*ਸਰਕਾਰੀ, ਸਿਆਸੀ ਤੇ ਪ੍ਰਬੰਧਕੀ ਸਮੱਸਿਆਵਾਂ ਕਾਰਨ ਸਮਾਰਟ ਸਿਟੀ ਪ੍ਰਭਾਵਤ
ਤਰਲੋਚਨ ਸਿੰਘ ਭੱਟੀ
ਫੋਨ:+91-9876502607
ਸਮਾਰਟ ਸਿਟੀ ਅੰਮ੍ਰਿਤਸਰ ਭਾਰਤ ਸਰਕਾਰ ਦੇ ਸਮਾਰਟ ਸਿਟੀ ਮਿਸ਼ਨ ਅਧੀਨ ਚੁਣੇ ਗਏ ਪੰਜਾਬ ਦੇ ਤਿੰਨ ਸ਼ਹਿਰਾਂ (ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ) ਵਿੱਚੋਂ ਇੱਕ ਹੈ। ਅੰਮ੍ਰਿਤਸਰ ਨੂੰ 20 ਸਤੰਬਰ 2016 ਨੂੰ ਸਮਾਰਟ ਸਿਟੀ ਮਿਸ਼ਨ ਦੀ ਤੀਜੀ ਸੂਚੀ ਵਿੱਚ 27 ਸ਼ਹਿਰਾਂ ਦੇ ਨਾਲ ਸ਼ਾਮਲ ਕੀਤਾ ਗਿਆ ਸੀ। ਇਸ ਮਿਸ਼ਨ ਦਾ ਉਦੇਸ਼ ਅੰਮ੍ਰਿਤਸਰ ਨੂੰ ਨਾਗਰਿਕ ਕੇਂਦਰਿਤ, ਟਿਕਾਊ ਅਤੇ ਤਕਨੀਕੀ ਤੌਰ `ਤੇ ਉਨੱਤ ਸ਼ਹਿਰ ਵਜੋਂ ਵਿਕਸਿਤ ਕਰਨਾ ਸੀ, ਜੋ ਸੁਥਰੇ ਵਾਤਾਵਰਣ, ਬੁਨਿਆਦੀ ਸਹੂਲਤਾਂ ਅਤੇ ਸਮਾਰਟ ਗਤੀਵਿਧੀਆਂ ਨਾਲ ਸ਼ਹਿਰ ਵਾਸੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ।
ਅੰਮ੍ਰਿਤਸਰ ਸਮਾਰਟ ਸਿਟੀ ਦੇ ਮੁੱਖ ਉਦੇਸ਼ ਹਨ– ਖੇਤਰ ਆਧਾਰਤ ਵਿਕਾਸ ਅਤੇ ਪੈਨ ਸਿਟੀ ਗਤੀਵਿਧੀਆਂ ਰਾਹੀਂ ਸ਼ਹਿਰ ਦੀ ਸਮੁੱਚੀ ਜੀਵਨ ਸ਼ੈਲੀ ਨੂੰ ਸੁਧਾਰਨਾ, ਦਰਬਾਰ ਸਾਹਿਬ ਅਤੇ ਜਲਿਆਵਾਲਾ ਬਾਗ ਵਰਗੀਆਂ ਇਤਿਹਾਸਕ ਤੇ ਵਿਰਾਸਤੀ ਥਾਵਾਂ ਦੀ ਸੁਰੱਖਿਆ; ਸੁੰਦਰੀਕਰਨ, ਪਾਣੀ ਸਪਲਾਈ, ਸੀਵਰੇਜ, ਸੜਕਾਂ ਅਤੇ ਸਮਾਰਟ ਆਵਾਜਾਈ ਦੀਆਂ ਸਹੂਲਤਾਂ ਤੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨਾ; ਸਮਾਰਟ ਸਰਵੇਲੈਂਸ, ਪਬਲਿਕ ਵਾਈ ਫਾਈ ਅਤੇ ਈ-ਗਵਰਨੈਸ ਜਿਹੀਆਂ ਤਕਨੀਕੀ ਗਤੀਵਿਧੀਆਂ ਨੂੰ ਉਤਸ਼ਾਹਤ ਕਰਨਾ, ਸਿਫਤੀ ਦੇ ਘਰ- ਅੰਮ੍ਰਿਤਸਰ ਸ਼ਹਿਰ ਵਿੱਚ ਰੋਜ਼ਾਨਾ ਇੱਕ ਲੱਖ ਤੋਂ ਵਧੇਰੇ ਸੈਲਾਨੀਆਂ ਦੀ ਆਮਦ ਨੂੰ ਧਿਆਨ ਵਿੱਚ ਰੱਖਦੇ ਹੋਏ ਸੈਲਾਨੀ-ਅਨੁਕੂਲ ਸਹੂਲਤਾਂ ਦੇਣੀਆਂ ਅਤੇ ਟੂਰਿਜ਼ਮ ਨੂੰ ਉਤਸ਼ਾਹਿਤ ਕਰਨਾ, ਆਦਿ।
ਅੰਮ੍ਰਿਤਸਰ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਨੂੰ ਚਲਾਉਣ ਲਈ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਏਜੰਸੀ ਵੱਲੋਂ ਸ਼ਹਿਰ ਵਿੱਚ ਵੱਖ ਵੱਖ ਪ੍ਰੋਜੈਕਟ ਸ਼ੁਰੂ ਕੀਤੇ ਗਏ, ਪਰ ਪ੍ਰੋਜੈਕਟਾਂ ਦੀ ਰਫਤਾਰ ਬੜੀ ਹਲਕੀ ਰਹੀ। ਉਪਲਬੱਧ ਜਾਣਕਾਰੀ ਅਨੁਸਾਰ ਖੇਤਰ ਆਧਾਰਤ ਵਿਕਾਸ ਅਧੀਨ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀ ਸਫਾਈ, ਸੜਕਾਂ ਦਾ ਸੁੰਦਰੀਕਰਨ ਅਤੇ ਸਟਾਰਮ ਵਾਟਰ ਡਰੇਨੇਜ਼ ਲਈ 13 ਕਰੋੜ ਰੁਪਏ ਖਰਚੇ ਗਏ; 7.4 ਕਿਲੋਮੀਟਰ ਲੰਬੀ ਸੜਕ, ਜੋ ਵਾਲਡ ਸਿਟੀ ਨੂੰ ਇਤਿਹਾਸਕ ਦਰਵਾਜ਼ਿਆਂ ਨਾਲ ਜੋੜਦੀ ਹੈ। ਸੁੰਦਰੀਕਰਨ ਲਈ 133 ਕਰੋੜ ਖਰਚੇ ਗਏ, ਪਾਰਕਾਂ ਤੇ ਖੁੱਲ੍ਹੀਆਂ ਥਾਵਾਂ ਦੇ ਵਿਕਾਸ ਅਤੇ 17 ਪਾਰਕਾਂ ਦੇ ਸੁੰਦਰੀਕਰਨ ਉਤੇ 3.7 ਕਰੋੜ ਰੁਪਏ ਖਰਚੇ ਗਏ। ਪੈਨ ਸਿਟੀ ਵਿਕਾਸ ਲਈ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ, ਜਿਸ ਵਿੱਚ 409 ਥਾਵਾਂ `ਤੇ 1168 ਸੀ.ਸੀ.ਟੀ.ਵੀ. ਕੈਮਰਿਆਂ ਅਤੇ 50 ਬੇਸ ਡਿਟੈਕਸ਼ਨ ਕੈਮਰਿਆਂ ਨਾਲ ਸੁਰੱਖਿਆਂ ਤੇ ਟਰੈਫਿਕ ਪ੍ਰਬੰਧਨ ਉਤੇ 19 ਕਰੋੜ ਰੁਪਏ ਰੱਖੇ ਗਏ। ਜੂਨ 2023 ਤੱਕ 890 ਕੈਮਰੇ ਸਥਾਪਤ ਹੋਏ ਅਤੇ 117 ਨੂੰ ਸੈਂਟਰ ਨਾਲ 12000 ਡੀਜ਼ਲ ਆਟੋ ਰਿਕਸ਼ਾ ਨੂੰ ਜੋੜਿਆ ਗਿਆ। ਈ-ਆਟੋ ਨਾਲ ਬਦਲਣ ਲਈ 75,000 ਰੁਪਏ ਪ੍ਰਤੀ ਆਟੋ ਸਬਸਿਡੀ ਉਤੇ 108.33 ਕਰੋੜ ਰੁਪਏ ਖਰਚੇ ਗਏ। 17 ਸਰਕਾਰੀ ਇਮਾਰਤਾਂ `ਤੇ 140 ਕੇ.ਵੀ. ਸੋਲਰ ਪੈਨਲਾਂ ਉਤੇ 10 ਕਰੋੜ ਰੁਪਏ ਅਤੇ ਸ਼ਹਿਰ ਵਿੱਚ ਊਰਜਾ ਕੁਸ਼ਲ ਲਾਈਟਿੰਗ ਉਤੇ 35 ਕਰੋੜ ਰੁਪਏ ਖਰਚੇ ਜਾਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਐਸੇ ਹੋਰ ਪ੍ਰੋਜੈਕਟ ਜਿਵੇਂ ਦਰਬਾਰ ਸਾਹਿਬ ਦੇ ਹੈਰੀਟੇਜ ਯਾਤਰਾ ਖੇਤਰ ਵਿੱਚ ਮੁਫਤ ਪਬਲਿਕ ਵਾਈ-ਫਾਈ ਦੀ ਸਹੂਲਤ, ਸ਼ਹਿਰ ਦੀਆਂ ਵੱਖ-ਵੱਖ ਥਾਵਾਂ `ਤੇ ਵਾਟਰ ਮੀਟਰ ਏ.ਟੀ.ਐਮ. ਅਤੇ ਸੈਨੇਟਰੀ ਨੈਪਕਿਨ ਵੈਡਿੰਗ ਮਸ਼ੀਨਾਂ ਲਗਾਉਣ, ਸਫ਼ਾਈ ਅਤੇ ਸੁਰੱਖਿਆ ਪਬਲਿਕ ਥਾਵਾਂ `ਤੇ ਬੋਤਲ ਕਰੱਸ਼ਰ ਮਸ਼ੀਨਾਂ ਅਤੇ ਫਾਇਰ ਫਾਈਟਿੰਗ ਸਾਜੋ-ਸਮਾਨ ਲਾਉਣਾ, ਬਰਲਟਨ ਪਾਰਕ ਵਿੱਚ ਸਪੋਰਟਸ ਹੱਬ ਅਧੀਨ ਨੌਜਵਾਨਾਂ ਲਈ ਖੇਡ ਸਹੂਲਤਾਂ ਉਪੱਲਬਧ ਕਰਵਾਉਣੀਆਂ ਸ਼ਾਮਲ ਹੈ।
ਪਬਲਿਕ ਡੋਮੇਨ ਵਿੱਚ ਉਪਲਬੱਧ ਜਾਣਕਾਰੀ ਅਨੁਸਾਰ ਮਾਰਚ 2025 ਤੱਕ 35 ਪ੍ਰੋਜੈਕਟਾਂ ਵਿੱਚੋਂ 29 ਪ੍ਰੋਜੈਕਟਾਂ ਉਤੇ 142.84 ਕਰੋੜ ਰੁਪਏ ਖਰਚ ਕਰਕੇ ਪ੍ਰੋਜੈਕਟ ਪੂਰੇ ਕੀਤੇ ਗਏ। ਸਰਕਾਰ ਵਲੋਂ 912 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸਨ, ਪਰ ਸਿਰਫ 60 ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਹੋਏ ਅਤੇ 600 ਕਰੋੜ ਰੁਪਏ ਦੇ ਪ੍ਰੋਜੈਕਟ ਟੈਂਡਰ ਪੜਾਅ `ਤੇ ਸਨ। ਅਕਤੂਬਰ 2020 ਤੱਕ 32 ਪ੍ਰੋਜੈਕਟਾਂ ਵਿੱਚ ਸਿਰਫ 5 ਪੂਰੇ ਹੋਏ, 18 ਸ਼ੁਰੂ ਹੀ ਨਹੀਂ ਕੀਤੇ ਗਏ ਅਤੇ ਬਾਕੀ ਪ੍ਰੋਜੈਕਟ ਅਧੂਰੇ ਰਹੇ। ਸਰਕੂਲਰ ਰੋਡ ਸੁੰਦਰੀਕਰਨ, ਜਿਸ ਉਤੇ 36 ਕਰੋੜ ਰੁਪਏ ਖਰਚ ਹੋਣੇ ਸਨ, ਮਾਰਚ 2022 ਤੋਂ ਬਾਅਦ ਅਧੂਰਾ ਪਿਆ ਹੈ। ਕੈਰੋਂ ਮਾਰਕਿਟ ਅਤੇ ਮੱਛੀ ਮੰਡੀ ਵਿੱਚ ਮਲਟੀ ਸਟੋਰੀ ਪਾਰਕਿੰਗ 2018 ਤੋਂ ਟੈਂਡਰ ਪੜਾਅ `ਤੇ ਅਟਕੇ ਪਏ ਹਨ। ਲਗਭਗ ਐਸਾ ਹੀ ਹਾਲ ਸਮਾਰਟ ਸਿਟੀ ਜਲੰਧਰ ਅਤੇ ਲੁਧਿਆਣਾ ਦੇ ਸਮਾਰਟ ਪ੍ਰੋਜੈਕਟਾਂ ਦਾ ਹੈ।
ਸਮਾਰਟ ਸਿਟੀ ਅੰਮ੍ਰਿਤਸਰ ਪ੍ਰੋਜੈਕਟਾਂ ਦੀ ਹੌਲੀ ਰਫਤਾਰ ਕਾਰਨ ਅਕਤੂਬਰ 2020 ਤੱਕ ਸਿਰਫ 12.1% ਹੀ ਪੂਰੇ ਹੋਏ; ਕਾਰਨ ਰਾਜ ਸਰਕਾਰ ਅਤੇ ਸਥਾਨਕ ਸਰਕਾਰ ਵੱਲੋਂ ਫੰਡਿਗ ਵਿੱਚ ਦੇਰੀ, ਸਿਆਸੀ ਤੇ ਪ੍ਰਬੰਧਕੀ ਸਮੱਸਿਆਵਾਂ ਅਤੇ ਸਥਾਨਕ ਲੋਕਾਂ ਦੀ ਸਹਿਭਾਗਿਰਤਾ ਦੀ ਕਮੀ ਨੇ ਸਮਾਰਟ ਸਿਟੀ ਪ੍ਰੋਜੈਕਟ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਨੇ ਸੋਲਰ ਪੈਨਲ, ਐਲ.ਈ.ਡੀ. ਲਾਈਟਾਂ ਅਤੇ ਕੁਝ ਹੋਰ ਪ੍ਰੋਜੈਕਟਾਂ ਵਿੱਚ ਵਿਕਾਸ ਦਿਖਾਈ ਦਿੱਤਾ, ਪਰ ਵੱਡੇ ਪ੍ਰੋਜੈਕਟਾਂ ਜਿਵੇਂ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਸਰਕੂਲਰ ਰੋਡ ਅਤੇ ਮਲਟੀ ਲੈਵਲ ਪਾਰਕਿੰਗ ਅਧੂਰੇ ਰਹੇ। ਸ਼ਹਿਰ ਵਿੱਚ ਵਾਟਰ ਲੌਗਿੰਗ, ਗੰਦਗੀ ਅਤੇ ਟਰੈਫ਼ਿਕ ਵਰਗੀਆਂ ਸਮੱਸਿਆ ਅਜੇ ਵੀ ਜਾਰੀ ਹਨ। ਸਿਫਤੀ ਦਾ ਘਰ- ਅੰਮ੍ਰਿਤਸਰ ਸ਼ਹਿਰ ਸਫ਼ਾਈ, ਸੁੰਦਰੀਕਰਨ, ਟਰੈਫਿਕ ਪ੍ਰਬੰਧਕ, ਆਈ.ਟੀ. ਹੱਬ, ਵੇਸਟ ਮੈਨੇਜਮੈਂਟ ਆਦਿ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।
ਅੰਮ੍ਰਿਤਸਰ ਦਾ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ, ਜੋ ਅੰਮ੍ਰਿਤਸਰ ਸਮਾਰਟ ਸਿਟੀ ਮਿਸ਼ਨ ਦਾ ਇੱਕ ਮਹੱਤਵਪੂਰਨ ਹਿੱਸਾ ਸੀ, ਜਿਸਦਾ ਮੁੱਖ ਉਦੇਸ਼ ਸ਼ਹਿਰ ਦੀ ਸੁਰੱਖਿਆ, ਟਰੈਫਿਕ ਪ੍ਰਬੰਧਨ ਤੇ ਨਾਗਰਿਕ ਸਹੂਲਤਾਂ ਦੀ ਨਿਗਰਾਨੀ ਲਈ ਇੱਕ ਕੇਂਦਰੀਕ੍ਰਿਤ ਅਤੇ ਤਕਨੀਕੀ ਤੌਰ `ਤੇ ਉਨਤ ਪਲੈਟਫਾਰਮ ਸਥਾਪਤ ਕਰਨਾ ਸੀ, ਪਰ ਸਮੇਂ ਦੀ ਦੇਰੀ, ਸਥਾਨਕ ਵਿਰੋਧ, ਸਿਆਸੀ ਅਵੇਸਲੇਪਨ, ਪ੍ਰਬੰਧਕੀ ਸਮੱਸਿਆਵਾਂ ਕਾਰਨ ਇਸ ਨੂੰ ਪੂਰਾ ਲਾਭ ਨਹੀਂ ਮਿਲ ਸਕਿਆ। ਸਮਾਰਟ ਸਿਟੀ ਮਿਸ਼ਨ ਦੀ ਮਿਆਦ ਮਾਰਚ 2025 ਵਿੱਚ ਖਤਮ ਹੋਣ ਦੇ ਬਾਵਜੂਦ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦੀ ਸਫਲਤਾ ਲਈ ਸਰਕਾਰ ਨੂੰ ਤਕਨੀਕੀ ਅਤੇ ਸਮਾਜਿਕ ਚੁਣੌਤੀਆਂ ਨੂੰ ਹੱਲ ਕਰਨ `ਤੇ ਜ਼ੋਰ ਦੇਣਾ ਚਾਹੀਦਾ ਹੈ, ਕਿਉਂਕਿ ਇਹ ਸੈਂਟਰ ਕ੍ਰਾਈਮ ਐਂਡ ਕ੍ਰਿਮੀਨਲ ਟਰੈਕਿੰਗ ਨੈਟਵਰਕ ਐਂਡ ਸਿਸਟਮ, ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਦੇ ਨੈਟਵਰਕ ਨਾਲ ਜੋੜਿਆ ਗਿਆ ਹੈ, ਜੋ ਅਪਰਾਧੀਆਂ ਦੀ ਟਰੈਕਿੰਗ ਅਤੇ ਸੁਰੱਖਿਆ ਵਿੱਚ ਸਹਾਇਤਾ ਕਰਦਾ ਹੈ। ਮਹਾਂਮਾਰੀ ਕੋਵਿਡ-19 ਵੇਲੇ ਇਸ ਸੈਂਟਰ ਨੂੰ ਵਾਰਰੂਮ ਵਜੋਂ ਵਰਤਿਆ ਗਿਆ ਅਤੇ ਇਸਦੇ ਨਾਲ ਹੀ ਇਸ ਨੂੰ ਸ਼ਹਿਰ ਦੀਆਂ ਸਮਾਰਟ ਸੇਵਾਵਾਂ ਜਿਵੇਂ ਐਲ਼.ਈ.ਡੀ. ਸਟਰੀਟ ਲਾਈਟਸ, ਸਮਾਰਟ ਪਾਰਕਿੰਗ, ਵਾਈ-ਫਾਈ, ਪਾਣੀ ਅਤੇ ਬਿਜਲੀ ਸਪਲਾਈ ਟਰੈਫਿਕ ਪ੍ਰਬੰਧਨ, ਸਫ਼ਾਈ ਪ੍ਰਬੰਧਾਂ ਦੀ ਨਿਗਰਾਨੀ ਆਦਿ ਲਈ ਇੱਕ ਕੇਂਦਰੀ ਪਲੈਟਫਾਰਮ ਵਜੋਂ ਕੰਮ ਕਰਦਾ ਹੈ।
50 ਮੁੱਖ ਚੌਕਾਂ `ਤੇ ਅਲਰਟ ਸਿਸਟਮ ਸਥਾਪਤ ਕਰਨ ਦੀ ਯੋਜਨਾ, ਜੋ ਕੁਦਰਤੀ ਆਫ਼ਤਾਂ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਜਾਣਕਾਰੀ ਦੇਣ ਲਈ ਵਰਤਿਆ ਜਾਵੇਗਾ। 50 ਫੇਸ ਡਿਟੈਕਸ਼ਨ ਕੈਮਰੇ ਸ਼ਹਿਰ ਵਿੱਚ ਅਪਰਾਧੀਆਂ ਦੀ ਪਛਾਣ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ `ਤੇ ਨਜ਼ਰ ਰੱਖਣ ਲਈ ਲਗਾਏ ਜਾਣੇ ਸਨ। ਸੈਂਟਰ, ਟਰੈਫਿਕ ਪ੍ਰਬੰਧਨ ਲਈ ਇੰਟੈਲੀਜੈਂਸ ਟਰੈਫਿਕ ਮੈਨੇਜਮੈਂਟ ਸਿਸਟਮ ਨੂੰ ਵਧੇਰੇ ਉਪਯੋਗੀ ਬਣਾਵੇਗਾ। ਉਪੱਲਬਧ ਸੂਚਨਾ ਅਨੁਸਾਰ ਇਸ ਸੈਂਟਰ ਦੀ ਸਥਾਪਨਾ ਲਈ 110 ਕਰੋੜ ਰੁਪਏ ਖਰਚੇ ਗਏ। ਇਸ ਪ੍ਰੋਜੈਕਟ ਦੀ ਸ਼ੁਰੂਆਤ ਅਕਤੂਬਰ 2022 ਵਿੱਚ ਹੋਈ, ਪਰ ਅਗਸਤ 2024 ਦੀ ਮਿਆਦ ਤੱਕ ਇਹ ਅਧੂਰਾ ਰਿਹਾ।
ਅੰਮ੍ਰਿਤਸਰ ਸਮਾਰਟ ਸਿਟੀ ਮਿਸ਼ਨ ਦੇ ਅਧੀਨ ਸਮਾਰਟ ਪਾਰਕਿੰਗ ਸਿਸਟਮ ਸ਼ਹਿਰ ਵਿੱਚ ਟਰੈਫਿਕ ਭੀੜ ਅਤੇ ਪਾਰਕਿੰਗ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਸੀ। ਅੰਮ੍ਰਿਤਸਰ ਵਿੱਚ ਵਧਦੀ ਮੋਟਰ ਗੱਡੀਆਂ ਦੀ ਸੰਖਿਆ ਅਤੇ ਸੀਮਤ ਪਾਰਕਿੰਗ ਸਥਾਨਾਂ ਖਾਸ ਤੌਰ `ਤੇ ਵਾਲਡ ਸਿਟੀ ਅਤੇ ਦਰਬਾਰ ਸਾਹਿਬ, ਦੁਰਗਿਆਨਾ ਮੰਦਰ ਅਤੇ ਹੋਰ ਮਹੱਤਵਪੂਰਨ ਸਥਾਨਾਂ ਦੇ ਨੇੜੇ ਸਮਾਰਟ ਪਾਰਕਿੰਗ ਸਿਸਟਮ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾਵੇ। ਸਿਫਤੀ ਦਾ ਘਰ- ਅੰਮ੍ਰਿਤਸਰ ਦੀ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਨੂੰ ਵੇਖਦੇ ਹੋਏ ਅੰਮ੍ਰਿਤਸਰ ਨੂੰ ਇੱਕ ਸਫ਼ਲ ਸਮਾਰਟ ਸਿਟੀ ਬਣਾਉਣ ਦੀ ਬੇਹਦ ਲੋੜ ਹੈ।