ਸੰਤੋਖ ਸਿੰਘ ਮੰਡੇਰ
ਮੋਰਾਂ ਸਰਕਾਰ, ਇੱਕ ਨੱਚਣ ਵਾਲੀ ਕੰਜਰੀ ਭਰ ਜੁਆਨ ਤੇ ਨਿਹਾਇਤ ਅੱਤ ਦੀ ਹੁਸੀਨ ਮੁਸਲਮਾਨ ਕੁੜੀ ਸੀ, ਜੋ ਸ਼ੇਰੇ ਪੰਜਾਬ ਲਾਹੌਰ ਖਾਲਸਾ ਦਰਬਾਰ ਦੇ ਇੱਕ ਅੱਖ ਵਾਲੇ ਤੇ ਛੋਟੇ ਕੱਦ ਦੇ ਭਰ ਜੁਆਨ ਸਿੱਖ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੇ ਮਨ ਵਿੱਚ ਖੁੱਭ ਗਈ ਸੀ| ਮੋਰਾਂ, ਜੋ ਬਹੁਤ ਵਾਦ-ਵਿਵਾਦ ਤੇ ਵਿਰੋਧ ਦੇ ਬਾਵਜੂਦ ਉਸ ਦੀ ਘਰਵਾਲੀ ਯਾਨੀ ਰਾਣੀ, ਫਿਰ ਮਹਾਰਾਣੀ ਸਾਹਿਬਾਂ ਤੇ ਆਖਰ ‘ਮੋਰਾਂ ਸਰਕਾਰ’ ਨਾਲ ਪਛਾਣ ਬਣਾ ਗਈ| ਜਿਸ ਮੋਰਾਂ ਸਰਕਾਰ ਦੇ ਨਾਂ ਦਾ ਸਿੱਕਾ ਵੀ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਨੇ ਚਲਾਇਆ, ਉਹ ਕੀ ‘ਸ਼ੈ’ ਸੀ?
ਮੋਰਾਂ ਅੰਮ੍ਰਿਤਸਰ ਸਾਹਿਬ ਦੇ ਨਜਦੀਕ ‘ਵੱਲਾ ਪਿੰਡ’ ਤੋਂ ਕਸਬਾ ‘ਕੱਥੂ ਨੰਗਲ’ ਨੂੰ ਜਾਂਦੀ ਸੜਕ ਉਪਰ ਪੈਂਦੇ ਪਿੰਡ ‘ਫਤਿਹਗੜ ਸ਼ੁਕਰਚੱਕ’ ਤੇ ‘ਰਾਏਪੁਰ ਕਲਾਂ’ ਵਿਚਕਾਰ ਪੈਂਦੇ ਇੱਕ ਛੋਟੇ ਜਿਹੇ ਪਿੰਡ ‘ਮੱਖਣਵਿੰਡੀ’ ਦੇ ਆਮ ਗਰੀਬ ਮੁਸਲਮਾਨ ਘਰ ਦੀ ਇੱਕ ਕੁੜੀ ਸੀ, ਜੋ ਅੱਲ੍ਹਾ ਵੱਲੋਂ ਨਿਹਾਇਤ ਹੀ ਖੂਬਸੂਰਤ ਤੇ ਅੰਤਾਂ ਦੀ ਨੱਚਣ ਵਾਲੀ ਕੰਜਰਾਂ ਦੇ ਘਰ ਜੰਮੀ ਕੰਜਰੀ ‘ਡਾਂਸਰ’ ਸੀ| ਮੁਸਲਮਾਨ ਕੁੜੀ ਮੋਰਾਂ ਦਾ ਜਨਮ 1781 ਦਾ ਮੰਨਿਆ ਜਾਂਦਾ ਹੈ, ਜਦੋਂ ਕਿ ਕਾਕਾ ਰਣਜੀਤ ਸਿੰਘ ਦਾ ਜਨਮ 1780 ਵਿੱਚ ਹੋਇਆ ਸੀ| ਸੰਨ 1801 ਵਿੱਚ ਗੁਜਰਾਂਵਾਲਾ ਦੀ ਸ਼ੁਕਰਚੱਕ ਮਿਸਲ ਦੇ ਸੰਧਾਵਾਲੀਆ ਜੱਟ ਸਿੱਖ ਖਾਨਦਾਨ ਦੇ ਲਾਜਵਾਬ ਸਿਪਾਹਸਾਲਾਰ ਤੇ ਘੋੜਸਵਾਰ, 21 ਸਾਲਾ ਨੌਜਵਾਨ ਸਿੱਖ ਸਰਦਾਰ ਕਾਕਾ ਰਣਜੀਤ ਸਿੰਘ ਨੂੰ ਲਾਹੌਰ ਵਾਸੀਆਂ ਨੇ ਬਿਨਾ ਕਿਸੇ ਜੰਗ ਯੁੱਧ ਦੇ ‘ਸਰਕਾਰ ਖਾਲਸਾ ਜੀ’ ਦਾ ਆਗੂ ਮੰਨ ਲਿਆ ਗਿਆ| 12 ਅਪਰੈਲ 1801 ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਵਿੱਚ ਪੰਜਾਬ ਦੇ ਪਹਿਲੇ ਸਿੱਖ ਬਾਦਸ਼ਾਹ ਨੌਜਵਾਨ ਰਣਜੀਤ ਸਿੰਘ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੀੜ੍ਹੀਕਾਰ ਬਾਬਾ ਸਾਹਿਬ ਸਿੰਘ ਬੇਦੀ ਨੇ ਰਾਜ ਤਿਲਕ ਲਾਇਆ, ਜਿਸ ਨਾਲ 21 ਸਾਲਾਂ ਦੇ ਰਣਜੀਤ ਸਿੰਘ ਦੀ ‘ਪੰਜਾਬ ਦੇ ਬਾਦਸ਼ਾਹ’ ਵਜੋਂ ਤਾਜਪੋਸ਼ੀ ਹੋ ਗਈ| ਪੰਜਾਬ ਵਿੱਚ ਬੰਦਾ ਬਹਾਦਰ ਤੋਂ ਬਾਅਦ ਮੁਗਲ ਰਾਜ ਦੇ ਖਾਤਮੇ ਪਿੱਛੋਂ ਪਹਿਲੀ ਵਾਰ ਖਾਲਸ ‘ਸਿੱਖ ਸਲਤਨਤ’ ਹੋਂਦ ਵਿੱਚ ਆਈ| ਪੰਜਾਬ ਵਿੱਚ ਇਸ ਸਮੇਂ ਸਿੱਖਾਂ ਦੀ ਆਬਾਦੀ 10% ਸੀ, ਮੁਸਲਮਾਨ ਧਰਮ ਨੂੰ ਮੰਨਣ ਵਾਲੇ 80% ਸਨ ਅਤੇ 10% ਹਿੰਦੂ ਧਰਮ ਦੇ ਲੋਕ ਰਹਿੰਦੇ ਸਨ| ਆਮ ਲੋਕ ਪੰਜਾਬੀ ਤੇ ਫਾਰਸੀ ਬੋਲਦੇ ਸਨ, ਕੋਰਟ ਕਚਹਿਰੀਆਂ ਵਿੱਚ ਫਾਰਸੀ, ਡੋਗਰੀ, ਕਾਂਗੜੀ ਤੇ ਕਸ਼ਮੀਰੀ ਬੋਲੀ ਵਰਤੀ ਜਾਂਦੀ ਸੀ|
ਪੰਜਾਬ ਦਾ ਨੌਜਵਾਨ ਸਿੱਖ ਬਾਦਸ਼ਾਹ ਰਣਜੀਤ ਸਿੰਘ ਸਿੱਖ ਧਰਮ ਵਿੱਚ ਪੂਰਾ ਨਿਤਨੇਮੀ ਸੀ, ਪਰ ਮੁਸਲਮਾਨ ਸ਼ਾਸਕਾਂ ਵਾਂਗ ਕੱਟੜ ਬਿਲਕੁਲ ਨਹੀਂ ਸੀ| ਰਣਜੀਤ ਸਿੰਘ ਸਿੱਖ ਧਰਮ ਦੇ ਪਵਿਤਰ ਸਥਾਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਕਸਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਨਣ ਤੇ ਅਰਦਾਸ ਕਰਨ ਆਮ ਹੀ ਆਉਂਦਾ-ਜਾਂਦਾ ਰਹਿੰਦਾ ਸੀ| ਦਰਬਾਰ ਸਾਹਿਬ ਵਿੱਚ ਸੋਨੇ ਦੀ ਸੇਵਾ ਵੀ ਬਾਦਸ਼ਾਹ ਰਣਜੀਤ ਸਿੰਘ ਨੇ ਹੀ ਕਰਵਾਈ ਸੀ| ਪੰਜਾਬ ਦੇ ਬਾਦਸ਼ਾਹ ਨੇ ਆਪਣੇ ਆਰਾਮ ਤੇ ਮਨਪ੍ਰਚਾਵੇ ਲਈ ਲਾਹੌਰ ਤੇ ਅੰਮ੍ਰਿਤਸਰ ਦੇ ਰਾਹ ਉਪਰ ਅੰਮ੍ਰਿਤਸਰ ਤੋਂ 35 ਕਿਲੋਮੀਟਰ ਦੇ ਫਾਸਲੇ ਨਾਲ ਧਨੋਏ ਕਲਾਂ ਤੇ ਧਨੋਏ ਖੁਰਦ ਪਿੰਡਾਂ ਦੇ ਲਾਗੇ, ਲਾਹੌਰ ਦੇ ਸ਼ਾਲਾਮਾਰ ਬਾਗ ਵਰਗੀ ਇੱਕ ਸ਼ਾਨਦਾਰ ਅਰਾਮਗਾਹ (ਬਾਰਾਂਦਰੀ) ਬਣਵਾਈ, ਜੋ ਅੱਜ ਵੀ ਚੜ੍ਹਦੇ ਪੰਜਾਬ ਵਿੱਚ ਅਟਾਰੀ ਬਾਰਡਰ ਦੇ ਨਜ਼ਦੀਕ ‘ਬਾਰਾਂਦਰੀ ਮਹਾਰਾਜਾ ਰਣਜੀਤ ਸਿੰਘ’ ਦੇ ਨਾਂ ਨਾਲ ਟੂਰਿਸਟ ਪਲੇਸ ਹੈ, ਜੋ ‘ਪੁਲ ਕੰਜਰੀ’ ਦੇ ਨਾਂ ਨਾਲ ਵੀ ਮਸ਼ਹੂਰ ਹੈ|
ਇਸੇ ਸ਼ਾਨਦਾਰ ਬਾਰਾਂਦਰੀ-ਪੁਲ ਕੰਜਰੀ ਵਿੱਚ ਨੌਜਵਾਨ ਬਾਦਸ਼ਾਹ ਦਾ ਕਾਫਲਾ ਆਉਂਦੇ-ਜਾਂਦੇ ਕਈ ਕਈ ਦਿਨ ਰੁਕਦਾ, ਜਿਸ ਵਿੱਚ ਦਿਨ ਵੇਲੇ ਜਨਤਾ ਦਾ ਦਰਬਾਰ ਲਗਦਾ, ਫਰਿਆਦਾਂ ਸੁਣੀਆਂ ਜਾਂਦੀਆਂ, ਫੈਸਲੇ ਕੀਤੇ ਜਾਂਦੇ, ਸਜ਼ਾਵਾਂ ਹੁੰਦੀਆਂ| ਸ਼ਾਮ ਨੂੰ ਨੌਜਵਾਨ ਰਣਜੀਤ ਸਿੰਘ ਤੇ ਉਸ ਦੇ ਖਾਸਮਖਾਸ ਅਹਿਲਕਾਰਾਂ ਦੇ ਮਨਪ੍ਰਚਾਵੇ ਲਈ ਨੱਚਣ ਗਾਉਣ ਦਾ ਉਚੇਚਾ ਪ੍ਰੋਗਰਾਮ ਹੁੰਦਾ ਸੀ| ਇਸ ਬਾਰਾਂਦਰੀ ਵਿੱਚ ਲਾਹੌਰ, ਅੰਮ੍ਰਿਤਸਰ, ਸਿਆਲਕੋਟ, ਪਸਰੂਰ, ਬਟਾਲਾ, ਪਠਾਨਕੋਟ ਦੇ ਫਨਕਾਰ, ਸਾਰੰਗੀ ਵਾਦਕ, ਨਕਲੀਏ, ਨੱਚਣ ਗਾਉਣ ਵਾਲੀਆਂ ਤਵਾਇਫਾਂ-ਕੰਜਰੀਆਂ ਆਪੋ-ਆਪਣਾ ਪ੍ਰੋਗਰਾਮ ਪੇਸ਼ ਕਰਦੇ ਅਤੇ ਨੌਜਵਾਨ ਬਾਦਸ਼ਾਹ ਪਾਸੋਂ ਇਨਾਮ ਪ੍ਰਾਪਤ ਕਰਦੇ| ਇਲਾਕੇ ਦੇ ਪਿੰਡ ਮੱਖਣਵਿੰਡੀ ਦਾ ‘ਮੀਆਂ ਸਮਦੂ’ ਹੁਸਨਾਂ ਦੀ ਪਰੀ ਤੇ ਅੰਤਾਂ ਦੀ ਛੋਹਲੀ, ਤੇਜ਼ ਤਰਾਰ, ਹੁਸਨ ਦੀ ਮਲਕਾ, ਅੱਲ੍ਹੜ ਮੁਟਿਆਰ ‘ਮੋਰਾਂ’ ਨੂੰ ਵੀ ਬਾਰਾਂਦਰੀ ਵਿੱਚ ਨੱਚਣ ਗਾਉਣ ਲਈ ਲੈ ਕੇ ਆਉਂਦਾ ਸੀ| ਮੀਆਂ ਸਮਦੂ ਤੇ ਮੋਰਾਂ ਅਕਸਰ ਆਪਣਾ ਕਾਰੋਬਾਰ ਅੰਮ੍ਰਿਤਸਰ ਹੀ ਕਰਦੇ ਸਨ, ਪਰ ਜਦੋਂ ਵੀ ਨੌਜਵਾਨ ਬਾਦਸ਼ਾਹ ਦਾ ਕਾਫਲਾ ਬਾਰਾਂਦਰੀ ਰੁਕਦਾ ਤਾਂ ਮੀਆਂ ਸਮਦੂ ਤੇ ਮੋਰਾਂ ਦੇ ਸਾਥੀਆਂ ਦੀ ਹਵਾ ਹੀ ਬਦਲ ਜਾਂਦੀ ਤੇ ਉਹ ਕਈ ਕਈ ਦਿਨ ਬਾਦਸ਼ਾਹ ਪੰਜਾਬ ਨੂੰ ਉਗਲਾਂ `ਤੇ ਨਚਾਉਂਦੇ ਅਤੇ ਉਸ ਦੇ ਸਰਵਾਲੇ ਬਣ ਬਾਰਾਂਦਰੀ ਵਿੱਚ ਠਹਿਰਦੇ| ਇਸੇ ਬਾਰਾਂਦਰੀ ਵਿੱਚ 22 ਸਾਲਾਂ ਦਾ ਪੰਜਾਬ ਦਾ ਨੌਜਵਾਨ ਬਾਦਸ਼ਾਹ, ਸੰਧਾਵਾਲੀਆ ਮਿਸਲ ਦਾ ਸਰਦਾਰ ਰਣਜੀਤ ਸਿੰਘ, 21 ਸਾਲਾਂ ਦੀ ਇੱਕ ਮੁਸਲਿਮ ਤਵਾਇਫ-ਕੰਜਰੀ, ਨੱਚਣ ਵਾਲੀ ਗਰੀਬ ਘਰ ਦੀ ਕੁੜੀ ‘ਮੋਰਾਂ’ ਦਾ ਆਸ਼ਕ ਹੋ ਗਿਆ ਅਤੇ ਉਹਦੇ ਨਾਲ ਬਾਰਾਂਦਰੀ ਵਿੱਚ ਰਾਤਾਂ ਬਿਤਾਉਣ ਲੱਗਾ| ਜੱਟ ਸਿੱਖ ਰਣਜੀਤ ਸਿੰਘ ਨੇ ਇਸ਼ਕ ਤੇ ਹੁਸਨ ਵਿੱਚ ਦੀਵਾਨਾ ਹੋ ਕੇ ਮੋਰਾਂ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ, ਜੋ ਆਖਰ ‘ਕਾਕਾ ਜੀ’ ਤੋਂ ਭਾਰੀ ਲੈਣ-ਦੇਣ ਨਾਲ ਸਿਰੇ ਚੜ੍ਹੀ| ਸੰਨ 1802 ਵਿੱਚ ਆਖਰਕਾਰ ਆਸ਼ਿਕ ਕਾਕਾ ਰਣਜੀਤ ਸਿੰਘ ਨੇ ਵਿਚੋਲੇ ਪਾ ਕੇ ਮੋਰਾਂ ਨਾਲ ਲਾਹੌਰ ਦੇ ਸ਼ਾਲਾਮਾਰ ਬਾਗ ਵਿੱਚ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਨਿਕਾਹ ਕਰ ਲਿਆ, ਜਿਸ ਦਾ ਸਾਰਾ ਪ੍ਰਬੰਧ ਅਟਾਰੀ ਵਾਲੇ ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਕੀਤਾ ਸੀ| ਮੋਰਾਂ ਦੇ ਖਾਨਦਾਨ ਵੱਲੋਂ ਅੰਮ੍ਰਿਤਸਰ ਦਾ ਰਹਿਣ ਵਾਲਾ ਇੱਕ ਅਮੀਰ ਤਾਰੀਨ ਨੋਬਲ ਮੁਸਲਿਮ ਵਪਾਰੀ ‘ਜਨਾਬ ਸਾਮਾਦ ਜੋ ਕਸ਼ਮੀਰੀ’ ਮੋਰਾਂ ਦਾ ਪਿਉ ਬਣਿਆ| ਕਾਕੀ ਮੋਰਾਂ ਤੇ ਕਾਕਾ ਰਣਜੀਤ ਸਿੰਘ ਦਾ ਨਿਕਾਹ ਅੰਮ੍ਰਿਤਸਰ ਸ਼ਹਿਰ ਵਿੱਚ ਮੀਆਂ ਸਾਮਾਦ ਦੀ ਸ਼ਾਨਦਾਰ ਹਵੇਲੀ ਵਿੱਚ ਹੀ ਹੋਇਆ| ਵਿਆਹ ਤੋਂ ਬਾਅਦ ਮੋਰਾਂ ਤੇ ਰਣਜੀਤ ਸਿੰਘ ਲਾਹੌਰ ਚਲੇ ਗਏ| ਸਿੱਖ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਨੌਜਵਾਨ ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਧਰਮ ਦੀ ਪਰੰਪਰਾ ਦੇ ਉਲਟ ਇਹ ਨਾਜਾਇਜ਼ ਨਿਕਾਹ/ਵਿਆਹ ਕਰਵਾਉਣ ਲਈ ਕੋਰੜਿਆਂ ਦੀ ਸਜ਼ਾ ਵੀ ਲਾਈ ਸੀ| ‘ਵਾਲਿਡ ਸਿਟੀ’ ਜਾਂ ਅੰਦਰੂਨ ਲਾਹੌਰ ਵਿੱਚ ਰਣਜੀਤ ਸਿੰਘ ਨੇ ਨਵੀਂ ਦੁਲਹਨ ਰਾਣੀ ਮੋਰਾਂ ਲਈ ਪਹਿਲਾਂ ਹੀ ਇੱਕ ਬਹੁਤ ਖੂਬਸੂਰਤ ਹਵੇਲੀ, ਸ਼ਾਹ ਆਲਮ ਗੇਟ (ਸ਼ਾਲਮੀ ਦਰਵਾਜ਼ਾ) ਦੇ ਅੰਦਰ ਪਾਪੜ ਮੰਡੀ ਵਿੱਚ ਤਿਆਰ ਕਰਵਾ ਰੱਖੀ ਸੀ| ਲਾਹੌਰ ਦੀ ਇਸ ਸ਼ਾਨਦਾਰ ਹਵੇਲੀ ਵਿੱਚ ‘ਮਹਾਰਾਣੀ ਮੋਰਾਂ ਸਾਹਿਬਾਂ’ ਕਈ ਸਾਲ ਰਹੀ ਤੇ ਆਖਰ ਵਿੱਚ ‘ਮੋਰਾਂ ਸਰਕਾਰ’ ਦੇ ਨਾਂ ਨਾਲ ਜਾਣੀ ਗਈ|
ਮੋਰਾਂ ਸਰਕਾਰ ਅੰਤਾਂ ਦੀ ਬੁੱਧੀਮਾਨ ਔਰਤ ਸੀ, ਜੋ ਮਹਾਰਾਜਾ ਦੇ ‘ਸਿੱਖ ਦਰਬਾਰ’ ਦੀ ਇੱਕ ਵਿਸ਼ੇਸ਼ ਸਲਾਹਕਾਰ ਮੁਸਲਮਾਨ ਔਰਤ ਸੀ, ਜਿਸ ਨੂੰ ਅੰਗਰੇਜ਼ੀ ਵਿੱਚ ‘ਫਿਲਨਥਰੋਪਿਕ’ ਕਿਹਾ ਜਾਂਦਾ ਹੈ| ਮਹਾਰਾਜਾ ਸਿੱਖ ਰਾਜ ਦੇ ਗੁੰਝਲਦਾਰ ਤੇ ਪੇਚੀਦਾ ਮਸਲਿਆਂ ਵਿੱਚ ਅਖੀਰਲਾ ਫੈਸਲਾ ‘ਮੋਰਾਂ ਸਰਕਾਰ’ ਨਾਲ ਸਲਾਹ ਲੈ ਕੇ ਕਰਦਾ ਸੀ| ਮੋਰਾਂ ਸਰਕਾਰ ਦੇ ਗੁਣਾਂ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਚਾਂਦੀ ਦਾ ‘ਮੋਰਾਂ ਸ਼ਾਹੀ ਸਿੱਕਾ’ ਵੀ ਚਲਾਇਆ| ਮੋਰਾਂ ਤੇ ਮਹਾਰਾਜਾ ਬ੍ਰਿਟਿਸ਼ ਭਾਰਤੀ ਸਾਮਰਾਜ ਵਿੱਚ ਹਿੰਦੂ ਤੀਰਥ ਇਸ਼ਨਾਨ ਕਰਨ ਬਨਾਰਸ ਦੀ ਸੈਰ ਲਈ ਵੀ ਗਏ|
ਲਾਹੌਰ ਦਾ ਪੁਰਾਣਾ ਸ਼ਾਲਮੀ ਦਰਵਾਜ਼ਾ, ਸਰਕੂਲਰ ਰੋਡ ਦੇ ਉਪਰ ਭਾਟੀ ਦਰਵਾਜ਼ਾ ਲੰਘ ਕੇ, ਲਾਹੌਰ ਰੇਲਵੇ ਸਟੇਸ਼ਨ ਨੂੰ ਜਾਂਦੇ ਹੋਏ, ਪੁਰਾਣੀ ਅਨਾਰਕਲੀ ਤੇ ਉਰਦੂ ਬਾਜ਼ਾਰ ਦਾ ਚੌਕ ਪਾਰ ਕਰ ਕੇ ਬਾਂਸ ਬਾਜ਼ਾਰ ਵਾਲੇ ਚੌਕ ਦੇ ਖੱਬੇ ਹੱਥ ਹੈ| ‘ਚੌਕ ਸ਼ਾਲਮੀ’ ਦੇ ਸੱਜੇ ਹੱਥ ਮਸਜਿਦ ਦੇ ਨਾਲ ਮੀਜਾਨ ਜ਼ੱਰਈ ਬੈਂਕ ਦੇ ਨਾਲ ਸੇLਰਾਂ ਵਾਲੇ ਪਹਿਲਵਾਨਾਂ- ਬਹੀ ਪਹਿਲਵਾਨ, ਚਾਂਦ ਪਹਿਲਵਾਨ ਤੇ ਨੌਜਵਾਨ ਹਸਨ ਪਹਿਲਵਾਨ ਦਾ ਡੇਰਾ ਵੀ ਹੈ, ਜੋ ਇਸ ਖੁੱਲ੍ਹੇ ਹਾਤੇ ਵਿੱਚ ਪਹਿਲਵਾਨੀ ਦੇ ਅਖਾੜੇ ਵਿੱਚ ਕੁਸ਼ਤੀ ਕਰਨ ਦੇ ਨਾਲ ‘ਆਜ਼ਾਦ ਪਾਕਿਸਤਾਨ ਗੁਡਜ਼ ਟਰਾਂਸਪੋਰਟ’ ਦੇ ਨਾਂ ਨਾਲ ਪੂਰੇ ਪਾਕਿਸਤਾਨ ਵਿੱਚ ਸਮਾਨ ਦੀ ਢੋਆ ਢੁਆਈ ਦਾ ਕਾਰੋਬਾਰ ਕਰਦੇ ਹਨ| ਮੇਰਾ ਤੇ ਜਲੰਧਰ ਦੇ ਰੁਸਤਮੇ ਹਿੰਦ ਪਹਿਲਵਾਨ, ਸਾਬਕਾ ਆਈ.ਜੀ. ਪੰਜਾਬ ਪੁਲਿਸ ਸਰਦਾਰ ਕਰਤਾਰ ਸਿੰਘ ਦਾ ਲਾਹੌਰ ਵਿੱਚ ਰਹਿਣ ਸਮੇਂ ‘ਮੰਜੇ ਬਿਸਤਰੇ ਤੇ ਖਾਣ ਪੀਣ’ ਦਾ ਇੰਤਜ਼ਾਮ ਵੀ ਇਸੇ ਡੇਰੇ ਵਿੱਚ ਹੁੰਦਾ ਹੈ| ਦੁਆਬੇ ਦੇ ਜੱਟ ਭੱਜਣ ਵਾਲੇ ਨਾਗੌਰੀ ਬਲਦ ਪਾਲਦੇ ਹਨ ਤੇ ਲਾਹੌਰ ਦੇ ਕਸ਼ਮੀਰੀ ਬੱਟਾਂ ਦਾ ਡੇਰਾ ਜੰਗਲੀ ਖੂੰਖਾਰ ਸ਼ੇਰ ਰੱਖਣ ਦਾ ਸ਼ੌਕੀਨ ਹੈ| ਅੰਦਰੂਨ ਲਾਹੌਰ ਦੇ ਸ਼ਾਲਮੀ ਦਰਵਾਜ਼ੇ ਦੇ ਅੰਦਰ ਖੱਬੇ ਹੱਥ ਪਾਪੜ ਮੰਡੀ ਵਿੱਚ ‘ਮਸਜਿਦ-ਏ-ਤਵਾਇਫਾਂ’ ‘ਮਸਜਿਦ ਮੋਰਾਂ’ ਹੁਣ ‘ਮਾਈ ਮੋਰਾਂ ਦੀ ਮਸਜਿਦ’ ਹਾਲੀ ਵੀ ਮੌਜੂਦ ਹੈ| ਸੱਜੇ ਹੱਥ ‘ਵਾਲਿਡ ਸਿਟੀ ਲਾਹੌਰ’ ਦੇ ਸ਼ਾਹ ਆਲਮ ਹੁਣ ‘ਸ਼ਾਲਮੀ ਦਰਵਾਜ਼ੇ’ ਅੰਦਰ ਇਰਾਨ ਦੇ ਸ਼ਹਿਰ ਤਬਰੀਜ ਵਿੱਚ ਧਰਤੀ ਅੰਦਰ ਬਣੇ ਏਸ਼ੀਆ ਦੇ ਖੂਬਸੂਰਤ ਤੇ ਅਨੋਖੇ ‘ਤਬਰੀਜ ਬਾਜ਼ਾਰ’ ਵਾਂਗ ਲਾਹੌਰ ਦੇ ਭੀੜੇ ਤੰਗ ਬਾਜ਼ਾਰਾਂ ਵਿੱਚ ਮੀਂਹ ਹਨੇਰੀ ਤੇ ਧੁੱਪ ਠੰਢ ਤੋਂ ਬਚਣ ਲਈ ਪਰਛੱਤੀਆਂ ਤੇ ਟੀਨ ਦੀਆਂ ਚਾਦਰਾਂ ਨਾਲ ਢਕੀ ਬੱਰ-ਏ-ਸਗੀਰ-ਹਿੰਦ ਮਹਾਂਦੀਪ ਦੀ ਰਾਜਧਾਨੀ ਦਿੱਲੀ ਦੇ ਬਾਜ਼ਾਰਾਂ/ਮਾਰਕੀਟਾਂ ਵਰਗੀ ‘ਸ਼ਾਲਮੀ ਮਾਰਕੀਟ’ ਹੈ, ਜਿੱਥੋਂ ਦੇ ਬਾਜ਼ਾਰਾਂ ਵਿੱਚ ਦੁਨੀਆਂ ਦੀ ਹਰ ਨਕਲੀ ਤੇ ਅਸਲੀ ਚੀਜ਼ ਬੜੇ ਵਾਜਿਬ ਦਾਮ ਨਾਲ ਮਿਲਦੀ ਹੈ|
ਸੰਨ 1811 ਵਿੱਚ ਮੋਰਾਂ ਸਰਕਾਰ 11 ਸਾਲਾਂ ਬਾਅਦ ਲਾਹੌਰ ਤੋਂ ਰੁਖਸਤ ਹੋ ਕੇ ਪਠਾਨਕੋਟ ਇੱਕ ਹਵੇਲੀ ਵਿੱਚ ਚਲੀ ਗਈ ਅਤੇ ਉਥੇ ਹੀ ਬਿਨਾ ਕਿਸੇ ਔਲਾਦ ਦੇ ਸੰਨ 1862 ਵਿੱਚ 81 ਸਾਲ ਦੀ ਸ਼ਾਹੀ ਉਮਰ ਭੋਗ ਕੇ ਅੱਲ੍ਹਾ ਨੂੰ ਪਿਆਰੀ (ਫੌਤ) ਹੋ ਗਈ| ਮਹਾਰਾਜਾ ਰਣਜੀਤ ਸਿੰਘ ਨੇ 39 ਸਾਲ ਇੱਕ ਵੱਡੇ ਪੰਜਾਬ ਉਪਰ ਖਾਲਸਾਈ ਰਾਜ ਕੀਤਾ| ਸੰਨ 1839 ਵਿੱਚ 59 ਸਾਲ ਦੀ ਉਮਰ ਵਿੱਚ ਪੰਜਾਬ ਦਾ ਸਿੱਖ ਮਹਾਰਾਜਾ ਸਦਾ ਲਈ ਪਰਲੋਕ ਸਿਧਾਰ ਗਿਆ|
ਬੀ.ਬੀ.ਸੀ. ਲੰਡਨ ਨੇ ਪੰਜਾਬ ਦੀ ਸਿੱਖ ਸਲਤਨਤ ਨੂੰ ਸੰਸਾਰ ਦੀ ਸਭ ਤੋਂ ਵੱਧ ਲੋਕਪ੍ਰਿਆ ਸਰਕਾਰ ਦਾ ਦਰਜਾ ਦਿੱਤਾ ਹੈ, ਜਿਸ ਰਾਜ ਵਿੱਚ ਸਭ ਧਰਮਾਂ ਦੇ ਲੋਕ ਬਹੁਤ ਪਿਆਰ, ਸਤਿਕਾਰ ਤੇ ਬਿਨਾ ਭੇਦਭਾਵ ਦੇ ਰਹਿੰਦੇ ਸਨ| ਪੰਜਾਬ ਦੇ 40 ਸਾਲਾਂ ਦੇ ਸਿੱਖ ਰਾਜ ਵਿੱਚ ਕਿਸੇ ਅਪਰਾਧੀ ਨੂੰ ਫਾਂਸੀ ਜਾਂ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ| ਮੋਰਾਂ ਸਰਕਾਰ ਨੇ ਸਿੱਖ ਸਲਤਨਤ (ਰਾਜ) ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਚਹੇਤੀ ਤੇ ਜਹੀਨ (ਸਮਝਦਾਰ) ਮਹਾਰਾਣੀ ਹੋਣ ਦਾ ਮਾਣ ਪ੍ਰਾਪਤ ਕੀਤਾ| ਮਹਾਰਾਜਾ ਰਣਜੀਤ ਸਿੰਘ ਮੋਰਾਂ ਸਰਕਾਰ ਨੂੰ ਸ਼ਾਹੀ ਪ੍ਰਸਾਦੀ ਹਾਥੀ ਦੇ ਦੰਦਾਂ ਨਾਲ ਲਾਲਟੈਣਾਂ ਬੰਨ ਕੇ, ਹੀਰੇ ਮੋਤੀਆਂ ਨਾਲ ਜੜੇ ਸੁਨਹਿਰੀ ਹੌਦੇ ਵਿੱਚ ਬੈਠਾ ਕੇ ਰਾਤਾਂ ਨੂੰ ਅੰਦਰੂਨ ਲਾਹੌਰ ਦੇ ਬਾਜ਼ਾਰਾਂ ਵਿੱਚ ਤਫਰੀ (ਸੈਰ) ਕਰਵਾਉਂਦਾ ਹੁੰਦਾ ਸੀ| ਮਹਾਰਾਜਾ ਰਣਜੀਤ ਸਿੰਘ ਹਰ ਸੋਹਣੀ ਵਸਤੂ ਤੇ ਸੁੰਦਰ ਸ਼ੈ ਦਾ ਅੱਤ ਦਾ ਸ਼ੌਕੀਨ ਸੀ| ਉਸ ਦੇ ਹਰਮ-ਜਨਾਨਖਾਨੇ ਵਿੱਚ 20 ਰਾਣੀਆਂ, ਰਾਣੀ ਮਹਿਤਾਬ ਕੌਰ, ਰਾਜ ਕੌਰ, ਰਤਨ ਕੌਰ, ਦਿਆ ਕੌਰ, ਜਿੰਦ ਕੌਰ ਤੇ ਮਹਾਰਾਣੀਆਂ, ਬੇਗਮਾਂ, ਪਹਾੜਨ ਦੇਵੀਆਂ ਤੇ ਠੁਕਰਾਣੀਆਂ ਦੇ ਨਾਲ 23 ਹੋਰ ਸ਼ਾਹੀ ਔਰਤਾਂ ਵੀ ਸਨ, ਜਿਨ੍ਹਾਂ ਵਿੱਚੋਂ ਕੁਝ `ਤੇ ਬਾਦਸ਼ਾਹ ਨੇ ‘ਚਾਦਰ’ ਪਾਈ ਹੋਈ ਸੀ|
ਇੱਕ ਅੱਖ ਵਾਲੇ ਬਦਸੂਰਤ ਪਰ ਪੰਜਾਬ ਦੀ ਖੂਬਸੂਰਤ ਪਰਜਾ ਦਾ ਸੱਚਾ ਸੁੱਚਾ ਨਿਆਂਪਾਲਿਕ ਸਿੱਖ ਬਾਦਸ਼ਾਹ ਰਣਜੀਤ ਸਿੰਘ ਅਤੇ ਹੁਸਨ ਦੀ ਮਲਿਕਾ ਤੇ ਮਹਾਨ ਬੁੱਧੀ ਦੀ ਮਾਲਿਕ ‘ਮੋਰਾਂ ਸਰਕਾਰ’ ਦੀਆਂ ਅਣਗਿਣਤ ਬਖਸ਼ਿਸਾਂ ਦਾ ਵਰਨਣ ਸ਼ੇਰੇ ਪੰਜਾਬ ਦਾ ਮੁਸਲਿਮ ਵਜ਼ੀਰ ਫਕੀਰ ਅਜੀਜਊਦੀਨ ਆਪਣੀ ਫਾਰਸੀ ਦੀ ਹੱਥ ਲਿਖਤ ‘ਮਹਾਰਾਜਾ ਰਣਜੀਤ ਸਿੰਘ ਦਾ ਅਸਲੀ ਰੂਪ’ ਵਿੱਚ ਖੁੱਲ੍ਹ ਕੇ ਕਰਦਾ ਹੈ| 18ਵੀਂ ਸਦੀ ਵਿੱਚ ਖਾਲਸਾ ਫੌਜਾਂ ਵਿੱਚ ਇੱਕ ਮੁਸਲਮਾਨ ਸੂਹੀਆ (ਖੁਫੀਆ ਜਾਸੂਸ) ਕਾਜੀ ਨੂਰ ਮੁਹੰਮਦ, ਪਰਸ਼ੀਅਨ ਕਵੀ ਸਿੱਖਾਂ ਦੇ ਭੇਸ ਵਿੱਚ, ਸਿੱਖਾਂ ਦੀਆਂ ਲਾਸਾਨੀ ਬਹਾਦਰੀਆਂ ਤੇ ਕੁਰਬਾਨੀਆਂ ਦਾ ਵਰਨਣ ਆਪਣੀ ਲਿਖਤ ‘ਜੰਗਨਾਮਾ’ ਵਿੱਚ ਆਪਣੇ ਸ਼ਬਦਾਂ ਰਾਹੀਂ ਕਰਦਾ ਨਹੀਂ ਥੱਕਦਾ|