ਨਿੰਮਾ ਡੱਲੇਵਾਲਾ
ਫੋਨ: 513-432-9754
ਮੇਰੇ ਨਿੱਜੀ ਰੁਝੇਵਿਆਂ ਦੀ ਥਕਾਵਟ ਕਾਰਨ ਸੁੱਤੀ ਮੇਰੀ ਕਲਮ ਚਿਰਾਂ ਮਗਰੋਂ ਉਠ ਕੋਰੇ ਵਰਕਿਆਂ ਉਤੇ ਕੁਝ ਉਲੀਕਣ ਦੇ ਯਤਨ ਕਰ ਰਹੀ ਹੈ। ਚਾਹੇ ਜ਼ਬਾਨ ਤੇ ਚਾਹੇ ਕਲਮ ਹੋਵੇ, ਚੁੱਪ ਹੋਣ ਤਾਂ ਬਹੁਤ ਕੁਝ ਸੁਣ ਲੈਂਦੀਆਂ ਨੇ, ਪਰ ਜਦੋਂ ਇਨ੍ਹਾਂ ਦੀ ਚੁੱਪ ਟੁੱਟਦੀ ਹੈ ਤਾਂ ਇਹ ਆਪਣਾ ਦਰਦ ਅਤੇ ਅੰਦਰਲਾ ਜ਼ਹਿਰ ਜਰੂਰ ਉਗਲਦੀਆਂ ਹਨ। ਪਿਛਲਾ ਕੁਝ ਸਮਾਂ ਕੁਝ ਵੱਖਰੇ ਮਾਹੌਲ ਅੰਦਰ ਗੁਜਰਿਆ ਤੇ ਕਲਮ ਇੱਕ ਕੋਨੇ ਵਿੱਚ ਪਈ ਰਹੀ।
ਹੁਣ ਜਦੋਂ ਕੁਝ ਦਰਦਾਂ, ਤਕਲੀਫਾਂ ਨੇ ਆਣ ਧਾਵਾ ਬੋਲਿਆ ਤਾਂ ਹੱਥ ਵਿੱਚ ਫੜ੍ਹਨ ਵਾਲੀ ਕਲਮ ਨੇ ਹੀ ਮੇਰਾ ਹੱਥ ਫੜਿਆ ਤੇ ਕਿਹਾ ਕਿ ਮੈਨੂੰ ਦੱਸ ਕਿਹੜੇ ਦੁੱਖ ਨੇ, ਮੈਂ ਲਿਖਦੀ ਹਾਂ ਅਤੇ ਵੰਡਾਵਾਂਗੀ ਵੀ ਤੇ ਲੋਕਾਂ ਵਿੱਚ ਵੰਡਾਂਗੀ ਵੀ। ਸੱਚ ਜਾਣਿਓ ਇੱਕ ਲੇਖਕ ਅਤੇ ਕਲਮ ਦਾ ਰਿਸ਼ਤਾ ਪਤੀ-ਪਤਨੀ ਦੇ ਰਿਸ਼ਤੇ ਤੋਂ ਘੱਟ ਨਹੀਂ ਹੁੰਦਾ, ਕਿਉਂਕਿ ਕਲਮ ਵੀ ਲੇਖਕ ਦੀ ਪਤੀ-ਪਤਨੀ ਵਾਂਗ ਇੱਕ ਹਮਸਫਰ ਬਣ ਜਾਂਦੀ ਹੈ ਤੇ ਹਰ ਦੁੱਖ-ਸੁੱਖ ਵੰਡਾਉਂਦੀ ਹੈ। ਇਨਸਾਨ ਤਾਂ ਆਪਣੀਆਂ ਭਾਵਨਾਵਾਂ ਬੋਲ ਕੇ ਵੀ ਬਿਆਨ ਕਰ ਸਕਦਾ ਹੈ, ਪਰ ਕਲਮ ਨੂੰ ਲਿਖ ਕੇ ਹੀ ਦੱਸਣਾ ਆਉਂਦਾ ਹੈ। ਅੱਜ ਦੇ ਰਿਸ਼ਤੇ, ਹੰਢਾਉਣ ਮਗਰੋਂ ਮਨ ਕਰਿਆ ਕੁਝ ਲਿਖਾਂ, ਤੇ ਕਲਮ ਬੋਲੀ ਤੂੰ ਬੋਲ ਮੈਂ ਲਿਖਦੀ ਹਾਂ।
ਸਾਡੇ ਰਿਸ਼ਤੇ ਸਾਡੇ ਹੱਥ ਵਿੱਚ, ਸਾਡੀ ਸ਼ਾਨ ਵੀ ਬਣ ਸਕਦੇ ਨੇ।
ਵਿਹੜੇ ਵੜ`ਗੀ ਬੇਈਮਾਨੀ, ਤਾਂ ਬੇਈਮਾਨ ਵੀ ਬਣ ਸਕਦੇ ਨੇ।
ਜੇ ਰਹਿਣ ਬਰਕਤਾਂ ਸੱਚ ਦੀਆਂ, ਸ਼ਹੁਰਤ ਤੇ ਸ਼ਾਨ ਵੀ ਬਣ ਸਕਦੇ ਨੇ।
ਮੇਰੀ ਸੋਚ ਅਨੁਸਾਰ ਰਿਸ਼ਤੇ, ਰਸਤੇ ਹੁੰਦੇ ਨੇ, ਜੋ ਹਰ ਰਿਸ਼ਤੇ ਵੱਲ ਜਾਂਦੇ ਨੇ ਤੇ ਜਿਹੜੇ ਰੱਬ ਨੇ ਖੁਦ ਬਣਾਏ ਨੇ; ਤੇ ਅਸੀਂ ਉਨ੍ਹਾਂ ਰਸਤਿਆਂ ਉਤੇ ਖੁਦਗਰਜ਼ੀ, ਰੰਜਸ਼ ਤੇ ਨਫਰਤ ਵਰਗੇ ਕਈ ਹੋਰ ਵੀ ਕਿਸਮ ਦੇ ਕੰਡੇ ਖਿਲਾਰ ਦਿੱਤੇ, ਜੋ ਰਿਸ਼ਤਿਆਂ ਅੰਦਰ ਦੂਰੀਆਂ ਬਣੀਆਂ ਰਹਿਣ ਲਈ ਆਪਣੀ ਖਾਸ ਭੂਮਿਕਾ ਨਿਭਾਉਂਦੇ ਨੇ। ਕੰਡਿਆਂ ਉਪਰ ਤੁਰ ਕੇ ਕੌਣ ਕਿਹਨੂੰ ਗਲਵੱਕੜੀ ਪਾਉਂਦਾ? ਪਰ ਜੇ ਰਿਸ਼ਤੇ ਵਾਲੇ ਰਸਤੇ ਸਾਫ ਰੱਖੀਏ ਤਾਂ ਨੰਗੇ ਪੈਰੀਂ ਚੱਲ ਕੇ ਵੀ ਦੂਰ ਦੀਆਂ ਮੰਜ਼ਿਲਾਂ ਹਾਸਿਲ ਕਰ ਸਕਦੇ ਹਾਂ।
ਦੋ ਢਾਈ ਦਹਾਕੇ ਪਿੱਛੇ ਝਾਤ ਮਾਰੀਏ ਤਾਂ ਰਿਸ਼ਤਿਆਂ ਦੀ ਬਨਾਵਟੀ ਤਸਵੀਰ ਅਤੇ ਸਵਾਦ ਬਹੁਤ ਵੱਖਰਾ ਨਜ਼ਰ ਆਉਂਦਾ ਹੈ, ਜਿਨ੍ਹਾਂ ਵਿੱਚ ਅੱਜ ਦੇ ਮੁਕਾਬਲੇ ਮਿਠਾਸ ਤੇ ਖੁਸ਼ਬੋ ਬਹੁਤ ਰੱਜਵੀਂ ਸੀ। ਜਿਵੇਂ ਜਿਵੇਂ ਲੋਕਾਂ ਕੋਲ ਪੈਸਾ ਆਉਂਦਾ ਗਿਆ ਤੇ ਰਿਸ਼ਤਿਆਂ ਵਿੱਚੋਂ ਮਿਠਾਸ ਜਾਂਦੀ ਗਈ। ਖੁਸ਼ਬੋ ਤਾਂ ਸਿਰਫ ਕਾਗਜ਼ੀ ਫੁੱਲਾਂ ਵਾਲੀ ਰਹਿ ਗਈ। ਲੋਕਾਂ ਦੇ ਸੁਭਾਅ ਅਤੇ ਸੋਚਾਂ ਵਿੱਚ ਇੰਨਾ ਅੰਤਰ ਆ ਗਿਆ ਕਿ ਪਹਿਲਾਂ ਹਰ ਇੱਕ ਦੇ ਦੁੱਖ ਦਾ ਦੁੱਖ ਹੁੰਦਾ ਸੀ ਤੇ ਹਰੇਕ ਦੀ ਖੁਸ਼ੀ ਦੀ ਖੁਸ਼ੀ ਹੁੰਦੀ ਸੀ; ਪਰ ਹੁਣ ਅਸੀਂ ਐਸੇ ਹੋ ਗਏ ਹਾਂ ਕਿ ਸਾਨੂੰ ਕਿਸੇ ਨੂੰ ਦੁਖੀ ਦੇਖ ਖੁਸ਼ੀ ਹੁੰਦੀ ਹੈ ਤੇ ਸੁਖੀ ਵੇਖ ਕੇ ਅਸੀਂ ਦੁਖੀ ਹੁੰਦੇ ਹਾਂ। ਪਹਿਲਾਂ ਰਿਸ਼ਤਿਆਂ ਵਾਲੀ ਜਿਹੜੀ ਗਠੜੀ ਹਰੇਕ ਦੇ ਮੋਢਿਆਂ ਉਤੇ ਹੁੰਦੀ ਸੀ, ਅੱਜ ਉਸ ਦੀ ਥਾਂ ਪੈਰਾਂ ਵਿੱਚ ਆ ਗਈ। ਅੱਜ ਐਸਾ ਕੋਈ ਵੀ ਇਨਸਾਨ ਨਹੀਂ, ਜਿਸ ਨੂੰ ਕਿਸੇ ਨਾ ਕਿਸੇ ਰਿਸ਼ਤੇ ਦੇ ਨਾਗ ਨੇ ਨਾ ਡੰਗਿਆ ਹੋਵੇ। ਜਿਹੜਾ ਪੈਸਾ ਰਿਸ਼ਤਿਆਂ ਵਿੱਚ ਮਦਦ ਅਖਵਾਉਂਦਾ ਸੀ ਤੇ ਉਹੀ ਦਿੱਤਿਆਂ ਪੈਸਾ ਮੰਗਣ ਉਤੇ ਦੁਸ਼ਮਣੀ ਪੈਦਾ ਕਰਦਾ ਹੈ। ਹਰੇਕ ਰੱਜਿਆ-ਪੁੱਜਿਆ ਰਿਸ਼ਤੇਦਾਰ ਆਪਣੇ ਦੱਬੇ ਹੋਏ ਰਿਸ਼ਤੇਦਾਰ ਨੂੰ ਮਦਦ ਕਰ ਕੇ ਉਪਰ ਚੁੱਕਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀ ਤੇ ਹੁਣ ਸਾਰੇ ਉਠਿਆਂ ਹੋਇਆਂ ਨੂੰ ਲੱਤੋਂ ਫੜ੍ਹ ਕੇ ਸੁੱਟਣ `ਤੇ ਲੱਗੇ ਹੋਏ ਨੇ। ਸਾਡੇ ਵਡੇਰੇ ਪੈਸੇ ਪੱਖੋਂ ਗਰੀਬ ਹੋਣਗੇ, ਪਰ ਦਿਲਾਂ ਦੇ ਬਹੁਤ ਅਮੀਰ ਸਨ ਤੇ ਅਸੀਂ ਪੈਸੇ ਵਾਲੀ ਅਮੀਰੀ ਤਾਂ ਸ਼ਾਇਦ ਖੱਟ ਲਈ, ਪਰ ਸੋਚ ਅਤੇ ਦਿਲੋਂ ਗਰੀਬ ਜ਼ਰੂਰ ਹੋ ਗਏ ਹਾਂ। ਅਸੀਂ ਰਿਸ਼ਤਿਆਂ ਨੂੰ ਵਰਤਣ ਲੱਗ ਪਏ ਹਾਂ ਤੇ ਨਿਭਾਉਣਾ ਭੁੱਲ ਗਏ ਹਾਂ।
ਰਿਸ਼ਤੇ ਵਰਤਣ ਲਈ ਨਹੀਂ, ਨਿਭਾਉਣ ਲਈ ਹੁੰਦੇ ਨੇ।
ਕੁਝ ਦਿਨਾਂ ਲਈ ਨਹੀਂ, ਉਮਰਾਂ ਹੰਢਾਉਣ ਲਈ ਹੁੰਦੇ ਨੇ।
ਜਿਵੇਂ ਬੋਲ ਬੋਲਣ ਲਈ ਨਹੀਂ, ਪੁਗਾਉਣ ਲਈ ਹੁੰਦੇ ਨੇ।
ਆਪਣੇ ਦੁੱਖ ਦੇਣ ਲਈ ਨਹੀਂ, ਵੰਡਾਉਣ ਲਈ ਹੁੰਦੇ ਨੇ।
ਪਰ ਇਹ ਰਿਸ਼ਤੇ ਦੁਨੀਆਂ ਉਤੇ, ਕਮਾਉਣ ਲਈ ਹੁੰਦੇ ਨੇ।
ਇਸ ਨਵੇਂ ਯੁੱਗ ਦੀ ਤੋਰ ਤੁਰ ਕੇ ਰਿਸ਼ਤਿਆਂ ਦੀ ਸੁੱਚਮ, ਪਵਿੱਤਰਤਾ ਅਤੇ ਅਹਿਮੀਅਤ ਨੂੰ ਅਸੀਂ ਆਪਣੇ ਹੱਥੀਂ ਚੁੱਲ੍ਹੇ ਝੋਕਿਆ ਹੈ ਤੇ ਦੋਸ਼ ਇੱਕ-ਦੂਜੇ ਨੂੰ; ਜਦਕਿ ਜ਼ਿੰਮਵਾਰ ਸਾਰੇ ਹੀ ਨੇ। ਰਿਸ਼ਤਿਆਂ ਦੀਆਂ ਬੁੱਕਲਾਂ ਵਿੱਚ ਸੱਪ ਪਲ਼ ਰਹੇ ਨੇ ਤੇ ਸਮਾਂ ਆਉਣ `ਤੇ ਡੰਗਦੇ ਵੀ ਨੇ। ਜਿਹੜਾ ਜ਼ਹਿਰ ਸੱਪਾਂ ਵਿੱਚ ਹੁੰਦਾ ਹੈ, ਉਹੀ ਇਨਸਾਨਾਂ ਵਿੱਚ ਹੈ। ਬੇਸ਼ੱਕ ਅਸੀਂ ਕਾਮਯਾਬੀਆਂ ਵਾਲੀਆਂ ਪੌੜੀਆਂ ਦੇ ਕਈ ਪੌਡੇ ਚੜ੍ਹ ਗਏ ਹਾਂ, ਪਰ ਰਿਸ਼ਤੇ ਨਿਭਾਉਣ ਵਾਲੀ ਪੌੜੀ ਚੜ੍ਹਨਾ ਹੀ ਭੁੱਲ ਗਏ। ਪੈਸਿਆਂ ਨਾਲ ਜੇਬਾਂ ਭਰ ਲਈਆਂ, ਪਰ ਰਿਸ਼ਤਿਆਂ ਵਾਲੇ ਖੀਸੇ ਖਾਲੀ ਕਰ ਲਏ। ਆਪਣੇ ਗਵਾ ਕੇ ਖੱਟਿਆ ਬਹੁਤਾ ਕੀਮਤੀ ਨਹੀਂ ਹੁੰਦਾ, ਪਰ ਆਪਣਿਆਂ ਨੂੰ ਪੱਲੇ ਰੱਖਣਾ ਜ਼ਰੂਰ ਵਡਮੁੱਲਾ ਹੁੰਦਾ ਹੈ। ਪਹਿਲਾਂ ਘਰ ਵਿੱਚ ਲੱਗੀ ਅੱਗ `ਤੇ ਰਿਸ਼ਤੇ ਪਾਣੀ ਪਾਇਆ ਕਰਦੇ ਸਨ, ਤੇ ਹੁਣ ਤਾਂ ਅੱਗ ਹੀ ਆਪ ਲਾਉਂਦੇ ਨੇ ਤੇ ਉਤੋਂ ਤੇਲ ਵੱਖਰਾ ਪਾਉਂਦੇ ਨੇ। ਸੰਸਕਾਰ ਅਤੇ ਸਤਿਕਾਰ ਦਾ ਪਤਨ ਵੀ ਰਿਸ਼ਤਿਆਂ ਦੀ ਗਿਰਾਵਟ ਦਾ ਕਾਰਨ ਹੈ। ਕੋਈ ਇੱਜ਼ਤ ਕਰੇ, ਉਮੀਦ ਰੱਖਦੇ ਹਾਂ; ਜੇ ਇੱਜ਼ਤ ਦੇਣੀ ਪਵੇ ਤਾਂ ਛੋਟਾ ਮਹਿਸੂਸ ਕਰਦੇ ਹਾਂ। ਖਬਰੇ ਅਸੀਂ ਕਿਹੜੀ ਦੁਨੀਆਂ ਜਿੱਤਣੀ ਏ, ਉਮਰਾਂ ਤੱਕ ਨਿਭਾਉਣ ਵਾਲੇ ਰਿਸ਼ਤੇ ਦਿਨਾਂ ਵਿੱਚ ਜੋੜ ਕੇ ਮਹੀਨਿਆਂ ਬਾਅਦ ਹੀ ਤੋੜਨ ਤੱਕ ਪਹੁੰਚ ਜਾਂਦੇ ਨੇ। ਹਰੇਕ ਰਿਸ਼ਤਾ ਟਾਹਣੀ ਨਾਲ ਲੱਗੇ ਫੁੱਲ ਵਰਗਾ ਹੁੰਦਾ ਹੈ, ਤੇ ਟੁੱਟਣ ਨਾਲ ਉਮਰਾਂ ਖਤਮ ਹੋ ਜਾਂਦੀਆਂ ਨੇ- ਭਾਵੇਂ ਰਿਸ਼ਤਾ ਹੋਵੇ, ਭਾਵੇਂ ਫੁੱਲ। ਪੈਸੇ ਦੇ ਵੱਟਿਆਂ ਬਰਾਬਰ ਮੋਹ ਦਿਆਂ ਫੁੱਲਾਂ ਨੂੰ ਤੋਲਣ ਲੱਗ ਪਏ ਹਾਂ, ਪਰ ਕੀਮਤਾਂ ਨਹੀਂ ਜਾਣ ਰਹੇ। ਲੋਹਾ ਭਾਵੇਂ ਨੱਬੇ ਕਿੱਲੋ ਹੋਵੇ, ਪਰ ਸੋਨਾ ਨੌ ਗਰਾਮ ਵੀ ਵੱਧ ਕੀਮਤੀ ਹੁੰਦਾ ਹੈ।
ਜੇ ਰਿਸ਼ਤੇ ਨਹੀਂ ਤਾਂ ਰਸਤੇ ਨਹੀਂ, ਰਸਤੇ ਨਹੀਂ ਤਾਂ ਮੰਜ਼ਿਲਾਂ ਨਹੀਂ; ਮੰਜ਼ਿਲਾਂ ਨਹੀਂ ਤਾਂ ਖੁਸ਼ੀਆਂ ਨਹੀਂ ਤੇ ਜੇ ਖੁਸ਼ੀਆਂ ਨਹੀਂ ਤਾਂ ਸਮਝੋ ਜ਼ਿੰਦਗੀ ਵੀ ਜ਼ਿੰਦਗੀ ਨਹੀਂ। ਜੇ ਜ਼ਿੰਦਗੀ ਦੇ ਵਿਹੜੇ ਮਹਿਕਾਂ ਮੰਗਦੇ ਹੋ ਤਾਂ ਰਿਸ਼ਤਿਆਂ ਨੂੰ ਮੋਹ-ਮੁਹੱਬਤ ਵਾਲਾ ਪਾਣੀ ਪਾ ਕੇ ਫੁੱਲਾਂ ਵਾਂਗੂੰ ਪਾਲੋL। ਕਮਾਏ ਹੋਏ ਰਿਸ਼ਤੇ ਪੈਸੇ ਨਾਲੋਂ ਘੱਟ ਨਹੀਂ ਹੁੰਦੇ ਤੇ ਸਾਂਭ ਕੇ ਰੱਖੇ ਹੋਏ ਰਿਸ਼ਤੇ ਬੈਂਕਾਂ ਵਿੱਚ ਪਏ ਪੈਸੇ ਵਾਂਗ ਹੀ ਹੁੰਦੇ ਨੇ; ਤੇ ਲੋੜ ਪੈਣ `ਤੇ ਕੰਮ ਵੀ ਆਉਂਦੇ ਨੇ। ਹਰ ਕੋਈ ਵੱਡਾ ਬਣਨਾ ਚਾਹੁੰਦਾ ਹੈ, ਪਰ ਆਪਣਿਆਂ ਬਿਨਾ ਕਦੇ ਕੋਈ ਵੱਡਾ ਨਹੀਂ ਬਣ ਸਕਦਾ। ਜ਼ਿੰਦਗੀ ਇੱਕ ਅਜਿਹਾ ਸਫਰ ਹੈ, ਜੋ ਇਕੱਲਿਆਂ ਤੈਅ ਕਰਨਾ ਬੜਾ ਮੁਸ਼ਕਿਲ ਹੈ, ਪਰ ਜੇ ਰਿਸ਼ਤਿਆਂ ਨੂੰ ਨਾਲ ਲੈ ਕੇ ਤੁਰਾਂਗੇ ਤਾਂ ਸਫਰ ਸੁਖਾਵਾਂ ਬਣ ਸਕਦਾ ਹੈ। ਅਗਰ ਕੋਈ ਅਕਲੋਂ ਕੱਚਾ ਰੁੱਸ ਕੇ ਜਾਂਦਾ ਹੈ ਤਾਂ ਆਪਣੀ ਅਕਲ ਵਰਤ ਕੇ ਬਾਹੋਂ ਫੜ ਕੇ ਰੋਕ ਲਵੋ। ਹਰੇਕ ਰਿਸ਼ਤੇ ਦਾ ਆਪਣਾ ਇੱਕ ਵਜੂਦ ਹੁੰਦਾ ਹੈ ਤੇ ਉਸ ਨੂੰ ਉਸ ਦੀ ਬਣਦੀ ਇੱਜ਼ਤ ਦਿਓ ਤੇ ਫਿਰ ਉਸ ਦਾ ਵੀ ਫਰਜ਼ ਬਣ ਜਾਂਦਾ ਹੈ ਤੁਹਾਨੂੰ ਦੁੱਗਣੀ ਕਰ ਕੇ ਮੋੜੇ। ਲਹੂ ਵਿੱਚ ਪਾਣੀ ਪੈ ਗਏ, ਫਿਰ ਵੀ ਡਾਕਟਰ ਆਖਦੇ ਨੇ ਕਿ ਖੂਨ ਗਾੜ੍ਹਾ ਹੈ। ਖੂਨ ਚਿੱਟੇ ਨਾ ਬਣਾਓ ਤੇ ਦਿਲ ਕਾਲੇ ਨਾ ਕਰੋ। ਮਿੱਠਾ ਖਾ ਖਾ ਸੂਗਰਾਂ ਕਰ ਲਈਆਂ ਤੇ ਮਨ ਵਿੱਚ ਫਿਰ ਵੀ ਜ਼ਹਿਰਾਂ ਭਰੀਆਂ ਨੇ। ਦਿਲ ਵਿਚਲੀ ਖੋਟ ਹੀ ਰਿਸ਼ਤੇ ਖੋਟੇ ਕਰਦੀ ਹੈ ਤੇ ਫਿਰ ਕਈ ਵਾਰੀ ਖੋਟੇ ਹੀ ਕੰਮ ਆ ਜਾਇਆ ਕਰਦੇ ਨੇ; ਯਕੀਨਨ ਕੰਮ ਆਉਣ ਵਾਲੇ ਖੋਟੇ ਨਹੀਂ ਹੁੰਦੇ। ਮਨ ਦੀ ਮੈਲ਼ ਧੋ ਲਵੋ, ਜਿਉਣਾ ਸਿੱਖ ਜਾਵੋਗੇ। ਰਿਸ਼ਤਿਆਂ ਵਿੱਚੋਂ ਸੁੱਚਮ ਅਤੇ ਸੱਚਾਈ ਨਾ ਜਾਣ ਦਿਓ, ਵਿਸ਼ਵਾਸ ਆਪਣੇ ਆਪ ਲੋਹੇ ਵਰਗਾ ਬਣ ਜਾਵੇਗਾ। ਜੇ ਰਿਸ਼ਤੇ ਲੋਹੇ ਵਰਗੇ ਬਣ ਗਏ ਤਾਂ ਟੁੱਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਵਹਿਮ ਅਤੇ ਸ਼ੱਕ ਨੂੰ ਭਰੋਸੇ ਦੇ ਨੇੜੇ ਨਾ ਆਉਣ ਦਿਓ, ਖੁਸ਼ੀਆਂ ਦੇ ਖੇੜੇ ਤੇ ਚਾਅਵਾਂ ਦੇ ਵਿਹੜੇ ਹਮੇਸ਼ਾ ਹੀ ਵੱਸਦੇ ਰਹਿਣਗੇ। ਜ਼ਿੰਦਗੀ ਦੇ ਵਿਹੜੇ ਹਰੇਕ ਰੁੱਤ ਦਾ ਫੁੱਲ ਖਿੜੇਗਾ, ਬੱਸ ਦਿਲ ਦਿਆਂ ਖੇਤਾਂ ਵਿੱਚ ਰੂਹ ਨਾਲ ਖੇਤੀ ਕਰਨੀ ਸਿੱਖ ਲਵੋ ਤੇ ਬਾਕੀ ਸਭ ਰੱਬ `ਤੇ ਛੱਡ ਦਿਓ। ਰੱਬ ਰਾਖਾ!