ਅਸੀਂ ਤੇ ਸਾਡਾ ਸਮਾਜ…
ਤਰਲੋਚਨ ਸਿੰਘ ਭੱਟੀ
ਫੋਨ: +91-9876502607
ਕਿਹਾ ਜਾਂਦਾ ਹੈ ਕਿ ਵਿਆਹ ਇੱਕ ਬੰਧਨ ਹੈ, ਜੋ ਦੋ ਵਿਅਕਤੀਆਂ ਵਿਚਕਾਰ ਪਿਆਰ, ਵਚਨਬੱਧਤਾ ਅਤੇ ਆਪਸੀ ਸਤਿਕਾਰ ਦਾ ਪਵਿੱਤਰ ਸਬੰਧ ਮੰਨਿਆ ਜਾਂਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਵਿਆਹ ਉੱਪਰ ਵਾਲੇ ਵਲੋਂ ਸਵਰਗ ਵਿੱਚ ਸਥਾਪਤ ਕੀਤੇ ਜਾਂਦੇ ਹਨ ਅਤੇ ਦੁਨੀਆਵੀ ਪੱਧਰ `ਤੇ ਇੱਕ ਜਸ਼ਨ ਵਾਂਗੂ ਅਕਸਰ ਪਰਿਵਾਰ ਤੇ ਸਮਾਜ ਦੀ ਸਹਿਮਤੀ ਨਾਲ ਸਭਿਆਚਾਰਕ-ਧਾਰਮਿਕ ਰੀਤੀ ਰਿਵਾਜਾਂ ਨਾਲ ਮਨਾਏ ਜਾਂਦੇ ਹਨ। ਅੰਤਰਰਾਸ਼ਟਰੀ ਪੱਧਰ `ਤੇ ਵਿਆਹ ਨੂੰ ਆਮ ਤੌਰ `ਤੇ ਦੋ ਵਿਅਕਤੀਆਂ ਵਿਚਕਾਰ ਕਾਨੂੰਨੀ, ਸਮਾਜਿਕ ਜਾਂ ਧਾਰਮਿਕ ਸੰਧੀ ਵਜੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ।
ਵਿਸ਼ਵ ਸਿਹਤ ਸੰਗਠਨ ਅਤੇ ਸੰਯੁਕਤ ਰਾਸ਼ਟਰ ਵਰਗੇ ਅੰਤਰਰਾਸ਼ਟਰੀ ਸੰਗਠਨ ਵਿਆਹ ਨੂੰ ਮਨੁੱਖੀ ਅਧਿਕਾਰਾਂ ਦੇ ਨਜ਼ਰੀਏ ਨਾਲ ਦੇਖਦੇ ਹਨ, ਜਿਸ ਵਿੱਚ ਸਹਿਮਤੀ, ਬਰਾਬਰੀ ਅਤੇ ਆਜ਼ਾਦੀ ਨੂੰ ਮਹੱਤਵ ਦਿੱਤਾ ਜਾਂਦਾ ਹੈ। ਯੂਨੀਵਰਸਲ ਡਿਕਲੇਰੇਸ਼ਨ ਆਫ ਹਿਊਮਨ ਰਾਈਟਸ 1948 ਦੇ ਆਰਟੀਕਲ 16 ਅਨੁਕੂਲ ਵਿਆਹ ਲਈ ਪੂਰੀ ਸਹਿਮਤੀ ਤੇ ਢੁਕਵੀਂ ਉਮਰ ਜ਼ਰੂਰੀ ਹੈ ਅਤੇ ਇਹ ਪੁਰਸ਼ਾਂ ਤੇ ਔਰਤਾਂ ਦੇ ਬਰਾਬਰ ਅਧਿਕਾਰਾਂ `ਤੇ ਆਧਾਰਤ ਹੋਣਾ ਚਾਹੀਦਾ ਹੈ।
ਪੱਛਮੀ ਦੇਸ਼ਾਂ ਵਿੱਚ ਵਿਆਹ ਨੂੰ ਅਕਸਰ ਰੋਮਾਂਟਿਕ ਪਿਆਰ ਅਤੇ ਵਿਅਕਤੀਗਤ ਹੋਣ ਦੇ ਆਧਾਰ `ਤੇ ਵੇਖਿਆ ਜਾਂਦਾ ਹੈ, ਜਦਕਿ ਏਸ਼ੀਆਈ ਸਮਾਜ ਵਿੱਚ ਵਿਆਹ ਅਕਸਰ ਪਰਿਵਾਰਕ ਸਬੰਧਾਂ, ਸਮਾਜਿਕ ਸਥਿਰਤਾ ਅਤੇ ਸਭਿਆਚਾਰਕ ਮੁੱਲਾਂ ਨਾਲ ਜੁੜਿਆ ਹੁੰਦਾ ਹੈ। ਇਸੇ ਤਰ੍ਹਾਂ ਇਸਲਾਮਿਕ ਭਾਈਚਾਰੇ ਵਿੱਚ ਵਿਆਹ (ਨਿਕਾਹ) ਨੂੰ ਇੱਕ ਧਾਰਮਿਕ ਅਤੇ ਸਮਾਜਿਕ ਇਕਰਾਰਨਾਮੇ ਵਜੋਂ ਦੇਖਿਆ ਜਾਂਦਾ ਹੈ, ਜਿਸ ਵਿੱਚ ਮਿਹਰ ਅਤੇ ਸਹਿਮਤੀ ਜਰੂਰੀ ਹੈ। ਕੁੱਝ ਦੇਸ਼ਾਂ ਜਿਵੇਂ ਸਾਊਦੀ ਅਰਬ, ਸੁਡਾਨ ਆਦਿ ਵਿੱਚ ਬਹੁ-ਵਿਆਹ (ਪੋਲੀਗੈਮੀ) ਕਾਨੂੰਨੀ ਹੈ, ਜਦਕਿ ਜ਼ਿਆਦਾਤਰ ਦੇਸ਼ਾਂ ਵਿੱਚ ਇਹ ਗੈਰ-ਕਾਨੂੰਨੀ ਹੈ। ਏਸ਼ੀਆ ਅਤੇ ਅਫਰੀਕੀ ਦੇਸ਼ਾਂ ਵਿੱਚ ਬਾਲ ਅਤੇ ਜਬਰੀ ਵਿਆਹ ਅਜੇ ਵੀ ਪ੍ਰਚਲਤ ਹਨ। ਸੰਯੁਕਤ ਰਾਸ਼ਟਰ ਦੇ ਸਸਟੇਨੇਬਲ ਡਿਵੈਲਪਮੈਂਟ ਗੋਲਜ਼-5 ਵਿੱਚ 2030 ਤੱਕ ਬਾਲ ਵਿਆਹ ਅਤੇ ਜਬਰੀ ਵਿਆਹ ਨੂੰ ਖਤਮ ਕਰਨ ਦਾ ਟੀਚਾ ਸ਼ਾਮਲ ਹੈ। ਅੰਤਰਰਾਸ਼ਟਰੀ ਸੰਗਠਨ ਔਰਤ-ਮਰਦ ਦੀ ਬਰਾਬਰੀ ਅਤੇ ਸਹਿਮਤੀ ਆਧਾਰਤ ਵਿਆਹ ਨੂੰ ਉਤਸ਼ਾਹਿਤ ਕਰਦੇ ਹਨ। ਲਿਹਾਜਾ ਅੰਤਰਰਾਸ਼ਟਰੀ ਪੱਧਰ `ਤੇ ਵਿਆਹ ਦੀ ਪਰਿਭਾਸ਼ਾ ਅਤੇ ਸਥਿਤੀ ਵਿਭਿੰਨ ਸਭਿਆਚਾਰਕ, ਧਾਰਮਿਕ ਅਤੇ ਕਾਨੂੰਨੀ ਸੰਦਰਭਾਂ ਦੇ ਨਿਰਭਰ ਕਰਦੀ ਹੈ।
ਵਿਆਹ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ‘ਜੋੜੀਆਂ ਜੱਗ ਥੋੜ੍ਹੀਆਂ, ਨਰੜ ਬਥੇਰੇ।’ ਜਿੱਥੇ ਵਿਆਹ ਜੋੜੀਆਂ ਜੱਗ ਥੋੜ੍ਹੀਆਂ ਬਨਣ ਉਥੇ ਵਿਆਹ ਕਾਮਯਾਬ ਰਹਿੰਦੇ ਹਨ, ਪਰ ਜਿਥੇ ਵਿਆਹ ਨਰੜ ਬਣ ਜਾਣ ਉਥੇ ਤਲਾਕ ਜਾਂ ਵਿਆਹ ਦੇ ਭੰਗ ਹੋਣ ਵਿੱਚ ਬਦਲ ਜਾਂਦੇ ਹਨ। ਲਿਹਾਜਾ ‘ਤਲਾਕ’ ਵਿਆਹ ਜਾਂ ਵਿਆਹੁਤਾ ਮਿਲਾਪ ਨੂੰ ਖਤਮ ਕਰਨ ਦੀ ਪ੍ਰਕ੍ਰਿਆ ਹੈ। ਦੁਨੀਆਂ ਵਿੱਚ ਤਲਾਕ ਦੇ ਕਾਨੂੰਨ ਵੱਖਰੇ-ਵੱਖਰੇ ਹੁੰਦੇ ਹਨ, ਪਰ ਜ਼ਿਆਦਾਤਰ ਦੇਸ਼ਾਂ ਵਿੱਚ ਤਲਾਕ ਇੱਕ ਕਾਨੂੰਨੀ ਪ੍ਰਕ੍ਰਿਆ ਹੈ, ਜਿਸ ਲਈ ਅਦਾਲਤ ਜਾਂ ਹੋਰ ਅਥਾਰਟੀ ਦੀ ਪ੍ਰਵਾਨਗੀ ਦੀ ਲੋੜ ਪੈਂਦੀ ਹੈ, ਜਿਸ ਵਿੱਚ ਜਾਇਦਾਦ ਦੀ ਵੰਡ, ਬੱਚੇ ਦੀ ਹਿਫ਼ਾਜਤ, ਗੁਜ਼ਾਰਾ ਭੱਤਾ ਅਤੇ ਕਰਜ਼ੇ ਦੀ ਵੰਡ ਆਦਿ ਸ਼ਾਮਲ ਹੁੰਦੇ ਹਨ। ਤਲਾਕ ਦੇ ਕਾਰਨ ਵੱਖਰੇ-ਵੱਖਰੇ ਹੋ ਸਕਦੇ ਹਨ, ਜਿਵੇਂ ਕਿ ਇੱਕ ਜਾਂ ਦੋਹਾਂ ਪਤੀ-ਪਤਨੀ ਵਿੱਚ ਜਿਨਸੀ ਅਸੰਗਤਤਾ ਜਾਂ ਆਜ਼ਾਦੀ ਦੀ ਘਾਟ ਤੋਂ ਲੈ ਕੇ ਸ਼ਖਸੀਅਤ ਦੇ ਟਕਰਾਅ ਜਾਂ ਬੇਵਫਾਈ ਤਲਾਕ ਦੇ ਆਧਾਰ `ਤੇ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਹੋ ਸਕਦੇ ਹਨ। ਵਿਆਹ ਨੂੰ ਇੱਕ ਇਕਰਾਰਨਾਮਾ, ਇੱਕ ਸਥਿਤੀ ਜਾਂ ਇਨ੍ਹਾਂ ਦੇ ਸੁਮੇਲ ਵਜੋਂ ਵੇਖਿਆ ਜਾ ਸਕਦਾ ਹੈ; ਭਾਵੇਂ ਤਲਾਕ ਦੇ ਕਾਨੂੰਨ ਅਧਿਕਾਰ ਖੇਤਰਾਂ ਵਿਚਕਾਰ ਵੱਖੋ-ਵੱਖਰੇ ਹੁੰਦੇ ਹਨ। ਤਲਾਕ ਸਬੰਧੀ ਅਧਿਐਨ ਦੱਸਦੇ ਹਨ ਕਿ ਦੋ ਤਿਹਾਈ ਤਲਾਕ ਔਰਤਾਂ ਦੁਆਰਾ ਸ਼ੁਰੂ ਕੀਤੇ ਜਾਂਦੇ ਹਨ। ਸਾਰੇ ਤਲਾਕਾਂ ਵਿੱਚੋਂ 66% ਬੱਚਿਆਂ ਤੋ ਬਿਨਾ ਜੋੜਿਆਂ ਵਿੱਚ ਹੁੰਦੇ ਹਨ। 27% ਤਲਾਕ ਵਿਭਚਾਰ, 18% ਪਰਿਵਾਰਕ ਝਗੜਿਆ, 17% ਘਰੇਲੂ ਹਿੰਸਾ, 13% ਮੱਧ ਉਮਰ ਦਾ ਸੰਕਟ, 6% ਨਸ਼ਿਆਂ ਦੀ ਵਰਤੋਂ ਕਾਰਨ ਹੁੰਦੇ ਹਨ। 75% ਮਾਮਲਿਆਂ ਵਿੱਚ ਪਤੀ ਵਿਆਹ ਤੋਂ ਬਾਹਰਲੇ ਸਬੰਧਾਂ ਵਿੱਚ ਲੱਗੇ ਹੋਏ ਹਨ, ਜਦਕਿ 25% ਮਾਮਲਿਆਂ ਵਿੱਚ ਪਤਨੀਆਂ ਪਰਿਵਾਰਕ ਤਣਾਅ ਦੇ ਮਾਮਲਿਆਂ ਵਿੱਚ ਮੁੱਖ ਸਰੋਤ ਜਨ, ਜਦਕਿ 22% ਮਾਮਲਿਆਂ ਵਿੱਚ ਪਤੀਆਂ ਦੇ ਪਰਿਵਾਰ ਜ਼ਿੰਮੇਵਾਰ ਹਨ। ਜ਼ਿਆਦਾਤਰ ਤਲਾਕ ਵਿਆਹ ਦੇ 10 ਤੋਂ 15 ਸਾਲਾਂ ਦੌਰਾਨ ਹੁੰਦੇ ਹਨ।
ਭਾਰਤ ਦੁਨੀਆਂ ਵਿੱਚ ਸਭ ਤੋਂ ਘੱਟ ਤਲਾਕ ਦਰਾਂ ਵਿੱਚੋਂ ਇੱਕ ਹੈ, ਜਿੱਥੇ ਲਗਭਗ 1% ਵਿਆਹ ਤਲਾਕ ਵਿੱਚ ਖਤਮ ਹੁੰਦੇ ਹਨ, ਕਿਉਂਕਿ ਤਲਾਕ ਅਜੇ ਵੀ ਭਾਰਤ ਦੇ ਬਹੁਤ ਸਾਰੇ ਪਰਿਵਾਰਾਂ ਵਿੱਚ ਕਲੰਕਿਤ ਹੈ ਅਤੇ ਇਸਨੂੰ ਵਰਜਿਤ ਮੰਨਿਆ ਜਾਂਦਾ ਹੈ। ਭਾਰਤ ਵਿੱਚ ਤਲਾਕ ਜੋੜੇ ਦੇ ਧਰਮ ਤੇ ਵੱਖ-ਵੱਖ ਕਾਨੂੰਨਾਂ ਦੁਆਰਾ ਨਿਯਮਤ ਹਨ, ਜਿਵੇਂ ਹਿੰਦੂ ਵਿਆਹ ਐਕਟ 1955, ਪਾਰਸੀ ਵਿਆਹ ਅਤੇ ਤਲਾਕ ਐਕਟ 1936, ਮੁਸਲਿਮ ਵਿਆਹ ਭੰਗ ਐਕਟ 1939, ਵਿਸ਼ੇਸ਼ ਵਿਆਹ ਐਕਟ 1954, ਵਿਦੇਸ਼ੀ ਵਿਆਹ ਐਕਟ 1969 ਅਤੇ ਭਾਰਤੀ ਤਲਾਕ ਐਕਟ 1869, ਮੁਸਲਿਮ ਔਰਤਾਂ (ਤਲਾਕ ਤੇ ਅਧਿਕਾਰਾਂ ਦੀ ਸੁਰੱਖਿਆ ਐਕਟ 1986)। ਵੇਖਿਆ ਗਿਆ ਹੈ ਕਿ ਮੁਸ਼ਕਲਾਂ, ਯੁੱਧ ਅਤੇ ਵੱਡੀਆਂ ਘਟਨਾਵਾਂ ਦੇ ਸਮੇਂ ਤਲਾਕ ਦੀ ਦਰ ਵਧ ਜਾਂਦੀ ਹੈ। ਸਮਾਜ ਸ਼ਾਸ਼ਤਰੀਆਂ ਅਨੁਸਾਰ ਵਿਆਹ ਅਤੇ ਤਲਾਕ ਵਿਚਾਲੇ ਇੱਕ ਨਵਾਂ ਰੁਝਾਨ ਵੀ ਵੇਖਣ ਨੂੰ ਮਿਲ ਰਿਹਾ ਹੈ; ਉਹ ਹੈ, ‘ਸਾਈਲੈਂਟ ਡਾਈਵੋਰਸ’ ਭਾਵ ‘ਚੁੱਪ-ਚੁਪੀਤਾ ਤਲਾਕ।’ ਇਹ ਉਦੋਂ ਹੁੰਦਾ ਹੈ, ਜਦੋਂ ਜੋੜੇ ਕਾਨੂੰਨੀ ਤੌਰ `ਤੇ ਵੱਖ ਨਹੀਂ ਹੁੰਦੇ, ਪਰ ਭਾਵਨਾਤਮਕ ਤੌਰ `ਤੇ ਵੱਖਰੇ ਹੋ ਜਾਂਦੇ ਹਨ। ਇੱਕੋ ਛੱਤ ਹੇਠ ਰਹਿੰਦੇ ਹੋਏ ਵੀ ਰਿਸ਼ਤੇ ਵਿੱਚ ਦੂਰੀ ਬਣ ਜਾਂਦੀ ਹੈ।
ਭਾਰਤੀ ਅਤੇ ਵਿਸ਼ੇਸ਼ ਤੌਰ `ਤੇ ਪੰਜਾਬੀ ਸਭਿਆਚਾਰ ਵਿੱਚ ਵਿਆਹ ਨੂੰ ਪਵਿੱਤਰ ਅਤੇ ਪਰਿਵਾਰਕ ਇਕਜੁਟਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਤਲਾਕ ਨੂੰ ਅਕਸਰ ਸਮਾਜਿਕ ਕਲੰਕ ਵਜੋਂ ਮੰਨਿਆ ਜਾਂਦਾ ਹੈ, ਜਿਸ ਕਾਰਨ ਜੋੜੇ ਖੁੱਲ੍ਹ ਕੇ ਵੱਖ ਹੋਣ ਦੀ ਬਜਾਏ ਚੁੱਪਚਾਪ ਵਿਛੋੜਾ ਚੁਣਦੇ ਹਨ। ‘ਲੋਕ ਕੀ ਕਹਿਣਗੇ’ ਦਾ ਡਰ ਕਾਰਨ ਉਹ ਆਪਣੀਆਂ ਸਮੱਸਿਆਵਾਂ ਨੂੰ ਚੁੱਪਚਾਪ ਸਹਿਣ ਕਰਨ ਲਈ ਮਜਬੂਰ ਹੁੰਦੇ ਹਨ। ਬਹੁਤ ਸਾਰੀਆਂ ਔਰਤਾਂ, ਖਾਸਕਰ ਪਰੰਪਰਾਗਤ ਪਰਿਵਾਰਾਂ ਵਿੱਚ, ਆਰਥਿਕ ਤੌਰ `ਤੇ ਸੁੰਤਤਰ ਨਹੀਂ ਹੁੰਦੀਆਂ। ਇਸ ਕਾਰਨ ਉਹ ਤਲਾਕ ਦੀ ਬਜਾਏ ‘ਚੁੱਪ-ਚੁਪੀਤਾ ਤਲਾਕ’ ਦਾ ਰਾਹ ਚੁਣਦੀਆਂ ਹਨ। ਤਲਾਕ ਦੇ ਨਤੀਜੇ ਵਜੋਂ ਜੋੜਿਆਂ ਵਿੱਚ ਤਣਾਅ, ਡਿਪਰੈਸ਼ਨ ਤੇ ਚਿੰਤਾ ਵਰਗੀਆਂ ਸਮੱਸਿਆਵਾਂ ਵਧਦੀਆਂ ਹਨ ਅਤੇ ਬੱਚਿਆਂ `ਤੇ ਵੀ ਇਸ ਦਾ ਮਾੜਾ ਅਸਰ ਪੈਂਦਾ ਹੈ। ਲਿਹਾਜਾ ਸਾਈਲੈਂਟ ਡਿਵੋਰਸ ਜਾਂ ਚੁੱਪ-ਚੁਪੀਤਾ ਤਲਾਕ ਇੱਕ ਲੱਛਣ ਹੈ, ਜੋ ਭਾਰਤੀ ਅਤੇ ਵਿਸ਼ੇਸ਼ ਤੌਰ `ਤੇ ਪੰਜਾਬੀ ਸਮਾਜ ਵਿੱਚ ਡੂੰਘੀਆਂ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਤਬਦੀਲੀਆਂ ਨੂੰ ਦਰਸਾਉਂਦਾ ਹੈ। ਲੋੜ ਹੈ, ਤਲਾਕ ਅਤੇ ਵਿਆਹੁਤਾ ਸਮੱਸਿਆਵਾਂ `ਤੇ ਖੁੱਲ੍ਹ ਕੇ ਚਰਚਾ ਹੋਵੇ। ਸਮਾਜ ਅਤੇ ਪਰਿਵਾਰ ਨੂੰ ਤਲਾਕ ਨੂੰ ਕਲੰਕ ਦੀ ਬਜਾਏ ਇੱਕ ਵਿਕਲਪ ਵਜੋਂ ਸਵਿਕਾਰ ਕਰਨ ਚਾਹੀਦਾ ਹੈ। ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਰਿਸ਼ਤਿਆਂ ਅਤੇ ਸੰਚਾਰ ਦੀ ਮਹੱਤਤਾ ਬਾਰੇ ਸਿੱਖਿਅਤ ਕਰਨਾ ਜਰੂਰੀ ਹੈ। ਪਹਿਲਾਂ ਸਮਾਜ ਵਿੱਚ ਸੰਯੁਕਤ ਪਰਿਵਾਰ ਪ੍ਰਣਾਲੀ ਪ੍ਰਚਲਤ ਸੀ, ਜਿੱਥੇ ਕਈ ਪੀੜ੍ਹੀਆਂ ਇੱਕੋ ਛੱਤ ਹੇਠ ਰਹਿੰਦੀਆਂ ਸਨ। ਹੁਣ ਸ਼ਹਿਰੀਕਰਨ, ਨੌਕਰੀਆਂ ਦੀ ਤਲਾਸ਼ ਅਤੇ ਵਿਅਕਤੀਗਤ ਆਜ਼ਾਦੀ ਦੀ ਇੱਛਾ ਨੇ ਇਕੱਲੇ ਪਰਿਵਾਰਾਂ ਨੂੰ ਵਧਾਇਆ ਹੈ; ਖਾਸ ਤੌਰ `ਤੇ ਸ਼ਹਿਰੀ ਅਤੇ ਪਰਵਾਸੀ ਜੋੜਿਆਂ ਵਿੱਚ ਭਾਵਨਾਤਾਮਕ ਦੂਰੀ ਜਾਂ ਚੁੱਪ ਚਪੀਤਾ ਤਲਾਕ ਵਾਲੀ ਭਾਵਨਾ ਵਧੀ ਹੈ। ਚੁੱਪ-ਚਪੀਤਾ ਤਲਾਕ ਕਾਨੂੰਨੀ ਤੌਰ `ਤੇ ਵਿਆਹੇ ਹੋਏ ਬਣੇ ਰਹਿੰਦੇ ਹਨ, ਪਰ ਭਾਵਨਾਤਾਮਕ ਤੌਰ `ਤੇ ਇੱਕ-ਦੂਜੇ ਤੋਂ ਵੱਖ ਹੋਣ ਦੀ ਸਥਿਤੀ ਵਿੱਚ ਸਮਾਨੰਤਰ ਜੀਵਨ ਜਿਊਣ ਲੱਗ ਪੈਂਦੇ ਹਨ, ਜਿਸ ਵਿੱਚ ਪਤੀ-ਪਤਨੀ ਦੇ ਵੱਖਰੇ-ਵੱਖਰੇ ਸਮਾਂ ਸਾਰਨੀ, ਸਮਾਜਿਕ ਦਾਇਰੇ ਅਤੇ ਰੁਚੀਆਂ ਬਣ ਜਾਂਦੀਆਂ ਹਨ। ਸਰੀਰਕ ਨੇੜਤਾ ਆਪਸੀ ਪਿਆਰ, ਸਹਿਣਸ਼ੀਲਤਾ ਜਿਨਸੀ ਗਤੀਵਿਧੀਆਂ ਅਤੇ ਨਜ਼ਦੀਕੀ ਗੱਲਬਾਤ ਘੱਟ ਜਾਂਦੀ ਹੈ। ਐਸੇ ਜੋੜੇ ਘਰੇਲੂ ਕੰਮ ਕਾਰਾਂ, ਵਿੱਤ ਜਾਂ ਬੱਚਿਆਂ ਦੀ ਦੇਖ-ਭਾਲ ਬਾਰੇ ਰਵਾਇਤੀ ਜਿਹੀ ਗੱਲਬਾਤ ਕਰਦੇ ਹਨ; ਕਦੇ ਵੀ ਭਾਵਨਾਵਾਂ, ਵਿਚਾਰਾਂ ਅਤੇ ਨਿੱਜੀ ਮਸਲਿਆਂ `ਤੇ ਚਰਚਾ ਨਹੀਂ ਹੁੰਦੀ। ਨੌਕਰੀ-ਪੇਸ਼ਾ ਅਤੇ ਪਰਵਾਸੀ ਜੋੜਿਆਂ ਵਿੱਚ ਇਹ ਪ੍ਰਵਿਰਤੀ ਵਧ ਰਹੀ ਹੈ।
ਸਮੇਂ ਦੇ ਗੇੜ ਨਾਲ ਵਿਆਹ ਦੀ ਧਾਰਨਾ ਵਿੱਚ ਵੀ ਬਦਲਾਅ ਆਇਆ ਹੈ। ਪਹਿਲਾਂ ਔਰਤਾਂ ਮੁੱਖ ਤੌਰ `ਤੇ ਘਰੇਲੂ ਜਿੰLਮੇਵਾਰੀਆਂ ਨਿਭਾਉਂਦੀਆਂ ਸਨ/ਹਨ, ਪਰ ਸਿੱਖਿਆ ਅਤੇ ਆਰਥਿਕ ਸੁਤੰਤਰਤਾ ਨੇ ਉਨ੍ਹਾਂ ਦੀ ਭੂਮਿਕਾ ਨੂੰ ਬਦਲ ਦਿੱਤਾ ਹੈ। ਔਰਤਾਂ ਹੁਣ ਨੌਕਰੀਆਂ, ਵਪਾਰ ਅਤੇ ਸਮਾਜਿਕ ਖੇਤਰਾਂ ਵਿੱਚ ਸਰਗਰਮ ਹਨ, ਜਿਸ ਨਾਲ ਪਰਿਵਾਰਕ ਢਾਂਚੇ ਵਿੱਚ ਸੱਤਾ ਸੰਤੁਲਨ ਬਦਲ ਗਿਆ ਹੈ। ਪਹਿਲੇ ਵਿਆਹ ਨੂੰ ਸਮਾਜਿਕ ਅਤੇ ਪਰਿਵਾਰਕ ਜ਼ਿੰਮੇਵਾਰੀ ਵਜੋਂ ਦੇਖਿਆ ਜਾਂਦਾ ਸੀ, ਪਰ ਹੁਣ ਨੌਜਵਾਨ ਪੀੜ੍ਹੀ ਵਿਅਕਤੀਗਤ ਖੁਸ਼ੀ, ਅਨੁਕੂਲਤਾ ਅਤੇ ਭਾਵਨਾਤਾਮਕ ਸਬੰਧਾਂ ਨੂੰ ਤਰਜੀਹ ਦਿੰਦੀ ਹੈ। ਭਾਵੇ ਲਵ ਮੈਰਿਜ ਜਾਂ ਸਵੈ ਚੁਣੇ ਵਿਆਹ ਵਧ ਰਹੇ ਹਨ, ਪਰ ਅਜਿਹੇ ਵਿਆਹ ਕਈ ਵਾਰੀ ਸਫਲ ਨਹੀਂ ਹੁੰਦੇ, ਜਿਸ ਕਾਰਨ ਜੋੜੇ ਸਮਾਜਿਕ ਅਤੇ ਪਰਿਵਾਰਕ ਦਬਾਅ ਕਾਰਨ ਤਲਾਕ ਲੈਣ ਦੀ ਬਜਾਏ ਚੁੱਪ-ਚੁਪੀਤਾ ਤਲਾਕ ਭਾਵ ਚੁੱਪ-ਚਾਪ ਰਹਿਣ ਵਾਲੀ ਸਥਿਤੀ ਨੂੰ ਅਪਨਾ ਲੈਂਦੇ ਹਨ। ਨੌਜਵਾਨ ਪੀੜ੍ਹੀ ਅਤੇ ਖਾਸ ਤੌਰ `ਤੇ ਪੰਜਾਬੀ ਭਾਈਚਾਰੇ ਲਈ ਚੁੱਪ-ਚੁਪੀਤਾ ਤਲਾਕ ਦੀ ਵਧ ਰਹੀ ਪ੍ਰਵਿਰਤੀ ਇੱਕ ਚੁਣੌਤੀ ਅਤੇ ਦੁਖਾਂਤ ਹੈ, ਜਿਸ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ।