ਕੌਣ ਲੱਭੇ ਕਾਲ਼ੀ ਹਨੇਰੀ ’ਚ ਗੁਆਚੇ ਬੋਟਾਂ ਦੇ ਸਿਰਨਾਵੇਂ!

ਆਮ-ਖਾਸ

ਸ਼ਾਇਦ ਫੁੱਫੀ ਸੌਖੀ ਮਰ ਜਾਏ…
ਪੰਜਾਬ ਦੇ ਟੋਟੇ ਹੋਇਆਂ ਨੂੰ ਪੌਣੀ ਸਦੀ ਤੋਂ ਉਤੇ ਦਾ ਸਮਾਂ ਬੀਤ ਗਿਆ ਹੈ। ਓਸ ਕੁਲਹਿਣੀ ਰੁੱਤੇ, ਜੋ ਦਿਲ ਟੁੱਟੇ ਉਨ੍ਹਾਂ ਦਾ ਹਿਸਾਬ ਕੌਣ ਕਰ ਸਕਦੈ? ਬਹੁਤੇ ਬਜ਼ੁਰਗ ਤਾਂ ਆਪਣੇ ‘ਦੇਸ’ ਨੂੰ ਮੁੜ ਦੇਖਣ ਲਈ ਤਰਸਦੇ ਕਬਰਾਂ ’ਚ ਸਮਾ ਗਏ ਹਨ। ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਪਹਿਲਾ ਉਹ ਰੂਹ ਅਤੇ ਪਿੰਡੇ ’ਤੇ ਹੰਢਾਈ ਪੀੜ, ਆਪਣੀ ਨਵੀਂ ਪਿਉਂਦ ਨੂੰ ਬਖ਼ਸ਼ ਗਏ ਹਨ। ਇਹ ਗਹਿਰ-ਗੰਭੀਰ ਸਵਾਲ ‘ਉਸ ਕਾਲੀ ਹਨੇਰੀ `ਚ ਗੁਆਚੇ ਬੋਟਾਂ ਦੇ ਸਿਰਨਾਵੇਂ ਕੌਣ ਲੱਭੇ?’ ਪੀੜ ਭਰਿਆ ਤਾਂ ਹੀ ਹੀ, ਮਜਬੂਰੀਆਂ ਤੇ ਬੇਵਸੀਆਂ ਦੇ ਭਾਰ ਦਾ ਗਵਾਹ ਵੀ ਹੈ। ਇਸ ਸਭ ਸੁਣਦਿਆਂ ਅੱਖਾਂ ਦੇ ਨਾਲ਼ ਦਿਲ ਵੀ ਭਰ ਆਉਂਦਾ ਹੈ। ਸੰਤਾਲੀ ਦੇ ਬਟਵਾਰੇ ਨਾਲ ਜੁੜੀਆਂ ਅਜਿਹੀਆਂ ਹੀ ਅਭੁੱਲ, ਅਸਹਿ-ਅਕਹਿ ਗੱਲਾਂ ਕੁਝ ਇਸ ਲਹਿਜ਼ੇ ਦੀਆਂ ਹਨ ਕਿ ਪੜ੍ਹ ਕੇ ਦਿਲ ਵਲੂੰਧਰਿਆ ਜਾਂਦਾ ਹੈ…।

ਸਾਂਵਲ ਧਾਮੀ
ਫੋਨ:+91-9781843444

“ਸਾਂਵਲ ਭਾਈ… ਤੇਰੇ ਨਾਲ ਗੱਲ ਕਰਨੀ ਆ ਇੱਕ। ਸੰਤਾਲੀ ਵੇਲੇ ਮੇਰੀ ਫੁੱਫੀ ਕੋਈ ਵੀਹ ਕੁ ਵਰਿ੍ਹਆਂ ਦੀ ਸੀ…।” ਫੋਨ ਕਰਨ ਵਾਲਾ ਅਮਰੀਕਾ ਤੋਂ ਬੋਲ ਰਿਹਾ ਹੈ। ਲਹਿਜਾ ਦੱਸਦਾ ਹੈ ਕਿ ਉਸ ਦਾ ਪਿਛੋਕੜ ਲਹਿੰਦੇ ਪੰਜਾਬ ਦਾ ਹੈ।
ਜਦੋਂ ਤੋਂ ਮੈਂ ਬਜ਼ੁਰਗਾਂ ਦੀਆਂ ਹੱਡਬੀਤੀਆਂ ਯੂ-ਟਿਊਬ ਉੱਤੇ ਪਾਉਣੀਆਂ ਸ਼ੁਰੂ ਕੀਤੀਆਂ ਨੇ, ਲਹਿੰਦੇ ਪੰਜਾਬ ਤੋਂ ਬਹੁਤੇ ਕੁਮੈਂਟਸ ਪਿਉ-ਦਾਦੇ ਦਾ ਪਿੰਡ ਵੇਖਣ ਲਈ ਹੁੰਦੇ ਹਨ। ਬਹੁਤੇ ਬਜ਼ੁਰਗ ਤਾਂ ਆਪਣੇ ‘ਦੇਸ’ ਨੂੰ ਮੁੜ ਦੇਖਣ ਲਈ ਤਰਸਦੇ ਕਬਰਾਂ ’ਚ ਸਮਾ ਗਏ ਹਨ। ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਪਹਿਲਾ ਉਹ ਰੂਹ ਅਤੇ ਪਿੰਡੇ ’ਤੇ ਹੰਢਾਈ ਪੀੜ, ਆਪਣੀ ਨਵੀਂ ਪਿਉਂਦ ਨੂੰ ਬਖ਼ਸ਼ ਗਏ ਹਨ। ਨਵੀਂ ਪੀੜ੍ਹੀ ਜਦ ਇੰਟਰਨੈੱਟ ‘ਤੇ ਵੰਡ ਦੀ ਕੋਈ ਪੀੜ-ਪਰੁੰਨੀ ਕਹਾਣੀ ਵੇਖਦੀ- ਸੁਣਦੀ ਤਾਂ ਉਨ੍ਹਾਂ ਨੂੰ ਆਪਣੇ ਬਜ਼ੁਰਗਾਂ ਦੇ ਦੁੱਖ ਯਾਦ ਆ ਜਾਂਦੇ ਨੇ।
“ਮੈਂ ਤੁਹਾਡੀਆਂ ਵੀਡੀਓ ਵੇਖਦਾ ਰਹਿੰਦਾ ਵਾਂ…।” ਫੋਨ ਕਰਨ ਵਾਲਾ ਗੱਲ ਨੂੰ ਅਗਾਂਹ ਤੋਰਦਾ ਹੈ।
“…ਮਾਸ਼ਾ-ਅੱਲ੍ਹਾ ਬੜਾ ਸੋਣ੍ਹਾਂ ਕੰਮ ਪਏ ਕਰਦੇ! ਰੱਬ ਸੋਹਣਾ ਤੁਹਾਨੂੰ ਹਯਾਤੀ ਬਖ਼ਸ਼ੇ। ਬਜ਼ੁਰਗਾਂ ਦੀਆਂ ਗੱਲਾਂ ਬੜੇ ਪਿਆਰ ਨਾਲ਼ ਸੁਣਦੇ! ਉਨ੍ਹਾਂ ਦੇ ਦੁੱਖ ਬੜ੍ਹੇ ਠਰੰਮੇ ਨਾਲ਼ ਸੁਣਦੇ ਹੋ! ਬੜਾ ਸੋਣ੍ਹਾਂ ਦਿਲ ਬਖ਼ਸ਼ਿਆ ਏ ਓਸ ਰੱਬ ਨੇ ਤੁਹਾਨੂੰ…!” ਉਹ ਤਾਰੀਫ਼ਾਂ ਦੇ ਪੁਲ਼ ਬੰਨਣੇ ਸ਼ੁਰੂ ਕਰਦਾ ਹੈ ਤਾਂ ਮੈਂ ਮਿਹਰਬਾਨੀ ਆਖ ਉਸ ਕੋਲੋਂ ਉਸ ਦਾ ਨਾਂ-ਪਤਾ ਪੁੱਛਦਾ ਹਾਂ।
“ਚੌਧਰੀ ਸ਼ਹਿਜਾਦ ਮੋਨਣ ਨਾਂ ਏ ਮੇਰਾ। ਅਸੀਂ ਜਲੰਧਰ ਦੇ ਆਂ ਜੀ। ਤਹਿਸੀਲ ਸ਼ਾਇਦ ਫਿਲੌਰ ਹੋਵੇ। ਪਿੰਡ ਦਾ ਨਾਂ ਏ ਮਾਈ ਦਿੱਤਾ। ਔੜ ਕੋਲ਼। ਮੇਰੇ ਅੱਬਾ ਦਾ ਪਿੰਡ। ਸਾਰੀ ਉਮਰ ਉਹ ਪਿੰਡ ਨੂੰ ਵੇਖਣ ਲਈ ਤਰਸਦਾ ਰਿਹਾ। ਆਹ ਫੇਸ-ਬੁੱਕ, ਯੂ-ਟਿਊਬ ਤੇ ਵ੍ਹੱਟਸ-ਐਪ ਕਿੱਥੇ ਹੁੰਦੇ ਸਨ ਉਦੋਂ। ਨਈਂ ਤਾਂ ਉਹ ਵੀ ਆਪਣੇ ਪਿੰਡ ਦੀ ਕੋਈ ਫੋਟੋ-ਸ਼ੋਟੋ ਵੇਖ ਲੈਂਦਾ। ਕਿਸੇ ਗਰਾਂਈ ਦਾ ਕੋਈ ਬੋਲ-ਸ਼ੋਲ ਹੀ ਸੁਣ ਲੈਂਦਾ। ਸ਼ਾਇਦ ਥੋੜ੍ਹਾ ਸੌਖਾ ਮਰ ਜਾਂਦਾ। ਮਾਈ ਦਿੱਤਾ ਗੁੱਜਰਾਂ ਦਾ ਪਿੰਡ ਸੀ। ਤੂੰ ਸਾਹਿਰ ਲੁਧਿਆਣਵੀ ਦਾ ਨਾਂ ਤਾਂ ਸੁਣਿਆ ਹੋਣਾ ਏਂ? ਉਸ ਦੇ ਅੱਬਾ ਦਾ ਜੱਦੀ ਪਿੰਡ ਵੀ ਏਹੋ ਸੀ।”
ਸਾਹਿਰ ਦਾ ਨਾਂ ਸੁਣਦਿਆਂ ਉਸ ਓਪਰੇ ਸ਼ਖ਼ਸ ’ਚ ਮੇਰੀ ਦਿਲਚਸਪੀ ਚਾਣਚੱਕ ਵਧ ਜਾਂਦੀ ਹੈ।
“ਮੈਂ ਤਾਂ ਸਮਝਦਾ ਰਿਹਾ ਉਦ੍ਹਾ ਪਿਉ ਲੁਧਿਆਣੇ ਦਾ ਸੀ।” ਮੈਂ ਸ਼ੰਕਾ ਜ਼ਾਹਰ ਕਰਦਾ ਹਾਂ।
“ਨਾ ਜੀ ਨਾ! ਉਹ ਸਾਡੇ ਪਿੰਡ ਦਾ ਸੀ। ਉਸ ਦਾ ਅੱਬਾ ਤੇ ਮੇਰਾ ਅੱਬਾ ਬੜੇ ਗੂੜ੍ਹੇ ਯਾਰ ਸਨ। ਦਰਅਸਲ ਉਸ ਦਾ ਅੱਬਾ ਲੁਧਿਆਣੇ ਚਲਾ ਗਿਆ ਸੀ। ਕਿਸੇ ਨੇੜਲੇ ਪਿੰਡ ’ਚ ਜ਼ਮੀਨਾਂ ਖਰੀਦ ਲਈਆਂ ਸਨ ਤੇ ਜ਼ੈਲਦਾਰ ਵੀ ਬਣ ਗਿਆ ਸੀ। ਅੱਯਾਸ਼ ਬੜਾ ਸੀ ਉਹ। ਸੰਤਾਲੀ ਮਗਰੋਂ ਏਧਰ ਆ ਕੇ ਵੀ ਮਿਲਦਾ ਰਿਹਾ ਉਹ ਮੇਰੇ ਅੱਬਾ ਨੂੰ। ਮੇਰੇ ਅੱਬਾ ਦੱਸਦੇ ਹੁੰਦੇ ਸਨ ਕਿ ਇੱਕ ਵਾਰ ਉਹ ਦੋਵੇਂ ਕਿਧਰੇ ਮਾਤਮ ਲਈ ਜਾ ਰਹੇ ਸਨ। ਰਾਹ ਵਿੱਚ ਕਿਤੇ ਪਾਣੀ ਪੀਣ ਲਈ ਰੁਕੇ। ਸਾਹਿਰ ਦੇ ਪਿਉ ਨੇ ਓਸ ਘਰ ਦੀ ਔਰਤ ਦੇ ਪੈਰ ਵੇਖ ਲਏ। ਜ਼ਾਹਰ ਏ ਕਿ ਮੂੰਹ-ਸਿਰ ਤਾਂ ਉਹਨੇ ਢਕਿਆ ਈ ਹੋਣਾ ਏਂ। ਪੈਰਾਂ ਤੋਂ ਉਸ ਔਰਤ ਦੀ ਖ਼ੂਬਸੂਰਤੀ ਅੰਦਾਜ਼ਾ ਲਗਾ ਲਿਆ ਸੀ ਉਸ ਨੇ। ਮੇਰੇ ਅੱਬਾ ਨੂੰ ਉਸ ਨੇ ਅਗਾਂਹ ਤੋਰ ਦਿੱਤਾ ਸੀ ਤੇ ਆਪ ਦੀਨ-ਦੁਨੀਆਂ ਭੁਲਾ ਕੋਈ ਮਹੀਨਾ ਭਰ ਓਥੇ ਈ ਰੁਕਿਆ ਰਿਹਾ ਸੀ। ਐਨਾ…।” ਉਹ ਖੁੱਲ੍ਹ ਕੇ ਹੱਸਦਾ ਹੈ।
“ਸਾਂਵਲ ਭਾਈ… ਤੁਸੀਂ ਨਾ ਮੇਰਾ ਇਕ ਕੰਮ ਕਰਨਾ ਏ!” ਉਹ ਐਨੇ ਮੋਹ ਤੇ ਮਾਣ ਨਾਲ ਆਖਦਾ ਹੈ, ਜਿਵੇਂ ਅਸੀਂ ਬਚਪਨ ਦੇ ਯਾਰ ਹੋਈਏ।
“…ਗੱਲ ਇਸ ਤਰ੍ਹਾਂ ਹੈ ਕਿ ਸੰਤਾਲੀ ਵੇਲੇ ਮੇਰੀ ਫੁੱਫੀ ਕੋਈ ਵੀਹ ਕੁ ਵਰਿ੍ਹਆਂ ਦੀ ਸੀ। ਅੱਬਾ ਮੇਰਾ ਉਦ੍ਹੇ ਨਾਲੋਂ ਛੋਟਾ ਸੀ। ਮਾਈ ਦਿੱਤੇ ਵੀ ਹਮਲਾ ਹੋਇਆ ਸੀ। ਫੁੱਫੀ ਨੂੰ ਧਾੜਵੀ ਚੁੱਕ ਕੇ ਲੈ ਗਏ ਸਨ। ਫੁੱਫੀ ਚਾਰ-ਪੰਜ ਵਰ੍ਹੇ ਉਥੇ ਈ ਰਹੀ। ਅੱਬਾ ਮੇਰਾ ਤਾਂ ਮਸਕੀਨ ਜਿਹਾ ਬੰਦਾ ਸੀ, ਪਰ ਮਾਮੇ ਮੇਰੇ ਡਾਹਢੇ ਸਨ। ਉਹ ਫੌਜ ਦੀ ਗੱਡੀ ਲੈ ਕੇ ਗਏ ਸਨ। ਉਨ੍ਹਾਂ ਲੱਭ ਲਿਆਂਦੀ ਸੀ ਉਹ।”
ਮੇਰਾ ਹੁੰਗਾਰਾ ਉਡੀਕਣ ਉਹ ਕੁਝ ਪਲ ਲਈ ਚੁੱਪ ਹੋ ਜਾਂਦਾ ਹੈ।
“ਉਹ ਹਾਲੇ ਜਿਉਂਦੀ ਏ। ਨੱਬੇ ਵਰਿ੍ਹਆਂ ਦੀ ਹੋਣੀ ਏਂ। ਅੱਬਾ ਦੇ ਮਾਮੇ ਨੇ ਆਪਣੇ ਪੁੱਤਰ ਨਾਲ਼ ਨਿਕਾਹ ਕਰ ਦਿੱਤਾ ਸੀ ਉਸਦਾ। ਥੋੜ੍ਹਾ ਸਿੱਧਰਾ ਜਿਹਾ ਸੀ ਉਹ। ਉਂਝ ਕਿੱਥੇ ਵਿਆਹ ਹੋਣਾ ਸੀ ਉਸ ਅੱਲ੍ਹਾ-ਲੋਕ ਦਾ! ਫੁੱਫੀ ਦੇ ਪੰਜ ਬੱਚੇ ਹੋਏ। ਤਿੰਨ ਧੀਆਂ ਤੇ ਦੋ ਪੁੱਤਰ। ਅਗਾਂਹ ਬੱਚਿਆਂ ਦੇ ਬੱਚੇ। ਸੋਣ੍ਹੇ ਰੱਬ ਨੇ ਰੌਣਕਾਂ ਲਾਈਆਂ ਹੋਈਆਂ ਨੇ ਹੁਣ ਤਾਂ! ਪਰ ਉਹ ਹਾਲੇ ਵੀ ਆਪਣੀ ਔਸ ਧੀ ਨੂੰ ਯਾਦ ਕਰਦੀ ਰਹਿੰਦੀ ਏ।”
“ਕਿਸ ਧੀ ਨੂੰ?” ਮੈਂ ਹੈਰਾਨੀ ਨਾਲ ਪੁੱਛਦਾ ਹਾਂ।
“ਸਾਂਵਲ ਭਾਈ… ਹੱਲਿਆਂ ਵੇਲੇ ਕਿਸੇ ਸਿੱਖ ਨੇ ਘਰ ਵਸਾ ਲਈ ਸੀ ਉਹ। ਜਦੋਂ ਮਾਮੇ ਉਸ ਨੂੰ ਲੱਭਣ ਇੰਡੀਆ ਗਏ ਤਾਂ ਅੱਬਾ ਵੀ ਗਿਆ ਸੀ ਨਾਲ਼। ਇਹ ਸਾਰੀਆਂ ਗੱਲਾਂ ਮੈਨੂੰ ਅੱਬਾ ਨੇ ਈਂ ਦੱਸੀਆਂ ਸਨ। ਜਦੋਂ ਫੁੱਫੀ ਨੂੰ ਪਤਾ ਲੱਗਾ ਤਾਂ ਉਹ ਮੰਜੇ ਥੱਲੇ ਵੜ ਗਈ ਸੀ। ਜਦ ਮਾਮਿਆ ਨੇ ਧੂਹਿਆ ਤਾਂ ਪਾਵਾ ਫੜ ਲਿਆ ਸੀ ਉਸ ਨੇ। ਮੁਟਿਆਰ ਬੜੀ ਸੀ। ਸੋਣ੍ਹੀ ਵੀ ਪੁੱਜ ਕੇ। ਓਥੋਂ ਆਉਣਾ ਨਈਂ ਸੀ ਚਾਹੁੰਦੀ ਉਹ। ਏਹੋ ਆਖੀ ਜਾਏ-ਮੈਂ ਤਾਢ੍ਹੇ ਮੱਥੇ ਨਈਂ ਲੱਗ ਸਕਦੀ। ਮੈਨੂੰ ਹੁਣ ਏਥੇ ਵੱਸ ਲੈਣ ਦਿਓ। ਇਨ੍ਹਾਂ ਮੰਜੇ ਥੱਲਿਓਂ ਧੂਹ ਲਈ ਸੀ। ਉਨ੍ਹੇ ਆਪਣੀ ਧੀ ਨੂੰ ਹਿੱਕ ਨਾਲ਼ ਲਾਇਆ ਹੋਇਆ ਸੀ। ਵਿਲਕਦੀ ਹੋਈ ਇੱਕੋ ਗੱਲ ਆਖੀ ਜਾ ਰਹੀ ਸੀ-ਮੈਂ ਨਈਂ ਮੱਥੇ ਲੱਗਣਾ ਚਾਹੁੰਦੀ ਹੁਣ ਆਪਣਿਆਂ ਦੇ। ਫਿਰ ਅੱਬਾ ਨੂੰ ਮੁਖ਼ਾਤਿਬ ਹੋਈ-ਵੀਰੇ ਤੂੰ ਤਾਂ ਸੱਕਾ ਏਂ ਮੇਰਾ। ਤੂੰ ਈ ਸਮਝਾ ਇਨ੍ਹਾਂ ਨੂੰ। ਮੈਂ ਹੁਣ ਤਾਢ੍ਹੇ ਕਾਬਿਲ ਨਈਂ ਰਹੀ। ਨਾ ਮੇਰੇ ਪੱਲੇ ਅੱਲ੍ਹਾ ਰਿਹਾ, ਨਾ ਮਾਪਿਆਂ ਦਾ ਰੱਖਿਆ ਨਾਂ। ਮੈਂ ਹੁਣ ਕਿਵੇਂ ਤੁਰ ਪਵਾਂ ਤਾਡ੍ਹੇ ਨਾਲ਼? ਮੇਰਾ ਦੁੱਖ ਤਾਂ ਸਮਝੋ! ਸਮਝ ਲੈਣਾ ਕਿ ਉਮਰੀ ਵਾਂਗ ਮੇਰਾ ਵੀ ਕਤਲ ਹੋ ਗਿਆ ਏ। ਉਮਰੀ, ਅੱਬਾ ਦੇ ਚਾਚੇ ਦੀ ਧੀ ਸੀ। ਮੇਰੇ ਅੱਬਾ ਦਾ ਦਿਲ ਪਿਘਲ ਗਿਆ ਸੀ, ਪਰ ਮਾਮੇ ਨਈਂ ਸਨ ਮੰਨੇ। ਉਨ੍ਹਾਂ ਖਿੱਚ-ਧੂਹ ਕੇ ਟਰੱਕ ’ਚ ਸੁੱਟ ਲਿਆ ਸੀ ਉਸ ਨੂੰ। ਉਸ ਦੇ ਕੁੱਛੜ ਤਿੰਨ ਕੁ ਵਰਿ੍ਹਆਂ ਦੀ ਧੀ ਸੀ। ਮਾਮੇ ਉਸ ਕੋਲ਼ੋਂ ਕੁੜੀ ਖੋਹਣ ਲੱਗੇ। ਅੱਬਾ ਦੱਸਦਾ ਹੁੰਦਾ ਸੀ ਕਿ ਉਸ ਨੇ ਐਡੀਆਂ ਦਰਦਨਾਕ ਲੇਰਾਂ ਮਾਰੀਆਂ ਕਿ ਮਾਮਿਆਂ ਦੇ ਹੱਥ ਰੁਕ ਗਏ ਸਨ। ਉਹ ਮਾਂ-ਧੀ ਦੋਵਾਂ ਨੂੰ ਲੈ ਤੁਰੇ ਸਨ। …ਸਾਂਵਲ ਭਾਈ, ਅੱਬਾ ਦੱਸਦਾ ਹੁੰਦਾ ਸੀ ਕਿ ਜਦੋਂ ਇਹ ਬਾਰਡਰ ’ਤੇ ਪਹੁੰਚੇ ਤਾਂ ਓਥੇ ਦੋਵੇਂ ਪਾਸੇ ਮੁਸਲਮਾਨਾਂ, ਹਿੰਦੂਆਂ ਤੇ ਸਿੱਖਾਂ ਦੀਆਂ ਹਜ਼ਾਰਾਂ ਕੁੜੀਆਂ ਇਕੱਠੀਆਂ ਹੋਈਆਂ ਪਈਆਂ ਸਨ। ਮਿੰਨਤਾਂ-ਤਰਲੇ ਕਰਦੀਆਂ, ਪਰ ਉਨ੍ਹਾਂ ਵਿਚਾਰੀਆਂ ਨੂੰ ਕੋਈ ਸਿਆਣਦਾ ਈ ਨਈਂ ਸੀ। ਉਹ ਆਪਣਾ ਕਸੂਰ ਪੁੱਛ ਰਹੀਆਂ ਸਨ। ਉਹ ਨਿਰਦੋਸ਼ ਸਨ, ਪਰ ਬਹੁਤੇ ਮਾਪਿਆਂ ਨੇ ਕਬੂਲੀਆਂ ਨਈਂ ਸਨ।”
ਗੱਲ ਸੁਣਾਉਣ ਵਾਲੇ ਦੇ ਬੋਲ ਭਾਰੇ ਹੋ ਗਏ ਹਨ। ਉਹ ਚੁੱਪ ਹੋ ਗਿਆ।
ਮੈਂ ‘ਬੇਕਸੂਰ ਧੀਆਂ ਦਾ ਹਜ਼ੂਮ’ ਚਿਤਵਣ ਲੱਗ ਪਿਆ ਸਾਂ। ਭੁੱਖੀਆਂ ਤੇ ਲੁੱਟੀਆਂ ਉਦਾਸ ਧੀਆਂ ਦਾ ਹਜ਼ੂਮ। ਮਾਪਿਆਂ ਤੇ ਹਮ-ਧਰਮੀਆਂ ਦੇ ਵਾਸਤੇ ਪਾਉਂਦੀਆਂ ਤੇ ਆਪਣਾ ਕਸੂਰ ਪੁੱਛਦੀਆਂ ਉਹ ਮੇਰੇ ਖ਼ਿਆਲਾਂ ’ਚ ਉੱਗ ਆਈਆਂ ਸਨ।
“ਸੁਣਦਾ ਏਂ ਸਾਂਵਲ ਭਾਈ…।” ਉਸ ਨੇ ਫਿਰ ਤੋਂ ਗੱਲ ਸ਼ੁਰੂ ਕਰ ਲਈ ਹੈ।
“…ਓਥੇ ਆ ਕੇ ਮਾਮਿਆਂ ਨੇ ਫੁੱਫੀ ਦੀਆਂ ਬਾਹਵਾਂ ’ਚੋਂ ਧੀ ਧੂਹ ਲਈ ਸੀ। ਵਗਾਹ ਕੇ ਮਾਰਦਿਆਂ ਬੋਲੇ ਸੀ-ਅਸੀਂ ਨਈਂ ਲਿਜਾਣਾ ਪਾਕ ਧਰਤੀ ਤੇ ਏਹ ਹਰਾਮ ਦੇ ਤੁਖ਼ਮ ਨੂੰ। ਉਹ ਵਿਚਾਰੀ ਬੇਹੋਸ਼ ਹੋ ਗਈ ਸੀ। ਏਧਰ ਆ ਕੇ ਵੀ ਕਈ ਮਹੀਨੇ ਆਪਣੇ ਭਾਈ ਤੇ ਮਾਮਿਆਂ ਨਾਲ਼ ਨਈਂ ਸੀ ਬੋਲੀ ਉਹ। ਬੱਸ ਗੁਆਚੀ ਧੀ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਸੀ।”
ਉਹ ਚੁੱਪ ਤੇ ਮੈਂ ਸੁੰਨ ਹੋ ਗਿਆ ਸਾਂ।
“ਧੀ ਦੀ ਗੱਲ ਉਹ ਸਿਰਫ ਮੇਰੇ ਨਾਲ਼ ਈ ਕਰਦੀ ਏ। ਉਹ ਅੱਜ ਵੀ ਉਸਨੂੰ ਯਾਦ ਕਰਦੀ ਏ। ਰੋਂਦੀ ਏ। ਕਬਰੀਂ ਸੁੱਤੇ ਭਾਈ ਤੇ ਮਾਮਿਆਂ ਨੂੰ ਉਸ ਨੇ ਅੱਜ ਤੱਕ ਮੁਆਫ਼ ਨਈਂ ਕੀਤਾ। ਏਸ ਵਾਰ ਮੈਂ ਉਸ ਨੂੰ ਮਿਲਣ ਗਿਆ ਤਾਂ ਬੜੀ ਦੇਰ ਗੱਲਾਂ ਕਰਦੀ ਰਹੀ ਸੀ। ਮੈਂ ਕਿਧਰੇ ਕਹਿ ਬੈਠਾ ਕਿ ਮੈਂ ਲੱਭ ਲਵਾਂਗਾ ਤੇਰੀ ਗੁਆਚੀ ਧੀ ਨੂੰ। ਮੈਂ ਓਸ ਸਿੱਖ ਦੇ ਪਿੰਡ ਬਾਰੇ ਪੁੱਛਿਆ ਤਾਂ ਅੱਗੋਂ ਕਹਿਣ ਲੱਗੀ-ਗੋਲ਼ੀ ਮਾਰ ਓਸ ਪਿੰਡ ਨੂੰ। ਤੂੰ ਧੀ ਲੱਭ ਮੇਰੀ। ਸਾਂਵਲ ਬਾਈ, ਅੱਜ ਉਹ ਕੁੜੀ ਪਤਾ ਨਈਂ ਕਿੱਥੇ ਹੋਵੇਗੀ। ਸ਼ਾਇਦ ਫੌਤ ਹੋ ਗਈ ਹੋਵੇ, ਪਰ ਮੇਰਾ ਦਿਲ ਕਹਿੰਦਾ ਕਿ ਉਹ ਜਿਉਂਦੀ ਹੋਵੇਗੀ। ਏਸ ਵਾਰ ਮੈਂ ਫੁੱਫੀ ਨਾਲ਼ ਵਾਅਦਾ ਕਰਕੇ ਆਇਆ ਹਾਂ। ਮਾਸ਼ਾ ਅੱਲਾ ਬੜਾ ਨਾਲਿਜ ਏ ਤੈਨੂੰ ਪਿੰਡਾਂ ਦਾ। ਤੂੰ ਲੱਭ ਸਕਦਾਂ ਏਂ ਉਸ ਨੂੰ! ਤੂੰ ਲੱਭੀ। ਜ਼ਰੂਰ ਲੱਭੀ। ਫੁੱਫੀ ਦੇ ਫੌਤ ਹੋਣ ਤੋਂ ਪਹਿਲਾਂ ਇੱਕ ਵਾਰ ਗੱਲ ਈ ਕਰਵਾ ਦਈਏ ਉਨ੍ਹਾਂ ਦੀ। ਸ਼ਾਇਦ ਸੌਖੀ ਮਰ ਜਾਏ ਮੇਰੀ ਫੁੱਫੀ।”
ਮੇਰਾ ਮਨ ਭਰ ਆਉਂਦਾ ਹੈ।
ਕਿੱਥੇ ਢੂੰਢਾਂਗਾ ਮੈਂ ਉਸ ਨੂੰ? ਉਸਦਾ ਨਾਂ, ਪਿੰਡ, ਸ਼ਹਿਰ… ਕੁਝ ਵੀ ਤਾਂ ਪਤਾ ਨਹੀਂ ਮੈਨੂੰ।
“ਸਾਂਵਲ ਭਾਈ, ਸੌ ਜਣਿਆ ਦਾ ਟੱਬਰ ਹੋਣਾ ਏ ਓਸ ਦਾ। ਕਿਸੇ ਚੀਜ਼ ਦੀ ਥੁੜ੍ਹ-ਤੰਗੀ ਨਈਂ। ਪੜਪੋਤੀਆਂ-ਦੋਹਤੀਆਂ ਵਾਲ਼ੀ ਹੋ ਗਈ ਏ। ਪਰ ਉਹ ਅੱਜ ਵੀ ਉਹ ਸੱਤਰ ਵਰ੍ਹੇ ਪਹਿਲਾਂ ਦੋ-ਤਿੰਨ ਵਰਿ੍ਹਆਂ ਦੀ ਗੁਆਚੀ ਧੀ ਨੂੰ ਕੁੱਛੜ ਚੁੱਕੀ ਫਿਰਦੀ ਏ! ਸਾਂਵਲ ਭਾਈ ਤੂੰ ਲੱਭ ਸਕਦਾ ਏਂ ਉਸ ਨੂੰ।”
ਫੋਨ ਕਦ ਕੱਟਿਆ ਜਾਂਦਾ ਹੈ ਪਤਾ ਨਈਂ ਲੱਗਦਾ!
ਮੇਰੀ ਕੋਈ ਤੰਦ ਚੌਧਰੀ ਸ਼ਹਿਜ਼ਾਦ ਮੋਨਣ ਨਾਲ ਬਹੁਤ ਗਹਿਰੀ ਜੁੜ ਜਾਂਦੀ ਹੈ। ਅੱਖਾਂ ਦੇ ਨਾਲ਼ ਦਿਲ ਵੀ ਭਰ ਆਉਂਦਾ ਹੈ। ਧੁਰ-ਦਿਲੋਂ ਆਵਾਜ਼ ਆਉਂਦੀ ਹੈ ‘ਹਾਂ, ਸ਼ਹਿਜ਼ਾਦ ਭਾਈ! ਭਾਲਾਂਗੇ… ਆਪਣੀਆਂ ਗੁਆਚੀਆਂ ਧੀਆਂ ਨੂੰ। ਧੀਆਂ ਨਹੀਂ ਭੈਣਾਂ ਨੂੰ। ਭੈਣਾਂ ਨਹੀਂ ਮਾਵਾਂ-ਦਾਦੀਆਂ ਨੂੰ!’
ਪਰ ਕਿੱਥੋਂ?
ਕਾਲ਼ੀ ਹਨੇਰੀ ’ਚ ਗੁਆਚੇ ਬੋਟਾਂ ਦੇ ਸਿਰਨਾਵੇਂ ਭਲਾ ਕੌਣ ਲੱਭ ਸਕਦਾ ਹੈ?

Leave a Reply

Your email address will not be published. Required fields are marked *