*ਸਿੱਖ ਸੰਘਰਸ਼ ਲਈ ਜੰਗ ਦੇ ਅਰਥ*
ਡਾ. ਜਸਵੀਰ ਸਿੰਘ
ਪਿਛਲੀਆਂ ਦੋ ਸਦੀਆਂ ਵਿੱਚ ਜੰਗ ਦੇ ਵਰਤਾਰੇ ਦੀਆਂ ਜੜ੍ਹਾਂ ਮੁੱਖ ਰੂਪ ਵਿੱਚ ਰਾਜ ਦੇ ਸਾਮਰਾਜੀ ਅਤੇ ਨੇਸ਼ਨ ਸਟੇਟ ਰੂਪਾਂ ਦੇ ਪੈਦਾ ਹੋਣ ਤੇ ਪਤਨ ਨਾਲ ਜੁੜ੍ਹੀਆਂ ਹੋਈਆਂ ਹਨ| ਇਹ ਜੰਗਾਂ ਰਾਜ ਦੇ ਸਾਮਰਾਜੀ ਰੂਪ ਦੇ ਨੇਸ਼ਨ ਸਟੇਟ ਵਿੱਚ ਸੰਸਥਾਗਤ ਬਦਲਾਅ ਦੇ ਅਮਲ ਨਾਲ ਵੀ ਸਬੰਧਿਤ ਹਨ। ਜੰਗ ਨੇ ਸਿੱਖਾਂ ਦੀ ਰਾਜਨੀਤਿਕ ਹੋਣੀ ’ਤੇ ਵੀ ਵੱਡੇ ਅਸਰ ਪਾਏ ਹਨ| ਇਸੇ ਸੰਦਰਭ ਵਿੱਚ ਜੰਗ ਦੇ ਸਿੱਖਾਂ ਦੇ ਕੌਮੀ ਆਜ਼ਾਦੀ ਦੇ ਸੰਘਰਸ਼ ’ਤੇ ਪੈਣ ਵਾਲੇ ਅਸਰ ਬਾਰੇ ਵੀ ਰਚਨਾਤਮਿਕ ਸਮਝ ਉਸਾਰਨ ਦੀ ਕੋਸ਼ਿਸ਼ ਕੀਤੀ ਗਈ ਹੈ| ਪਿਛਲੇ ਲੇਖ ਵਿੱਚ ਤੁਸੀਂ ‘ਯੂਰਪ ਵਿੱਚ ਜੰਗਾਂ ਦਾ ਰਾਜਨੀਤਿਕ ਬਦਲਾਵਾਂ ਵਿੱਚ ਯੋਗਦਾਨ’ ਬਾਰੇ ਪੜ੍ਹ ਚੁਕੇ ਹੋ। ਹਥਲੇ ਲੇਖ ਵਿੱਚ ‘ਸਿੱਖ ਭਾਈਚਾਰੇ ਦੇ ਰਾਜਨੀਤਿਕ ਵਿਗਾਸ ਵਿੱਚ ਜੰਗਾਂ ਦਾ ਯੋਗਦਾਨ’ ਬਾਰੇ ਚਰਚਾ ਕੀਤੀ ਗਈ ਹੈ। ਇਹ ਲੇਖ ਦੀ ਦੂਜੀ ਤੇ ਆਖਰੀ ਕਿਸ਼ਤ ਹੈ…
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਸਿੱਖ ਭਾਈਚਾਰੇ ਦੇ ਢਾਂਚਾਗਤ ਤੇ ਸੱਭਿਆਚਾਰਕ ਵਿਗਾਸ ਦੇ ਸਰੋਤ ਸਿੱਖ ਧਰਮ ਅਤੇ ਗੁਰਮੁਖੀ ਲਿਪੀ ’ਤੇ ਆਧਾਰਿਤ ਭਾਸ਼ਾਈ ਸੱਭਿਆਚਾਰ ਹਨ| ਸਿੱਖ ਧਰਮ ਦੀ ਸਿਰਜਣਾ ਗੁਰੂ ਨਾਨਕ ਸਾਹਿਬ ਵੱਲੋਂ ਪੰਜਾਬ ਦੀ ਧਰਤੀ ’ਤੇ ਕੀਤੀ ਗਈ| ਗੁਰੂ ਨਾਨਕ ਸਾਹਿਬ ਨੇ ਜਦੋਂ ਸਿੱਖ ਧਰਮ ਦੀ ਸਿਰਜਣਾ ਦਾ ਅਮਲ ਸ਼ੁਰੂ ਕੀਤਾ ਤਾਂ ਉਸ ਸਮੇਂ ਲੋਧੀ ਸਾਮਰਾਜ ਆਪਣੇ ਪਤਨ ਵੱਲ ਵੱਧ ਰਿਹਾ ਸੀ| ਪੰਜਾਬ ਵਿੱਚ ਸਮਾਜਿਕ ਪੱਧਰ ’ਤੇ ਸੰਸਕ੍ਰਿਤ ਭਾਸ਼ਾ ’ਤੇ ਆਧਾਰਿਤ ਵੈਦਿਕ ਹਿੰਦੂ ਧਰਮ ਦਾ ਦਾਬਾ ਸੀ| ਗੁਰੂ ਨਾਨਕ ਸਾਹਿਬ ਅਤੇ ਦੂਜੇ ਗੁਰੂ ਸਾਹਿਬਾਨ ਦੀ ਦੋ ਸਦੀਆਂ ਵਿਚਲੀ ਬੌਧਿਕ ਅਤੇ ਜੰਗੀ ਸਰਗਰਮੀ ਇਸ ਹਿੰਦੂ ਧਾਰਮਿਕ ਦਾਬੇ ਨੂੰ ਤੋੜਨ ਵੱਲ ਸੇਧਿਤ ਰਹੀ| ਲੇਖ ਦੇ ਪਿਛਲੇ ਹਿੱਸੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਪੰਦਰਵੀਂ ਅਤੇ ਸੋਹਲਵੀਂ ਸਦੀ ਦੌਰਾਨ ਯੂਰਪ ਵਿੱਚ ਈਸਾਈ ਕੈਥੋਲਿਕ ਚਰਚ ਦੀ ਧਾਰਮਿਕ ਸੱਤਾ ਰਾਜਸੀ ਸੱਤਾ ’ਤੇ ਕਾਬਜ਼ ਸੀ|
ਇਸ ਦੇ ਉਲਟ ਪੰਜਾਬ ਵਿੱਚ ਇਸ ਸਮੇਂ ਕੁੱਝ ਸਮੇਂ ਲਈ ਰਾਜਸੀ ਤੌਰ ’ਤੇ ਲੋਧੀ ਸਾਮਰਾਜ ਅਤੇ ਬਾਅਦ ਵਿੱਚ ਮੁਗ਼ਲ ਸਾਮਰਾਜ ਕਾਬਜ਼ ਸਨ| ਇਨ੍ਹਾਂ ਸਾਮਰਾਜਾਂ ਵਿਚਲੇ ਸ਼ਾਸ਼ਕ ਇਸਲਾਮ ਧਰਮ ਦੇ ਧਾਰਨੀ ਸਨ, ਜਿਸ ਕਰਕੇ ਇਸਲਾਮ ਧਰਮ ਦਾ ਸਮਾਜਿਕ ਤੌਰ ’ਤੇ ਭਾਰੀ ਅਸਰ ਸੀ; ਪਰ ਗੈਰ-ਮੁਸਲਿਮ ਵਸੋਂ ’ਤੇ ਹਿੰਦੂ ਧਰਮ ਦਾ ਸਮਾਜਿਕ ਦਾਬਾ ਸੀ| ਈਸਾਈ ਧਾਰਮਿਕ ਸੱਤਾ ਦੇ ਮੁਕਾਬਲੇ ਇਸਲਾਮ ਦੀ ਧਾਰਮਿਕ ਸੱਤਾ ਸਾਮਰਾਜੀ ਸ਼ਾਸ਼ਕਾਂ ਤੋਂ ਉੱਚੀ ਸੱਤਾ ਨਹੀਂ ਸੀ| ਨਾ ਹੀ ਇਸਾਈ ਧਾਰਮਿਕ ਸੱਤਾਂ ਵਾਗ ਇਸਲਾਮਿਕ ਧਾਰਮਿਕ ਸੱਤਾ ਮਹਾਂਦੀਪ ਪੱਧਰ ਦੀ ਵਡੇਰੀ ਪਛਾਣ ਸਿਰਜਦੀ ਸੀ| ਇਸ ਦੇ ਉਲਟ ਸਮਾਜਿਕ ਪੱਧਰ ’ਤੇ ਭਾਰੂ ਹਿੰਦੂ ਧਾਰਮਿਕ ਸੱਤਾ ਭਾਵੇਂ ਰਾਜਸੀ ਖੇਤਰ ਤੋਂ ਬਾਹਰ ਸੀ, ਪਰ ਇਸ ਸੱਤਾ ਦਾ ਭਾਰਤੀ ਉਪ-ਮਹਾਂਦੀਪ ਵਿੱਚ ਰਾਜਸੀ ਸੱਤਾ ਤੋਂ ਉਚੀ ਸੱਤਾ ਹੋਣ ਦਾ ਇਤਿਹਾਸ ਮੌਜੂਦ ਸੀ| ਚੱਕਰਵਰਤੀ ਰਾਜੇ ਦਾ ਹਿੰਦੂ ਸਿਧਾਂਤ ਅਤੇ ਚਾਣਕਿਆ ਦਾ ਮੰਡਲ ਰਾਜ ਦਾ ਸਿਧਾਂਤ ਹਿੰਦੂ ਧਾਰਮਿਕ ਸੱਤਾ ਨੂੰ ਸ਼ਾਸ਼ਕਾਂ ਤੋਂ ਉੱਚੇ ਰੁਤਬੇ ’ਤੇ ਹੋਣ ਦੇ ਵਿਚਾਰ ਨੂੰ ਵਿਚਾਰਧਾਰਕ ਮਾਨਤਾ ਦਿੰਦੇ ਹਨ| ਇਤਿਹਾਸ ਵਿੱਚ ਇਨ੍ਹਾਂ ਸਿਧਾਂਤਾਂ ਨੂੰ ਵਿਹਾਰਕ ਤੌਰ ’ਤੇ ਲਾਗੂ ਕੀਤਾ ਜਾ ਚੁਕਾ ਸੀ| ਜਿਸ ਤਰ੍ਹਾਂ ਲੈਟਿਨ ਭਾਸ਼ਾ ਈਸਾਈ ਧਾਰਮਿਕ ਸੱਤਾ ਦੇ ਦਾਬੇ ਦਾ ਸਰੋਤ ਸੀ, ਉਸੇ ਤਰ੍ਹਾਂ ਹਿੰਦੂ ਧਾਰਮਿਕ ਸੱਤਾ ਕੋਲ ਸੰਸਕ੍ਰਿਤ ਭਾਸ਼ਾ ’ਤੇ ਆਧਾਰਿਤ ਸਮਾਜਿਕ ਅਤੇ ਰਾਜਸੀ ਦਾਬੇ ਦੀ ਇਤਿਹਾਸਕ ਵਿਰਾਸਤ ਮੌਜੂਦ ਸੀ|
ਹਿੰਦੂ ਧਰਮ ਦਾ ਸਿਧਾਂਤ ਚੱਕਰਵਰਤੀ ਰਾਜੇ ਦੀ ਬ੍ਰਹਿਮੰਡੀ ਤਾਕਤ ਤੇ ਹੱਦਾਂ ਤੋਂ ਰਹਿਤ ਦੁਨਿਆਵੀ ਤਾਕਤ ਦੇ ਫੈਲਾਅ ਨੂੰ ਮਾਨਤਾ ਦਿੰਦਾ ਹੈ ਅਤੇ ਬ੍ਰਾਹਮਣ ਵਰਗ ਨੂੰ ਧਰਮ ਦੇ ਵਿਆਖਿਆਕਾਰਾਂ ਵਜੋਂ ਰਾਜੇ ਤੋਂ ਉਪਰਲੀ ਸੱਤਾ ਦੇ ਧਾਰਨੀ ਮੰਨਦਾ ਹੈ| ਚਾਣਕਿਆ ਦਾ ਮੰਡਲ ਰਾਜ ਦਾ ਸਿਧਾਂਤ ਕੇਂਦਰੀ ਹਿੰਦੂ ਸੱਤਾ ਦੇ ਹੱਦਾਂ ਰਹਿਤ ਫੈਲਾਅ ਦਾ ਵਿਚਾਰ ਦਿੰਦਾ ਹੈ| ਹਿੰਦੂ ਧਰਮ ਦਾ ਸਿਧਾਂਤ ਮੰਡਲ ਰਾਜ ਦੇ ਰੂਪ ਵਿੱਚ ਹਿੰਦੂ ਕੇਂਦਰੀ ਸੱਤਾ ਦੇ ਅਧੀਨ ਗ਼ੈਰ-ਹਿੰਦੂ ਭਾਈਚਾਰਿਆਂ ਜਾਂ ਸਮੂਹਾਂ ਦੀ ਹੋਂਦ ਨੂੰ ਮਾਨਤਾ ਨਹੀਂ ਦਿੰਦਾ| ਜਦੋਂ ਗੁਰੂ ਸਾਹਿਬਾਨ ਪੰਜਾਬ ਦੀ ਧਰਤੀ ’ਤੇ ਸਿੱਖ ਧਰਮ ਅਤੇ ਭਾਈਚਾਰੇ ਦੀ ਸਿਰਜਣਾ ਕਰ ਰਹੇ ਸਨ ਤਾਂ ਪੰਜਾਬ ਦੀ ਰਾਜਸੀ ਸੱਤਾ ’ਤੇ ਮੁਗ਼ਲ ਸਾਮਰਾਜੀ ਸ਼ਾਸ਼ਕ ਕਾਬਜ਼ ਸਨ, ਪਰ ਗੁਰੂ ਸਾਹਿਬਾਨ ਹਿੰਦੂ ਧਾਰਮਿਕ ਸੱਤਾ ਦੇ ਸਿਧਾਂਤਕ ਅਤੇ ਵਿਹਾਰਕ ਖਾਸੇ ਤੋਂ ਪੂਰੀ ਤਰ੍ਹਾਂ ਚੇਤੰਨ ਸਨ|
ਇਸ ਸਮੇਂ ਦੌਰਾਨ ਯੂਰਪ ਵਿੱਚ ਜੰਗਾਂ ਦੇ ਅਸਰ ਕਾਰਨ ਈਸਾਈ ਧਾਰਮਿਕ ਸੱਤਾ ਅਤੇ ਰਾਜਸ਼ਾਹੀਆਂ ’ਤੇ ਆਧਾਰਿਤ ਸਾਮਰਾਜ ਦਾ ਵਿਰੋਧ ਸ਼ੁਰੂ ਹੋ ਚੁਕਾ ਸੀ| ਲੈਟਿਨ ਭਾਸ਼ਾ ਦੇ ਦਾਬੇ ਦਾ ਵਿਰੋਧ ਬਾਈਬਲ ਦੇ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦੇ ਰੂਪ ਵਿੱਚ ਸਾਹਮਣੇ ਆਇਆ, ਜਿਸ ਦੇ ਸਿੱਟੇ ਵਜੋਂ ਭਾਈਚਾਰਿਆਂ ਵਿੱਚ ਭਾਸ਼ਾਈ ਚੇਤਨਾ ਵਧ ਗਈ| ਇਸ ਭਾਸ਼ਾਈ ਚੇਤਨਾ ਨੇ ਖੇਤਰੀ ਚੇਤਨਾ ਨਾਲ ਮਿਲ ਕੇ ਰਾਜਸ਼ਾਹੀਆਂ ਅਤੇ ਸਾਮਰਾਜਾਂ ਨੂੰ ਤੋੜਨ ਵਿੱਚ ਵੱਡੀ ਭੂਮਿਕਾ ਨਿਭਾਈ| ਇੱਥੇ ਇਹ ਤੱਥ ਮਹੱਤਵਪੂਰਨ ਹੈ ਕਿ ਭਾਸ਼ਾਈ ਅਤੇ ਖੇਤਰੀ ਚੇਤਨਾ ਦੇ ਮੇਲ ਨੇ ਸਾਮਰਾਜੀ ਧਾਰਮਿਕ ਪਛਾਣ ਨੂੰ ਤਾਕਤਹੀਣ ਕਰ ਦਿੱਤਾ|
ਇਸੇ ਤਰ੍ਹਾਂ ਦਾ ਵਰਤਾਰਾ ਵੀਹਵੀਂ ਸਦੀ ਵਿੱਚ ਆਟੋਮਾਨ ਸਾਮਰਾਜ ਦੇ ਪਤਨ ਸਮੇਂ ਵੀ ਦੇਖਣ ਨੂੰ ਮਿਲਿਆ ਜਦੋਂ ਆਖ਼ਰੀ ਆਟੋਮਾਨ ਸ਼ਾਸ਼ਕ ਅਬਦੁੱਲ ਹਮੀਦ ਨੇ ਆਟੋਮਾਨ ਸਾਮਰਾਜ ਨੂੰ ਬਚਾਉਣ ਲਈ ਇਸਲਾਮਿਕ ਧਾਰਮਿਕ ਭਾਵਨਾਵਾਂ ਉਭਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਹੁਤੀ ਸਫ਼ਲਤਾ ਨਾ ਮਿਲੀ| ਭਾਰਤੀ ਉਪ-ਮਹਾਂਦੀਪ ਵਿੱਚ ਮੁਗ਼ਲ ਸਾਮਰਾਜ ਦਰਬਾਰੀ ਪ੍ਰਣਾਲੀ ਦੇ ਪ੍ਰਸ਼ਾਸ਼ਨਿਕ ਰੂਪ ’ਤੇ ਆਧਾਰਿਤ ਸੀ| ਇਨ੍ਹਾਂ ਦਰਬਾਰੀਆਂ ਨੂੰ ਮਨਸਬਦਾਰ ਕਿਹਾ ਜਾਂਦਾ ਸੀ| ਇਹ ਇੱਕ ਤਰ੍ਹਾਂ ਨਾਲ ਯੂਰਪ ਦੇ ਕੁਲੀਨ ਵਰਗਾਂ ਵਰਗੇ ਹੀ ਸਨ| ਮਨਸਬਦਾਰ ਵਰਗ ਦੀ ਗਿਣਤੀ ਮੁਗ਼ਲ ਕਾਲ ਸਮੇਂ 500 ਤੋਂ 1000 ਤੱਕ ਸੀ| ਇਹ ਕੁਲੀਨ ਵਰਗ ਮੁਗ਼ਲ ਸ਼ਾਸ਼ਕ ਦੀ ਜੇਤੂ ਤਾਕਤ ਦੇ ਕਾਇਮ ਰਹਿਣ ਤੱਕ ਉਸ ਦਾ ਵਫ਼ਾਦਾਰ ਰਹਿੰਦਾ ਸੀ ਅਤੇ ਜਿਉਂ ਹੀ ਸ਼ਾਸ਼ਕ ਕਮਜ਼ੋਰ ਹੁੰਦਾ ਸੀ ਜਾਂ ਹਾਰਦਾ ਸੀ, ਇਹ ਵਰਗ ਉਸੇ ਸਮੇਂ ਵਫ਼ਾਦਾਰੀ ਬਦਲ ਲੈਂਦਾ ਸੀ| ਇਹੀ ਕਾਰਨ ਸੀ ਕਿ ਮੁਗ਼ਲ ਸਾਮਰਾਜ ਵਿੱਚ ਰਾਜ ਸਿਰਜਣਾ ਅਤੇ ਰਾਜ ਨਾਲ ਵਫ਼ਾਦਾਰੀ ਵਰਗਾ ਅਮਲ ਪੈਦਾ ਨਾ ਹੋਇਆ|
ਯੂਰਪ ਵਿੱਚ ਕੁਲੀਨ ਵਰਗ ਭਾਈਚਾਰਿਆਂ ਦੇ ਪ੍ਰਤੀਨਿਧਾਂ ਵਜੋਂ ਰਾਜਸ਼ਾਹੀਆਂ ਦੇ ਵਿਰੋਧ ਵਿੱਚ ਭੁਗਤੇ, ਜਦਕਿ ਮੁਗ਼ਲ ਸਾਮਰਾਜ ਦੇ ਮਨਸਬਦਾਰਾਂ ਵਿੱਚ ਅਜਿਹੀ ਭਾਵਨਾ ਗ਼ੈਰ-ਹਾਜ਼ਰ ਰਹੀ| ਬਾਅਦ ਵਿੱਚ ਸਿੱਖ ਰਾਜ ਦੌਰਾਨ ਮਨਸਬਦਾਰੀ ਵਰਗੀ ਮੁਗ਼ਲ ਦਰਬਾਰੀ ਪ੍ਰਣਾਲੀ ਲਾਗੂ ਕੀਤੀ ਗਈ, ਜਿਸ ਦੇ ਸਿੱਟੇ ਵਜੋਂ ਸਿੱਖਾਂ ਨੂੰ ਵੱਡੇ ਰਾਜਸੀ ਨੁਕਸਾਨ ਝੱਲਣੇ ਪਏ| ਇਸੇ ਤਰ੍ਹਾਂ ਯੂਰਪ ਵਿੱਚ ਭਾਈਚਾਰਿਆਂ ਨਾਲ ਸਬੰਧਿਤ ਈਸਾਈ ਧਾਰਮਿਕ ਆਗੂਆਂ ਨੇ ਰਾਜਸੀ ਤਬਦੀਲੀ ਨੂੰ ਭਾਂਪਦਿਆਂ ਰੋਮ ਵਿੱਚ ਈਸਾਈ ਸੱਤਾ ਦੇ ਮੁਕਾਬਲੇ ਆਪਣੇ ਭਾਈਚਾਰਿਆਂ ਨਾਲ ਵਫ਼ਾਦਾਰੀ ਪ੍ਰਗਟਾਈ| ਚੈਕ ਅਤੇ ਪੋਲਿਸ਼ ਭਾਈਚਾਰਿਆਂ ਦੇ ਭਾਸ਼ਾਈ ਵਿਕਾਸ ਵਿੱਚ ਇਨ੍ਹਾਂ ਈਸਾਈ ਪਾਦਰੀਆਂ ਦੀ ਹੈਰਾਨੀਜਨਕ ਭੂਮਿਕਾ ਰਹੀ| ਸਿੱਖ ਧਰਮ ਵਿੱਚ ਪੁਜਾਰੀ ਵਰਗ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਗਈ, ਪਰ ਗੁਰੂ ਕਾਲ ਤੋਂ ਬਾਅਦ ਧਾਰਮਿਕ ਅਸਥਾਨਾਂ ਦੀ ਸਾਂਭ-ਸੰਭਾਲ ਅਤੇ ਗੁਰਬਾਣੀ ਪਾਠ ਦੀ ਮਰਿਆਦਾ ਨੇ ਸਿੱਖਾਂ ਵਿੱਚ ਪੁਜਾਰੀ ਵਰਗ ਨੂੰ ਜਨਮ ਦਿੱਤਾ| ਸਿੱਖਾਂ ਦੇ ਕੁਲੀਨ ਵਰਗਾਂ ਵਾਂਗ ਇਸ ਪੁਜਾਰੀ ਵਰਗ ਦੀ ਸਿੱਖ ਭਾਈਚਾਰੇ ਦੇ ਬੌਧਿਕ ਅਤੇ ਰਾਜਨੀਤਿਕ ਵਿਗਾਸ ਵਿੱਚ ਬਹੁਤੀ ਹਾਂ-ਪੱਖੀ ਭੂਮਿਕਾ ਨਹੀਂ ਰਹੀ|
ਗੁਰੂ ਸਾਹਿਬਾਨ ਵੱਲੋਂ ਪੰਜਾਬ ਵਿੱਚ ਗੁਰਮੁਖੀ ਲਿਪੀ ਦੀ ਸਿਰਜਣਾ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਅਤੇ ਖਾਲਸਾ ਪੰਥ ਦੀ ਸਿਰਜਣਾ ਰਾਹੀਂ ਹਿੰਦੂ ਧਾਰਮਿਕ ਪ੍ਰਬੰਧ ਤੇ ਸੰਸਕ੍ਰਿਤ ਭਾਸ਼ਾ ’ਤੇ ਆਧਾਰਿਤ ਜੀਵਨ ਪ੍ਰਬੰਧ ਦੇ ਬਰਾਬਰ ਸਿੱਖ ਧਾਰਮਿਕ ਅਤੇ ਗਿਆਨ ਪ੍ਰਬੰਧ ਸਿਰਜਣ ਵਿੱਚ ਵੱਡੀ ਸਫ਼ਲਤਾ ਹਾਸਿਲ ਕਰ ਲਈ ਸੀ| ਸਿੱਖ ਧਾਰਮਿਕ ਅਤੇ ਗਿਆਨ ਪ੍ਰਬੰਧ ਦੇ ਆਧਾਰ ’ਤੇ ਸਿਰਜਿਆ ਗਿਆ ਸਿੱਖ ਭਾਈਚਾਰਾ ਯੂਰਪੀਅਨ ਭਾਈਚਾਰਿਆਂ ਵਾਂਗ ਪ੍ਰਤੀਨਿਧਤਾ ਲਈ ਸੰਘਰਸ਼ਾਂ ਵਿੱਚੋਂ ਨਹੀਂ ਉਪਜਿਆ ਸੀ, ਪਰ ਸੰਸਕ੍ਰਿਤ ਭਾਸ਼ਾ ਦੇ ਦਾਬੇ ਨੂੰ ਤੋੜਨ ਦੇ ਸੰਦਰਭ ਵਿੱਚ ਇਸ ਦੀ ਯੂਰਪੀਅਨ ਭਾਈਚਾਰਿਆਂ ਦੇ ਉਭਾਰ ਦੇ ਵਰਤਾਰੇ ਨਾਲ ਨੇੜਤਾ ਸੀ, ਕਿਉਂਕਿ ਯੂਰਪੀਅਨ ਭਾਈਚਾਰਿਆਂ ਦੇ ਉਭਾਰ ਵਿੱਚ ਲੈਟਿਨ ਭਾਸ਼ਾ ਦੇ ਦਾਬੇ ਦੇ ਟੁੱਟਣ ਦਾ ਵੱਡਾ ਯੋਗਦਾਨ ਸੀ| ਕੁਲੀਨ ਵਰਗਾਂ ਅਤੇ ਬੁੱਧੀਜੀਵੀ ਵਰਗਾਂ ਦੇ ਸੰਦਰਭ ਵਿੱਚ ਆਏ ਸਮਾਜਿਕ ਬਦਲਾਵਾਂ ਨੇ ਯੂਰਪੀਅਨ ਭਾਈਚਾਰਿਆਂ ਨੂੰ ਨੇਸ਼ਨ ਦਾ ਦਰਜਾ ਦਿਵਾਇਆ, ਭਾਵ ਜਦੋਂ ਯੂਰਪੀਅਨ ਸਮਾਜਾਂ ਵਿੱਚ ਵਿਦਿਅਕ ਚੇਤਨਾ ਆਮ ਲੋਕਾਂ ਤੱਕ ਪਹੁੰਚੀ ਤਾਂ ਇਨ੍ਹਾਂ ਲੋਕਾਂ ਦੇ ਪੜ੍ਹੇ-ਲਿਖੇ ਯੋਗ ਹਿੱਸੇ ਰਾਜਸੀ ਤੌਰ ’ਤੇ ਉੱਚੇ ਅਹੁਦਿਆਂ ਤੱਕ ਪਹੁੰਚੇ, ਜਿਥੇ ਪਹਿਲਾਂ ਸਿਰਫ਼ ਜੱਦੀ-ਪੁਰਖੀ ਕੁਲੀਨ ਪਰਿਵਾਰਾਂ ਦੇ ਲੋਕ ਹੀ ਪਹੁੰਚਦੇ ਸਨ|
ਇਸ ਬਦਲਾਅ ਨੇ ਆਮ ਲੋਕਾਂ ਨੂੰ ਪਤਵੰਤੇ ਵਰਗਾਂ ਦਾ ਹਿੱਸਾ ਹੋਣ ਦਾ ਅਹਿਸਾਸ ਕਰਵਾਇਆ| ਇਹ ਅਹਿਸਾਸ ਕੌਮੀ ਸਵੈ-ਚੇਤਨਾ ਵਿੱਚ ਬਦਲ ਕੇ ਨੇਸ਼ਨ ਦਾ ਰੂਪ ਧਾਰ ਗਿਆ ਅਤੇ ਯੂਰਪ ਵਿੱਚ ਪ੍ਰਭੂਸੱਤਾ ਦੀ ਰਾਜਨੀਤਿਕ ਮਾਨਤਾ ਦਾ ਸਰੋਤ ਬਣ ਗਿਆ| ਯੂਰਪ ਵਿੱਚ ਨੇਸ਼ਨ ਦਾ ਸੰਕਲਪ ਜਦੋਂ ਮਾਨਤਾ ਹਾਸਿਲ ਕਰ ਰਿਹਾ ਸੀ ਤਾਂ ਉਸੇ ਸਮੇਂ ਸਿੱਖ ਭਾਈਚਾਰਾ ਪੰਜਾਬ ਦੀ ਧਰਤੀ ’ਤੇ ਢਾਂਚਾਗਤ ਰੂਪ ਅਖਤਿਆਰ ਕਰ ਰਿਹਾ ਸੀ, ਪਰ ਇਸ ਦਾ ਵਿਗਾਸ-ਅਮਲ ਯੂਰਪ ਦੇ ਨੇਸ਼ਨ ਵਰਗਾ ਨਹੀਂ ਸੀ| ਯੂਰਪੀਅਨ ਭਾਈਚਾਰੇ ਜਦੋਂ ਨੇਸ਼ਨ ਬਣੇ ਤਾਂ ਉਨ੍ਹਾਂ ਕੋਲ ਪਹਿਲਾਂ ਹੀ ਕੁਲੀਨ ਅਤੇ ਬੁੱਧੀਜੀਵੀ ਵਰਗ ਮੌਜੂਦ ਸਨ, ਜਿਨ੍ਹਾਂ ਨੇ ਆਮ ਲੋਕਾਂ ਨੂੰ ਪਤਵੰਤੇ ਵਰਗਾਂ ਦਾ ਅਹਿਸਾਸ ਕਰਵਾਇਆ; ਪਰ ਗੁਰੂ ਸਾਹਿਬਾਨਾਂ ਨੇ ਪਹਿਲਾਂ ਭਾਈਚਾਰਾ ਸਿਰਜਿਆ ਅਤੇ ਪੰਜਾਬ ਦੇ ਦੱਬੇ-ਕੁਚਲੇ ਸਾਂਝੀ ਭਾਸ਼ਾ ਬੋਲਦੇ ਲੋਕਾਂ ਨੂੰ ਪਤਵੰਤੇ ਹੋਣ ਦਾ ਅਹਿਸਾਸ ਕਰਵਾਇਆ ਤੇ ਖਾਲਸਾਈ ਪਛਾਣ ਦੇ ਰੂਪ ਵਿੱਚ ਪੰਜਾਬ ਦੀ ਧਰਤੀ ਦੇ ਰਾਜੇ ਹੋਣ ਦੀ ਭਾਵਨਾ ਪੈਦਾ ਕੀਤੀ|
ਮੁਗ਼ਲਾਂ ਅਤੇ ਅਫ਼ਗਾਨਾਂ ਨਾਲ ਹੋਈਆਂ ਲਗਾਤਾਰ ਜੰਗਾਂ ਨੇ ਹਿੰਦੂ ਜਾਤ ਪ੍ਰਬੰਧ ’ਤੇ ਆਧਾਰਿਤ ਸਮਾਜਿਕ ਦਰਜੇਬੰਦੀ ਦੀ ਹੋਂਦ ਦੇ ਬਾਵਜੂਦ ਸਿੱਖ ਭਾਈਚਾਰੇ ਦੀ ਧਾਰਮਿਕ ਸਵੈ-ਚੇਤਨਾ ਨੂੰ ਕਾਇਮ ਰੱਖਿਆ| ਬਾਬਾ ਬੰਦਾ ਸਿੰਘ ਬਹਾਦੁਰ ਦੇ ਥੋੜ੍ਹ-ਚਿਰੇ ਰਾਜ ਨੇ ਸਿੱਖ ਭਾਈਚਾਰੇ ਨੂੰ ਪ੍ਰਭੂਸੱਤਾ ਅਤੇ ਰਾਜਸੀ ਚਿੰਨ੍ਹਾਂ ਦੀ ਮਹੱਤਤਾ ਦਾ ਅਹਿਸਾਸ ਕਰਵਾ ਦਿੱਤਾ| ਅਠਾਰਵੀਂ ਸਦੀ ਵਿੱਚ ਮੁਗ਼ਲ ਸਾਮਰਾਜ ਦੀ ਸੱਤਾ ਜਦੋਂ ਢਿੱਲੀ ਹੋਈ ਤਾਂ ਸਿੱਖ ਮਿਸਲਾਂ ਦੇ ਰੂਪ ਵਿੱਚ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋ ਗਏ| ਇਸ ਸਮੇਂ ਤੱਕ ਯੂਰਪ ਵਿੱਚ ਭਾਈਚਾਰਿਆਂ ਦਾ ਕੌਮੀਕਰਨ ਹੋ ਚੁਕਾ ਸੀ ਅਤੇ ਨੇਸ਼ਨ ਦੇ ਰੂਪ ਵਿੱਚ ਕਈ ਭਾਈਚਾਰੇ ਕੇਂਦਰੀਕ੍ਰਿਤ ਰਾਜ ਸਿਰਜਣ ਵਿੱਚ ਕਾਮਯਾਬ ਹੋ ਚੁਕੇ ਸਨ| ਇਨ੍ਹਾਂ ਰਾਜਾਂ ਵਿੱਚ ਜੰਗੀ ਨੌਕਰਸ਼ਾਹੀ ਦਾ ਰੂਪ ਰਾਜਸੀ ਨੌਕਰਸ਼ਾਹੀ ਵਿੱਚ ਬਦਲ ਗਿਆ ਸੀ| ਇਹ ਪੇਸ਼ੇਵਰ ਨੌਕਰਸ਼ਾਹੀ ਰਾਜ ਦੇ ਸ਼ਾਸ਼ਕਾਂ ਅਤੇ ਸਮਾਜ ਵਿਚਕਾਰ ਸਬੰਧ ਸਿਰਜਣ ਦਾ ਕਾਮਯਾਬ ਪ੍ਰਸ਼ਾਸ਼ਨਿਕ ਯੰਤਰ ਸੀ| ਪੂਰੀ ਦੁਨੀਆਂ ਵਿੱਚ ਰਾਜ ਦੀ ਵਿਚਾਰਧਾਰਾ ਦੇ ਆਧਾਰ ’ਤੇ ਪੂਰੀ ਤਰ੍ਹਾਂ ਸਿੱਖਿਅਤ ਅਤੇ ਪੇਸ਼ੇਵਰ ਨੌਕਰਸ਼ਾਹੀ ਨੂੰ ਰਾਜ ਸਿਰਜਣ ਦਾ ਮਹੱਤਵਪੂਰਨ ਅਮਲ ਮੰਨਿਆ ਜਾਂਦਾ ਹੈ| ਮਿਸਲ ਕਾਲ ਸਮੇਂ ਦਲ ਖਾਲਸਾ ਦੇ ਵਿਹਾਰਕ ਨਮੂਨੇ ਦੇ ਹੁੰਦਿਆਂ ਵੀ ਮਿਸਲਾਂ ਦੇ ਜਥੇਦਾਰ ਪੰਜਾਬ ਵਿੱਚ ਕੇਂਦਰੀਕ੍ਰਿਤ ਰਾਜ ਅਤੇ ਸਿੱਖ ਵਿਚਾਰਧਾਰਾ ਨੂੰ ਸਮਰਪਿਤ ਪੇਸ਼ੇਵਰ ਨੌਕਰਸ਼ਾਹੀ ਦਾ ਮੁਢਲਾ ਰੂਪ ਸਿਰਜਣ ਵਿੱਚ ਅਸਫ਼ਲ ਰਹੇ|
ਉੱਨੀਵੀਂ ਸਦੀ ਦੇ ਸ਼ੁਰੂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਜਦੋਂ ਕੇਂਦਰੀਕ੍ਰਿਤ ਸਿੱਖ ਰਾਜ ਹੋਂਦ ਵਿੱਚ ਆਇਆ ਤਾਂ ਮਨਸਬਦਾਰੀ ਪ੍ਰਣਾਲੀ ਵਰਗਾ ਪ੍ਰਸ਼ਾਸ਼ਨਿਕ ਮਾਡਲ ਅਪਣਾਉਣ ਕਰਕੇ ਇਹ ਮੁਗ਼ਲ ਸਾਮਰਾਜ ਵਰਗੀਆਂ ਵਜੂਦ ਸਮੋਈਆਂ ਕਮਜ਼ੋਰੀਆਂ ਦਾ ਸ਼ਿਕਾਰ ਹੋ ਗਿਆ| ਮਨਸਬਦਾਰੀ ਪ੍ਰਣਾਲੀ ਨੇ ਸਿੱਖਾਂ ਦਾ ਯੂਰਪੀਅਨ ਭਾਈਚਾਰਿਆਂ ਵਰਗਾ ਕੁਲੀਨ ਪਤਵੰਤਾ ਵਰਗ ਪੈਦਾ ਹੀ ਨਹੀਂ ਹੋਣ ਦਿੱਤਾ, ਜੋ ਰਾਜ ਲਈ ਪੂਰੀ ਤਰ੍ਹਾਂ ਵਫ਼ਾਦਾਰ ਸੀ| ਯੂਰਪ ਵਿੱਚ ਯੂਨੀਵਰਸਿਟੀਆਂ ਵਰਗੇ ਉੱਚ ਵਿਦਿਆ ਦੇ ਕੇਂਦਰਾਂ ਤੱਕ ਆਮ ਲੋਕਾਂ ਦੀ ਪਹੁੰਚ ਸੀ, ਪਰ ਪੰਜਾਬ ਵਿੱਚ ਵਿਦਿਆ ਦੇ ਉੱਚੇ ਕੇਂਦਰਾਂ ਦੀ ਅਣਹੋਂਦ ਨੇ ਯੂਰਪੀਅਨ ਭਾਈਚਾਰਿਆਂ ਵਾਂਗ ਆਮ ਸਿੱਖ ਲੋਕਾਂ ਵਿੱਚੋਂ ਸਿੱਖ ਕੁਲੀਨ ਵਰਗ ਦੇ ਪੈਦਾ ਹੋਣ ਦੀ ਸੰਭਾਵਨਾ ਵੀ ਖਤਮ ਕੀਤੀ ਰੱਖੀ| ਸਿੱਖ ਰਾਜ ਦੇ ਦਰਬਾਰੀਆਂ ਵਿੱਚ ਅਤੇ ਨੌਕਰਸ਼ਾਹਾਂ ਵਿੱਚ ਗ਼ੈਰ-ਸਿੱਖਾਂ ਦੀ ਭਰਮਾਰ ਸੀ| ਸਿੱਖਾਂ ਕੋਲ ਸਿਰਫ਼ ਖਾਲਸਾ ਫੌਜ ਹੀ ਸੀ, ਜਿਸ ਵਿੱਚ ਉਹ ਬਹੁ-ਗਿਣਤੀ ਵਿੱਚ ਸਨ| ਸਿੱਖਾਂ ਦਾ ਧਾਰਮਿਕ ਪੁਜਾਰੀ ਵਰਗ ਵੀ ਯੂਰਪੀਅਨ ਪੁਜਾਰੀ ਵਰਗਾਂ ਵਾਂਗ ਆਪਣੇ ਭਾਈਚਾਰੇ ਦੇ ਰਾਜਸੀ ਵਿਗਾਸ ਵਿੱਚ ਕੋਈ ਹਾਂ-ਪੱਖੀ ਭੂਮਿਕਾ ਨਾ ਨਿਭਾਅ ਸਕਿਆ ਅਤੇ ਹਿੰਦੂ ਧਾਰਮਿਕ ਸੱਤਾ ਦਾ ਹਿੱਸਾ ਬਣ ਗਿਆ|
ਇਸੇ ਤਰ੍ਹਾਂ ਇਨ੍ਹਾਂ ਕਾਰਨਾਂ ਕਰਕੇ ਸਿੱਖਾਂ ਵਿੱਚ ਧਾਰਮਿਕ ਭਾਈਚਾਰਕ ਏਕੇ ਦੀ ਭਾਵਨਾ ਅਤੇ ਪੰਜਾਬ ਦੀ ਧਰਤੀ ਦੇ ਗੁਰੂ ਸਾਹਿਬਾਨ ਦੀ ਧਰਤੀ ਹੋਣ ਦੇ ਪਵਿੱਤਰ ਅਹਿਸਾਸ ਹੋਣ ਦੇ ਬਾਵਜੂਦ ਸਿੱਖ ਭਾਈਚਾਰਾ ਯੂਰਪੀਅਨ ਰਾਜਾਂ ਵਰਗਾਂ ਖੇਤਰੀ ਰਾਜ ਸਿਰਜਣ ਵਿੱਚ ਅਸਫ਼ਲ ਰਿਹਾ| ਖਾਲਸਾ ਰਾਜ ਵਿੱਚ ਆਮ ਸਿੱਖਾਂ ਵਿੱਚੋਂ ਕੁਲੀਨ ਵਰਗ, ਨੌਕਰਸ਼ਾਹੀ ਅਤੇ ਬੁੱਧੀਜੀਵੀ ਵਰਗ ਪੈਦਾ ਨਾ ਹੋਣ ਦੇ ਸਿੱਟੇ ਵਜੋਂ ਜਦੋਂ ਖਾਲਸਾ ਫੌਜ ਅੰਗਰੇਜ਼ ਬਸਤੀਵਾਦੀ ਸ਼ਾਸ਼ਕਾਂ ਹੱਥੋਂ ਹਾਰੀ ਤਾਂ ਸਿੱਖ ਭਾਈਚਾਰੇ ਦਾ ਬਸਤੀਵਾਦ ਖਿਲਾਫ਼ ਕੋਈ ਸੰਸਥਾਗਤ ਸੰਘਰਸ਼ ਕਦੇ ਵੀ ਹੋਂਦ ਵਿੱਚ ਨਾ ਆਇਆ| 1849 ਈਸਵੀ ਵਿੱਚ ਖਾਲਸਾ ਫੌਜਾਂ ਦੀ ਹਾਰ ਤੋਂ ਬਾਅਦ ਸਿੱਖ ਆਧੁਨਿਕ ਪੱਛਮੀ ਰਾਜਨੀਤਿਕ ਪ੍ਰਣਾਲੀ ਦੇ ਸਿੱਧੇ ਸੰਪਰਕ ਵਿੱਚ ਆਉਣੇ ਚਾਹੀਦੇ ਸਨ, ਪਰ ਸਿੱਖਾਂ ਦਾ ਇਹ ਸੰਪਰਕ ਹਿੰਦੂ ਰਾਸ਼ਟਰਵਾਦੀ ਤਾਕਤਾਂ ਰਾਹੀਂ ਹੋਇਆ| ਹਿੰਦੂ ਧਾਰਮਿਕ ਅਤੇ ਰਾਜਨੀਤਿਕ ਕੁਲੀਨ ਵਰਗ ਪੱਛਮੀ ਸਿਧਾਂਤਕਾਰੀ ਦੇ ਦਾਬੇ ਦੀਆਂ ਤਕਨੀਕਾਂ ਨੂੰ ਹੈਰਾਨੀਜਨਕ ਤਰੀਕੇ ਨਾਲ ਸਮਝ ਚੁਕੇ ਸਨ| ਉਨ੍ਹਾਂ ਪੱਛਮੀ ਵਿਦਵਾਨਾਂ ਵੱਲੋਂ ਸਿਰਜੇ ਹਿੰਦੂਵਾਦ ਦਾ ਰੂਪ ਕਦੇ ਵੀ ਰੱਦ ਨਹੀਂ ਕੀਤਾ| ਹਿੰਦੂਵਾਦ ਦਾ ਆਧੁਨਿਕ ਪੱਛਮੀ ਰੂਪ ਹਿੰਦੂ ਕੁਲੀਨ ਵਰਗਾਂ ਲਈ ਹਿੰਦੂ ਚੱਕਰਵਰਤੀ ਰਾਜੇ ਅਤੇ ਮੰਡਲ ਰਾਜ ਦੇ ਸਿਧਾਂਤ ਦਾ ਸੁਧਰਿਆ ਆਧੁਨਿਕ ਰੂਪ ਹੀ ਸੀ| ਅੰਗਰੇਜ਼ ਬਸਤੀਵਾਦੀ ਸ਼ਾਸ਼ਕਾਂ ਵੱਲੋਂ ਪੱਛਮੀ ਨਮੂਨੇ ਦੇ ਆਧਾਰ ’ਤੇ ਆਧੁਨਿਕ ਨੌਕਰਸ਼ਾਹੀ ’ਤੇ ਆਧਾਰਿਤ ਕੇਂਦਰੀਕ੍ਰਿਤ ਸਟੇਟ ਹਿੰਦੂ ਨੇਸ਼ਨਲਿਸਟਾਂ ਨੂੰ ਵਿਰਾਸਤ ਵਿੱਚ ਮਿਲ ਗਈ| ਸਿੱਖ ਪੂਰੇ ਬਸਤੀਵਾਦੀ ਕਾਲ ਦੌਰਾਨ ਹਿੰਦੂ ਨੇਸ਼ਨ ਅਤੇ ਸਟੇਟ ਸਿਰਜਣ ਦੇ ਅਮਲ ਦਾ ਹਿੱਸਾ ਬਣੇ ਰਹੇ|
ਬਸਤੀਵਾਦ ਅਤੇ ਪੱਛਮੀ ਆਧੁਨਿਕੀਕਰਨ ਦੇ ਵਰਤਾਰਿਆਂ ਦੀ ਸਿੱਖ ਪੱਖ ਤੋਂ ਵਿਆਖਿਆ ਨਾ ਹੋਣ ਕਾਰਨ ਅਤੇ ਭਾਰਤੀ ਰਾਜ ਤੇ ਹਿੰਦੂ ਤਾਕਤਾਂ ਵੱਲੋਂ ਸਿਰਜੇ ਉਤਰਬਸਤੀਵਾਦੀ ਬਿਰਤਾਂਤ ਦੇ ਅਸਰ ਹੇਠ ਮੌਜੂਦਾ ਸਿੱਖ ਸੰਘਰਸ਼ ਕਈ ਸਿਧਾਂਤਕ ਕਮਜ਼ੋਰੀਆਂ ਦਾ ਸ਼ਿਕਾਰ ਹੈ|
ਉਤਰਬਸਤੀਵਾਦੀ ਬਿਰਤਾਂਤ ਨੇ ਸਿੱਖ ਸੰਘਰਸ਼ ਦੇ ਆਗੂਆਂ ਵਿੱਚ ਸਿੱਖ ਭਾਈਚਾਰੇ ਦੇ ਇੱਕ ਏਕੀਕ੍ਰਿਤ ਇਕਾਈ ਹੋਣ ਦੇ ਵਿਸ਼ਵਾਸ ’ਤੇ ਗਹਿਰੀ ਸੱਟ ਮਾਰੀ ਹੈ| ਇਨ੍ਹਾਂ ਹਿੱਸਿਆਂ ਵਿੱਚ ਸਿੱਖ ਭਾਈਚਾਰੇ ਅਤੇ ਪਛਾਣ ਦੇ ਪੰਜਾਬ ਦੀਆਂ ਮੌਜੂਦਾ ਖੇਤਰੀ ਹੱਦਾਂ ਨਾਲ ਜੋੜਨ ਦੇ ਦਾਅਵੇ ਪ੍ਰਤੀ ਹੀਣ ਭਾਵਨਾ ਪੈਦਾ ਹੋਈ ਹੈ| ਇਹ ਪਰੂਸ਼ੀਆ ਦੀ ਹਾਰ ਤੋਂ ਪਹਿਲਾਂ ਜਰਮਨ ਵਿਦਵਾਨਾਂ ਵਾਂਗ ਬ੍ਰਹਿਮੰਡੀ ਸੁਪਨਿਆਂ ਦੇ ਸ਼ਿਕਾਰ ਹਨ| ਇਸ ਲੇਖ ਵਿੱਚ ਸਿੱਖ ਹਲਕਿਆਂ ਵਿੱਚ ਸਿੱਖਾਂ ਦੇ ਨੇਸ਼ਨ ਹੋਣ ਜਾਂ ਨਾ ਹੋਣ ਦੀ ਵਿਅਰਥ ਬਹਿਸ ਨੂੰ ਜੰਗੀ ਹਾਲਤਾਂ ਤੋਂ ਵਿਕਸਿਤ ਹੋਏ ਪੱਛਮੀ ਨੇਸ਼ਨ ਦੇ ਵਰਤਾਰੇ ਦੇ ਸੰਦਰਭ ਵਿੱਚ ਸੰਖੇਪ ਰੂਪ ਵਿੱਚ ਸਮਝਣ ਦਾ ਯਤਨ ਕੀਤਾ ਗਿਆ ਹੈ| ਇਸ ਸੰਦਰਭ ਵਿੱਚ ਇਹ ਸੁਆਲ ਡੂੰਘੀ ਖੋਜ ਦੀ ਮੰਗ ਕਰਦਾ ਹੈ ਕਿ ਹਿੰਦੂ ਧਾਰਮਿਕ ਅਤੇ ਰਾਜਨੀਤਿਕ ਕੁਲੀਨ ਵਰਗਾਂ ਵਾਂਗ ਸਿੱਖਾਂ ਨੇ ਕਦੇ ਪੱਛਮੀ ਨੇਸ਼ਨ ਅਤੇ ਨੇਸ਼ਨਲਿਜ਼ਮ ਦੇ ਸਿਧਾਂਤਾਂ ਦੀ ਤਕਨੀਕੀ ਤੌਰ ’ਤੇ ਵਰਤੋਂ ਕੀਤੀ ਹੈ? ਜਾਂ ਬਸਤੀਵਾਦੀ ਕਾਲ ਦੌਰਾਨ ਅਤੇ ਮੌਜੂਦਾ ਸਿੱਖ ਸੰਘਰਸ਼ ਨਾਲ ਸੰਬੰਧਿਤ ਕੁੱਝ ਕਾਰਵਾਈਆਂ ਪੱਛਮ ਦੇ ਨੇਸ਼ਨ ਅਤੇ ਨੇਸ਼ਨਲਿਜ਼ਮ ਦੇ ਵਰਤਾਰਿਆਂ ਨਾਲ ਸਰਵ-ਵਿਆਪਕ ਸਮਾਜਿਕ ਨਿਯਮਾਂ ਵਾਂਗ ਮੇਲ ਖਾ ਗਈਆਂ ਹਨ|
ਪੱਛਮ ਵਿੱਚ ਜੰਗ ਦੇ ਵਰਤਾਰੇ ਨੇ ਵੱਡੀਆਂ ਸੰਸਥਾਗਤ ਤਬਦੀਲੀਆਂ ਲਿਆ ਕੇ ਭਾਈਚਾਰਿਆਂ ਨੂੰ ਨੇਸ਼ਨ ਦੇ ਰੂਪ ਵਿੱਚ ਰਾਜ ਸਿਰਜਣ ਦੇ ਕਾਬਲ ਬਣਾਇਆ, ਪਰ ਅਸੀਂ ਜੰਗ ਤੋਂ ਬਾਅਦ ਹਿੰਦੂਵਾਦੀ ਪੱਛਮੀ ਘਾੜਤ ’ਤੇ ਆਧਾਰਿਤ ਹਿੰਦੂ ਨੇਸ਼ਨ ਦਾ ਹਿੱਸਾ ਬਣ ਗਏ| ਸਾਡਾ ਧਾਰਮਿਕ ਪੁਜਾਰੀ ਵਰਗ ਅੱਜ ਵੀ ਹਿੰਦੂ ਵੈਦਿਕ ਪ੍ਰਬੰਧ ਦੇ ਅਸਰ ਹੇਠ ਹੈ| ਉਹ ਕਿਹੜੇ ਕਾਰਨ ਸਨ, ਜਿਨ੍ਹਾਂ ਕਰਕੇ ਸਿੱਖ ਰਿਆਸਤਾਂ ਨੇ ਕੇਂਦਰੀਕ੍ਰਿਤ ਸਿੱਖ ਰਾਜ ਦੀ ਕਾਇਮੀ ਲਈ ਆਪਣੀਆਂ ਰਿਆਸਤਾਂ ਦਾ ਕੌਮੀਕਰਨ ਨਾ ਕੀਤਾ? ਜੰਗ ਹਾਰਨ ਤੋਂ ਬਾਅਦ ਜਰਮਨ ਨੇਸ਼ਨਲਿਸਟਾਂ ਅਤੇ ਹਿੰਦੂ ਨੇਸ਼ਨਲਿਸਟਾਂ ਵਾਂਗ ਸਿੱਖ ਨੇਸ਼ਨਲਿਸਟਾਂ ਦੇ ਬੁੱਧੀਜੀਵੀ ਵਰਗ ਦੇ ਪੈਦਾ ਨਾ ਹੋਣ ਦੇ ਕੀ ਕਾਰਨ ਹਨ? ਜੰਗ ਹਾਰਨ ਤੋਂ ਬਾਅਦ ਸਿੱਖ ਭਾਈਚਾਰਾ ਸਿੱਖਾਂ ਦੀ ਰਾਜਨੀਤਿਕ ਵਫ਼ਾਦਾਰੀ ਅਤੇ ਸਮਾਜਿਕ ਏਕੇ ਦਾ ਸਰੋਤ ਕਿਉਂ ਨਾ ਬਣ ਸਕਿਆ, ਜਦਕਿ ਹਿੰਦੂ ਨੇਸ਼ਨਲਿਸਟਾਂ ਨੇ ਸਿੱਖਾਂ ਦੀ ਧਾਰਮਿਕ ਏਕੇ ਦੀ ਭਾਵਨਾ ਨੂੰ ਹਿੰਦੂ ਨੇਸ਼ਨ ਦੇ ਹਿੱਤਾਂ ਲਈ ਸਫ਼ਲਤਾ ਸਹਿਤ ਵਰਤਿਆ?
ਜੰਗ ਨਾਲ ਸਬੰਧਿਤ ਉਪਰੋਕਤ ਸੁਆਲ ਮੌਜੂਦਾ ਸਿੱਖ ਸੰਘਰਸ਼ ਦਾ ਪਿੱਛਾ ਕਰ ਰਹੇ ਹਨ| ਇਨ੍ਹਾਂ ਸੁਆਲਾਂ ਬਾਰੇ ਬੇਹਤਰ ਸਮਝ ਉਸਾਰ ਕੇ ਕੌਮੀ ਸੰਘਰਸ਼ ਦੇ ਸਿਧਾਂਤਕ ਪੱਖਾਂ ਅਤੇ ਵਿਹਾਰਕ ਕਾਰਵਾਈਆਂ ਵਿਚਕਾਰ ਸੰਤੁਲਨ ਕਾਇਮ ਕੀਤਾ ਜਾ ਸਕਦਾ ਹੈ|
(ਸਮਾਪਤ)