ਮਨੁੱਖ: ਹਕੀਕਤ ਤੋਂ ਭੱਜਦਾ, ਭਰਮ ਵਿੱਚ ਫ਼ਸਦਾ

ਆਮ-ਖਾਸ

ਇਸ ਕਾਲਮ ‘ਤਰਜ਼-ਏ-ਜ਼ਿੰਦਗੀ’ ਵਿੱਚ ਲੇਖਕ ਨੇ ਕਈ ਤਲਖ ਹਕੀਕਤਾਂ ਦਾ ਸ਼ੀਸ਼ਾ ਦਿਖਾਇਆ ਹੈ, ਜੋ ਸਾਡੇ ਨਾਲ ਜੁੜੀਆਂ ਹੋਈਆਂ ਹਨ ਅਤੇ ਸਾਡੇ ਇਰਦ-ਗਿਰਦ ਪਰਛਾਵੇਂ ਵਾਂਗ ਰਹਿੰਦੀਆਂ ਹਨ। ਇਹ ਕੇਹੀ ਵਿਡੰਬਨਾ ਹੈ ਕਿ ਵਕਤ ਦੇ ਹੱਥਾਂ ਵਿੱਚ ਖੇਡ ਰਿਹਾ ਮਨੁੱਖ ਵਕਤ ਨੂੰ ਹੀ ਆਪਣੀ ਗ੍ਰਿਫ਼ਤ ਵਿੱਚ ਲੈਣਾ ਚਾਹੁੰਦਾ ਹੈ; ਜਦਕਿ ਸੱਚ ਅਤੇ ਭਰਮ ਦੇ ਦੋ ਪੁੜਾਂ ਵਿੱਚ ਮਨੁੱਖ ਦੀ ਬੇਸ਼ਕੀਮਤੀ ਜ਼ਿੰਦਗੀ ਪਿਸ ਕੇ ਰਹਿ ਜਾਂਦੀ ਹੈ। ਅਸੀਂ ਭੁੱਲ ਜਾਂਦੇ ਹਾਂ ਕਿ ਮਿੱਟੀ ਦੇ ਪੁਤਲੇ ਨੇ ਮਿੱਟੀ ਵਿੱਚ ਮਿਲ ਕੇ ਹੀ ਸੁਰਖੁਰੂ ਹੋਣਾ ਹੈ। ਲੇਖਕ ਦੀ ਨਸੀਹਤ ਹੈ ਕਿ ਜੇਕਰ ਹੋ ਸਕੇ ਤਾਂ ਥੋੜ੍ਹਾ ਸਬਰ, ਸ਼ੁਕਰ, ਸੰਤੋਖ, ਸਹਿਜ ਅਤੇ ਸੰਜਮ ਰੱਖਣ ਦਾ ਹੁਨਰ ਸਿੱਖਣ ਦਾ ਯਤਨ ਕਰੀਏ; ਇੰਜ ਕੀਤਿਆਂ ਕੁਝ ਦੁਸ਼ਵਾਰੀਆਂ ਤਾਂ ਆਪੇ ਘਟ ਜਾਣਗੀਆਂ…

ਡਾ. ਅਰਵਿੰਦਰ ਸਿੰਘ ਭੱਲਾ
ਫੋਨ: +91-9463062603

ਰਿਸ਼ੀਵਰ ਨੇ ਆਪਣੇ ਅਨੁਯਾਈਆਂ ਨੂੰ ਪ੍ਰਵਚਨ ਕਰਦਿਆਂ ਫ਼ੁਰਮਾਇਆ ਕਿ ਇਨਸਾਨ ਗ਼ਲਤੀਆਂ ਦਾ ਪੁਤਲਾ ਹੈ, ਉਹ ਪਲਕ ਝਪਕਦਿਆਂ ਬੜੀ ਆਸਾਨੀ ਨਾਲ ਦਾ ਗਫ਼ਲਤ ਅਤੇ ਗ਼ਲਤਫ਼ਹਿਮੀਆਂ ਦਾ ਸ਼ਿਕਾਰ ਬਣ ਜਾਂਦਾ ਹੈ। ਕਦੇ ਉਹ ਸੱਪ ਨੂੰ ਰੱਸੀ ਤੇ ਕਦੇ ਰੱਸੀ ਨੂੰ ਸੱਪ ਸਮਝ ਲੈਂਦਾ ਹੈ। ਕਦੇ-ਕਦੇ ਉਹ ਆਪਣੀ ਕਿਸੇ ਜ਼ਿੱਦ ਨੂੰ ਪੁਗਾਉਣਾ ਹੀ ਆਪਣੀ ਮੰਜ਼ਿਲ ਸਮਝ ਲੈਂਦਾ ਹੈ ਤੇ ਕਦੇ ਉਹ ਆਪਣੀ ਮੰਜ਼ਿਲ ਦੇ ਐਨ ਕਰੀਬ ਜਾ ਕੇ ਆਪਣੀ ਮੰਜ਼ਿਲ ਦਾ ਸਿਰਨਾਵਾਂ ਹੀ ਭੁੱਲ ਜਾਂਦਾ ਹੈ। ਆਪਣੀ ਅਕਲ ਉੱਤੇ ਗੁਮਾਨ ਕਰਨ ਦਾ ਆਦੀ ਹੋ ਚੁੱਕਾ ਹਰ ਮਨੁੱਖ ਕਦੇ ਵੀ ਕਿਸੇ ਦੀ ਸਿਆਣੀ ਮੱਤ ਨੂੰ ਆਸਾਨੀ ਨਾਲ ਆਪਣੇ ਪੱਲੇ ਨਹੀਂ ਬੰਨਦਾ ਹੈ। ਇਨਸਾਨ ਦੀ ਇਹ ਫ਼ਿਤਰਤ ਹੈ ਕਿ ਉਹ ਆਪਣੇ ਚੰਚਲ ਸੁਭਾਅ ਦੇ ਅਨੁਸਾਰ ਬੜੀ ਛੇਤੀ ਗਿਰਗਿਟ ਦੀ ਤਰ੍ਹਾਂ ਰੰਗ ਬਦਲਦਾ ਹੈ। ਆਪਣੇ ਕਿਸੇ ਮੁਫ਼ਾਦ ਦੀ ਖ਼ਾਤਰ ਜਾਂ ਫਿਰ ਆਪਣੇ ਕਿਸੇ ਹਦਫ ਨੂੰ ਹਾਸਲ ਕਰਨ ਲਈ ਉਹ ਸਧਾਰਨ ਤੌਰ ਉੱਪਰ ਕੋਈ ਵੀ ਹਰਬਾ ਇਸਤੇਮਾਲ ਕਰਨ ਵਿੱਚ ਰੰਚਕ ਮਾਤਰ ਵੀ ਸੰਕੋਚ ਨਹੀਂ ਕਰਦਾ ਹੈ। ਲੋਕ ਆਪਣੀ ਛੋਟੀ ਜਿਹੀ ਹਯਾਤੀ ਦੌਰਾਨ ਦੁਨੀਆਂ ਭਰ ਦੀਆਂ ਖੁਸ਼ੀਆਂ ਨਾਲ ਆਪਣੀ ਝੋਲੀ ਨੂੰ ਭਰਨ ਦੇ ਖਾਹਿਸ਼ਮੰਦ ਹੁੰਦੇ ਹਨ, ਲੇਕਿਨ ਆਪਣੀ ਨਫ਼ਸ ਦੇ ਗ਼ੁਲਾਮ ਇਹ ਲੋਕ ਆਪਣੀ ਨਫ਼ਸ ਦੇ ਹੱਥੋਂ ਹਾਰ ਕੇ ਜਦੋਂ ਉਹ ਦੁਨੀਆਂ ਨੂੰ ਜਿੱਤਣ ਲਈ ਨਿਕਲਦੇ ਹਨ ਤਾਂ ਅੰਤ ਵਿੱਚ ਉਨ੍ਹਾਂ ਦੇ ਹੱਥ ਫਿਰ ਵੀ ਖ਼ਾਲੀ ਹੀ ਰਹਿੰਦੇ ਹਨ। ਆਪਣੇ ਹਿਰਦਿਆਂ ਵਿੱਚ ਦੂਜਿਆਂ ਦੇ ਪ੍ਰਤੀ ਗਿਲੇ ਸ਼ਿਕਵੇ ਰੱਖਣ ਵਾਲੇ ਲੋਕ ਅਕਸਰ ਆਪਣੇ ਅੰਦਰ ਦੂਸਰਿਆਂ ਪ੍ਰਤੀ ਸਮੋਈ ਨਫਰਤ ਦੇ ਬੋਝ ਹੇਠ ਇੱਕ ਦਿਨ ਖ਼ੁਦ ਆਪ ਹੀ ਦੱਬ ਜਾਂਦੇ ਹਨ। ਦੂਸਰਿਆਂ ਦੇ ਐਬ ਗਿਣਨ ਵਾਲੇ ਲੋਕ ਆਪਣੇ ਗਿਰੇਬਾਨ ਵਿੱਚ ਝਾਤ ਮਾਰਨ ਪਿੱਛੋਂ ਸ਼ਰਮਸਾਰ ਹੁੰਦੇ ਹੋਏ ਅਕਸਰ ਦਿਖਾਈ ਦਿੰਦੇ ਹਨ।
ਰਿਸ਼ੀਵਰ ਨੇ ਆਪਣੇ ਅਨੁਯਾਈਆਂ ਨੂੰ ਇਸ ਗੱਲ ਉੱਪਰ ਵੀ ਗੌਰ ਕਰਨ ਲਈ ਕਿਹਾ ਕਿ ਇਸ ਛੋਟੀ ਜਿਹੀ ਜ਼ਿੰਦਗੀ ਵਿੱਚ ਕਦੇ ਵੀ ਤੈਸ਼ ਵਿੱਚ ਆ ਕੇ ਆਪਣੇ ਕੱਦ ਤੋਂ ਵੱਡੇ ਦਾਅਵੇ ਨਾ ਕਰੋ। ਹਮੇਸ਼ਾ ਇਹ ਯਾਦ ਰੱਖੋ ਕਿ ਮਿੱਟੀ ਦੇ ਪੁਤਲੇ ਨੇ ਮਿੱਟੀ ਵਿੱਚ ਮਿਲ ਕੇ ਹੀ ਸੁਰਖੁਰੂ ਹੋਣਾ ਹੈ। ਜੇਕਰ ਹੋ ਸਕੇ ਤਾਂ ਥੋੜ੍ਹਾ ਸਬਰ, ਸ਼ੁਕਰ, ਸੰਤੋਖ, ਸਹਿਜ ਅਤੇ ਸੰਜਮ ਰੱਖਣ ਦਾ ਹੁਨਰ ਸਿੱਖਣ ਦਾ ਯਤਨ ਕਰੋ। ਇਹ ਸੰਸਾਰ ਆਪਣੇ ਆਪ ਵਿੱਚ ਸਭ ਤੋਂ ਵੱਡਾ ਛਲਾਵਾ ਹੈ। ਜਿਨ੍ਹਾਂ ਨੂੰ ਅਸੀਂ ਆਪਣੇ ਸਮਝਦੇ ਹਾਂ, ਉਹ ਸਾਡੇ ਨਾਲ ਮਹਿਜ਼ ਆਪਣੀਆਂ ਗਰਜ਼ਾਂ ਕਾਰਨ ਹੀ ਜੁੜੇ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਅਸੀਂ ਆਪਣੇ ਪ੍ਰਤੀਦਵੰਦੀ ਜਾਂ ਵਿਰੋਧੀ ਅਤੇ ਅਜ਼ਨਬੀ ਜਾਂ ਬੇਗਾਨਾ ਸਮਝਦੇ ਹਾਂ, ਉਹ ਮਹਿਜ਼ ਨਜ਼ਰੀਏ ਦੇ ਧੋਖੇ ਤੋਂ ਵਧ ਕੇ ਕੁਝ ਨਹੀਂ ਹੁੰਦੇ ਹਨ। ਜਿਨ੍ਹਾਂ ਪਰਛਾਵਿਆਂ ਪਿੱਛੇ ਅਸੀਂ ਸਾਰੀ ਉਮਰ ਭਟਕਦੇ ਹੋਏ ਗੁਜ਼ਾਰ ਦਿੰਦੇ ਹਾਂ, ਉਨ੍ਹਾਂ ਦਾ ਆਪਣਾ ਕਿਤੇ ਕੋਈ ਵਜੂਦ ਹੀ ਨਹੀਂ ਹੁੰਦਾ ਹੈ। ਜਿਹੜੀਆਂ ਖੁਸ਼ੀਆਂ ਨੂੰ ਮਾਣਨਾ ਸਾਡਾ ਖਵਾਬ ਹੁੰਦਾ ਹੈ, ਉਨ੍ਹਾਂ ਖੁਸ਼ੀਆਂ ਦੀ ਉਮਰ ਕੇਵਲ ਕੁਝ ਪਲਾਂ ਤੱਕ ਮਹਿਦੂਦ ਹੁੰਦੀ ਹੈ। ਜਿਸ ਮਿਰਗ ਤ੍ਰਿਸ਼ਨਾ ਦੇ ਅਸੀਂ ਬੁਰੀ ਤਰ੍ਹਾਂ ਸ਼ਿਕਾਰ ਹੁੰਦੇ ਹਾਂ, ਉਸ ਦੇ ਹੱਥੋਂ ਮਜਬੂਰ ਹੋ ਕੇ ਹੀ ਅਸੀਂ ਮਰਿਆਦਾਵਾਂ ਭੰਗ ਕਰਕੇ ਦਰ-ਦਰ ਉੱਪਰ ਖ਼ੁਆਰ ਹੁੰਦੇ ਹਾਂ। ਦਰਅਸਲ ਜੋ ਕੇਵਲ ਨਜ਼ਰ ਦਾ ਧੋਖਾ ਹੁੰਦਾ ਹੈ, ਉਸ ਦਿਲ ਫ਼ਰੇਬ ਖ਼ਿਆਲ ਦੀ ਖ਼ਾਤਰ ਅਸੀਂ ਜ਼ਿੰਦਗੀ ਦੀਆਂ ਅਟੱਲ ਸੱਚਾਈਆਂ ਦਾ ਸਾਹਮਣਾ ਕਰਨ ਤੋਂ ਵੀ ਮੁਨਕਰ ਹੋ ਜਾਂਦੇ ਹਾਂ।
ਰਿਸ਼ੀਵਰ ਨੇ ਇਹ ਵੀ ਫ਼ੁਰਮਾਇਆ ਕਿ ਪ੍ਰਤੱਖ ਤੋਂ ਅਸੀਂ ਪ੍ਰਮਾਣ ਮੰਗਦੇ ਹਾਂ ਤੇ ਧੁੰਦਲੇ ਸ਼ੀਸ਼ੇ ਵਿੱਚੋਂ ਅਸੀਂ ਆਪਣਾ ਅਕਸ ਸਾਫ਼ ਦੇਖਣਾ ਚਾਹੁੰਦੇ ਹਾਂ। ਜੋ ਕੁਝ ਕਦੇ ਵੀ ਸਥਾਈ ਨਹੀਂ ਹੁੰਦਾ, ਉਸ ਨਾਲ ਅਸੀਂ ਮੋਹ ਰੱਖਦੇ ਹਾਂ। ਵਕਤ ਦੇ ਹੱਥਾਂ ਵਿੱਚ ਖੇਡ ਰਿਹਾ ਮਨੁੱਖ ਵਕਤ ਨੂੰ ਹੀ ਆਪਣੀ ਗ੍ਰਿਫ਼ਤ ਵਿੱਚ ਲੈਣਾ ਚਾਹੁੰਦਾ ਹੈ। ਚਿੰਤਾਵਾਂ, ਅੰਦੇਸ਼ਿਆਂ, ਉਲਝਣਾਂ, ਵਸਵਸਿਆਂ, ਦੁਚਿੱਤੀ ਅਤੇ ਦੁਬਿਧਾਵਾਂ ਨਾਲ ਜੂਝ ਰਿਹਾ ਮਨੁੱਖ, ਜਿਸ ਨੂੰ ਆਪਣੇ ਅਗਲੇ ਸਾਹਾਂ ਦਾ ਭਰੋਸਾ ਨਹੀਂ, ਉਹ ਮਨੁੱਖ ਦੁਨੀਆਂ ਦੇ ਰੰਗ-ਤਮਾਸ਼ਿਆਂ ਵਿੱਚ ਉਲਝ ਕੇ ਆਪਣੇ ਲਈ ਨਿੱਤ ਨਵੀਂ ਬਿਪਤਾਵਾਂ ਪੈਦਾ ਕਰਦਾ ਥੱਕਦਾ ਨਹੀਂ। ਗ਼ਫ਼ਲਤ ਅਤੇ ਬਦਗੁਮਾਨੀ ਦੇ ਸ਼ਿਕਾਰ ਮਨੁੱਖ ਦੀ ਸਥਿਤੀ ਬੜੀ ਹਾਸੋਹੀਣੀ ਜਿਹੀ ਜਾਪਦੀ ਹੈ, ਉਹ ਉਸ ਗੱਲ ਦਾ ਹਿਰਖ ਕਰਦਾ ਹੈ, ਜਿਸ ਉੱਤੇ ਉਸ ਦਾ ਕੋਈ ਜ਼ੋਰ ਨਹੀਂ ਹੁੰਦਾ ਹੈ। ਉਹ ਉਸ ਸੰਸਾਰ ਵਿੱਚ ਸਦਾ ਰਹਿਣਾ ਚਾਹੁੰਦਾ ਹੈ, ਜਿੱਥੇ ਕਦੇ ਕੋਈ ਸਦਾ ਟਿਕਿਆ ਹੀ ਨਹੀਂ। ਉਹ ਉਨ੍ਹਾਂ ਨਾਲ ਗਿਲਾ ਕਰਦਾ ਹੈ, ਜਿਨ੍ਹਾਂ ਨੂੰ ਉਸ ਨਾਲ ਕੋਈ ਸਰੋਕਾਰ ਹੀ ਨਹੀਂ।
ਰਿਸ਼ੀਵਰ ਨੇ ਫ਼ੁਰਮਾਇਆ ਕਿ ਮਨੁੱਖ ਦੀ ਜ਼ਿੰਦਗੀ ਕੌੜੀਆਂ ਸੱਚਾਈਆਂ ਅਤੇ ਨਿਰਮੂਲ ਭਰਮਾਂ ਦੇ ਆਲੇ-ਦੁਆਲੇ ਭ੍ਰਮਣ ਕਰਦੀ ਰਹਿੰਦੀ ਹੈ। ਮਨੁੱਖ ਕੌੜੀਆਂ ਸੱਚਾਈਆਂ ਦਾ ਸਵਾਦ ਚੱਖਣਾ ਨਹੀਂ ਚਾਹੁੰਦਾ ਹੈ ਅਤੇ ਭਰਮਾਂ ਦੀ ਦਲਦਲ ਵਿੱਚ ਧਸ ਕੇ ਵੀ ਉਸ ਦਾ ਗੁਜ਼ਾਰਾ ਨਹੀਂ। ਕਦੇ-ਕਦੇ ਉਹ ਝੂਠੇ ਭਰਮ ਸਿਰਜ ਕੇ ਆਪਣੀ ਉਮਰ ਗੁਜ਼ਾਰ ਲੈਂਦਾ ਹੈ ਅਤੇ ਕਦੇ-ਕਦੇ ਉਸ ਵੱਲੋਂ ਸਿਰਜੇ ਭਰਮ ਹੀ ਉਸ ਦੇ ਗਲ ਦਾ ਗਲਾਵਾਂ ਬਣ ਜਾਂਦੇ ਹਨ। ਦਰਅਸਲ ਮਨੁੱਖ ਨੂੰ ਵੀ ਕਦੇ ਸਹਿਜ ਸੁਭਾਅ ਅਤੇ ਭੋਲੇ ਭਾਅ ਜੀਵਨ ਗੁਜ਼ਾਰਨ ਦਾ ਵਲ਼ ਆਇਆ ਹੀ ਨਹੀਂ। ਹਮੇਸ਼ਾ ਖ਼ੁਦ ਨੂੰ ਦੂਜਿਆਂ ਤੋਂ ਬੇਹਤਰ ਸਿਧ ਕਰਨ ਦੀ ਕੋਸ਼ਿਸ਼ ਵਿੱਚ ਉਹ ਨਿਤ ਕਿੰਨੇ ਨਿਵਾਣ ਛੂੰਹਦਾ ਹੈ, ਇਹ ਤਾਂ ਕੇਵਲ ਉਸ ਦੇ ਜ਼ਮੀਰ ਨੂੰ ਹੀ ਪਤਾ ਹੁੰਦਾ ਹੈ। ਇੱਕੋ ਹੀ ਸਮੇਂ ਕਦੇ ਉਹ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੁੰਦਾ ਹੈ ਅਤੇ ਠੀਕ ਉਸੇ ਸਮੇਂ ਉਹ ਆਪਣੇ ਪਤਨ ਵੱਲ ਵੀ ਵੱਧ ਰਿਹਾ ਹੁੰਦਾ ਹੈ।
ਇਸ ਸੰਸਾਰ ਵਿੱਚ ਮਨੁੱਖ ਆਪਣੇ ਬਾਰੇ ਇੰਨੇ ਭਰਮ-ਭੁਲੇਖੇ ਸਿਰਜ ਲੈਂਦਾ ਹੈ ਕਿ ਸੱਚ ਕੀ ਹੈ? ਇਸ ਵਲ਼ ਉਹ ਜ਼ਰਾ ਜਿੰਨੀ ਵੀ ਤਵੱਜੋ ਨਹੀਂ ਦਿੰਦਾ ਹੈ। ਉਹ ਜ਼ਹਿਰ ਨੂੰ ਅੰਮ੍ਰਿਤ ਅਤੇ ਸ਼ਹਿਦ ਨੂੰ ਤੁੰਮਾ ਸਮਝ ਕੇ ਆਪਣੇ ਹੱਥੀਂ ਆਪਣੇ ਜੀਵਨ ਵਿੱਚ ਅਨੇਕਾਂ ਅਜ਼ਮਾਇਸ਼ਾਂ ਨੂੰ ਦਾਅਵਤ ਦਿੰਦਾ ਹੈ। ਕਾਸ਼! ਮਨੁੱਖ ਆਪਣੇ ਜ਼ਾਵੀਏ ਨੂੰ ਦਰੁਸਤ ਕਰਨ ਦਾ ਹੁਨਰ ਸਿੱਖ ਲੈਂਦਾ ਤਾਂ ਨਾ ਉਸ ਨੂੰ ਜੰਨਤ ਦੀ ਕੋਈ ਆਰਜ਼ੂ ਰਹਿੰਦੀ ਅਤੇ ਨਾ ਹੀ ਉਸ ਨੂੰ ਦੋਜ਼ਖ਼ ਦਾ ਕੋਈ ਡਰ ਸਤਾਉਂਦਾ। ਅਫ਼ਸੋਸ! ਮਨੁੱਖ ਇਸ ਸੰਸਾਰ ਦੇ ਭਰਮ ਜਾਲ ਵਿੱਚ ਫਸ ਕੇ ਆਪਣੀ ਜ਼ਿੰਦਗੀ ਦਾ ਅਸਲ ਮਕਸਦ ਅਤੇ ਹਰ ਪਲ ਨੂੰ ਜਿਊਣ ਦਾ ਸਲੀਕਾ ਵੀ ਮੁੱਢੋਂ ਹੀ ਭੁੱਲ ਗਿਆ ਹੈ। ਨਤੀਜਤਨ ਮਨੁੱਖ ਆਪਣੇ ਅੰਦਰ ਬੇਹੱਦ ਘੁਟਣ, ਪੈਰਾਂ ਵਿੱਚ ਜ਼ੰਜੀਰਾਂ ਅਤੇ ਜ਼ਿਹਨੀ ਤੌਰ ਉੱਪਰ ਬੇਅਰਾਮੀ ਮਹਿਸੂਸ ਕਰਦਾ ਹੈ। ਸਫ਼ਲਤਾ ਅਤੇ ਸ਼ੋਹਰਤ ਹਾਸਲ ਕਰਨ ਲਈ ਮਨੁੱਖ ਦੋਹਰੇ ਮਾਪਦੰਡਾਂ ਉੱਪਰ ਆਧਾਰਿਤ ਦੋਹਰੀ ਜ਼ਿੰਦਗੀ ਜਿਉਣ ਲਈ ਤਿਲ਼-ਤਿਲ਼ ਕਰਕੇ ਮਰਦਾ ਹੈ। ਜਿਹੜੇ ਖੁਸ਼ੀ ਦੇ ਪਲਾਂ ਦੀ ਉਹ ਸਾਰੀ ਉਮਰ ਉਡੀਕ ਕਰਦਾ ਹੈ, ਉਹ ਖੁਸ਼ੀ ਦੇ ਪਲ ਉਸ ਨੂੰ ਕਦੇ-ਕਦੇ ਨਸੀਬ ਵੀ ਨਹੀਂ ਹੁੰਦੇ ਅਤੇ ਜਿਹੜੀਆਂ ਅਜ਼ਮਾਇਸ਼ਾਂ ਦਾ ਖੌਫ਼ ਉਸ ਨੂੰ ਸਦਾ ਬੇਆਰਾਮ ਕਰੀ ਰੱਖਦਾ ਹੈ, ਕਈ ਵਾਰ ਹੋ ਸਕਦਾ ਹੈ ਕਿ ਉਨ੍ਹਾਂ ਅਜ਼ਮਾਇਸ਼ਾਂ ਦਾ ਉਸ ਨੂੰ ਕਦੇ ਸਾਹਮਣਾ ਵੀ ਨਾ ਕਰਨਾ ਪਵੇ। ਬਸ ਇਸੇ ਤਰ੍ਹਾਂ ਹੀ ਸੱਚ ਅਤੇ ਭਰਮ ਦੇ ਦੋ ਪੁੜਾਂ ਵਿੱਚ ਉਸ ਦੀ ਬੇਸ਼ਕੀਮਤੀ ਜ਼ਿੰਦਗੀ ਪਿਸ ਕੇ ਰਹਿ ਜਾਂਦੀ ਹੈ ਅਤੇ ਅੰਤ ਵਿੱਚ ਇਨਸਾਨ ਇਸ ਫ਼ਾਨੀ ਸੰਸਾਰ ਤੋਂ ਖ਼ਾਲੀ ਹੱਥੀਂ ਕੂਚ ਕਰ ਜਾਂਦਾ ਹੈ।

Leave a Reply

Your email address will not be published. Required fields are marked *