*19 ਜੂਨ ਨੂੰ ਪੈਣਗੀਆਂ ਵੋਟਾਂ, ਗਿਣਤੀ 23 ਜੂਨ ਨੂੰ
ਜਸਵੀਰ ਸਿੰਘ ਮਾਂਗਟ
ਲੁਧਿਆਣਾ ਪੱਛਮੀ ਹਲਕੇ ਦੀ ਵਿਧਾਨ ਸਭਾ ਚੋਣਾਂ ਲਈ ਵੋਟਾਂ 19 ਜੂਨ ਨੂੰ ਪੈਣ ਪਿੱਛੋਂ ਗਿਣਤੀ ਅਤੇ ਨਤੀਜਾ ਐਲਾਨਣ ਦੀ ਤਰੀਕ 23 ਜੂਨ ਹੈ। ਇਸ ਚੋਣ ਵਿੱਚ ਅਕਾਲੀ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਭਾਜਪਾ ਵੱਲੋਂ ਆਰ.ਐਸ.ਐਸ. ਅਤੇ ਭਗਵਾ ਸਫਾਂ ਨਾਲ ਦੇਰ ਤੋਂ ਜੁੜੇ ਰਹੇ ਜੀਵਨ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਕਾਂਗਰਸ ਪਾਰਟੀ ਵੱਲੋਂ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਰਹੇ ਭਾਰਤ ਭੂਸ਼ਨ ਇਹ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਆਪਣੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਚੋਣ ਲੜਾਈ ਜਾ ਰਹੀ ਹੈ। ਅਕਾਲੀ ਦਲ ਵੱਲੋਂ ਐਡਵੋਕੇਟ ਪਰਉਪਕਾਰ ਸਿੰਘ ਨੂੰ ਇਸ ਇਲਾਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਅਤੇ ‘ਆਪ’ ਵੱਲੋਂ ਇੱਥੇ ਉਤਾਰੇ ਗਏ ਉਮੀਦਵਾਰ ਭਾਵੇਂ ਇਸ ਇਲਾਕੇ ਵਿੱਚ ਕੋਈ ਜਨਤਕ ਆਧਾਰ ਨਹੀਂ ਰੱਖਦੇ ਹਨ, ਪਰ ਇਨ੍ਹਾਂ ਉਮੀਦਵਾਰਾਂ ਦੀਆਂ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਪ੍ਰਸਾਰ ਲਈ ਪੂਰਾ ਜ਼ੋਰ ਲਗਾਇਆ ਗਿਆ ਹੈ। ਯਾਦ ਰਹੇ, ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਆਗੂ ਗੁਰਪ੍ਰੀਤ ਸਿੰਘ ਗੋਗੀ ਇਸ ਸੀਟ ਤੋਂ ਜਿੱਤੇ ਸਨ, ਪਰ ਉਨ੍ਹਾਂ ਦੀ ਮੌਤ ਹੋ ਜਾਣ ਤੋਂ ਬਾਅਦ ਇਹ ਸੀਟ ਖ਼ਾਲੀ ਹੋ ਗਈ ਸੀ। ਲੁਧਿਆਣਾ ਪੱਛਮੀ ਦੇ ਇਸ ਹਲਕੇ ਵਿੱਚ ਤਕਰੀਬਨ 80 ਫੀਸਦੀ ਵੱਸੋਂ ਹਿੰਦੂ ਭਾਈਚਾਰੇ ਦੀ ਹੈ। ਕਾਂਗਰਸ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਇਸ ਹਲਕੇ ਵਿੱਚ ਵੱਡਾ ਜਨਤਕ ਆਧਾਰ ਰੱਖਦੇ ਹਨ। ਇਹ ਵੱਖਰੀ ਗੱਲ ਹੈ ਕਿ ਉਹ ਆਪਣੇ ਖਿਲਾਫ ਕੁਝ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਹਾਲ ਹੀ ਵਿੱਚ ਜੇਲ੍ਹ ਯਾਤਰਾ ਕਰਕੇ ਬਾਹਰ ਆਏ ਹਨ। ਉਂਝ ਭ੍ਰਿਸ਼ਟਾਚਾਰ ਵਾਲੇ ਪੱਖ ਨੂੰ ਹੁਣ ਲੋਕਾਂ ਨੇ ਸਹਿਣ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਆਮ ਤੌਰ `ਤੇ ਵੋਟ ਪਾਉਣ ਵੇਲੇ ਲੋਕ ਅਜਿਹੇ ਮਸਲਿਆਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ। ਕੋਈ ਲੀਡਰ ਮੰਤਰੀ-ਸੰਤਰੀ ਬਣਨ ਤੋਂ ਬਾਅਦ ਆਮ ਲੋਕਾਂ ਦੀ ਪਹੁੰਚ ਵਿੱਚ ਰਹਿੰਦਾ ਹੈ ਜਾਂ ਨਹੀਂ, ਇਸ ਪੱਖ ਨੂੰ ਵਧੇਰੇ ਧਿਆਨ ਵਿੱਚ ਰੱਖਿਆ ਜਾਂਦਾ ਹੈ। ਕੁਝ ਅਖਬਾਰਾਂ ਵੱਲੋਂ ਇਸ ਕਿਸਮ ਦੀ ਚਰਚਾ ਅੱਗੇ ਵਧਾਈ ਗਈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਵਿੱਚ ਚਲਦੀ ਰਹੀ ਪਾਟੋਧਾੜ ਕਾਰਨ ਕਾਂਗਰਸ ਪਾਰਟੀ ਦਾ ਉਮੀਦਵਾਰ ਜਿੱਤਣ ਦੀ ਹਾਲਤ ਵਿੱਚ ਨਹੀਂ ਆ ਸਕੇਗਾ, ਸਗੋਂ ਮੁੱਖ ਮੁਕਾਬਲਾ ‘ਆਪ’ ਅਤੇ ਭਾਜਪਾ ਵਿਚਕਾਰ ਰਹੇਗਾ। ਮੁਹਿੰਮ ਨਾਲ ਜੁੜੇ ਰਹੇ ਕਾਂਗਰਸੀ ਵਰਕਰਾਂ ਦਾ ਆਖਣਾ ਹੈ ਕਿ ਪਾਰਟੀ ਦੇ ਸੀਨੀਅਰ ਲੀਡਰਾਂ ਵਿੱਚ ਚੱਲ ਰਹੀਆਂ ਆਪਸੀ ਨਾਰਾਜ਼ਗੀਆਂ ਦੇ ਬਾਵਜੂਦ ਆਸ਼ੂ ਦੇ ਆਪਣੇ ਗਰੁੱਪ ਨੇ ਪ੍ਰਚਾਰ ਮੁਹਿੰਮ ਬੜੇ ਜ਼ੋਰਦਾਰ ਢੰਗ ਨਾਲ ਚਲਾਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਆਮ ਅਦਮੀ ਪਾਰਟੀ ਦੇ ਖਿਲਾਫ ਪੰਜਾਬ ਦੇ ਲੋਕਾਂ ਵਿੱਚ ਫੈਲੀ ਨਾਰਾਜ਼ਗੀ ਉਨ੍ਹਾਂ ਦੇ ਪੱਖ ਵਿੱਚ ਭੁਗਤੇਗੀ। ਉਂਝ ਆਖਰੀ ਦੌਰ ਵਿੱਚ ਆਣ ਕੇ ਕਾਂਗਰਸ ਪਾਰਟੀ ਦੇ ਸਾਰੇ ਸੀਨੀਅਰ ਲੀਡਰ ਭਾਰਤ ਭੂਸ਼ਨ ਦੇ ਪੱਖ ਵਿੱਚ ਉੱਤਰ ਆਏ ਸਨ। ਭਾਵੇਂ ਸੁਖਬੀਰ ਸਿੰਘ ਬਾਦਲ ਨੇ ਆਪਣੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਐਲਾਨ ਕੀਤਾ ਹੈ ਕਿ ਸਾਰੇ ਤਬਕਿਆਂ ਦੇ ਲੋਕ ਅਕਾਲੀ ਦਲ ਦੇ ਉਮੀਦਵਾਰ ਨੂੰ ਵੋਟ ਪਾਉਣਗੇ, ਪਰ ਲਗਦਾ ਇਹ ਹੈ ਕਿ ਅਕਾਲੀ ਦਲ ਦੇ ਆਪਣੇ ਧਾਰਮਿਕ-ਸਿਆਸੀ ਉਲਝੇਵਿਆਂ ਕਾਰਨ ਹਾਲੇ ਲੋਕਾਂ, ਖਾਸ ਕਰਕੇ ਸਿੱਖ ਤਬਕਾ ਅਕਾਲੀ ਦਲ ਤੋਂ ਨਾਰਾਜ਼ ਹੈ ਅਤੇ ਉਹ ਵੋਟਾਂ ਖੱਟਣ ਦੇ ਮਾਮਲੇ ਵਿੱਚ ਸਭ ਤੋਂ ਪਿੱਛੇ ਰਹੇਗਾ। ਅਸਲ ਵਿੱਚ ਇਸ ਸੀਟ `ਤੇ ਭਾਜਪਾ, ‘ਆਪ’ ਅਤੇ ਕਾਂਗਰਸ ਵਿੱਚ ਤਿਕੋਣਾ ਮੁਕਾਬਲਾ ਹੈ। ਅਕਾਲੀਆਂ ਨੂੰ ਆਸ ਹੈ ਕਿ ਖੇਤਰੀ ਪਾਰਟੀ ਹੋਣ ਕਾਰਨ ਲੋਕ ਉਨ੍ਹਾਂ ਦੇ ਹੱਕ ਵਿੱਚ ਭੁਗਤਣਗੇ। ਇਹ ਪੱਖ ਵੀ ਅਕਾਲੀ ਦਲ ਨੂੰ ਪ੍ਰਭਾਵਤ ਕਰੇਗਾ ਕਿ ਭਾਜਪਾ ਇਸ ਵਾਰ ਵੱਖਰੇ ਤੌਰ `ਤੇ ਚੋਣ ਲੜ ਰਹੀ ਹੈ।
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੁਪਤਾ ਭਾਜਪਾ ਅਤੇ ਸੰਘ ਦੀਆਂ ਅੰਦਰੂਨੀ ਸਫਾਂ ਵਿੱਚ ਤਾਂ ਜਾਣਿਆ-ਪਛਾਣਿਆ ਚਿਹਰਾ ਹਨ, ਪਰ ਵੱਡੇ ਜਨਤਕ ਆਧਾਰ ਵਾਲੇ ਲੀਡਰ ਉਹ ਵੀ ਨਹੀਂ ਹਨ। ਚੋਣ ਵੀ ਉਹ ਪਹਿਲੀ ਵਾਰ ਲੜ ਰਹੇ ਹਨ, ਪਰ ਉਨ੍ਹਾਂ ਨੂੰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਤੇ ਸਥਾਨਕ ਆਗੂਆਂ ਦੀ ਪੂਰਨ ਹਮਾਇਤ ਹੈ। ਉਂਝ ਵੀ ਅੱਜ ਦੀ ਤਾਰੀਕ ਵਿੱਚ ਭਾਜਪਾ ਹੀ ਇੱਕੋ ਇੱਕ ਕਾਡਰ ਆਧਾਰ ਪਾਰਟੀ ਹੈ। ਉਨ੍ਹਾਂ ਦੇ ਹੱਕ ਵਿੱਚ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਵੀ ਪ੍ਰਚਾਰ ਕਰ ਕੇ ਗਏ ਹਨ। ਪੰਜਾਬ ਭਾਜਪਾ ਦੇ ਆਗੂ ਸੁਨੀਲ ਜਾਖੜ ਨੇ ਉਨ੍ਹਾਂ ਦੇ ਹੱਕ ਵਿੱਚ ਜ਼ੋਰਦਾਰ ਪ੍ਰਚਾਰ ਕੀਤਾ ਹੈ। ਯਾਦ ਰਹੇ, ਜੀਵਨ ਗੁਪਤਾ ਪੰਜਾਬ ਭਾਜਪਾ ਦੇ ਉੱਪ ਪ੍ਰਧਾਨ, ਜਨਰਲ ਸਕੱਤਰ ਅਤੇ ਸਕੱਤਰ ਰਹਿ ਚੁੱਕੇ ਹਨ।
2027 ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਇਸ ਚੋਣ ਨੂੰ ਚੁਣੌਤੀ ਵਜੋਂ ਲੈ ਰਹੀ ਹੈ। ਅਗਲੀਆਂ ਵਿਧਾਨ ਸਭਾ ਚੋਣਾਂ `ਤੇ ਇਸ ਸੀਟ ਦੇ ਨਤੀਜੇ ਦਾ ਅਸਰ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਨੇ ਇਸ ਚੋਣ ਨੂੰ ਵੱਕਾਰ ਦਾ ਸਵਾਲ ਬਣਾਇਆ ਹੈ।
ਜੇ ਸਾਰੀਆਂ ਪਾਰਟੀਆਂ ਦਾ ਤੁਲਨਾਤਮਕ ਅਧਿਅਨ ਕੀਤਾ ਜਾਵੇ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਸਾਰਿਆਂ `ਤੇ ਭਾਰੂ ਪੈਂਦੇ ਵਿਖਾਈ ਦੇ ਰਹੇ ਹਨ। ਜੇ ਉਹ ਇਹ ਸੀਟ ਕੱਢਣ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਇੱਕ ਪਾਸੇ ਤਾਂ ਕਾਂਗਰਸ ਪਾਰਟੀ ਨੂੰ 2027 ਦੀ ਵਿਧਾਨ ਸਭਾ ਚੋਣ ਵਿੱਚ ਮੁੜ ਸੱਤਾ ਹਾਸਲ ਕਰਨ ਦੀ ਆਸ ਬਣ ਸਕਦੀ ਹੈ। ਇਸ ਨਾਲ ਪਾਰਟੀ ਦੇ ਲੀਡਰਾਂ ਵਿੱਚ ਇਕਸੁਰਤਾ ਵੀ ਵਧ ਸਕਦੀ ਹੈ। ਫਿਰ ਵੀ ਅਗਲੀ ਵਾਰ ਮੁੱਖ ਮੰਤਰੀ ਬਣਨ ਲਈ ਇਕ-ਦੂਜੇ ਨੂੰ ਡੌਮੀਨੇਟ ਕਰਨ ਦਾ ਬੈਕ ਚੈਨਲ ਸੰਘਰਸ਼ ਚਲਦਾ ਹੀ ਰਹੇਗਾ। ਉਂਝ ਆਮ ਤੌਰ `ਤੇ ਸਥਾਨਕ ਸੱਤਾ ਹੱਥ ਵਿੱਚ ਹੋਣ ਕਾਰਨ ਆਮ ਤੌਰ `ਤੇ ਸੱਤਾਧਾਰੀ ਪਾਰਟੀਆਂ ਜ਼ਿਮਨੀ ਚੋਣ ਜਿੱਤ ਜਾਂਦੀਆਂ ਹਨ; ਪਰ ਬੇਅੰਤ ਸਿੰਘ ਸਰਕਾਰ ਵੇਲੇ ਗਿੱਦੜਬਾਹਾ ਤੋਂ ਥੋੜ੍ਹੇ ਜਿਹੇ ਫਰਕ ਨਾਲ ਮਨਪ੍ਰੀਤ ਸਿੰਘ ਬਾਦਲ ਚੋਣ ਜਿੱਤ ਗਏ ਸਨ। ਇਸ ਜਿੱਤ ਨੇ 1997 ਵਿੱਚ ਅਕਾਲੀ ਸਰਕਾਰ ਦੀ ਵਾਪਸੀ ਤੈਅ ਕਰ ਦਿੱਤੀ ਸੀ।
ਆਮ ਆਦਮੀ ਪਾਰਟੀ ਵੱਲੋਂ ਕਾਫੀ ਸਮਾਂ ਪਹਿਲਾਂ ਇਸ ਚੋਣ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਇਸ ਕਾਰਨ ਉਨ੍ਹਾਂ ਦੀ ਚੋਣ ਮੁਹਿੰਮ ਵੀ ਸਭ ਤੋਂ ਪਹਿਲਾਂ ਸ਼ੁਰੂ ਹੋ ਗਈ ਸੀ। ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਇਸ ਚੋਣ ਮੁਹਿੰਮ ਲਈ ਵਾਹਵਾ ਜ਼ੋਰ ਲਗਾਇਆ ਹੈ। ਸ਼ੁਰੂ ‘ਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੀ ਗੇੜਾ ਮਾਰ ਗਏ ਸਨ, ਪਰ ਬਾਅਦ ਵਿੱਚ ਉਹ ਵੇਖਣ ਨੂੰ ਨਹੀਂ ਮਿਲੇ। ਭਾਵੇਂ ਕਿ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਇੱਥੇ ਪ੍ਰਚਾਰ ਕਰਦੀ ਰਹੀ ਹੈ। ‘ਆਪ’ ਦੇ ਸਟੇਟ ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਵੀ ਵਾਹਵਾ ਵਾਹ ਲੱਗੀ ਹੈ।
ਯਾਦ ਰਹੇ, 2024 ਦੀ ਲੋਕ ਸਭਾ ਚੋਣ ਵਿੱਚ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਇਸ ਹਲਕੇ ਤੋਂ ਸਭ ਤੋਂ ਵੱਧ (45,424) ਵੋਟਾਂ ਪਈਆਂ ਸਨ; ਜਦਕਿ ਕਾਂਗਰਸ ਪਾਰਟੀ ਦੇ ਲੋਕ ਸਭਾ ਵਿੱਚ ਉਮੀਦਵਾਰ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ 30,889 ਵੋਟਾਂ ਪਈਆਂ ਸਨ। ਲੋਕ ਸਭਾ ਚੋਣ ਵਿੱਚ ‘ਆਪ’ ਅਤੇ ਅਕਾਲੀ ਉਮੀਦਵਾਰ ਕਾਫੀ ਪਛੜ ਗਏ ਸਨ। 2022 ਦੀਆਂ ਰਾਜ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ 40,000 ਤੋਂ ਵੱਧ ਵੋਟਾਂ ਲੈ ਕੇ ਜਿੱਤੇ ਸਨ। ਕਾਂਗਰਸ ਪਾਰਟੀ ਦੇ ਆਸ਼ੂ ਨੂੰ 32,931 ਵੋਟਾਂ ਮਿਲੀਆਂ ਸਨ। ਭਾਜਪਾ ਦਾ ਉਮੀਦਵਾਰ ਇਨ੍ਹਾਂ ਚੋਣਾਂ ਵਿੱਚ ਤੀਜੇ ਨੰਬਰ `ਤੇ ਰਿਹਾ ਸੀ। ਉਸ ਨੂੰ 28,107 ਵੋਟਾਂ ਪ੍ਰਾਪਤ ਹੋਈਆਂ ਸਨ। ਅਕਾਲੀ ਦਲ ਵੱਲੋਂ ਲੁਧਿਆਣਾ ਪੱਛਮੀ ਦੀ ਸੀਟ 1997 ਅਤੇ 2007 ਵਿੱਚ, ਦੋ ਵਾਰ ਜਿੱਤੀ ਗਈ ਹੈ; ਪਰ ਦੋਨੋ ਵਾਰ ਅਕਾਲੀ-ਭਾਜਪਾ ਗਠਜੋੜ ਮੌਜੂਦ ਸੀ, ਜਦਕਿ ਹੁਣ ਸਥਿਤੀ ਇਸ ਪੱਖੋਂ ਬਦਲ ਗਈ ਹੈ। ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਖੋ-ਵੱਖ ਇਸ ਸੀਟ `ਤੇ ਆਪਣੀ ਕਿਸਮਤ ਅਜ਼ਮਾ ਰਹੇ ਹਨ।