ਸਮੇਂ ਨੇ ਇੱਕ ਨਾ ਮੰਨੀ…
ਨਿੰਮਾ ਡੱਲੇਵਾਲ
ਵਕਤ ਭਾਵ ਸਮੇਂ ਦੇ ਤਿੰਨ ਵੱਖ ਵੱਖ ਰੂਪ ਹਨ- ਭੂਤ ਕਾਲ, ਵਰਤਮਾਨ ਅਤੇ ਭਵਿੱਖ। ਦੁਨੀਆਂ ਵਿੱਚ ਵਿਚਰ ਰਹੇ ਇਨਸਾਨ ਨਾਲ ਗੂੜ੍ਹੇ ਸਬੰਧ ਰੱਖਣ ਵਾਲੇ ਸਮੇਂ ਦੇ ਤਿੰਨ ਰੰਗ ਮਨੁੱਖ ਦੀ ਜ਼ਿੰਦਗੀ ਨੂੰ ਵੀ ਤਿੰਨ ਹਿੱਸਿਆਂ ਵਿੱਚ ਵੰਡਦੇ ਹਨ। ਧਰਤੀ ਉਤੇ ਆਏ ਹਰ ਇੱਕ ਨੂੰ ਵਕਤ ਦੇ ਇਨ੍ਹਾਂ ਤਿੰਨਾਂ ਰੰਗਾਂ ਦੀ ਹੋਲੀ ਖੇਡਣੀ ਹੀ ਪੈਂਦੀ ਹੈ, ਕਿਉਂਕਿ ਇਨ੍ਹਾਂ ਰੰਗਾਂ ਦੀ ਗੁਲਾਲੀ ਗੱਲ੍ਹਾਂ ਉਤੇ ਲੱਗੇ ਬਿਨਾ ਜ਼ਿੰਦਗੀ ਵਾਲੀ ਸਤਰੰਗੀ ਪੀਂਘ ਨੂੰ ਜਿਊਣ ਦਾ ਹੁਲਾਰਾ ਮਿਲ ਹੀ ਨਹੀਂ ਸਕਦਾ।
ਸਮੇਂ ਦਾ ਵਿਚਕਾਰ ਵਾਲਾ ਰੰਗ ਇਉਂ ਸਮਝੋ ਟਰੈਫਿਕ ਵਾਲੇ ਇਸ਼ਾਰੇ ਦੀ ਪੀਲੀ ਲਾਈਟ ਹੈ, ਜੋ ਪਹਿਲਾਂ ਹਰੀ ਵਿੱਚੋਂ ਲੰਘਣ ਦੀ ਆਗਿਆ ਅਤੇ ਬਾਅਦ ਵਿੱਚ ਹੋਣ ਵਾਲੀ ਲਾਲ `ਤੇ ਰੁਕਣ ਦੀ ਪਾਬੰਦੀ ਦਾ ਅਹਿਸਾਸ ਹੈ। ਬਿਲਕੁਲ ਇਸੇ ਤਰ੍ਹਾਂ ਹੀ ਚੱਲ ਰਿਹਾ ਸਮਾਂ ਸਾਨੂੰ ਸੰਕੇਤ ਦਿੰਦਾ ਲੰਘੇ ਹੋਏ ਅਤੇ ਆਉਣ ਵਾਲੇ ਸਮੇਂ ਦਾ ਅਹਿਸਾਸ ਕਰਵਾਉਂਦਾ ਹੈ। ਸਮੇਂ ਦਾ ਅਸਲ ਰੂਪ ਵੀ ਇਹੀ ਹੁੰਦਾ ਹੈ, ਜੋ ਸਾਡੇ ਨਾਲ ਚੱਲ ਰਿਹਾ ਹੁੰਦਾ ਹੈ, ਕਿਉਂਕਿ ਲੰਘਿਆ ਵਿਛੜ ਚੁਕਾ ਹੁੰਦਾ ਹੈ ਅਤੇ ਆਉਣ ਵਾਲੇ ਦੀਆਂ ਉਡੀਕਾਂ ਨਹੀਂ ਮੁੱਕਦੀਆਂ; ਜਿਸ ਤੋਂ ਸਾਨੂੰ ਇੱਕ ਸਿਧਾਂਤਮਈ ਸਿੱਖਿਆ ਮਿਲਦੀ ਹੈ ਕਿ ਜੋ ਇਹ ਵਕਤ ਤੁਹਾਡੇ ਕੋਲ ਹੈ, ਉਹੀ ਤੁਹਾਡਾ ਹੈ। ਇਹੀ ਵਕਤ ਦੀ ਨਜ਼ਾਕਤ ਹੈ, ਜਿਸ ਨੂੰ ਕਈ ਵਾਰ ਜ਼ਬਾਨ ਬੋਲ ਉਠਦੀ ਹੈ।
ਇਹ ਵਕਤ ਕਿਸੇ ਦੇ ਪਿਓ ਦਾ ਨਾ
ਅੱਜ ਤੇਰਾ ਤੇ ਕੱਲ੍ਹ ਮੇਰਾ ਏ।
ਅੱਜ ਇਸ ਪਾਸੇ ਕੱਲ੍ਹ ਉਸ ਪਾਸੇ
ਨਾ ਕਿਤੇ ਵੀ ਪੱਕਾ ਡੇਰਾ ਏ।
ਮੈਨੂੰ ਦੱਸਿਓ ਅੱਜ ਤੱਕ ਕਿਹੜੇ ਨੇ
ਤੱਕਿਆ ਏਸ ਦਾ ਚਿਹਰਾ ਏ।
ਕਿਵੇਂ ਕੈਦ ਕੋਈ ਕਰਲੂ ਮੁੱਠੀ ਵਿੱਚ
ਪੂਰੇ ਆਲਮ ਦੇ ਵਿੱਚ ਘੇਰਾ ਏ।
ਖੁਸ਼ੀਆਂ ਦੀ ਜਗਮਗ ਵਕਤ ਕਰੇ
ਜਿੱਥੇ ਕਰਿਆ ਦਰਦ ਹਨੇਰਾ ਏ।
ਜਿਹੜੇ ਵਿਹੜੇ ਆ ਹੰਕਾਰ ਵੜੇ
ਉਸ ਵਿਹੜੇ ਕਰੇ ਹਨੇਰਾ ਏ।
ਵਕਤ ਨਾ ਬਹਿੰਦਾ ਟਿਕ ‘ਨਿੰਮਿਆ’
ਇਹਦਾ ਮੁੱਕੇ ਨਾ ਤੋਰਾ-ਫੇਰਾ ਏ।
ਵਕਤ ਜਿਸ ਦਾ ਪਰਮਾਤਮਾ ਵਾਂਗੂੰ ਕੋਈ ਰੰਗ ਰੂਪ ਜਾਂ ਸ਼ਕਲ ਨਹੀਂ, ਪਰ ਇਸ ਦੇ ਅਹਿਸਾਸ ਦੇ ਰੰਗ ਜ਼ਰੂਰ ਨਜ਼ਰ ਆਉਂਦੇ ਹਨ। ਘਰ ਦੇ ਹਰ ਇਨਸਾਨ ਉਤੇ ਲਾਗੂ ਹੋਣ ਵਾਲੇ ਸਮੇਂ ਦਾ ਆਪਣਾ ਕੋਈ ਘਰ ਨਹੀਂ। ਇਸ ਦਾ ਕੋਈ ਭੈਣ-ਭਰਾ ਨਹੀਂ, ਇਸ ਨੇ ਕਿਸੇ ਮਾਂ ਦੀ ਕੁੱਖ ਵਿੱਚੋਂ ਜਨਮ ਨਹੀਂ ਲਿਆ ਤੇ ਪਿਓ ਵੀ ਨਹੀਂ, ਸ਼ਾਇਦ ਇਸੇ ਕਰਕੇ ਹੀ ਇਹ ਵਕਤ ਕਿਸੇ ਦੇ ਪਿਓ ਦਾ ਨਹੀਂ। ਸੋਚਣ ਵਾਲੀ ਗੱਲ ਕਿ ਇਸ ਦੇ ਪੈਰ ਵੀ ਨਹੀਂ, ਫਿਰ ਵੀ ਇੱਕ ਥਾਂ ਨਹੀਂ ਟਿਕ ਬੈਠਦਾ ਅਤੇ ਇਸ ਦੇ ਹੱਥ ਵੀ ਨਹੀਂ ਤੇ ਹੱਥਾਂ ਵਿੱਚ ਨਜ਼ਰ ਨਾ ਆਉਣ ਵਾਲੀ ਐਸੀ ਲਾਠੀ ਫੜੀ ਫਿਰਦਾ ਹੈ, ਜਿਸ ਦੇ ਵੱਜਣ `ਤੇ ਆਵਾਜ਼ ਵੀ ਨਹੀਂ ਆਉਂਦੀ। ਇਸ ਦੀ ਆਪਣੀ ਕੋਈ ਜ਼ੁਬਾਨ ਵੀ ਨਹੀਂ ਹੁੰਦੀ, ਫਿਰ ਵੀ ਇਹ ਘੜੀ ਦੀਆਂ ਸੂਈਆਂ ਦੀ ਟਿਕ-ਟਿਕ ਨਾਲ ਆਪਣੀ ਭਾਸ਼ਾ ਸਮਝਾਉਂਦਾ ਰਹਿੰਦਾ ਹੈ ਅਤੇ ਸਾਨੂੰ ਆਪਣੀਆਂ ਕਦਰਾਂ-ਕੀਮਤਾਂ ਦਰਸਾਉਂਦਾ ਹੋਇਆ ਸਾਨੂੰ ਸਾਡੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਂਦਾ ਰਹਿੰਦਾ ਹੈ। ਅੱਲ੍ਹੜ ਉਮਰ ਅਤੇ ਪੁਲਾਂ ਹੇਠੋਂ ਪਾਣੀ ਵਾਂਗ ਇਹ ਵਕਤ ਵੀ ਕਦੇ ਪਿੱਛੇ ਨਹੀਂ ਮੁੜਦਾ ਅਤੇ ਨਾ ਹੀ ਇਸ ਨੂੰ ਕਿਸੇ ਤਰ੍ਹਾਂ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਜਾ ਸਕਦਾ ਹੈ। ਇਸ ਦੀ ਆਪਣੀ ਇੱਕ ਰਫਤਾਰ ਹੈ, ਜੋ ਇਸ ਦੇ ਕਦਮ ਨਾਲ ਕਦਮ ਮਿਲਾ ਕੇ ਚੱਲੇਗਾ, ਉਹ ਆਪਣੇ ਮਕਸਦ ਵਾਲੀਆਂ ਮੰਜ਼ਿਲਾਂ ਉਤੇ ਜ਼ਰੂਰ ਅੱਪੜੇਗਾ; ਪਰ ਜੋ ਇਸ ਦੀ ਤੋਰ ਨਹੀਂ ੱਤੁਰ ਸਕਦਾ, ਉਹ ਹਮੇਸ਼ਾ ਹੀ ਫਾਡੀ ਰਹੇਗਾ। ਇਸ ਸਮੇਂ ਦੀਆਂ ਕਦਰਾਂ ਕਰੇ ਬਿਨਾ ਇਨਸਾਨ ਦੀਆਂ ਕਦਰਾਂ ਵੀ ਨਹੀਂ ਪੈਂਦੀਆਂ। ਸਮੇਂ ਦੀ ਸੰਭਾਲ ਹੀ ਸਫਲਤਾ ਵਾਲੇ ਘਰ ਨੂੰ ਜਾਣ ਵਾਲੀਆਂ ਰਾਹਾਂ ਵਿਖਾਉਂਦੀ ਹੈ। ਸਮੇਂ ਦੀਆਂ ਦੋ ਦਿਸ਼ਾਵਾਂ ਹਨ- ਇੱਕ ਚੰਗੀ ਤੇ ਇਕ ਮਾੜੀ। ਜ਼ਿੰਦਗੀ ਵਿੱਚ ਚੱਲ ਰਿਹਾ ਮਾੜਾ ਵਕਤ ਸਾਨੂੰ ਚੰਗੇ ਵਕਤ ਦੀ ਤਲਾਸ਼ ਵਾਲੀਆਂ ਰਾਹਾਂ ‘ਤੇ ਤੋਰ ਦਿੰਦਾ ਹੈ। ਮਾੜਾ ਵਕਤ ਸਾਨੂੰ ਮਾੜਾ ਲੱਗਦਾ, ਪਰ ਇਸ ਦੀਆਂ ਨੀਤੀਆਂ ਮਾੜੀਆਂ ਨਹੀਂ ਹੁੰਦੀਆਂ, ਕਿੳਂੁਕਿ ਮਾੜਾ ਵਕਤ ਹੀ ਸਾਡੇ ਅੰਦਰਲੇ ਸ਼ੈਤਾਨ ਨੂੰ ਮਾਰ ਅੰਦਰਲੇ ਸੁੱਤੇ ਇਨਸਾਨ ਨੂੰ ਜਗਾ ਕੇ ਸਾਡੇ ਮਨ ਦੇ ਭਾਵ ਬਦਲ ਕੇ ਸਾਡੀ ਪਰਮਾਤਮਾ ਨਾਲ ਨੇੜਤਾ ਬਣਾਉਂਦਾ ਹੈ ਤੇ ਇਹ ਸਾਨੂੰ ਸਾਡੀਆਂ ਕੀਤੀਆਂ ਭੁੱਲਾਂ ਦਾ ਅਹਿਸਾਸ ਕਰਵਾ ਸਿਆਣਪਾਂ ਦੇ ਪਾਠ ਪੜ੍ਹਾਉਂਦਾ ਹੈ। ਵਕਤ ਆਪਣੀ ਥਾਂ ਉਤੇ ਸਥਿਰ ਹੈ। ਉਸ ਦੀ ਚੰਗੀ ਜਾਂ ਮਾੜੀ ਹੋਂਦ ਆਪਣੇ ਜੀਵਨ ਵਿੱਚ ਅਸੀਂ ਪੈਦਾ ਕਰਦੇ ਹਾਂ। ਮਾੜਾ ਵਕਤ ਜ਼ਿੰਦਗੀ ਵਿੱਚ ਲੱਗੀ ਉਸ ਠੋਕਰ ਵਾਂਗ ਹੈ, ਜੋ ਸੰਭਲਣ ਦੀ ਜਾਂਚ ਸਿਖਾਉਂਦਾ ਹੈ। ਸਮਝਿਆ ਜਾਵੇ ਤਾਂ ਇਹ ਸਾਡੇ ਜੀਵਨ ਵਿੱਚ ਇੱਕ ਪ੍ਰੇਰਨਾ ਦਾ ਸਰੋਤ ਹੈ। ਇੱਕ ਮਾੜਾ ਵਕਤ ਹੀ ਹੈ, ਜੋ ਸਾਡੇ ਹੰਕਾਰ ਦੀਆਂ ਜ਼ੰਜੀਰਾਂ ਨੂੰ ਤੋੜ ਨਿਮਰਤਾ ਵਾਲੀਆਂ ਉਨ੍ਹਾਂ ਡੋਰਾਂ ਵਿੱਚ ਬੰਨ੍ਹਦਾ ਹੈ, ਜਿਨ੍ਹਾਂ ਦੀਆਂ ਪਾਈਆਂ ਪੀਂਘਾਂ ਸਦਾ ਇਮਾਨ ਵਾਲੇ ਝੂਟੇ ਦਿੰਦੀਆਂ ਨੇ, ਪਰ ਕਦੇ ਨਹੀਂ ਟੁੱਟਦੀਆਂ। ਦੁਨੀਆਂ ਵਿਚਲੀਆਂ ਸਭ ਮਾੜੀਆਂ ਚੀਜ਼ਾਂ ਵਿੱਚ ਇੱਕ ਵਕਤ ਹੀ ਐਸਾ ਹੈ, ਜੋ ਮਾੜੀ ਅਵਸਥਾ ਵਿੱਚ ਵੀ ਮਨੁੱਖ ਨੂੰ ਮੁੜ ਖੁਸ਼ਹਾਲ ਹੋਣ ਦੀ ਪ੍ਰੇਰਨਾ ਦਿੰਦਾ ਹੈ।
ਚੰਗੇ ਵਕਤ ਦੀ ਗੱਲ ਕਰੀਏ, ਜੋ ਸਭ ਨੂੰ ਚੰਗਾ ਲੱਗਦਾ ਹੈ, ਜਿਸ ਦੇ ਨੁਕਸਾਨ ਸਾਨੂੰ ਕਦੇ ਵੀ ਨਜ਼ਰ ਨਹੀਂ ਆਉਂਦੇ। ਚੰਗਾ ਵਕਤ ਕਈ ਵਾਰੀ ਸਾਡੇ ਅੰਦਰ ਮੈਂ ਦਾ ਪਰਵੇਸ਼ ਕਰ ਸਾਨੂੰ ਹਉਮੈ ਵਾਲੇ ਜੰਜਾਲ ਵਿੱਚ ਫਸਾ ਦਿੰਦਾ ਹੈ, ਜਿਸ ਨਾਲ ਸਾਡੀ ਜ਼ਮੀਰ ਅਤੇ ਇਨਸਾਨੀਅਤ ਮੌਤ ਦੇ ਬੂਹੇ ਆਣ ਖਲੋਂਦੀ ਹੈ। ਚੰਗਾ ਵਕਤ ਕਈ ਵਾਰ ਰੱਬ ਨੂੰ ਵੀ ਭੁਲਾ ਦਿੰਦਾ ਹੈ, ਪਰ ਜਦ ਕਿ ਚੰਗਾ ਵਕਤ ਆਉਣ ‘ਤੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬਣਦਾ ਹੈ, ਜਿਸ ਹੱਥ ਇਸ ਵਕਤ ਦੀ ਡੋਰ ਹੈ। ਮਾੜੇ ਵਕਤ ਦੀ ਕੁੜੱਤਣ ਤੋਂ ਅਸੀਂ ਹਮੇਸ਼ਾ ਮੁਖ ਮੋੜਦੇ ਹਾਂ, ਜੋ ਇਨਸਾਨੀਅਤ ਦੀਆਂ ਕਈ ਬਿਮਾਰੀਆਂ ਦਾ ਇਲਾਜ ਕਰਦੀ ਹੈ ਤੇ ਚੰਗੇ ਵਕਤ ਦੇ ਗੁਲਾਬ ਦੀ ਖੁਸ਼ਬੂ ਸਾਨੂੰ ਪਿਆਰੀ ਲੱਗਦੀ ਹੈ, ਜੋ ਸਾਨੂੰ ਗਰੂਰ ਦੇ ਨਸ਼ੇ ਵਿੱਚ ਮਦਹੋਸ਼ ਵੀ ਕਰ ਦਿੰਦੀ ਹੈ, ਜਿਸ ਨਾਲ ਸਾਡੇ ਦਿਲ ਦੇ ਵਿਹੜੇ ਘੁਮੰਡ ਵਾਲੇ ਬੀਜ ਪੁੰਗਰਨੇ ਸ਼ੁਰੂ ਹੋ ਜਾਂਦੇ ਹਨ। ਮਾੜਾ ਵਕਤ ਜੋ ਸਾਨੂੰ ਅਕਲਾਂ ਸਿਖਾਉਂਦਾ ਹੈ, ਉਸ ਦੀ ਅਸੀਂ ਕਦੇ ਕਾਮਨਾ ਨਹੀਂ ਕਰਦੇ, ਪਰ ਚੰਗੇ ਵਕਤ ਦੀਆਂ ਅਰਦਾਸਾਂ ਅਸੀਂ ਹਰ ਵਕਤ ਕਰਦੇ ਹਾਂ, ਜਿਹੜਾ ਕਈ ਵਾਰੀ ਸਾਡੇ ਅੰਦਰ ਫਤੂਰ ਵੀ ਭਰ ਦਿੰਦਾ ਹੈ। ਬੁੱਧੀਜੀਵੀ ਤਾਂ ਇਹੋ ਆਖਦੇ ਹਨ ਕਿ ਜੇ ਅਸੀਂ ਚੰਗੇ ਹੋ ਜਾਵਾਂਗੇ ਤਾਂ ਸਾਰਾ ਕੁਝ ਹੀ ਚੰਗਾ ਹੋ ਜਾਵੇਗਾ। ਚੰਗੇ ਬਣ ਕੇ ਵੇਖੋ, ਚੰਗੇ ਵਕਤ ਨੂੰ ਉਡੀਕਣ ਦੀ ਲੋੜ ਨਹੀਂ, ਚੰਗਾ ਵਕਤ ਤੁਹਾਨੂੰ ਆਪ ਉਡੀਕੇਗਾ।
ਕਰੋ ਕਦਰ ਵੀਰਿਓ ਵੇ, ਇਸ ਵਕਤ ਪਿਆਰੇ ਦੀ।
ਕਾਮਯਾਬੀਆਂ ਵਾਲੀ ਜੇ, ਚੜ੍ਹਨਾ ਛੱਤ ਚੁਬਾਰੇ ਦੀ।
ਭੱਠੀ ਪੈ ਹੀ ਇੱਟ ਬਣਦੀ, ਯਾਰੋ ਕੱਚੇ ਗਾਰੇ ਦੀ।
ਵਕਤ ਨੂੰ ਸਾਂਭੋ ਬਣਨਾ ਜੇ, ਚਮਕ ਕੋਈ ਤਾਰੇ ਦੀ।
ਬਣ ਕੇ ਜਲ਼ੋ ਮਸ਼ਾਲ, ਲਾਵੋ ਚੋਟ ਨਗਾਰੇ ਦੀ।
ਸੁਲਘਣ ਦਾ ਕੀ ਫਾਇਦਾ, ਬਣ ਕੇ ਪਾਣੀ ਹਾਰੇ ਦੀ।
ਪੋਹ ਦੀ ਠੰਡ ਤੋਂ ਬਚਣਾ, ਬਣਜੋ ਅੱਗ ਅੰਗਿਆਰੇ ਦੀ।
ਵਕਤ ਸਾਂਭ ਲੈ ‘ਨਿੰਮਿਆ’, ਨਾ ਇੱਟ ਬਣਜੀਂ ਢਾਰੇ ਦੀ।
ਬੀਤ ਚੁੱਕਿਆ ਵਕਤ ਜਿਸ ਵਿੱਚ ਹਰ ਇਨਸਾਨ ਨੇ ਦੁੱਖਾਂ ਦੀ ਤਪਸ਼ ਅਤੇ ਸੁੱਖਾਂ ਦੀ ਠੰਡਕ ਆਪਣੇ ਪਿੰਡੇ ਉਤੇ ਹੰਢਾਈ ਹੁੰਦੀ ਹੈ, ਜਿਸ ਦੇ ਕੁਝ ਪਹਿਲੂ ਇਨਸਾਨ ਦੀ ਸਾਰੀ ਉਮਰ ਲਈ ਯਾਦਗਾਰ ਬਣ ਜਾਂਦੇ ਹਨ, ਜਿਨ੍ਹਾਂ ਵਿੱਚ ਮੁੱਖ ਹੁੰਦੇ ਹਨ ਜਾਂ ਤਾਂ ਸਭ ਤੋਂ ਚੰਗਾ ਵੇਲਾ ਜਾਂ ਸਭ ਤੋਂ ਮਾੜਾ ਵਕਤ। ਹਰ ਇੱਕ ਦੇ ਅਤੀਤ ਨਾਲ ਕਈ ਅਜਿਹੇ ਪਲ ਵੀ ਜੁੜੇ ਹੁੰਦੇ ਹਨ, ਜਿਨ੍ਹਾਂ ਨੂੰ ਉਹ ਚਾਹੁੰਦੇ ਹੋਏ ਵੀ ਨਹੀਂ ਭੁਲਾਅ ਸਕਦਾ। ਕੁਝ ਮਿੱਠੀਆਂ ਅਤੇ ਕੌੜੀਆਂ ਯਾਦਾਂ ਕਈ ਵਾਰੀ ਸਾਨੂੰ ਖਿਆਲਾਂ ਰਾਹੀਂ ਕਈ ਕਈ ਸਾਲ ਪਿਛਾੜੀ ਲਿਜਾ ਖੜ੍ਹਾ ਕਰਦੀਆਂ ਹਨ। ਗੁਜ਼ਰੇ ਦੌਰ ਦੀਆਂ ਝੱਲੀਆਂ ਹੋਈਆਂ ਤਕਲੀਫਾਂ ਸਾਡੇ ਚੱਲ ਰਹੇ ਸਮੇਂ ਵਿੱਚ ਮੁਸ਼ਕਿਲਾਂ ਤੋਂ ਬਚਣ ਦਾ ਇੱਕ ਨੁਕਤਾ ਬਣ ਸਕਦੀਆਂ ਹਨ, ਜੇ ਸੂਝ-ਬੂਝ ਤੋਂ ਕੰਮ ਲਿਆ ਜਾਵੇ। ਗੁਜ਼ਰੇ ਸਮੇਂ ਦੇ ਚੰਗੇ ਪਲ ਜੋ ਹੱਥੋਂ ਕੰਨੀ ਖਿਸਕਾ ਗਏ, ਉਹ ਸਾਨੂੰ ਪਛਤਾਵਿਆਂ ਵੱਲ ਤੋਰ ਦਿੰਦੇ ਹਨ।
ਹੰਢ ਰਿਹਾ ਸਮਾਂ, ਜਿਸਨੂੰ ਅਸੀਂ ਵਧੀਆ ਹੰਢਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਰਹਿੰਦੇ ਹਾਂ, ਪਰ ਚੱਲ ਰਿਹਾ ਵਕਤ ਮਿਹਨਤ, ਹਿੰਮਤ ਅਤੇ ਨਸੀਬਾਂ ਤੋਂ ਬਿਨਾ ਵਧੀਆ ਨਸੀਬ ਨਹੀਂ ਹੁੰਦਾ, ਕਿਉਂਕਿ ਲੱਖ ਭਾਵੇਂ ਸਮਾਂ ਸਾਡੇ ਹੱਕ ਵਿੱਚ ਨਹੀਂ ਹੁੰਦਾ, ਪਰ ਇਸ ਨੂੰ ਚੰਗਾ-ਮਾੜਾ ਬਣਾਉਣਾ ਜ਼ਰੂਰ ਕਿਸੇ ਹੱਦ ਤੱਕ ਸਾਡੇ ਹੱਥ ਹੁੰਦਾ ਹੈ। ਲਾਲਸਾ ਅਤੇ ਲਾਲਚ ਚਲਦੇ ਸਮੇਂ ਨੂੰ ਵਧੀਆ ਬਣਾਉਣ ਵਿੱਚ ਇੱਕ ਵਿਘਨ ਪਾਉਂਦੇ ਹਨ, ਜੋ ਆਉਣ ਵਾਲੇ ਸਮੇਂ ਲਈ ਖੁਸ਼ੀਆਂ ਖਰੀਦਣ ਲਾ ਦਿੰਦੇ ਹਨ, ਜਿਸ ਨਾਲ ਮਾਨਸਿਕਤਾ ਦੀ ਬੜੀ ਖਿੱਚਧੂਹ ਹੁੰਦੀ ਹੈ। ਸਾਡੀ ਸਭ ਦੀ ਇੱਕ ਫਿਤਰਤ ਬਣ ਗਈ ਹੈ ਕਿ ਜੋ ਪੱਲੇ ਹੈ, ਉਸਨੂੰ ਸਾਂਭਣ ਦੀ ਅਸੀਂ ਫਿਕਰ ਨਹੀਂ ਕਰਦੇ ਤੇ ਆਉਣ ਵਾਲਾ ਵਕਤ, ਜਿਸ ਨੂੰ ਅਸੀਂ ਵੇਖਿਆ ਤੱਕ ਵੀ ਨਹੀਂ ਹੁੰਦਾ, ਉਸ ਭਵਿੱਖ ਦੀਆਂ ਫਿਕਰਾਂ ਵਿੱਚ ਜੁਟ ਜਾਂਦੇ ਹਾਂ। ਸਾਡੀਆਂ ਅੱਜ ਦੀਆਂ ਕਈ ਸਿਆਣਪਾਂ ਆਉਣ ਵਾਲੇ ਸਮੇਂ ਵਿੱਚ ਪਛਤਾਵੇ ਦਾ ਰੂਪ ਧਾਰਨ ਕਰ ਲੈਣਗੀਆਂ, ਕਿਉਂਕਿ ਅਸੀਂ ਕੱਲ੍ਹ ਨੂੰ ਸੰਵਾਰਨ ਦੇ ਚੱਕਰ ਵਿੱਚ ਆਪਣਾ ਅੱਜ ਵਿਗਾੜ ਬੈਠਦੇ ਹਾਂ, ਕਿਉਂਕਿ ਅੱਜ ਆਪਣਾ ਅਤੇ ਕੱਲ੍ਹ ਨਾਲ ਕਾਲ਼ ਦਾ ਹੁੰਦਾ ਹੈ।
ਵਕਤ ਦੀ ਭਾਸ਼ਾ ਅਤੇ ਪਰਿਭਾਸ਼ਾ ਵਾਲੀ ਤੂੰਬੀ ਦੀ ਤਾਰ ਛੇੜਨ ਦਾ ਮੁੱਖ ਮਕਸਦ ਕਿ ਜਿਸ ਦੀ ਪਹੁੰਚ ਅਤੇ ਚਲੰਤ ਚੱਲੇ, ਅੱਜ ਵਕਤ ਉਸਦਾ ਹੀ ਹੋ ਜਾਂਦਾ ਹੈ। ਜਿਸ ਵਿਹੜੇ ਗਰੀਬੀ, ਮਜਬੂਰੀ ਅਤੇ ਲਾਚਾਰੀ ਹੋਵੇ ਜਾਂ ਵਕਤ ਵੀ ਉਸ ਦੇ ਨਾਲ ਨਹੀਂ ਹੁੰਦਾ, ਜਿਸ ਦੀ ਵਜ੍ਹਾ ਵਕਤ ਦੇ ਸਰਮਾਏਦਾਰਾਂ ਅੱਗੇ ਉਨ੍ਹਾਂ ਨੂੰ ਹੱਥ ਫੈਲਾਉਣੇ ਅਤੇ ਜੋੜਨੇ ਵੀ ਪੈ ਜਾਂਦੇ ਹਨ, ਜਿਸ ਨਾਲ ਮਨੁੱਖਤਾ ਦਾ ਘਾਣ ਹੁੰਦਾ ਹੈ; ਪਰ ਇੱਕ ਸੱਚਾਈ ਕਿ ਵਕਤ ਉਨ੍ਹਾਂ ਦਾ ਵੀ ਆਉਣਾ ਹੁੰਦਾ ਹੈ ਤੇ ਜਿਨ੍ਹਾਂ ਦੇ ਪੱਲੇ ਹੈ, ਉਨ੍ਹਾਂ ਕੋਲ ਵੀ ਨਹੀਂ ਰਹਿਣਾ ਹੁੰਦਾ। ਵਕਤ ਜਿਨ੍ਹਾਂ ਦੇ ਨਾਲ ਹੁੰਦਾ ਹੈ, ਕਈ ਵਾਰੀ ਵਕਤ ਦੇ ਮਾਰਿਆਂ ਨੂੰ ਉਨ੍ਹਾਂ ਦੇ ਗੋਚਰੇ ਹੋਣਾ ਪੈਂਦਾ ਹੈ। ਇੱਕ ਸੁਨੇਹਾ ਉਨ੍ਹਾਂ ਨੂੰ, ਜਿਨ੍ਹਾਂ ਦੀ ਦਹਿਲੀਜ਼ ਭਲਾ ਵਕਤ ਵੜਿਆ:
ਜੇ ਨਾਜਾਇਜ਼ ਨਿਆਸਰੇ ਦਾ, ਤੁਸੀਂ ਲਾਭ ਉਠਾਵੋਗੇ।
ਸਮਾਂ ਰੱਬ ਜੇ ਬਦਲ ਦਿੱਤਾ, ਫਿਰ ਬਹਿ ਪਛਤਾਵੋਗੇ।
ਆਓ ਕੰਮ ਗਰੀਬਾਂ ਦੇ, ਸੁੱਖ ਬੜਾ ਹੀ ਪਾਵੋਗੇ।
ਨਾ ਵਕਤ ਕਿਸੇ ਦਾ ਮੀਤ ਬਣੇ, ਬਣੇ ਮੀਤ ਗਵਾਵੋਗੇ।
ਰਹੇ ਪਿਆਰ ਤੇ ਨਾ ਹੰਕਾਰ ਰਹੇ, ਚੰਗਾ ਵਕਤ ਹੰਢਾਵੋਗੇ।
ਨਹੀਂ ਮਾਣ ਤਾਂ ਟੁੱਟਦੇ ਆਏ, ਮਾਣ ਟੁੱਟ`ਗੇ ਤਾਂ ਪਛਤਾਵੋਗੇ।