ਕਦੇ ਬੋਧੀਆਂ ਦਾ ਸੰਵਾਦ ਕੇਂਦਰ ਸੀ: ਸੁਲਤਾਨਪੁਰ ਲੋਧੀ

ਆਮ-ਖਾਸ

ਪਿੰਡ ਵਸਿਆ-26
‘ਪਿੰਡ ਵਸਿਆ’ ਕਾਲਮ ‘ਪੰਜਾਬੀ ਪਰਵਾਜ਼’ ਵਿੱਚ ਸਾਲ ਭਰ ਤੋਂ ਛਪਦਾ ਰਿਹਾ ਹੈ, ਜਿਸ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ।

ਇਸ ਲੇਖ-ਲੜੀ ਦੀ ਨਿਰੰਤਰਤਾ ਵਿੱਚ ਅਸੀਂ ਦੋ ਦਰਜਨ ਲੇਖ ਪ੍ਰਕਾਸ਼ਿਤ ਕਰ ਚੁਕੇ ਹਾਂ। ਹਥਲਾ ਲੇਖ ਕੁਝ ਵਕਫੇ ਪਿੱਛੋਂ ਪ੍ਰਾਪਤ ਹੋਇਆ ਹੈ, ਜਿਸ ਦਾ ਕਾਰਨ ਇਹ ਹੈ ਕਿ ਪਿੰਡ ਦਾ ਕਿੱਸਾ ਫਰੋਲਣ/ਲੱਭਣ ਲਈ ਬਹੁਤ ਅਤੇ ਬਹੁਪਰਤੀ ਊਰਜਾ ਲੱਗਦੀ ਹੈ। ਹਥਲੀ ਲਿਖਤ ਵਿੱਚ ਸੁਲਤਾਨਪੁਰ ਲੋਧੀ ਬਾਰੇ ਸੰਖੇਪ ਗਾਥਾ ਪੇਸ਼ ਹੈ। –ਪ੍ਰਬੰਧਕੀ ਸੰਪਾਦਕ

ਵਿਜੈ ਬੰਬੇਲੀ
ਫੋਨ: +91-9463439075

“ਬੇਨ ਨਦੀ”, ਹੁਣ ਕਾਲੀ ਬੇਈਂ, ਜਿਹੜੀ ਹੁਸ਼ਿਆਰਪੁਰ ਜ਼ਿਲੇ ਦੇ ਮੁਕੇਰੀਆਂ ਲਾਗਲੇ ਟੈਰਕੀਆਣਾ ਪਿੰਡ ਲਾਗਵੇਂ ਧਨੋਆ ਛੰਭ ਤੋਂ ਸ਼ੁਰੂ ਹੋ ਵਰਾਸਤਾ ਸੁਲਤਾਨਪੁਰ ਸਤਲੁਜ ਨੂੰ ਪ੍ਰਸਥਾਨ ਕਰਦੀ ਹੈ, ਕੰਢੇ ਘੁੱਗ ਵੱਸਦਾ “ਸੁਲਤਾਨਪੁਰ ਲੋਧੀ” ਇੱਕ ਮੁੱਢ-ਕਦੀਮ ਨਗਰ ਹੈ। ਜਿਵੇਂ “ਲੋਧੀ ਤਖੱਲਸ” ਤੋਂ ਹੀ ਸਪੱਸ਼ਟ ਹੈ, ਕਪੂਰਥਲੇ ਜ਼ਿਲ੍ਹੇ ਦਾ ਉੱਘੜਵਾਂ ਕਸਬਾ, ਹੁਣ ਨਾਮਵਰ ਸਿੱਖ ਆਸਥਾ ਕੇਂਦਰ, ਜਿਹੜਾ ਬਾਬਾ ਨਾਨਕ ਜੀ ਦਾ ਕਰਮ ਖੇਤਰ ਰਿਹਾ, ਜਰੂਰ ਲੋਧੀ ਬੰਸ ਦਾ ਉੱਘਾ ਸਥਲ ਰਿਹਾ ਹੋਵੇਗਾ। “ਧਾੜਵੀਆਂ ਅਤੇ ਕੁਦਰਤੀ ਕਰੋਪੀਆਂ ਨਾਲ ਝੰਬੇ-ਉੱਜੜਦੇ ਤੇ ਮੁੜ-ਮੁੜ ਵੱਸਦੇ ਰਹੇ ਇਸ ਪ੍ਰਚੀਨ ਨਗਰ ਉੱਤੇ 11ਵੀਂ ਸਦੀ ਵਿੱਚ ਸੁਲਤਾਨ ਖਾਨ, ਜਿਹੜਾ ਮਹਿਮੂਦ ਗਜ਼ਨਵੀਂ ਦਾ ਕਲਗੀ ਸਿਪਾਹ-ਸਲਾਰ ਸੀ, ਨੇ ਕਬਜ਼ਾ ਕਰ ਇਸ ਨੂੰ ਮੁੜ ਵਸਾਇਆ, ਪੱਕੇ ਪੈਰੀਂ ਕੀਤਾ ਅਤੇ ਆਪਣਾ ਨਾਂ ਸੁਲਤਾਨ ਦਿੰਦਿਆ ਆਪਣਾ ਸਦਰ-ਮੁਕਾਮ ਬਣਾਇਆ। ਮਗਰੋਂ “ਲੋਧੀਆਂ” (ਲੋਧੀ ਬੰਸ਼) ਦੇ ਨਾਂ ਅਤੇ ਸਰਗਰਮੀਆਂ ਬਦੌਲਤ ਇਸ ਖੈੜੇ ਦਾ ਨਾਂ ਸੁਲਤਾਨਪੁਰ ਲੋਧੀ ਪੱਕ-ਪਕਾਅ ਗਿਆ। ਉਂਜ ਦੱਸਿਆ ਇਹ ਵੀ ਜਾਂਦਾ ਹੈ ਕਿ “ਪੰਜਾਬ ਦੇ ਸੂਬੇਦਾਰ ਵਲੀ ਮੁਹੰਮਦ ਖਾਨ ਦੇ ਸਪੁੱਤਰ ਸੁਲਤਾਨ ਖ਼ਾਨ ਨੇ ਇਸ ਨੂੰ ਮੁੜ ਵਸਾਇਆ ਸੀ ਅਤੇ ਲੋਧੀ ਉਪਨਾਮ ਲੋਧੀਆਂ ਵੇਲੇ ਜੁੜਿਆ।” ਮਗਰੋਂ ਇਹ ਨਗਰੀ ਜ਼ਿਆਦਾ ਉੱਘੜਵੀਂ “ਬਾਬਾ ਨਾਨਕ” ਬਦੌਲਤ ਹੋਈ।
ਖੋਜਆਰਥੀਆਂ ਮੁਤਾਬਿਕ, “ਕਾਬਲ ਦੇ ਹਿੰਦੂ ਤੇ ਦਿੱਲੀ ਦੀ ਮਦਨ ਪਾਲ ਪਾਤਸ਼ਾਹੀ ਦੀਆਂ ਇੱਥੋਂ ਅਸ਼ਰਫੀਆਂ ਮਿਲਣ ਅਤੇ ਬੋਧ ਮੱਤ ਦਾ ਕੇਂਦਰ ਹੋਣ ਕਾਰਨ ਇਹ ਪਹਿਲਾਂ ਗਿਆਂਸ਼ੁ-ਦੀਨ-ਬਲਬਨ ਦੇ ਧਾੜਿਆਂ ਦਾ ਸ਼ਿਕਾਰ ਹੋਇਆ, ਮਗਰੋਂ ਨਾਦਰਸ਼ਾਹ ਨੇ 1739 ਈ. `ਚ, ਇਸਨੂੰ ਅਜਿਹਾ ਨੇਸਤੋਨਾਬਦੂ ਕੀਤਾ ਕਿ ਇਹ ਲੰਬਾ ਸਮਾਂ ਆਪਣੀ ਸ਼ਾਨ ਪ੍ਰਾਪਤ ਨਾ ਕਰ ਸਕਿਆ। ਉਸ ਸਮੇਂ ਦੇ “ਜਲੌਅ” ਨੂੰ ਅੱਜ ਨਾਲ ਮੇਲ ਕੇ ਵੇਖੋ ਕਿ ਜਿਸ ਨਗਰ ਨੂੰ ਸ਼ਾਹ ਹੁਸੈਨ, ਕਟਾਖਸ਼ ਗਿਰੀ ਅਤੇ ਭਾਈ ਲੰਙਾ ਵਰਗੇ ਸਹਿਹੋਂਦ-ਧਰਮੀਆਂ ਦਾ ਮਾਣ ਵੀ ਪ੍ਰਾਪਤ ਸੀ, ਉਸ ਨੂੰ “ਧਰਮ-ਪ੍ਰਸਤ” ਹੋਣ ਦਾ ਦਾਅਵਾ ਕਰਨ ਵਾਲੇ ਹੀ ਥੇਹ ਕਰਦੇ ਸਨ/ਹਨ।” ਹਾਂ! ਸਾਰੇ ਮਾੜੇ ਨਹੀਂ ਹੁੰਦੇ, ਬਾਦਸ਼ਾਹ ਸ਼ੇਰ ਸ਼ਾਹ ਸੂਰੀ ਦੀ ਯਾਦ ਸਮੋਈ ਬੈਠੇ ਇਸ ਖੇੜੇ ਵਿੱਚ ਜਿੱਥੇ ਨਾਸਿਰ-ਉ-ਮੁਹੰਮਦ ਸ਼ਾਹ ਵੇਲੇ “ਸੁਲਤਾਨਪੁਰ ਟਕਸਾਲ” ਸਥਾਪਤ ਕੀਤੀ ਗਈ, ਉਥੇ ਮਿਸਲਦਾਰ ਸ. ਜੱਸਾ ਸਿੰਘ ਆਹਲੂਵਾਲੀਏ ਨੇ ਇਸਦਾ ਪੁਰਾਣਾ ਜਲੌਅ ਬਹਾਲ ਕਰਨ ਲਈ ਢੇਰ ਯਤਨ ਕੀਤੇ।
ਦਰ-ਹਕੀਕਤ; ਬੋਧੀ ਅਤੇ ਹਿੰਦੂ ਮੱਤ ਦੇ ਗਹਿਰ-ਗੰਭੀਰ ਸੰਵਾਦ ਕੇਂਦਰਾਂ ਉਪਰੰਤ ਅਤੇ ਬਾਬਾ ਨਾਨਕ ਜੀ ਦੀ ਕਰਮ ਅਤੇ ਸੰਵਾਦ ਨਗਰੀ ਵਜੋਂ ਵਿਖਿਆਤ ਹੋਣ ਤੋਂ ਪਹਿਲਾਂ ਇਸ ਨਗਰ ਨੂੰ ਰਾਜਸੀ ਪ੍ਰਸਿੱਧੀ ਉਦੋਂ ਪ੍ਰਾਪਤ ਹੋਈ, ਜਦੋਂ ਇੱਕ ਸ਼ਕਤੀਸ਼ਾਲੀ ਲੋਧੀ ਪ੍ਰਮੁੱਖ ਤਾਤਾਰ ਖਾਨ ਯੂਸਫ ਖ਼ਲੀਲ, ਜਿਸਨੇ ਨਵਾਬ ਬਹਿਲੋਲ ਲੋਧੀ ਨੂੰ ਦਿੱਲੀ ਦੇ ਤਖ਼ਤ ‘ਤੇ ਬਿਰਾਜਮਾਨ ਕਰਵਾਉਣ ਵਿਚ ਬੇ-ਜੋੜ ਹਿੱਸਾ ਪਾਇਆ ਸੀ, ਨੇ ਇਸ ਖੇੜੇ ਨੂੰ ਆਪਣੀ ਜਾਗੀਰ ਦਾ ਪ੍ਰਮੁੱਖ ਹਿੱਸਾ ਬਣਾ ਲਿਆ। ਮਗਰੋਂ ਨਵਾਬ ਦੌਲਤ ਖਾ ਲੋਧੀ, ਜਿਹੜਾ ਮਨੁੱਖੀ ਕਦਰਾਂ-ਕੀਮਤਾਂ ਅਤੇ ਉੱਚੀ ਨੈਤਿਕਤਾ ਤੇ ਸੁਹਜ ਸੁਆਦ ਦਾ ਮਾਲਕ ਸੀ, ਉਸਨੇ ਇਸ ਖੇੜੇ ਨੂੰ ਕੁਦਰਤ ਮੇਚਵੀਆਂ ਬਹੁ-ਪਰਤੀ ਲੋਕ-ਸਹੂਲਤਾਂ ਵਾਲੀ ਰਿਆਸਤ ਵਜੋਂ ਵਿਕਸਤ ਕਰਨ ਦੇ ਸੁਹਿਰਦ ਯਤਨ ਕੀਤੇ।
ਚਰਚਿਤ ਘੁੰਮੱਕੜ ਇਤਿਹਾਸਕਾਰ ਇਬਨ-ਬਤੂਤਾ ਮੁਤਾਬਿਕ “ਉਸਨੇ ਲਾਹੌਰ ਤੋਂ ਦਿੱਲੀ ਜਾਂਦਿਆਂ, ਸ਼ੇਰ ਸ਼ਾਹ ਸੂਰੀ ਨਿਰਮਤ ਸ਼ਾਹ-ਰਾਹ, ਜਿਹੜਾ ਮਗਰੋਂ “ਸ਼ੇਰ ਸ਼ਾਹ ਸੂਰੀ ਮਾਰਗ” ਵਜੋਂ ਦੁਨੀਆਂ ਭਰ ਵਿੱਚ ਚਰਚਿਤ ਹੋ ਗਿਆ, ਨਿਰਮਤ ਕਰਵਾਇਆ। ਉਸ ਨੇ ਇਸ ਮਾਰਗ, ਜਿਹੜਾ ਪਿਸ਼ੌਰ ਤੋਂ ਕਲਕੱਤਾ ਵਰਾਸਤਾ ਸੁਲਤਾਨਪੁਰ ਜਾਂਦਾ ਸੀ, ਉੱਤੇ ਲੋਕ-ਸਹੂਲਤੀ ਮਹਿਲ-ਮੁਨਾਰੇ ਉਸਾਰੇ। ਅਜਿਹਾ ਹੀ ਇੱਕ ਵਿਰਾਸਤੀ ਮੁਨਾਰਾ ਸੁਲਤਾਨਪੁਰ ਲੋਧੀ ਵਿਖੇ ਹੁਣ ਵੀ ਵੇਖਿਆ ਜਾ ਸਕਦਾ ਹੈ। ਇਹੀ ਨਹੀਂ, ਸ਼ੇਰ ਸ਼ਾਹ ਸੂਰੀ ਨੇ ਇੱਥੋਂ ਦੇ ਵਿਸ਼ਾਲ ਜਲ-ਵਹਿਣ, ਜਿਹੜਾ ਇਸ ਖਿੱਤੇ ਦੀ ਸਾਹ-ਰਗ ਸੀ, ਉੱਤੇ ਇੱਕ ਪੁਲ ਵੀ ਬਣਾਇਆ ਸੀ। ‘ਆਇਨੇ-ਅਕਬਰੀ” ਕਿਤਾਬ ਵਿੱਚ ਇੱਥੇ ਇੱਕ ਬਹੁ-ਸਹੂਲਤੀ ਸਰਾਂ ਹੋਣ ਦਾ ਵੀ ਉਲੇਖ ਹੈ। ਮੁੱਕਦੀ ਗੱਲ ਇਹ ਕਿ ਬਹੁਤੀਆਂ ਬਾਦਸ਼ਾਹੀਆਂ ਨੇ ਸੁਲਤਾਨਪੁਰ ਲੋਧੀ ਦੀ ਮਹੱਤਤਾ ਦੀ ਕਦਰ ਕੀਤੀ।
ਤਵਾਰੀਖੀਆਂ ਅਨੁਸਾਰ “ਪੰਜਾਬ ਦਾ ਇਹ ਇੱਕ ਅਜਿਹਾ ਨਗਰ ਹੈ, ਜਿਸ ਦੀ ਉਤਪਤੀ ਬੁੱਧ ਧਰਮ ਦੇ ਜ਼ਮਾਨੇ ਤੋਂ ਹੋਈ ਮੰਨੀ ਜਾਂਦੀ ਹੈ, ਜਿਹੜਾ ਲੰਬਾ ਸਮਾਂ ਬੁੱਧ ਮੱਤ ਦਾ ਸੰਵਾਦ ਅਤੇ ਸਾਧਨਾ ਕੇਂਦਰ ਰਿਹਾ, ਜਿੱਥੇ “ਕਾਤਿਆਯਾਨ” ਵਰਗੇ ਬੋਧੀ ਮਹਾਂਵਿਦਵਾਨ ਨੇ “ਅਭਿਧਰਮ-ਪ੍ਰਸਥਾਪ” ਗ੍ਰੰਥ ਦੀ ਰਚਨਾ ਕੀਤੀ ਸੀ।” ਅਰਥਾਤ; ਇਹ ਉਹੀ ਪੁਰਾਤਨ ਨਗਰੀ ਹੈ, ਜਿਹੜੀ ਢੇਰ ਵਰਸ਼ ਪਹਿਲਾਂ ਬੋਧੀਆਂ, ਫੇਰ ਮੁਸਲਿਮਾਂ ਅਤੇ ਮਗਰੋਂ ਸਿੱਖਾਂ ਦੀ ਵਿਦਿਅਕ, ਤਰਕਵੇਦੀ ਅਤੇ ਅਧਿਆਤਮਕ ਨਗਰੀ ਬਣੀ। ਕਿਤੇ ਇਹ ਉਹੀ ਸ਼ਹਿਰ ਤਾਂ ਨਹੀਂ ਜਿਸਦਾ ਜ਼ਿਕਰ ਪੁਰਾਤਨ ਇਤਿਹਾਸ ਵਿਚ “ਸਰਵਮਾਨਪੁਰ” ਵਜੋਂ ਅੰਕਿਤ ਹੈ? ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਸੂਫੀ ਫ਼ਕੀਰ ਸ਼ਾਹ ਹੂਸੈਨ ਵੀ ਇੱਥੇ ਤਾਲੀਮ ਪ੍ਰਾਪਤ ਕਰਦੇ ਰਹੇ। ਚੀਨੀ ਵਿਦਵਾਨ ਯੁਆਂਗ-ਚੁਆਂਗ ਕੋਟ ਕਰਦਾ ਹੈ ਕਿ “ਦਿਵਿਆਵਾਨ ਬੋਧੀ ਪੁਸਤਕ ਅਨੁਸਾਰ, ਉਦੋਂ ਤਿੰਨ-ਚਾਰ ਮੀਲ ‘ਚ ਫੈਲਿਆ-ਪਸਰਿਆ, ਤਾਲੀਮੀ-ਸ਼ਹਿਰ ‘ਤਮਸਾਵਾਨ’, ਜਿੱਥੇ ਸਮਰਾਟ ਅਸ਼ੋਕ ਨੇ ਇੱਕ ਬੋਧੀ ਸਤੂਪ ਵੀ ਉਸਾਰਿਆ ਸੀ, ਇਹੀ ਸੁਲਤਾਨਪੁਰ ਸੀ।” ਇਸ ਸਾਰੇ ਬਾਰੇ ਨਿੱਠ ਕੇ ਖੋਜ ਕਰਨੀ ਬਣਦੀ ਹੈ ਅਤੇ ਇਸ ਬਾਰੇ ਵੀ ਕਿ “ਵਿਦਿਆ ਵਜੋਂ ਇਹ, ਵਾਕਿਆ ਐਨਾ ਸਿਰਮੌਰ ਸੀ ਕਿ ਮੁਗਲ ਸ਼ਹਿਜ਼ਾਦਾ ਦਾਰਾ ਸ਼ਿਕੋਹ ਅਤੇ ਔਰੰਗਜ਼ੇਬ ਨੇ ਇੱਥੋਂ ਵੀ ਤਾਲੀਮ ਪ੍ਰਾਪਤ ਕੀਤੀ ਸੀ।”

Leave a Reply

Your email address will not be published. Required fields are marked *