਮਾਜਿਕ ਮੁੱਦਿਆਂ ਨੂੰ ਉਜਾਗਰ ਕਰਨ ਅਤੇ ਮਦਦ ਲਈ ਇੱਕ ਪਲੇਟਫਾਰਮ ਵਜੋਂ ਜਾਣਿਆ ਗਿਆ। ਪ੍ਰਤੀਯੋਗੀ ਸੁੰਦਰਤਾ ਦੇ ਨਾਲ-ਨਾਲ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਅਤੇ ਸੱਭਿਆਚਾਰਕ ਗੱਲਾਂ ਨੂੰ ਵੀ ਪੇਸ਼ ਕਰਦੇ ਹਨ। ਪ੍ਰਤੀਯੋਗੀ ਸਿਹਤ, ਸਿੱਖਿਆ, ਵਾਤਾਵਰਣ ਸੁਰੱਖਿਆ ਵਰਗੇ ਮੁੱਦਿਆਂ ਸਬੰਧੀ ਆਪਣੀਆਂ ਪੇਸ਼ਕਾਰੀਆਂ ਅਤੇ ਵਿਚਾਰ ਪੇਸ਼ ਕਰਦੇ ਹਨ। ਮੁਕਾਬਲੇ ਨੇ ਸਮਾਜਿਕ ਮੁੱਦਿਆਂ ਨੂੰ ਅੰਤਰਰਾਸ਼ਟਰੀ ਪੱਧਰ `ਤੇ ਉਜਾਗਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ‘ਬਿਊਟੀ ਵਿੱਦ ਏ ਪਰਪਜ਼’, ਸਮਾਜਿਕ ਤਬਦੀਲੀ ਲਈ ਪ੍ਰਰੇਣਾਦਾਇਕ ਹੈ। ਕੁੱਝ ਆਲੋਚਕਾਂ ਦਾ ਮੰਨਣਾ ਹੈ ਕਿ ਸੁੰਦਰਤਾ ਮੁਕਾਬਲੇ ਵਿੱਚ ਅਜੇ ਵੀ ਸਰੀਰਿਕ ਸੁੰਦਰਤਾ `ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਨੂੰ ਘਟਾਉਣ ਦੀ ਲੋੜ ਹੈ। ਭਾਰਤ ਵਿੱਚ ਹੋਏ ਮਿਸ ਵਰਲਡ 2025 ਨੇ ਇਸ ਧਾਰਨਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਇਸ ਆਯੋਜਨ ਨੇ ਭਾਰਤੀ ਸੰਸਕ੍ਰਿਤੀ ਅਤੇ ਤੇਲੰਗਾਨਾ ਦੀ ਵਿਰਾਸਤ ਨੂੰ ਪ੍ਰਮੁੱਖਤਾ ਨਾਲ ਪੇਸ਼ ਕੀਤਾ ਹੈ।
ਮਿਸ ਵਰਲਡ 2025 ਮੁਕਾਬਲੇ ਵਿੱਚ ਯੂਨਾਈਟਿਡ ਕਿੰਗਡਮ ਦੀ ਪ੍ਰਤੀਨਿਧੀ ਮਿਲਾ ਮੈਗੀ ਨੇ ਮੁਕਾਬਲਾ ਛੱਡ ਦਿੱਤਾ ਅਤੇ ਗੰਭੀਰ ਦੋਸ਼ ਲਗਾਏ। ਉਸਨੇ ਸੰਗਠਨ `ਤੇ ਅਣ-ਉਚਿਤ ਵਿਹਾਰ ਅਤੇ ਪਾਰਦਰਸ਼ਤਾ ਦੀ ਘਾਟ ਦੇ ਦੋਸ਼ ਲਾਏ ਹਨ। ਇਸ ਘਟਨਾ ਨੇ ਸ਼ੋਸ਼ਲ ਮੀਡੀਆ ਅਤੇ ਅੰਤਰਰਾਸ਼ਟਰੀ ਮੀਡੀਆ ਵਿੱਚ ਭਾਰੀ ਚਰਚਾ ਛੇੜੀ। ਹਾਲਾਂਕਿ ਮਿਸ ਵਰਲਡ ਸੰਗਠਨ ਵੱਲੋਂ ਇਸ ਬਾਰੇ ਅਜੇ ਕੋਈ ਅਧਿਕਾਰਤ ਬਿਆਨ ਜਾਂ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। ਸੁੰਦਰਤਾ ਮੁਕਾਬਲਿਆਂ, ਜਿਵੇਂ- ਮਿਸ ਵਰਲਡ, ਮਿਸ ਯੂਨੀਵਰਸ, ਮਿਸ ਇੰਟਰਨੈਸ਼ਨਲ, ਮਿਸ ਅਰਥ ਬਾਰੇ ਆਲੋਚਕਾਂ ਦਾ ਮੰਨਣਾ ਹੈ ਕਿ ਇਹ ਮੁਕਾਬਲੇ ਔਰਤਾਂ ਦੇ ਸਰੀਰਿਕ ਸੁੰਦਰਤਾ ਨੂੰ ਜ਼ਿਆਦਾ ਉਜਾਗਰ ਕਰਦੇ ਹਨ। ਸਰੀਰਿਕ ਦਿੱਖ, ਫੈਸ਼ਨ ਅਤੇ ਸਟੇਜ ਪੇਸ਼ਕਾਰੀ ਤੇ ਉਪਭੋਗਤਾ ਨੂੰ ਪ੍ਰਮੁਖਤਾ ਦਿੱਤੀ ਜਾਂਦੀ ਹੈ। ਸਵਿਮਸੂਟ ਅਤੇ ਇਵਨਿੰਗ ਗਾਊਨ ਨੂੰ ਅਕਸਰ ਸਰੀਰ ਦੀ ਨੁਮਾਇਸ਼ ਵਜੋਂ ਵੇਖਿਆ ਜਾਂਦਾ ਹੈ। ਇਹ ਮੁਕਾਬਲੇ ਔਰਤਾਂ ਨੂੰ ਸਿਰਫ਼ ਦੇਖਣ ਵਾਲੀ ਜਾਂ ਵਰਤੀ ਜਾਣ ਵਾਲੀ ਚੀਜ਼ ਹੀ ਮੰਨਦੇ ਹਨ; ਪਰ ਇਸਦੇ ਉਲਟ ਵੀ ਕੁੱਝ ਦਲੀਲਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਅਨੁਸਾਰ ਇਹ ਮੁਕਾਬਲੇ ਔਰਤਾਂ ਲਈ ਸ਼ਸਕਤੀਕਰਨ ਅਤੇ ਸੁਧਾਰ ਦੇ ਮੌਕੇ ਪੈਦਾ ਕਰਦੇ ਹਨ, ਤੇ ਇੱਕ ਪਲੇਟਫਾਰਮ ਉਪਲਬਧ ਕਰਵਾਉਂਦੇ ਹਨ, ਜਿੱਥੇ ਔਰਤਾਂ ਨੂੰ ਸਵੈ-ਵਿਸ਼ਵਾਸ, ਸਟੇਜ ਪ੍ਰਦਰਸ਼ਨ ਅਤੇ ਜਨਤਕ ਬੋਲਣ ਦੇ ਮੌਕੇ ਪ੍ਰਦਾਨ ਕਰਦੇ ਹਨ। ਵੇਖਿਆ ਗਿਆ ਹੈ ਕਿ ਹਾਲ ਦੇ ਸਾਲਾਂ ਵਿੱਚ ਇਨ੍ਹਾਂ ਮੁਕਾਬਲਿਆਂ ਨੇ ਸਰੀਰਿਕ ਸੁੰਦਰਤਾ ਤੋਂ ਇਲਾਵਾ ਬੁੱਧੀ, ਸਮਾਜਿਕ ਜਾਗਰੂਕਤਾ ਅਤੇ ਪ੍ਰਤਿਭਾ `ਤੇ ਵੀ ਜ਼ੋਰ ਦੇਣਾ ਸ਼ੁਰੂ ਕੀਤਾ ਹੈ। ਮੁਕਾਬਲਿਆਂ ਦਾ ਮੁੱਦਾ ਜਟਿਲ ਹੈ। ਮਹੱਤਵਪੂਰਨ ਇਹ ਹੈ ਕਿ ਇਨ੍ਹਾਂ ਮੁਕਾਬਲਿਆਂ ਨੂੰ ਸਮੇਂ ਦੇ ਨਾਲ ਵਿਕਸਿਤ ਹੋਣਾ ਚਾਹੀਦਾ ਹੈ, ਤਾਂ ਜੋ ਇਹ ਲਿੰਗ ਸਮਾਨਤਾ ਅਤੇ ਸਮਾਜਿਕ ਸੁਧਾਰ ਦੇ ਮੁੱਲਾਂ ਦਾ ਪ੍ਰਤੀਬਿੰਬ ਬਣ ਸਕਣ।